
ਡੋਨਲਡ ਟਰੰਪ ਨੇ ਟਾਲ਼ਾ ਵੱਟ ਲਿਆ ਹੈ। ਮਾਹਿਰਾਂ ਦਾ ਖਿਆਲ ਹੈ ਕਿ ਉਸ ਵੱਲੋਂ ਟੈਰਿਫ ਲਈ ਦਿੱਤੀ ਗਈ 90 ਦਿਨਾਂ ਦੀ ਰਾਹਤ ਬੌਂਡ ਮਾਰਕਿਟ ਵਿੱਚ ਵਾਪਰੀਆਂ ਘਟਨਾਵਾਂ ਦਾ ਸਿੱਟਾ ਸੀ ਪਰ ਗੱਲ ਇਹ ਹੈ ਕਿ ਇਹ ਅਨੁਮਾਨ ਲਾਉਣ ਲਾਇਕ ਘਟਨਾਵਾਂ ਸਨ। ਇਹ ਗੱਲ ਅਜੇ ਦੇਖੀ ਜਾਵੇਗੀ ਕਿ ਚੀਨ ਦੇ ਮੁਤੱਲਕ ਰਣਨੀਤੀ ਕਿੰਨੀ ਕੁ ਦੇਰ ਕਾਇਮ ਰਹਿੰਦੀ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਸ਼ੁਮਾਰ ਪੰਗਾ ਲੈ ਕੇ ਪਿਛਾਂਹ ਹਟਣ ਵਾਲੇ ਆਗੂਆਂ ਵਿੱਚ ਨਹੀਂ ਹੁੰਦਾ। ਦੁਨੀਆ ਦੇ ਬਾਕੀ ਦੇਸ਼ਾਂ ਨਾਲ ਪੰਗੇ ਤੋਂ ਟਾਲ਼ਾ ਵੱਟ ਲੈਣ ਮਗਰੋਂ ਹੁਣ ਟਰੰਪ ਨੂੰ ਚੀਨ ਨਾਲ ਮੁੜ ਰਾਬਤਾ ਬਣਾਉਣ ਦਾ ਰਾਹ ਲੱਭਣ ਦੀ ਲੋੜ ਹੈ ਭਾਵੇਂ ਰਾਬਤੇ ਦੀਆਂ ਸ਼ਰਤਾਂ ਵਿੱਚ ਹੀ ਕੁਝ ਬਦਲਾਓ ਕਿਉਂ ਨਾ ਕਰਨਾ ਪਵੇ।
ਖਲਬਲੀ ਅਜਿਹੀ ਗਲੀ ਹੁੰਦੀ ਜਿਸ ਵਿੱਚ ਜਾਣ ਦਾ ਇੱਕ ਹੀ ਰਸਤਾ ਹੁੰਦਾ ਹੈ ਅਤੇ ਇਸ ਵਿੱਚ ਅਗਾਂਹ ਵਧਣ ਦਾ ਕੋਈ ਖ਼ਾਕਾ ਨਹੀਂ ਹੁੰਦਾ। ਇਹ ਕਹਿਣਾ ਕਿ ਟਰੰਪ ਅਤੇ ਉਸ ਦੇ ਮੁਸ਼ੀਰ ਕੋਈ ਯੋਜਨਾ ਤਿਆਰ ਕਰਨ ਲੱਗੇ ਹੋਏ ਹਨ, ਵਾਹ ਭਲੀ ਉਮੀਦ ਦਾ ਬਿਆਨ ਹੋ ਸਕਦੀ ਹੈ ਅਤੇ ਬਦਤਰੀਨ ਪਹਿਲੂ ਇਹ ਹੈ ਕਿ ਇਹ ਨਿਰਾ ਝੂਠ ਹੈ। ਟਰੰਪ ਦੀ ਖਲਬਲੀ ਦਾ ਦਰਮਿਆਨੇ ਕਾਲ ਦਾ ਅਸਰ ਇਹ ਹੋਵੇਗਾ ਕਿ ਅਸਥਿਰਤਾ ਵਧ ਜਾਵੇਗੀ। ਆਰਥਿਕ ਸਰਗਰਮੀ ਉਮੀਦਾਂ ’ਤੇ ਟਿਕੀ ਹੁੰਦੀ ਹੈ। ਅਸਥਿਰਤਾ ਆਸਾਂ ਨੂੰ ਹਿਲਾ ਦਿੰਦੀ ਹੈ। ਟਰੰਪ ਵੱਲੋਂ ਐਲਾਨੀ ਗਈ 90 ਦਿਨਾਂ ਦੀ ਰਾਹਤ ਨਾਲ ਅਸਥਿਰਤਾ ਦਾ ਅਰਸਾ ਹੀ ਵਧੇਗਾ; ਇਹ ਕਿਸੇ ਵੀ ਤਰ੍ਹਾਂ ਉਸ ਬੇਯਕੀਨੀ ਨੂੰ ਖ਼ਤਮ ਨਹੀਂ ਕਰ ਸਕੇਗੀ। ਅਗਾਂਹ ਵਧਣ ਦੀ ਭਾਵਨਾ ਦੀ ਥਾਂ ਫ਼ਿਕਰ ਲੈ ਲੈਂਦੇ ਹਨ। ਵੱਖੋ-ਵੱਖਰੇ ਦੇਸ਼ਾਂ ਵੱਲੋਂ ਭਾਵੇਂ ਜੋ ਵੀ ਦਰੁਸਤੀ ਕਦਮ ਲਏ ਜਾਣ ਪਰ ਆਲਮੀ ਮੰਦੀ ਦੇ ਖਦਸ਼ੇ ਮਜ਼ਬੂਤ ਹੋ ਗਏ ਹਨ। ਆਪਣੀ ਇਸ ਖਲਬਲੀ ਭਰੀ ਟੈਰਿਫ ਨੀਤੀ ਰਾਹੀਂ ਟਰੰਪ ਨੂੰ ਦੋ ਉਦੇਸ਼ ਪੂਰੇ ਹੋਣ ਦੀ ਆਸ ਹੈ। ਪਹਿਲਾ ਹੈ, ਅਮਰੀਕੀ ਨਿਰਮਾਣ ਦੀ ਬਹਾਲੀ, ਜਿਸ ਦੇ ਨਾਲ ਬਲੂ ਕਾਲਰ ਜੌਬਜ਼ (ਫੈਕਟਰੀਆਂ ਤੇ ਵਰਕਸ਼ਾਪਾਂ ਆਦਿ ਵਿੱਚ ਔਜ਼ਾਰਾਂ ਤੇ ਮਸ਼ੀਨਰੀ ਨਾਲ ਕੰਮ ਕਰਨ ਵਾਲੇ ਕਾਮਿਆਂ ਦੀਆਂ ਨੌਕਰੀਆਂ) ਮੁੜ ਹਾਸਿਲ ਕੀਤੀਆਂ ਜਾਣ ਜੋ ਪਿਛਲੇ ਕਈ ਸਾਲਾਂ ਤੋਂ ਘਟਦੀਆਂ ਜਾ ਰਹੀਆਂ ਹਨ। ਦੂਜਾ, ਚੀਨ ਨੂੰ ਉਸ ਆਲਮੀ ਵਪਾਰਕ ਪ੍ਰਣਾਲੀ ਦਾ ਨਾਜਾਇਜ਼ ਲਾਹਾ ਲੈਣ ਦੀ ਸਜ਼ਾ ਦੇਣਾ ਜਿਸ ਵਿੱਚ ਇਸ ਨੂੰ ਕਰੀਬ ਢਾਈ ਦਹਾਕੇ ਪਹਿਲਾਂ ਅਮਰੀਕਾ ਵੱਲੋਂ ਹੀ ਦਾਖ਼ਲਾ ਦਿਵਾਇਆ ਗਿਆ ਸੀ। ਜਿੱਥੋਂ ਤੱਕ ਟਰੰਪ ਦੇ ਘਰੋਗੀ ਸਿਆਸੀ ਸਮਰਥਨ ਆਧਾਰ ਦਾ ਸਵਾਲ ਹੈ ਤਾਂ ਇਸ ਲਈ ਪਹਿਲਾ ਉਦੇਸ਼ ਕਿਤੇ ਜ਼ਿਆਦਾ ਅਹਿਮ ਹੈ ਅਤੇ ਦੂਜਾ ਦੋਇਮ ਦਰਜੇ ਵਾਲਾ ਹੈ।
ਚੀਨ ਨੂੰ ਸੱਟ ਮਾਰਨ ਨਾਲ ਅਮਰੀਕਾ ਨੂੰ ਕੀ ਮਿਲੇਗਾ ਜੇ ਉਸ ਦੇ ਘਰ ਵਿੱਚ ਹੋਰ ਜ਼ਿਆਦਾ ਨੌਕਰੀਆਂ ਹੀ ਪੈਦਾ ਨਹੀਂ ਹੋਣਗੀਆਂ ਤੇ ਸਿਰਫ਼ ਮਹਿੰਗਾਈ ਹੀ ਵਧੇਗੀ? ਸਮੱਸਿਆ ਇਹ ਹੈ ਕਿ ਟਰੰਪ ਲਈ ਚੀਨ ਨੂੰ ਸੱਟ ਮਾਰ ਕੇ ਕੁਝ ਹੋਰ ਨਿਸ਼ਾਨੇ ਹਾਸਿਲ ਕਰਨ ਨਾਲੋਂ ਘਰੋਗੀ ਅਰਥਚਾਰੇ ਨੂੰ ਸੁਰਜੀਤ ਕਰ ਕੇ ਪਹਿਲਾ ਉਦੇਸ਼ ਹਾਸਿਲ ਕਰਨਾ ਜ਼ਿਆਦਾ ਔਖਾ ਹੋਵੇਗਾ। ਬਿਨਾਂ ਸ਼ੱਕ, ਚੀਨ ਪਹਿਲਾਂ ਹੀ ਦੋ-ਦੋ ਹੱਥ ਕਰਨ ਲਈ ਤਿਆਰ ਬੈਠਾ ਸੀ। ਪਿਛਲੇ ਦੋ ਦਹਾਕਿਆਂ ਤੋਂ ਅਮਰੀਕਾ ਵਿੱਚ ਚੀਨ ਦੀ ਭੂ-ਆਰਥਿਕ ਘੇਰਾਬੰਦੀ ਬਾਰੇ ਜਿੰਨੀਆਂ ਵੀ ਕਿਤਾਬਾਂ ਤੇ ਪੇਪਰ ਪ੍ਰਕਾਸ਼ਿਤ ਹੋ ਚੁੱਕੇ ਹਨ, ਉਦੋਂ ਤੋਂ ਹੀ ਚੀਨੀਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਉਨ੍ਹਾਂ ਨੂੰ ਕਿਹੋ ਜਿਹੀ ਉਮੀਦ ਰੱਖਣੀ ਚਾਹੀਦੀ ਹੈ ਤੇ ਉਸ ਲਈ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ। ਕੀ ਅਮਰੀਕਾ ਇਸ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਹੈ? ਨਿਰਮਾਣਸਾਜ਼ੀ ਨੂੰ ਸੁਰਜੀਤ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਇਸ ਵਿੱਚ ਸਮੇਂ ਦੇ ਖੱਪਿਆਂ ਦੀ ਭਰਪਾਈ ਦਾ ਸਵਾਲ ਵੀ ਜੁੜਿਆ ਹੁੰਦਾ ਹੈ। ਜੇ ਟਰੰਪ ਦੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਲਈ ਕੁਝ ਸਾਲ ਹੋਰ ਇੰਤਜ਼ਾਰ ਕਰਨਾ ਪੈ ਗਿਆ ਤਾਂ ਕੀ ਉਹ ਬੇਚੈਨ ਨਹੀਂ ਹੋ ਜਾਣਗੇ? ਥੋੜ੍ਹ ਚਿਰਾ ਦਰਦ ਅਤੇ ਦੀਰਘ ਕਾਲੀ ਲਾਭ ਸਿਆਸੀ ਤੌਰ ’ਤੇ ਵਾਰਾ ਨਹੀਂ ਖਾਂਦਾ। ਜੇ ਟਰੰਪ ਦੀ ਘਰੋਗੀ ਹਮਾਇਤ ਸੁੰਗੜ ਗਈ ਤਾਂ ਉਸ ਦੀ ਬਾਹਰੀ ਨੀਤੀ ਪ੍ਰਤੀ ਕਿਹੋ ਜਿਹੇ ਹੁੰਗਾਰੇ ਦੀ ਤਵੱਕੋ ਕੀਤੀ ਜਾਣੀ ਚਾਹੀਦੀ ਹੈ? ਇਹ ਤਾਂ ਹੋਰ ਜ਼ਿਆਦਾ ਖਲਬਲੀ ਵਾਲੀ ਗੱਲ ਹੈ।