March 14, 2025

ਕੈਨੇਡਾ ਨੇ ਮਾਪਿਆਂ, ਦਾਦਾ-ਦਾਦੀ ਦੀ ਪੀ.ਆਰ ਸਪਾਂਸਰਸ਼ਿਪ ਅਰਜ਼ੀਆਂ ’ਤੇ ਲੱਗੀ ਰੋਕ ਹਟਾਈ

ਟੋਰਾਂਟੋ, 14 ਮਾਰਚ – ਕੈਨੇਡਾ ਤੋਂ ਚੰਗੀ ਖ਼ਬਰ ਹੈ । ਕੈਨੇਡਾ 2025 ਵਿਚ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ ਨੂੰ ਦੁਬਾਰਾ ਖੋਲ੍ਹ ਰਿਹਾ ਹੈ। ਕੈਨੇਡਾ ਵਿਚ ਵਸਦੇ ਪ੍ਰਵਾਸੀਆਂ ਦੇ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਨੂੰ ਪੀ.ਆਰ. (ਸਥਾਈ ਨਿਵਾਸ ਸਪਾਂਸਰਸ਼ਿਪ) ਦੇਣ ਦੀ ਯੋਜਨਾ ’ਤੇ ਲੱਗੀ ਆਰਜ਼ੀ ਰੋਕ ਨੂੰ ਹਟਾਉਂਦਿਆਂ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਮੌਜੂਦਾ ਵਰ੍ਹੇ ਦੌਰਾਨ 10 ਹਜ਼ਾਰ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਕੈਨੇਡਾ ਲਿਆ ਕੇ ਉਨ੍ਹਾਂ ਨੂੰ ਇਥੇ ਰਹਿਣ ਅਤੇ ਕੰਮ ਕਰਨ ਦਾ ਮੌਕਾ ਦੇ ਸਕਣਗੇ। ਸਾਲ 2020 ਦੌਰਾਨ ਅਪਣੇ ਮਾਤਾ-ਪਿਤਾ, ਦਾਦਾ-ਦਾਦੀ ਜਾਂ ਨਾਨ-ਨਾਨੀ ਨੂੰ ਕੈਨੇਡਾ ਸੱਦਣ ਦੀ ਇੱਛਾ ਪ੍ਰਗਟਾਉਣ ਵਾਲੇ ਬਿਨੈਕਾਰਾਂ ਵਿਚੋਂ ਇਮੀਗ੍ਰੇਸ਼ਨ ਮੰਤਰਾਲਾ ਅਪਣੀ ਮਰਜ਼ੀ ਨਾਲ ਅਰਜ਼ੀਆਂ ਦੀ ਚੋਣ ਕਰੇਗਾ ਅਤੇ ਇਨ੍ਹਾਂ ਦੀ ਪ੍ਰੋਸੈਸਿੰਗ ਵਿਚ ਘੱਟੋ ਘੱਟ 24 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਪਰ ਕਿਊਬੈਕ ਨਾਲ ਸਬੰਧਤ ਅਰਜ਼ੀਆਂ ਦੇ ਨਿਪਟਾਰੇ ਵਿਚ 48 ਮਹੀਨੇ ਦਾ ਸਮਾਂ ਲੱਗਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ ਕਿਉਂਕਿ ਸੂਬਾ ਸਰਕਾਰ ਵਲੋਂ ਅਪਣੇ ਫ਼ੈਮਿਲੀ ਕਲਾਸ ਵਿਚ ਵੀਜ਼ਿਆਂ ਦੀ ਗਿਣਤੀ ਬੇਹੱਦ ਸੀਮਤ ਕੀਤੀ ਜਾ ਚੁੱਕੀ ਹੈ। ਇਸ ਯੋਜਨਾ ਦਾ ਸੱਭ ਤੋਂ ਵੱਡਾ ਫ਼ਾਇਦਾ ਭਾਰਤੀ ਪੰਜਾਬੀਆਂ ਨੂੰ ਹੋਵੇਗਾ, ਜੋ ਅਪਣੇ ਬੱਚਿਆਂ ਨਾਲ ਕੈਨੇਡਾ ਵਿਚ ਰਹਿਣਾ ਚਾਹੁੰਦੇ ਹਨ। ਕੈਨੇਡੀਅਨ ਗਜ਼ਟ ਵਿਚ ਪ੍ਰਕਾਸ਼ਤ ਹਦਾਇਤਾਂ ਮੁਤਾਬਕ ਪਰਵਾਰਾਂ ਦਾ ਮਿਲਾਪ ਕਰਵਾਉਣ ਲਈ ਸਰਕਾਰ ਵਚਨਬੱਧ ਹੈ ਪਰ ਅਤੀਤ ਵਿਚ ਆਈਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਲ ਵੀ ਧਿਆਨ ਦੇਣਾ ਲਾਜ਼ਮੀ ਹੈ। ਅਪਣੇ ਪੇਰੈਂਟਸ ਜਾਂ ਗਰੈਂਡ ਪੇਰੈਂਟਸ ਨੂੰ ਕੈਨੇਡਾ ਸੱਦਣ ਦੇ ਇੱਛੁਕ ਪ੍ਰਵਾਸੀਆਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵਲ ਜਾ ਸਕਦੇ ਹਨ ਜਿਸ ਰਾਹੀਂ ਪੰਜ ਸਾਲ ਤਕ ਕੈਨੇਡਾ ਵਿਚ ਠਹਿਰਾਅ ਕੀਤਾ ਜਾ ਸਕਦਾ ਹੈ ਅਤੇ ਦੋ ਸਾਲ ਦਾ ਹੋਰ ਵਾਧਾ ਵੀ ਕਰਵਾਇਆ ਜਾ ਸਕਦਾ ਹੈ।

ਕੈਨੇਡਾ ਨੇ ਮਾਪਿਆਂ, ਦਾਦਾ-ਦਾਦੀ ਦੀ ਪੀ.ਆਰ ਸਪਾਂਸਰਸ਼ਿਪ ਅਰਜ਼ੀਆਂ ’ਤੇ ਲੱਗੀ ਰੋਕ ਹਟਾਈ Read More »

ਇੰਪਰੂਵਮੈਂਟ ਟਰੱਸਟ ਵੱਲੋਂ ਇੱਕ ਕਮਰਸ਼ੀਅਲ ਇਮਾਰਤ ਨੂੰ ਢਾਉਣ ਦੀ ਕੋਸ਼ਿਸ਼ ਬਣੀ ਚਰਚਾ ਦਾ ਵਿਸ਼ਾ

ਗੁਰਦਾਸਪੁਰ, 14 ਮਾਰਚ – ਗੁਰਦਾਸਪੁਰ ਸ਼ਹਿਰ ਦੀ ਨਗਰ ਸੁਧਾਰ ਟਰਸਟ ਦੀ ਸਕੀਮ ਨੰਬਰ 7 ਵਿੱਚ ਸਥਿਤ ਇੱਕ ਵਪਾਰਕ ਜਮੀਨ ਉੱਪਰ ਬਣੀ ਇੱਕ ਇਮਾਰਤ ਸ਼ਹਿਰ ਵਾਸੀਆਂ ਲਈ ‌ਚਰਚਾ ਦਾ ਵਿਸ਼ਾ ਬਣ ਗਈ ਹੈ । ਜਾਣਕਾਰੀ ਅਨੁਸਾਰ ਨਗਰ ਸੁਧਾਰ ਟਰੱਸਟ ਦੀ ਟੀਮ ਸਬੰਧਤ ਅਧਿਕਾਰੀਆਂ ਅਤੇ ਜਮੀਨ ਦੇ ਮਾਲਕਾਂ ਨੂੰ ਨਾਲ ਲੈ ਕੇ ਇਮਾਰਤ ਨੂੰ ਤੋੜਨ ਲਈ ਤਿਆਰ ਸੀ ਪਰ ਕਾਬਜਕਾਰ ਦੇ ਵਿਰੋਧ ਦੇ ਚਲਦਿਆਂ ਇਹ ਕਾਰਵਾਈ ਨਹੀਂ ਹੋ ਸਕੀ। 40 ਮਰਲੇ ਦੀ ਜਮੀਨ ਅਤੇ ਇਸਦੇ ਕੁਝ ਹਿੱਸੇ ਤੇ ਬਣੀ ਇਮਾਰਤ ਦੀ ਮਲਕੀਅਤ ਨੂੰ ਲੈ ਕੇ ਦੋ ਭਰਾ ਆਪਣੇ ਆਪਣੇ ਦਾਅਵੇ ਪੇਸ਼ ਕਰ ਰਹੇ ਹਨ। ਇੱਕ ਧਿਰ ਦਿਨੇਸ਼ ਕੁਮਾਰ ਦਾ ਕਹਿਣਾ ਹੈ ਕਿ ‌ ਜਮੀਨ ਨਗਰ ਕੌਂਸਲ ਵੱਲੋਂ ਅਕਵਾਇਰ ਕਰ ਲਈ ਗਈ ਹੈ ਅਤੇ ਇਸ ਤੇ ਬਣੀ ਇਮਾਰਤ ਨੂੰ ਢਾਉਣ ਦੇ ਹੁਕਮ ਸਬੰਧਤ ਮਹਿਕਮੇ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਹਨ ਪਰ ਉਸਦਾ ਭਰਾ ਰੂਪੇਸ਼ ਕੁਮਾਰ ਜਿਸ ਦਾ ਇਸ ਜਗਹਾ ਤੇ ਕਬਜ਼ਾ ਹੈ ਰਾਜਨੀਤਿਕ ਪ੍ਰਭਾਵ ਦੇ ਚਲਦੇ ਅਜਿਹਾ ਨਹੀਂ ਹੋਣ ਦੇ ਰਿਹਾ ਜਦਕਿ ਦੂਜੀ ਧਿਰ ਰੂਪੇਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਭਰਾ ਦਿਨੇਸ਼ ਕੁਮਾਰ ਸਿਰਫ ਅੱਠ ਮਰਲੇ ਦਾ ਮਾਲਕ ਹੈ ਬਾਕੀ 32 ਮਰਲੇ ਜਮੀਨ ਉਹਨਾਂ ਦੇ ਨਾਂ ਹੈ ‌। ਇੰਪਰੂਵਮੈਂਟ ਟਰਸਟ ਬਿਨਾਂ ਉਹਨਾਂ ਨੂੰ ਮੁਆਵਜਾ ਦਿੱਤੇ ਜ਼ਬਰਦਸਤੀ ਉਹਨਾਂ ਦੀ ਇਮਾਰਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਦੋਹਾਂ ਧਿਰਾਂ ਵੱਲੋਂ ਵੱਖ-ਵੱਖ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਗਈਆਂ ਹਨ। ਦਿਨੇਸ਼ ਕੁਮਾਰ ਨੇ ਦੱਸਿਆ ਕਿ ਤਿੱਬੜੀ ਰੋਡ ’ਤੇ ਸਥਿਤ ਇੱਕ ਏਜੰਸੀ ਦੀ ਜਮੀਨ ਦੇ ਉਹ ਮਾਲਕ ਹਨ ਅਤੇ ਨਗਰ ਸੁਧਾਰ ਟਰਸਟ ਵੱਲੋਂ ਉਕਤ ਜਮੀਨ ਅਕਵਾਇਰ ਕੀਤੀ ਗਈ ਸੀ। ਜਿਸ ਉੱਪਰ ਬਣੀ ਇਮਾਰਤ ਨੂੰ ਅਜੇ ਤੱਕ ਤੋੜਿਆ ਨਹੀਂ ਗਿਆ। ਉਨਾਂ ਕਿਹਾ ਕਿ ਇਮਾਰਤ ਨੂੰ ਤੋੜ ਕੇ ਇੱਥੇ 3 ਐਸਸੀਐਫ ਬਣਨੇ ਹਨ ਜਿਨਾਂ ਦੀ ਅਲਾਟਮੈਂਟ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਬਤੌਰ ਜਮੀਨ ਮਾਲਕ ਦੇਣ ਦਾ ਫੈਸਲਾ ਕੀਤਾ ਗਿਆ ਸੀ। ਪਰ ਅਜੇ ਤੱਕ ਇੱਥੇ ਜਮੀਨ ਇਮਾਰਤ ਨੂੰ ਤੋੜ ਕੇ ਐਸਸੀਐਫ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੋਇਆ ਜਿਸ ਕਾਰਨ ਉਨਾਂ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਉਚ ਅਧਿਕਾਰੀਆਂ ਤੱਕ ਕਈ ਵਾਰ ਪਹੁੰਚ ਕੀਤੀ ਅਤੇ ਅੱਜ ਸਰਕਾਰ ਵੱਲੋਂ ਉਨਾਂ ਨੂੰ ਰਾਹਤ ਦਿੰਦੇ ਹੋਏ ਬਕਾਇਦਾ ਟਾਈਮ ਦੇ ਕੇ ਇਮਾਰਤ ਤੋੜਨ ਲਈ ਬੁਲਾਇਆ ਗਿਆ ਸੀ। ਇਸ ਸੰਬੰਧ ਵਿੱਚ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੀ ਟੀਮ ਵੱਲੋਂ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਇਮਾਰਤ ਤੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਸੀ। ਪਰ ਉਸ ਦੇ ਰੂਪੇਸ਼ ਕੁਮਾਰ ਵੱਲੋਂ ਇਸ ਮਾਮਲੇ ਵਿੱਚ ਅੜਚਨ ਪੈਦਾ ਕਰਕੇ ਅਤੇ ਸਿਆਸੀ ਅਸਰਰਸੂਖ ਵਰਤ ਕੇ ਉਕਤ ਇਮਾਰਤ ਨੂੰ ਤੋੜਨ ਦਾ ਕੰਮ ਰੁਕਵਾ ਦਿੱਤਾ ਗਿਆ ਹੈ। ਦੂਜੇ ਪਾਸੇ ਦੂਸਰੀ ਧਿਰ ਨਾਲ ਸੰਬੰਧਿਤ ਰੂਪੇਸ਼ ਕੁਮਾਰ ਉਰਫ ਬਿੱਟੂ ਨੇ ਕਿਹਾ ਕਿ ਇਸ ਜਮੀਨ ਵਿੱਚ ਕੋਈ ਸਿਆਸੀ ਦਖਲ ਅੰਦਾਜੀ ਨਹੀਂ ਹੈ। 32 ਮਰਲੇ ਜਮੀਨ ਉਸਦੇ ਅਤੇ ਉਸਦੇ ਹੋਰ ਰਿਸ਼ਤੇਦਾਰਾਂ ਦੇ ਨਾਂ ਹੈ ਅਤੇ ਦਿਨੇਸ਼ ਕੁਮਾਰ ਦੇ ਨਾਂ ਸਿਰਫ ਅੱਠ ਮਰਲੇ ਜਮੀਨ ਹੈ ‌। ਉਹਨਾਂ ਵੱਲੋਂ ਇਹ ਜਮੀਨ ਇਮਪਰੂਵਮੈਂਟ ਟਰਸਟ ਨੂੰ ਨਹੀਂ ਦਿੱਤੀ ਗਈ ‌ ਅਤੇ ਨਾ ਹੀ ਕੋਈ ਮੁਆਵਜ਼ਾ ਲਿਆ ਗਿਆ ਹੈ ਇਸ ਲਈ ਇੰਪਰੂਵਮੈਂਟ ਟਰਸਟ ਨੂੰ ਇਸ ਨੂੰ ਤੋੜਨ ਦਾ ਕੋਈ ਹੱਕ ਨਹੀਂ ਬਣਦਾ ।

ਇੰਪਰੂਵਮੈਂਟ ਟਰੱਸਟ ਵੱਲੋਂ ਇੱਕ ਕਮਰਸ਼ੀਅਲ ਇਮਾਰਤ ਨੂੰ ਢਾਉਣ ਦੀ ਕੋਸ਼ਿਸ਼ ਬਣੀ ਚਰਚਾ ਦਾ ਵਿਸ਼ਾ Read More »

ਜੀਜੇ ਦੀ ਮਰਸਡੀਜ਼ ਲੈ ਕੇ ਨਿਕਲੇ ਨੌਜਵਾਨ ਨੇ 2 ਨੂੰ ਉਤਾਰਿਆ ਮੌਤ ਦੇ ਘਾਟ

ਦੇਹਰਾਦੂਨ, 14 ਮਾਰਚ – ਸਥਾਨਕ ਰਾਜਪੁਰ ਰੋਡ ਉੱਤੇ ਬੁੱਧਵਾਰ ਰਾਤ ਕਾਰ ਨੇ ਸੜਕ ਕੰਢੇ ਪੈਦਲ ਚੱਲ ਰਹੇ 4 ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਕਾਰ ਦੀ ਲਪੇਟ ਵਿੱਚ ਆ ਕੇ ਦੋ ਸਕੂਟੀ ਸਵਾਰ ਗੰਭੀਰ ਜ਼ਖਮੀ ਹੋ ਗਏ। ਸਿਲਵਰ ਗਰੇਅ ਰੰਗ ਦੀ ਮਰਸਡੀਜ਼ ਕਾਰ ਚੰਡੀਗੜ੍ਹ ਨੰਬਰ ਦੀ ਸੀ ਤੇ ਇਸ ਨੂੰ 22 ਸਾਲਾ ਵੰਸ਼ ਕਤਿਆਲ ਚਲਾ ਰਿਹਾ ਸੀ। ਮੂਲ ਰੂਪ ਵਿੱਚ ਯੂ ਪੀ ਦੇ ਮੁਰਾਦਾਬਾਦ ਦਾ ਕਤਿਆਲ ਦੇਹਰਾਦੂਨ ਨੌਕਰੀ ਦੇ ਸਿਲਸਿਲੇ ਵਿੱਚ ਆਇਆ ਸੀ। ਰਾਤ ਨੂੰ ਉਹ ਜੀਜੇ ਦੀ ਮਰਸਡੀਜ਼ ਵਿੱਚ 12 ਸਾਲਾ ਭਾਣਜੇ ਨੂੰ ਘੁਮਾਉਣ ਨਿਕਲਿਆ ਸੀ। ਕਾਰ ਚਾਲਕ ਨੂੰ ਫੜਨ ਲਈ ਪੁਲਸ ਦੀ ਟੀਮ ਚੰਡੀਗੜ੍ਹ ਪੁੱਜੀ, ਜਿਥੇ ਪਤਾ ਲੱਗਿਆ ਕਿ ਹਰਬੀਰ ਆਟੋਮੋਬਾਈਲ ਵਾਲਿਆਂ ਨੇ ਫਰਵਰੀ 2023 ਵਿੱਚ ਇਹ ਗੱਡੀ ਖਰੀਦੀ ਸੀ ਤੇ ਜੂਨ 2023 ਵਿੱਚ ਦਿੱਲੀ ਦੇ ਇੱਕ ਡੀਲਰ ਨੂੰ ਵੇਚ ਦਿੱਤੀ ਸੀ। ਦਿੱਲੀ ਦੇ ਡੀਲਰ ਤੋਂ ਪਤਾ ਲੱਗਿਆ ਕਿ ਉਸ ਨੇ ਕਾਰ ਇੱਕ ਹੋਰ ਏਜੰਸੀ ਨੂੰ ਦੇ ਦਿੱਤੀ ਸੀ। ਉਸ ਏਜੰਸੀ ਨੇ ਜੁਲਾਈ 2024 ਵਿੱਚ ਲਖਨਊ ਦੇ ਜਤਿਨ ਪ੍ਰਸਾਦ ਵਰਮਾ ਨੂੰ ਵੇਚ ਦਿੱਤੀ, ਜਿਸ ਦਾ ਦੇਹਰਾਦੂਨ ਦੇ ਜਾਖਨ ਵਿੱਚ ਘਰ ਤੇ ਕਾਰੋਬਾਰੀ ਦਫਤਰ ਹੈ। ਪੁਲਸ ਨੇ ਬਰਕਲੇ ਮੋਟਰਜ਼ ਲਿਮਟਿਡ ਮਰਸਡੀਜ਼ ਬੈਂਜ ਮੋਹੱਬੇਵਾਲਾ ਦੇਹਰਾਦੂਨ ਕੋਲੋਂ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਕਾਰ 24 ਨਵੰਬਰ 2024 ਨੂੰ ਸਰਵਿਸ ਲਈ ਆਈ ਸੀ, ਜਿਹੜੀ ਜਤਿਨ ਪ੍ਰਸਾਦ ਵਰਮਾ ਦੇ ਨਾਂਅ ’ਤੇ ਹੈ। ਫਿਰ ਪੁਲਸ ਨੇ ਸੀ ਸੀ ਟੀ ਵੀ ਫੁਟੇਜ਼ ਦੇ ਸਹਾਰੇ ਕਾਰ ਇੱਕ ਖਾਲੀ ਪਲਾਟ ਵਿੱਚ ਲੱਭ ਲਈ। ਨਾਲ ਦੇ ਫਲੈਟ ’ਚ ਰਹਿੰਦੇ ਮੋਹਿਤ ਮਲਿਕ ਨੇ ਦੱਸਿਆ ਕਿ ਕਾਰ ਉਸ ਦਾ ਵਾਕਫ ਵੰਸ਼ ਕਤਿਆਲ ਇਹ ਕਹਿ ਕੇ ਖੜ੍ਹੀ ਕਰਕੇ ਗਿਆ ਸੀ ਕਿ ਕਾਰ ਵਿੱਚ ਕੁਝ ਸਮੱਸਿਆ ਹੋ ਗਈ ਹੈ। ਉਸ ਨੇ ਭਾਣਜੇ ਨੂੰ ਜਾਖਨ ਛੱਡਣ ਲਈ ਉਸ ਤੋਂ ਸਕੂਟੀ ਮੰਗੀ। ਭਾਣਜੇ ਨੂੰ ਛੱਡ ਕੇ ਉਹ ਵਾਪਸ ਆਇਆ ਤੇ ਸਕੂਟੀ ਦੇ ਕੇ ਚਲੇ ਗਿਆ। ਜਤਿਨ ਪ੍ਰਸਾਦ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ 12 ਮਾਰਚ ਨੂੰ ਕਾਰ ਸਾਲੇ ਨੂੰ ਦਿੱਤੀ ਸੀ। ਇਸ ਤੋਂ ਬਾਅਦ ਵੰਸ਼ ਨੂੰ ਆਈ ਐੱਸ ਬੀ ਟੀ ਦੇਹਰਾਦੂਨ ਤੋਂ ਕਾਬੂ ਕਰ ਲਿਆ ਗਿਆ। ਉਸ ਨੇ ਦੱਸਿਆ ਕਿ ਉਹ ਮੁਰਾਦਾਬਾਦ ਦਾ ਹੈ ਤੇ ਬੀ ਬੀ ਏ ਕਰਨ ਦੇ ਬਾਅਦ ਦਿੱਲੀ ’ਚ ਨੌਕਰੀ ਕਰਦਾ ਸੀ। ਨੌਕਰੀ ਛੁੱਟ ਜਾਣ ਦੇ ਬਾਅਦ ਉਹ ਕੰਮ ਦੀ ਭਾਲ ਵਿੱਚ ਦੇਹਰਾਦੂਨ ਆਇਆ ਸੀ। ਫਿਲਹਾਲ ਉਹ ਪੀ ਜੀ ਵਿੱਚ ਰਹਿ ਰਿਹਾ ਸੀ ਅਤੇ 12 ਮਾਰਚ ਨੂੰ ਜੀਜੇ ਦੀ ਕਾਰ ਲੈ ਕੇ ਭਾਣਜੇ ਨੂੰ ਘੁਮਾਉਣ ਲਈ ਮਸੂਰੀ ਰੋਡ ਵੱਲ ਗਿਆ ਸੀ ਤੇ ਵਾਪਸੀ ’ਤੇ ਕਾਰ ਅੱਗੇ ਦੋ ਸਕੂਟੀਆਂ ਆ ਗਈਆਂ। ਕਾਰ ਇੱਕ ਸਕੂਟੀ ਨਾਲ ਟਕਰਾਅ ਕੇ ਬੇਕਾਬੂ ਹੋ ਗਈ।

ਜੀਜੇ ਦੀ ਮਰਸਡੀਜ਼ ਲੈ ਕੇ ਨਿਕਲੇ ਨੌਜਵਾਨ ਨੇ 2 ਨੂੰ ਉਤਾਰਿਆ ਮੌਤ ਦੇ ਘਾਟ Read More »

ਸੂਪੜਾ ਸਾਫ

ਜ਼ਬਰਦਸਤ ਧੜੇਬੰਦੀ ਤੇ ਹਾਈਕਮਾਨ ਦੀ ਬੇਪਰਵਾਹੀ ਕਾਰਨ ਤੀਜੀ ਵਾਰ ਹਰਿਆਣਾ ਅਸੰਬਲੀ ਚੋਣਾਂ ਹਾਰਨ ਵਾਲੀ ਕਾਂਗਰਸ ਨੂੰ ਨਗਰ ਨਿਗਮ ਚੋਣਾਂ ਵਿੱਚ ਵੀ ਬੁਰੀ ਮਾਰ ਪਈ ਹੈ। 10 ਵਿੱਚੋਂ 9 ਨਗਰ ਨਿਗਮਾਂ ਵਿੱਚ ਭਾਜਪਾ ਆਪਣੇ ਮੇਅਰ ਬਣਾਉਣ ਵਿੱਚ ਕਾਮਯਾਬ ਰਹੀ ਹੈ, ਜਦਕਿ ਮਾਨੇਸਰ ਵਿੱਚ ਮੇਅਰ ਬਣਨ ਵਾਲਾ ਆਜ਼ਾਦ ਉਮੀਦਵਾਰ ਇੰਦਰਜੀਤ ਯਾਦਵ ਵੀ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਦਾ ਕਰੀਬੀ ਹੈ। ਇਸ ਤਰ੍ਹਾਂ ਨਿਗਮ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਗੜ੍ਹ ਰੋਹਤਕ ਸਮੇਤ ਹਰ ਸ਼ਹਿਰ ’ਚ ਕਾਂਗਰਸ ਦਾ ਸੂਪੜਾ ਸਾਫ ਹੋ ਗਿਆ। ਪੰਜ ਨਗਰ ਕੌਂਸਲਾਂ ’ਤੇ ਵੀ ਭਾਜਪਾ ਜੇਤੂ ਰਹੀ, ਜਦਕਿ 23 ਮਿਊਂਸਪਲ ਕਮੇਟੀਆਂ ਵਿੱਚੋਂ 9 ਵਿੱਚ ਭਾਜਪਾ ਤੇ 14 ਵਿੱਚ ਆਜ਼ਾਦ ਸਫਲ ਰਹੇ। ਨਤੀਜੇ ਕਾਂਗਰਸ ਨੂੰ ਇਸ ਪੱਖੋਂ ਹੋਰ ਵੀ ਸ਼ਰਮਸਾਰ ਕਰਨ ਵਾਲੇ ਹਨ ਕਿ ਇਸ ਨੇ ਚੋਣਾਂ ਪਾਰਟੀ ਨਿਸ਼ਾਨ ’ਤੇ ਲੜੀਆਂ, ਇਹ ਸੋਚ ਕੇ ਕਿ ਇਸ ਨਾਲ ਉਨ੍ਹਾਂ ਵਰਕਰਾਂ ਵਿੱਚ ਹੌਸਲਾ ਪੈਦਾ ਹੋਵੇਗਾ, ਜਿਹੜੇ ਤੀਜੀ ਵਾਰ ਅਸੰਬਲੀ ਚੋਣ ਹਾਰਨ ਤੋਂ ਬਾਅਦ ਨਿਰਾਸ਼ਾ ਦੇ ਆਲਮ ਵਿੱਚ ਚਲੇ ਗਏ ਹਨ। ਕਈ ਆਗੂ ਪਾਰਟੀ ਨਿਸ਼ਾਨ ’ਤੇ ਚੋਣਾਂ ਲੜਨ ਦੇ ਖਿਲਾਫ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਹਾਰਨ ’ਤੇ ਸਥਾਨਕ ਪੱਧਰ ’ਤੇ ਪਾਰਟੀ ਦੀ ਕਮਜ਼ੋਰੀ ਹੋਰ ਉੱਭਰ ਕੇ ਸਾਹਮਣੇ ਆਏਗੀ। ਚੋਣਾਂ ਲਈ ਪਾਰਟੀ ਦੀ ਤਿਆਰੀ ਦਾ ਪਤਾ ਇੱਥੋਂ ਲੱਗਦਾ ਹੈ ਕਿ ਹਿਸਾਰ ਵਿੱਚ ਕਈ ਵਾਰਡਾਂ ’ਚ ਇਸ ਨੂੰ ਉਮੀਦਵਾਰ ਹੀ ਨਹੀਂ ਲੱਭੇ। ਨਤੀਜਿਆਂ ਨੇ ਇਹ ਵੀ ਸਾਹਮਣੇ ਲਿਆਂਦਾ ਹੈ ਕਿ ਪਾਰਟੀ ਸਥਾਨਕ ਪੱਧਰ ਤੱਕ ਕਿੰਨੀ ਕਮਜ਼ੋਰ ਹੋ ਚੁੱਕੀ ਹੈ। ਪੁਰਾਣੇ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ 2014 ਤੱਕ ਪਾਰਟੀ ਦੀ ਹਾਲਤ ਬਲਾਕ ਪੱਧਰ ਤੱਕ ਚੰਗੀ ਸੀ, ਜਦੋਂ ਫੂਲ ਚੰਦ ਮੌਲਾਣਾ ਸੂਬਾ ਪ੍ਰਧਾਨ ਹੁੰਦੇ ਸਨ। ਮੌਲਾਣਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਕਰੀਬੀ ਸਨ। ਮੌਲਾਣਾ ਦੀ ਥਾਂ ਅਸ਼ੋਕ ਤੰਵਰ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ। ਤੰਵਰ ਤੋਂ ਬਾਅਦ ਸਾਂਸਦ ਕੁਮਾਰੀ ਸ਼ੈਲਜਾ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਵੀ ਸਥਿਤੀ ਨਹੀਂ ਸੁਧਰੀ, ਕਿਉਕਿ ਸ਼ੈਲਜਾ ਨਾਲ ਵੀ ਹੁੱਡਾ ਦੀ ਨਹੀਂ ਬਣੀ। ਅਸੰਬਲੀ ਚੋਣਾਂ ਵੇਲੇ ਹਾਈਕਮਾਨ ਨੇ ਹੁੱਡਾ ਪਿਓ-ਪੁੱਤਰ (ਭੁਪਿੰਦਰ-ਦੀਪੇਂਦਰ) ’ਤੇ ਭਰੋਸਾ ਕਰਕੇ ਜ਼ਿਆਦਾ ਟਿਕਟਾਂ ਉਨ੍ਹਾਂ ਦੇ ਧੜੇ ਨੂੰ ਦੇ ਦਿੱਤੀਆਂ। ਇਸ ਨਾਲ ਧੜੇਬੰਦੀ ਹੋਰ ਵਧੀ ਤੇ ਨਤੀਜਨ ਕਾਂਗਰਸ ਜਿੱਤੀ ਬਾਜ਼ੀ ਗੁਆ ਬੈਠੀ। ਸੂਬੇ ਵਿੱਚ ਹਾਲਾਤ ਇਹ ਹਨ ਕਿ ਪਿਛਲੇ ਸਾਲ ਅਕਤੂਬਰ ਵਿੱਚ ਹੋਈਆਂ ਅਸੰਬਲੀ ਚੋਣਾਂ ਤੋਂ ਬਾਅਦ ਅਜੇ ਤੱਕ ਪਾਰਟੀ ਅਸੰਬਲੀ ਵਿੱਚ ਆਪਣਾ ਆਗੂ ਨਹੀਂ ਚੁਣ ਸਕੀ। ਹਰਿਆਣਾ ਵਿੱਚ ਪਾਰਟੀ ਦੀ ਮਾੜੀ ਹਾਲਤ ਲਈ ਸਿਰਫ ਸੂਬਾਈ ਆਗੂਆਂ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਹਾਈਕਮਾਨ ਦਾ ਰਵੱਈਆ ਵੀ ਮੁਜਰਮਾਨਾ ਹੈ। ਜਿਹੜੀ ਹਾਈਕਮਾਨ 90 ਅਸੰਬਲੀ ਤੇ 10 ਲੋਕ ਸਭਾ ਸੀਟਾਂ ਵਾਲੇ ਰਾਜ ਦੀ ਜਥੇਬੰਦੀ ਨੂੰ ਹੀ ਦਰੁੱਸਤ ਨਹੀਂ ਕਰ ਸਕਦੀ, ਉਸ ਦੀ ਕਾਬਲੀਅਤ ਨੂੰ ਕਿੰਨੇ ਨੰਬਰ ਦਿੱਤੇ ਜਾ ਸਕਦੇ ਹਨ? ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਗੁਜਰਾਤ ਦੌਰੇ ਦੌਰਾਨ ਕਿਹਾ ਸੀ ਕਿ ਸੂਬੇ ਵਿੱਚ ਪਾਰਟੀ ਦੇ ਕਈ ਆਗੂ ਭਾਜਪਾ ਲਈ ਕੰਮ ਕਰਦੇ ਹਨ, ਜਿਨ੍ਹਾਂ ਨੂੰ ਬਾਹਰ ਕਰਨ ਦੀ ਲੋੜ ਹੈ।

ਸੂਪੜਾ ਸਾਫ Read More »