ਜਦੋਂ ਚੋਣਾਂ ਆਉਂਦੀਆਂ ਹਨ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਵੋਟਰਾਂ ’ਤੇ ਵਾਅਦਿਆਂ ਦੀ ਝੜੀ ਲਗਾ ਦਿੰਦੀਆਂ ਹਨ। ਸਿਆਸਤਦਾਨਾਂ ਨੂੰ ਆਮ ਆਦਮੀ ਅਤੇ ਉਨ੍ਹਾਂ ਦੇ ਦੁੱਖ ਦਰਦਾਂ ਦਾ ਇੱਕਦਮ ਚੇਤਾ ਆ ਜਾਂਦਾ ਹੈ। ਜਿਨ੍ਹਾਂ ਗ਼ਰੀਬ ਗੁਰਬਿਆਂ, ਬੇਰੁਜ਼ਗਾਰ ਨੌਜਵਾਨਾਂ, ਘੱਟਗਿਣਤੀਆਂ, ਝੁੱਗੀ ਝੋਂਪੜੀ ਵਾਲਿਆਂ ਅਤੇ ਕਬਾਇਲੀਆਂ ਨੂੰ ਪੰਜ ਸਾਲਾਂ ਦੇ ਜ਼ਿਆਦਾਤਰ ਅਰਸੇ ਤੱਕ ਦਰਕਿਨਾਰ ਕਰ ਕੇ ਰੱਖਿਆ ਜਾਂਦਾ ਹੈ ਤਾਂ ਉਹ ਇੱਕਦਮ ਫੌਰੀ ਅਤੇ ਗਹਿ-ਗੱਡਵੇਂ ਬਹਿਸ ਮੁਬਾਹਸਿਆਂ ਦਾ ਮਰਕਜ਼ ਬਣ ਜਾਂਦੇ ਹਨ। ਇਹ ਮਹਾਂ ਤਮਾਸ਼ਾ ਹੁੰਦਾ ਹੈ, ਵਾਅਦਿਆਂ ਦਾ ਓਪੇਰਾ ਜਿੱਥੇ ਮੁਫ਼ਤ ਬਿਜਲੀ, ਅਨਾਜ ਤੇ ਟੀਵੀ, ਸਾਈਕਲ ਤੇ ਲੈਪਟਾਪ ਜਿਹੇ ਮਾਲ ਅਸਬਾਬ ਦੇ ਨਾਲੋ-ਨਾਲ ਨਕਦਨਾਵਾਂ, ਸਭ ਕੁਝ ਸਿਆਸੀ ਪ੍ਰਵਚਨ ਦਾ ਵਾਹਕ ਬਣ ਜਾਂਦਾ ਹੈ। ਹਾਲੀਆ ਅਰਸੇ ਦੌਰਾਨ ਨਵਾਂ ਸ਼ਬਦ ‘ਰਿਓੜੀ ਕਲਚਰ’ ਸਾਡੇ ਸਿਆਸੀ ਸ਼ਬਦਕੋਸ਼ ਦਾ ਹਿੱਸਾ ਬਣ ਗਿਆ ਹੈ। ਪ੍ਰਧਾਨ ਮੰਤਰੀ ਵੱਲੋਂ ਇਸ ਤਥਾਕਥਿਤ ‘ਰਿਓੜੀ ਕਲਚਰ’ ਦੀ ਨਿੰਦਾ ਕਰਨ ਤੋਂ ਨਵੀਂ ਬਹਿਸ ਸ਼ੁਰੂ ਹੋ ਗਈ ਜਿਸ ਵਿੱਚ ਕਲਿਆਣਕਾਰੀ ਉਪਰਾਲਿਆਂ ਦੀ ਵਾਜਬੀਅਤ ਉੱਪਰ ਕਿੰਤੂ ਕੀਤਾ ਜਾਂਦਾ ਹੈ ਕਿ ਕੀ ਇਹ ਹੰਢਣਸਾਰ ਉਪਰਾਲੇ ਹਨ ਜਾਂ ਇਹ ਵਿੱਤੀ ਗ਼ੈਰ-ਜ਼ਿੰਮੇਵਾਰੀ ਦੀ ਲਬਾਦਾ ਮਾਤਰ ਹਨ? ਹੁਣ ਸੁਪਰੀਮ ਕੋਰਟ ਵੀ ਇਸ ਦੀ ਨਿਰਖ-ਪਰਖ ਕਰਨ ਲੱਗ ਪਈ ਹੈ ਤੇ ਇਸ ਨੇ ਇਹ ਸਰੋਕਾਰ ਜਤਾਇਆ ਹੈ ਕਿ ਬਹੁਤ ਜ਼ਿਆਦਾ ਖ਼ੈਰਾਤਾਂ ਵੰਡਣ ਨਾਲ ਨਿਰਭਰਤਾ ਵਧਦੀ ਹੈ। ਹਾਲ ਹੀ ਵਿੱਚ ਇਸ ਦੇ ਇੱਕ ਬੈਂਚ ਨੇ ਟਿੱਪਣੀ ਕੀਤੀ ਹੈ ਕਿ ਮੁਫ਼ਤ ਅਨਾਜ ਵੰਡਣ ਨਾਲ ਲੋਕ ਕੰਮਚੋਰ ਬਣ ਰਹੇ ਹਨ ਤੇ ਉਸ ਨੇ ਇਹ ਪ੍ਰਭਾਵ ਸਿਰਜਿਆ ਹੈ ਕਿ ਇਸ ਕਿਸਮ ਦੀਆਂ ਨੀਤੀਆਂ ਨਾਲ ਪਰਜੀਵੀਆਂ ਦੀ ਜਮਾਤ ਪੈਦਾ ਹੋ ਸਕਦੀ ਹੈ। ਕੁਝ ਦਿਨ ਪਹਿਲਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਹਨ ਜਿਨ੍ਹਾਂ ਵਿੱਚ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦਰਮਿਆਨ ਲੋਕਾਂ ਨੂੰ ਮੁਫ਼ਤ ਬਿਜਲੀ, ਪਾਣੀ, ਸਫ਼ਰ, ਮੈਡੀਕਲ ਸਹੂਲਤ, ਸਿੱਖਿਆ ਤੋਂ ਇਲਾਵਾ ਔਰਤਾਂ ਅਤੇ ਨੌਜਵਾਨਾਂ ਨੂੰ ਮਾਸਿਕ ਨਕਦ ਸਹਾਇਤਾ ਦੇ ਰੂਪ ਵਿੱਚ ‘ਰਿਓੜੀਆਂ’ ਵੰਡਣ ਦੀ ਹੋੜ ਲੱਗੀ ਹੋਈ ਸੀ। ਕੋਈ ਹੈਰਤ ਦੀ ਗੱਲ ਨਹੀਂ ਕਿ ਸੁਪਰੀਮ ਕੋਰਟ ਨੇ ਸਖ਼ਤ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਇਸ ’ਤੇ ਪ੍ਰਤੀਕਿਰਿਆ ਕੀਤੀ ਹੈ ਜਿਸ ਉੱਪਰ ਸੋਚ ਵਿਚਾਰ ਕਰਨੀ ਬਣਦੀ ਹੈ। ਇਸ ਬਹਿਸ ਦੀ ਘੁੰਡੀ ਕਿਤੇ ਵੱਧ ਅਹਿਮ ਹੈ: ਕੀ ਇਹ ਖ਼ੈਰਾਤਾਂ ਗ਼ਰੀਬਾਂ ਦੀ ਭਲਾਈ ਲਈ ਜ਼ਰੂਰੀ ਹਨ ਜਾਂ ਇਹ ਸਿਆਸੀ ਪਾਰਟੀਆਂ ਦੇ ਚੁਣਾਵੀ ਲਾਹੇ ਦੀ ਲੋੜ ਦੀ ਉਪਜ ਹਨ? ਇੱਕ ਹੋਰ ਮੁੱਦਾ ਵੀ ਹੈ: ਜੇ ਗ਼ਰੀਬਾਂ ਲਈ ਕੋਈ ਵਾਅਦਾ ਕੀਤਾ ਜਾਂਦਾ ਹੈ ਤਾਂ ਇਹ ਖ਼ੈਰਾਤ ਹੈ; ਜੇ ਇਹ ਅਮੀਰਾਂ ਲਈ ਹੈ ਤਾਂ ਇਹ ਪ੍ਰੇਰਕ ਹੈ। ਇਸ ਸਮੁੱਚੀ ਬਹਿਸ ’ਚੋਂ ਅਰਥਚਾਰੇ ਦੀ ਚਰਚਾ ਕਿਤੇ ਪਿਛਾਂਹ ਰਹਿ ਜਾਂਦੀ ਹੈ। ਭਾਰਤ ਵਿੱਚ ਰਿਆਇਤਾਂ/ਖ਼ੈਰਾਤਾਂ ਦੇ ਦੋ ਵੱਡੇ ਵਰਗ ਹਨ: ਇੱਕ ਉਹ ਜੋ ਚੋਣਾਂ ਦੇ ਐਲਾਨ ਤੋਂ ਪਹਿਲਾਂ ਦਿੱਤੀਆਂ ਜਾਂਦੀਆਂ; ਦੂਜੀਆਂ ਉਹ ਜਿਨ੍ਹਾਂ ਬਾਰੇ ਵਾਅਦੇ ਕੀਤੇ ਜਾਂਦੇ ਹਨ ਜਦੋਂ ਚੋਣ ਜ਼ਾਬਤਾ ਲਾਗੂ ਹੁੰਦਾ ਹੈ। ਪਹਿਲੇ ਵਰਗ ਵਾਲੀਆਂ ਖ਼ੈਰਾਤਾਂ ਸੱਤਾਧਾਰੀ ਪਾਰਟੀ ਦੇ ਨੀਤੀਗਤ ਫ਼ੈਸਲੇ ਹੁੰਦੇ ਹਨ; ਜਿਵੇਂ ਸਬਸਿਡੀਆਂ, ਕੀਮਤਾਂ ਵਿੱਚ ਕਟੌਤੀ, ਨਵੀਆਂ ਕਲਿਆਣਕਾਰੀ ਸਕੀਮਾਂ ਜੋ ਕਿਸੇ ਖ਼ਾਸ ਪਾਰਟੀ ਦੇ ਫ਼ਾਇਦੇ ਲਈ ਚੋਣ ਜ਼ਾਬਤੇ ਤੋਂ ਪਹਿਲਾਂ ਆਰਾਮ ਨਾਲ ਲਾਗੂ ਕਰਵਾ ਦਿੱਤੀਆਂ ਜਾਂਦੀਆਂ ਹਨ। ਦੂਜੀ ਤਰ੍ਹਾਂ ਦੀਆਂ ਰਿਆਇਤਾਂ ਪਾਰਟੀ ਚੋਣ ਮਨੋਰਥ ਪੱਤਰਾਂ ਦੇ ਰੂਪ ਵਿੱਚ ਸਾਹਮਣੇ ਲਿਆਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਵਿੱਤੀ ਸਿੱਟਿਆਂ ਦੀ ਪ੍ਰਵਾਹ ਕੀਤੇ ਬਿਨਾਂ ਵੱਡੇ-ਵੱਡੇ ਵਾਅਦੇ ਸ਼ਾਮਿਲ ਹੁੰਦੇ ਹਨ। ਮੁਫ਼ਤ ਅਨਾਜ, ਟਰਾਂਸਪੋਰਟ, ਨਕਦ ਸਹਾਇਤਾ ਜਿਹਾ ਭਾਵੇਂ ਕੋਈ ਵੀ ਵਾਅਦਾ ਹੋਵੇ, ਚੋਣ ਕਮਿਸ਼ਨ ਚੋਣ ਮਨੋਰਥ ਪੱਤਰਾਂ ਦੀ ਪੁਣ-ਛਾਣ ਨਹੀਂ ਕਰਦਾ। 2013 ਵਿੱਚ ਸੁਪਰੀਮ ਕੋਰਟ ਨੇ ਫ਼ੈਸਲਾ ਕੀਤਾ ਸੀ ਕਿ ਅਜਿਹੇ ਵਾਅਦੇ ਲੋਕ ਪ੍ਰਤੀਨਿਧਤਾ ਕਾਨੂੰਨ ਅਧੀਨ ‘ਭ੍ਰਿਸ਼ਟ ਕਾਰਵਾਈ’ ਨਹੀਂ ਗਿਣੇ ਜਾ ਸਕਦੇ ਹਾਲਾਂਕਿ ਇਨ੍ਹਾਂ ਨਾਲ ਯਕੀਨਨ ਸੁਤੰਤਰ ਅਤੇ ਸਾਫ਼ ਸੁਥਰੀਆਂ ਚੋਣਾਂ ਦੀਆਂ ਜੜ੍ਹਾਂ ਹਿੱਲ ਜਾਂਦੀਆਂ ਹਨ। ਅਦਾਲਤ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਸਿਆਸੀ ਪਾਰਟੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਸੇਧਾਂ ਘੜਨ ਦੇ ਨਿਰਦੇਸ਼ ਦਿੱਤੇ ਸਨ। ਦਰਅਸਲ, ਇਹ ਸੇਧਾਂ 2013 ਵਿੱਚ ਜਾਰੀ ਕੀਤੀਆਂ ਸਨ ਤਾਂ ਜੋ ਜ਼ਿੰਮੇਵਾਰ ਚੋਣ ਪ੍ਰਚਾਰ ਨੂੰ ਹੱਲਾਸ਼ੇਰੀ ਦਿੱਤੀ ਜਾ ਸਕੇ ਅਤੇ ਯਕੀਨੀ ਬਣਾਇਆ ਜਾ ਸਕੇ ਕਿ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਿਲ ਵਾਅਦੇ ਹਕੀਕੀ ਹੋਣ ਅਤੇ ਇਹ ਵੋਟਰਾਂ ਨੂੰ ਬੇਲੋੜਾ ਪ੍ਰਭਾਵਿਤ ਕਰਨ ਦਾ ਹਰਬਾ ਨਾ ਹੋਣ। ਹੁਣ ਲੱਖਾਂ ਕਰੋੜਾਂ ਰੁਪਏ ਦਾ ਨਕਦਨਾਵਾਂ ਵੰਡਿਆ ਜਾਂਦਾ ਹੈ ਜੋ ਸਭ ਸੇਧਾਂ ਦੀ ਖੁੱਲ੍ਹੀ ਖ਼ਿਲਾਫ਼ਵਰਜ਼ੀ ਹੈ। ਜੇ ਇਸ ਨੂੰ ਵੋਟਰਾਂ ਨੂੰ ਦਿੱਤੀ ਜਾਣ ਵਾਲੀ ਰਿਸ਼ਵਤ ਨਾ ਆਖਿਆ ਜਾਵੇ ਤਾਂ ਫਿਰ ਇਹ ਹੋਰ ਕੀ ਹੈ? ਤੇ ਵੋਟਰਾਂ ਨੂੰ ਵੰਡਿਆ ਜਾਣ ਵਾਲਾ ਇਹ ਪੈਸਾ ਆਖ਼ਿਰ ਆਉਂਦਾ ਕਿੱਥੋਂ ਹੈ? ਜ਼ਾਹਿਰ ਹੈ ਕਿ ਘੁੰਮ ਫਿਰ ਕੇ ਸਾਡੀ ਤੁਹਾਡੀ ਜੇਬ ਵਿੱਚੋਂ। ਸਿਆਸਤਦਾਨ ਸਾਡੀਆਂ ਹੀ ਜੇਬਾਂ ਕੱਟ ਕੇ ਮਜ਼ੇ ਨਾਲ ਚੋਣਾਂ ਜਿੱਤ ਰਹੇ ਹਨ। 2019 ’ਚ ਸਰਕਾਰ ਨੇ ਘਰੋਗੀ ਨਿਰਮਾਣਕਾਰਾਂ ਲਈ ਕਾਰਪੋਰੇਟ ਟੈਕਸ 30% ਤੋਂ ਘਟਾ ਕੇ 22% ਕਰ ਦਿੱਤਾ ਸੀ ਅਤੇ ਨਵੀਆਂ ਨਿਰਮਾਣ ਕੰਪਨੀਆਂ ਲਈ 22% ਤੋਂ ਘਟਾ ਕੇ 15 ਫ਼ੀਸਦੀ। ਕੈਬਨਿਟ ਦੀ ਨਿਰਖ-ਪਰਖ ਨੂੰ ਬਾਈਪਾਸ ਕਰਨ ਵਾਲੇ ਵਿਸ਼ੇਸ਼ ਪ੍ਰਬੰਧਾਂ ਦਾ ਇਸਤੇਮਾਲ ਕਰਦਿਆਂ ਇਹ ਫ਼ੈਸਲਾ 36 ਘੰਟਿਆਂ ਵਿੱਚ ਲਾਗੂ ਕਰ ਦਿੱਤਾ ਗਿਆ। ਇਸ ਇੱਕੋ ਫ਼ੈਸਲੇ ਨਾਲ ਸਰਕਾਰੀ ਖਜ਼ਾਨੇ ਨੂੰ ਮਾਲੀਏ ਦੇ ਰੂਪ ਵਿੱਚ 1.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਜਿਸ ਕਰ ਕੇ ਸਰਕਾਰ ਦਾ ਵਿੱਤੀ ਘਾਟਾ ਬਹੁਤ ਵਧ ਗਿਆ। ਔਕਸਫੈਮ ਦੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਕੋਵਿਡ-19 ਦੀ ਮਹਾਮਾਰੀ ਦੇ ਕਾਲ ਦੌਰਾਨ ਭਾਰਤ ਵਿੱਚ ਜਿੱਥੇ ਇੱਕ ਪਾਸੇ ਗ਼ਰੀਬੀ ਛੜੱਪੇ ਮਾਰ ਕੇ ਵਧੀ ਅਤੇ ਬੇਰੁਜ਼ਗਾਰੀ 15% ਦੀ ਸਿਖ਼ਰ ’ਤੇ ਪਹੁੰਚ ਗਈ ਸੀ ਤਾਂ ਦੂਜੇ ਪਾਸੇ ਭਾਰਤੀ ਅਰਬਪਤੀਆਂ ਦੀ ਗਿਣਤੀ ਵਿੱਚ 39% ਇਜ਼ਾਫ਼ਾ ਹੋਇਆ ਸੀ। ਇਹ ਲਗਾਤਾਰ ਵਿਰੋਧਾਭਾਸ ਹੈ। ਜਦੋਂ ਸਰਕਾਰ ਅਰਬਪਤੀਆਂ ਨੂੰ ਟੈਕਸ ਛੋਟਾਂ ਦੇ ਗੱਫੇ ਦਿੰਦੀ ਹੈ ਤਾਂ ਇਸ ਨੂੰ ਆਰਥਿਕ ਸੁਧਾਰ ਕਿਹਾ ਜਾਂਦਾ ਹੈ; ਜਦੋਂ ਗ਼ਰੀਬਾਂ ਨੂੰ ਕੋਈ ਰਾਹਤ ਦੇਣ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਵਿੱਤੀ ਨਾਸਮਝੀ ਦਾ ਲਕਬ ਦੇ ਦਿੱਤਾ ਜਾਂਦਾ ਹੈ। ਮੁਫ਼ਤ ਰਿਆਇਤਾਂ ਬਾਰੇ ਸੁਪਰੀਮ ਕੋਰਟ ਦੀਆਂ ਹਾਲੀਆਂ ਟਿੱਪਣੀਆਂ ਨੇ ਇਸ ਬਹਿਸ ਦਾ ਗੰਭੀਰ ਪਹਿਲੂ ਖੋਲ੍ਹ ਦਿੱਤਾ ਹੈ। ਇਸ ਮੁਤੱਲਕ ਇੱਕ ਸਰੋਕਾਰ ਇਹ ਹੈ, ਖ਼ਾਸਕਰ ਦਿਹਾਤੀ ਭਾਰਤ ਵਿੱਚ, ਕਿ ਕੀ ਮੁਫ਼ਤ ਰਾਸ਼ਨ ਅਤੇ ਲੋਕ ਭਲਾਈ ਸਕੀਮਾਂ ਕਰ ਕੇ ਲੋਕ ਕੰਮ ਕਰਨ ਤੋਂ ਕੰਨੀ ਕਤਰਾ ਰਹੇ ਹਨ? ਜਸਟਿਸ ਬੀਆਰ ਗਵੱਈ ਨੇ ਇਹ ਗੱਲ ਨੋਟ ਕੀਤੀ ਕਿ ਮਹਾਰਾਸ਼ਟਰ ਵਿੱਚ ਕਿਸਾਨਾਂ ਨੂੰ ਮਜ਼ਦੂਰ ਲੱਭਣ ਵਿਚ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮਜ਼ਦੂਰ ਦਿਹਾੜੀ ਜਾਣ ਦੀ ਬਜਾਇ ਮੁਫ਼ਤ ਅਨਾਜ ਲੈਣ ਨੂੰ ਤਰਜੀਹ ਦਿੰਦੇ ਹਨ। ਪੰਜਾਬ ਵਿੱਚ ਇਹ ਵਰਤਾਰਾ ਕਈ ਸਾਲਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਵੱਖ-ਵੱਖ ਰੂਪਾਂ ਵਿੱਚ ਮਗਨਰੇਗਾ ਲਾਗੂ ਕੀਤੀ ਸੀ। ਇਸ ਨਾਲ ਉਸ ਵਡੇਰੇ ਤਰਕ ਨੂੰ ਬਲ ਮਿਲਦਾ ਹੈ ਕਿ ਕਲਿਆਣਕਾਰੀ ਸਕੀਮਾਂ ਨੂੰ ਇਸ ਢੰਗ ਨਾਲ ਵਿਉਂਤਿਆ ਜਾਣਾ ਚਾਹੀਦਾ ਹੈ ਕਿ ਇਸ ਨਾਲ ਲੋਕ ਤਾਕਤਵਰ ਹੋਣ ਨਾ ਕਿ ਸਥਾਈ ਤੌਰ ’ਤੇ ਮੁਥਾਜ ਬਣ ਕੇ ਰਹਿ ਜਾਣ। ਮੁਥਾਜੀ ਦੀ ਅਸਲ ਜੜ੍ਹ ਕਲਿਆਣਕਾਰੀ ਸਕੀਮਾਂ ਨਹੀਂ ਸਗੋਂ ਸਸਤੀਆਂ ਸਿਹਤ ਸੰਭਾਲ, ਮਿਆਰੀ ਸਿੱਖਿਆ ਅਤੇ ਸਥਿਰ ਰੁਜ਼ਗਾਰ ਅਵਸਰਾਂ ਦੀ ਘਾਟ ਹੈ। ਜੇ ਲੋਕਾਂ ਕੋਲ ਸੁਰੱਖਿਅਤ ਤੇ ਚੰਗੀਆਂ ਉਜਰਤਾਂ ਵਾਲੀਆਂ ਨੌਕਰੀਆਂ ਹੋਣ ਤਾਂ ਉਹ ਖ਼ੈਰਾਤ ਦੇ ਰੂਪ ਵਿੱਚ ਦਿੱਤੇ ਜਾਣ ਵਾਲੇ ਮੁਫ਼ਤ ਰਾਸ਼ਨ ਲਈ ਹੱਥ ਨਹੀਂ ਅੱਡਣਗੇ। ਸਵਾਲ ਹੈ: ਜਦੋਂ ਸਾਰੀਆਂ ਪਾਰਟੀਆਂ