ਪਾਕਿਸਤਾਨ ਵਿਰੁੱਧ ਇਕਜੁੱਟ ਰਹੋ
ਪਾਕਿਸਤਾਨ ਪੋਸ਼ਿਤ ਅੱਤਵਾਦ ਵਿਰੁੱਧ ਆਪ੍ਰੇਸ਼ਨ ਸਿੰਧੂਰ ਵਰਗੇ ਅਦੁੱਤੀ ਬਹਾਦਰੀ ਦੇ ਮੁਜ਼ਾਹਰੇ ਨੇ ਇਕੱਠਿਆਂ ਹੀ ਕਈ ਗੱਲਾਂ ਪ੍ਰਮਾਣਿਤ ਕਰ ਦਿੱਤੀਆਂ ਹਨ। ਇਨ੍ਹਾਂ ਵਿਚ ਸਭ ਤੋਂ ਪ੍ਰਮੁੱਖ ਇਹ ਹੈ ਕਿ ਸਿਆਸੀ ਲੀਡਰਸ਼ਿਪ ਕੋਲ ਦਿਸ਼ਾ, ਸੰਕਲਪ ਤੇ ਸਾਹਸ ਹੋਵੇ ਤਾਂ ਵੱਡੀ ਤੋਂ ਵੱਡੀ ਜੋਖ਼ਮ ਭਰੀ ਕਾਰਵਾਈ ਕਰ ਕੇ ਦੇਸ਼ ਨੂੰ ਸੁਰੱਖਿਅਤ ਕਰ ਸਕਦੀ ਹੈ। ਪਹਿਲਗਾਮ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਅੱਤਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਮਿੱਟੀ ਵਿਚ ਮਿਲਾਉਣ ਦਾ ਵਕਤ ਆ ਗਿਆ ਹੈ ਤੇ ਇਸ ਦੀ ਤਿਆਰੀ ਦੇ ਸੰਕੇਤ ਵੀ ਦੇ ਦਿੱਤੇ ਸਨ। ਇਹ ਤਿਆਰੀ ਰੰਗ ਲਿਆਈ। ਅੱਤਵਾਦੀਆਂ ਦੇ ਅੱਡੇ ਮਲੀਆਮੇਟ ਹੋ ਗਏ। ਗਜਵਾ-ਏ-ਹਿੰਦ ਦੀ ਸਨਕ ਤੋਂ ਗ੍ਰਸਤ ਜੈਸ਼ ਦਾ ਸਰਗਨਾ ਮੌਲਾਨਾ ਮਸੂਦ ਅਜ਼ਹਰ ਰੋਂਦਾ ਹੋਇਆ ਬੋਲਿਆ ਕਿ ਮੈਂ ਕਿਉਂ ਜਿਊਂਦਾ ਬਚ ਗਿਆ? ਬੇਸ਼ੱਕ ਇਹ ਦੇਸ਼ ਲਈ ਯੁਗਾਂ ਤੱਕ ਚੇਤੇ ਰੱਖਿਆ ਜਾਣਾ ਵਾਲਾ ਪਲ ਹੈ ਪਰ ਕੀ ਦੇਸ਼ ਦੇ ਆਮ ਲੋਕਾਂ ਦੀ ਇਸ ਦੇ ਲਈ ਮਾਨਸਿਕ ਤਿਆਰੀ ਹੈ ਕਿ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਜੋ ਕੀਮਤ ਤਾਰਨੀ ਪਵੇ, ਅਸੀਂ ਤਾਰਾਂਗੇ? ਜੇ ਪਾਕਿਸਤਾਨ ਮੋੜਵੀਂ ਕਾਰਵਾਈ ਕਰਦਾ ਹੈ ਅਤੇ ਫ਼ੌਜੀ ਟਕਰਾਅ ਲੰਬਾ ਖਿੱਚਦਾ ਹੈ ਅਤੇ ਸਾਨੂੰ ਵੀ ਕੁਝ ਨੁਕਸਾਨ ਸਹਿਣਾ ਪੈਂਦਾ ਹੈ ਤਾਂਦੇਸ਼ ਨੂੰ ਇਸੇ ਤਰ੍ਹਾਂ ਦੀ ਸਿਆਸੀ ਲੀਡਰਸ਼ਿਪ ਦੇ ਸੰਕਲਪ ਨਾਲ ਖੜ੍ਹੇ ਰਹਿਣਾ ਹੋਵੇਗਾ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਕੁਝ ਲੋਕ ਸਫਲਤਾ ਦੀ ਸਥਿਤੀ ਵਿਚ ਬਹੁਤ ਖ਼ੁਸ਼ ਅਤੇ ਥੋੜ੍ਹੀ ਜਿਹੀ ਔਖ ਆਉਣ ’ਤੇ ਬਹੁਤ ਵਿਰੋਧ ਕਰਦੇ ਹਨ। ਅੱਜ ਕਿਸੇ ਕੋਲ ਸਰਜੀਕਲ ਸਟ੍ਰਾਈਕ ਜਾਂ ਏਅਰ ਸਟ੍ਰਾਈਕ ਦੀ ਤਰ੍ਹਾਂ ਆਪ੍ਰੇਸ਼ਨ ਸਿੰਧੂਰ ’ਤੇ ਸਵਾਲ ਚੁੱਕਣ ਦਾ ਕੋਈ ਆਧਾਰ ਨਹੀਂ ਹੈ ਕਿਉਂਕਿ ਪਾਕਿਸਤਾਨ ਖ਼ੁਦ ਕਹਿ ਰਿਹਾ ਹੈ ਕਿ ਭਾਰਤ ਨੇ ਉਸ ਦੇ ਇੱਥੇ ਮਿਜ਼ਾਈਲਾਂ ਅਤੇ ਡ੍ਰੋਨ ਦਾਗ਼ੇ। ਅੱਤਵਾਦੀ ਟਿਕਾਣਿਆਂ ਦੇ ਨਸ਼ਟ ਹੋਣ ਦੇ ਵੀਡੀਓ ਅਤੇ ਤਸਵੀਰਾਂ ਪਾਕਿਸਤਾਨ ਤੋਂ ਹੀ ਆ ਰਹੀਆਂ ਹਨ। ਜੇ ਅਜਿਹਾ ਨਾ ਹੁੰਦਾ ਤਾਂ ਸ਼ਾਇਦ ਇਸ ਸਮੇਂ ਸਰਕਾਰ ਦੇ ਨਾਲ ਖੜ੍ਹੇ ਵਿਰੋਧੀ ਧਿਰ ਦੇ ਨੇਤਾ ਫ਼ੌਜ ਤੇ ਦੇਸ਼ ਦਾ ਮਨੋਬਲ ਤੋੜਨ ਲਈ ਤਰ੍ਹਾਂ-ਤਰ੍ਹਾਂ ਦੇ ਪ੍ਰਤੀਕਰਮ ਦੇ ਰਹੇ ਹੁੰਦੇ। ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਰਾਜਨੀਤੀ ਤੋਂ ਲੈ ਕੇ ਸਮਾਜ ਦੇ ਪੱਧਰ ’ਤੇ ਜੋ ਹਾਂ-ਪੱਖੀ ਮਾਹੌਲ ਬਣਿਆ, ਉਸ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਹਾਲੇ ਇਹ ਮੰਨਣਾ ਸਹੀ ਨਹੀਂ ਹੋਵੇਗਾ ਕਿ ਪਾਕਿਸਤਾਨ ਸੁਧਰ ਜਾਵੇਗਾ। ਜਨਰਲ ਆਸਿਮ ਮੁਨੀਰ ਨੇ ਮਜ਼ਹਬ, ਕਲਮਾ ਅਤੇ ਜਹਾਦ ਨੂੰ ਪਾਕਿਸਤਾਨ ਦੀ ਵਿਚਾਰਧਾਰਾ ਦੱਸਿਆ ਤਾਂ ਇਹ ਇਕੱਲਾ ਉਨ੍ਹਾਂ ਦਾ ਵਿਚਾਰ ਨਹੀਂ ਹੈ।
ਪਾਕਿਸਤਾਨ ਵਿਰੁੱਧ ਇਕਜੁੱਟ ਰਹੋ Read More »