May 22, 2025

ਪੂਜਾ ਖੇੜਕਰ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ

ਨਵੀਂ ਦਿੱਲੀ, 22 ਮਈ – ਸੁਪਰੀਮ ਕੋਰਟ ਨੇ ਭਾਰਤੀ ਪ੍ਰਸ਼ਾਸਨਕ ਸੇਵਾ (ਆਈ ਏ ਐੱਸ) ਦੀ ਸਾਬਕਾ ਪ੍ਰੋਬੇਸ਼ਨਰ ਪੂਜਾ ਖੇੜਕਰ ਨੂੰ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਖੇੜਕਰ ’ਤੇ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਧੋਖਾਧੜੀ, ਹੋਰਨਾਂ ਪੱਛੜੇ ਵਰਗਾਂ ਤੇ ਵਿਕਲਾਂਗਤਾ ਕੋਟੇ ਤਹਿਤ ਗਲਤ ਤਰੀਕੇ ਨਾਲ ਲਾਭ ਲੈਣ ਦਾ ਦੋਸ਼ ਹੈ। ਜਸਟਿਸ ਬੀ ਵੀ ਨਾਗਰਤਨਾ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਜ਼ਮਾਨਤ ਦਿੰਦਿਆਂ ਕਿਹਾ, ‘ਉਸ ਨੇ ਕਿਹੜਾ ਗੰਭੀਰ ਅਪਰਾਧ ਕੀਤਾ ਹੈ? ਉਹ ਡਰੱਗ ਮਾਫੀਆ ਜਾਂ ਅੱਤਵਾਦੀ ਨਹੀਂ । ਉਸ ਨੇ 302 (ਕਤਲ) ਨਹੀਂ ਕੀਤਾ। ਉਹ ਐੱਨ ਡੀ ਪੀ ਐੱਸ ਤਹਿਤ ਅਪਰਾਧੀ ਨਹੀਂ। ਤੁਹਾਡੇ ਕੋਲ ਕੋਈ ਸਿਸਟਮ ਜਾਂ ਸਾਫਟਵੇਅਰ ਹੋਣਾ ਚਾਹੀਦਾ ਹੈ। ਤੁਸੀਂ ਜਾਂਚ ਪੂਰੀ ਕਰੋ। ਉਸ ਨੇ ਸਭ ਕੁਝ ਗੁਆ ਦਿੱਤਾ ਹੈ ਅਤੇ ਉਸ ਨੂੰ ਕਿਤੇ ਵੀ ਨੌਕਰੀ ਨਹੀਂ ਮਿਲੇਗੀ।’ ਬੈਂਚ ਨੇ ਕਿਹਾ, ‘ਕੇਸ ਦੇ ਤੱਥਾਂ ਅਤੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਇੱਕ ਢੁੱਕਵਾਂ ਮਾਮਲਾ ਹੈ, ਜਿੱਥੇ ਦਿੱਲੀ ਹਾਈ ਕੋਰਟ ਨੂੰ ਪਟੀਸ਼ਨਰ ਨੂੰ ਜ਼ਮਾਨਤ ਦੇਣੀ ਚਾਹੀਦੀ ਹੈ।

ਪੂਜਾ ਖੇੜਕਰ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ Read More »

ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਦੇ ਕਰਮਚਾਰੀ ਨੂੰ ਕੱਢਿਆ

ਇਸਲਾਮਾਬਾਦ, 22 ਮਈ – ਪਾਕਿਸਤਾਨ ਸਰਕਾਰ ਨੇ ਵੀਰਵਾਰ ਨੂੰ ਭਾਰਤੀ ਹਾਈ ਕਮਿਸ਼ਨ ਦੇ ਇੱਕ ਕਰਮਚਾਰੀ ਨੂੰ ਕੱਢਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ, ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਕੰਮ ਕਰਨ ਵਾਲੇ ਇੱਕ ਪਾਕਿਸਤਾਨੀ ਅਧਿਕਾਰੀ ਨੂੰ ਜਾਸੂਸੀ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਵਿੱਚ ਕੱਢ ਦਿੱਤਾ ਸੀ। ਇਹ ਪਿਛਲੇ ਇੱਕ ਹਫ਼ਤੇ ਵਿੱਚ ਭਾਰਤ ਵਿੱਚ ਦੇਸ਼ ਨਿਕਾਲਾ ਦੇਣ ਦਾ ਦੂਜਾ ਮਾਮਲਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਕਰਮਚਾਰੀ ਨੂੰ ਉਸ ਦੀ ਸਰਕਾਰੀ ਡਿਊਟੀ ਤੋਂ ਇਲਾਵਾ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ “ਪਰਸੋਨਾ ਨਾਨ ਗ੍ਰਾਟਾ” ਘੋਸ਼ਿਤ ਕੀਤਾ ਗਿਆ ਹੈ ਅਤੇ ਉਸ ਨੂੰ 24 ਘੰਟਿਆਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ। ਭਾਰਤ ਨੇ 13 ਮਈ ਨੂੰ ਇੱਕ ਪਾਕਿਸਤਾਨੀ ਅਧਿਕਾਰੀ ਨੂੰ ਜਾਸੂਸੀ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਕੱਢ ਦਿੱਤਾ ਸੀ। ਭਾਰਤ ਦੀ ਕਾਰਵਾਈ ਤੋਂ ਬਾਅਦ, ਪਾਕਿਸਤਾਨ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਵਿੱਚ ਤਾਇਨਾਤ ਇੱਕ ਭਾਰਤੀ ਕਰਮਚਾਰੀ ਨੂੰ ਵੀ ਕੱਢ ਦਿੱਤਾ।ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਇੱਕ ਕਰਮਚਾਰੀ ਨੂੰ ਉਸ ਦੇ ਵਿਸ਼ੇਸ਼ ਅਧਿਕਾਰ ਵਾਲੇ ਰੁਤਬੇ ਦੇ ਵਿਰੁੱਧ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪਰਸੋਨਾ ਨਾਨ ਗ੍ਰਾਟਾ ਘੋਸ਼ਿਤ ਕੀਤਾ ਹੈ।” ਸਬੰਧਤ ਅਧਿਕਾਰੀ ਨੂੰ 24 ਘੰਟਿਆਂ ਦੇ ਅੰਦਰ ਪਾਕਿਸਤਾਨ ਛੱਡਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਫੈਸਲੇ ਦੀ ਜਾਣਕਾਰੀ ਦੇਣ ਲਈ ਇੰਚਾਰਜ ਭਾਰਤੀ ਹਾਈ ਕਮਿਸ਼ਨਰ ਨੂੰ ਵਿਦੇਸ਼ ਮੰਤਰਾਲੇ ਵਿੱਚ ਤਲਬ ਕੀਤਾ ਗਿਆ। ਬਿਆਨ ਦੇ ਅਨੁਸਾਰ, ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਭਾਰਤੀ ਹਾਈ ਕਮਿਸ਼ਨ ਦਾ ਕੋਈ ਵੀ ਡਿਪਲੋਮੈਟ ਜਾਂ ਕਰਮਚਾਰੀ ਆਪਣੇ ਵਿਸ਼ੇਸ਼ ਅਧਿਕਾਰਾਂ ਅਤੇ ਅਹੁਦੇ ਦੀ ਕਿਸੇ ਵੀ ਤਰੀਕੇ ਨਾਲ ਦੁਰਵਰਤੋਂ ਨਹੀਂ ਕਰੇਗਾ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਹੋਰ ਵਧ ਗਿਆ ਹੈ। ਇਸ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ। ਪਹਿਲਗਾਮ ਹਮਲੇ ਦੇ ਜਵਾਬ ਵਿੱਚ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਢਾਂਚੇ ‘ਤੇ ਸਟੀਕ ਹਮਲੇ ਕੀਤੇ। ਇਸ ਤੋਂ ਬਾਅਦ, ਪਾਕਿਸਤਾਨ ਨੇ 8, 9 ਅਤੇ 10 ਮਈ ਨੂੰ ਭਾਰਤੀ ਫੌਜੀ ਠਿਕਾਣਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਭਾਰਤੀ ਪੱਖ ਨੇ ਪਾਕਿਸਤਾਨੀ ਕਾਰਵਾਈ ਦਾ ਸਖ਼ਤ ਜਵਾਬ ਦਿੱਤਾ।

ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਦੇ ਕਰਮਚਾਰੀ ਨੂੰ ਕੱਢਿਆ Read More »

ਬਸਵਰਾਜੂ ਸਣੇ 27 ਨਕਸਲੀ ਹਲਾਕ

ਨਾਰਾਇਣਪੁਰ, 21 ਮਈ – ਛੱਤੀਸਗੜ੍ਹ ਦੇ ਬਸਤਰ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਸੀਪੀਆਈ ਮਾਓਵਾਦੀ ਦਾ ਜਨਰਲ ਸਕੱਤਰ ਨੰਬਾਲਾ ਕੇਸ਼ਵ ਰਾਓ ਉਰਫ਼ ਬਸਵਰਾਜੂ ਸਮੇਤ ਘੱਟੋ-ਘੱਟ 27 ਨਕਸਲੀ ਮਾਰੇ ਗਏ ਹਨ। ਪੁਲੀਸ ਨੇ ਦੱਸਿਆ ਕਿ ਕਾਰਵਾਈ ਦੌਰਾਨ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦਾ ਜਵਾਨ ਸ਼ਹੀਦ ਹੋ ਗਿਆ, ਜਦਕਿ ਕੁੱਝ ਹੋਰ ਜ਼ਖ਼ਮੀ ਹੋਏ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਬਹੁਤੇ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਮਾਓਵਾਦੀ ਆਗੂ ਨੂੰ ਮਾਰ ਕੇ ਸੁਰੱਖਿਆ ਬਲਾਂ ਨੇ ‘ਇਤਿਹਾਸਕ ਸਫਲਤਾ’ ਹਾਸਲ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ ਨਾਰਾਇਣਪੁਰ-ਬੀਜਾਪੁਰ-ਦਾਂਤੇਵਾੜਾ ਜ਼ਿਲ੍ਹਿਆਂ ਦੇ ਸਰਹੱਦੀ ਖੇਤਰ ’ਚ ਸਥਿਤ ਅਭੁਜਮਾੜ ਦੇ ਸੰਘਣੇ ਜੰਗਲਾਂ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਮਾਓਵਾਦੀਆਂ ਦੀ ਕੇਂਦਰੀ ਕਮੇਟੀ ਅਤੇ ਪੋਲਿਟ ਬਿਊਰੋ ਮੈਂਬਰਾਂ ਦੇ ਨਾਲ-ਨਾਲ ਸੀਨੀਅਰ ਮਾੜ ਡਿਵੀਜ਼ਨ ਕੇਡਰਾਂ ਅਤੇ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਦੇ ਮੈਂਬਰਾਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਮਿਲਣ ਮਗਰੋਂ ਇਹ ਅਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ 27 ਨਕਸਲੀਆਂ ਦੀਆਂ ਲਾਸ਼ਾਂ ਅਤੇ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕੀਤੇ ਗਏ ਹਨ। ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ।

ਬਸਵਰਾਜੂ ਸਣੇ 27 ਨਕਸਲੀ ਹਲਾਕ Read More »

ਗੁਜਰਾਤ ’ਚ ਸ਼ੇਰਾਂ ਦੀ ਗਿਣਤੀ ਵਧੀ

ਗਾਂਧੀਨਗਰ, 22 ਮਈ – ਇਸ ਮਹੀਨੇ ਕੀਤੀ ਗਈ ਜਨਗਣਨਾ ਦੇ ਅਨੁਸਾਰ ਗੁਜਰਾਤ ਵਿਚ ਏਸ਼ੀਆਈ ਸ਼ੇਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਹ ਅਨੁਮਾਨਿਤ ਆਬਾਦੀ ਪੰਜ ਸਾਲ ਪਹਿਲਾਂ 674 ਸੀ ਜੋ ਕਿ ਹੁਣ 891 ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਨਾ ਸਿਰਫ਼ 217 ਸ਼ੇਰਾਂ ਦੀ ਗਿਣਤੀ ਵਧੀ ਹੈ, ਸਗੋਂ ਇਹ ਜਾਨਵਰ ਗਿਰ ਰਾਸ਼ਟਰੀ ਪਾਰਕ (​​ਉਨ੍ਹਾਂ ਦੇ ਰਵਾਇਤੀ ਨਿਵਾਸ ਸਥਾਨ) ਤੋਂ ਬਾਹਰ ਵੀ ਪਾਏ ਗਏ ਹਨ ਜੋ ਕਿ 11 ਜ਼ਿਲ੍ਹਿਆਂ ਤੱਕ ਫੈਲੇ ਹਨ। ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘‘ਏਸ਼ੀਆਈ ਸ਼ੇਰਾਂ ਦੀ ਅਨੁਮਾਨਿਤ ਆਬਾਦੀ ਵਧ ਕੇ 891 ਹੋ ਗਈ ਹੈ।’’ ਸਾਲ 2020 ਦੇ ਜੂਨ ਵਿੱਚ ਕੀਤੀ ਗਈ ਆਖਰੀ ਜਨਗਣਨਾ ਦੇ ਅਨੁਸਾਰ ਏਸ਼ੀਆਈ ਸ਼ੇਰਾਂ ਦੀ ਆਬਾਦੀ, ਜੋ ਕਿ ਸਿਰਫ ਗੁਜਰਾਤ ਦੇ ਗਿਰ ਖੇਤਰ ਵਿੱਚ ਪਾਈ ਜਾਂਦੀ ਇਕ ਉਪ-ਪ੍ਰਜਾਤੀ ਹੈ, ਦਾ ਅਨੁਮਾਨ 674 ਸੀ। ਗੁਜਰਾਤ ਦੇ ਜੰਗਲਾਤ ਵਿਭਾਗ ਨੇ ਕਿਹਾ ਕਿ ਤਾਜ਼ਾ ਗਿਣਤੀ ਦੇ ਅਨੁਸਾਰ ਅੰਦਾਜ਼ਨ 196 ਨਰ, 330 ਮਾਦਾ, 140 ਵੱਡੇ ਬੱਚੇ ਅਤੇ 225 ਬੱਚੇ ਹਨ। ਜਿਵੇਂ-ਜਿਵੇਂ ਸ਼ੇਰਾਂ ਦੀ ਆਬਾਦੀ ਵਧ ਰਹੀ ਹੈ ਸੌਰਾਸ਼ਟਰ ਖੇਤਰ ਵਿਚ ਉਨ੍ਹਾਂ ਦਾ ਫੈਲਾਅ ਵੀ ਵਧਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਜਾਨਵਰ ਪਹਿਲਾਂ ਜੂਨਾਗੜ੍ਹ ਅਤੇ ਅਮਰੇਲੀ ਜ਼ਿਲ੍ਹਿਆਂ ਦੇ ਗਿਰ ਰਾਸ਼ਟਰੀ ਪਾਰਕ ਤੱਕ ਸੀਮਤ ਸਨ, ਪਰ ਹੁਣ ਉਹ 11 ਜ਼ਿਲ੍ਹਿਆਂ ਵਿੱਚ ਫੈਲ ਗਏ ਹਨ।

ਗੁਜਰਾਤ ’ਚ ਸ਼ੇਰਾਂ ਦੀ ਗਿਣਤੀ ਵਧੀ Read More »

ਮਸ਼ਹੂਰੀਜੀਵੀ

ਕਈ ਫਿਲਮਸਾਜ਼ਾਂ ਨੇ ਅਪ੍ਰੇਸ਼ਨ ਸਿੰਧੂਰ ਦਾ ਲਾਹਾ ਲੈਣ ਲਈ ‘ਸਿੰਧੂਰ’ ਨਾਂਅ ਵਾਲੇ ਫਿਲਮੀ ਟਾਈਟਲ ਆਪਣੇ ਨਾਂਅ ਰਜਿਸਟਰਡ ਕਰਨ ਲਈ ਅਰਜ਼ੀਆਂ ਦਿੱਤੀਆਂ ਹਨ। ਕਰੀਬ ਦੋ ਦਰਜਨ ਕਾਰਪੋਰੇਟ ਘਰਾਣਿਆਂ ਨੇ ਇਸ ਨੂੰ ਟਰੇਡਮਾਰਕ ਵਜੋਂ ਰਜਿਸਟਰਡ ਕਰਨ ਲਈ ਅਰਜ਼ੀਆਂ ਦਿੱਤੀਆਂ ਹਨ। ਰਿਲਾਇੰਸ ਵੀ ਇਨ੍ਹਾਂ ਵਿੱਚ ਸ਼ਾਮਲ ਸੀ ਪਰ ਉਸ ਨੇ ਚੁੱਪ-ਚੁਪੀਤੇ ਅਰਜ਼ੀ ਵਾਪਸ ਲੈ ਲਈ। ਹਾਲਾਂਕਿ ਅਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਦੇ ਕਈ ਲੋਕਾਂ ਨੂੰ ਵੀ ਜਾਨਾਂ ਗੁਆਉਣੀਆਂ ਪਈਆਂ ਹਨ, ਪਰ ਵਪਾਰਕ ਘਰਾਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਥਨ ’ਤੇ ਹੀ ਚੱਲ ਰਹੇ ਹਨ। ਆਫਤ ਨੂੰ ਮੌਕੇ ਵਿੱਚ ਬਦਲਣ ਦਾ ਨੁਸਖਾ ਮੋਦੀ ਨੇ ਹੀ ਦੱਸਿਆ ਸੀ। ਵਪਾਰਕ ਘਰਾਣੇ ਹਾਲੇ ਆਪਣੇ ਉਤਪਾਦ ਬਾਜ਼ਾਰ ਵਿੱਚ ਪੇਸ਼ ਕਰਨਗੇ, ਪਰ ਰੇਲ ਭਵਨ ਬਾਜ਼ੀ ਲੈ ਗਿਆ ਹੈ। ਉਸ ਨੇ ਅਜਿਹੀਆਂ ਰੇਲ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਨ੍ਹਾਂ ’ਤੇ ਮੋਦੀ ਦੀ ਤਸਵੀਰ ਲੱਗੀ ਹੋਈ ਹੈ। ਕੋਵਿਡ-19 ਦੀ ਵੈਕਸੀਨ ਲੁਆਉਣ ਤੋਂ ਬਾਅਦ ਜਾਰੀ ਕੀਤੇ ਜਾਂਦੇ ਸਰਟੀਫਿਕੇਟ ’ਤੇ ਵੀ ਮੋਦੀ ਦੀ ਤਸਵੀਰ ਲਾਈ ਗਈ ਸੀ। ਭਾਰਤੀ ਰੇਲਵੇ ਦੀਆਂ ਟਿਕਟਾਂ ਉੱਤੇ ‘ਅਪ੍ਰੇਸ਼ਨ ਸਿੰਧੂਰ’ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਲੈ ਕੇ ਸਿਆਸੀ ਵਿਵਾਦ ਛਿੜ ਗਿਆ ਹੈ। ਆਫਤ ਨੂੰ ਮੌਕੇ ਵਿੱਚ ਬਦਲਣ ’ਚ ਮਾਹਰ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਨੇ ਅਪ੍ਰੇਸ਼ਨ ਸਿੰਧੂਰ ਦਾ ਸਿਆਸੀ ਲਾਹਾ ਲੈਣ ਲਈ ਰੇਲਵੇ ਟਿਕਟਾਂ ’ਤੇ ਮੋਦੀ ਦੀ ਤਸਵੀਰ ਲਾਉਣ ਦਾ ਜਿਹੜਾ ਕੌਤਕ ਕੀਤਾ ਹੈ, ਆਪੋਜ਼ੀਸ਼ਨ ਪਾਰਟੀਆਂ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਨੇ ਉਸ ਨੂੰ ਚੋਣ ਲਾਭ ਲਈ ਫੌਜੀ ਕਾਰਵਾਈ ਦਾ ਘੋਰ ਸਿਆਸੀਕਰਨ ਦੱਸਦਿਆਂ ਸਖਤ ਨਿੰਦਾ ਕੀਤੀ ਹੈ। ਲੋਕ ਸਭਾ ਵਿੱਚ ਕਾਂਗਰਸ ਦੇ ਵ੍ਹਿਪ ਮਣੀਕਮ ਟੈਗੋਰ ਨੇ ਕਿਹਾ ਹੈ ਕਿ ਅਪ੍ਰੇਸ਼ਨ ਸਿੰਧੂਰ ਨੂੰ ਹੁਣ ਸ਼ੈਂਪੂ ਦੀ ਤਰ੍ਹਾਂ ਵੇਚਿਆ ਜਾ ਰਿਹਾ ਹੈ। ਸਾਂਸਦ ਕੁੰਵਰ ਦਾਨਿਸ਼ ਅਲੀ ਨੇ ਪ੍ਰਧਾਨ ਮੰਤਰੀ ਉੱਤੇ ਜੰਗ ਤੇ ਸ਼ਹਾਦਤ ਨੂੰ ਮੌਕੇ ਦੇ ਰੂਪ ਵਿੱਚ ਦੇਖਣ ਦਾ ਦੋਸ਼ ਲਾਉਦਿਆਂ ਕਿਹਾ ਹੈ ਕਿ ਫੌਜੀਆਂ ਦੇ ਮੁਕਾਬਲੇ ਮੋਦੀ ਦੇ ਅਕਸ ਨੂੰ ਚਮਕਾਉਣਾ ਹੰਕਾਰ ਦੀ ਇੰਤਹਾ ਹੈ। ਲੜਾਈ ਦੌਰਾਨ ਮਾਸੂਮ ਲੋਕਾਂ ਦਾ ਖੂਨ ਵਗਿਆ, ਜਵਾਨਾਂ ਨੇ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਕਿਸਤਾਨ ਨੂੰ ਜਵਾਬ ਦਿੱਤਾ ਤੇ ਪ੍ਰਧਾਨ ਮੰਤਰੀ ਨੇ ਨਵਾਂ ਇਸ਼ਤਿਹਾਰ ਕਢਵਾ ਲਿਆ। ਜਿਹੜੇ ਸ਼ਹੀਦ ਹੋਏ, ਉਨ੍ਹਾਂ ਦਾ ਨਾ ਕੋਈ ਨਾਂਅ, ਨਾ ਚਿਹਰਾ, ਪਰ ਆਪਣੀ ਤਸਵੀਰ ਲੁਆ ਲਈ। ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਕਈ ਲੋਕਾਂ ਨੇ ਕਿਹਾ ਹੈ ਕਿ ਸਰਕਾਰ ‘ਵਿਗਿਆਪਨ-ਗ੍ਰਸਤ’ ਹੈ ਅਤੇ ਬਿਹਾਰ ਦੇ ਵੋਟਰਾਂ ਨੂੰ ਲੁਭਾਉਣ ਲਈ ਫੌਜ ਦੀ ਬਹਾਦਰੀ ਨੂੰ ਇੱਕ ਉਤਪਾਦ ਦੀ ਤਰ੍ਹਾਂ ਵੇਚ ਰਹੀ ਹੈ। ਰੇਲਵੇ ਟਿਕਟ ’ਤੇ ਅਪ੍ਰੇਸ਼ਨ ਸਿੰਧੂਰ ਨੂੰ ਮੋਦੀ ਦੇ ਇਸ਼ਤਿਹਾਰ ਵਜੋਂ ਵਰਤਣਾ ਦੇਸ਼ਭਗਤੀ ਨਹੀਂ, ਸਗੋਂ ਸੌਦੇਬਾਜ਼ੀ ਹੈ।

ਮਸ਼ਹੂਰੀਜੀਵੀ Read More »

ਤੇਜ਼ ਤੂਫਾਨ, ਭਾਰੀ ਮੀਂਹ, ਪੰਜਾਬ ਦੇ 9 ਜ਼ਿਲ੍ਹਿਆਂ ਲਈ ਅਲਰਟ ਜਾਰੀ

22, ਮਈ – ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਕੱਲ੍ਹ ਤੇਜ਼ ਹਵਾਵਾਂ ਨਾਲ ਭਾਰੀ ਬਾਰਸ਼ ਹੋਈ। ਕਈ ਥਾਈਂ ਗੜ੍ਹੇਮਾਰੀ ਵੀ ਹੋਈ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਆਈ.ਐਮ.ਡੀ. ਦਾ ਕਹਿਣਾ ਹੈ ਕਿ ਅਗਲੇ 3 ਤੋਂ ਚਾਰ ਦਿਨ ਮੌਸਮ ਇਸੇ ਤਰ੍ਹਾਂ ਦਾ ਰਹਿਣ ਦਾ ਸੰਭਾਵਨਾ ਹੈ। ਪੰਜਾਬ ਦੇ ਕੁਝ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਦਰਅਸਲ, ਅਗਲੇ 5 ਘੰਟੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਲਈ ਭਾਰੀ ਹੋਣ ਦੀ ਉਮੀਦ ਹੈ। ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਗਲੇ 5 ਤੋਂ 8 ਘੰਟਿਆਂ ਦੌਰਾਨ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਲੇਰਕੋਟਲਾ, ਰੂਪਨਗਰ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ ਦੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਿਸ਼ ਦੀ ਸੰਭਾਵਨਾ ਹੈ। ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਦੀ ਸੂਰਤ ਵਿੱਚ 112 ‘ਤੇ ਕਾਲ ਕਰਨ ਦੀ ਅਪੀਲ ਕੀਤੀ ਗਈ ਹੈ। ਦਰਅਸਲ, ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਮੌਸਮ ਵਿੱਚ ਆਈ ਇਸ ਤਬਦੀਲੀ ਨੇ ਲੋਕਾਂ ਨੂੰ ਰਾਹਤ ਦੇ ਨਾਲ-ਨਾਲ ਮੁਸੀਬਤ ਵੀ ਲਿਆਂਦੀ। ਜਿੱਥੇ ਇੱਕ ਪਾਸੇ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਕੁਝ ਇਲਾਕਿਆਂ ਵਿੱਚ ਗੜੇਮਾਰੀ ਨੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਜਾਨ-ਮਾਲ ਦਾ ਨੁਕਸਾਨ ਵੀ ਕੀਤਾ। ਕਈ ਥਾਵਾਂ ‘ਤੇ ਦਰੱਖਤ ਅਤੇ ਕੰਧਾਂ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਭ ਤੋਂ ਵੱਧ ਨੁਕਸਾਨ ਉੱਤਰ ਪ੍ਰਦੇਸ਼ ਵਿਚ ਹੋਇਆ ਹੈ, ਜਿੱਥੇ ਵੱਖ-ਵੱਖ ਘਟਨਾਵਾਂ ਵਿੱਚ ਲਗਭਗ 12 ਲੋਕਾਂ ਦੀ ਮੌਤ ਦੀ ਖ਼ਬਰ ਹੈ। ਮੌਸਮ ਵਿਭਾਗ ਨੇ ਅਗਲੇ ਦੋ-ਤਿੰਨ ਦਿਨਾਂ ਲਈ ਕਈ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਕਿਸਾਨਾਂ ਅਤੇ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਤੇਜ਼ ਤੂਫਾਨ, ਭਾਰੀ ਮੀਂਹ, ਪੰਜਾਬ ਦੇ 9 ਜ਼ਿਲ੍ਹਿਆਂ ਲਈ ਅਲਰਟ ਜਾਰੀ Read More »