May 10, 2025

ਪਾਕਿਸਤਾਨ ਵਲੋਂ ਕੀਤੇ ਗਏ ਡਰੋਨ ਹਮਲੇ ‘ਚ ਫਿਰੋਜ਼ਪੁਰ ‘ਚ ਇੱਕ ਹੀ ਪਰਿਵਾਰ ਦੇ ਤਿੰਨ ਜੀਅ ਝੁਲਸੇ

ਫਿਰੋਜ਼ਪੁਰ, 10 ਮਈ – ਭਾਰਤ ਪਾਕਿਸਤਾਨ ਤਣਾਅ ਵਿਚਾਲੇ ਅੱਜ ਇੱਕ ਵਾਰ ਫਿਰ ਤੋਂ ਰਾਤ ਹੁੰਦੇ ਹੀ ਪਾਕਿਸਤਾਨ ਵੱਲੋਂ ਪੰਜਾਬ ਦੇ ਸਰਹੱਦਾਂ ਨੇੜਲੇ ਪਿੰਡਾਂ ਉੱਤੇ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਵਿਚਾਲੇ ਫਿਰੋਜ਼ਪੁਰ ਦੇ ਇੱਕ ਘਰ ਦੇ ਵਿੱਚ ਪਾਕਿਸਤਾਨ ਵੱਲੋਂ ਡਰੋਨ ਸੁੱਟਿਆ ਗਿਆ, ਜਿਸ ਵਿੱਚ ਤਿੰਨ ਪਰਿਵਾਰਿਕ ਮੈਂਬਰ ਬੁਰੀ ਤਰ੍ਹਾਂ ਝੁਲਸੇ ਗਏ। ਇਹ ਮਾਮਲਾ ਪਿੰਡ ਖਾਈ ਦਾ ਹੈ, ਜਿੱਥੇ ਪਾਕਿਸਤਾਨ ਵੱਲੋਂ ਸੁੱਟਿਆ ਹੋਇਆ ਡਰੋਨ ਇੱਕ ਪਰਿਵਾਰ ਦੇ ਘਰ ਵਿੱਚ ਆ ਡਿੱਗਿਆ, ਉੱਥੇ ਇੱਕ ਮਹਿਲਾ ਰੋਟੀ ਬਣਾ ਰਹੀ ਮਹਿਲਾ ਸੀ, ਜੋ ਇਸ ਨਾਲ ਬੁਰਾ ਤਰ੍ਹਾਂ ਝੁਲਸੀ ਗਈ। ਇਸ ਦੌਰਾਨ ਘਰ ਦੇ ਵਿਹੜੇ ਵਿੱਚ ਖੜ੍ਹੀ ਗੱਡੀ ਨੂੰ ਅੱਗ ਲੱਗ ਗਈ, ਇਸ ਹਮਲੇ ਨਾਲ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਝੁਲਸੇ ਗਏ। ਖਾਣੇ ਦੀ ਕਰ ਰਹੇ ਸਨ ਤਿਆਰੀ ਮਿਲੀ ਜਾਣਕਾਰੀ ਮੁਤਾਬਿਕ ਜਿਸ ਵੇਲੇ ਇਹ ਡਰੋਨ ਸੁੱਟਿਆ ਗਿਆ, ਉਸ ਵੇਲੇ ਘਰ ਦੇ ਮੈਂਬਰ ਖਾਣਾ ਖਾਣ ਦੀ ਤਿਆਰੀ ਕਰ ਰਹੇ ਸਨ ਕਿ ਅਚਾਨਕ ਹੀ ਇੱਕ ਡਰੋਨ ਘਰ ਦੇ ਵਿੱਚ ਆ ਗਿਆ ਅਤੇ ਘਰ ਦੇ ਤਿੰਨ ਮੈਂਂਬਰ, ਜਿਨਾਂ ਦੇ ਵਿੱਚ ਪਤੀ ਪਤਨੀ ਅਤੇ ਇੱਕ ਹੋਰ ਵਿਅਕਤੀ ਸ਼ਾਮਿਲ ਹੈ, ਉਹ ਝੁਲਸੇ ਗਏ। ਜਿਨਾਂ ਨੂੰ ਫੌਰੀ ਤੌਰ ‘ਤੇ ਸਥਾਨਕ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਉਥੇ ਹੀ ਮੌਕੇ ‘ਤੇ ਤਾਇਨਾਤ ਪੁਲਿਸ ਬਲ ਵੀ ਇਸ ਦੌਰਾਨ ਮਾਮਲੇ ਦੀ ਪੜਤਾਲ ਦੇ ਵਿੱਚ ਜੁੱਟ ਗਿਆ ਹੈ। ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਪੁਲਿਸ ਬਲ ਕਰ ਰਿਹਾ ਪੜਤਾਲ ਉਥੇ ਹੀ ਮੌਕੇ ‘ਤੇ ਪੰਜਾਬ ਪੁਲਿਸ ਦੇ ਜਵਾਨ ਅਤੇ ਫੌਜ ਵੱਲੋਂ ਪਹੁੰਚ ਕੇ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਗੱਡੀ ਦਾ ਮੁਆਇਨਾ ਵੀ ਕੀਤਾ ਜਾ ਰਿਹਾ ਅਤੇ ਜੋ ਡਰੋਨ ਸੁੱਟਿਆ ਗਿਆ ਉਸ ਦੀ ਪੂਰੀ ਤਰਾਂ ਨਾਲ ਜਾਂਚ ਕੀਤੀ ਜਾ ਰਹੀ ਹੈ। ਘਰ ਦੇ ਪਸ਼ੂ ਵੀ ਹੋਏ ਹਮਲੇ ਦਾ ਸ਼ਿਕਾਰ ਜ਼ਿਕਰਯੋਗ ਹੈ ਕਿ ਇਸ ਹਮਲੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਵੱਲੋਂ ਰੱਖੇ ਹੋਏ ਡੰਗਰ ਵੀ ਝੁਲਸ ਗਏ ਹਨ। ਕੁਝ ਤਸਵੀਰਾਂ ਅਜਿਹੀਆਂ ਸਾਹਮਣੇ ਆਈਆਂ ਹਨ ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਘਰ ਦੇ ਵਿੱਚ ਰੱਖੇ ਪਸ਼ੂ ਵੀ ਇਸ ਅੱਗ ਦੀ ਭੇਂਟ ਚੜ੍ਹੇ ਹਨ, ਜਿਨਾਂ ਦੀ ਚਮੜੀ ਪੂਰੀ ਤਰ੍ਹਾਂ ਨਾਲ ਸੜ ਚੁੱਕੀ ਹੈ। ਇਨ੍ਹਾਂ ਜਾਨਵਰਾਂ ਨੂੰ ਵੀ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਅੱਜ ਪਾਕਿਸਤਾਨ ਨੇ ਰਾਜਸਥਾਨ ਦੇ ਜੈਸਲਮੇਰ ਵਿੱਚ ਪੋਖਰਣ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਪੋਖਰਣ ਵਿੱਚ ਇੱਕ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ।

ਪਾਕਿਸਤਾਨ ਵਲੋਂ ਕੀਤੇ ਗਏ ਡਰੋਨ ਹਮਲੇ ‘ਚ ਫਿਰੋਜ਼ਪੁਰ ‘ਚ ਇੱਕ ਹੀ ਪਰਿਵਾਰ ਦੇ ਤਿੰਨ ਜੀਅ ਝੁਲਸੇ Read More »

ਜੰਗੀ ਮਾਹੌਲ ‘ਚ ਹੋਸਟਲ ਛੱਡ ਘਰਾਂ ਨੂੰ ਪਰਤ ਰਹੇ ਹਨ GNDU ਦੇ ਵਿਦਿਆਰਥੀ

ਅੰਮ੍ਰਿਤਸਰ, 10 ਮਈ – ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਦੌਰਾਨ ਹਰ ਜ਼ਿਲ੍ਹੇ ਵਿੱਚ ਪਾਬੰਦੀਆਂ ਲੱਗ ਗਈਆਂ ਹਨ। ਉੱਥੇ ਹੀ ਅੰਮ੍ਰਿਤਸਰ ਵਿੱਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਵੀ ਵਿਦਿਆਰਥੀਆਂ ਨੇ ਆਪਣੇ ਘਰਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ ਹੈ। GNDU ਦੇ ਵਿਦਿਆਰਥੀ ਹੋਸਟਲ ਛੱਡ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ। ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਫਿਲਹਾਲ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਅੰਮ੍ਰਿਤਸਰ ‘ਤੇ ਹਮਲੇ ਸੰਬੰਧੀ ਚੁੱਕੇ ਗਏ ਕਦਮ ਅੰਮ੍ਰਿਤਸਰ ਵਿੱਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਹਗਾ ਸਰਹੱਦ ਤੋਂ ਸਿਰਫ਼ 30 ਕਿਲੋਮੀਟਰ ਦੂਰ ਹੈ। ਭਾਰਤ ਵੱਲੋਂ ਆਪ੍ਰੇਸ਼ਨ ਸਿੰਦੂਰ ਸ਼ੁਰੂ ਕਰਨ ਤੋਂ ਅਗਲੀ ਰਾਤ ਹੀ ਅੰਮ੍ਰਿਤਸਰ ਦੇ ਵੱਖ-ਵੱਖ ਥਾਵਾਂ ‘ਤੇ ਹਮਲੇ ਕੀਤੇ ਗਏ। ਇਹ ਹਮਲੇ ਰਾਤ ਨੂੰ ਕੀਤੇ ਗਏ ਸਨ ਅਤੇ ਇਨ੍ਹਾਂ ਮਿਜ਼ਾਈਲਾਂ ਦੇ ਧਮਾਕਿਆਂ ਦੀ ਆਵਾਜ਼ ਪੂਰੀ ਯੂਨੀਵਰਸਿਟੀ ਵਿੱਚ ਸੁਣਾਈ ਦਿੱਤੀ ਸੀ। ਜਿਸ ਤੋਂ ਬਾਅਦ, ਵਿਦਿਆਰਥੀਆਂ ਨੇ ਆਪਣੇ ਘਰ ਜਾਣ ਦਾ ਫੈਸਲਾ ਲੈ ਲਿਆ। ਕੱਲ੍ਹ ਰਾਤ ਵੀ ਪਠਾਨਕੋਟ ਸਮੇਤ ਕਈ ਸ਼ਹਿਰਾਂ ਵਿੱਚ ਹਮਲੇ ਹੋਏ। ਜਿਸ ਤੋਂ ਬਾਅਦ ਅੱਜ ਲਗਭਗ ਸਾਰੇ ਵਿਦਿਆਰਥੀ ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਵਿਦਿਆਰਥੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਡਰ ਲੱਗਦਾ ਹੈ, ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਚਿੰਤਤ ਹਨ, ਇਸੇ ਲਈ ਉਹ ਜਲਦੀ ਤੋਂ ਜਲਦੀ ਘਰ ਪਹੁੰਚਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕਈ ਸਮੈਸਟਰ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ, ਜਿਨ੍ਹਾਂ ਨੂੰ ਪਹਿਲੇ ਦਿਨ ਮੁਲਤਵੀ ਨਹੀਂ ਕੀਤਾ ਗਿਆ ਸੀ, ਪਰ ਜਦੋਂ ਸਰਹੱਦੀ ਪਿੰਡਾਂ ਦੇ ਕਈ ਵਿਦਿਆਰਥੀ ਪ੍ਰੀਖਿਆ ਦੇਣ ਲਈ ਨਹੀਂ ਪਹੁੰਚ ਸਕੇ, ਤਾਂ ਵਿਦਿਆਰਥੀ ਯੂਨੀਅਨ ਦੀ ਅਪੀਲ ‘ਤੇ ਦੁਬਾਰਾ ਪ੍ਰੀਖਿਆ ਲੈਣ ਦਾ ਹੁਕਮ ਦਿੱਤਾ ਗਿਆ।

ਜੰਗੀ ਮਾਹੌਲ ‘ਚ ਹੋਸਟਲ ਛੱਡ ਘਰਾਂ ਨੂੰ ਪਰਤ ਰਹੇ ਹਨ GNDU ਦੇ ਵਿਦਿਆਰਥੀ Read More »

ਜੀ-7 ਦੇਸ਼ਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਫ਼ੌਜੀ ਤਣਾਅ ਘਟਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ, 10 ਮਈ – ਸੱਤ ਦੇਸ਼ਾਂ ਦੇ ਸਮੂਹ (ਜੀ-7) ਨੇ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਦੀ ਅਪੀਲ ਕੀਤੀ ਅਤੇ ਗੱਲਬਾਤ ਰਾਹੀਂ ਫ਼ੌਜੀ ਟਕਰਾਅ ਨੂੰ ਤੁਰੰਤ ਘਟਾਉਣ ਦੀ ਅਪੀਲ ਕੀਤੀ। ਸਮੂਹ ਦਾ ਇਹ ਸੱਦਾ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਮਾਣੂ ਹਥਿਆਰਾਂ ਨਾਲ ਲੈਸ ਭਾਰਤ ਅਤੇ ਪਾਕਿਸਤਾਨ ਵਿਚਕਾਰ ਫ਼ੌਜੀ ਟਕਰਾਅ ਵਧ ਰਿਹਾ ਹੈ। ਜੀ-7 ਦੇਸ਼ਾਂ ਨੇ ਕਿਹਾ ਕਿ ਉਹ “ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਇੱਕ ਤੇਜ਼ ਅਤੇ ਸਥਾਈ ਕੂਟਨੀਤਕ ਹੱਲ ਲਈ ਆਪਣਾ ਸਮਰਥਨ ਪ੍ਰਗਟ ਕਰਦੇ ਹਨ”। ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਫੌਜੀ ਤਣਾਅ ਹੋਰ ਵਧਣ ਨਾਲ ਖੇਤਰੀ ਸਥਿਰਤਾ ਨੂੰ ਗੰਭੀਰ ਖ਼ਤਰਾ ਹੋਵੇਗਾ। ਸਮੂਹ ਨੇ ਇੱਕ ਬਿਆਨ ਵਿੱਚ ਕਿਹਾ, “ਜੀ-7 ਮੈਂਬਰ ਦੇਸ਼ਾਂ – ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਕੇ ਅਤੇ ਅਮਰੀਕਾ – ਦੇ ਵਿਦੇਸ਼ ਮੰਤਰੀ ਅਤੇ ਯੂਰਪੀਅਨ ਯੂਨੀਅਨ ਦੇ ਉੱਚ ਪ੍ਰਤੀਨਿਧੀ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਨ ਅਤੇ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਦੀ ਅਪੀਲ ਕਰਦੇ ਹਨ। ਇਸ ਵਿੱਚ ਕਿਹਾ ਗਿਆ ਹੈ, “ਫ਼ੌਜੀ ਤਣਾਅ ਵਿੱਚ ਹੋਰ ਵਾਧਾ ਖੇਤਰੀ ਸਥਿਰਤਾ ਲਈ ਗੰਭੀਰ ਖ਼ਤਰਾ ਪੈਦਾ ਕਰੇਗਾ। ਅਸੀਂ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਾਂ।

ਜੀ-7 ਦੇਸ਼ਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਫ਼ੌਜੀ ਤਣਾਅ ਘਟਾਉਣ ਦੀ ਕੀਤੀ ਅਪੀਲ Read More »

ਟਕਰਾਅ ਨਾਲ ਬੁਨਿਆਦੀ ਤੌਰ ’ਤੇ ਸਾਡਾ ਕੋਈ ਲੈਣਾ-ਦੇਣਾ ਨਹੀਂ : ਅਮਰੀਕਾ

ਨਵੀਂ ਦਿੱਲੀ, 10 ਮਈ – ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਸ਼ੁੱਕਰਵਾਰ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜਾਰੀ ਟਕਰਾਅ ਨਾਲ ਉਨ੍ਹਾ ਦਾ ਬੁਨਿਆਦੀ ਤੌਰ ’ਤੇ ਕੋਈ ਲੈਣਾ-ਦੇਣਾ ਨਹੀਂ ਹੈ। ਉਂਜ ਉਨ੍ਹਾਂ ਕਿਹਾ ਕਿ ਅਮਰੀਕਾ ਦੋਵਾਂ ਮੁਲਕਾਂ ਨੂੰ ਰਿਸ਼ਤਿਆਂ ਵਿਚਲੀ ਕਸ਼ੀਦਗੀ ਘਟਾਉਣ ਦੀ ਅਪੀਲ ਕਰਦਾ ਹੈ ਤੇ ਕੂਟਨੀਤਕ ਚੈਨਲਾਂ ਜ਼ਰੀਏ ਕੋਸ਼ਿਸ਼ਾਂ ਕਰਦਾ ਰਹੇਗਾ। ਵੈਂਸ ਨੇ ਫੌਕਸ ਨਿਊਜ਼ ਨੂੰ ਇੱਕ ਇੰਟਰਵਿਊ ਵਿਚ ਕਿਹਾ, ‘‘ਅਸੀਂ ਦੋਵਾਂ ਮੁਲਕਾਂ ਨੂੰ ਤਣਾਅ ਘਟਾਉਣ ਲਈ ਹੱਲਾਸ਼ੇਰੀ ਦੇ ਸਕਦੇ ਹਾਂ, ਪਰ ਅਸੀਂ ਜੰਗ ਦੇ ਵਿਚਕਾਰ ਨਹੀਂ ਫਸਣ ਜਾ ਰਹੇ ਕਿਉਂਕਿ ਮੂਲ ਰੂਪ ਵਿੱਚ ਸਾਡਾ ਕੋਈ ਕੰਮ ਨਹੀਂ ਹੈ ਅਤੇ ਇਸ ਨੂੰ ਕੰਟਰੋਲ ਕਰਨ ਦੀ ਅਮਰੀਕਾ ਦੀ ਯੋਗਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤੁਸੀਂ ਜਾਣਦੇ ਹੋ, ਅਮਰੀਕਾ ਭਾਰਤੀਆਂ ਨੂੰ ਆਪਣੇ ਹਥਿਆਰ ਸੁੱਟਣ ਲਈ ਨਹੀਂ ਕਹਿ ਸਕਦਾ। ਅਸੀਂ ਪਾਕਿਸਤਾਨੀਆਂ ਨੂੰ ਹਥਿਆਰ ਸੁੱਟਣ ਲਈ ਨਹੀਂ ਕਹਿ ਸਕਦੇ ਅਤੇ ਇਸ ਲਈ ਅਸੀਂ ਕੂਟਨੀਤਕ ਚੈਨਲਾਂ ਰਾਹੀਂ ਇਸ ਚੀਜ਼ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ। ਵੈਂਸ ਨੇ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਇੱਕ ਵਿਸ਼ਾਲ ਖੇਤਰੀ ਜੰਗਰੱਬ ਨਾ ਕਰੇ, ਇੱਕ ਪ੍ਰਮਾਣੂ ਟਕਰਾਅ ਵਿੱਚ ਨਾ ਬਦਲੇ। ਫਿਲਹਾਲ, ਸਾਨੂੰ ਨਹੀਂ ਲੱਗਦਾ ਕਿ ਅਜਿਹਾ ਹੋਣ ਵਾਲਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਵੀਰਵਾਰ ਰਾਤ ਕਿਹਾ ਸੀ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਫੋਨ ਕਰਕੇ ਤੁਰੰਤ ਤਣਾਅ ਘਟਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਟਕਰਾਅ ਨਾਲ ਬੁਨਿਆਦੀ ਤੌਰ ’ਤੇ ਸਾਡਾ ਕੋਈ ਲੈਣਾ-ਦੇਣਾ ਨਹੀਂ : ਅਮਰੀਕਾ Read More »

ਬਠਿੰਡਾ ਦੇ ਪਿੰਡਾਂ ’ਚ ਡਿੱਗੇ ਮਿਜ਼ਾਈਲਾਂ ਤੇ ਡਰੋਨਾਂ ਦੇ ਟੁਕੜੇ

ਬਠਿੰਡਾ, 10 ਮਈ – ਵੀਰਵਾਰ ਰਾਤ ਪਾਕਿਸਤਾਨ ਵੱਲੋਂ ਚਲਾਈਆਂ ਮਿਜ਼ਾਈਲਾਂ ਦੇ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਪਿੰਡਾਂ ਬੀੜ ਤਲਾਬ ਬਸਤੀ ਨੰਬਰ-4, ਬੱਲੂਆਣਾ, ਬੁਰਜ ਮਹਿਮਾ, ਗਹਿਰੀ ਭਾਗੀ ਅਤੇ ਤੁੰਗਵਾਲੀ ਵਿਖੇ ਵੀ ਧਮਾਕੇ ਹੋਏ ਪ੍ਰੰਤੂ ਹਵਾ ਵਿੱਚ ਹੀ ਡਿਫਿਊਜ਼ ਕੀਤੀਆਂ ਇਹ ਮਿਜ਼ਾਈਲਾਂ, ਡਰੋਨ ਅਤੇ ਉਨ੍ਹਾਂ ਦੇ ਟੁਕੜੇ ਜ਼ਰੂਰ ਖੇਤਾਂ ਵਿੱਚ ਡਿੱਗੇ। ਵੱਖ ਵੱਖ ਥਾਵਾਂ ’ਤੇ ਡੀ ਐਸ ਪੀ ਅਤੇ ਐਸ ਪੀ ਰੈਂਕ ਦੇ ਅਧਿਕਾਰੀ ਪੁਲਸ ਪਾਰਟੀ ਨਾਲ ਪਹੁੰਚੇ ਅਤੇ ਡਿਫਿਊਜ਼ ਹੋਈਆਂ ਡਿੱਗੀਆਂ ਮਿਜ਼ਾਈਲਾਂ ਅਤੇ ਉਨ੍ਹਾਂ ਦੇ ਟੁਕੜਿਆਂ ਨੂੰ ਫੌਜੀ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਕਬਜ਼ੇ ਵਿੱਚ ਲਿਆ ਗਿਆ।ਰਾਤ ਕਰੀਬ 11 ਵਜੇ ਬਸਤੀ ਨੰਬਰ ਚਾਰ ਬੀੜ ਤਲਾਬ ਵਿਖੇ ਵੱਡਾ ਬਲਾਸਟ ਹੋਇਆ, ਜਿਸ ਕਰਕੇ ਕਰੀਬ ਪੰਜ ਕਿਲੋਮੀਟਰ ਦੇ ਏਰੀਏ ਵਿੱਚ ਦਹਿਸ਼ਤ ਬਣਦੀ ਹੋਈ ਨਜ਼ਰ ਆਈ ਅਤੇ ਲੋਕ ਘਰਾਂ ਵਿੱਚੋਂ ਬਾਹਰ ਨਿਕਲ ਆਏ, ਕਿਉਕਿ ਦਰਵਜੇ ਅਤੇ ਖਿੜਕੀਆਂ ਵੀ ਕੰਬ ਗਈਆਂ।ਮਿਜ਼ਾਈਲ ਦਾ ਵੱਡਾ ਟੁਕੜਾ ਦੇਖਿਆ ਗਿਆ। ਇਸੇ ਤਰ੍ਹਾਂ ਪਿੰਡ ਤੁੰਗਵਾਲੀ ਵਿਖੇ ਵੀ ਵੱਡਾ ਬਲਾਸਟ ਹੋਇਆ ਅਤੇ ਮਿਜ਼ਾਈਲ ਦਾ ਵੱਡਾ ਟੁਕੜਾ ਇੱਕ ਘਰ ਵਿੱਚ ਡਿੱਗਿਆ ਜਿਸ ਕਰਕੇ ਘਰ ਦੀਆਂ ਖਿੜਕੀਆਂ, ਸ਼ੀਸ਼ੇ, ਦਰਵਾਜ਼ੇ ਟੁੱਟ ਗਏ ਅਤੇ ਟਰਾਲੀ ਵਿੱਚ ਵੀ ਸ਼ਰਲੇ ਆਰ ਪਾਰ ਨਿਕਲ ਕੇ ਵੱਡੇ ਮਘੋਰੇ ਹੋ ਗਏ। ਘਰ ਦਾ ਭਾਰੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ।ਇਸੇ ਤਰ੍ਹਾਂ ਪਿੰਡ ਗਹਿਰੀ ਭਾਗੀ ਦੇ ਸਰਪੰਚ ਜੋਗਿੰਦਰ ਸਿੰਘ ਦੇ ਖੇਤ ਵਿੱਚ ਵੀ ਮਿਜ਼ਾਈਲ ਦਾ ਵੱਡਾ ਟੁਕੜਾ ਡਿੱਗਿਆ। ਬੱਲੂਆਣਾ ਵਿਖੇ ਵੀ ਇਸੇ ਤਰ੍ਹਾਂ ਮਿਜ਼ਾਈਲ ਦਾ ਟੁਕੜਾ ਡਿਗ ਗਿਆ। ਬੁਰਜ ਮਹਿਮਾ ਵਿੱਚ ਵੀ ਕਈ ਟੁਕੜੇ ਡਿੱਗੇ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਹੱਥਾਂ ਵਿੱਚ ਵੀ ਫੜ ਕੇ ਦੇਖਿਆ। ਪੁਲਸ ਪ੍ਰਸ਼ਾਸਨ ਨੇ ਮੌਕੇ ’ਤੇ ਇਸ ਤਰ੍ਹਾਂ ਦੀ ਕਿਸੇ ਵੀ ਕਾਰਵਾਈ ਨੂੰ ਅੰਜਾਮ ਦੇਣ ਤੋਂ ਲੋਕਾਂ ਨੂੰ ਵਰਜਿਆ ਤੇ ਕਿਹਾ ਕਿ ਜੇਕਰ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਵਸਤੂ ਡਿੱਗਦੀ ਹੈ ਤਾਂ ਉਸ ਦੇ ਨੇੜੇ ਨਾ ਜਾਓ। ਭਾਰਤੀ ਸੈਨਿਕਾਂ ਨੇ ਆਪਣੀ ਬਹਾਦਰੀ ਨਾਲ ਉਨਾਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਡਿਸਫਿਊਜ਼ ਕਰ ਦਿੱਤਾ, ਜਿਸ ਕਰਕੇ ਭਾਰਤ ਦਾ ਕਿਸੇ ਵੀ ਤਰ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੋਇਆ।

ਬਠਿੰਡਾ ਦੇ ਪਿੰਡਾਂ ’ਚ ਡਿੱਗੇ ਮਿਜ਼ਾਈਲਾਂ ਤੇ ਡਰੋਨਾਂ ਦੇ ਟੁਕੜੇ Read More »