April 12, 2025

ਪੰਜਾਬ ‘ਚ ਮੱਚੀ ਹਾਹਾਕਾਰ, 10, 20 ਅਤੇ 50 ਰੁਪਏ ਦੇ ਨੋਟ ਬੰਦ!

ਚੰਡੀਗੜ੍ਹ, 12 ਅਪ੍ਰੈਲ – ਪੰਜਾਬ ਵਿੱਚ ਛੋਟੇ ਮੁੱਲ ਦੇ ਕਰੰਸੀ ਨੋਟਾਂ ਖਾਸ ਕਰਕੇ 10, 20 ਅਤੇ 50 ਰੁਪਏ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਹੇ ਹਨ, ਜੋ ਗੰਭੀਰ ਸਮੱਸਿਆ ਬਣ ਗਈ ਹੈ। ਰੋਜ਼ਾਨਾ ਜ਼ਰੂਰਤਾਂ ਅਤੇ ਲੈਣ-ਦੇਣ ਵਿੱਚ ਇਨ੍ਹਾਂ ਨੋਟਾਂ ਦੀ ਉਪਲਬਧਤਾ ਨਾ ਹੋਣ ਕਾਰਨ, ਛੋਟੇ ਦੁਕਾਨਦਾਰਾਂ, ਆਟੋ-ਰਿਕਸ਼ਾ ਚਾਲਕਾਂ, ਸਬਜ਼ੀ ਵਿਕਰੇਤਾਵਾਂ ਅਤੇ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਭਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਿ 100, 200 ਅਤੇ 500 ਰੁਪਏ ਦੇ ਨੋਟ ਬਾਜ਼ਾਰ ਵਿੱਚ ਕਾਫ਼ੀ ਮਾਤਰਾ ਵਿੱਚ ਉਪਲਬਧ ਹਨ, ਛੋਟੇ ਨੋਟਾਂ ਦੀ ਘਾਟ ਕਾਰਨ, ਗਾਹਕਾਂ ਨੂੰ ਵਧੇਰੇ ਭੁਗਤਾਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਛੋਟੇ ਦੁਕਾਨਦਾਰਾਂ ਨੂੰ ਉਧਾਰ ‘ਤੇ ਸਾਮਾਨ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਨਾਲ ਆਰਥਿਕ ਅਸੰਤੁਲਨ ਦੀ ਸਥਿਤੀ ਪੈਦਾ ਹੋ ਗਈ ਹੈ। ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਬੈਂਕਾਂ ਅਤੇ ਏਟੀਐਮ ਵਿੱਚ ਇਨ੍ਹਾਂ ਛੋਟੇ ਨੋਟਾਂ ਦੀ ਸਪਲਾਈ ਲਗਭਗ ਬੰਦ ਹੋ ਗਈ ਹੈ। ਅਜਿਹੀ ਸਥਿਤੀ ਵਿੱਚ, ਸਵਾਲ ਇਹ ਉੱਠਦਾ ਹੈ ਕਿ ਜਦੋਂ ਬੈਂਕਾਂ ਵਿੱਚ ਨੋਟ ਨਹੀਂ ਹਨ, ਤਾਂ ਕਾਲੇ ਰੰਗ ਵਿੱਚ ਨਵੇਂ ਨੋਟ ਕਿਵੇਂ ਅਤੇ ਕਿੱਥੋਂ ਆ ਰਹੇ ਹਨ। ਰਿਪੋਰਟਾਂ ਅਨੁਸਾਰ, 10 ਅਤੇ 20 ਰੁਪਏ ਦੇ ਨਵੇਂ ਨੋਟ ਬਾਜ਼ਾਰਾਂ ਵਿੱਚ 500 ਤੋਂ 600 ਰੁਪਏ ਪ੍ਰਤੀ ਬੰਡਲ ਦੀ ਦਰ ਨਾਲ ਖੁੱਲ੍ਹੇਆਮ ਵਿਕ ਰਹੇ ਹਨ। ਇਹ ਸਥਿਤੀ ਸਪੱਸ਼ਟ ਤੌਰ ‘ਤੇ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਵੱਲ ਇਸ਼ਾਰਾ ਕਰਦੀ ਹੈ। ਇਸ ਗੰਭੀਰ ਮੁੱਦੇ ਨੂੰ ਲੈ ਕੇ ਪੰਜਾਬ ਪ੍ਰਦੇਸ਼ ਪ੍ਰਚੂਨ ਅਤੇ ਥੋਕ ਕਰਿਆਨੇ ਐਸੋਸੀਏਸ਼ਨ ਨੇ ਬਾਰੇ ਬੈਂਕਾਂ ਨਾਲ ਕਈ ਵਾਰ ਸੰਪਰਕ ਕੀਤਾ, ਪਰ ਕਿਸੇ ਵੀ ਪੱਧਰ ‘ਤੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਮਜਬੂਰੀ ਵਿੱਚ, ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਗੁਪਤਾ ਅਤੇ ਜਨਰਲ ਸਕੱਤਰ ਸਤੀਸ਼ ਜਿੰਦਲ ਨੇ ਆਰਬੀਆਈ ਨਾਲ ਸੰਪਰਕ ਕੀਤਾ। ਲੋਕਪਾਲ ਚੰਡੀਗੜ੍ਹ ਨੂੰ ਇੱਕ ਪੱਤਰ ਭੇਜ ਕੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ।

ਪੰਜਾਬ ‘ਚ ਮੱਚੀ ਹਾਹਾਕਾਰ, 10, 20 ਅਤੇ 50 ਰੁਪਏ ਦੇ ਨੋਟ ਬੰਦ! Read More »

ਅੱਜ PhonePe, Paytm , Google Pay ਦਾ ਸਰਵਰ ਹੋਇਆ ਡਾਊਨ

ਨਵੀਂ ਦਿੱਲੀ, 12 ਅਪ੍ਰੈਲ – ਭਾਰਤ ਭਰ ਦੇ ਬਹੁਤ ਸਾਰੇ ਉਪਭੋਗਤਾਵਾਂ ਲਈ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨੂੰ ਇੱਕ ਵੱਡਾ ਆਊਟੇਜ ਮਿਲਿਆ। ਕਈ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ਤੇ ਆਊਟੇਜ-ਟਰੈਕਿੰਗ ਪਲੇਟਫਾਰਮਾਂ ‘ਤੇ ਰਿਪੋਰਟ ਕੀਤੀ ਕਿ ਪ੍ਰਸਿੱਧ ਐਪਸ ਜਿਵੇਂ ਕਿ Paytm, PhonePe, Google Pay ਨਹੀਂ ਕਰ ਰਹੇ ਸਨ। ਇਸ ਮੁੱਦੇ ਨੇ ਰੋਜ਼ਾਨਾ ਭੁਗਤਾਨਾਂ ਲਈ UPI ‘ਤੇ ਨਿਰਭਰ ਕਰਨ ਵਾਲੇ ਬਹੁਤ ਸਾਰੇ ਲੋਕਾਂ ਲਈ ਹਫੜਾ-ਦਫੜੀ ਮਚਾ ਦਿੱਤੀ, ਜਿਸ ਵਿੱਚ ਸਥਾਨਕ ਖਰੀਦਦਾਰੀ, ਬਿੱਲ ਭੁਗਤਾਨ ਅਤੇ ਪੈਸੇ ਟ੍ਰਾਂਸਫਰ ਸ਼ਾਮਲ ਹਨ। ਇਸ ਰੁਕਾਵਟ ਕਾਰਨ ਡਾਊਨਡਿਟੇਕਟਰ ‘ਤੇ ਸ਼ਿਕਾਇਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ, ਜੋ ਕਿ ਇੱਕ ਪਲੇਟਫਾਰਮ ਹੈ ਜੋ ਔਨਲਾਈਨ ਸੇਵਾ ਸਮੱਸਿਆਵਾਂ ਨੂੰ ਟਰੈਕ ਕਰਦਾ ਹੈ। ਸਾਈਟ ਦੇ ਅਨੁਸਾਰ, ਰਿਪੋਰਟਾਂ ਦੀ ਗਿਣਤੀ ਦੁਪਹਿਰ 12:00 ਵਜੇ ਦੇ ਆਸ-ਪਾਸ 1,200 ਤੋਂ ਵੱਧ ਹੋ ਗਈ। ਲਗਭਗ 66 ਪ੍ਰਤੀਸ਼ਤ ਉਪਭੋਗਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਭੁਗਤਾਨ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ 34 ਪ੍ਰਤੀਸ਼ਤ ਨੇ ਫੰਡ ਟ੍ਰਾਂਸਫਰ ਵਿੱਚ ਸਮੱਸਿਆਵਾਂ ਦੀ ਰਿਪੋਰਟ ਕੀਤੀ। ਆਊਟੇਜ ਨੇ ਵੱਖ-ਵੱਖ ਬੈਂਕਾਂ ਅਤੇ ਪਲੇਟਫਾਰਮਾਂ ਦੇ ਉਪਭੋਗਤਾਵਾਂ ਨੂੰ ਪ੍ਰਭਾਵਿਤ ਕੀਤਾ, ਜੋ ਕਿ UPI ਬੁਨਿਆਦੀ ਢਾਂਚੇ ਦੇ ਅੰਦਰ ਇੱਕ ਵਿਸ਼ਾਲ ਨੈੱਟਵਰਕ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ। UPI (ਯੂਨੀਫਾਈਡ ਪੇਮੈਂਟਸ ਇੰਟਰਫੇਸ) ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦੁਆਰਾ ਵਿਕਸਤ ਇੱਕ ਪ੍ਰਸਿੱਧ ਤਤਕਾਲ ਭੁਗਤਾਨ ਪ੍ਰਣਾਲੀ ਹੈ, ਜੋ ਕਿ ਭਾਰਤੀ ਰਿਜ਼ਰਵ ਬੈਂਕ ਦੀ ਨਿਗਰਾਨੀ ਹੇਠ ਕੰਮ ਕਰਦੀ ਹੈ। ਇਹ ਉਪਭੋਗਤਾਵਾਂ ਨੂੰ NPCI ਤੋਂ ਬਿਨਾਂ ਕਿਸੇ ਖਰਚੇ ਦੇ, ਮੋਬਾਈਲ ਐਪਸ ਰਾਹੀਂ ਬੈਂਕ ਖਾਤਿਆਂ ਵਿਚਕਾਰ ਤੁਰੰਤ ਪੈਸੇ ਟ੍ਰਾਂਸਫਰ ਕਰਨ ਦੇ ਯੋਗ ਬਣਾਉਂਦੀ ਹੈ। UPI ਦੀ ਵਰਤੋਂ ਛੋਟੇ ਕਰਿਆਨੇ ਦੇ ਬਿੱਲਾਂ ਤੋਂ ਲੈ ਕੇ ਵੱਡੇ ਫੰਡ ਟ੍ਰਾਂਸਫਰ ਤੱਕ ਦੇ ਲੈਣ-ਦੇਣ ਲਈ ਵਿਆਪਕ ਤੌਰ ‘ਤੇ ਕੀਤੀ ਜਾਂਦੀ ਹੈ। ਇਹ ਆਟੋਪੇ ਵਿਸ਼ੇਸ਼ਤਾ ਰਾਹੀਂ ਭੁਗਤਾਨਾਂ ਦਾ ਵੀ ਸਮਰਥਨ ਕਰਦਾ ਹੈ, ਜੋ ਉਪਭੋਗਤਾਵਾਂ ਨੂੰ ਬਿੱਲ ਭੁਗਤਾਨਾਂ, ਗਾਹਕੀਆਂ ਤੇ ਹੋਰ ਬਹੁਤ ਕੁਝ ਨੂੰ ਸਵੈਚਲਿਤ ਕਰਨ ਵਿੱਚ ਮਦਦ ਕਰਦਾ ਹੈ।

ਅੱਜ PhonePe, Paytm , Google Pay ਦਾ ਸਰਵਰ ਹੋਇਆ ਡਾਊਨ Read More »

ਕਵਿਤਾ/ਅਹਿਸਾਸ ਮੇਰਾ/ਸੁਖਦੇਵ

ਵਰ੍ਹਾ ਬੀਤ ਗਿਆ, ਬਿਨ ਸੁਣਿਆ ਆਵਾਜ਼ ਤੇਰੀ ਘਰ ਖ਼ਾਲੀ, ਲੋਕ ਪਰਾਏ ਵੇਹੜਾ ਸੁੰਨਾ ਸੁੰਨਾ ਲੱਗਦਾ ਏ ਨਹਿਰ ਮੇਰੇ ਜੀਵਨ ਦੀ ਹੀ ਸੁੱਕੀ ਸਿਰਫ ਦਰਿਆ ਦੁਨੀਆ ਦਾ ਪਹਿਲਾਂ ਵਾਂਗੂ ਵੱਗਦਾ ਏ ਘਰੋਂ ਚੱਲੇ ਜਾਂਦਾ ਹਾਂ ਨਹੀਂ ਘਰ ਕੋਈ ਉਡੀਕਵਾਨ ਰਹਿੰਦਾ ਘਰ ਪਰਤਦਾ ਹਾਂ ਨਹੀਂ ਘਰ ਕੋਈ ਮੇਜ਼ਬਾਨ ਹੁੰਦਾ ਗਿਲੇ ਸ਼ਿਕਵੇ, ਹਾਸੇ -ਠੱਠੇ ਬੇਦਾਵਾ ਦੇ ਗਏ ਸਭ, ਮੈਨੂੰ ਲੱਗਦਾ ਏ ਦਰਿਆ ਦੁਨੀਆਂ ਦਾ ਪਹਿਲਾਂ ਵਾਂਗੂ ਵਗਦਾ ਏ ਨਹਿਰ ਮੇਰੇ ਜੀਵਨ ਦੀ……. ਸਮੁੰਦਰੋਂ ਡੂੰਘੇ, ਅਰਸ਼ੋਂ ਉਚੇ ਮਨੁੱਖ ਦੇ ਅਹਿਸਾਸ ਹੁੰਦੇ ਨੇ ਅਹਿਸਾਸ ਹੀ ਜੀਵਨ ਦੀ ਆਸ ਹੁੰਦੇ ਨੇ, ਮੈਨੂੰ ਲੱਗਦਾ ਏ ਨਹਿਰ ਮੇਰੇ ਜੀਵਨ ਦੀ ਹੀ ਸੁੱਕੀ ਸਿਰਫ ਦਰਿਆ ਦੁਨੀਆਂ ਦਾ ਪਹਿਲਾਂ ਵਾਂਗੂ ਵਗਦਾ ਏ 9872636037 12.04.2025

ਕਵਿਤਾ/ਅਹਿਸਾਸ ਮੇਰਾ/ਸੁਖਦੇਵ Read More »

ਦਲਬੀਰ ਗੋਲਡੀ ਮੁੜ ਕਾਂਗਰਸ ‘ਚ ਹੋਏ ਸ਼ਾਮਲ

ਚੰਡੀਗੜ੍ਹ, 12 ਅਪ੍ਰੈਲ – ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਸ਼ਨਿੱਚਰਵਾਰ ਨੂੰ ਇੱਥੇ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਦੀ ਮੌਜੂਦਗੀ ਵਿੱਚ ਮੁੜ ਕਾਂਗਰਸ ’ਚ ਸ਼ਾਮਲ ਹੋਏ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਵੜਿੰਗ ਨੇ ਐਕਸ ਪੋਸਟ ਸਾਂਝੀ ਕਰਦਿਆਂ ਕਿਹਾ, “ਛੋਟੇ ਭਰਾ ਗੋਲਡੀ ਜੀ ਦਾ ਪਾਰਟੀ ਵਿਚ ਤਹਿ ਦਿਲੋਂ ਸਵਾਗਤ ਹੈ।

ਦਲਬੀਰ ਗੋਲਡੀ ਮੁੜ ਕਾਂਗਰਸ ‘ਚ ਹੋਏ ਸ਼ਾਮਲ Read More »

ਜੱਜਾਂ ਨੂੰ ਗੁੰਡੇ ਕਹਿਣ ਵਾਲੇ ਵਕੀਲ ਨੂੰ ਹੋਈ 6 ਮਹੀਨੇ ਲਈ ਜ਼ੇਲ

ਲਖਨਊ, 12 ਅਪ੍ਰੈਲ – ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਜੱਜਾਂ ਦੀ ਬੇਇੱਜ਼ਤੀ ਕਰਨ ਦੇ ਦੋਸ਼ ਵਿੱਚ ਵਕੀਲ ਅਸ਼ੋਕ ਪਾਂਡੇ ਨੂੰ ਛੇ ਮਹੀਨੇ ਜੇਲ੍ਹ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ। ਉਸ ਨੂੰ ਆਤਮਸਮਰਪਣ ਲਈ ਚਾਰ ਹਫਤਿਆਂ ਦਾ ਸਮਾਂ ਦਿੱਤਾ ਗਿਆ ਹੈ। ਬੈਂਚ ਨੇ ਵਕੀਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇਹ ਵੀ ਪੁੱਛਿਆ ਹੈ ਕਿ ਕਿਉ ਨਾ ਉਸ ’ਤੇ ਹਾਈ ਕੋਰਟ ਵਿੱਚ ਤਿੰਨ ਸਾਲ ਪ੍ਰੈਕਟਿਸ ਕਰਨ ’ਤੇ ਰੋਕ ਲਾਈ ਜਾਵੇ? ਮਾਮਲਾ 18 ਅਗਸਤ 2021 ਦਾ ਹੈ। ਜਸਟਿਸ ਵਿਵੇਕ ਚੌਧਰੀ ਤੇ ਜਸਟਿਸ ਬਿ੍ਰਜਰਾਜ ਸਿੰਘ ਦੀ ਡਵੀਜ਼ਨ ਬੈਂਚ ਅੱਗੇ ਇੱਕ ਲੋਕ ਹਿੱਤ ਪਟੀਸ਼ਨ ਦੀ ਸੁਣਵਾਈ ਚੱਲ ਰਹੀ ਸੀ। ਵਕੀਲ ਪਾਂਡੇ ਬਿਨਾਂ ਵਰਦੀ ਦੇ ਆਇਆ। ਜਦ ਜੱਜਾਂ ਨੇ ਉਸ ਨੂੰ ਟੀ-ਸ਼ਰਟ ਦਾ ਬਟਨ ਬੰਦ ਕਰਨ ਨੂੰ ਕਿਹਾ ਤਾਂ ਉਹ ਭੜਕ ਗਿਆ। ਕੋਰਟ ਵਿੱਚੋਂ ਬਾਹਰ ਜਾਣ ਦੀ ਚਿਤਾਵਨੀ ਮਿਲਣ ’ਤੇ ਉਸ ਨੇ ਜੱਜਾਂ ਨੂੰ ਚੈਲੰਜ ਕਰ ਦਿੱਤਾ। ਏਨਾ ਹੀ ਨਹੀਂ, ਜੱਜਾਂ ’ਤੇ ਗੁੰਡਿਆਂ ਵਰਗਾ ਸਲੂਕ ਕਰਨ ਦਾ ਦੋਸ਼ ਵੀ ਲਾ ਦਿੱਤਾ।

ਜੱਜਾਂ ਨੂੰ ਗੁੰਡੇ ਕਹਿਣ ਵਾਲੇ ਵਕੀਲ ਨੂੰ ਹੋਈ 6 ਮਹੀਨੇ ਲਈ ਜ਼ੇਲ Read More »

ਪੰਜਾਬ ਵਿੱਚ ਮੌਸਮ ਦਾ ਬਦਲਿਆ ਰੂਪ ਢੰਗ

ਚੰਡੀਗੜ੍ਹ, 12 ਅਪ੍ਰੈਲ – ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੀ। ਕੁਝ ਜ਼ਿਲ੍ਹਿਆਂ ਵਿੱਚ ਮੀਂਹ ਵੀ ਪਿਆ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 6.5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ, ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.7 ਡਿਗਰੀ ਸੈਲਸੀਅਸ ਘੱਟ ਰਿਹਾ। ਇਸ ਦੇ ਨਾਲ ਹੀ, ਦੇਰ ਰਾਤ ਦਿੱਲੀ ਵਿੱਚ ਮੌਸਮ ਖ਼ਰਾਬ ਹੋਣ ਤੋਂ ਬਾਅਦ ਕਈ ਉਡਾਣਾਂ ਨੂੰ ਅੰਮ੍ਰਿਤਸਰ ਵੱਲ ਮੋੜ ਦਿੱਤੀਆਂ ਗਈਆਂ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਬੀਤੇ ਦਿਨ ਅੰਮ੍ਰਿਤਸਰ ਵਿੱਚ 4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਹਾਲਾਂਕਿ ਮੌਸਮ ਵਿਭਾਗ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਟਿਆਲਾ ਅਤੇ ਬਠਿੰਡਾ ਵਿੱਚ ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਘੱਟੋ-ਘੱਟ ਤਾਪਮਾਨ ਵੀ ਔਸਤਨ 0.8 ਡਿਗਰੀ ਸੈਲਸੀਅਸ ਘਟਿਆ ਹੈ, ਪਰ ਇਹ ਅਜੇ ਵੀ ਆਮ ਨਾਲੋਂ 4.3 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ ਪਠਾਨਕੋਟ ਦੇ ਥੀਨ ਡੈਮ ਵਿਖੇ 16.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ਵਿੱਚ ਮੌਸਮ ਦਾ ਬਦਲਿਆ ਰੂਪ ਢੰਗ Read More »

ਅੱਜ ਮਾਨ ਕਿਸਾਨਾਂ ਨਾਲ ਰਚਾਉਣਗੇ ਸਿੱਧਾ ਸੰਵਾਦ

ਚੰਡੀਗੜ੍ਹ, 12 ਅਪ੍ਰੈਲ – ਮੁੱਖ ਮੰਤਰੀ ਭਗਵੰਤ ਸਿੰਘ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਆਪਣੀ ਕਿਸਮ ਦੀ ਨਿਵੇਕਲੀ ‘ਸਰਕਾਰ-ਕਿਸਾਨ ਮਿਲਣੀ’ ਦੌਰਾਨ ਸੂਬੇ ਦੇ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਉਣਗੇ। ਇਸ ਮਿਲਣੀ ਦਾ ਉਦੇਸ਼ ਕਿਸਾਨਾਂ ਨੂੰ ਪਾਣੀ ਦੀ ਘੱਟ ਖਪਤ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਅਪਣਾਉਣ ਲਈ ਉਤਸ਼ਾਹਤ ਕਰਨਾ ਹੈ, ਤਾਂ ਕਿ ਧਰਤੀ ਹੇਠਲੇ ਬੇਸ਼ਕੀਮਤੀ ਪਾਣੀ ਨੂੰ ਬਚਾਇਆ ਜਾ ਸਕੇ।ਕਿਸਾਨ ਮਿਲਣੀ ’ਚ 1100 ਤੋਂ ਵੱਧ ਕਿਸਾਨ ਸ਼ਿਰਕਤ ਕਰਨਗੇ।ਇਸ ਮੌਕੇ ਵੱਖ-ਵੱਖ ਸਟਾਲ ਵੀ ਲਾਏ ਜਾਣਗੇ, ਜਿਨ੍ਹਾਂ ਰਾਹੀਂ ਕਿਸਾਨਾਂ ਨੂੰ ਸਰਕਾਰ ਦੁਆਰਾ ਖੇਤੀ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂੰ ਕਰਵਾਇਆ ਜਾਵੇਗਾ।ਇਸ ਵਿਸ਼ੇਸ਼ ਸਰਕਾਰ-ਕਿਸਾਨ ਮਿਲਣੀ ਦਾ ਮਨੋਰਥ ਝੋਨੇ ਦੀ ਬਿਜਾਈ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਪਾਣੀ ਦੀ ਘੱਟ ਖਪਤ ਵਾਲੀਆਂ ਝੋਨੇ ਦੀਆਂ ਕਿਸਮਾਂ ਬਾਰੇ ਜਾਗਰੂਕ ਕਰਨਾ ਹੈ।

ਅੱਜ ਮਾਨ ਕਿਸਾਨਾਂ ਨਾਲ ਰਚਾਉਣਗੇ ਸਿੱਧਾ ਸੰਵਾਦ Read More »

15 ਅਪ੍ਰੈਲ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਰਕ ਵਿਖੇ ਕਰਵਾਏ ਜਾਣਗੇ ਪੰਜਾਬੀ ਭਾਸ਼ਾ ਦੇ ਮੁਕਾਬਲਾ

ਜਲੰਧਰ, 12 ਅਪ੍ਰੈਲ – ਸਮਰਾਟ ਸਕੂਲ ਵਿਰਕ (ਜਲੰਧਰ) ਵਿਖੇ ਪੰਜਾਬੀ ਲਿਸਨਰਜ ਕਲੱਬ ਲੈਸਟਰ/ਯੂਕੇ ਦੀ 30 ਵੀ ਵਰੇਗੰਢ ਦੀ ਖੁਸ਼ੀ ਵਿੱਚ ਮਾਂ -ਪੰਜਾਬੀ ਨੂੰ ਸਮਰਪਿਤ ਦਿਹਾੜਾ 15 ਅਪ੍ਰੈਲ 2025 ਨੂੰ ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ਵਿਰਕ ਵਿਚ ਜਿਲਾ- ਜਲੰਧਰ ਵਿਖੇ ਵਿਦਿਆਰਥੀਆਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਿਖਣ ਬੋਲਣ ਨੂੰ ਉਤਸਾਹਿਤ ਕਰਨ ਲਈ ਮੁਕਾਬਲੇ ਕਰਵਾਏ ਜਾ ਰਹੇ ਹਨ। ਮੁਕਾਬਲਿਆਂ ਨੂੰ ਚਾਰ- ਭਾਗਾਂ ਵਿੱਚ (1) ਸੁੰਦਰ ਲਿਖਤ ਮੁਕਾਬਲੇ (2) ਬੋਲਣ ( ਕਵਿਤਾ ਅਤੇ ਭਾਸ਼ਣ )ਮੁਕਾਬਲੇ (3) ਰੰਗ-ਭਰਨ ਦੇ ਮੁਕਾਬਲੇ4. ਲੇਖ ( ਸਵੈ-ਲਿਖਤ) ਲਿਖਤ ਮੁਕਾਬਲੇ ‘ਪੰਜਾਬੀ ਲਿਸਨਰਜ ਕਲੱਬ’ ‘ਲੈਸਟਰ 9 ਸਤੰਬਰ 1945 ਤੋਂ ਵਿਦੇਸ਼ਾ ਚ ਰਹਿੰਦੇ ਪੰਜਾਬੀ ਵੀਰਾਂ ਭੈਣਾਂ ਦੇ ਯੋਗਦਾਨ ਨਾਲ ਪੰਜਾਬੀ ਲਿਸਨਰਜ ਕਲੱਬ’ ਮਾਂ-ਬੋਲੀ ਪੰਜਾਬੀ, ਸਿੱਖ ਧਰਮ ਦੇ ਪ੍ਰਚਾਰ – ਪ੍ਰਸਾਰ ਅਤੇ ਪੰਜਾਬੀ ਸਭਿਆਚਾਰ ਦੇ ਸਾਂਭ-ਸੰਭਾਲ ਲਈ ਸੇਵਾ ਨਿਭਾ ਰਿਹਾ ਹੈ। ਇਸ ਪੰਜਾਬੀਆਂ ਦੇ ਕਲੱਬ ਨੇ ਯੂ. ਕੇ .ਦੀਆਂ ਰਜਿਸਟਰਡ  ਚੈਰਟੀਜ ਜਿਵੇਂ ਚਿਲਡਰਨ ਇਨ ਨੀਡ ਵਿਸ਼ਿਸ 4 ਕਿਡਜ਼, ਰੋਕੋ ਕੈਂਸਰ, ਲੈਸਟਰ ਲੋਰਡ ਮੇਅਰ ਚੈਰਿਟੀ ਅਤੇ ਖਾਲਸਾ ਏਡ ਇੰਟਰਨੈਸ਼ਨਲ ਲਈ ਹਜਾਰਾ ਹੀ ਪੋਂਡ ਸੰਗਤ ਅਤੇ ਸਥਾਨਕ ਗੁਰਦੁਆਰਾ ਸਾਹਿਬ ਜੀ ਦੇ ਸਹਿਯੋਗ ਰਾਹੀਂ ਭੇਂਟ ਕੀਤੇ ਹਨ। ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਸ.ਤਰਲੋਚਨ ਸਿੰਘ 58 ਸਾਲ ਪਹਿਲਾਂ ਸ. ਪ੍ਰ . ਸਮਾਰਟ ਸਕੂਲ ਵਿਰਕ ਤੋ ਹੀ ਪੜੇ ਹੋਏ ਹਨ, ਜੋ ਅੱਜ ਕਲ੍ਹ ਵਿਦੇਸ਼ ਵਿੱਚ ਰਹਿ ਰਹੇ ਹਨ ਤੇ ਪੰਜਾਬ , ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਲਈ ਤਤਪਰ ਰਹਿੰਦੇ ਹਨ ਤੇ ਹੁਣ 15ਅਪ੍ਰੈਲ ਨੂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦਿਹਾੜਾ ਸ.ਪ੍ਰ.ਸਮਾਰਟ ਸਕੂਲ ਵਿਰਕ ਦੇ ਸਮੂਹ ਅਧਿਆਪਕ ਗ੍ਰਾਮ ਪੰਚਾਇਤ ਵਿਰਕ, ਸ਼ਹੀਦ ਭਗਤ ਸਿੰਘ ਲੋਕ ਭਲਾਈ ਯੰਗ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਵਿਦਿ ਦੇ ਮੁਕਾਬਲੇ ਕਰਵਾਉਂਣ ਜਾ ਰਹੇ ਹਨ ।

15 ਅਪ੍ਰੈਲ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਰਕ ਵਿਖੇ ਕਰਵਾਏ ਜਾਣਗੇ ਪੰਜਾਬੀ ਭਾਸ਼ਾ ਦੇ ਮੁਕਾਬਲਾ Read More »

ਬੁੱਧ ਚਿੰਤਨ/ਮਾਹੌਲ ਠੀਕ ਹੈ/ਬੁੱਧ ਸਿੰਘ ਨੀਲੋਂ

ਮਾਹੌਲ ਠੀਕ ਠਾਕ ਹੈ, ਇੱਕ ਸਬ ਇੰਸਪੈਕਟਰ ਦਾ ਕਤਲ ਹੋਇਆ ਹੈ, ਪਟਿਆਲਾ ਵਿੱਚ ਗੋਲੀਆਂ ਚੱਲੀਆਂ ਹਨ, ਥਾਰ ਗੱਡੀ ਵਾਲੀ ਚਿੱਟੇ ਸਮੇਤ ਫੜੀ ਹੈ, ਇੱਕ ਇੰਸਪੈਕਟਰ ਪੰਜ ਕਿਲੋ ਚਿੱਟੇ ਸਮੇਤ ਕਾਬੂ ਕੀਤਾ ਹੈ, ਦਰਜਨ ਕੁ ਲੁੱਟਾਂ ਖੋਹਾਂ ਹੋਈਆਂ ਹਨ, ਚਾਰ ਕੁ ਘਰਾਂ ਉਤੇ ਬੁਲਡੋਜ਼ਰਾਂ ਨਾਲ ਸਫ਼ਾਈ ਕੀਤੀ ਹੈ, ਦੋਰਾਹਾ ਮੰਡੀ ਦਾ ਇੱਕ ਚੇਅਰਮੈਨ ਕਬਜ਼ੇ ਵਿੱਚ ਨਾਮਜ਼ਦ ਕੀਤਾ ਹੈ, ਸਰਪੰਚਣੀ ਦਾ ਘਰਵਾਲਾ ਚਿੱਟੇ ਸਮੇਤ ਅੜਿੱਕੇ ਚੜ੍ਹਿਆ ਹੈ। ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਗੈਂਗਸਟਰ ਅਜੇ ਕੋਈ ਫੜਿਆ ਨਹੀਂ, ਕਿਸੇ ਦੇ ਲੱਤ ਵਿੱਚ ਗੋਲੀ ਨਹੀਂ ਮਾਰੀ, ਕਿਸੇ ਨੂੰ ਘਰੋਂ ਫ਼ੜ ਕੇ ਪੁਲਿਸ ਮੁਕਾਬਲਾ ਨਹੀਂ ਕੀਤਾ। ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਪਖ਼ਾਨਿਆਂ ਦੇ ਉਦਘਾਟਨ ਸਮਾਰੋਹ ਬੰਦ ਕਰ ਦਿੱਤੇ ਹਨ। ਕੁਲ ਮਿਲਾ ਕੇ ਸਥਿਤੀ ਸ਼ਾਂਤ ਪੂਰਵਕ ਹੈ। ਮਾਹੌਲ ਠੀਕ ਹੈ, ਪੁਲਿਸ ਮੁਸਤੈਦ ਹੈ। ਸਬ ਇੰਸਪੈਕਟਰ ਦੇ ਕਾਤਲ ਪੁਲਿਸ ਦੀ ਪਕੜ ਤੋਂ ਬਾਹਰ ਹਨ, ਘਰਾਂ ਵਿਚੋਂ ਚੁੱਕ ਕੇ ਨੌਜਵਾਨਾਂ ਨੂੰ ਕ਼ਤਲ ਕਰਨ ਵਾਲੇ ਪੁਲਿਸ ਅਧਿਕਾਰੀ ਖਾਮੋਸ਼ ਹਨ। ਉਹਨਾਂ ਦੀਆਂ ਕੀਤੀਆਂ ਅੱਗੇ ਆ ਰਹੀਆਂ ਹਨ। ਆਪੇ ਬੀਜਿ ਤੇ ਆਪੇ ਖਾ, ਦਾ ਵਰਤਾਰਾ ਬਣਿਆ ਹੋਇਆ ਹੈ। ਉਂਝ ਮਾਹੌਲ ਠੀਕ ਹੈਂ। ਮੌਸਮ ਠੰਢਾ ਹੋਇਆ ਹੈ, ਮੀਂਹ ਤੇ ਝੱਖੜ ਝੁੱਲ ਸਕਦਾ ਹੈ, ਕੋਈ ਹੋਰ ਨਿਰਦੋਸ਼ ਪਸ਼ੂ ਪੰਛੀ ਤੇ ਮਨੁੱਖ ਮਾਰਿਆ ਜਾ ਸਕਦਾ ਹੈ। ਹੋਣੀ ਨੂੰ ਕੌਣ ਟਾਲ ਸਕਦਾ ਹੈ। ਸਰਕਾਰ ਨੇ ਪੁਲਿਸ ਅਧਿਕਾਰੀ ਦਾ ਮੁੱਲ ਦੋ ਕਰੋੜ ਰੁਪਏ ਪਾਇਆ ਹੈ, ਕਾਤਲਾਂ ਨੂੰ ਭਜਾਇਆ ਹੈ। ਸਰਕਾਰ ਵਲੋਂ ਕਾਤਲਾਂ ਲਈ ਕੋਈ ਸੁਨੇਹਾ ਨਹੀਂ ਆਇਆ, ਇਸ ਲਈ ਪੁਲਿਸ ਅਧਿਕਾਰੀ ਆਪਣੀ ਜਾਨ ਦੀ ਰਾਖੀ ਖੁਦ ਕਰਨ। ਉਹ ਮੂੰਹ ਜ਼ੁਬਾਨੀ ਹੁਕਮਾਂ ਨੂੰ ਛਿੱਕੇ ਟੰਗ ਕੇ ਕਾਨੂੰਨ ਦਾ ਸ਼ਿਕੰਜਾ ਕਸਣ। ਨਹੀਂ ਤਾਂ ਇਹ ਅੱਗ ਉਹਨਾਂ ਤੱਕ ਪੁੱਜੀ ਸਮਝੋ, ਤਰਨਤਾਰਨ ਵਾਲੀ ਖ਼ਬਰ ਤੋਂ ਕੁੱਝ ਸਿੱਖਣ ਦੀ ਕੋਸ਼ਿਸ਼ ਕਰਨ। ਨਹੀਂ ਤਾਂ ਬੁਢਾਪੇ ਵਿੱਚ ਜੇਲ੍ਹ ਕੱਟਣੀ ਔਖੀ ਹੁੰਦੀ ਹੈ। ਸੀਬੀਆਈ ਅਦਾਲਤ ਕਿਸੇ ਨੂੰ ਮੁਆਫ਼ ਨਹੀਂ ਕਰਦੀ। ਆਪਣੇ ਖੂਨ ਨਾਲ ਲਿਬੜੇ ਹੱਥਾਂ ਪੈਰਾਂ ਤੇ ਮੂੰਹ ਧੋਵੋ। ਕਾਨੂੰਨ ਦੀ ਰਾਖੀ ਕਰੋ, ਬਹੁਤ ਮੁਫ਼ਤ ਦਾ ਮਾਲ ਛਕਿਆ ਹੈ, ਰਿਸ਼ਵਤਖੋਰੀ ਨਾਲ ਮਹਿਲ ਉਸਾਰੇ ਗਏ ਹਨ। ਸਭ ਇਥੇ ਹੀ ਰਹਿ ਜਾਣੇ ਹਨ। ਨਾਲ਼ ਕੁੱਝ ਨਹੀਂ ਜਾਣਾ। ਸੰਭਲੋ ਪੰਜਾਬੀਓ ਦੁਸ਼ਮਣ ਦੀਆਂ ਚਾਲਾਂ ਨੂੰ, ਉਹਨਾਂ ਭਰਾ ਮਾਰੂ ਹੱਲਾ ਬੋਲਿਆ ਹੈ। ਹੁਣ ਤੀਜਾ ਘੱਲੂਘਾਰਾ ਹੋਵੇਗਾ। ਬਚਾਅ ਹੁੰਦਾ ਹੈ ਬਚ ਜਾਵੋ। ਪੰਜਾਬ ਨੂੰ ਸੋਚੀ ਸਮਝੀ ਸਾਜ਼ਿਸ਼ ਅਧੀਨ ਅੱਸੀਵਿਆਂ ਦੇ ਦਹਾਕੇ ਵੱਲ ਧੱਕਿਆ ਜਾ ਰਿਹਾ ਹੈ। ਹੁਣ ਚਿਹਰੇ ਬਦਲੇ ਹਨ, ਨੀਤੀਆਂ ਓਹੀ ਹਨ, ਪੰਜਾਬ ਦੇ ਲੋਕਾਂ ਨੂੰ ਇਹਨਾਂ ਚਾਲਾਂ ਨੂੰ ਸਮਝਣਾ ਚਾਹੀਦਾ ਹੈ, ਸਿਆਸੀ ਪਾਰਟੀਆਂ ਦੇ ਆਗੂਆਂ ਇਸ ਕਹਾਣੀ ਦਾ ਸੱਚ ਪਤਾ ਹੈ, ਉਹਨਾਂ ਨੇ ਲੋਕਾਂ ਦਾ ਧਿਆਨ ਬਦਲਣ ਲਈ ਸਿਆਸੀ ਰੇੜਕਾ ਪਾਇਆ ਹੋਇਆ ਹੈ। ਪੰਜਾਬ ਦੇ ਲੋਕਾਂ ਨੂੰ ਜੱਟ ਬਨਾਮ ਦਲਿਤ ਭਾਈਚਾਰੇ ਵਿੱਚ ਵੰਡ ਕੇ ਉਕਸਾਇਆ ਜਾ ਰਿਹਾ ਹੈ। ਡਾਕਟਰ ਅੰਬੇਡਕਰ ਦੀਆਂ ਮੂਰਤੀਆਂ ਦੇ ਨਾਲ ਛੇੜਛਾੜ ਕਰਵਾ ਕੇ ਮਾਹੌਲ ਗਰਮਾਇਆ ਜਾ ਰਿਹਾ ਹੈ। ਦਲਿਤ ਭਾਈਚਾਰੇ ਨੂੰ ਭੜਕਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਸਾਜ਼ਿਸ਼ਾਂ ਨੂੰ ਸਮਝਣ ਦੀ ਲੋੜ ਹੈ, ਦੁਸ਼ਮਣ ਬਹੁਤ ਸ਼ਾਤਰ ਦਿਮਾਗ ਨਾਲ ਹਮਲਾ ਕਰ ਰਿਹਾ ਹੈ। ਇਸਨੂੰ ਸਮਝਣ ਦੀ ਲੋੜ ਹੈ ਪਰ ਪੰਜਾਬ ਦੇ ਲੋਕਾਂ ਨੇ ਕੰਨਾਂ ਵਿੱਚ ਤੇਲ ਪਾਇਆ ਹੋਇਆ ਹੈ ਤੇ ਮੂੰਹ ਉਤੇ ਛਿਕਲੀਆਂ ਬੰਨੀਆਂ ਹੋਈਆਂ ਹਨ। ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਕੀ ਹੋ ਰਿਹਾ ਪਰ ਚੁੱਪ ਚਾਪ ਤਮਾਸ਼ਾ ਤੱਕਦੇ ਹਨ। ਤੁਸੀਂ ਜਾਵੋ, ਛਿੱਤਰ ਤੇ ਗੋਲੀਆਂ ਖਾਓ। ——— ਭਾਈ ਪੜ੍ਹ ਕੇ ਕਿਹੜਾ ਡੀਸੀ ਲੱਗਣਾ ਹੈ ? ਸਰਕਾਰ ਨੂੰ ਬੱਚਿਆਂ ਦਾ ਬਹੁਤ ਫਿਕਰ ਹੈ। ਇਸੇ ਕਰਕੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਹਨ ਸਰਕਾਰ ਨੂੰ ਵਿਰਾਸਤ ਵਿੱਚ ਦੇਸ਼ ਵਿੱਚੋਂ ਪਹਿਲੇ ਨੰਬਰ ਉਤੇ ਆਉਣ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੋਇਆ ਹੈ। ਚੌਕੀ ਦੀ ਛਾਲ ਕਿਹੜਾ ਸੌਖੀ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਕ੍ਰਿਸ਼ਨ ਕੁਮਾਰ ਰਲ ਮਾਰੀ ਸੀ, ਪੰਜਾਬ ਦੇਸ਼ ਵਿੱਚੋਂ ਸਿੱਖਿਆ ਦੇ ਖੇਤਰ ਵਿੱਚ ਅੱਵਲ ਆਇਆ ਸੀ, ਕ੍ਰਿਸ਼ਨ ਕੁਮਾਰ ਪਹਿਲਾਂ ਸਿੱਖਿਆ ਦਾ ਮਿਆਰ ਅੰਕੜਿਆਂ ਰਾਹੀਂ ਘਟਾਇਆ ਤੇ ਫੇਰ ਵਧਾਇਆ ਸੀ, ਕਿਸੇ ਅਧਿਆਪਕ ਯੂਨੀਅਨ ਨੇ ਇਸ ਘਪਲੇ ਦੀ ਭਿਣਕ ਨਹੀਂ ਪੈਣ ਦਿੱਤੀ। ਕਿਵੇਂ ਰਾਤੋ ਰਾਤ ਨਤੀਜਿਆਂ ਦੇ ਅੰਕੜਿਆਂ ਨੂੰ ਬਦਲਿਆ ਸੀ। ਇਹ ਯੂਨੀਅਨਾਂ ਸਿਰਫ਼ ਆਪਣੀਆਂ ਤਨਖਾਹਾਂ ਲਈ ਧਰਨੇ ਲਗਾਉਂਦੀਆਂ ਹਨ, ਪੰਜਾਬ ਦਾ ਜਿਹੜਾ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਕਰ ਗਿਆ, ਉਸ ਦੇ ਬਾਰੇ ਕੋਈ ਅਧਿਆਪਕਾਂ ਦੀ ਜਥੇਬੰਦੀ ਦੱਸ ਸਕਦੀ ਹੈ?? ਹੁਣ ਤਾਂ ਮੋਦੀ ਸਰਕਾਰ ਲੋਕਾਂ ਨੂੰ ਗੁਲਾਮ ਬਣਾਉਣ ਲਈ ਨੀਤੀਆਂ ਹੀ ਅਜਿਹੀਆਂ ਲਿਆ ਰਹੀ ਹੈ, ਸਿਖਿਆ ਸੰਸਥਾਵਾਂ ਦੀ ਲੋੜ ਹੀ ਨਹੀਂ ਰਹਿਣੀ। ਹੁਣ ਜਦ ਸਿੱਖਿਆ ਤੋਂ ਬਿਨਾਂ ਸਰ ਸਕਦਾ ਫੇਰ ਪੜ੍ਹਾਈ ਲਿਖਾਈ ਦੀ ਕੀ ਲੋੜ ਹੈ। ਨਾਲੇ ਬੱਚਿਆਂ ਨੇ ਪੜ੍ਹ ਕੇ ਕਿਹੜਾ ਡੀਸੀ ਬਣ ਜਾਣਾ ? ਰੁਜ਼ਗਾਰ ਦੀ ਖਾਤਰ ਪੁਲਿਸ ਦੀਆਂ ਡਾਂਗਾ ਹੀ ਖਾਣੀਆਂ । ਪੰਜਾਬ ਸਰਕਾਰ ਦੀ ਹਾਲਤ ਆਸ਼ਕ ਵਰਗੀ ਹੈ। ਬੀਬੀ ਰਣਜੀਤ ਕੌਰ ਦੇ ਗਾਏ ਗੀਤ ਦੇ ਬੋਲਾਂ ਵਰਗੀ। ਇਸ਼ਾਰੇ ਦਿੱਲੀ ਤੋਂ ਹੁੰਦਾ ਹੈ, ਛਿੱਤਰ ਪਰੇਡ ਪੰਜਾਬ ਦੇ ਲੋਕਾਂ ਦੀ ਹੁੰਦੀ ਹੈ। ਪੰਜਾਬ ਦੇ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਤੁਸੀਂ ਬੀਬੀ ਰਣਜੀਤ ਕੌਰ ਦੇ ਗਾਏ ਗੀਤ ਦੇ ਬੋਲਾਂ ਨੂੰ ਮਨ ਵਿੱਚ ਚਿਤ ਵਿੱਚ ਗਾਓ। ਤੁਹਾਨੂੰ ਸਮਝ ਲੱਗ ਜਾਵੇਗੀ। “ਨੀ ਓਧਰੋਂ ਰੁਮਾਲ ਹਿੱਲਿਆ.. ਮੇਰੀ ਇਧਰੋਂ ਉਡੀ ਫੁਲਕਾਰੀ !” ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕੀ ਹੋ ਰਿਹਾ ਹੈ, ਕਰ ਕੌਣ ਰਿਹਾ ਹੈ, ਕਰਵਾ ਕੌਣ ਰਿਹਾ ਹੈ। ਭਗਵੰਤ ਸ਼ਾਹ ਤਾਂ ਮੋਹਰਾ ਹੈ, ਇਸ ਦੇ ਹਰੇ ਪੈਨ ਦੀ ਸਿਆਹੀ ਮੁੱਕ ਗਈ ਹੈ। ਉਪਰ ਰੁਮਾਲ ਵਾਲਾ ਕੌਣ ਹੈ ? ਪਤਾ ਕਿਸੇ ਵੀਰ ਭਾਈ ਤੇ ਭੈਣ ਨੂੰ ? ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ! ਸਾਨੂੰ ਅਕਲ ਕਦੋਂ ਆਵੇਗੀ, ਫੋਕੀ ਹੈੰਕੜ ਸਾਨੂੰ ਮਾਰ ਮੁਕਾਵੇਗੀ। ਅਗਲੀਆਂ ਨਸਲਾਂ ਦੇ ਲਈ ਅਸੀਂ ਕੀ ਛੱਡਕੇ ਜਾ ਰਹੇ ਹਾਂ ? ਪ੍ਰਦੂਸ਼ਣ, ਗੰਦ, ਤੇ ਸੁੱਕੇ ਖੇਤ, ਪਾਣੀ ਤਾਂ ਵੀਹ ਸਾਲ ਜੋਗਾ ਰਹਿ ਗਿਆ। ਸਾਨੂੰ ਅਗਲੀਆਂ ਨਸਲਾਂ ਲਾਹਣਤਾਂ ਪਾਉਣਗੀਆਂ ! ਕੁੱਝ ਸੋਚੋ, ਵਿਚਾਰੋ ਤੇ ਅਕਲ ਨੂੰ ਹੱਥ ਮਾਰੋ। ਬੁੱਧ ਸਿੰਘ ਨੀਲੋਂ 94643 70823

ਬੁੱਧ ਚਿੰਤਨ/ਮਾਹੌਲ ਠੀਕ ਹੈ/ਬੁੱਧ ਸਿੰਘ ਨੀਲੋਂ Read More »