*ਖਰੀ ਗੱਲ ਕਰਨ ਵਾਲੇ ਅਤੇ ਸਮੇਂ ਦਾ ਸੱਚ ਕਹਿਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੋ ਗਈ ਹੈ- ਵਰਿਆਮ ਸਿੰਘ ਸੰਧੂ * ਅੰਤਾਂ ਦੀ ਬੇਰੁਜ਼ਗਾਰੀ, ਮੁਫ਼ਤਖੋਰੀ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੀ ਭਰਮਾਰ ਕਾਰਨ ਪੰਜਾਬ ‘ਚ ਪ੍ਰਵਾਸ ਵੱਧ ਰਿਹਾ ਹੈ – ਮਾਣਕ * ਹਰੀ ਕ੍ਰਾਂਤੀ ਨੇ ਪੰਜਾਬ ਦੀ ਆਰਥਿਕਤਾ ਤਾਂ ਮਜ਼ਬੂਤ ਕੀਤੀ, ਪਰ ਇਹ ਵਿਕਾਸ ਮਾਡਲ ਟਿਕਾਊ ਅਤੇ ਦੀਰਘ ਕਾਲਕ ਨਹੀਂ ਬਣ ਸਕਿਆ- ਘੁੰਮਣ ਫਗਵਾੜਾ, 24 ਫਰਵਰੀ (ਏ.ਡੀ.ਪੀ. ਨਿਊਜ਼ ) ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ ਵੱਲੋਂ ਪੰਜਾਬ ਚੇਤਨਾ ਮੰਚ ਦੇ ਸਹਿਯੋਗ ਨਾਲ ਫਗਵਾੜਾ ਵਿਖੇ ‘ਮਾਣ ਮੱਤਾ ਪੱਤਰਕਾਰ ਪੁਰਸਕਾਰ-2024’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਵਰਿਆਮ ਸਿੰਘ ਸੰਧੂ, ਸਤਨਾਮ ਸਿੰਘ ਮਾਣਕ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਰਣਜੀਤ ਸਿੰਘ ਘੁੰਮਣ, ਦੀਪਕ ਸ਼ਰਮਾ ਚਨਾਰਥਲ, ਪ੍ਰੋ. ਜਸਵੰਤ ਸਿੰਘ ਗੰਡਮ ਅਤੇ ਸਮਾਜ ਸੇਵੀ ਅਵਤਾਰ ਸਿੰਘ ਸਪਰਿੰਗਫੀਲਡ (ਯੂ.ਐਸ.ਏ.) ਨੇ ਕੀਤੀ। ਇਸ ਸਮਾਗਮ ਵਿੱਚ ਪ੍ਰਸਿੱਧ ਅਰਥ-ਸ਼ਾਸਤਰੀ ਅਤੇ ਕਾਲਮਨਵੀਸ ਡਾ. ਰਣਜੀਤ ਸਿੰਘ ਘੁੰਮਣ ਅਤੇ ਪ੍ਰਸਿੱਧ ਫੀਲਡ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੂੰ ਮਾਣ ਪੱਤਰ, ਮੰਮੰਟੋ, ਦੁਸ਼ਾਲਾ ਤੇ ਨਕਦ ਰਾਸ਼ੀ ਦਿੱਤੀ ਗਈ। ਇਸ ਮੌਕੇ ਡਾ. ਹਰਪ੍ਰੀਤ ਕੌਰ ਖ਼ਾਲਸਾ ਵੱਲੋਂ ਪੰਜਾਬੀ ਤੇ ਅੰਗਰੇਜ਼ੀ ‘ਚ ਲਿਖੀ ਪੁਸਤਕ “ਤੋਸ਼ਾਖਾਨਾ” ਲੋਕ ਅਰਪਨ ਕੀਤੀ ਗਈ। ਡਾ.ਰਣਜੀਤ ਸਿੰਘ ਘੁੰਮਣ ਅਤੇ ਸਤਨਾਮ ਸਿੰਘ ਮਾਣਕ ਨੇ “ਪੰਜਾਬ ਦੀਆਂ ਚਣੌਤੀਆਂ ਅਤੇ ਸੰਭਾਵਨਾਵਾਂ” ਵਿਸ਼ੇ ‘ਤੇ ਇਸ ਸਮੇਂ ਵਿਚਾਰ ਪੇਸ਼ ਕੀਤੇ।ਉਹਨਾਂ ਕਿਹਾ ਕਿ ਪੰਜਾਬ ਬਹੁਪੱਖੀ ਸੰਕਟਾਂ ਵਿੱਚ ਘਿਰਿਆ ਹੋਇਆ ਹੈ। ਹਰੀ ਕ੍ਰਾਂਤੀ ਨੇ ਪੰਜਾਬ ਦੀ ਆਰਥਿਕਤਾ ਤਾਂ ਮਜ਼ਬੂਤ ਕੀਤੀ, ਪਰ ਇਹ ਵਿਕਾਸ ਮਾਡਲ ਟਿਕਾਊ ਅਤੇ ਦੀਰਘ ਕਾਲਕ ਨਹੀਂ ਬਣ ਸਕਿਆ, ਜਿਸ ਦੀ ਜ਼ੁੰਮੇਵਾਰੀ ਸਿਆਸੀ ਲੀਡਰਸ਼ਿਪ ਅੰਦਰ ਦੂਰ ਦ੍ਰਿਸ਼ਟੀ ਦੀ ਘਾਟ, ਸਮੱਸਿਆਵਾਂ ਨੂੰ ਸਵਿਕਾਰ ਨਾ ਕਰਨਾ ਅਤੇ ਉਹਨਾ ਦੇ ਹੱਲ ਨਾ ਲੱਭਣਾ ਹੈ। ਉਹਨਾ ਕਿਹਾ ਕਿ ਅੰਤਾਂ ਦੀ ਬੇਰੁਜ਼ਗਾਰੀ, ਮੁਫ਼ਤਖੋਰੀ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੀ ਭਰਮਾਰ ਕਾਰਨ ਪੰਜਾਬ ‘ਚ ਪ੍ਰਵਾਸ ਵੱਧ ਰਿਹਾ ਹੈ। ਪ੍ਰੋ: ਰਣਜੀਤ ਸਿੰਘ ਘੁੰਮਣ ਅਨੁਸਾਰ 1970 ਵਿਆਂ ਅਤੇ 1990 ਵਿਆਂ ਦੇ ਸ਼ੁਰੂ ਤੱਕ ਪੰਜਾਬੀ ਵਿਕਾਸ ਦਰ ਅਤੇ ਪ੍ਰਤੀ ਵਿਅਕਤੀ ਆਮਦਨ ਵਿੱਚ ਮੋਹਰੀ ਸੂਬਾ ਸੀ ਪਰ ਹੁਣ ਇਹ ਹੇਠਾਂ ਖਿਸਕ ਰਿਹਾ ਹੈ। ਉਹਨਾਂ ਅਨੁਸਾਰ ਨੀਤੀ ਆਯੋਗ ਦੇ ਅੰਕੜਿਆਂ ਅਨੁਸਾਰ ਵਿੱਤੀ ਸਿਹਤ ਸੂਚਕ ਅੰਕ ਵਿੱਚ ਦੇਸ਼ ਦੇ 18 ਮੁੱਖ ਪ੍ਰਾਂਤਾਂ ਵਿੱਚੋਂ ਪੰਜਾਬ 18ਵੇਂ ਨੰਬਰ ‘ਤੇ ਹੈ। ਉਹਨਾਂ ਕਿਹਾ ਕਿ ਸਾਲ 1990-1991 ਵਿੱਚ ਪੰਜਾਬ ਸਿਰ 7102 ਕਰੋੜ ਰੁਪਏ ਕਰਜ਼ਾ ਸੀ ਜੋ ਹੁਣ 3 ਲੱਖ 74 ਹਜ਼ਾਰ ਕਰੋੜ ਰੁਪਏ ਤੱਕ ਪੁੱਜ ਗਿਆ ਹੈ। ਉਹਨਾ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਸਿਆਸਤ ਨੂੰ ਠੀਕ ਲੀਹਾਂ ‘ਤੇ ਤੋਰਨਾ ਪਵੇਗਾ। ਇਸ ਲਈ ਸੰਸਥਾਗਤ ਢਾਂਚਾ ਠੀਕ ਕਰਨਾ, ਨਿਵੇਸ਼ ਲਈ ਹਾਂ-ਪੱਖੀ ਮਾਹੌਲ ਸਥਾਪਤ ਕਰਨਾ, ਟੈਕਸਾਂ ਦੀ ਠੀਕ ਉਗਰਾਹੀ ਕਰਨਾ, ਸਰਕਾਰੀ ਖ਼ਜ਼ਾਨੇ ਵਿੱਚ ਸਮੁੱਚੇ ਸੰਭਾਵਿਤ ਵਿੱਤੀ ਸਾਧਨ ਲਿਆਉਣਾ, ਜਨਤਕ ਵਿੱਤੀ ਸਾਧਨਾਂ ਦਾ ਢੁਕਵਾਂ ਉਪਯੋਗ, ਮੁਫ਼ਤਖੋਰੀਆਂ ਅਤੇ ਸਬਸਿਡੀਆਂ ਨੂੰ ਤਰਕਸ਼ੀਲ ਬਣਾਉਣਾ, ਕੇਂਦਰੀ ਸਕੀਮਾਂ ਤੋਂ ਵੱਧ ਤੋਂ ਵੱਧ ਫਾਇਦਾ ਚੁੱਕਣਾ, ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨੇ, ਖੇਤੀ ਖੇਤਰ ਅਤੇ ਲਘੂ ਅਤੇ ਛੋਟੇ ਉਦਯੋਗਾਂ ਦੀ ਉੱਨਤੀ ਲਈ ਢੁੱਕਵਾਂ ਮਾਹੌਲ ਤਿਆਰ ਕਰਨਾ ਵਾਹਗਾ-ਅਟਾਰੀ ਬਾਰਡਰ ਰਾਹੀਂ ਵਪਾਰ ਵਧਾਉਣਾ ਆਦਿ ਕੁਝ ਜ਼ਰੂਰੀ ਪਹਿਲਕਦਮੀਆਂ ਦੀ ਜ਼ਰੂਰਤ ਹੈ। ਸਤਨਾਮ ਸਿੰਘ ਮਾਣਕ ਨੇ ਹੋਰ ਕਿਹਾ ਕਿ ਦੇਸ਼ ਦੀ ਵੰਡ ਜਿਹੜੀ ਕਿ ਦੋ ਕੌਮੀ ਥਿਊਰੀ ਕਾਰਨ ਹੋਈ ਸੀ, ਨੇ ਪੰਜਾਬ ਨੂੰ ਢਾਅ ਲਾਈ, ਪਰ ਆਰ.ਐਸ.ਐਸ.ਦੇ ਵੱਧ ਰਹੇ ਪ੍ਰਭਾਵ ਕਾਰਨ ਦੇਸ਼ ਅੰਦਰ ਇਹ ਥਿਊਰੀ ਮੁੜ ਲਾਗੂ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ। ਪਾਕਿਸਤਾਨ ਧਰਮ ਅਧਾਰਿਤ ਦੇਸ਼ ਹੈ, ਜਿਸ ਕਾਰਨ ਉਹ ਅਤਿਵਾਦ ਬਰਾਮਦ ਕਰਨ ਵਾਲਾ ਦੇਸ਼ ਕਿਹਾ ਜਾਂਦਾ ਹੈ। ਉਹਨਾ ਚਿਤਾਵਨੀ ਦਿੱਤੀ ਕਿ ਜੇ ਕਿਤੇ ਭਾਜਪਾ ਨੂੰ 350 ਤੋਂ ਵੱਧ ਸੀਟਾਂ ਮਿਲ ਜਾਂਦੀਆਂ ਤਾਂ ਭਾਰਤ ਵੀ ਹੁਣ ਤੱਕ ਧਰਮ ਅਧਾਰਿਤ ਦੇਸ਼ ਹੋਣਾ ਸੀ ਤੇ ਸਾਡਾ ਸੰਵਿਧਾਨ , ਲੋਕਤੰਤਰ ਅਤੇ ਧਰਮ ਨਿਰਪੱਖਤਾ ਵਾਲੇ ਸਿਧਾਂਤ ਨੂੰ ਤਿਲਾਂਜਲੀ ਦਿੱਤੀ ਜਾ ਚੁੱਕੀ ਹੋਣੀ ਸੀ। ਉਹਨਾ ਕਿਹਾ ਕਿ ਅਜੇ ਵੀ ਦੇਸ਼ ਦੀ ਆਰਥਿਕ, ਭਾਸ਼ਾਈ ਅਤੇ ਸਭਿਆਚਾਰਕ ਵਿਭਿੰਨਤਾ ਨੂੰ ਖ਼ਤਰਾ ਬਰਕਰਾਰ ਹੈ, ਜਿਸ ਲਈ ਸਾਨੂੰ ਸਭ ਨੂੰ ਸੁਚੇਤ ਹੋਣਾ ਚਾਹੀਦਾ ਹੈ। ਇਸ ਮੌਕੇ ਪ੍ਰਸਿੱਧ ਕਹਾਣੀਕਾਰ ਅਤੇ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਜ਼ੁਬਾਨਾਂ ਨੂੰ ਧਰਮ ਦੇ ਅਧਾਰ ‘ਤੇ ਨਹੀਂ ਵੰਡਣਾ ਚਾਹੀਦਾ ਹੈ। ਉਹਨਾ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਇਨਸਾਨੀਅਤ ਦੀ ਫਿਲਾਸਫੀ ਹੈ ਅਤੇ ਸਿੱਖ ਗੁਰੂਆਂ ਨੇ ਇਨਸਾਨੀ ਪਹਿਚਾਣ ਦੱਸਦਿਆਂ ਭਾਈ ਲਾਲੋਆਂ ਨੂੰ ਹਿੱਕ ਨਾਲ ਲਾਇਆ ਅਤੇ ਮਲਿਕ ਭਾਗੋਆਂ ਨੂੰ ਆਪਣੇ ਤੋਂ ਦੂਰ ਰੱਖਿਆ। ਉਹਨਾ ਨੇ ਕਿਹਾ ਕਿ ‘ਹਿੰਦੋਸਤਾਨ’ ਸ਼ਬਦ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਵਰਤਿਆ। ਪਰ ਹੁਣ ਇਸ “ਹਿੰਦੋਸਤਾਨ” ਨੂੰ “ਹਿੰਦੂ ਸਥਾਨ” ਬਨਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਹਨਾ ਨੇ ਖਰੀ ਗੱਲ ਕਰਨ ਵਾਲੇ ਅਤੇ ਸਮੇਂ ਦਾ ਸੱਚ ਕਹਿਣ ਵਾਲਿਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੋ ਗਈ ਹੈ। ਉਹਨਾ ਨੇ ਇਸ ਗੱਲੋਂ ਪ੍ਰੋ. ਰਣਜੀਤ ਸਿੰਘ ਘੁੰਮਣ ਅਤੇ ਦੀਪਕ ਸ਼ਰਮਾ ਚਨਾਰਥਲ ਅਤੇ ਪੰਜਾਬੀ ਵਿਰਸਾ ਟਰੱਸਟ ਦੇ ਪ੍ਰਬੰਧਕਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਪੰਜਾਬ ਚੇਤਨਾ ਮੰਚ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰੋ. ਰਣਜੀਤ ਸਿੰਘ ਘੁੰਮਣ ਅਤੇ ਦੀਪਕ ਸ਼ਰਮਾ ਚਨਾਰਥਲ ਬਾਰੇ ਬੋਲਦਿਆਂ ਕਿਹਾ ਕਿ ਉਹ ਦੋਵੇਂ ਪੰਜਾਬੀ ਭਾਸ਼ਾ ਅਤੇ ਸੂਬੇ ਦੀ ਸਥਿਤੀ ਬਾਰੇ ਸਜੱਗ ਸਖ਼ਸ਼ੀਅਤਾਂ ਹਨ ਜਿਹਨਾ ਨੇ ਸੰਘਰਸ਼ ਦੀ ਗਾਥਾ ਆਪਣੇ ਪਿੰਡੇ ਤੇ ਹੰਢਾਉਂਦਿਆਂ ਪੰਜਾਬ ਦੀ ਆਰਥਿਕਤਾ ਅਤੇ ਆਮ ਲੋਕਾਂ ਲਈ ਇੱਕ ਰਚਨਾਤਮਕ “ਨੈਰੇਟਿਵ” (ਬਿਰਤਾਂਤ) ਸਿਰਜਿਆ। ਰਵਿੰਦਰ ਚੋਟ ਅਤੇ ਬਲਦੇਵ ਰਾਜ ਕੋਮਲ ਨੇ ਮਾਣ ਪੱਤਰ ਪੜਿਆ। ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ਨੇ ਜੀਅ ਆਇਆਂ ਅਤੇ ਸਮਾਗਮ ਦੇ ਪ੍ਰਬੰਧਕ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਸਟੇਜ ਸੰਚਾਲਨ ਕੀਤਾ ਅਤੇ ਧੰਨਵਾਦੀ ਸ਼ਬਦ ਕਹੇ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਟੀ.ਡੀ. ਚਾਵਲਾ, ਸੁਖਵਿੰਦਰ ਸਿੰਘ, ਰਘਬੀਰ ਸਿੰਘ ਮਾਨ, ਦੀਦਾਰ ਸਿੰਘ ਸ਼ੇਤਰਾ, ਕਮਲੇਸ਼ ਸੰਧੂ, ਐਡਵੋਕੇਟ ਐਸ.ਐਲ. ਵਿਰਦੀ, ਪਰਵਿੰਦਰਜੀਤ ਸਿੰਘ ਆਦਿ ਹਾਜ਼ਰ ਸਨ।