February 28, 2025

ਸੋਚ ਸਮਝ ਕੇ ਬਣਵਾਓ ਟੈਟੂ ! ਬਣ ਸਕਦੈ ਨੇ ਕੈਂਸਰ ਦੀ ਵਜ੍ਹਾ

ਟੂ’ ਜਾਂ ‘ਟੈਟੋ’ ਇੱਕ ਪੌਲੀਨੀਸ਼ੀਅਨ ਸ਼ਬਦ ‘ਤਤੌ’ ਤੋਂ ਲਿਆ ਗਿਆ ਸ਼ਬਦ ਹੈ ।ਜਿਸ ਦਾ ਭਾਵ ਹੈ ‘ਲਿਖਣਾ’।ਟੈਟੂ ਜਾਂ ਤਤੋਲਾ ਸਰੀਰ ਦੀ ਤਵਚਾ ਉੱਤੇ ਰੰਗੀਨ ਸ਼ਕਲਾਂ ਛਾਪਣ ਲਈ ਅੰਗ ਵਿਸ਼ੇਸ਼ ਉੱਤੇ ਜਖਮ ਕਰਕੇ,ਚੀਰਾ ਲਾ ਕੇ ਜਾਂ ਸੂਈ ਨਾਲ ਵਿੰਨ੍ਹ ਕੇ ਉਸ ਦੇ ਅੰਦਰ ਲੱਕੜੀ ਦੇ ਕੋਇਲੇ ਦਾ ਚੂਰਣ, ਰਾਖ ਜਾਂ ਫਿਰ ਰੰਗਣ ਵਾਲੇ ਮਸਾਲੇ ਭਰ ਦਿੱਤੇ ਜਾਂਦੇ ਹਨ।ਜਖਮ ਭਰ ਜਾਣ ਤੇ ਤਵਚਾ ਦੇ ਉੱਤੇ ਸਥਾਈ ਰੰਗੀਨ ਸ਼ਕਲ ਵਿਸ਼ੇਸ਼ ਬਣ ਜਾਂਦੀ ਹੈ।ਟੈਟੂਆਂ ਦਾ ਰੰਗ ਆਮ ਤੌਰ ‘ਤੇ ਗਹਿਰਾ ਨੀਲਾ, ਕਾਲ਼ਾ ਜਾਂ ਹਲਕਾ ਲਾਲ ਹੁੰਦਾ ਹੈ।ਖੁਣਨ ਦਾ ਇੱਕ ਢੰਗ ਹੋਰ ਵੀ ਹੈ।ਜਿਸਦੇ ਨਾਲ ਬਨਣ ਵਾਲੀ ਆਰਥਰੋਪਲਾਸਟੀ ਨੂੰ ਖ਼ਤ-ਚਿਹਨ ਕਿਹਾ ਜਾਂਦਾ ਹੈ।ਇਸ ਵਿੱਚ ਕਿਸੇ ਇੱਕ ਹੀ ਸਥਾਨ ਦੀ ਤਵਚਾ ਨੂੰ ਵਾਰ ਵਾਰ ਵਿੰਨਦੇ ਹਨ ਅਤੇ ਜਖਮ ਦੇ ਠੀਕ ਹੋ ਜਾਣ ਦੇ ਬਾਅਦ ਉਸ ਸਥਾਨ ਤੇ ਇੱਕ ਉੱਭਰਿਆ ਹੋਇਆ ਚੱਕ ਬਣ ਜਾਂਦਾ ਹੈ।ਜੋ ਦੇਖਣ ਵਿੱਚ ਰੇਸ਼ੇਦਾਰ ਲੱਗਦਾ ਹੈ।ਪਸ਼ੂਆਂ ਵਿੱਚ ਖੁਣਨਾ ਪਛਾਣ ਜਾਂ ਬਰਾਂਡਿੰਗ ਲਈ ਵਰਤਿਆ ਜਾਂਦਾ ਹੈ। ਪਰ ਮਨੁੱਖਾਂ ਵਿੱਚ ਇਸ ਦਾ ਉਦੇਸ਼ ਸਜਾਵਟੀ ਹੈ।ਕੁੱਝ ਦੇਸ਼ਾਂ ਜਾਂ ਜਾਤੀਆਂ ਵਿੱਚ ਰੰਗੀਨ ਟੈਟੂ ਖੁਣਨਾਉਣ ਦੀ ਪ੍ਰਥਾ ਹੈ ਤਾਂ ਕੁੱਝ ਵਿੱਚ ਕੇਵਲ ਖ਼ਤ ਚਿਨਾ ਦੀ।ਪਰ ਕੁੱਝ ਅਜਿਹੀਆਂ ਵੀ ਜਾਤੀਆਂ ਹਨ।ਜਿਹਨਾਂ ਵਿੱਚ ਦੋਨਾਂ ਪ੍ਰਕਾਰ ਦੇ ਟੈਟੂ ਪ੍ਰਚੱਲਤ ਹਨ।ਟੈਟੂ ਤਿੰਨ ਵਿਆਪਕ ਸ਼੍ਰੇਣੀਆਂ ਵਿੱਚ ਆ ਜਾਂਦੇ ਹਨ।ਸਜਾਵਟੀ ,ਸੰਕੇਤਕ ਤੇ ਸਕੋਟਿਕ।ਟੈਟੂ ਲੰਬੇ ਸਮੇਂ ਤੋਂ ‘ਪੱਛਮੀ ਜਗਤ’ ਵਿੱਚ ਅਸਭਿਅਕ ਲੋਕਾਂ ਨਾਲ ਅਤੇ ਪਿਛਲੇ 100 ਸਾਲਾਂ ਦੌਰਾਨ ਮਲਾਹ ਅਤੇ ਕਿਰਤੀ ਲੋਕਾਂ ਨਾਲ ਜੁੜੇ ਰਹੇ ਹਨ।20ਵੀਂ ਸਦੀ ਦੇ ਅੰਤ ਤੱਕ ਟੈਟੂ ਸੱਭਿਆਚਾਰ ਦੇ ਬਹੁਤ ਸਾਰੇ ਪੱਛਮੀ ਬਦਨਾਮ ਧੱਬੇ ਮਿਟ ਗਏ ਸਨ ਅਤੇ ਇਹ ਸਭਨਾਂ ਜੈਂਡਰਾਂ ਦੇ ਲੋਕਾਂ ਦੇ ਲਈ ਇੱਕ ਫੈਸ਼ਨ ਦੀ ਵਸਤ ਬਣ ਗਏ।ਟੈਟੂ ਦਾ ਰੁਝਾਨ ਕੋਈ ਨਵਾਂ ਨਹੀਂ ।ਸਗੋਂ ਇਹ ਵਾਹਵਾ ਦਹਾਕੇ ਪੁਰਾਣਾ ਹੈ।ਪਹਿਲਾਂ ਵੀ ਇਹ ਰੁਝਾਨ ਪਰਚਲਤ ਸੀ।ਉਸ ਵਕਤ ਕੋਈ ਟਾਂਵਾਂ ਟਾਂਵਾ ਸ਼ੋਕੀਨ ਨੌਜਵਾਨ ਹੀ ਇਹ ਟੈਟੂ ਪੱਟ ਉੱਤੇ ਮੋਰਨੀ ਦੇ ਰੂਪ ਚ ਉਕਰਾਉਂਦਾ ਸੀ।ਜਦੋਂ ਅਸੀ ਨਿੱਕੇ ਹੁੰਦੇ ਸਾਂ ਉਸ ਟਾਈਮ ਸੁਣਿਆ ਕਰਦੇ ਸਾਂ ਕੀ ਫਲਾਣੇ ਬੰਦੇ ਨੇ ਪੱਟ ਜਾਂ ਡੌਲੇ ਉੱਤੇ ਟੈਟੂ ਬਨਵਾਏ ਹੋਇਆ ਹੈ।ਇਸੇ ਕਰਕੇ ਹੀ ਪੁਰਾਣੇ ਪੰਜਾਬੀ ਗਾਣਿਆਂ ਚ ਪੱਟ ਉੱਤੇ ਮੋਰਨੀ ਪਵਾਉਣ ਦੇ ਚਰਚੇ ਰਹਿੰਦੇ ਸਨ।ਉਸ ਨੂੰ ਹੀ ਟੈਟੂ ਦਾ ਆਗਾਜ਼ ਮੰਨਿਆ ਜਾਂਦਾ ਹੈ। ਉਦੋਂ ਸਰੀਰ ਦੇ ਹੋਰ ਕਿਸੇ ਅੰਗ ਤੇ ਬਹੁਤ ਘੱਟ ਟੈਟੂ ਬਣਵਾਇਆ ਜਾਂਦਾ ਸੀ। ਵਕਤ ਬਦਲਣ ਨਾਲ ਟੈਟੂ ਦਾ ਰਿਵਾਜ ਵੀ ਬਦਲ ਗਿਆ। ਇਸੇ ਕਰਕੇ ਅੱਜ ਕੱਲ ਇਹ ਟੈਟੂ ਪੂਰੇ ਸਰੀਰ ਉੱਤੇ ਖੁਦਵਾਉਂਦੇ ਨੇ ।ਭਾਰਤ ਦੇ ਮੁਕਾਬਲੇ ਬਾਹਰਲੇ ਮੁਲਕਾਂ ਚ ਟੈਟੂ ਖੁਦਵਾਉਣ ਜਾ ਬਨਵਾਉਣ ਦਾ ਟ੍ਰੈਂਡ ਵਧੇਰੇ ਹੈ।ਪੁਰਾਣੇ ਸਮਿਆਂ ਵਾਂਗ ਹੁਣ ਪੱਟ ਤੇ ਮੋਰਨੀ ਬਣਾਉਣ ਦਾ ਟ੍ਰੈਂਡ ਨਹੀਂ ਹੈ ।ਬਲਕੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਵਧੇਰੇ ਕਰਕੇ ਬਾਹਾਂ ਤੇ ਜਾ ਫੇਰ ਧੌਣ ਤੇ ਟੈਟੂ ਬਨਵਾਏ ਜਾ ਰਹੇ ਹਨ। ਹੁਣ ਤਾ ਨੌਜਵਾਨ ਆਪਣੀ ਪੂਰੀ ਛਾਤੀ ਉੱਤੇ ਵੀ ਟੈਟੂ ਬਣਾਉਂਦੇ ਹਨ ।ਇਹ ਟੈਟੂ ਵੱਖਰੀ ਵੱਖਰੀ ਕਿਸਮ ਦੇ ਹੁੰਦੇ ਹਨ। ਮੈਂ ਜੇ ਕਿਸੇ ਹੋਰ ਦੀ ਗੱਲ ਨਾ ਕਰਕੇ ਆਪਣੇ ਫਰਜ਼ੰਦ ਦੀ ਹੀ ਗੱਲ ਕਰ ਲਵਾਂ ਤਾ ਉਸ ਨੇ ਆਪਣੀ ਧੌਣ ਤੇ ਬਾਂਹ ਉੱਤੇ 2-3 ਟੈਟੂ ਬਨਵਾਏ ਹੋਏ ਹਨ।ਉਸ ਨੂੰ ਮਿਊਜ਼ਿਕ ਨਾਲ ਲਗਾਅ ਹੋਣ ਕਰਕੇ ਉਸ ਨੇ ਆਪਣੀ ਧੌਣ ਉੱਤੇ ਮਿਊਜ਼ਿਕ ਦਾ ਟੈਟੂ ਬਣਵਾਇਆ ਹੋਇਆ ਹੈ।ਜਦੋ ਕਿ ਆਪਣੀ ਬਾਂਹ ਉੱਤੇ ਵੀ ਉਸ ਨੇ ਵੱਖਰੀ ਤਰਾਂ ਦੇ ਟੈਟੂ ਬਨਵਾਏ ਹੋਏ ਹਨ। ਜਿੰਨਾ ਚ ਸੱਜੀ ਬਾਂਹ ਉੱਤੇ ਉਸਨੇ ਆਪਣੇ ਫਾਦਰ ਮਤਲਬ ਮੇਰਾ ,ਮਦਰ (ਫੋਟੋ ਸਣੇ) ਤੇ ਆਪਣੀ ਵੱਡੀ ਸਿਸਟਰ ਦਾ ਟੈਟੂ ਬਣਵਾਇਆ ਹੋਇਆ ਹੋ।ਜੋ ਫਾਦਰ ਮਦਰ ਤੇ ਸਿਸਟਰ ਪ੍ਰਤੀ ਮੋਹ ਨੂੰ ਦਰਸਾਉਂਦਾ ਹੈ। ਇਸੇ ਤਰਾ ਇਕ ਟੈਟੂ ਪੇਸੈਂਸ ਦਾ ਬਣਵਾਇਆ ਹੋਇਆ ਹੈ।ਕਿਉਂ ਕੇ ਉਸ ਚ ਖੁਦ ਚ ਬਹੁਤ ਪੈਸੇਂਸ ਹੈ । ਸੋ ਮੈਂ ਇਹ ਉਦਾਹਰਣ ਏਥੇ ਤਾ ਦੇ ਰਿਹਾ ਹੈ ਕੇ ਟੈਟੂ ਜਰੂਰ ਬਣਵਾਉ ਜਰੂਰ।ਪਰ ਓਹੀ ਟੈਟੂ ਬਣਵਾਉ ਜੋ ਕੋਈ ਨਾ ਕੋਈ ਸੰਦੇਸ਼ ਦਿੰਦੇ ਹੋਵੇ।ਜੋ ਵੇਖਣ ਨੂੰ ਸੋਹਣੇ ਲੱਗਣ ਤੇ ਨਾਲ ਨਾਲ ਸੰਦੇਸ਼ ਵੀ ਦਿੰਦੇ ਹੋਣ।ਤਾਂ ਜੋ ਸਮਾਜ ਨੂੰ ਉਹਨਾਂ ਟੈਟੂਆਂ ਤੋ ਕੋਈ ਮੈਸੇਜ ਮਿਲ ਸਕੇ ।ਬਿਨ ਲਤਲਬ ਦੇ ਟੈਟੂ ਬਨਵਾਉਣ ਦਾ ਕੋਈ ਫਾਇਦਾ ਨਹੀਂ ਹੈ ।ਹਮੇਸ਼ਾ ਮੈਸੇਜ ਦਿੰਦੇ ਟੈਟੂ ਬਣਵਾਉ ।ਬਹੁਤ ਸਾਰੇ ਲੋਕ ਟੈਟੂ ਬਨਵਾਉਣ ਦੇ ਸ਼ੋਕੀਨ ਹਨ।

ਸੋਚ ਸਮਝ ਕੇ ਬਣਵਾਓ ਟੈਟੂ ! ਬਣ ਸਕਦੈ ਨੇ ਕੈਂਸਰ ਦੀ ਵਜ੍ਹਾ Read More »

ਪੇਚਾਂ ’ਚ ਫਸੇ ਕਿਸਾਨ

ਐੱਮਐੱਸਪੀ ਅਤੇ ਕਈ ਹੋਰ ਮੰਗਾਂ ’ਤੇ ਜਿੱਥੇ ਇੱਕ ਪਾਸੇ ਦੋ ਕਿਸਾਨ ਮੋਰਚਿਆਂ ਅਤੇ ਕੇਂਦਰ ਤੇ ਪੰਜਾਬ ਸਰਕਾਰ ਦਰਮਿਆਨ ਤਿੰਨ ਧਿਰੀ ਵਾਰਤਾ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਵਡੇਰੀ ਕਿਸਾਨ ਏਕਤਾ ਕਰਾਉਣ ਲਈ ਸੰਯੁਕਤ ਕਿਸਾਨ ਮੋਰਚਿਆਂ ਦੇ ਤਿੰਨੋਂ ਧੜਿਆਂ ਦਰਮਿਆਨ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਗੱਲਬਾਤ ਹੋਈ ਹੈ ਪਰ ਪਿਛਲੀਆਂ ਤਿੰਨ ਮੀਟਿੰਗਾਂ ਦੀ ਤਰ੍ਹਾਂ ਇਹ ਮੀਟਿੰਗ ਵੀ ਬੇਸਿੱਟਾ ਰਹੀ ਹੈ। ਦੂਜੇ ਬੰਨ੍ਹੇ, ਕੇਂਦਰ ਅਤੇ ਪੰਜਾਬ ਸਰਕਾਰ ਨਾਲ ਹੋਈ ਤਿੰਨ ਧਿਰੀ ਵਾਰਤਾ ਦੀ ਪਿਛਲੀ ਮੀਟਿੰਗ ਵਿੱਚ ਕੇਂਦਰ ਸਰਕਾਰ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਜਾਂ ਕਿਸੇ ਹੋਰ ਮੰਗ ’ਤੇ ਕਿਸਾਨਾਂ ਨੂੰ ਕੋਈ ਲੜ ਫੜਾਉਂਦੀ ਨਜ਼ਰ ਨਹੀਂ ਆ ਰਹੀ। ਮੀਟਿੰਗਾਂ ਦੀਆਂ ਲੰਮੀਆਂ ਤਰੀਕਾਂ ਪਾਉਣ ਦਾ ਤਰੀਕਾਕਾਰ ਵੀ ਸਮਝ ਤੋਂ ਬਾਹਰ ਹੈ। ਇਸ ਤੋਂ ਇਲਾਵਾ ਪਿਛਲੀ ਮੀਟਿੰਗ ਤੋਂ ਬਾਅਦ ਇੱਕ ਕਿਸਾਨ ਆਗੂ ਵੱਲੋਂ ਫ਼ਸਲਾਂ ਦੀ ਖਰੀਦ ਦੇ ਅਨੁਪਾਤ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਵਾਂ ਵਿਵਾਦ ਸ਼ੁਰੂ ਹੋ ਗਿਆ। ਇਸ ਦੌਰਾਨ ਰਿਪੋਰਟਾਂ ਆ ਰਹੀਆਂ ਹਨ ਕਿ ਖਨੌਰੀ ਨੇੜਲੇ ਢਾਬੀ ਗੁੱਜਰਾਂ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿੱਚ ਅਚਾਨਕ ਮੁੜ ਨਿਘਾਰ ਆ ਗਿਆ ਹੈ ਪਰ ਉਨ੍ਹਾਂ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਨਕਾਰ ਦਿੱਤੀ ਹੈ। ਕਿਸਾਨ, ਖ਼ਾਸਕਰ ਪੰਜਾਬ ਦੀਆਂ ਜਥੇਬੰਦੀਆਂ ਪਿਛਲੇ ਕਾਫ਼ੀ ਅਰਸੇ ਤੋਂ ਆਪੋ-ਆਪਣੇ ਢੰਗ ਨਾਲ ਲੜਦੀਆਂ ਆ ਰਹੀਆਂ ਹਨ ਪਰ ਜੇ ਹੁਣ ਤੱਕ ਦੀ ਪ੍ਰਾਪਤੀ ’ਤੇ ਝਾਤ ਮਾਰੀ ਜਾਵੇ ਤਾਂ ਇਹ ਬਹੁਤੀ ਤਸੱਲੀਬਖਸ਼ ਨਹੀਂ ਕਹੀ ਜਾ ਸਕਦੀ। ਝੋਨੇ ਦੇ ਪਿਛਲੇ ਸੀਜ਼ਨ ਦੌਰਾਨ ਕਿਸਾਨਾਂ ਦੀ ਖੱਜਲ-ਖੁਆਰੀ ਕਿਸੇ ਤੋਂ ਗੁੱਝੀ ਨਹੀਂ ਹੈ ਅਤੇ ਜੇ ਐਤਕੀਂ ਹਾੜ੍ਹੀ ਦੇ ਸੀਜ਼ਨ ਵਿੱਚ ਵੀ ਇੱਦਾਂ ਦਾ ਵਤੀਰਾ ਦੇਖਣ ਨੂੰ ਮਿਲਿਆ ਤਾਂ ਕਿਸਾਨਾਂ ਦਾ ਰੋਹ ਕਿਸੇ ਪਾਸੇ ਵੀ ਵਧ ਸਕਦਾ ਹੈ। ਕਿਸਾਨ ਜਥੇਬੰਦੀਆਂ ਨੇ 2020-21 ਦੇ ਸਾਂਝੇ ਘੋਲ ਸਦਕਾ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਕੇ ਆਪਣਾ ਲੋਹਾ ਜ਼ਰੂਰ ਮਨਵਾਇਆ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮੁਹਾਜ਼ ਤੋਂ ਬਹੁਤੀਆਂ ਨਾਂਹ-ਮੁਖੀ ਖ਼ਬਰਾਂ ਹੀ ਆ ਰਹੀਆਂ ਹਨ। ਹਾਲ ਹੀ ਵਿੱਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ’ਤੇ ਦਬਾਅ ਪਾ ਕੇ ਕੇਂਦਰ ਵੱਲੋਂ ਭੇਜਿਆ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਰੱਦ ਕਰਨ ਦਾ ਮਤਾ ਵਿਧਾਨ ਸਭਾ ਵਿੱਚ ਪਾਸ ਕਰਵਾਉਣ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਖੇਤੀ ਖੇਤਰ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਦਖ਼ਲ ਦਾ ਰਾਹ ਪੱਧਰਾ ਕਰਨ ਦੇ ਰਸਤੇ ’ਤੇ ਬਾਦਸਤੂਰ ਚੱਲ ਰਹੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਬਾਰੇ ਚੱਲ ਰਹੀ ਵਾਰਤਾ ਪ੍ਰਤੀ ਵੀ ਉਸ ਦਾ ਰੁਖ਼ ਕੋਈ ਬਹੁਤਾ ਸੰਜੀਦਾ ਨਹੀਂ ਜਾਪਦਾ ਹੈ। ਇਸੇ ਦਾ ਸਿੱਟਾ ਹੈ ਕਿ ਇੱਕ ਪਾਸੇ ਸ੍ਰੀ ਡੱਲੇਵਾਲ ਨੂੰ ਹਾਲੇ ਤੱਕ ਮਰਨ ਵਰਤ ਜਾਰੀ ਰੱਖਣਾ ਪੈ ਰਿਹਾ ਹੈ ਅਤੇ ਨਾਲ ਹੀ ਸ਼ੰਭੂ ਅਤੇ ਖਨੌਰੀ ਮੋਰਚਿਆਂ ’ਤੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਅਤੇ ਹੋਰਨਾਂ ਦੇ ਪੁਤਲੇ ਸਾੜ ਕੇ ਆਪਣਾ ਤਿੱਖਾ ਐਕਸ਼ਨ ਜਾਰੀ ਰੱਖਣਾ ਪੈ ਰਿਹਾ ਹੈ ਹਾਲਾਂਕਿ ਸਰਕਾਰ ਨਾਲ ਗੱਲਬਾਤ ਚੱਲਦਿਆਂ ਇਸ ਦੀ ਕੋਈ ਤੁੱਕ ਨਹੀਂ ਬਣਦੀ।

ਪੇਚਾਂ ’ਚ ਫਸੇ ਕਿਸਾਨ Read More »

ਮੂੰਹ ਤੇ ਉਂਗਲ ਰੱਖਕੇ ਚੁੱਪਚਾਪ ਟਰੰਪ ਨੂੰ ਸੁਣਦੇ ਰਹੇ ਮੋਦੀ : ਕਾਂਗਰਸ

ਨਵੀਂ ਦਿੱਲੀ, 28 ਫਰਵਰੀ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਰਾਬਰ ਟੈਰਿਫ ਲਾਉਣ ਦੀ ਧਮਕੀ ’ਤੇ ਚਿੰਤਾ ਪ੍ਰਗਟਾਉਦਿਆਂ ਕਾਂਗਰਸ ਨੇ ਵੀਰਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤਰ੍ਹਾਂ ਦੀ ਜ਼ਲਾਲਤ ਖਿਲਾਫ ਸਟੈਂਡ ਲੈਣ, ਕਿਉਕਿ ਇਸ ਨਾਲ ਭਾਰਤ ਦੀ ਆਰਥਿਕਤਾ ਤਬਾਹ ਹੋ ਜਾਵੇਗੀ। ਪਾਰਟੀ ਆਗੂ ਅਜੋਏ ਕੁਮਾਰ ਨੇ ਪ੍ਰੈੱਸ ਕਾਨਫਰੰਸ ਵਿੱਚ ਫਰਾਂਸੀਸੀ ਰਾਸ਼ਟਰਪਤੀ ਐਮਨੁਏਲ ਮੈਕ੍ਰੋਂ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟਰੰਪ ਨਾਲ ਮੁਲਾਕਾਤਾਂ ਦੀਆਂ ਵੀਡੀਓਜ਼ ਸ਼ੇਅਰ ਕਰਦਿਆਂ ਕਿਹਾਫਰਕ ਸਾਫ ਨਜ਼ਰ ਆ ਰਿਹਾ ਹੈ। ਯੂਰਪ ਦਾ ਪੱਖ ਰੱਖਦਿਆਂ ਮੈਕ੍ਰੋਂ ਨੇ ਟਰੰਪ ਨੂੰ ਟੋਕ ਕੇ ਆਪਣਾ ਬਿਆਨ ਸਭ ਦੇ ਸਾਹਮਣੇ ਰੱਖਿਆ। ਕੁਝ ਦਿਨ ਪਹਿਲਾਂ ਉਸੇ ਕਮਰੇ ਵਿੱਚ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਭਾਰਤ ਖਿਲਾਫ ਟੈਰਿਫ ਲਾਉਣ ਦੀ ਗੱਲ ਕਹੀ, ਤਦ 56 ਇੰਚ ਵਾਲੇ ਮੋਦੀ ਜੀ ਨੇ ਭਾਰਤ ਦਾ ਬਚਾਅ ਨਹੀਂ ਕੀਤਾ। ਹੁਣ ਤੁਸੀਂ ਹੀ ਦੱਸੋ। ਕਮਜ਼ੋਰ ਕੌਣ? ਅਸੀਂ ਦੇਖਿਆ ਹੈ ਕਿ ਮੈਕ੍ਰੋਂ ਟਰੰਪ ਨੂੰ ਵਿੱਚੇ ਟੋਕ ਕੇ ਇਹ ਦੱਸ ਰਹੇ ਹਨ ਕਿ ਤੁਸੀਂ ਗਲਤ ਬੋਲ ਰਹੇ ਹੋ, ਪਰ ਮੋਦੀ ਦੇ ਸਾਹਮਣੇ ਟਰੰਪ ਭਾਰਤ ਦੀ ਬੁਰਾਈ ਕਰਦੇ ਰਹੇ। ਭਾਰਤ ਨੂੰ ਟੈਰਿਫ ਵਾਇਲੇਟਰ ਦੱਸਦੇ ਰਹੇ ਤੇ ਮੋਦੀ ਖਾਮੋਸ਼ ਰਹੇ। ਮੋਦੀ ਇਸੇ ਟਰੰਪ ਨੂੰ ਆਪਣਾ ‘ਬੈੱਸਟ ਫਰੈਂਡ’ ਦੱਸਦੇ ਹਨ, ਜੋ ਲਗਾਤਾਰ ਭਾਰਤ ਨੂੰ ਜ਼ਲੀਲ ਕਰਦੇ ਰਹਿੰਦੇ ਰਹਿੰਦੇ ਹਨ। ਭਾਜਪਾ ਦੇ ਲੋਕ ਮੋਦੀ ਨੂੰ ‘ਵਿਸ਼ਵ ਗੁਰੂ’ ਦੱਸਦੇ ਨਹੀਂ ਥੱਕਦੇ, ਪਰ ਜਦੋਂ ਮੋਦੀ ਅਮਰੀਕਾ ਦੌਰੇ ’ਤੇ ਗਏ ਤਾਂ ਟਰੰਪ ਮੋੋਦੀ ਨੂੰ ਰਿਸੀਵ ਕਰਨ ਤੱਕ ਨਹੀਂ ਆਏ। ਕੁਮਾਰ ਨੇ ਕਿਹਾ ਕਿ ਜੇ ਸੇਬ ਵਰਗੀਆਂ ਅਮਰੀਕੀ ਚੀਜ਼ਾਂ ’ਤੇ ਟੈਰਿਫ ਹਟਾਇਆ ਤਾਂ ਹਿਮਾਚਲ ਦੇ ਸੇਬ ਵਪਾਰੀਆਂ ਦਾ ਨੁਕਸਾਨ ਹੋਵੇਗਾ। ਜੇ ਅੰਗੂਰਾਂ ’ਤੇ ਟੈਰਿਫ ਹਟਾਇਆ ਤਾਂ ਮਹਾਰਾਸ਼ਟਰ ਤੇ ਆਂਧਰਾ ਦਾ ਨੁਕਸਾਨ ਹੋਵੇਗਾ। ਜੇ ਵਾਹਨਾਂ ’ਤੇ ਟੈਰਿਫ ਹਟਾਇਆ ਤਾਂ ਭਾਰਤੀ ਕਾਰ ਮਾਰਕਿਟ ਦਾ ਭਾਰੀ ਨੁਕਸਾਨ ਹੋਵੇਗਾ। ਅੱਜ ਇਲੈਕਟ੍ਰਾਨਿਕ ਮਾਲ ਵੀ ਸਾਡੇ ਦੇਸ਼ ਵਿੱਚ ਚੀਨ ਤੋਂ ਆ ਰਿਹਾ ਹੈ। ਜੇ ਹੋਰ ਮਾਲ ਬਾਹਰੋਂ ਆਉਣ ਲੱਗਾ ਤਾਂ ਦੇਸ਼ ਵਿੱਚ ਕੀ ਬਣਾਇਆ ਜਾਵੇਗਾ? ਕੁਮਾਰ ਨੇ ਕਿਹਾ ਕਿ ਮੋਦੀ ਦੇ ਅਮਰੀਕਾ ਜਾਣ ਤੋਂ ਪਹਿਲਾਂ ਹਾਰਲੇ ਡੇਵਿਡਸਨ ਮੋਟਰਸਾਈਕਲ ਤੇ ਟੈਸਲਾ ਕਾਰਾਂ ’ਤੇ ਕਸਟਮਜ਼ ਡਿਊਟੀ ਘਟਾ ਦਿੱਤੀ ਗਈ। ਸਟਾਕ ਮਾਰਕਿਟ ਦੀ ਹਾਲਤ ਖਰਾਬ ਹੋ ਚੁੱਕੀ ਹੈ। ਲੋਕ ਉੱਥੇ ਹੀ ਆ ਗਏ ਹਨ, ਜਿੱਥੋਂ ਉਨ੍ਹਾਂ ਨਿਵੇਸ਼ ਕਰਕੇ ਸ਼ੁਰੂਆਤ ਕੀਤੀ ਸੀ। ਉਹ ਮਾਰਕਿਟ ਵਿੱਚ ਧੜਾਧੜ ਪੈਸੇ ਕਢਾ ਰਹੇ ਹਨ। ਬਰਾਬਰ ਦੇ ਟੈਰਿਫ ਨਾਲ ਦੇਸ਼ ਦੀ ਜੀ ਡੀ ਪੀ 0.5 ਤੋਂ 0.6 ਫੀਸਦੀ ਤੱਕ ਡਿੱਗ ਪਵੇਗੀ, ਜਿਸ ਨਾਲ ਦੇਸ਼ ਦੀ ਹਾਲਤ ਹੋਰ ਵਿਗੜੇਗੀ। ਮੋਦੀ ਆਰਥਿਕਤਾ ਦੇ ਦੁਸ਼ਮਣ ਬਣ ਗਏ ਹਨ। ਪਹਿਲਾਂ ਨੋਟਬੰਦੀ, ਫਿਰ ਖਾਮੀਆਂ ਭਰਪੂਰ ਜੀ ਐੱਸ ਟੀ ਤੇ ਲਾਕਡਾਊਨ ਤੇ ਹੁਣ ਟੈਰਿਫ। ਮੋਦੀ ਦੇਸ਼ ਦੀ ਤਬਾਹੀ ਯਕੀਨੀ ਬਣਾ ਰਹੇ ਹਨ। ਜੇ ਆਰਥਿਕਤਾ ਦਾ ਇਹੀ ਹਾਲ ਰਿਹਾ ਤਾਂ ਦੇਸ਼ ਅੰਦਰੂਨੀ ਤੌਰ ’ਤੇ ਕਮਜ਼ੋਰ ਹੋਵੇਗਾ। ਤੁਸੀਂ ਦੇਖਿਆ ਹੈ ਕਿ ਕੈਨੇਡਾ ਤੇ ਮੈਕਸੀਕੋ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਤਾਂ ਟਰੰਪ ਨੇ ਉਨ੍ਹਾਂ ਖਿਲਾਫ ਟੈਰਿਫ ਲਾਉਣ ਤੋਂ ਟਾਲਾ ਵੱਟ ਲਿਆ। ਭਾਰਤ ਨੂੰ ਵੀ ਟਰੰਪ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਉਸ ਦੀ ਮਨਮਾਨੀ ਨਹੀਂ ਚੱਲਣ ਦੇਵੇਗਾ। ਕੁਮਾਰ ਨੇ ਇਹ ਵੀ ਕਿਹਾ ਕਿ ਮੋਦੀ ਦੇ ਅਮਰੀਕਾ ਤੋਂ ਪਰਤਣ ਦੇ ਬਾਅਦ ਅਮਰੀਕਾ ਨੇ ਐਲਾਨ ਕੀਤਾ ਕਿ ਉਹ ਐੱਫ-16 ਲੜਾਕੇ ਜਹਾਜ਼ਾਂ ਦੇ ਰੱਖ-ਰਖਾਅ ਲਈ ਪਾਕਿਸਤਾਨ ਨੂੰ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੇਵੇਗਾ, ਪਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਦਾ ਜਵਾਬ ਨਹੀਂ ਦਿੱਤਾ।

ਮੂੰਹ ਤੇ ਉਂਗਲ ਰੱਖਕੇ ਚੁੱਪਚਾਪ ਟਰੰਪ ਨੂੰ ਸੁਣਦੇ ਰਹੇ ਮੋਦੀ : ਕਾਂਗਰਸ Read More »

ਆਦਿਵਾਸੀਆਂ ਦੇ ਕਤਲੇਆਮ ਖਿਲਾਫ ਪੰਜਾਬ ਭਰ ’ਚ ਪ੍ਰਦਰਸ਼ਨ

ਚੰਡੀਗੜ੍ਹ, 28 ਫਰਵਰੀ – ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ, ਆਰ ਐੱਮ ਪੀ ਆਈ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਛੱਤੀਸਗੜ੍ਹ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜੀਵਨ ਦੀ ਸੁਰੱਖਿਆ, ਜਲ, ਜੰਗਲ ਅਤੇ ਜ਼ਮੀਨ ਨੂੰ ਦੇਸੀ-ਵਿਦੇਸ਼ੀ ਲੁੱਟ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਆਦਿਵਾਸੀਆਂ ਅਤੇ ਹੋਰ ਲੋਕਾਂ ਦੇ ਪੁਲਸ ਮੁਕਾਬਲਿਆਂ ਦੇ ਨਾਂਅ ਥੱਲੇ ਕੀਤੇ ਜਾ ਰਹੇ ਕਤਲ ਅਤੇ ਹਰ ਕਿਸਮ ਦੇ ਜਬਰ ਵਿਰੁੱਧ ਵੀਰਵਾਰ ਜਲੰਧਰ, ਕਪੂਰਥਲਾ, ਅੰਮਿ੍ਰਤਸਰ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ, ਮੋਗਾ, ਫ਼ਰੀਦਕੋਟ, ਸੰਗਰੂਰ, ਪਟਿਆਲਾ ਸਮੇਤ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰਦੇ ਹੋਏ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਗਏ। ਇਸ ਮੌਕੇ ਰਾਸ਼ਟਰਪਤੀ ਨੂੰ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਭੇਜੇ ਮੰਗ ਪੱਤਰਾਂ ਵਿੱਚ ਮੰਗ ਕੀਤੀ ਗਈ ਕਿ ਆਦਿਵਾਸੀਆਂ ਅਤੇ ਹੋਰ ਲੋਕਾਂ ਦੇ ਕੀਤੇ ਜਾ ਰਹੇ ਝੂਠੇ ਪੁਲਸ ਮੁਕਾਬਲੇ ਤੁਰੰਤ ਬੰਦ ਕੀਤੇ ਜਾਣ, ਖਣਿਜ ਪਦਾਰਥਾਂ ਨਾਲ ਭਰਪੂਰ ਪਹਾੜੀ ਅਤੇ ਜੰਗਲੀ ਖਿੱਤੇ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਦੇ ਹਵਾਲੇ ਕਰਨਾ ਬੰਦ ਕੀਤਾ ਜਾਵੇ, ਆਦਿਵਾਸੀ ਖੇਤਰਾਂ ਵਿੱਚ ਫੌਜੀ ਅਤੇ ਨੀਮ ਫੌਜੀ ਬਲਾਂ ਨੂੰ ਤੁਰੰਤ ਹਟਾਇਆ ਜਾਵੇ, ਇਸ ਜਬਰ ਦਾ ਵਿਰੋਧ ਕਰ ਰਹੀਆਂ ਜਥੇਬੰਦੀਆਂ ਪਾਰਟੀਆਂ, ਸਿਆਸੀ ਅਤੇ ਜਮਹੂਰੀ ਕਾਰਕੁਨਾਂ ਅਤੇ ਪੱਤਰਕਾਰਾਂ, ਲੇਖਕਾਂ ਨੂੰ ਸ਼ਹਿਰੀ ਨਕਸਲੀ ਕਹਿ ਕੇ ਨਿਸ਼ਾਨਾ ਬਣਾਉਣਾ ਬੰਦ ਕੀਤਾ ਜਾਵੇ, ਅਪਰੇਸ਼ਨ ਕਗਾਰ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਅਜਮੇਰ ਸਿੰਘ, ਆਰ ਐੱਮ ਪੀ ਆਈ ਦੇ ਸੂਬਾਈ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਸਮੇਤ ਹੋਰਨਾਂ ਬੁਲਾਰਿਆਂ ਨੇ ਵੱਖ-ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ 250 ਅਤੇ ਇਸ ਸਾਲ ਦੇ ਪਹਿਲੇ 6 ਹਫਤਿਆਂ ਵਿੱਚ ਹੀ ਸੁਰੱਖਿਆ ਫੋਰਸਾਂ ਨੇ 86 ਲੋਕਾਂ ਨੂੰ ਮਾਰ ਦਿੱਤਾ ਹੈ। ਪਿਛਲੇ ਦਿਨੀਂ ਵਾਪਰੀ ਤਾਜ਼ਾ ਘਟਨਾ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ 31 ਆਦਿਵਾਸੀਆਂ ਨੂੰ ਕਤਲ ਕਰ ਦਿੱਤਾ ਗਿਆ। ਖਣਿਜ ਪਦਾਰਥਾਂ ਨਾਲ ਭਰਪੂਰ ਪਹਾੜੀ ਅਤੇ ਜੰਗਲੀ ਖਿੱਤੇ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਅਤੇ ਸਾਮਰਾਜ ਦੇ ਹਵਾਲੇ ਕਰਨ ਲਈ ਜਬਰ ਦਾ ਨਿਸ਼ਾਨਾ ਬਣਾ ਕੇ ਉਜਾੜਿਆ ਜਿਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਦਹਿਸ਼ਤਜ਼ਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਦਰਜ ਕਾਨੂੰਨੀ ਵਿਵਸਥਾਵਾਂ ਦੀ ਵੀ ਪਾਲਣਾ ਨਾ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਆਦਿਵਾਸੀਆਂ ਦੇ ਹੱਕਾਂ ਦੀ ਰਾਖੀ ਲਈ ਬਣਾਏ ‘ਮੂਲਵਾਸੀ ਬਚਾਓ ਮੰਚ’ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਉਹਨਾਂ ਦੇ ਆਗੂਆਂ ਨੂੰ ਜੇਲ੍ਹਾਂ ’ਚ ਡੱਕ ਦਿੱਤਾ ਗਿਆ ਹੈ। ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦੇ ਕਾਨੂੰਨੀ ਅਧਿਕਾਰ ਤੋਂ ਵੀ ਲੋਕਾਂ ਨੂੰ ਵਾਂਝੇ ਕੀਤਾ ਜਾ ਰਿਹਾ ਹੈ। ਕਾਫੀ ਸਮਾਂ ਪਹਿਲਾਂ ਉਸ ਵਕਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਜੇਕਰ ਬੇਕਸੂਰ ਆਦਿਵਾਸੀਆਂ ਨੂੰ ਜੇਲ੍ਹਾਂ ’ਚ ਬੰਦ ਕਰੋਗੇ ਤਾਂ ਉਹਨਾਂ ਕੋਲ ਮਾਓਵਾਦੀਆਂ ’ਚ ਰਲਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਲੁੱਟ ਅਤੇ ਜਬਰ ਦਾ ਵਿਰੋਧ ਕਰ ਰਹੇ ਖਿੱਤਿਆਂ ਵਿੱਚੋਂ ਨਕਸਲੀਆਂ ਨੂੰ ਮਾਰਚ 2026 ਤੱਕ ਖ਼ਤਮ ਕਰਨ ਦੇ ਐਲਾਨ ਰਾਜਸੀ ਹਿੰਸਾ ਦਾ ਕਰੂਰ ਪ੍ਰਗਟਾਵਾ ਹੈ, ਜਿਸ ਤਹਿਤ ਕਾਨੂੰਨ ਅਨੁਸਾਰ ਰਾਜ ਕਰਨ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਇਸ ਨੀਤੀ ਤਹਿਤ ਹੀ ਇਸ ਜਬਰ ਦਾ ਵਿਰੋਧ ਕਰ ਰਹੀਆਂ ਜਥੇਬੰਦੀਆਂ, ਪਾਰਟੀਆਂ, ਸਿਆਸੀ ਅਤੇ ਜਮਹੂਰੀ ਕਾਰਕੁਨ, ਪੱਤਰਕਾਰ, ਲੇਖਕਾਂ ਨੂੰ ਵੀ ‘ਸ਼ਹਿਰੀ ਨਕਸਲੀ’ ਕਹਿ ਕੇ ਇਸ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਹਰ ਹਿੱਸੇ ਵਿੱਚ ਵਿਰੋਧ ਦੀ ਆਵਾਜ਼ ਉਠਾਉਣ ਅਤੇ ਸੰਘਰਸ਼ ਕਰ ਰਹੇ ਲੋਕਾਂ ਨੂੰ ਵੱਖ-ਵੱਖ ਢੰਗਾਂ ਰਾਹੀਂ ਦਬਾਉਣ ਦੇ ਹਰ ਹੀਲੇ ਦਾ ਵਿਰੋਧ ਕਰਨਾ ਅਣਸਰਦੀ ਫੌਰੀ ਲੋੜ ਬਣ ਗਿਆ ਹੈ। ਬੁਲਾਰਿਆਂ ਸਰਕਾਰ ਦੇ ਇਹਨਾਂ ਗੈਰ-ਜਮਹੂਰੀ ਅਤੇ ਫਾਸ਼ੀ ਹਮਲਿਆਂ ਦਾ ਵਿਸ਼ਾਲ ਲਾਮਬੰਦੀ ਕਰਕੇ ਡਟਵਾਂ ਵਿਰੋਧ ਕਰਨ ਦਾ ਸੱਦਾ ਵੀ ਦਿੱਤਾ। ਜਲੰਧਰ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਰਛਪਾਲ ਕੈਲੇ, ਹਰਜਿੰਦਰ ਸਿੰਘ ਮੌਜੀ, ਤਰਸੇਮ ਪੀਟਰ, ਹੰਸ ਰਾਜ ਪੱਬਵਾਂ, ਕਸ਼ਮੀਰ ਸਿੰਘ ਘੁੱਗਸ਼ੋਰ, ਸੰਦੀਪ ਅਰੋੜਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਆਦਿ ਨੇ ਸੰਬੋਧਨ ਕੀਤਾ। ਦੇਸ਼ ਭਗਤ ਯਾਦਗਾਰ ਹਾਲ ਵਿਖੇ ਰੈਲੀ ਕਰਨ ਉਪਰੰਤ ਮੁਜ਼ਾਹਰੇ ਦੌਰਾਨ ਨਾਇਬ ਤਹਿਸੀਲਦਾਰ ਨੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਲਿਆ।

ਆਦਿਵਾਸੀਆਂ ਦੇ ਕਤਲੇਆਮ ਖਿਲਾਫ ਪੰਜਾਬ ਭਰ ’ਚ ਪ੍ਰਦਰਸ਼ਨ Read More »

ਮੌਸਮ ‘ਚ ਆਈ ਤਬਦੀਲੀ, ਪੰਜਾਬ ਦੇ 9 ਜਿਲ੍ਹਿਆਂ ‘ਚ ਪਵੇਗਾ ਭਾਰੀ ਮੀਂਹ, ਗੜੇਮਾਰੀ

ਚੰਡੀਗੜ੍ਹ, 28 ਫਰਵਰੀ – ਦੇਸ਼ ਭਰ ਦਾ ਮੌਸਮ ਵਿਚ ਇਕਦਮ ਬਦਲ ਗਿਆ ਹੈ। ਵਧਦਾ ਤਾਪਮਾਨ ਰੁਕ ਗਿਆ ਹੈ। ਹਵਾ ਵਿਚ ਠੰਢਕ ਹੈ। ਇਹ ਸਭ ਪੱਛਮੀ ਗੜਬੜੀ ਕਾਰਨ ਹੋਇਆ। ਇਰਾਨ-ਇਰਾਕ ਵਿੱਚ ਪੈਦਾ ਹੋਈ ਇਸ ਗੜਬੜੀ ਨੇ ਹੌਲੀ-ਹੌਲੀ ਭਾਰਤ-ਪਾਕਿਸਤਾਨ ਦੀ ਸਰਹੱਦ ਤੱਕ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਭਾਰੀ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਉੱਤਰੀ ਅਤੇ ਉੱਤਰ-ਪੱਛਮੀ ਭਾਰਤ ਦੇ ਰਾਜਾਂ ਦੇ ਮੈਦਾਨੀ ਹਿੱਸਿਆਂ ਵਿੱਚ ਵੀ ਬਾਰਿਸ਼ ਹੋ ਰਹੀ ਹੈ। ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਸਣੇ ਪੂਰੇ ਉਤਰੀ ਭਾਰਤ ਵਿਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਸਿਲਸਲਾ ਅਗਲੇ ਇਕ-ਦੋ ਦਿਨ ਜਾਰੀ ਰਹੇਗਾ। ਮੀਂਹ ਕਾਰਨ ਪਾਰਾ ਇਕਦਮ ਥੱਲੇ ਆ ਗਿਆ ਹੈ। ਪੰਜਾਬ ਦੇ ਕਈ ਜ਼ਿਲਿਆਂ ਵਿਚ ਤੇਜ਼ ਹਵਾਵਾਂ ਨਾਲ ਮੀਂਹ ਪਿਆ ਹੈ। ਕੱਲ੍ਹ ਇਕ ਮਾਰਚ ਨੂੰ ਵੀ ਮੌਸਮ ਇਸੇ ਤਰ੍ਹਾਂ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।ਪੰਜਾਬ ਦੇ 9 ਜ਼ਿਲ੍ਹਿਆਂ ਵਿਚ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ 9 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਐਸਏਐਸ ਨਗਰ ਅਤੇ ਰੂਪਨਗਰ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਜੰਮੂ-ਕਸ਼ਮੀਰ ਵਿਚ ਗੜਬੜੀ ਦਾ ਖਾਸਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਹਾੜਾਂ ‘ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ, ਜਦਕਿ ਉੱਚੇ ਇਲਾਕਿਆਂ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਹੇਠਲੇ ਹਿੱਸਿਆਂ ‘ਚ ਬਾਰਿਸ਼ ਜਾਰੀ ਹੈ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਇਹੀ ਸਥਿਤੀ ਹੈ। ਮੀਂਹ ਅਤੇ ਬਰਫਬਾਰੀ ਦਾ ਇਹ ਦੌਰ ਇਸ ਹਫਤੇ ਦੇ ਅੰਤ ਅਤੇ ਅਗਲੇ ਹਫਤੇ ਦੀ ਸ਼ੁਰੂਆਤ ਤੱਕ ਚੱਲੇਗਾ। ਹਿਮਾਚਲ ਪ੍ਰਦੇਸ਼ ਵਿਚ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਮੁਤਾਬਕ ਸ਼ੁੱਕਰਵਾਰ ਨੂੰ ਵੀ ਸੂਬੇ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ-ਹਰਿਆਣਾ, ਪੂਰਬੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਰਾਜਾਂ ਵਿੱਚ ਮੀਂਹ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਪੂਰਬੀ ਉੱਤਰ ਪ੍ਰਦੇਸ਼, ਪੰਜਾਬ ਹਰਿਆਣਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ‘ਚ ਆਈ ਤਬਦੀਲੀ, ਪੰਜਾਬ ਦੇ 9 ਜਿਲ੍ਹਿਆਂ ‘ਚ ਪਵੇਗਾ ਭਾਰੀ ਮੀਂਹ, ਗੜੇਮਾਰੀ Read More »

ਠੇਕਿਆਂ ਦੀ ਨਿਲਾਮੀ ਨਾਲ 11020 ਕਰੋੜ ਇਕੱਠੇ ਕਰਨ ਦਾ ਟੀਚਾ

ਚੰਡੀਗੜ੍ਹ, 28 ਫਰਵਰੀ – ਪੰਜਾਬ ਕੈਬਨਿਟ ਦੀ ਵੀਰਵਾਰ ਹੋਈ ਮੀਟਿੰਗ ਵਿੱਚ 2025-26 ਲਈ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ। 11020 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਵਾਰ ਸ਼ਰਾਬ ਦੇ ਠੇਕੇ ਈ-ਟੈਂਡਰਿੰਗ ਰਾਹੀਂ ਅਲਾਟ ਕੀਤੇ ਜਾਣਗੇ। ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ’ਚ ਕਿਹਾ ਕਿ 2022 ਵਿੱਚ ਕਾਂਗਰਸ ਸਰਕਾਰ ਵੇਲੇ ਨਿਲਾਮੀ ਨਾਲ 6100 ਕਰੋੜ ਰੁਪਏ ਇੱਕਠੇ ਕਰਨ ਦਾ ਟੀਚਾ ਸੀ ਅਤੇ 2024 ਲਈ ਇਹ 10,850 ਕਰੋੜ ਰੁਪਏ ਸੀ, ਹੁਣ ਤੱਕ ਸਰਕਾਰ ਨੂੰ 10,200 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਗਰੁੱਪ 207 ਹੋਣਗੇ। ਦੇਸੀ ਦਾ ਕੋਟਾ ਤਿੰਨ ਪ੍ਰਤੀਸ਼ਤ ਵਧਾਇਆ ਗਿਆ ਹੈ। ਹੁਣ, ਸ਼ਰਾਬ ਲਾਇਸੈਂਸ ਅਧੀਨ 12 ਦੀ ਬਜਾਏ 36 ਬੋਤਲਾਂ ਸ਼ਰਾਬ ਰੱਖੀਆਂ ਜਾ ਸਕਣਗੀਆਂ।

ਠੇਕਿਆਂ ਦੀ ਨਿਲਾਮੀ ਨਾਲ 11020 ਕਰੋੜ ਇਕੱਠੇ ਕਰਨ ਦਾ ਟੀਚਾ Read More »

ਜੰਗਲ ਕਾਰਪੋਰੇਟਾਂ ਹਵਾਲੇ ਕਰਨ ਦੀ ਤਿਆਰੀ

ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਜੰਗਲਾਂ ਵਿੱਚ ਬੇਸ਼ਕੀਮਤੀ ਅਸਾਸਿਆਂ ਨੂੰ ਲੁੱਟਣ ਦੇ ਲਸੰਸ ਪਹਿਲਾਂ ਹੀ ਦਿੱਤੇ ਜਾ ਰਹੇ ਸਨ, ਪਰ ਹੁਣ ਪਰਿਆਵਰਣ ਸੁਧਾਰਨ ਦੇ ਨਾਂਅ ’ਤੇ ਜੰਗਲਾਂ ਨੂੰ ਨਿੱਜੀ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਮੱਧ ਪ੍ਰਦੇਸ਼ ਤੋਂ ਸ਼ੁਰੂਆਤ ਹੋ ਗਈ ਹੈ। ਸੂਬੇ ਦੀ ਮੋਹਨ ਯਾਦਵ ਦੀ ਅਗਵਾਈ ਵਾਲੀ ਭਾਜਪਾਈ ਸਰਕਾਰ 40 ਫੀਸਦੀ ਜੰਗਲਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਜਾ ਰਹੀ ਹੈ। ਇਹ ਜੰਗਲ ਲਗਭਗ 37 ਲੱਖ ਹੈਕਟੇਅਰ ਵਿੱਚ ਫੈਲੇ ਹੋਏ ਹਨ ਅਤੇ ਨਿੱਕੇ ਨਿਵੇਸ਼ਕਾਂ ਨੂੰ 10 ਹੈਕਟੇਅਰ ਤੇ ਵੱਡੇ ਨਿਵੇਸ਼ਕਾਂ ਨੂੰ ਇੱਕ ਹਜ਼ਾਰ ਹੈਕਟੇਅਰ ਤੱਕ ਦੀ ਜ਼ਮੀਨ ’ਤੇ ਜੰਗਲ ਵਿਕਸਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਨਿੱਜੀ ਕੰਪਨੀਆਂ ਨੂੰ ਇਹ ਜ਼ਮੀਨ 60 ਸਾਲ ਦੀ ਲੀਜ਼ ’ਤੇ ਦਿੱਤੀ ਜਾ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਵਿਗੜੇ ਜੰਗਲਾਂ ਨੂੰ ਨਿੱਜੀ ਨਿਵੇਸ਼ ਨਾਲ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੱਧ ਪ੍ਰਦੇਸ਼ ਸਰਕਾਰ ਨੇ ਜੰਗਲਾਤ ਵਿਭਾਗ ਦੀ ਵੈੱਬਸਾਈਟ ’ਤੇ ਜੰਗਲਾਂ ਦੀ ਪੁਨਰ-ਸਥਾਪਨਾ ਦੀ ਨੀਤੀ ਜਾਰੀ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਮੱਧ ਪ੍ਰਦੇਸ਼ ਵਿੱਚ ਲਗਭਗ 95 ਲੱਖ ਹੈਕਟੇਅਰ ਵਿੱਚ ਜੰਗਲ ਹਨ। ਇਨ੍ਹਾਂ ਵਿੱਚੋਂ 37 ਲੱਖ ਹੈਕਟੇਅਰ ਜੰਗਲ ਵਿਗੜੇ ਹੋਏ ਹਨ। ਇਨ੍ਹਾਂ ਨੂੰ ਸਰਕਾਰ ਆਪਣੇ ਵਸੀਲਿਆਂ ਨਾਲ ਪੁਨਰ-ਸਥਾਪਤ ਨਹੀਂ ਕਰ ਪਾ ਰਹੀ। ਨੀਤੀ ਕਹਿੰਦੀ ਹੈ ਕਿ ਇੱਕ ਹਜ਼ਾਰ ਹੈਕਟੇਅਰ ਜੰਗਲ ਦੇ ਵਿਕਾਸ ਨਾਲ ਜੋ ਵੀ ਉਪਜ ਹੋਵੇਗੀ, ਉਸ ਦਾ 20 ਫੀਸਦੀ ਜੰਗਲ ਕਮੇਟੀ ਨੂੰ ਅਤੇ 80 ਫੀਸਦੀ ਜੰਗਲਾਤ ਵਿਕਾਸ ਨਿਗਮ ਤੇ ਨਿੱਜੀ ਕੰਪਨੀ ਨੂੰ ਮਿਲੇਗਾ। ਫਲਾਂ ਦੀ ਪੈਦਾਵਾਰ ਦਾ 50 ਫੀਸਦੀ ਨਿੱਜੀ ਕੰਪਨੀ ਨੂੰ ਮਿਲੇਗਾ। ਪਰਿਆਵਰਣ ਪ੍ਰੇਮੀਆਂ ਨੇ ਇਸ ਯੋਜਨਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿੱਜੀ ਕੰਪਨੀਆਂ ਇਸ ਗੱਲ ਦੀ ਪਰਵਾਹ ਨਹੀਂ ਕਰਨਗੀਆਂ ਕਿ ਪਰਿਆਵਰਣ ਸੁਧਰ ਰਿਹਾ ਹੈ ਜਾਂ ਜੰਗਲਾਂ ਦੀ ਸਥਿਤੀ ਸੁਧਰ ਰਹੀ ਹੈ ਜਾਂ ਉੱਥੇ ਰਹਿਣ ਵਾਲੇ ਆਦਿਵਾਸੀਆਂ ਦਾ ਭਲਾ ਹੋ ਰਿਹਾ ਹੈ। ਉਹ ਅਜਿਹੇ ਦਰੱਖਤ ਲਾਉਣਗੀਆਂ, ਜਿਨ੍ਹਾਂ ਨਾਲ ਵੱਧ ਮੁਨਾਫਾ ਹੋਵੇਗਾ। ਹੋ ਸਕਦਾ ਹੈ ਕਿ ਜੰਗਲੀ ਉਪਜ ਵਧ ਜਾਵੇ, ਪਰ ਪਰਿਆਵਰਣ ਵਿੱਚ ਸੁਧਾਰ ਦੀ ਆਸ ਨਹੀਂ ਰੱਖੀ ਜਾ ਸਕਦੀ। ਨੀਤੀ ਵਿੱਚ ਵਿਗੜੇ ਜੰਗਲਾਂ ਦੀ ਪ੍ਰੀਭਾਸ਼ਾ ਵੀ ਸਪੱਸ਼ਟ ਨਹੀਂ ਹੈ। ਸਰਕਾਰ ਦੇ ਨਜ਼ਰੀਏ ਵਿੱਚ ਜਿਸ ਜ਼ਮੀਨ ’ਤੇ ਕੀਮਤੀ ਇਮਾਰਤੀ ਲੱਕੜ ਨਹੀਂ, ਉਹ ਵਿਗੜਿਆ ਜੰਗਲ ਮੰਨਿਆ ਜਾਵੇਗਾ, ਭਲੇ ਹੀ ਉਸ ਵਿੱਚ ਆਦਿਵਾਸੀਆਂ ਦੀ ਵਰਤੋਂ ਦੇ ਜਾਂ ਪਰਿਆਵਰਣ ਲਈ ਜ਼ਰੂਰੀ ਦਰੱਖਤ, ਪੌਦੇ ਕਿਉ ਨਾ ਹੋਣ। ਦਰਅਸਲ ਕੁਝ ਜੰਗਲਾਂ ਵਿੱਚ ਕੁਝ ਦਰੱਖਤ ਤੇ ਪੌਦੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਆਰਥਕ ਲਾਭ ਨਹੀਂ ਹੁੰਦਾ, ਪਰ ਪ੍ਰਸਥਿਤੀਆਂ ਦੇ ਮੱਦੇਨਜ਼ਰ ਉਨ੍ਹਾਂ ਦਾ ਜੰਗਲਾਂ ਵਿੱਚ ਹੋਣਾ ਜ਼ਰੂਰੀ ਹੈ। ਜ਼ਾਹਰ ਹੈ ਕਿ ਨਿੱਜੀ ਕੰਪਨੀ ਲਈ ਹਰ ਪੌਦਾ ਕੰਮ ਦਾ ਨਹੀਂ ਹੋਵੇਗਾ ਤੇ ਉਹ ਉਨ੍ਹਾਂ ਨੂੰ ਨਸ਼ਟ ਕਰ ਦੇਵੇਗੀ। ਇਸ ਤਰ੍ਹਾਂ ਜੰਗਲਾਂ ਦੀ ਸਥਿਤੀ ਤਾਂ ਨਹੀਂ ਸੁਧਰਨੀ, ਪਰ ਕੰਪਨੀਆਂ ਜੰਗਲਾਂ ਵਿੱਚ ਈਕੋ-ਟੂਰਿਜ਼ਮ ਜ਼ਰੂਰ ਸ਼ੁਰੂ ਕਰ ਦੇਣਗੀਆਂ। ਭਾਰਤ ਵਿੱਚ ਜੰਗਲ ਦਾ ਕਾਨੂੰਨ ਅੰਗਰੇਜ਼ਾਂ ਦੇ ਜ਼ਮਾਨੇ ਦਾ ਹੈ ਤੇ ਅੰਗਰੇਜ਼ਾਂ ਨੇ ਇਹ ਜੰਗਲਾਂ ਨੂੰ ਵਿਕਸਤ ਕਰਨ ਲਈ ਨਹੀਂ, ਸਗੋਂ ਜੰਗਲੀ ਉਪਜ ਵਧਾਉਣ ਲਈ ਬਣਾਇਆ ਸੀ। ਸਾਡੇ ਹਾਕਮ ਵੀ ਉਸ ਮੁਤਾਬਕ ਹੀ ਚੱਲ ਰਹੇ ਹਨ। ਜੰਗਲਾਂ ਨੂੰ ਸਿਰਫ ਜੰਗਲੀ ਉਪਜ ਲਈ ਹੀ ਤਿਆਰ ਕੀਤਾ ਜਾਂਦਾ ਹੈ। ਸਰਕਾਰ ਦਾ ਨਜ਼ਰੀਆ ਨਾ ਪਰਿਆਵਰਣ ਨੂੰ ਸੁਧਾਰਨ ਦਾ ਹੈ ਅਤੇ ਨਾ ਹੀ ਜੰਗਲੀ ਜਾਨਵਰਾਂ ਤੇ ਆਦਿਵਾਸੀਆਂ ਲਈ ਵਿਕਸਤ ਕਰਨਾ ਹੈ। ਇਸ ਲਈ ਅਜੇ ਵੀ ਜੰਗਲਾਂ ਵਿੱਚ ਫਲ ਵਾਲੇ ਪੌਦੇ ਨਹੀਂ ਲਾਏ ਜਾਂਦੇ, ਸਿਰਫ ਇਮਾਰਤੀ ਲੱਕੜੀ ਵਾਲੇ ਪੌਦੇ ਹੀ ਲਾਏ ਜਾਂਦੇ ਹਨ। ਸਰਕਾਰਾਂ ਜੰਗਲਾਂ ਨੂੰ ਵਿਕਸਤ ਕਰਨ ਲਈ ਹਰ ਸਾਲ ਕਰੋੜਾਂ ਰੁਪਏ ਖਰਚ ਕਰਦੀਆਂ ਹਨ, ਇਸ ਲਈ ਇਹ ਗੱਲ ਗਲੇ ਨਹੀਂ ਉਤਰਦੀ ਕਿ ਸਰਕਾਰਾਂ ਆਪਣੇ ਵਸੀਲਿਆਂ ਨਾਲ ਜੰਗਲਾਂ ਨੂੰ ਵਿਕਸਤ ਨਹੀਂ ਕਰ ਸਕਦੀਆਂ। ਅਸਲ ਵਿੱਚ ਸੂਬਾ ਸਰਕਾਰਾਂ ਇਸ ਕੰਮ ਲਈ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਭਾਈਵਾਲੀ ਨਹੀਂ ਚਾਹੁੰਦੀਆਂ।

ਜੰਗਲ ਕਾਰਪੋਰੇਟਾਂ ਹਵਾਲੇ ਕਰਨ ਦੀ ਤਿਆਰੀ Read More »