ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੀ ਜਨਵਰੀ 2025 ਨੂੰ ਜਾਰੀ ਰਿਪੋਰਟ ਅਨੁਸਾਰ, 2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਬਣ ਗਿਆ ਹੈ। ਇਸ ਸਾਲ ਧਰਤੀ ਦਾ ਔਸਤ ਤਾਪਮਾਨ ਉਦਯੋਗਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਔਸਤ ਤਾਪਮਾਨ ਤੋਂ 1.6 ਡਿਗਰੀ ਸੈਲਸੀਅਸ ਅਤੇ 2023 ਦੇ ਸਾਲ ਨਾਲੋਂ 0.12 ਡਿਗਰੀ ਸੈਲਸੀਅਸ ਵੱਧ ਆਂਕਿਆ ਗਿਆ ਹੈ। 2024 ਵਿੱਚ ਸਿਰਫ਼ ਜੁਲਾਈ ਮਹੀਨੇ (1.48 ਡਿਗਰੀ ਸੈਲਸੀਅਸ) ਨੂੰ ਛੱਡ ਕੇ ਬਾਕੀ ਦੇ ਗਿਆਰਾਂ ਮਹੀਨਿਆਂ ਵਿੱਚ ਧਰਤੀ ਦਾ ਔਸਤ ਤਾਪਮਾਨ ਉਦਯੋਗਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਤਾਪਮਾਨ ਨਾਲੋਂ 1.5 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਵੱਧ ਰਿਹਾ ਹੈ। ਇਹ ਅਪਰੈਲ, ਮਈ, ਜੂਨ, ਅਗਸਤ ਤੇ ਸਤੰਬਰ ਵਿੱਚ 1.5 ਡਿਗਰੀ ਸੈਲਸੀਅਸ; ਜਨਵਰੀ, ਮਾਰਚ, ਅਕਤੂਬਰ, ਨਵੰਬਰ ਤੇ ਦਸੰਬਰ ਵਿੱਚ 1.6 ਡਿਗਰੀ ਸੈਲਸੀਅਸ ਤੇ ਫਰਵਰੀ ਵਿੱਚ 1.7 ਡਿਗਰੀ ਸੈਲਸੀਅਸ ਤੋਂ ਵੱਧ ਰਿਕਾਰਡ ਕੀਤਾ ਗਿਆ। ਰਿਕਾਰਡ ਅਨੁਸਾਰ, ਹੁਣ ਤੱਕ ਦਾ ਸਭ ਤੋਂ ਗਰਮ ਦਿਨ 22 ਜੁਲਾਈ ਵੀ 2024 ਵਿੱਚ ਹੀ ਆਇਆ। ਪਿਛਲੇ ਦਸ ਸਾਲ 2015-2024 ਹੁਣ ਤੱਕ ਦੇ ਸਭ ਤੋਂ ਗਰਮ ਸਾਲ ਰਹੇ ਹਨ। ਵਿਗਿਆਨੀਆਂ ਦੀਆਂ ਖੋਜਾਂ ਅਨੁਸਾਰ, ਧਰਤੀ ਅਤੇ ਸਮੁੰਦਰ ਦੇ ਪਾਣੀ ਦੇ ਔਸਤ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਮਨੁੱਖੀ ਗਤੀਵਿਧੀਆਂ ਕਾਰਨ ਹੋ ਰਿਹਾ ਹੈ ਜਿਨ੍ਹਾਂ ਵਿੱਚ ਆਵਾਜਾਈ ਦੇ ਸਾਧਨ, ਉਦਯੋਗਕ ਇਕਾਈਆਂ, ਜੰਗਲਾਂ ਦੀ ਅੰਧਾਧੁੰਦ ਕਟਾਈ, ਧਰਤੀ ਦੀ ਵਰਤੋਂ ਵਿੱਚ ਬਦਲਾਓ, ਮਨੁੱਖੀ ਰਹਿਣ-ਸਹਿਣ, ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਓ ਆਦਿ ਸ਼ਾਮਲ ਹਨ। ਇਹ ਸਾਰੀਆਂ ਗਤੀਵਿਧੀਆਂ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ ਤੇਜ਼ੀ ਨਾਲ ਵਾਧਾ ਕਰ ਰਹੀਆਂ ਹਨ। ਮਨੁੱਖੀ ਗਤੀਵਿਧੀਆਂ ਦੇ ਨਾਲ-ਨਾਲ 2024 ਵਿੱਚ ਤਾਪਮਾਨ ਦੇ ਵਾਧੇ ਲਈ ਕੁਦਰਤੀ ਵਰਤਾਰਾ ਅਲ-ਨੀਨੋ ਵੀ ਜ਼ਿੰਮੇਵਾਰ ਹੈ। ਇੱਥੇ ਇਹ ਸੋਚਣਾ ਬਣਦਾ ਹੈ ਕਿ ਤਾਪਮਾਨ ਦੇ ਇੰਨੇ ਜ਼ਿਆਦਾ ਵਾਧੇ ਲਈ ਸ਼ਾਇਦ ਦੁਨੀਆ ਵਿੱਚ ਵੱਡੇ ਪੱਧਰ ਉੱਤੇ ਹੋ ਰਹੀਆਂ ਲੜਾਈਆਂ ਵੀ ਜ਼ਿੰਮੇਵਾਰ ਹਨ। ਰੂਸ ਤੇ ਯੂਕਰੇਨ ਵਿੱਚ ਪਿਛਲੇ ਤਿੰਨ ਸਾਲ ਅਤੇ ਇਜ਼ਰਾਈਲ ਤੇ ਫ਼ਲਸਤੀਨ ਵਿਚਕਾਰ 15 ਮਹੀਨਿਆਂ ਤੋਂ ਚੱਲ ਰਹੀ ਲੜਾਈ ਦੁਆਰਾ ਵਾਤਾਵਰਨ ਵਿੱਚ ਵੱਡੀ ਮਾਤਰਾ ਵਿੱਚ ਗੈਸਾਂ ਛੱਡੀਆਂ ਜਾ ਰਹੀਆਂ ਹਨ। ਧਰਤੀ ਦੇ ਔਸਤ ਤਾਪਮਾਨ ਵਿੱਚ ਵਾਧਾ ਹੋਣ ਨਾਲ ਗਰਮ ਲਹਿਰਾਂ ਦੀ ਆਮਦ ਦੀ ਗਿਣਤੀ ਅਤੇ ਮਾਰ ਵਧ ਰਹੀ ਹੈ। ਨਤੀਜੇ ਵਜੋਂ ਸੋਕੇ ਅਤੇ ਜੰਗਲੀ ਅੱਗਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਣਾ ਸੁਭਾਵਕ ਹੈ। ਤਾਪਮਾਨ ’ਚ ਵਾਧੇ ਕਾਰਨ ਗਰਮ ਹਵਾ ਵਾਧੂ ਪਾਣੀ ਜਜ਼ਬ ਕਰਦੀ ਹੈ; ਨਤੀਜੇ ਵਜੋਂ ਜ਼ਿਆਦਾ ਮੀਂਹ ਪੈਣ ਕਾਰਨ ਹੜ੍ਹਾਂ ਦੀ ਆਮਦ ਦੀ ਗਿਣਤੀ ਅਤੇ ਮਾਰ ਵਧ ਰਹੀ ਹੈ। ਸਮੁੰਦਰਾਂ ਦਾ ਪਾਣੀ ਗਰਮ ਹੋਣ ਨਾਲ ਸਮੁੰਦਰੀ ਤੂਫ਼ਾਨ ਵਧੇਰੇ ਵਿਨਾਸ਼ਕਾਰੀ ਹੋ ਰਹੇ ਹਨ। ਧਰਤੀ ਦੇ ਔਸਤ ਤਾਪਮਾਨ ਵਿੱਚ ਇੰਨਾ ਵਾਧਾ ਅਚਾਨਕ ਨਹੀਂ ਹੋਇਆ। 1980 ਦੇ ਦਹਾਕੇ ਤੋਂ ਵਿਗਿਆਨੀ ਆਪਣੀ ਖੋਜਾਂ ਰਾਹੀਂ ਸਮੇਂ ਦੀਆਂ ਸਰਕਾਰਾਂ ਨੂੰ ਗਰੀਨਹਾਊਸ ਗੈਸਾਂ ਦੇ ਵਾਧੇ ਨਾਲ ਹੋਣ ਵਾਲੇ ਨੁਕਸਾਨ ਤੋਂ ਲਗਾਤਾਰ ਜਾਣੂ ਕਰਵਾ ਰਹੇ ਹਨ। 2014 ਵਿੱਚ ਇੰਟਰਨੈਸ਼ਨਲ ਪੈਨਲ ਆਨ ਕਲਾਈਮੇਟ ਚੇਂਜ ਦੀ 5ਵੀਂ ਰਿਪੋਰਟ ਨੇ ਤਾਪਮਾਨ ਦੇ ਵਾਧੇ ਨਾਲ ਮੌਸਮ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਚਿੰਤਾਜਨਕ ਤੱਥ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਸੀ ਕਿ ਜੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ ਕਟੌਤੀ ਲਈ ਠੋਸ ਉਪਰਾਲੇ ਨਾ ਕੀਤੇ ਤਾਂ ਦੁਨੀਆ ਦਾ ਕੋਈ ਵੀ ਦੇਸ਼ ਮੌਸਮ ਤਬਦੀਲੀਆਂ ਦੇ ਮਾੜੇ ਪ੍ਰਭਾਵਾਂ ਤੋਂ ਬਚ ਨਹੀਂ ਸਕੇਗਾ। ਇਹ ਰਿਪੋਰਟ ਆਉਣ ਮਗਰੋਂ ਭਾਵੇਂ ਦੁਨੀਆ ਦੇ ਸਾਰੇ ਦੇਸ਼ਾਂ ਨੇ 2015 ਵਿੱਚ ਪੈਰਿਸ ਮੌਸਮੀ ਸਮਝੌਤੇ ਤਹਿਤ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਲਈ ਯੋਜਨਾ ਉਲੀਕੀ ਸੀ ਪਰ ਅਫ਼ਸੋਸ! 9 ਸਾਲ ਬੀਤ ਜਾਣ ਉੱਤੇ ਵੀ ਦੁਨੀਆ ਦੇ ਬਹੁਤੇ ਦੇਸ਼ਾਂ (ਖ਼ਾਸਕਰ ਵੱਧ ਨਿਕਾਸੀ ਵਾਲੇ) ਨੇ ਇਸ ਸਮਝੌਤੇ ਨੂੰ ਸੰਜੀਦਗੀ ਨਾਲ ਨਹੀਂ ਲਿਆ; ਨਤੀਜੇ ਵਜੋਂ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਦੀ ਘਣਤਾ ਤੇਜ਼ੀ ਨਾਲ ਵਧ ਰਹੀ ਹੈ। ਚੀਨ ਅਤੇ ਅਮਰੀਕਾ ਜੋ ਅੱਜ ਕੱਲ੍ਹ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਨਿਕਾਸੀ ਵਿੱਚ ਪਹਿਲੇ ਤੇ ਦੂਜੇ ਨੰਬਰ ’ਤੇ ਹਨ; ਦਾ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ ਕਟੌਤੀ ਕਰਨ ਸਬੰਧੀ ਢਿੱਲਾ ਵਤੀਰਾ ਸਾਹਮਣੇ ਆ ਰਿਹਾ ਹੈ। ਚੀਨ ਜੋ ਦੁਨੀਆ ਦੇ ਸਭ ਦੇਸ਼ਾਂ ਤੋਂ ਵੱਧ ਗਰੀਨ ਹਾਊਸ ਗੈਸਾਂ (ਕੁੱਲ ਨਿਕਾਸੀ ਦਾ 32 ਫ਼ੀਸਦ) ਛੱਡ ਰਿਹਾ ਹੈ, ਦੀ ਗਰੀਨ ਹਾਊਸ ਗੈਸਾਂ ਵਿੱਚ ਕਟੌਤੀ 2030 ਤੋਂ ਬਾਅਦ ਕਰਨ ਦੀ ਯੋਜਨਾ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਦੂਜੇ ਕਾਰਜ ਕਾਲ ਦੇ ਪਹਿਲੇ ਦਿਨ ਹੀ ਦੂਜੀ ਵਾਰ ਪੈਰਿਸ ਮੌਸਮੀ ਸਮਝੌਤੇ ਤੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਹੈ। ਇਹ ਦੋਵੇਂ ਦੇਸ਼ ਕੁੱਲ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਦਾ 44 ਫ਼ੀਸਦ ਹਿੱਸਾ ਵਾਤਾਵਰਨ ਵਿੱਚ ਛੱਡਦੇ ਹਨ। ਆਈਪੀਸੀਸੀ ਦੀ 6ਵੀਂ ਰਿਪੋਰਟ ਦੀ ਦੂਜੀ ਕਿਸ਼ਤ ਅਨੁਸਾਰ, ਆਰਥਿਕ ਅਤੇ ਸਮਾਜਿਕ ਅਸਮਾਨਤਾਵਾਂ ਵੀ ਤਾਪਮਾਨ ਦੇ ਵਾਧੇ ਲਈ ਜ਼ਿੰਮੇਵਾਰ ਹਨ। ਵਿਕਸਿਤ ਦੇਸ਼ਾਂ ਦੇ ਨਾਲ-ਨਾਲ ਅਮੀਰ ਲੋਕ ਵੀ ਤਾਪਮਾਨ ਦੇ ਵਾਧੇ ਲਈ ਜ਼ਿੰਮੇਵਾਰ ਹਨ। ਔਕਸਫੈਮ ਦੀ 2023 ਵਿੱਚ ਜਾਰੀ ਰਿਪੋਰਟ ਅਨੁਸਾਰ, ਦੁਨੀਆ ਦੀ 1 ਫ਼ੀਸਦ ਸਭ ਤੋਂ ਅਮੀਰ (7.7 ਕਰੋੜ) ਆਬਾਦੀ ਜਿਹੜੀ ਸਾਲਾਨਾ 1,40,000 ਅਮਰੀਕੀ ਡਾਲਰ ਜਾਂ ਇਸ ਵੱਧ ਕਮਾਉਂਦੀ ਹੈ, ਹਰ ਸਾਲ ਵਾਤਾਵਰਨ ਵਿੱਚ ਓਨੀ ਮਾਤਰਾ ਵਿੱਚ ਕਾਰਬਨ ਡਾਇਆਕਸਾਈਡ ਗੈਸ ਛੱਡਦੀ ਹੈ ਜਿੰਨੀ ਦੁਨੀਆ ਦੀ 66 ਫ਼ੀਸਦ ਗ਼ਰੀਬ ਆਬਾਦੀ। ਤਾਪਮਾਨ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਉੱਤੇ ਕਾਬੂ ਪਾਉਣ ਲਈ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ ਤੇਜ਼ੀ ਨਾਲ ਕਟੌਤੀ ਕਰਨੀ ਚਾਹੀਦੀ ਹੈ। ਆਈਪੀਸੀਸੀ ਦੀ 2023 ਦੀ ਰਿਪੋਰਟ ਅਨੁਸਾਰ, ਤਾਪਮਾਨ ਦੇ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਲਈ 2030 ਤੱਕ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ 2019 ਦੇ ਨਿਕਾਸੀ ਦੇ ਪੱਧਰ ਦੇ ਮੁਕਾਬਲੇ 43 ਫ਼ੀਸਦ ਅਤੇ 2035 ਤੱਕ 60 ਫ਼ੀਸਦ ਤੱਕ ਕਟੌਤੀ ਕਰਨ ਦੀ ਜ਼ਰੂਰਤ ਹੈ, ਇਸ ਲਈ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਤਾਪਮਾਨ ਦੇ ਵਾਧੇ ਕਾਰਨ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਤੋਂ ਲੋਕਾਂ ਨੂੰ ਬਚਾਉਣ ਲਈ ਕੁਦਰਤ ਨਾਲ ਇਕਸੁਰਤਾ ਬਣਾ ਕੇ ਆਰਥਿਕ ਵਿਕਾਸ ਕਰਨਾ ਚਾਹੀਦਾ ਹੈ। ਊਰਜਾ ਕੋਲੇ, ਤੇਲ ਅਤੇ ਗੈਸ ਦੀ ਥਾਂ ਨਵਿਆਉਣਯੋਗ (ਸੂਰਜ, ਪਾਣੀ ਤੇ ਹਵਾ) ਸਰੋਤਾਂ ਤੋਂ ਪੈਦਾ ਕਰਨੀ ਚਾਹੀਦੀ ਹੈ। ਵਿਕਸਤ ਦੇਸ਼ਾਂ ਅਤੇ ਵੱਧ ਆਮਦਨ ਵਾਲੇ ਲੋਕਾਂ ਨੂੰ ਜ਼ਿੰਦਗੀ ਜਿਊਣ ਦੇ ਤਰੀਕਿਆਂ ਵਿੱਚ ਭਾਰੀ ਤਬਦੀਲੀ ਲਿਆਉਣ ਦੀ ਲੋੜ ਹੈ। ਜ਼ਿੰਦਗੀ ਜਿਊਣ ਦੇ ਤਰੀਕਿਆਂ ਵਿੱਚ ਲੰਮੀ ਦੂਰੀ ਦੀਆਂ ਹਵਾਈ ਉਡਾਣਾਂ ਤੋਂ ਲੈ ਕੇ ਊਰਜਾ ਆਧਾਰਿਤ ਨਿੱਜੀ ਸਹੂਲਤਾਂ, ਖਾਧ ਪਦਾਰਥਾਂ, ਕੱਪੜਿਆਂ ਆਦਿ ਦੀ ਚੋਣ ਸ਼ਾਮਲ ਹਨ। ਆਵਾਜਾਈ ਦੇ ਸਾਧਨ ਵਾਤਾਵਰਨ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਗਰੀਨ ਹਾਊਸ ਗੈਸਾਂ ਛੱਡਦੇ ਹਨ। ਇਸ ਲਈ ਆਵਾਜਾਈ ਦੇ ਪ੍ਰਾਈਵੇਟ ਸਾਧਨਾਂ ਦੀ ਥਾਂ ਜਨਤਕ ਆਵਾਜਾਈ ਦੇ ਸਾਧਨਾਂ ਦਾ ਬਿਜਲੀਕਰਨ ਕਰਨਾ ਚਾਹੀਦਾ ਹੈ। ਬਿਜਲੀ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਕਰਨੀ ਚਾਹੀਦੀ ਹੈ। ਦੁਨੀਆ ਦੇ ਸਾਰੇ ਦੇਸ਼ਾਂ ਨੂੰ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਜਾਪਾਨ ਅਤੇ ਯੂਰੋਪੀਅਨ ਦੇਸ਼ਾਂ ਵਾਂਗ ਪ੍ਰਭਾਵਸ਼ਾਲੀ ਬਣਾਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪ੍ਰਾਈਵੇਟ ਵਾਹਨ ਰੱਖਣ ਦੀ ਜ਼ਰੂਰਤ ਹੀ ਨਾ ਪਵੇ। ਅਮਰੀਕਾ ਜਿਸ ਨੇ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਗਰੀਨ ਹਾਊਸ ਗੈਸਾਂ ਛੱਡੀਆਂ ਹਨ, ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਥਾਂ ਆਧੁਨਿਕ ਤਕਨੀਕਾਂ ਦੀ ਮਦਦ ਰਾਹੀਂ ਇਨ੍ਹਾਂ ਗੈਸਾਂ ਦੀ ਨਿਕਾਸੀ ਵਿੱਚ ਕਟੌਤੀ ਕਰਨੀ ਚਾਹੀਦੀ ਹੈ। ਹਰ ਦੇਸ਼ ਨੂੰ ਜੰਗਲਾਂ ਦੀ ਅੰਧਾਧੁੰਦ ਕਟਾਈ ਬੰਦ ਕਰ ਕੇ ਜੰਗਲਾਂ ਥੱਲੇ ਰਕਬਾ 33 ਫ਼ੀਸਦ ਕਰਨਾ ਚਾਹੀਦਾ ਹੈ। ਸਜਾਵਟੀ ਅਤੇ ਵਪਾਰਕ ਦਰਖ਼ਤ ਲਗਾਉਣ ਦੀ ਥਾਂ ਸਥਾਨਕ ਦਰਖ਼ਤਾਂ ਨੂੰ ਤਰਜੀਹ ਦਿੱਤੀ ਜਾਵੇ। ਵੱਖ-ਵੱਖ