
ਸਾਲ 1928 ਦੀਆਂ ਓਲੰਪਿਕ ਖੇਡਾਂ ਦੇ ਇਤਿਹਾਸਕ ਸੋਨ ਤਗ਼ਮੇ ਤੋਂ ਬਾਅਦ ਭਾਰਤ ਦੇ 1932 ਦੀਆਂ ਖੇਡਾਂ ਵਿਚ ਵੀ ਭਾਗ ਲਿਆ। ਭਾਰਤ ਦੇ 19 ਖਿਡਾਰੀਆਂ ਨੇ 3 ਖੇਡਾਂ ਅਥਲੈਟਿਕਸ, ਤੈਰਾਕੀ ਤੇ ਫੀਲਡ ਹਾਕੀ ਵਿਚ ਭਾਗ ਲਿਆ। ਇਨ੍ਹਾਂ ਖੇਡਾਂ ਵਿਚ ਵੀ ਭਾਰਤੀ ਹਾਕੀ ਟੀਮ ਨੇ ਆਪਣੇ ਸੋਨ ਤਗ਼ਮੇ ਦਾ ਬਚਾਅ ਕਰਦੇ ਹੋਏ ਭਾਰਤ ਦਾ ਝੰਡਾ ਬੁਲੰਦ ਕੀਤਾ। 1932 ਦੀਆਂ ਓਲੰਪਿਕ ਖੇਡਾਂ ਜੋ ਅਮਰੀਕਾ ਦੇ ਲਾਸ ਏਂਜਲਸ ਵਿਚ ਹੋਣ ਜਾ ਰਹੀਆਂ ਸਨ। ਇਸ ਵਾਰ ਵੀ ਖਿਡਾਰੀਆ ਨੂੰ ਭੇਜਣ ਲਈ ਪੈਸੇ ਦੀ ਕਮੀ ਸੀ। ਉਸ ਸਮੇਂ ਦੇਸ਼ ਅੰਗਰੇਜ਼ਾਂ ਦੇ ਸਾਏ ਹੇਠ ਸੀ। ਹਾਕੀ ਸੰਘ ਅੱਗੇ ਪੈਸੇ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਸੀ । ਇਸ ਵਾਰ ਵੀ ਭਾਰਤੀ ਹਾਕੀ ਸੰਘ ਦੇ ਪ੍ਰਧਾਨ ਅਤੇ ਰੇਲਵੇ ਬੋਰਡ ਦੇ ਉੱਚ ਅਧਿਕਾਰੀ ਹੇਮੈਨ ਅੱਗੇ ਆਏ।
ਹਾਕੀ ਸੰਘ ਦੇ ਸਕੱਤਰ ਪੰਕਜ ਗੁਪਤਾ ਨੇ ਵੀ ਸਾਥ ਦਿੱਤਾ। ਜਦੋਂ ਪੈਸੇ ਦਾ ਪ੍ਰਬੰਧ ਹੁੰਦਾ ਨਜ਼ਰ ਨਾ ਆਇਆ ਤਾਂ ਬੈਂਕ ਤੋਂ ਕਰਜ਼ ਲੈਣ ਦੀ ਯੋਜਨਾ ਬਣਾਈ। ਆਖ਼ਿਰਕਾਰ ਪੰਜਾਬ ਨੈਸ਼ਨਲ ਬੈਂਕ ਨੇ ਟੀਮ ਨੂੰ ਭੇਜਣ ਲਈ ਕਰਜ਼ਾ ਦੇਣ ਦੀ ਹਾਮੀ ਭਰੀ ਤੇ 1932 ਦੀਆਂ ਓਲੰਪਿਕ ਖੇਡਣ ਲਈ ਹਾਕੀ ਟੀਮ ਦਾ ਰਸਤਾ ਸਾਫ਼ ਕੀਤਾ। 1932 ਦੀਆਂ ਓਲੰਪਿਕ ਖੇਡਾਂ ਵਿਚ ਸ਼ਾਮਿਲ ਹੋਣ ਵਾਲੀ ਭਾਰਤੀ ਹਾਕੀ ਟੀਮ ਵਿਚ ਨਿਮਨਲਿਖਤ ਖਿਡਾਰੀ ਸਨ-ਲਾਲ ਸ਼ਾਹ ਬੁਖਾਰੀ (ਕਪਤਾਨ),ਰਿਚਰਡ ਜੇ ਐਲਨ (ਗੋਲਕੀਪਰ), ਸਈਅਦ ਮੁਹੰਮਦ ਜਾਫ਼ਰ,ਮੁਹੰਮਦ ਅਸਲਮ, ਫ੍ਰੈਂਕ ਬ੍ਰੀਵਿਨ, ਰਿਚਰਡ ਜੇ. ਕੈਰ, ਧਿਆਨ ਚੰਦ, ਲੈਸਲੀ ਸੀ. ਹੈਮੰਡ, ਆਰਥਰ ਸੀ ਹਿੰਦ, ਮਸੂਦ ਮਿਨਹਾਸ, ਬਰੂਮ ਐਰਿਕ ਪਿਨਿਗਰ, ਗੁਰਮੀਤ ਸਿੰਘ ਕੁਲਾਰ, ਰੂਪ ਸਿੰਘ, ਕਾਰਲਾਈਲ ਸੀ. ਟੈਪਸੇਲ, ਵਿਲੀਅਮ ਸੁਲੀਵਾਨ।ਭਾਰਤੀ ਟੀਮ ਨੇ 4 ਅਗਸਤ ਨੂੰ ਜਪਾਨ ਖ਼ਿਲਾਫ਼ ਪਹਿਲਾ ਮੈਚ ਖੇਡਿਆ ਤੇ ਉਸਨੂੰ 1 ਦੇ ਮੁਕਾਬਲੇ 11 ਗੋਲਾਂ ਨਾਲ ਹਰਾਇਆ।
ਜਪਾਨ ਵੱਲੋਂ ਕੀਤਾ ਇਹ ਇਕ ਗੋਲ ਭਾਰਤੀਆਂ ਲਈ ਇਤਿਹਾਸਕ ਮਹੱਤਵ ਰੱਖਦਾ ਹੈ ਕਿਉਂਕਿ 1928 ਓਲੰਪਿਕ ਖੇਡਾਂ ’ਚ ਭਾਰਤ ਖ਼ਿਲਾਫ਼ ਕੋਈ ਟੀਮ ਗੋਲ ਨਹੀਂ ਕਰ ਪਾਈ ਸੀ। ਧਿਆਨ ਚੰਦ ਨੇ 4, ਰੂਪ ਸਿੰਘ ਨੇ 3, ਗੁਰਮੀਤ ਸਿੰਘ ਕੁਲਾਰ ਨੇ 3 ਅਤੇ ਰਿਚਰਡ.ਜੇ.ਕੈਰ ਨੇ 1 ਗੋਲ ਕੀਤੇ। ਅਮਰੀਕਾ ਨੂੰ ਪਹਿਲੇ ਮੈਚ ਵਿਚ ਜਾਪਾਨ ਨੇ 9-2 ਨਾਲ ਤੇ ਅਗਲੇ ਮੈਚ ’ਚ ਭਾਰਤ ਨੇ 1 ਦੇ ਮੁਕਾਬਲੇ 24 ਗੋਲਾਂ ਨਾਲ ਹਰਾ ਕੇ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਆਪਣੇ ਸੋਨ ਤਗ਼ਮੇ ਦਾ ਬਚਾਅ ਕੀਤਾ। ਇਸ ਮੈਚ ਵਿਚ ਧਿਆਨ ਚੰਦ ਨੇ 8 ਤੇ ਉਸਦੇ ਛੋਟੇ ਭਾਈ ਰੂਪ ਸਿੰਘ ਨੇ ਵੱਡੇ ਭਰਾ ਦੀਆਂ ਪੈੜਾਂ ਨੱਪਦੇ 10 ਗੋਲ ਵਿਰੋਧੀ ਟੀਮ ਦੇ ਗੋਲ ਅੰਦਰ ਠੋਕੇ।