April 12, 2025

ਕੀ MS ਧੋਨੀ ਸੰਨਿਆਸ ਲੈਣ ਜਾ ਰਹੇ ਹਨ? ਸਾਬਕਾ ਕ੍ਰਿਕਟਰ ਨੇ ਚੁੱਕੇ ਸਵਾਲ

ਨਵੀਂ ਦਿੱਲੀ, 12 ਅਪ੍ਰੈਲ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਮੁਹੰਮਦ ਕੈਫ ਨੇ ਆਪਣੇ ਐਕਸ ‘ਤੇ ਇੱਕ ਪੋਸਟ ਸ਼ੇਅਰ ਕਰਕੇ ਹਲਚਲ ਮਚਾ ਦਿੱਤੀ ਹੈ। ਉਸਨੇ ਕੇਕੇਆਰ ਦੇ ਹੱਥੋਂ ਸੀਐਸਕੇ ਦੀ ਕਰਾਰੀ ਹਾਰ ਤੋਂ ਬਾਅਦ ਕੁਝ ਸਵਾਲ ਖੜੇ ਕੀਤੇ ਅਤੇ ਇਸਨੂੰ x ‘ਤੇ ਪੋਸਟ ਕੀਤਾ। ਇਸ ਪੋਸਟ ‘ਚ ਉਨ੍ਹਾਂ ਨੇ ਪੁੱਛਿਆ ਕਿ ਕੀ ਇਹ ਧੋਨੀ ਦਾ ਆਖਰੀ ਸੀਜ਼ਨ ਹੈ? ਉਨ੍ਹਾਂ ਦੀ ਪੋਸਟ ਨੇ ਮਾਹੀ ਦੇ ਸੰਨਿਆਸ ਨੂੰ ਲੈ ਕੇ ਵੱਡਾ ਸੰਕੇਤ ਦਿੱਤਾ ਹੈ। ਮੌਜੂਦਾ ਸੀਜ਼ਨ ਵਿੱਚ, CSK ਟੀਮ (CSK IPL 2025) ਲਗਾਤਾਰ ਪੰਜ ਮੈਚ ਹਾਰ ਚੁੱਕੀ ਹੈ। ਚੇਨਈ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਸੀਐਸਕੇ ਕੇਕੇਆਰ ਤੋਂ 8 ਵਿਕਟਾਂ ਨਾਲ ਹਾਰ ਗਈ। 2023 ਦੇ ਸੀਜ਼ਨ ਤੋਂ ਬਾਅਦ ਇਹ ਪਹਿਲਾ ਮੈਚ ਸੀ ਜਿਸ ਵਿੱਚ ਧੋਨੀ ਨੇ CSK ਦੀ ਕਪਤਾਨੀ ਕੀਤੀ ਸੀ, ਕਿਉਂਕਿ ਰਿਤੂਰਾਜ ਗਾਇਕਵਾੜ ਆਪਣੀ ਕੂਹਣੀ ਵਿੱਚ ਫ੍ਰੈਕਚਰ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਿਆ ਸੀ। ਮੁਹੰਮਦ ਕੈਫ ਨੇ ਮਹਿੰਦਰ ਸਿੰਘ ਧੋਨੀ ‘ਤੇ ਸਵਾਲ ਉਠਾਏ ਹਨ ਦਰਅਸਲ, ਮੁਹੰਮਦ ਕੈਫ ਨੇ ਆਪਣੇ ਸਾਬਕਾ ‘ਤੇ ਸਵਾਲ ਖੜ੍ਹੇ ਕਰਦੇ ਹੋਏ ਲਿਖਿਆ, ਕੀ ਇਹ ਧੋਨੀ ਦਾ ਆਖਰੀ ਸੀਜ਼ਨ ਹੈ? ਜਿਸ ਤਰ੍ਹਾਂ CSK ਦਾ ਸੀਜ਼ਨ ਚੱਲ ਰਿਹਾ ਹੈ, ਕੀ ਇਹ ਬਦਲਾਅ ਦਾ ਸਹੀ ਸਮਾਂ ਹੈ? ਆਖਰੀ ਸਵਾਲ: ਜਦੋਂ ਵਿਰੋਧੀ ਕੋਲ ਨਰਾਇਣ ਅਤੇ ਵਰੁਣ ਵਰਗੇ ਸਪਿਨਰ ਹਨ ਤਾਂ ਘਰ ਵਿੱਚ ਹੌਲੀ ਪਿੱਚ ਕਿਉਂ ਦਿੱਤੀ ਜਾਵੇ? ਦੱਸ ਦੇਈਏ ਕਿ ਮੁਹੰਮਦ ਕੈਫ ਦੇ ਇਸ ਪੋਸਟ ਤੋਂ ਬਾਅਦ ਐੱਮਐੱਸ ਧੋਨੀ ਦੇ ਸੰਨਿਆਸ ਨੂੰ ਲੈ ਕੇ ਅਟਕਲਾਂ ਫਿਰ ਤੋਂ ਤੇਜ਼ ਹੋਣ ਲੱਗੀਆਂ ਹਨ। CSK ਟੀਮ ਦੀ IPL 2025 ਵਿੱਚ ਲਗਾਤਾਰ ਪੰਜਵੀਂ ਹਾਰ ਹੈ ਕੇਕੇਆਰ ਦੇ ਖਿਲਾਫ ਮੈਚ ਵਿੱਚ ਐਮਐਸ ਧੋਨੀ ਦੀ ਕਪਤਾਨੀ ਦੇ ਬਾਵਜੂਦ, ਕੋਈ ਵੀ ਸੀਐਸਕੇ ਨੂੰ ਹਾਰ ਤੋਂ ਨਹੀਂ ਬਚਾ ਸਕਿਆ। ਕੇਕੇਆਰ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੀਐਸਕੇ ਨੇ 9 ਵਿਕਟਾਂ ਦੇ ਨੁਕਸਾਨ ‘ਤੇ 103 ਦੌੜਾਂ ਬਣਾਈਆਂ। ਜਵਾਬ ‘ਚ ਕੇਕੇਆਰ ਨੇ 10.1 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਕੇਕੇਆਰ ਲਈ ਸੁਨੀਲ ਨਰੇਲ ਨੇ 13 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ 18 ਗੇਂਦਾਂ ‘ਤੇ 44 ਦੌੜਾਂ ਦੀ ਤੇਜ਼ ਪਾਰੀ ਖੇਡੀ।

ਕੀ MS ਧੋਨੀ ਸੰਨਿਆਸ ਲੈਣ ਜਾ ਰਹੇ ਹਨ? ਸਾਬਕਾ ਕ੍ਰਿਕਟਰ ਨੇ ਚੁੱਕੇ ਸਵਾਲ Read More »

ਕੋਲਕਾਤਾ ਨਾਈਟ ਰਾਈਡਰਜ਼ ਨੇ ਚੇਨੱਈ ਸੁਪਰ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾਇਆ

ਚੇਨੱਈ, 11 ਅਪ੍ਰੈਲ – ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿਚ ਸੁਨੀਲ ਨਰਾਇਣ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਮੇਜ਼ਬਾਨ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਨਰਾਇਣ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਤਿੰਨ ਵਿਕਟ ਲਈਆਂ ਤੇ ਮਗਰੋਂ ਬੱਲੇਬਾਜ਼ੀ ਦੌਰਾਨ 18 ਗੇਂਦਾਂ ’ਤੇ 44 ਅਹਿਮ ਦੌੜਾਂ ਬਣਾਈਆਂ। ਕੋਲਕਾਤਾ ਦੀ ਟੀਮ ਨੇ ਚੇਨੱਈ ਵੱਲੋਂ ਜਿੱਤ ਲਈ ਦਿੱਤੇ 104 ਦੌੜਾਂ ਦੇ ਟੀਚੇ ਨੂੰ 10.1 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ ਨਾਲ 107 ਦੌੜਾਂ ਬਣਾ ਕੇ ਪੂਰਾ ਕਰ ਲਿਆ। ਨਰਾਇਣ ਨੇ  44 ਦੌੜਾਂ ਦੀ ਪਾਰੀ ਵਿਚ 2 ਚੌਕੇ ਤੇ 5 ਛੱਕੇ ਜੜੇ। ਕੁਇੰਟਨ ਡੀਕਾਕ ਨੇ 23, ਕਪਤਾਨ ਅਜਿੰਨਕਿਆ ਰਹਾਣੇ ਨੇ ਨਾਬਾਦ 20 ਤੇ ਰਿੰਕੂ ਸਿੰਘ ਨੇ ਨਾਬਾਦ 15 ਦੌੜਾਂ ਬਣਾਈਆਂ। ਚੇਨਈ ਲਈ ਅੰਸ਼ੁਲ ਕੰਬੋਜ ਤੇ ਨੂਰ ਅਹਿਮਦ ਨੇ ਇਕ ਇਕ ਵਿਕਟ ਲਈ। ਇਸ ਤੋਂ ਪਹਿਲਾਂ ਮੇਜ਼ਬਾਨ ਚੇਨੱਈ ਸੁਪਰ ਕਿੰਗਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ਼ 9 ਵਿਕਟਾਂ ਦੇ ਨੁਕਸਾਨ ਨਾਲ 103 ਦੌੜਾਂ ਹੀ ਬਣਾ ਸਕੀ। ਚੇਨੱਈ ਦੀ ਟੀਮ ਦਾ ਆਪਣੇ ਘਰੇਲੂ ਮੈਦਾਨ ਚੇਪਕ ਉੱਤੇ ਇਹ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। ਆਈਪੀਐੱਲ ਵਿਚ ਸੀਐੱਸਕੇ ਦਾ ਇਹ ਤੀਜਾ ਸਭ ਤੋਂ ਘੱਟ ਸਕੋਰ ਹੈ ਤੇ ਮੌਜੂਦਾ ਸੀਜ਼ਨ ਵਿਚ ਕਿਸੇ ਟੀਮ ਦਾ ਸਭ ਤੋਂ ਹੇਠਲਾ ਸਕੋਰ ਹੈ। ਕੋਲਕਾਤਾ ਲਈ ਸਪਿੰਨਰ ਸੁਨੀਲ ਨਰਾਇਣ ਨੇ 13 ਦੌੜਾਂ ਬਦਲੇ ਤਿੰਨ ਵਿਕਟ ਲਏ। ਹਰਸ਼ਿਤ ਰਾਣਾ ਤੇ ਵਰੁਣ ਚੱਕਰਵਰਤੀ ਨੇ ਦੋ ਦੋ ਵਿਕਟਾਂ ਲਈਆਂ। ਚੇਨੱਈ ਦੀ ਟੀਮ ਆਪਣੀ ਪੂਰੀ ਪਾਰੀ ਦੌਰਾਨ ਸਿਰਫ਼ ਨੌਂ ਬਾਊਂਡਰੀਜ਼ (ਚੌਕੇ ਜਾਂ ਛੱਕੇ) ਹੀ ਲਗਾ ਸਕੀ। ਸ਼ਿਵਮ ਦੂੁਬੇ ਨਾਬਾਦ 31 ਦੌੜਾਂ (29 ਗੇਂਦਾਂ ’ਤੇ) ਨਾਲ ਟੌਪ ਸਕੋਰਰ ਰਿਹਾ। ਵਿਜੈ ਸ਼ੰਕਰ ਨੇ 29 ਦੌੜਾਂ ਦਾ ਯੋਗਦਾਨ ਪਾਇਆ। ਸੀਐੱਸਕੇ ਦੇ ਚਾਰ ਬੱਲੇਬਾਜ਼ ਹੀ ਦੋਹਰੇ ਅੰਕੜੇ ਵਿਚ ਦੌੜਾਂ ਬਣਾ ਸਕੇ। ਟੀਮ ਦਾ ਕਪਤਾਨ ਰੁਤੂਰਾਜ ਗਾਇਕਵਾੜ ਸੱਟ ਲੱਗਣ ਕਰਕੇ ਆਈਪੀਐੱਲ ਦੇ ਬਾਕੀ ਬਚਦੇ ਮੈਚਾਂ ਲਈ ਟੀਮ ’ਚੋਂ ਬਾਹਰ ਹੋ ਗਿਆ। ਨੌਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਇਆ ਮਹਿੰਦਰ ਸਿੰਘ ਧੋਨੀ ਚਾਰ ਗੇਂਦਾਂ ’ਤੇ ਇਕ ਦੌੜ ਹੀ ਬਣਾ ਸਕਿਆ ਤੇ 16ਵੇਂ ਓਵਰ ਵਿਚ ਆਊਟ ਹੋਇਆ।

ਕੋਲਕਾਤਾ ਨਾਈਟ ਰਾਈਡਰਜ਼ ਨੇ ਚੇਨੱਈ ਸੁਪਰ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾਇਆ Read More »

ਤੇਜ਼ ਹਵਾਵਾਂ ਚੱਲਣ ਕਾਰਨ ਦਿੱਲੀ ਹਵਾਈ ਅੱਡੇ ’ਤੇ 200 ਤੋਂ ਵੱਧ ਹਵਾਈ ਉਡਾਣਾਂ ਹੋਈਆਂ ਪ੍ਰਭਾਵਿਤ

ਨਵੀਂ ਦਿੱਲੀ, 12 ਅਪ੍ਰੈਲ – ਇਥੋਂ ਦੇ ਹਵਾਈ ਅੱਡੇ ’ਤੇ ਤੇਜ਼ ਹਵਾਵਾਂ ਚੱਲਣ ਕਾਰਨ ਲਗਪਗ ਦੋ ਸੌ ਦੇ ਕਰੀਬ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਜਦਕਿ ਚਾਲੀ ਤੋਂ ਵੱਧ ਦੇ ਰੂਟ ਬਦਲੇ ਗਏ ਹਨ ਤੇ ਉਨ੍ਹਾਂ ਨੂੰ ਨੇੜਲੇ ਹਵਾਈ ਅੱਡਿਆਂ ’ਤੇ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਨੂੰ ਹਨੇਰੀ ਆਈ ਤੇ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਤੇ ਇਹ ਵਰਤਾਰਾ ਅੱਜ ਸਵੇਰ ਸੱਤ ਵਜੇ ਤਕ ਚਲਦਾ ਰਿਹਾ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਤੇਜ਼ ਹਵਾਵਾਂ ਚੱਲਣ ਕਾਰਨ ਦਿੱਲੀ ਹਵਾਈ ਅੱਡੇ ’ਤੇ 200 ਤੋਂ ਵੱਧ ਹਵਾਈ ਉਡਾਣਾਂ ਹੋਈਆਂ ਪ੍ਰਭਾਵਿਤ Read More »

ਰਾਸ਼ਟਰਪਤੀ ਲਈ ਵੀ ਸਮਾਂ ਸੀਮਾ ਕੀਤੀ ਤੈਅ

ਨਵੀ ਦਿੱਲੀ, 12 ਅਪ੍ਰੈਲ – ਸੁਪਰੀਮ ਕੋਰਟ ਨੇ ਇਤਿਹਾਸਕ ਫ਼ੈਸਲੇ ਸੁਣਾਉਂਦੇ ਹੋਏ ਦੇਸ਼ ਦੇ ਰਾਸ਼ਟਰਪਤੀ ਲਈ ਵੀ ਸਮਾਂ ਸੀਮਾ ਨਿਰਧਾਰਤ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਰਾਜਪਾਲ ਵੱਲੋਂ ਭੇਜੇ ਗਏ ਬਿਲ ’ਤੇ 3 ਮਹੀਨਿਆਂ ਦੇ ਅੰਦਰ ਫ਼ੈਸਲਾ ਲੈਣਾ ਹੋਵੇਗਾ। ਦਰਅਸਲ, 8 ਅਪ੍ਰੈਲ ਨੂੰ ਸੁਪਰੀਮ ਕੋਰਟ ਨੇ ਤਾਮਿਲਨਾਡੂ ਸਰਕਾਰ ਅਤੇ ਰਾਜਪਾਲ ਦੇ ਮਾਮਲੇ ਵਿੱਚ ਇੱਕ ਇਤਿਹਾਸਕ ਫ਼ੈਸਲਾ ਲਿਆ ਸੀ। ਅਦਾਲਤ ਨੇ ਕਿਹਾ ਸੀ ਕਿ ਰਾਜਪਾਲ ਨੂੰ ਵਿਧਾਨ ਸਭਾ ਵੱਲੋਂ ਭੇਜੇ ਗਏ ਬਿੱਲ ’ਤੇ ਇੱਕ ਮਹੀਨੇ ਦੇ ਅੰਦਰ ਫ਼ੈਸਲਾ ਲੈਣਾ ਹੋਵੇਗਾ। ਇਸ ਫ਼ੈਸਲੇ ਦੌਰਾਨ, ਅਦਾਲਤ ਨੇ ਰਾਜਪਾਲਾਂ ਦੁਆਰਾ ਰਾਸ਼ਟਰਪਤੀ ਨੂੰ ਭੇਜੇ ਗਏ ਬਿਲ ’ਤੇ ਸਥਿਤੀ ਸਪੱਸ਼ਟ ਕੀਤੀ। ਇਹ ਹੁਕਮ 11 ਅਪ੍ਰੈਲ ਨੂੰ ਜਨਤਕ ਕੀਤਾ ਗਿਆ। ਸ਼ੁਕਰਵਾਰ ਰਾਤ ਨੂੰ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਆਦੇਸ਼ ਵਿੱਚ, ਸੁਪਰੀਮ ਕੋਰਟ ਨੇ ਸੰਵਿਧਾਨ ਦੀ ਧਾਰਾ 201 ਦਾ ਹਵਾਲਾ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਰਾਜਪਾਲ ਅਤੇ ਰਾਸ਼ਟਰਪਤੀ ਦੋਵਾਂ ਲਈ ਰਾਜ ਵਿਧਾਨ ਸਭਾਵਾਂ ਦੁਆਰਾ ਪਾਸ ਕੀਤੇ ਬਿਲਾਂ ’ਤੇ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਫ਼ੈਸਲਾ ਲੈਣ ਲਾਜ਼ਮੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸੰਵਿਧਾਨ ਕਿਸੇ ਨੂੰ ਵੀ ਅਸੀਮਤ ਵੀਟੋ ਸ਼ਕਤੀ ਨਹੀਂ ਦਿੰਦਾ ਹੈ ਅਤੇ ਜੇਕਰ ਰਾਸ਼ਟਰਪਤੀ ਜਾਂ ਰਾਜਪਾਲ ਜਾਣਬੁੱਝ ਕੇ ਬਿਲਾਂ ’ਤੇ ਫ਼ੈਸਲੇ ਨਹੀਂ ਲੈਂਦੇ ਹਨ ਤਾਂ ਉਨ੍ਹਾਂ ਦੀ ਅਕਿਰਿਆਸ਼ੀਲਤਾ ਨੂੰ ਨਿਆਂਇਕ ਜਾਂਚ ਦੇ ਘੇਰੇ ’ਚ ਲਿਆਂਦਾ ਜਾ ਸਕਦਾ ਹੈ। ਜਸਟਿਸ ਜੇਬੀ ਪਾਰਦੀਵਾਲਾ ਅਤੇ ਮਹਾਦੇਵਨ ਦੇ ਬੈਂਚ ਨੇ ਕਿਹਾ ਕਿ ਜੇਕਰ ਰਾਜਪਾਲ ਵੱਲੋਂ ਕੋਈ ਬਿਲ ਧਾਰਾ 201 ਦੇ ਤਹਿਤ ਰਾਸ਼ਟਰਪਤੀ ਨੂੰ ਵਿਚਾਰ ਲਈ ਭੇਜਿਆ ਜਾਂਦਾ ਹੈ, ਤਾਂ ਰਾਸ਼ਟਰਪਤੀ ਨੂੰ ਵੱਧ ਤੋਂ ਵੱਧ ਤਿੰਨ ਮਹੀਨਿਆਂ ਦੇ ਅੰਦਰ ਇਸ ’ਤੇ ਫ਼ੈਸਲਾ ਲੈਣਾ ਹੋਵੇਗਾ। ਜੇਕਰ ਦੇਰੀ ਹੁੰਦੀ ਹੈ, ਤਾਂ ਰਾਸ਼ਟਰਪਤੀ ਲਈ ਇਸਦਾ ਕਾਰਨ ਦੱਸਣਾ ਅਤੇ ਰਾਜ ਸਰਕਾਰ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ। ਇਸੇ ਤਰ੍ਹਾਂ, ਧਾਰਾ 200 ਦੇ ਤਹਿਤ, ਰਾਜਪਾਲ ਵੀ ਕਿਸੇ ਵੀ ਬਿੱਲ ਨੂੰ ਅਣਮਿੱਥੇ ਸਮੇਂ ਲਈ ਲਟਕਾਇਆ ਨਹੀਂ ਰੱਖ ਸਕਦਾ। ਅਦਾਲਤ ਨੇ ਕਿਹਾ ਕਿ ਰਾਜਪਾਲ ਦਾ ਫਰਜ਼ ਹੈ ਕਿ ਉਹ ਬਿਲਾਂ ’ਤੇ ਸਮੇਂ ਸਿਰ ਫ਼ੈਸਲੇ ਲੈਣ ਅਤੇ ਵਿਧਾਨ ਸਭਾ ਦੇ ਕੰਮਕਾਜ ਵਿੱਚ ਰੁਕਾਵਟ ਨਾ ਪਾਉਣ। ਫ਼ੈਸਲੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਰਾਸ਼ਟਰਪਤੀ ਤਿੰਨ ਮਹੀਨਿਆਂ ਦੀ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਕੋਈ ਫ਼ੈਸਲਾ ਨਹੀਂ ਲੈਂਦੇ ਹਨ, ਤਾਂ ਰਾਜ ਸਰਕਾਰ ਰਾਸ਼ਟਰਪਤੀ ਨੂੰ ਫ਼ੈਸਲਾ ਲੈਣ ਲਈ ਮਜਬੂਰ ਕਰਨ ਲਈ ਸੁਪਰੀਮ ਕੋਰਟ ’ਚ ਇੱਕ ਰਿੱਟ ਪਟੀਸ਼ਨ ਦਾਇਰ ਕਰ ਸਕਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਬਿੱਲ ਗੰਭੀਰ ਸੰਵਿਧਾਨਕ ਇਤਰਾਜ਼ਾਂ ਦੇ ਅਧੀਨ ਹੈ, ਤਾਂ ਰਾਸ਼ਟਰਪਤੀ ਨੂੰ ਧਾਰਾ 143 ਦੇ ਤਹਿਤ ਸੁਪਰੀਮ ਕੋਰਟ ਨਾਲ ਸਲਾਹ-ਮਸ਼ਵਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਕਦਮ ਨੂੰ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਦੀ ਰੱਖਿਆ ਲਈ ਜ਼ਰੂਰੀ ਦੱਸਿਆ ਗਿਆ ਹੈ।

ਰਾਸ਼ਟਰਪਤੀ ਲਈ ਵੀ ਸਮਾਂ ਸੀਮਾ ਕੀਤੀ ਤੈਅ Read More »

ਕੌਲ ਦੇ ਹਮੇਸ਼ਾਂ ਪੱਕੇ ਰਹੋ/ਅਜੀਤ ਖੰਨਾ

ਕੌਲ ਜਾਂ ਇਕਰਾਰ,ਦੋਹਾਂ ਸ਼ਬਦਾਂ ਦਾ ਅਰਥ ਇੱਕੋ ਹੈ,ਵਾਅਦਾ।ਜੋ ਤੁਸੀਂ ਕਿਸੇ ਨਾਲ ਕਰਦੇ ਹੋ ਜਾਂ ਤੁਹਾਡੇ ਨਾਲ ਕੋਈ ਕਰਦਾ ਹੈ।ਲੋਕ ਭਾਸ਼ਾ ਚ ਇਸ ਨੂੰ ਜੁਬਾਨ ਵੀ ਕਹਿੰਦੇ ਹਨ।ਭਾਵ ਜੋ ਤੁਸੀਂ ਕਿਸੇ ਨੂੰ ਜ਼ੁਬਾਨ ਦਿੰਦੇ ਹੋ ਉਸ ਨੂੰ ਪੂਰਾ ਕਰੋ।ਕਿਉਂਕਿ ਜ਼ੁਬਾਨ ਤੋਂ ਨਿਕਲੇ ਬੋਲਾਂ ਦਾ ਮੁੱਲ ਹੁੰਦਾ ਹੈ।ਇਸ ਵਾਸਤੇ ਜੇ ਤੁਸੀਂ ਕਿਸੇ ਨਾਲ ਜ਼ੁਬਾਨ ਕਰਦੇ ਹੋ,ਉਸ ਨੂੰ ਹਰ ਹਾਲ ਚ ਪੁਗਾਉ।ਜੇ ਮੁੱਕਰੋਗੇ ਤਾਂ ਬੇ ਜ਼ੁਬਾਨੇ ਅਖਵਾਉਗੇ।ਪੁਰਾਣੇ ਸਮਿਆਂ ਚ ਲੋਕ ਜ਼ੁਬਾਨ ਦੇ ਬੜੇ ਪੱਕੇ ਹੁੰਦੇ ਸਨ।ਜੋ ਕਹਿ ਤਾ,ਸੋ ਕਹਿ ਤਾ।ਇਸ ਲਈ ਰਿਸ਼ਤੇ ਨਾਤੇ ਬਣੇ ਰਹਿੰਦੇ ਸਨ ਤੇ ਲੰਬਾ ਸਮਾਂ ਨਿਭਦੇ ਸਨ।ਵਜ੍ਹਾ ਇਹ ਕੇ ਲੋਕ ਕੌਲ ਨੂੰ ਨਿਭਾਉਂਦੇ ਸਨ। ਹਮੇਸ਼ਾਂ ਯਾਦ ਰੱਖੋ ਜ਼ੁਬਾਨ ਦੇ ਪੱਕੇ ਹੋਣ ਤੇ ਕਾਮਯਾਬੀ ਜਲਦੀ ਹਾਸਲ ਹੁੰਦੀ ਹੈ।ਜੇ ਤੁਸੀਂ ਜ਼ੁਬਾਨ ਦੇ ਪੱਕੇ ਹੋ ਤਾਂ ਲੋਕ ਤੁਹਾਡੇ ਤੇ ਭਰੋਸਾ ਕਰਨਗੇ ਜਿਸ ਦੇ ਆਸਰੇ ਤੁਸੀਂ ਲੱਖਾਂ ਕਰੋੜਾਂ ਦਾ ਵਿਉਪਾਰ ਕਰ ਸਕਦੇ ਹੋ।ਪਰ ਜੇ ਤੁਸੀਂ ਇਕਰਾਰ ਦੇ ਪੱਕੇ ਨਹੀਂ ਤਾਂ ਤੁਹਾਡੇ ਉੱਤੇ ਕੋਈ ਯਕੀਨ ਨਹੀਂ ਕਰੇਗਾ।ਚਾਹੇ ਤੁਸੀਂ ਲੱਖ ਮਿੰਨਤਾਂ ਕਰੋ। ਸਿਆਣੇ ਆਖਦੇ ਹਨ ਕਿ ਕੌਲ ਦੇ ਇੰਨੇ ਪੱਕੇ ਹੋਵੋ ਕੇ ਤੁਹਾਡੇ ਨਿੱਕੇ ਜਿੰਨੇ ਬੋਲ ਤੇ ਲੋਕ ਤੁਹਾਡੇ ਪਿੱਛੇ ਲੱਗ ਤੁਰਨ। ਜੇ ਇਕਰਾਰ ਟੁੱਟਦਾ ਹੈ ਤਾਂ ਵਿਸ਼ਵਾਸ਼ ਟੁੱਟਦਾ ਹੈ।ਇਸ ਲਈ ਜਦੋ ਵੀ ਤੁਸੀਂ ਕਿਸੇ ਨਾਲ ਕੋਈ ਇਕਰਾਰ ਕਰੋ ਤਾਂ ਸੋਚ ਸਮਝ ਕੇ ਕਰੋ।ਜੇ ਉਸ ਨੂੰ ਪੂਰਾ ਨਹੀਂ ਕਰ ਸਕਦੇ ਤਾਂ ਕਦੇ ਨਾ ਕਰੋ।ਜਿਸ ਨਾਲ ਤੁਸੀਂ ਇਕਰਾਰ ਕਰਦੇ ਹੋ ਜਾਂ ਤੁਹਾਡੇ ਨਾਲ ਕੋਈ ਇਕਰਾਰ ਕਰਦਾ ਹੈ ਤਾਂ ਇਸ ਦਾ ਮਤਲਬ ਕੇ ਤੁਸੀਂ ਇਕ ਦੂਜੇ ਤੇ ਭਰੋਸਾ ਕਰਦੇ ਹੋ।ਭਰੋਸਾ ਟੁੱਟਣ ਨਾਲ ਮਨ ਨੂੰ ਠੇਸ ਪੁੱਜਦੀ ਹੈ,ਮਨ ਉਦਾਸ ਹੁੰਦਾ ਹੈ।ਰਿਸ਼ਤਿਆਂ ਦੀ ਪਕੜ ਢਿੱਲੀ ਪੈਂਦੀ ਹੈ ਤੇ ਰਿਸ਼ਤੇ ਕਮਜ਼ੋਰ ਹੁੰਦੇ ਹਨ ਤੇ ਖ਼ਰਾਬ ਵੀ।ਪੁਰਾਣੇ ਸਮਿਆਂ ਜੇ ਕੋਈ ਕਿਸੇ ਨਾਲ ਇਕਰਾਰ ਜਾਂ ਜ਼ੁਬਾਨ ਕਰ ਲੈਂਦਾ ਸੀ ਤਾਂ ਉਸ ਨੂੰ ਪੂਰੀ ਸ਼ਿੱਦਤ ਤੇ ਦ੍ਰਿੜਤਾ ਨਾਲ ਨਿਭਾਉਂਦਾ ਸੀ।ਇਕਰਾਰ ਨੂੰ ਨਿਭਾਉਣ ਲਈ ਕਈ ਵਾਰ ਤੁਹਾਨੂੰ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ। ਉਨਾਂ ਵਕਤਾਂ ਚ ਜ਼ੁਬਾਨ ਤੋਂ ਮੁਕਰਨ ਵਾਲੇ ਨੂੰ ਬੇ ਜੁਬਾਨਾਂ ਕਿਹਾ ਜਾਂਦਾ ਸੀ।ਜਿਸ ਕਰਕੇ ਛੇਤੀ ਦੇ ਕੇ ਇਕਰਾਰ ਨਹੀਂ ਤੋੜਿਆ ਜਾਂਦਾ ਸੀ ਸਗੋਂ ਪੂਰਾ ਕੀਤਾ ਜਾਂਦਾ ਸੀ ਤੇ ਕੋਈ ਟਾਂਵਾਂ ਵਿਅਕਤੀ ਹੀ ਹੁੰਦਾ ਸੀ ਜੋ ਜ਼ੁਬਾਨ ਤੋ ਮੁਕਰਦਾ ਸੀ।ਉਸ ਵਕਤ ਲੋਕਾਂ ਦੀ ਸੋਚ ਬੜੀ ਸ਼ਪਸ਼ਟ ਤੇ ਪਾਏਦਾਰ ਹੁੰਦੀ ਸੀ।ਇਸੇ ਲਈ ਉਦੋਂ ਆਮ ਲੋਕਾਂ ਦੀ ਸੋਚ ਸੀ ਕੇ ‘ਜਾਨ ਜਾਏ ਪਰ ਵਚਨ ਨਾ ਜਾਏ’।ਪੁਰਾਣੇ ਵਕਤਾਂ ਚ ਲੋਕ ਜ਼ੁਬਾਨ ਦੇ ਬੜੇ ਪੱਕੇ ਹੁੰਦੇ ਸਨ।ਕੁੜੀ ਮੁੰਡੇ ਦਾ ਰਿਸ਼ਤਾ ਬਿਨ ਦੇਖੇ ਹਾਂ ਕਰ ਦਿੱਤੀ ਜਾਂਦੀ ਸੀ ਜੋ ਨਿਭਾਈ ਵੀ ਜਾਂਦੀ ਸੀ।ਪਰ lਅੱਜ ਲੋਕ ਜ਼ੁਬਾਨ ਦੇ ਪੱਕੇ ਨਹੀਂ ਹਨ।ਲਿਖਤੀ ਇਕਰਾਰ ਕਰਕੇ ਵੀ ਮੁੱਕਰ ਜਾਂਦੇ ਹਨ ਜਾਂ ਤੋੜ ਦਿੰਦੇ ਹਨ।ਇਕਰਾਰ ਟੁੱਟਣ ਕਰਕੇ ਤਕਰਾਰ ਹੁੰਦਾ ਹੈ।ਕਿਸੇ ਨਾਲ ਕੀਤਾ ਇਕਰਾਰ ਕਦੇ ਨਾ ਤੋੜੋ।ਇਕਰਾਰ ਇਕ ਭਰੋਸਾ ਹੈ।ਜਿਸ ਨਾਲ ਜਿੰਦਗੀ ਦੀ ਗੱਡੀ ਚੱਲਦੀ ਹੈ।ਜ਼ੁਬਾਨ ਤੇ ਦੁਨੀਆ ਦੇ ਕਾਰੋਬਾਰ ਚਲਦੇ ਹਨ।ਸੋ ਇਕਰਾਰ ਤੋੜ ਕੇ ਤਕਰਾਰ ਪੈਦਾ ਨਾ ਕਰੋ।ਇਹ ਤੁਹਾਡੇ ਵਕਾਰ ਨੂੰ ਢਾਹ ਲਾਉਂਦਾ ਹੈ।ਸੋ ਜ਼ੁਬਾਨ ਕਰੋ ਤਾਂ ਉਸ ਨੂੰ ਨਿਭਾਉ।ਕਿਉਂਕਿ ਜ਼ੁਬਾਨ ਦਾ ਮੁੱਲ ਹੈ।ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕੇ ਤੁਸੀਂ ਮੁੱਲ ਪਵਾਉਣਾ ਜਾਂ ਨਹੀਂ। ਲੈਕਚਰਾਰ ਅਜੀਤ ਖੰਨਾ ਐਮਏ ਐਮਫਿਲ ਐਮਜੇਐਮਸੀ ਬੀ ਐਡ ਮੋਬਾਈਲ:76967-54669

ਕੌਲ ਦੇ ਹਮੇਸ਼ਾਂ ਪੱਕੇ ਰਹੋ/ਅਜੀਤ ਖੰਨਾ Read More »

ਵਕਫ਼ ਸੋਧ ਕਾਨੂੰਨ ਅਤੇ ਘੱਟ ਗਿਣਤੀਆਂ/ਗੁਰਮੀਤ ਸਿੰਘ ਪਲਾਹੀ

ਵਕਫ਼ ਸੋਧ ਬਿੱਲ ਪਾਸ ਹੋ ਗਿਆ ਹੈ, ਰਾਸ਼ਟਰਪਤੀ ਨੇ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਪਾਸ ਹੋਇਆ ਇਹ ਬਿੱਲ ਕਾਨੂੰਨ ਬਣ ਚੁੱਕਾ ਹੈ। ਇਸ ਨੂੰ ਲਾਗੂ ਕਰਨ ਦੇ ਹੁਕਮ ਵੀ ਜਾਰੀ ਹੋ ਚੁੱਕੇ ਹਨ। ਪਰ ਇਸ ਦੇ ਵਿਰੁੱਧ ਆਵਾਜ਼ ਉਠਾਉਣੀ ਬੰਦ ਨਹੀਂ ਹੋਈ। ਪੱਛਮੀ ਬੰਗਾਲ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਕਾਨੂੰਨ ਨੂੰ ਪੱਛਮੀ ਬੰਗਾਲ ਵਿੱਚ ਲਾਗੂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਤਰ੍ਹਾਂ ਇੱਕ ਸਿਆਸੀ ਟਕਰਾਅ ਦਾ ਮੁੱਢ ਰੱਖਿਆ ਗਿਆ ਹੈ। ਕਾਂਗਰਸੀ ਨੇਤਾ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਸੰਸਦ ਵੱਲੋਂ ਪਾਸ ਵਕਫ਼ ਸੋਧ ਕਾਨੂੰਨ ਧਾਰਮਿਕ ਆਜ਼ਾਦੀ ‘ਤੇ ਹਮਲਾ ਹੈ ਅਤੇ ਸੰਵਿਧਾਨ ਵਿਰੋਧੀ ਕਦਮ ਹੈ। ਉਹਨਾ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ‘ਚ ਦੂਸਰੇ ਘੱਟ ਗਿਣਤੀ ਭਾਈਚਾਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ। ਵਕਫ਼ ਸੋਧ ਐਕਟ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਵੀ ਪਟੀਸ਼ਨਾਂ ਦਾਇਰ ਕਰ ਦਿੱਤੀਆਂ ਗਈਆਂ ਹਨ। ਵਕਫ਼ ਦੇ ਵਿਰੁੱਧ ਜਿਸ ਤਰ੍ਹਾਂ ਨਾਲ ਸਿਆਸੀ ਅਤੇ ਸਮਾਜਿਕ ਟਕਰਾਅ ਹੁੰਦਾ ਵਿਖਾਈ ਦੇ ਰਿਹਾ ਹੈ, ਉਹ ਲੋਕਤੰਤਰ ਦੀ ਸਿਹਤ ਲਈ ਠੀਕ ਨਹੀਂ ਹੈ। ਸੰਸਦ ਵਿੱਚ ਵਕਫ਼ ਸੋਧ ਬਿੱਲ ਪਾਸ  ਕਰਨ ਤੋਂ ਪਹਿਲਾਂ ਜੇਕਰ ਆਮ ਸਹਿਮਤੀ ਬਣਾਈ ਜਾਂਦੀ ਤਾਂ ਚੰਗਾ ਹੁੰਦਾ। ਨਾ ਹੀ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਹੁੰਦੀਆਂ, ਅਤੇ ਨਾ ਹੀ ਜੰਮੂ-ਕਸ਼ਮੀਰ ਅਤੇ ਮਨੀਪੁਰ ‘ਚ ਲੋਕ ਸੜਕਾਂ ‘ਤੇ ਉਤਰਦੇ। ਮੁਰਸ਼ਦਾਬਾਦ ਜ਼ਿਲੇ ‘ਚ  ਪਥਰਾਅ ਅਤੇ ਅੱਥਰੂ ਗੈਸ ਛੱਡੇ ਜਾਣ ਦੀਆਂ ਤਸਵੀਰਾਂ ਡਰਾਉਂਦੀਆਂ ਹਨ। ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਸੱਤਾਧਾਰੀ ਤੇ ਵਿਰੋਧੀ ਧਿਰਾਂ ਇਸ ਮਸਲੇ ‘ਤੇ ਇੱਕ-ਦੂਜੇ ਦੇ ਵਿਰੋਧ ‘ਚ ਆ ਗਈਆਂ ਅਤੇ ਵਿਧਾਨ ਸਭਾ  ‘ਚ ਝਗੜਾ ਇੰਨਾ ਵਧ ਗਿਆ ਕਿ ਨੌਬਤ ਹੱਥੋਪਾਈ ਤੱਕ ਪੁੱਜ ਗਈ। ਵਿਰੋਧੀ ਧਿਰ ਲਗਾਤਾਰ ਇਸ ਮਾਮਲੇ ਤੇ ਦੋਸ਼ ਲਗਾ ਰਹੀ ਹੈ ਕਿ ਵਕਫ਼ ਸੋਧ ਬਿੱਲ ਉਤੇ ਉਹਨਾ ਵੱਲੋਂ ਉਠਾਏ ਗਏ ਨੁਕਤਿਆਂ ਨੂੰ ਧਿਆਨ ‘ਚ ਨਹੀਂ  ਲਿਆਂਦਾ ਗਿਆ। ਹਾਲਾਂਕਿ ਸਰਕਾਰ ਵੱਲੋਂ ਇਸ ਸਬੰਧੀ ਸੰਯੁਕਤ ਸੰਸਦੀ ਕਮੇਟੀ ਦਾ ਗਠਨ ਕੀਤਾ ਗਿਆ, ਪਰ ਮੀਟਿੰਗ ‘ਚ ਕਿਉਂਕਿ ਬਹੁਸੰਮਤੀ ਸਰਕਾਰੀ ਪੱਖ ਦੀ ਸੀ, ਵਿਰੋਧੀ ਧਿਰ ਵੱਲੋਂ ਉਠਾਏ ਗਏ ਨੁਕਤੇ ਨੁਕਰੇ ਲਾ ਦਿੱਤੇ ਗਏ। ਦੋਨਾਂ ਸਦਨਾਂ ਵਿੱਚ ਵਿਚਾਰ ਚਰਚਾ ਦੌਰਾਨ ਵੀ ਜੇਕਰ ਸਾਰੇ ਪਹਿਲੂਆਂ ਨੂੰ ਵਿਚਾਰ ਲਿਆ ਜਾਂਦਾ ਤਾਂ ਸ਼ਾਇਦ ਵਿਵਾਦ ਨਾ ਹੁੰਦਾ ਪਰ ਜਦੋਂ ਕੋਈ ਵੀ ਕਾਨੂੰਨ, ਭਾਵੇਂ ਉਹ ਆਮ ਜਨਤਾ ਦੇ ਹਿੱਤਾਂ ਵਾਲਾ ਵੀ ਕਿਉਂ ਨਾ ਹੋਵੇ, ਜੇਕਰ ਸਿਆਸੀ ਹਾਰ-ਜਿੱਤ ਨੂੰ ਧਿਆਨ ‘ਚ ਰੱਖਕੇ ਬਣਾਇਆ ਜਾਂਦਾ ਹੈ ਤਾਂ ਇਹੋ ਜਿਹੇ ਵਿਵਾਦ ਉਠਣੇ ਲਾਜ਼ਮੀ ਹਨ। ਦੋਸ਼ ਲਗਾਏ ਜਾ ਰਹੇ ਹਨ ਕਿ ਵਕਫ਼ ਸੋਧ ਐਕਟ, ਮੁਸਲਮਾਨਾਂ ਪ੍ਰਤੀ ਦੁਰਭਾਵਨਾ ਨਾਲ ਪਾਸ ਕੀਤਾ ਗਿਆ ਹੈ। ਇਹ ਵੀ ਦੋਸ਼ ਹੈ ਕਿ ਵਕਫ਼ (ਸੋਧ) ਐਕਟ 2025 ਦੇ ਤਹਿਤ ਮੂਲ ਕਾਨੂੰਨ ‘ਚ ਕੋਈ ਸੁਧਾਰ ਨਹੀਂ ਕੀਤਾ ਗਿਆ, ਸਗੋਂ ਮੌਜੂਦਾ ਕਾਨੂੰਨ ਤੇ ਕਟਾਰ ਚਲਾਕੇ ਉਸਦੀ ਪਛਾਣ ਮਿਟਾਉਣ ਦਾ ਯਤਨ ਹੋਇਆ ਹੈ। ਪਿਛਲੇ ਸਮੇਂ ‘ਚ ਖ਼ਾਸ ਤੌਰ ‘ਤੇ ਇਕ ਦਹਾਕਾ ਪਿਛਲਖੁਰੀ ਜੇਕਰ ਵੇਖਿਆ ਜਾਵੇ ਤਾਂ ਕਿਹਾ ਜਾਣ ਲੱਗ ਪਿਆ ਹੈ ਕਿ ਭਾਰਤ ਵਿੱਚ ਸਾਰੇ ਧਰਮ ਬਰਾਬਰ ਨਹੀਂ ਰਹੇ। ਹਾਲਾਂਕਿ ਇਕ ਬਹੁ-ਧਾਰਮਿਕ ਲੋਕਤੰਤਰ ਦੇਸ਼ ਵਿੱਚ ਪਹਿਲਾ ਸਿਧਾਂਤ ਇਹ ਹੈ ਕਿ ਸਾਰੇ ਧਰਮ ਬਰਾਬਰ ਹਨ। ਧਾਰਮਿਕ ਸੰਸਥਾਵਾਂ ਦਾ ਪ੍ਰਬੰਧਨ ਧਾਰਮਿਕ ਸੰਸਥਾਵਾਂ ਦੇ ਹੱਥ ਹੋਣਾ ਚਾਹੀਦਾ ਹੈ। ਭਾਰਤ ਵਿੱਚ, ਬਹੁਗਿਣਤੀ ਲੋਕ ਹਿੰਦੂ ਹਨ, ਇਹ ਸਿਧਾਂਤ ਹਿੰਦੂ ਧਾਰਮਿਕ ਥਾਵਾਂ ਅਤੇ ਸੰਸਥਾਵਾਂ ‘ਤੇ ਵੀ ਲਾਗੂ ਹੋਏਗਾ। ਘੱਟ ਗਿਣਤੀਆਂ ‘ਤੇ ਵੀ ਇਹ ਸਿਧਾਂਤ, ਸੰਵਿਧਾਨ ਅਨੁਸਾਰ ਲਾਗੂ ਹੈ। ਸੰਵਿਧਾਨ ਦੀ ਧਾਰਾ 26 ਅਨੁਸਾਰ ਧਾਰਮਿਕ ਮਸਲਿਆਂ ਦਾ ਪ੍ਰਬੰਧਨ ਕਰਨ ਦੀ ਆਜ਼ਾਦੀ ਉਸੇ ਧਰਮ ਦੇ ਲੋਕਾਂ ਨੂੰ ਹੈ। ਚੱਲ ਅਤੇ ਅਚੱਲ ਜਾਇਦਾਦ ਦਾ ਪ੍ਰਬੰਧਨ ਵੀ ਉਸੇ ਸੰਸਥਾ ਨੇ ਕਰਨਾ ਹੈ। ਧਰਮ ਦੇ ਮਸਲਿਆਂ ‘ਚ ਪ੍ਰਬੰਧਨ ਵੀ ਉਸੇ ਧਾਰਮਿਕ ਸੰਸਥਾ ਨੇ ਕਰਨਾ ਹੈ। ਕਾਨੂੰਨ ਅਨੁਸਾਰ ਹਿੰਦੂ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਹਿੰਦੂਆਂ ਅਤੇ ਕੇਵਲ ਹਿੰਦੂਆਂ ਵਲੋਂ ਸੰਭਾਲਿਆ ਜਾਂਦਾ ਹੈ।  ਕੋਈ ਵੀ ਇਹ ਸੁਝਾਅ ਨਹੀਂ ਦੇ ਸਕਦਾ ਜਾਂ ਪ੍ਰਵਾਨ ਨਹੀਂ ਕਰ ਸਕਦਾ ਕਿ ਹਿੰਦੂ ਮੰਦਰਾਂ ਅਤੇ ਧਾਰਮਿਕ ਸੰਸਥਾਵਾਂ ਦਾ ਪ੍ਰਸ਼ਾਸ਼ਨ ਕੋਈ ਗ਼ੈਰ-ਹਿੰਦੂ ਕਰੇ। ਇਹੀ ਦ੍ਰਿਸ਼ਟੀਕੋਨ ਹੋਰ ਧਰਮ ਨੂੰ ਮੰਨਣ ਵਾਲੇ ਲੱਖਾਂ ਲੋਕਾਂ ਦਾ ਵੀ ਹੋਏਗਾ। ਫਿਲਹਾਲ ਹਿੰਦੂ , ਈਸਾਈ, ਸਿੱਖ ਜਾਂ ਬੋਧੀ ਧਰਮ ਦੇ ਕਿਸੇ ਧਾਰਮਿਕ ਪੂਜਾ ਸਥਾਨ ਤੇ ਜਾਂ ਧਾਰਮਿਕ ਸੰਸਥਾ ਦੇ ਕਾਨੂੰਨ ਕਿਸੇ ਹੋਰ ਧਰਮ ਦੇ ਪੈਰੋਕਾਰਾਂ ਨੂੰ ਕੋਈ ਭੂਮਿਕਾ ਨਿਭਾਉਣ ਦੀ ਆਗਿਆ ਨਹੀਂ ਦਿੰਦਾ। ਵਕਫ਼ ਐਕਟ 1995 ਦੇ ਅਧੀਨ ਇਸ ਸਿਧਾਂਤ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਗਿਆ। ਵਕਫ਼ ਦਾ ਅਰਥ ਹੈ, ਮੁਸਲਿਮ ਕਾਨੂੰਨ ਦੁਆਰਾ ਮਾਨਤਾ ਪ੍ਰਾਪਤ ਕਿਸੇ ਵੀ ਪਵਿੱਤਰ ਧਾਰਮਿਕ ਜਾਂ ਧਾਰਮਿਕ ਮਰਿਆਦਾ ਦੇ ਉਦੇਸ਼ ਲਈ ਕਿਸੇ ਵਿਅਕਤੀ ਦੁਆਰਾ ਜਾਇਦਾਦ ਦਾ ਸਥਾਈ ਦਾਨ। ਅਦਾਲਤਾਂ ਨੇ ਉਸ ਵਕਫ਼ ਨੂੰ ਵੀ ਮਾਨਤਾ ਦਿੱਤੀ ਹੈ ਜੋ ਕਿਸੇ ਗ਼ੈਰ-ਮੁਸਲਿਮ ਵਲੋਂ ਵੀ ਦਿਤਾ ਗਿਆ ਹੋਵੇ। ਕਾਨੂੰਨ ਅਨੁਸਾਰ ਮੌਜੂਦਾ ਵਕਫ਼ ਬੋਰਡਾਂ ਦੇ ਸਾਰੇ ਮੈਂਬਰ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਦਾ ਮੁਸਲਿਮ ਹੋਣਾ ਜ਼ਰੂਰੀ ਹੈ। ਪਰ ਵਕਫ਼ ਸੋਧ ਕਾਨੂੰਨ 2025 ਅਨੁਸਾਰ ਪੁਰਾਣੇ ਸਿਧਾਤਾਂ ਅਤੇ ਪ੍ਰਥਾਵਾਂ ਨੂੰ ਉਲਟ ਦਿਤਾ ਗਿਆ ਹੈ। ਕਾਨੂੰਨ ‘ਚ ਇਹ ਧਾਰਾ ਹਟਾ ਦਿੱਤੀ ਗਈ ਹੈ ਕਿ ਸੂਬਾ ਵਕਫ਼ ਬੋਰਡ ਦੇ ਮੈਂਬਰ ਮੁਸਲਮਾਨ ਹੀ ਹੋਣਗੇ। ਵਕਫ਼ ਜਾਇਦਾਦ ਵਿੱਚ ਹੱਦਬੰਦੀ ਨਿਯਮ ਲਾਗੂ ਨਹੀਂ ਹੁੰਦਾ ਸੀ,ਪਰ ਹੁਣ, ਇਹ ਲਾਗੂ ਹੋਏਗਾ। ਹੁਣ ਸਵਾਲ ਉਠਾਏ ਜਾ ਰਹੇ ਹਨ ਕਿ ਜੇਕਰ ਇਸ ਕਾਨੂੰਨ ਤਹਿਤ ਗ਼ੈਰ ਮੁਸਲਮਾਨਾਂ ਨੂੰ ਵਕਫ਼ ਬੋਰਡ ‘ਚ ਨਿਯੁੱਕਤ ਕੀਤਾ ਜਾਂਦਾ ਹੈ, ਤਾਂ ਕੀ ਹਿੰਦੂ ਧਾਰਮਿਕ ਜਾਂ ਧਾਰਮਿਕ ਸੰਸਥਾਵਾਂ ਵਿਚ ਵੀ ਗ਼ੈਰ-ਹਿੰਦੂਆਂ ਨੂੰ ਨਿਯੁੱਕਤੀ ਦਿਤੀ ਜਾਏਗੀ? ਸ਼ੰਕਾ ਇਹ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਸੇ ਮਾਡਲ ‘ਤੇ ਹੋਰ ਧਾਰਮਿਕ ਸੰਸਥਾਵਾਂ ਭਾਵ ਈਸਾਈ, ਸਿੱਖ ਆਦਿ ‘ਚ ਵੀ ਕਾਨੂੰਨ ‘ਚ ਸੋਧ ਹੋਏਗੀ। ਇਸ ਵਕਫ਼ ਸੋਧ ਐਕਟ ਤਹਿਤ ਅਧਿਕਾਰੀਆਂ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਵਕਫ਼ ਦੇ ਕੰਮਕਾਜ ‘ਚ ਦਖਲ ਦੇਣ। ਉਂਜ ਜਿਥੇ ਕਿਧਰੇ ਵੀ ਧਾਰਮਿਕ ਸੰਸਥਾਵਾਂ ਦੀ ਵਾਗਡੋਰ, ਸਰਕਾਰੀ ਅਧਿਕਾਰੀਆਂ ਨੂੰ ਸੌਂਪੀ ਗਈ, ਭਾਵੇਂ ਉਹ ਹਿੰਦੂ ਧਾਰਮਿਕ ਅਸਥਾਨ ਹੀ ਕਿਉਂ ਨਾ ਹੋਣ, ਨਤੀਜੇ ਅੱਛੇ ਨਹੀਂ ਦਿਖੇ। ਵਿਸ਼ਵਨਾਥ ਮੰਦਿਰ ‘ਚ ਮਹੰਤ ਨੂੰ ਹਟਾ ਦਿੱਤਾ ਗਿਆ ਹੈ। ਮਹੰਤ ਦੀ ਸ਼ਿਕਾਇਤ ਹੈ ਕਿ ਮੰਦਰ ਦਾ ਪ੍ਰਸ਼ਾਸਨ ਖੋਹ ਕੇ ਸਰਕਾਰ ਨੇ ਚੰਗਾ ਨਹੀਂ ਕੀਤਾ। ਇਸ ਲਈ ਕਿ ਜਿਨਾਂ ਪਰੰਪਰਾਵਾਂ ਨੂੰ ਉਹਨਾ ਨੇ ਪੀੜੀ-ਦਰ-ਪੀੜੀ ਸੁਰੱਖਿਅਤ ਰੱਖਿਆ ਉਸ ਬਾਰੇ ਸਰਕਾਰੀ ਅਫ਼ਸਰ ਕੁੱਝ ਵੀ ਨਹੀਂ ਜਾਣਦੇ। ਵਕਫ਼ ਸੋਧ ਐਕਟ ਪਾਸ ਕਰਵਾਕੇ ਭਾਜਪਾ ਨੇ ਵੱਡੇ ਨਿਸ਼ਾਨੇ ਸਾਧੇ ਹਨ ਅਤੇ ਸਿਆਸੀ ਭੱਲ ਖੱਟਣ ਦਾ ਯਤਨ ਕੀਤਾ ਹੈ। ਇਕ ਤੀਰ ਨਾਲ ਕਈ ਨਿਸ਼ਾਨੇ ਸਾਧੇ ਹਨ। ਮੁਸਲਿਮ ਭਾਈਚਾਰੇ ਦੀਆਂ ਵੋਟਾਂ ਨਾਲ ਜਿੱਤਣ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੋ ਦੀ ਜ਼ਮੀਨ ਖਿਸਕਾਅ ਦਿੱਤੀ ਹੈ। ਮੁਸਲਮਾਨ ਹੁਣ ਇਹਨਾਂ ਦੋਹਾਂ ਦੇ ਵਿਰੁੱਧ ਹੋਣਗੇ ਅਤੇ ਇਹਨਾਂ ਦੀ ਤਾਕਤ ਬਿਹਾਰ ਅਤੇ ਆਂਧਰਾ ਪ੍ਰਦੇਸ਼ ‘ਚ ਘਟੇਗੀ ਇਹਨਾਂ ਪਾਰਟੀਆਂ ਸਦਕਾ ਇਸ ਵੇਲੇ ਕੇਂਦਰ ਸਰਕਾਰ ਸਾਸ਼ਨ ਕਰ ਰਹੀ ਹੈ। ਭਵਿੱਖ ‘ਚ ਭਾਜਪਾ ਇਹਨਾ ਪ੍ਰਦੇਸ਼ਿਕ ਪਾਰਟੀਆਂ ‘ਤੇ ਨਿਰਭਰਤਾ ਘਟਾਉਣ ਦੀ ਚਾਲ ਚੱਲ ਰਹੀ ਹੈ। ਵੈਸੇ ਵੀ ਸਮੇਂ-ਸਮੇਂ ਭਾਜਪਾ ਪਹਿਲਾਂ ਪ੍ਰਦੇਸ਼ਿਕ ਪਾਰਟੀਆਂ ਨਾਲ ਗੱਠ ਜੋੜ ਕਰਦੀ ਹੈ। ਫਿਰ ਉਹਨਾ ਨੂੰ ਖ਼ਤਮ ਕਰਨ ਦੇ ਰਾਹ ਤੁਰਦੀ ਹੈ।

ਵਕਫ਼ ਸੋਧ ਕਾਨੂੰਨ ਅਤੇ ਘੱਟ ਗਿਣਤੀਆਂ/ਗੁਰਮੀਤ ਸਿੰਘ ਪਲਾਹੀ Read More »

ਟਰੰਪ ਨਾਲ ਕਿਵੇਂ ਸਿੱਝੇਗੀ ਦੁਨੀਆ

ਡੋਨਲਡ ਟਰੰਪ ਨੇ ਟਾਲ਼ਾ ਵੱਟ ਲਿਆ ਹੈ। ਮਾਹਿਰਾਂ ਦਾ ਖਿਆਲ ਹੈ ਕਿ ਉਸ ਵੱਲੋਂ ਟੈਰਿਫ ਲਈ ਦਿੱਤੀ ਗਈ 90 ਦਿਨਾਂ ਦੀ ਰਾਹਤ ਬੌਂਡ ਮਾਰਕਿਟ ਵਿੱਚ ਵਾਪਰੀਆਂ ਘਟਨਾਵਾਂ ਦਾ ਸਿੱਟਾ ਸੀ ਪਰ ਗੱਲ ਇਹ ਹੈ ਕਿ ਇਹ ਅਨੁਮਾਨ ਲਾਉਣ ਲਾਇਕ ਘਟਨਾਵਾਂ ਸਨ। ਇਹ ਗੱਲ ਅਜੇ ਦੇਖੀ ਜਾਵੇਗੀ ਕਿ ਚੀਨ ਦੇ ਮੁਤੱਲਕ ਰਣਨੀਤੀ ਕਿੰਨੀ ਕੁ ਦੇਰ ਕਾਇਮ ਰਹਿੰਦੀ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਸ਼ੁਮਾਰ ਪੰਗਾ ਲੈ ਕੇ ਪਿਛਾਂਹ ਹਟਣ ਵਾਲੇ ਆਗੂਆਂ ਵਿੱਚ ਨਹੀਂ ਹੁੰਦਾ। ਦੁਨੀਆ ਦੇ ਬਾਕੀ ਦੇਸ਼ਾਂ ਨਾਲ ਪੰਗੇ ਤੋਂ ਟਾਲ਼ਾ ਵੱਟ ਲੈਣ ਮਗਰੋਂ ਹੁਣ ਟਰੰਪ ਨੂੰ ਚੀਨ ਨਾਲ ਮੁੜ ਰਾਬਤਾ ਬਣਾਉਣ ਦਾ ਰਾਹ ਲੱਭਣ ਦੀ ਲੋੜ ਹੈ ਭਾਵੇਂ ਰਾਬਤੇ ਦੀਆਂ ਸ਼ਰਤਾਂ ਵਿੱਚ ਹੀ ਕੁਝ ਬਦਲਾਓ ਕਿਉਂ ਨਾ ਕਰਨਾ ਪਵੇ। ਖਲਬਲੀ ਅਜਿਹੀ ਗਲੀ ਹੁੰਦੀ ਜਿਸ ਵਿੱਚ ਜਾਣ ਦਾ ਇੱਕ ਹੀ ਰਸਤਾ ਹੁੰਦਾ ਹੈ ਅਤੇ ਇਸ ਵਿੱਚ ਅਗਾਂਹ ਵਧਣ ਦਾ ਕੋਈ ਖ਼ਾਕਾ ਨਹੀਂ ਹੁੰਦਾ। ਇਹ ਕਹਿਣਾ ਕਿ ਟਰੰਪ ਅਤੇ ਉਸ ਦੇ ਮੁਸ਼ੀਰ ਕੋਈ ਯੋਜਨਾ ਤਿਆਰ ਕਰਨ ਲੱਗੇ ਹੋਏ ਹਨ, ਵਾਹ ਭਲੀ ਉਮੀਦ ਦਾ ਬਿਆਨ ਹੋ ਸਕਦੀ ਹੈ ਅਤੇ ਬਦਤਰੀਨ ਪਹਿਲੂ ਇਹ ਹੈ ਕਿ ਇਹ ਨਿਰਾ ਝੂਠ ਹੈ। ਟਰੰਪ ਦੀ ਖਲਬਲੀ ਦਾ ਦਰਮਿਆਨੇ ਕਾਲ ਦਾ ਅਸਰ ਇਹ ਹੋਵੇਗਾ ਕਿ ਅਸਥਿਰਤਾ ਵਧ ਜਾਵੇਗੀ। ਆਰਥਿਕ ਸਰਗਰਮੀ ਉਮੀਦਾਂ ’ਤੇ ਟਿਕੀ ਹੁੰਦੀ ਹੈ। ਅਸਥਿਰਤਾ ਆਸਾਂ ਨੂੰ ਹਿਲਾ ਦਿੰਦੀ ਹੈ। ਟਰੰਪ ਵੱਲੋਂ ਐਲਾਨੀ ਗਈ 90 ਦਿਨਾਂ ਦੀ ਰਾਹਤ ਨਾਲ ਅਸਥਿਰਤਾ ਦਾ ਅਰਸਾ ਹੀ ਵਧੇਗਾ; ਇਹ ਕਿਸੇ ਵੀ ਤਰ੍ਹਾਂ ਉਸ ਬੇਯਕੀਨੀ ਨੂੰ ਖ਼ਤਮ ਨਹੀਂ ਕਰ ਸਕੇਗੀ। ਅਗਾਂਹ ਵਧਣ ਦੀ ਭਾਵਨਾ ਦੀ ਥਾਂ ਫ਼ਿਕਰ ਲੈ ਲੈਂਦੇ ਹਨ। ਵੱਖੋ-ਵੱਖਰੇ ਦੇਸ਼ਾਂ ਵੱਲੋਂ ਭਾਵੇਂ ਜੋ ਵੀ ਦਰੁਸਤੀ ਕਦਮ ਲਏ ਜਾਣ ਪਰ ਆਲਮੀ ਮੰਦੀ ਦੇ ਖਦਸ਼ੇ ਮਜ਼ਬੂਤ ਹੋ ਗਏ ਹਨ। ਆਪਣੀ ਇਸ ਖਲਬਲੀ ਭਰੀ ਟੈਰਿਫ ਨੀਤੀ ਰਾਹੀਂ ਟਰੰਪ ਨੂੰ ਦੋ ਉਦੇਸ਼ ਪੂਰੇ ਹੋਣ ਦੀ ਆਸ ਹੈ। ਪਹਿਲਾ ਹੈ, ਅਮਰੀਕੀ ਨਿਰਮਾਣ ਦੀ ਬਹਾਲੀ, ਜਿਸ ਦੇ ਨਾਲ ਬਲੂ ਕਾਲਰ ਜੌਬਜ਼ (ਫੈਕਟਰੀਆਂ ਤੇ ਵਰਕਸ਼ਾਪਾਂ ਆਦਿ ਵਿੱਚ ਔਜ਼ਾਰਾਂ ਤੇ ਮਸ਼ੀਨਰੀ ਨਾਲ ਕੰਮ ਕਰਨ ਵਾਲੇ ਕਾਮਿਆਂ ਦੀਆਂ ਨੌਕਰੀਆਂ) ਮੁੜ ਹਾਸਿਲ ਕੀਤੀਆਂ ਜਾਣ ਜੋ ਪਿਛਲੇ ਕਈ ਸਾਲਾਂ ਤੋਂ ਘਟਦੀਆਂ ਜਾ ਰਹੀਆਂ ਹਨ। ਦੂਜਾ, ਚੀਨ ਨੂੰ ਉਸ ਆਲਮੀ ਵਪਾਰਕ ਪ੍ਰਣਾਲੀ ਦਾ ਨਾਜਾਇਜ਼ ਲਾਹਾ ਲੈਣ ਦੀ ਸਜ਼ਾ ਦੇਣਾ ਜਿਸ ਵਿੱਚ ਇਸ ਨੂੰ ਕਰੀਬ ਢਾਈ ਦਹਾਕੇ ਪਹਿਲਾਂ ਅਮਰੀਕਾ ਵੱਲੋਂ ਹੀ ਦਾਖ਼ਲਾ ਦਿਵਾਇਆ ਗਿਆ ਸੀ। ਜਿੱਥੋਂ ਤੱਕ ਟਰੰਪ ਦੇ ਘਰੋਗੀ ਸਿਆਸੀ ਸਮਰਥਨ ਆਧਾਰ ਦਾ ਸਵਾਲ ਹੈ ਤਾਂ ਇਸ ਲਈ ਪਹਿਲਾ ਉਦੇਸ਼ ਕਿਤੇ ਜ਼ਿਆਦਾ ਅਹਿਮ ਹੈ ਅਤੇ ਦੂਜਾ ਦੋਇਮ ਦਰਜੇ ਵਾਲਾ ਹੈ। ਚੀਨ ਨੂੰ ਸੱਟ ਮਾਰਨ ਨਾਲ ਅਮਰੀਕਾ ਨੂੰ ਕੀ ਮਿਲੇਗਾ ਜੇ ਉਸ ਦੇ ਘਰ ਵਿੱਚ ਹੋਰ ਜ਼ਿਆਦਾ ਨੌਕਰੀਆਂ ਹੀ ਪੈਦਾ ਨਹੀਂ ਹੋਣਗੀਆਂ ਤੇ ਸਿਰਫ਼ ਮਹਿੰਗਾਈ ਹੀ ਵਧੇਗੀ? ਸਮੱਸਿਆ ਇਹ ਹੈ ਕਿ ਟਰੰਪ ਲਈ ਚੀਨ ਨੂੰ ਸੱਟ ਮਾਰ ਕੇ ਕੁਝ ਹੋਰ ਨਿਸ਼ਾਨੇ ਹਾਸਿਲ ਕਰਨ ਨਾਲੋਂ ਘਰੋਗੀ ਅਰਥਚਾਰੇ ਨੂੰ ਸੁਰਜੀਤ ਕਰ ਕੇ ਪਹਿਲਾ ਉਦੇਸ਼ ਹਾਸਿਲ ਕਰਨਾ ਜ਼ਿਆਦਾ ਔਖਾ ਹੋਵੇਗਾ। ਬਿਨਾਂ ਸ਼ੱਕ, ਚੀਨ ਪਹਿਲਾਂ ਹੀ ਦੋ-ਦੋ ਹੱਥ ਕਰਨ ਲਈ ਤਿਆਰ ਬੈਠਾ ਸੀ। ਪਿਛਲੇ ਦੋ ਦਹਾਕਿਆਂ ਤੋਂ ਅਮਰੀਕਾ ਵਿੱਚ ਚੀਨ ਦੀ ਭੂ-ਆਰਥਿਕ ਘੇਰਾਬੰਦੀ ਬਾਰੇ ਜਿੰਨੀਆਂ ਵੀ ਕਿਤਾਬਾਂ ਤੇ ਪੇਪਰ ਪ੍ਰਕਾਸ਼ਿਤ ਹੋ ਚੁੱਕੇ ਹਨ, ਉਦੋਂ ਤੋਂ ਹੀ ਚੀਨੀਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਉਨ੍ਹਾਂ ਨੂੰ ਕਿਹੋ ਜਿਹੀ ਉਮੀਦ ਰੱਖਣੀ ਚਾਹੀਦੀ ਹੈ ਤੇ ਉਸ ਲਈ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ। ਕੀ ਅਮਰੀਕਾ ਇਸ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਹੈ? ਨਿਰਮਾਣਸਾਜ਼ੀ ਨੂੰ ਸੁਰਜੀਤ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਇਸ ਵਿੱਚ ਸਮੇਂ ਦੇ ਖੱਪਿਆਂ ਦੀ ਭਰਪਾਈ ਦਾ ਸਵਾਲ ਵੀ ਜੁੜਿਆ ਹੁੰਦਾ ਹੈ। ਜੇ ਟਰੰਪ ਦੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਲਈ ਕੁਝ ਸਾਲ ਹੋਰ ਇੰਤਜ਼ਾਰ ਕਰਨਾ ਪੈ ਗਿਆ ਤਾਂ ਕੀ ਉਹ ਬੇਚੈਨ ਨਹੀਂ ਹੋ ਜਾਣਗੇ? ਥੋੜ੍ਹ ਚਿਰਾ ਦਰਦ ਅਤੇ ਦੀਰਘ ਕਾਲੀ ਲਾਭ ਸਿਆਸੀ ਤੌਰ ’ਤੇ ਵਾਰਾ ਨਹੀਂ ਖਾਂਦਾ। ਜੇ ਟਰੰਪ ਦੀ ਘਰੋਗੀ ਹਮਾਇਤ ਸੁੰਗੜ ਗਈ ਤਾਂ ਉਸ ਦੀ ਬਾਹਰੀ ਨੀਤੀ ਪ੍ਰਤੀ ਕਿਹੋ ਜਿਹੇ ਹੁੰਗਾਰੇ ਦੀ ਤਵੱਕੋ ਕੀਤੀ ਜਾਣੀ ਚਾਹੀਦੀ ਹੈ? ਇਹ ਤਾਂ ਹੋਰ ਜ਼ਿਆਦਾ ਖਲਬਲੀ ਵਾਲੀ ਗੱਲ ਹੈ।

ਟਰੰਪ ਨਾਲ ਕਿਵੇਂ ਸਿੱਝੇਗੀ ਦੁਨੀਆ Read More »

ਕੁੱਲੂ ’ਚ ਢਹਿ ਢੇਰੀ ਹੋਇਆ 1980 ’ਚ ਬਣਿਆ ਪੁਲ

ਹਿਮਾਚਲ, 12 ਅਪ੍ਰੈਲ – ਹਿਮਾਚਲ ਪ੍ਰਦੇਸ਼ ਦੇ ਮੰਡੀ ਨੂੰ ਕੁੱਲੂ ਜ਼ਿਲ੍ਹੇ ਨਾਲ ਜੋੜਨ ਵਾਲਾ ਇੱਕ ਪੁਲ ਸਨਿਚਰਵਾਰ ਤੜਕੇ ਢਹਿ ਜਾਣ ਕਾਰਨ ਰਾਸ਼ਟਰੀ ਰਾਜਮਾਰਗ-305 ’ਤੇ ਆਵਾਜਾਈ ਪ੍ਰਭਾਵਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਇਹ ਘਟਨਾ ਕੁੱਲੂ ਜ਼ਿਲ੍ਹੇ ਦੇ ਬੰਜਾਰ ’ਚ ਵਾਪਰੀ ਜਦੋਂ ਇੱਕ ਪੁਲ ਅਚਾਨਕ ਢਹਿ ਗਿਆ। ਇਹ ਪੁਲ 1980 ਵਿੱਚ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹਾਦਸੇ ਸਮੇਂ ਪੁਲ ਤੋਂ ਲੰਘ ਰਿਹਾ ਇੱਕ ਟਰੱਕ ਨਦੀ ਵਿੱਚ ਡਿੱਗ ਗਿਆ, ਜਿਸ ਕਾਰਨ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਮੌਕੇ ’ਤੇ ਪਹੁੰਚ ਗਈ, ਜਿਸ ਤੋਂ ਬਾਅਦ ਜ਼ਖ਼ਮੀ ਡਰਾਈਵਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਕੁੱਲੂ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਟੋਰੂਲ ਐਸ ਰਵਨੀਸ਼ ਨੇ ਕਿਹਾ ਕਿ ਮੌਕੇ ’ਤੇ ਮਸ਼ੀਨਰੀ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਪੁਨਰ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਦਲਵੇਂ ਰਸਤਿਆਂ ਦੀ ਪਛਾਣ ਕਰਨ ਅਤੇ ਹਲਕੇ ਵਾਹਨਾਂ ਦੀ ਆਵਾਜਾਈ ਨੂੰ ਜਲਦੀ ਹੀ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਰਵਨੀਸ਼ ਨੇ ਕਿਹਾ ਕਿ ਸਨਿਚਰਵਾਰ ਸਵੇਰ ਤੱਕ ਜਨਤਾ ਲਈ ਇੱਕ ਅਸਥਾਈ ਰਸਤਾ ਉਪਲਬਧ ਕਰਵਾ ਦਿੱਤਾ ਗਿਆ ਸੀ ਅਤੇ ਯਾਤਰੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਦੇਣ ਲਈ ਆਵਾਜਾਈ ਨੂੰ ਪੰਡੋਹ ਰਾਹੀਂ ਮੋੜ ਦਿੱਤਾ ਗਿਆ ਸੀ।

ਕੁੱਲੂ ’ਚ ਢਹਿ ਢੇਰੀ ਹੋਇਆ 1980 ’ਚ ਬਣਿਆ ਪੁਲ Read More »

ਸੁਖਬੀਰ ਬਾਦਲ ਮੁੜ ਨੇ ਸੰਭਾਲੀ ਅਕਾਲੀ ਦਲ ਦੇ ਪ੍ਰਧਾਨ ਕੁਰਸੀ

ਅੰਮ੍ਰਿਤਸ, 12 ਅਪ੍ਰੈਲ – ਸੁਖਬੀਰ ਸਿੰਘ ਬਾਦਲ ਨੂੰ ਮੁੜ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਜਨਰਲ ਇਜਲਾਸ ਸੱਦਿਆ ਗਿਆ ਸੀ, ਜਿਸ 117 ਹਲਕਿਆਂ ਵਿਚੋਂ ਆਏ 567 ਡੈਲੀਗੇਟਸ ਵੱਲੋਂ ਸਰਬ ਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ।  ਬਲਵਿੰਦਰ ਸਿੰਘ ਭੂੰਦੜ ਵਲੋਂ ਸੁਖਬੀਰ ਸਿੰਘ ਬਾਦਲ ਦਾ ਨਾਂਅ ਪ੍ਰਧਾਨ ਵਜੋਂ ਪੇਸ਼ ਕੀਤਾ ਗਿਆ, ਜਿਸ ਦਾ ਸਮਰਥਨ ਪਰਮਜੀਤ ਸਿੰਘ ਸਰਨਾ ਵਲੋਂ ਕੀਤਾ ਗਿਆ। ਤਾਈਦ ਮਜੀਦ ਮਹੇਸ਼ ਇੰਦਰ ਸਿੰਘ ਗਰੇਵਾਲ ਵਲੋਂ ਕੀਤੀ ਗਈ ਹੈ ਤੇ ਹਾਜ਼ਰ ਡੈਲੀਗੇਟਸ ਵਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾ ਕੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸੁਖਬੀਰ ਸਿੰਘ ਦੇ ਮੁਕਾਬਲੇ ਕੋਈ ਵੀ ਹੋਰ ਪ੍ਰਧਾਨ ਦੇ ਅਹੁਦੇ ਲਈ ਨਾਂਅ ਪੇਸ਼ ਨਾ ਹੋਣ ਕਰਕੇ ਅੱਜ ਦੇ ਇਜਲਾਸ ਦੇ ਚੋਣ ਅਧਿਕਾਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ ਹੈ।

ਸੁਖਬੀਰ ਬਾਦਲ ਮੁੜ ਨੇ ਸੰਭਾਲੀ ਅਕਾਲੀ ਦਲ ਦੇ ਪ੍ਰਧਾਨ ਕੁਰਸੀ Read More »

ਬਾਬਾ ਸਾਹਿਬ ਡਾ. ਅੰਬੇਡਕਰ ਦੇ ਸੰਘਰਸ਼ ਦੁਨੀਆ ਨੂੰ ਪ੍ਰੇਰਣਾ ਦਿੰਦੇ ਰਹਿਣਗੇ – ਤੇਜਪਾਲ ਬਸਰਾ

* ਸਰਬ ਨੌਜਵਾਨ ਸਭਾ ਨੇ ਕੇਕ ਕੱਟ ਕੇ ਮਨਾਇਆ ਡਾ. ਅੰਬੇਡਕਰ ਦਾ ਜਨਮ ਦਿਵਸ * ਬੁਲਾਰਿਆਂ ਨੇ ਦੇਸ਼ ਦੀ ਵੰਡ ਨੂੰ ਲੈ ਕੇ ਬਾਬਾ ਸਾਹਿਬ ਦੀ ਦੂਰਦਰਸ਼ੀ ਸੋਚ ਨੂੰ ਸਰਾਹਿਆ ਫਗਵਾੜਾ, 12 ਅਪ੍ਰੈਲ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਸਥਾਨਕ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਵਿਖੇ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸੰਚਾਲਿਤ ਵੋਕੈਸ਼ਨਲ ਸੈਂਟਰ ‘ਚ ਕੀਤਾ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਫਗਵਾੜਾ ਦੇ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਕਸ਼ਮੀਰ ਸਿੰਘ ਮੱਲ੍ਹੀ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ ਅਤੇ ਟਰੱਸਟੀ ਮੈਂਬਰ ਸੰਤੋਸ਼ ਕੁਮਾਰ ਗੋਗੀ, ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਸਮਾਜ ਸੇਵਕ ਬੀ.ਆਰ. ਕਟਾਰੀਆ ਯੂ.ਕੇ. ਤੋਂ ਇਲਾਵਾ ਨਰੇਸ਼ ਕੋਹਲੀ ਰਿਟਾ. ਹੈਡਮਾਸਟਰ ਸ਼ਾਮਲ ਹੋਏ। ਪ੍ਰਮੁੱਖ ਸ਼ਖਸੀਅਤਾਂ ਨੇ ਡਾ. ਅੰਬੇਡਕਰ ਦੀ ਤਸਵੀਰ ‘ਤੇ ਫੁੱਲਮਾਲਾਵਾਂ ਭੇਂਟ ਕੀਤੀਆਂ ਅਤੇ ਜਨਮ ਦਿਨ ਦਾ ਕੇਕ ਕੱਟਿਆ। ਸਮਾਗਮ ਦੌਰਾਨ ਬੁਲਾਰਿਆਂ ਨੇ ਡਾ. ਅੰਬੇਡਕਰ ਦੀ ਸੰਖੇਪ ਜੀਵਨੀ ਬਾਰੇ ਚਾਨਣਾ ਪਾਇਆ। ਨਾਲ ਹੀ ਉਹਨਾਂ ਦੇ ਸੰਘਰਸ਼ਾਂ, ਧਾਰਮਿਕ ਅਧਾਰ ਤੇ ਦੇਸ਼ ਦੀ ਵੰਡ ਨੂੰ ਲੈ ਕੇ ਉਹਨਾਂ ਦੇ ਦੂਰਦਰਸ਼ੀ ਵਿਚਾਰਾਂ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਣ ‘ਚ ਡਾ. ਅੰਬੇਡਕਰ ਦੇ ਯੋਗਦਾਨ ਦਾ ਜਿਕਰ ਕੀਤਾ। ਮੁੱਖ ਮਹਿਮਾਨ ਤੇਜਪਾਲ ਬਸਰਾ ਨੇ ਕਿਹਾ ਕਿ ਡਾ. ਅੰਬੇਡਕਰ ਨੂੰ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਨਾਲ-ਨਾਲ ਫਰਜ਼ਾਂ ਦੇ ਬਾਰ ਵੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਮੂਹ ਸਮਾਜ ਨੂੰ ਡਾ. ਅੰਬੇਡਕਰ ਦੇ ਸੰਦੇਸ਼ ਪੜ੍ਹੋ-ਜੁੜੋ ਅਤੇ ਸੰਘਰਸ਼ ਕਰੋ ‘ਤੇ ਅਮਲ ਕਰਨ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਕਵੀ ਦਵਿੰਦਰ ਜੱਸਲ ਅਤੇ ਸੁਖਦੇਵ ਗੰਢਵਾਂ, ਵਲੋਂ ਕਵਿਤਾਵਾਂ ਰਾਹੀਂ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਭਾ ਵਲੋਂ ਪ੍ਰਮੁਖ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਸਟੇਜ ਦੀ ਸੇਵਾ ਰਵਿੰਦਰ ਸਿੰਘ ਰਾਏ ਨੇ ਬਾਖੂਬੀ ਨਿਭਾਈ। ਸਮਾਗਮ ਦਾ ਅੰਤ ਬਾਬਾ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਵਿਚ ਲੱਡੂ ਵੰਡ ਕੇ ਕੀਤਾ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਅਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਸਮਾਜ ਸੇਵਕ ਮਦਨ ਲਾਲ ਕੋਰੋਟਨਿਆ, ਮੈਡਮ ਤਨੂੰ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਮੈਡਮ ਨਵਜੋਤ ਕੌਰ, ਮੈਡਮ ਗੁਰਜੀਤ ਕੌਰ, ਵਿੱਕੀ ਸਿੰਘ, ਅਸ਼ੋਕ ਸ਼ਰਮਾ, ਰਮਨ ਨਹਿਰਾ, ਸ਼ੁਭਮ ਸ਼ਰਮਾ, ਅਮਰਿੰਦਰ ਸੈਣੀ ਬਲਾਕ ਪ੍ਰਧਾਨ, ਗੁਰਸ਼ਰਨ ਬਾਸੀ, ਸਿਮਰਨ, ਅਮਨਪ੍ਰੀਤ, ਕੋਮਲ, ਹਰਮਨ, ਕਿਰਨ, ਮਮਤਾ, ਹਰਮੀਨ, ਅੰਜਲੀ ਕੁਮਾਰੀ, ਪ੍ਰਿਯੰਕਾ, ਹਰਪ੍ਰੀਤ, ਨੀਰਜ, ਸਨੇਹਾ, ਜਸਪ੍ਰੀਤ, ਪ੍ਰਿਆ, ਰੀਤਾ, ਨੇਹਾ, ਰਿੰਪੀ ਰਾਣੀ, ਸੁਰਜੀਤ, ਖੁਸ਼ੀ, ਰਜਨੀ, ਜਸਪ੍ਰੀਤ ਕੌਰ, ਸਨੇਹਾ, ਈਸ਼ਾ, ਮੁਸਕਾਨ ਸ਼ਰਮਾ, ਆਰਤੀ, ਸਲੋਨੀ ਯਾਦਵ, ਕੌਸ਼ਲਿਆ, ਰੋਸ਼ਨੀ, ਪਿੰਕੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਨੇਹਾ, ਜਸ਼ਨਪ੍ਰੀਤ, ਹਰਪ੍ਰੀਤ, ਨਿਸ਼ਾ, ਮਨਰਾਜ, ਭਾਵਨਾ, ਕਮਲ, ਗੁਰਪ੍ਰੀਤ ਕੌਰ, ਰਮਨਦੀਪ, ਜਯੋਤੀ, ਰੇਨੁਕਾ, ਗੁਰਜੀਤ, ਮਹਿਕ, ਸੋਨਿਆ, ਬਲਜੀਤ, ਜੈਸਮੀਨ ਆਦਿ ਹਾਜ਼ਰ ਸਨ। ਤਸਵੀਰ ਸਮੇਤ।

ਬਾਬਾ ਸਾਹਿਬ ਡਾ. ਅੰਬੇਡਕਰ ਦੇ ਸੰਘਰਸ਼ ਦੁਨੀਆ ਨੂੰ ਪ੍ਰੇਰਣਾ ਦਿੰਦੇ ਰਹਿਣਗੇ – ਤੇਜਪਾਲ ਬਸਰਾ Read More »