November 22, 2024

ਜੇਲ੍ਹਾਂ ’ਚ ਕੈਦੀਆਂ ਦਾ ਸੰਕਟ

ਭਾਰਤ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਬੇਤਹਾਸ਼ਾ ਸੰਖਿਆ ਦੀਆਂ ਰਿਪੋਰਟਾਂ ਆਉਂਦੀਆਂ ਰਹੀਆਂ ਹਨ ਪਰ ਹੁਣ ਸੱਜਰੇ ਅੰਕਡਿ਼ਆਂ ਮੁਤਾਬਿਕ ਜੇਲ੍ਹਾਂ ਵਿੱਚ ਬੰਦ ਕੈਦੀਆਂ ’ਚੋਂ 75 ਫ਼ੀਸਦੀ ਤੋਂ ਵੱਧ ਵਿਚਾਰਾਧੀਨ ਕੈਦੀ ਹਨ ਜਿਨ੍ਹਾਂ ਦੇ ਕੇਸਾਂ ਦਾ ਅਜੇ ਤੱਕ ਮੁੱਢਲੇ ਤੌਰ ’ਤੇ ਨਿਬੇੜਾ ਨਹੀਂ ਹੋ ਸਕਿਆ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਦਾ ਇਹ ਬਿਆਨ ਸਵਾਗਤਯੋਗ ਹੈ ਕਿ ਉਨ੍ਹਾਂ ਵਿਚਾਰਾਧੀਨ ਕੈਦੀਆਂ ਨਾਲ ਨਿਆਂ ਯਕੀਨੀ ਬਣਾਇਆ ਜਾਵੇਗਾ ਜਿਨ੍ਹਾਂ ਨੇ 26 ਨਵੰਬਰ ਭਾਵ ਸੰਵਿਧਾਨ ਦਿਵਸ ਤੱਕ ਆਪਣੀ ਵੱਧ ਤੋਂ ਵੱਧ ਸਜ਼ਾ ਦਾ ਇੱਕ ਤਿਹਾਈ ਹਿੱਸਾ ਪੂਰਾ ਕਰ ਲਿਆ ਹੈ ਪਰ ਇਸ ਨੂੰ ਅਮਲ ਵਿੱਚ ਲਿਆਉਣਾ ਕਾਫ਼ੀ ਚੁਣੌਤੀਪੂਰਨ ਹੋਵੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਖੋਜ ਅਤੇ ਯੋਜਨਾਬੰਦੀ ਕੇਂਦਰ (ਸੀਆਰਪੀ) ਵੱਲੋਂ ਵਿਚਾਰਾਧੀਨ ਕੈਦੀਆਂ ਦੀ ਰਿਹਾਈ ਲਈ ਬਿਜਲਈ ਟਰੈਕਿੰਗ ਯੰਤਰਾਂ (ਈਟੀਡੀਜ਼) ਦੀ ਵਰਤੋਂ ਬਾਬਤ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਸੁਝਾਅ ਪੇਸ਼ ਕੀਤਾ ਗਿਆ ਸੀ। ਭਾਰਤੀ ਜੇਲ੍ਹਾਂ ਵਿੱਚ ਕੈਦੀਆਂ ਦੀ ਵਧਦੀ ਸੰਖਿਆ ਘਟਾਉਣ ਅਤੇ ਨੇਮਾਂ ਅਤੇ ਸੁਧਾਰਾਂ ਬਾਰੇ ਇਹ ਰਿਪੋਰਟ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਜਾਰੀ ਕੀਤੀ ਸੀ। ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ ਦੀ ਧਾਰਾ 479 ਜਿਹੇ ਹਾਲ ਹੀ ਵਿੱਚ ਕੀਤੇ ਗਏ ਕਾਨੂੰਨੀ ਸੁਧਾਰਾਂ ਦੇ ਬਾਵਜੂਦ ਤੰਤਰ ਦੀਆਂ ਕਮਜ਼ੋਰੀਆਂ ਤੇ ਉਲਝਣਾਂ ਲਗਾਤਾਰ ਬਣੀਆਂ ਹੋਈਆਂ ਹਨ। ਸੁਪਰੀਮ ਕੋਰਟ ਨੇ ਵਿਚਾਰਾਧੀਨ ਕੈਦੀਆਂ ਦੀ ਰਿਹਾਈ ਵਿੱਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ ਸੀ ਅਤੇ ਇਸ ਸਬੰਧ ਵਿੱਚ ਦੀਰਘਕਾਲੀ ਮੁੱਦੇ ਨੂੰ ਉਜਾਗਰ ਕੀਤਾ ਸੀ ਜੋ ਕੈਦੀਆਂ ਦੀ ਭਲਾਈ ਲਈ ਬਣਾਈਆਂ ਗਈਆਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਦੇਰੀ ਅਤੇ ਇਨ੍ਹਾਂ ਦੀ ਮਾੜੇ ਢੰਗ ਨਾਲ ਪਾਲਣਾ ਨਾਲ ਜੁਡਿ਼ਆ ਹੋਇਆ ਹੈ। ਹਾਲਾਂਕਿ ਕੈਦੀਆਂ ਖ਼ਾਸਕਰ ਗ਼ਰੀਬ ਕੈਦੀਆਂ ਨੂੰ ਵਿੱਤੀ ਇਮਦਾਦ ਜਿਹੀਆਂ ਸਕੀਮਾਂ ਮੌਜੂਦ ਹਨ ਪਰ ਇਨ੍ਹਾਂ ਦਾ ਅਮਲ ਬੱਝਵੇਂ ਅਤੇ ਕਾਰਗਰ ਢੰਗ ਨਾਲ ਯਕੀਨੀ ਨਹੀਂ ਬਣਾਇਆ ਜਾਂਦਾ ਜਿਸ ਕਰ ਕੇ ਬਹੁਤ ਸਾਰੇ ਕੈਦੀ ਜੇਲ੍ਹਾਂ ਵਿੱਚ ਸੜਦੇ ਰਹਿੰਦੇ ਹਨ। ਜੇਲ੍ਹਾਂ ਦੇ ਪ੍ਰਬੰਧ ਅਤੇ ਕੈਦੀਆਂ ਦੀ ਸਮੇਂ ਸਿਰ ਰਿਹਾਈ ਨਾ ਹੋਣ ਦੀ ਇਸ ਸਮੱਸਿਆ ਦਾ ਸਾਰ ਫ਼ੌਜਦਾਰੀ ਨਿਆਂ ਪ੍ਰਣਾਲੀ ਦੀਆਂ ਖ਼ਾਮੀਆਂ ਵਿੱਚ ਪਿਆ ਹੈ ਜਿਸ ਵਿੱਚ ਦੰਡਕਾਰੀ ਉਪਰਾਲਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ; ਸੁਧਾਰਕਾਰੀ ਅਤੇ ਮੁੜ ਵਸੇਬਾਕਾਰੀ ਨਿਆਂ ਦੀ ਭਾਵਨਾ ਨੂੰ ਭੁਲਾ ਦਿੱਤਾ ਜਾਂਦਾ ਹੈ। ਨਿਆਂਪਾਲਿਕਾ ਖ਼ਾਸਕਰ ਹੇਠਲੀਆਂ ਅਦਾਲਤਾਂ ਵਿੱਚ ਜ਼ਮਾਨਤ ਦੇਣ ਵਿੱਚ ਝਿਜਕ ਦਿਖਾਈ ਜਾਂਦੀ ਹੈ ਅਤੇ ਜ਼ਮਾਨਤ ਦੀਆਂ ਸ਼ਰਤਾਂ ਬਹੁਤ ਸਖ਼ਤ ਰੱਖੀਆਂ ਜਾਂਦੀਆਂ ਹਨ ਅਤੇ ਇਸ ਦੇ ਨਾਲ ਹੀ ਯੋਗ ਕੈਦੀਆਂ ਦੀ ਨਿਸ਼ਾਨਦੇਹੀ ਕਰਨ ਵਿੱਚ ਦੇਰੀ ਕੀਤੀ ਜਾਂਦੀ ਹੈ ਜਿਸ ਕਰ ਕੇ ਇਹ ਸਮੱਸਿਆ ਗੰਭੀਰ ਰੂਪ ਅਖ਼ਤਿਆਰ ਕਰ ਗਈ ਹੈ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਕਾਨੂੰਨੀ ਸੇਵਾਵਾਂ ਅਥਾਰਿਟੀਆਂ ਦੀ ਇਸ ਮਾਮਲੇ ਵਿੱਚ ਭੂਮਿਕਾ ਬਹੁਤ ਗੌਣ ਹੈ ਜਾਂ ਉਨ੍ਹਾਂ ਦੀ ਅਹਿਮੀਅਤ ਨੂੰ ਉੱਕਾ ਹੀ ਵਿਸਾਰ ਦਿੱਤਾ ਜਾਂਦਾ ਹੈ; ਸਾਰੀ ਟੇਕ ਜਿ਼ਲ੍ਹਾ ਕੁਲੈਕਟਰਾਂ (ਡਿਪਟੀ ਕਮਿਸ਼ਨਰ) ਉੱਤੇ ਰੱਖੀ ਜਾਂਦੀ ਹੈ। ਜੇਲ੍ਹਾਂ ’ਚ ਭੀੜ ਦੀ ਸਮੱਸਿਆ ਦੇ ਹੱਲ ਲਈ ਭਾਰਤ ਨੂੰ ਸੰਕੇਤਕ ਰੇਖਾ ਤੋਂ ਅੱਗੇ ਸੋਚਣਾ ਪਏਗਾ। ਸਮੀਖਿਆ ਕਮੇਟੀਆਂ ਰਾਹੀਂ ਸ਼ਨਾਖਤ ਤੇ ਰਿਹਾਈ ਦੀ ਪ੍ਰਕਿਰਿਆ ਨੂੰ ਇਕਸਾਰ ਕਰ ਕੇ ਅਤੇ ਬਣਦਾ ਧਿਆਨ ਦੇਣ ਲਈ ਸਮਾਜਿਕ ਕਾਰਕੁਨਾਂ ਨੂੰ ਇਸ ’ਚ ਸ਼ਾਮਿਲ ਕਰ ਕੇ ਸਮੇਂ ’ਤੇ ਨਿਆਂ ਦੇਣਾ ਯਕੀਨੀ ਬਣਾਇਆ ਜਾ ਸਕਦਾ ਹੈ। ਸਰਕਾਰ ਨੂੰ ਮਿਆਦ ਪੁਗਾ ਚੁੱਕੀਆਂ ਜ਼ਮਾਨਤ ਦੀਆਂ ਪ੍ਰਥਾਵਾਂ ’ਤੇ ਵੀ ਪੁਨਰ ਵਿਚਾਰ ਕਰਨਾ ਚਾਹੀਦਾ ਹੈ, ਨਿੱਜੀ ਗਰੰਟੀ ਬਾਂਡ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਰਿਹਾਅ ਹੋਣ ਵਾਲੇ ਵਿਅਕਤੀਆਂ ’ਤੇ ਨਜ਼ਰ ਰੱਖਣ ਲਈ ਤਕਨੀਕ ਦਾ ਸਹਾਰਾ ਲਿਆ ਜਾ ਸਕਦਾ ਹੈ। ਕਈ ਬਾਹਰਲੇ ਮੁਲਕ ਇਲੈਕਟ੍ਰੌਨਿਕ ਟਰੈਕਿੰਗ ਤਕਨੀਕ ਦੀ ਵਰਤੋਂ ਪਹਿਲਾਂ ਹੀ ਕਰ ਰਹੇ ਹਨ। ਤਕਨੀਕ ਦੀ ਕਾਰਗਰ ਢੰਗ ਨਾਲ ਵਰਤੋਂ ਜੇਲ੍ਹਾਂ ’ਚੋਂ ਭੀੜ ਘਟਾਉਣ ਵਿੱਚ ਕਾਫ਼ੀ ਹੱਦ ਤੱਕ ਸਹਾਈ ਹੋ ਸਕਦੀ ਹੈ। ਕਈ ਮਾਹਿਰਾਂ ਵੱਲੋਂ ਇਸ ਦੀ ਸਿਫਾਰਿਸ਼ ਵੀ ਕੀਤੀ ਜਾਂਦੀ ਰਹੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਵੱਲੋਂ ਰਿਲੀਜ਼ ਜੇਲ੍ਹਾਂ ਦੇ ਅੰਕਡਿ਼ਆਂ ਮੁਤਾਬਿਕ, 31 ਦਸੰਬਰ 2022 ਨੂੰ ਭਾਰਤ ਦੀਆਂ ਸਾਰੀਆਂ ਜੇਲ੍ਹਾਂ ਵਿੱਚ 4,36,266 ਦੀ ਕੁੱਲ ਸਮਰੱਥਾ ਤੋਂ ਕਿਤੇ ਵੱਧ 5,73,220 ਕੈਦੀ ਜੇਲ੍ਹਾਂ ਵਿੱਚ ਬੰਦ ਹਨ। ਇਸ ਤਰ੍ਹਾਂ ਜੇਲ੍ਹ ਢਾਂਚੇ ’ਤੇ 131 ਪ੍ਰਤੀਸ਼ਤ ਦੀ ਦਰ ਨਾਲ ਵਾਧੂ ਬੋਝ ਪੈ ਰਿਹਾ ਹੈ। ਜੇਲ੍ਹਾਂ ਦਾ ਵਰਤਮਾਨ ਢਾਂਚਾ ਵੀ ਇਸ ਵਾਧੂ ਬੋਝ ਨਾਲ ਸਿੱਝਣ ਦੇ ਸਮਰੱਥ ਨਹੀਂ ਹੈ। ਇਸ ਤੋਂ ਇਲਾਵਾ 75.7 ਪ੍ਰਤੀਸ਼ਤ ਜਾਂ 4,34,302 ਜਣੇ ਵਿਚਾਰ ਅਧੀਨ ਕੈਦੀ ਹਨ। ਇਸ ਤਰ੍ਹਾਂ ਚਾਰ ਕੈਦੀਆਂ ਵਿੱਚੋਂ ਤਿੰਨ ਅਜੇ ਵਿਚਾਰ ਅਧੀਨ ਹਨ। ਜੇਲ੍ਹਾਂ ’ਚ ਪਹਿਲਾਂ ਹੀ ਬਹੁਤ ਭੀੜ ਹੈ ਤੇ ਪਰਿਵਾਰਾਂ ਨਾਲ ਮੇਲ-ਮਿਲਾਪ ਕਰਾਉਣ ’ਚ ਵੀ ਬਹੁਤ ਦੇਰ ਕੀਤੀ ਜਾਂਦੀ ਹੈ। ਇਸ ਨਾਲ ਕੈਦੀਆਂ ’ਚ ਮਾਨਸਿਕ ਤਣਾਅ ਵਧਦਾ ਹੈ ਤੇ ਔਖਿਆਈ ਹੁੰਦੀ ਹੈ। ਇਸ ਸਾਰੇ ਵਰਤਾਰੇ ’ਚੋਂ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਕਈ ਸਵਾਲ ਵੀ ਉੱਭਰਦੇ ਹਨ। ਤਕਨੀਕ ਦੇ ਏਕੀਕਰਨ ਤੇ ਜੇਲ੍ਹ ਸੁਧਾਰਾਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਰੋਸਿਆਂ ਵਿੱਚ ਭਾਵੇਂ ਵਜ਼ਨ ਤਾਂ ਲੱਗਦਾ ਹੈ ਪਰ ਇਨ੍ਹਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਲਗਾਤਾਰ ਕੰਮ ਕਰਨ ਦੀ ਲੋੜ ਪਏਗੀ। ਸੁਧਾਰਾਂ ਦੀਆਂ ਸਿਫ਼ਾਰਸ਼ਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਲਾਗੂ ਕਰਨ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਇੱਕ ਸੰਸਦੀ ਕਮੇਟੀ ਵੀ ਜੇਲ੍ਹਾਂ ਵਿੱਚ ਭੀੜ ਦੇ ਮੁੱਦੇ ਉੱਤੇ ਵਿਚਾਰ-ਚਰਚਾ ਕਰ ਚੁੱਕੀ ਹੈ। ਕਮੇਟੀ ਨੇ ਨਿਆਂ ਦੇਣ ਵਿੱਚ ਹੁੰਦੀ ਦੇਰੀ ਦੇ ਮਾਮਲੇ ’ਤੇ ਚਿੰਤਾ ਪ੍ਰਗਟ ਕੀਤੀ ਸੀ। ਢਾਂਚਾਗਤ ਅੜਿੱਕੇ ਖ਼ਤਮ ਕਰਨ ਲਈ ਨਿਆਂਪਾਲਿਕਾ, ਕਾਨੂੰਨੀ ਏਜੰਸੀਆਂ ਅਤੇ ਸਿਵਲ ਸੁਸਾਇਟੀ ਨੂੰ ਮਿਲ ਕੇ ਕੰਮ ਕਰਨਾ ਪਏਗਾ। ਆਖਿ਼ਰਕਾਰ, ਨਿਆਂ ’ਚ ਦੇਰੀ ਮਹਿਜ਼ ਨਿਆਂ ਤੋਂ ਇਨਕਾਰ ਨਹੀਂ ਹੈ ਬਲਕਿ ਇਹ ਸੰਵਿਧਾਨ ’ਚ ਮਿਲੇ ਆਜ਼ਾਦੀ ਦੇ ਅਧਿਕਾਰ ਦੀ ਬੁਨਿਆਦ ਨੂੰ ਖ਼ੋਰਾ ਲਾਉਣ ਦੇ ਬਰਾਬਰ ਹੈ। ਇਸ ਤਰ੍ਹਾਂ ਮਨੁੱਖੀ ਹੱਕਾਂ ਦੇ ਘਾਣ ਦਾ ਖ਼ਦਸ਼ਾ ਬਣਦਾ ਹੈ। ਵਿਚਾਰ ਅਧੀਨ ਕੈਦੀਆਂ ਦੀ ਦੁਰਦਸ਼ਾ ’ਚ ਸੁਧਾਰ, ਮਾਨਵੀ ਠਾਠ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਵੀ ਅਜ਼ਮਾਇਸ਼ ਹੈ। ਕਰੀਬ ਪੰਜ ਲੱਖ ਆਵਾਜ਼ਾਂ ਇਸ ਵੇਲੇ ਜੇਲ੍ਹ ਦੀਆਂ ਸੀਖਾਂ ਪਿੱਛੇ ਦੱਬੀਆਂ ਪਈਆਂ ਹਨ, ਹੁਣ ਕਦਮ ਚੁੱਕਣ ਦਾ ਵੇਲਾ ਹੈ ਅਤੇ ਇਹ ਕਦਮ ਬਿਨਾਂ ਕਿਸੇ ਸਿਆਸੀ ਵੈਰ-ਵਿਰੋਧ ਤੋਂ ਹੋਣਾ ਚਾਹੀਦਾ ਹੈ। ਪਿਛਲੇ ਕੁਝ ਸਮੇਂ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਸਿਆਸੀ ਵਿਰੋਧੀਆਂ ਦੁਆਲੇ ਸਿ਼ਕੰਜਾ ਬਿਨਾਂ ਵਜ੍ਹਾ ਕੱਸਿਆ ਜਾਂਦਾ ਹੈ। ਅਜਿਹੀਆਂ ਕਾਰਵਾਈਆਂ ਨੂੰ ਤੁਰੰਤ ਠੱਲ੍ਹ ਪੈਣੀ ਚਾਹੀਦੀ ਹੈ। ਇਸ ਤੋਂ ਬਗੈਰ ਕੋਈ ਵੀ ਸੁਧਾਰ ਅਧੂਰਾ ਹੋਵੇਗਾ। ਇਹ ਅਸਲ ਵਿਚ ਮਾਨਵੀ ਹਕੂਕ ਦਾ ਮਸਲਾ ਹੈ। ਇਸ ਪਾਸੇ ਵੱਧ ਤੋਂ ਵੱਧ ਤਵੱਜੋ ਦੇਣ ਦੀ ਜ਼ਰੂਰਤ ਹੈ। ਵਿਚਾਰ ਅਧੀਨ ਕੈਦੀਆਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨ ਦੀ ਸਾਰਥਿਕਤਾ ਤਦ ਹੀ ਬਣਦੀ ਹੈ ਜੇ ਇਨ੍ਹਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਇਨਸਾਫ ਮੁਹੱਈਆ ਕਰਵਾਇਆ ਜਾਂਦਾ ਹੈ।

ਜੇਲ੍ਹਾਂ ’ਚ ਕੈਦੀਆਂ ਦਾ ਸੰਕਟ Read More »

ਸਿਹਤ ਵਿਭਾਗ ਵਲੋਂ ਜਾਰੀ ਕੀਤਾ ਗਿਆ ਡੀ-ਵਾਰਮਿੰਗ-ਡੇ ਲਈ ਜਾਗਰੂਕਤਾ ਦਾ ਪੋਸਟਰ ਕੀਤਾ

ਫਾਜ਼ਿਲਕਾ, 22 ਨਵੰਬਰ – ਸਿਹਤ ਵਿਭਾਗ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਦੇ ਨਿਰਦੇਸ਼ਾਂ ਹੇਠ 28 ਨਵੰਬਰ ਨੂੰ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੇਂਡਾਜ਼ੋਲ ਦਵਾਈ ਖੁਆਈ ਜਾਵੇਗੀ। ਇਸ ਸੰਬਧੀ ਦੱਫਤਰ ਸਿਵਿਲ ਸਰਜਨ ਵਿਖੇ ਜਾਗਰੁਕਤਾ ਪੋਸਟਰ ਜਾਰੀ ਕੀਤਾ ਗਿਆ. ਜਿਸ ਵਿਚ ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ, ਜਿਲਾ ਟੀਕਾਕਰਨ ਅਫਸਰ ਡਾਕਟਰ ਰਿੰਕੂ ਚਾਵਲਾ, ਜਿਲਾ ਡੈਂਟਲ ਅਫਸਰ ਡਾਕਟਰ ਪੰਕਜ ਚੌਹਾਨ, ਮਾਸ ਮੀਡੀਆ ਬ੍ਰਾਂਚ ਤੋ ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ, ਸੁਖਦੇਵ ਸਿੰਘ, ਜਿਲਾ ਕੋਆਰਡੀਨੇਟਰ ਬਲਜੀਤ ਸਿੰਘ, ਮੋਨ ਸ਼ੁਕਲਾ ਹਾਜਰ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਕਵਿਤਾ ਸਿੰਘ ਅਤੇ ਰਿੰਕੂ ਚਾਵਲਾ ਨੇ ਦੱਸਿਆ ਕਿ ਜ਼ਿਲੇ ਅਧੀਨ ਆਉਂਦੇ ਪਿੰਡਾਂ ਦੇ 1 ਤੋਂ 19 ਸਾਲ ਦੇ ਲਗਭਗ 713 ਸਕੁਲ ਅਤੇ 1060 ਆਂਗਨਵਾੜੀ ਸੈਂਟਰ ਵਿਖੇ 3 ਲੱਖ 15 ਹਜਾਰ ਬੱਚਿਆਂ ਨੂੰ ਦਵਾਈ ਖੁਆਉਣ ਦਾ ਟੀਚਾ ਰੱਖਿਆ ਗਿਆ ਹੈ। ਜਿਨਾਂ ਲਈ ਮੈਡੀਕਲ ਟੀਮਾ ਦਾ ਗਠਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬੱਚਿਆਂ ਵਿੱਚ ਖੂਨ ਦੀ ਕਮੀ ਦਾ ਇਕ ਕਾਰਨ ਪੇਟ ਦੇ ਕੀੜੇ ਵੀ ਹਨ। ਇਸ ਨਾਲ ਬੱਚਿਆਂ ਦੇ ਮਾਨਸਿਕ ਅਤੇ ਸ਼ਰੀਰਕ ਵਿਕਾਸ ਵਿੱਚ ਵੀ ਰੁਕਾਵਟ ਆਉਂਦੀ ਹੈ। ਇਸ ਲਈ ਸਾਫ਼ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਵਿੱਚ, ਪਖਾਣੇ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਧੌਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ‘ਡੀ ਵਾਰਮਿੰਗ ਡੇ’ ਸਾਲ ਵਿੱਚ 2 ਵਾਰ ਮਨਾਇਆ ਜਾਂਦਾ ਹੈ। ਜਿਹੜੇ ਬੱਚੇ 28 ਨਵੰਬਰ ਦੇ ਦਿਨ ਦਵਾਈ ਖਾਣ ਤੋਂ ਰਹਿ ਜਾਣਗੇ, ਉਨ੍ਹਾਂ ਨੂੰ 05 ਦਸੰਬਰ ਮੋਪ-ਅਪ ਵਾਲੇ ਦਿਨ ਦਵਾਈ ਖਿਲਾਈ ਜਾਵੇਗੀ। ਉਹਨਾਂ ਨੇ ਸਕੂਲ ਦੇ ਅਧਿਆਪਕਾਂ, ਆਈ.ਸੀ.ਡੀ.ਐਸ. ਵਿਭਾਗ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਿਹਤ ਵਿਭਾਗ ਦਾ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।

ਸਿਹਤ ਵਿਭਾਗ ਵਲੋਂ ਜਾਰੀ ਕੀਤਾ ਗਿਆ ਡੀ-ਵਾਰਮਿੰਗ-ਡੇ ਲਈ ਜਾਗਰੂਕਤਾ ਦਾ ਪੋਸਟਰ ਕੀਤਾ Read More »

ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਜਲਦੀ ਕਾਰਵਾਈ ਦੀ ਕੀਤੀ ਅਪੀਲ

ਚੰਡੀਗੜ੍ਹ, 22 ਨਵੰਬਰ – ਸੁਖਬੀਰ ਸਿੰਘ ਬਾਦਲ ਵੱਲੋਂ ਮੁੜ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ, ਉਸਨੂੰ ਤਨਖਾਹੀਆ ਕਰਾਰ ਤਾਂ ਦਿੱਤਾ ਜਾ ਚੁੱਕਿਆ ਹੈ, ਉਸਤੇ ਜਲਦ ਫ਼ੈਸਲਾ ਸੁਣਾਇਆ ਜਾਵੇ। ਸੁਖਬੀਰ ਨੇ ਜਥੇਦਾਰ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ, ਉਸ ਵੱਲੋਂ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਹ ਹੁਣ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦਾ ਹੈ ਅਤੇ ਜਲਦ ਉਨ੍ਹਾਂ ਤੇ ਫ਼ੈਸਲਾ ਕੀਤੀ ਜਾਵੇ। ਹੇਠਾਂ ਪੜ੍ਹੋ ਸੁਖਬੀਰ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਵਿੱਚ ਕੀ ਕੁੱਝ ਲਿਖਿਆ ਗਿਆ ਹੈ?  ਸੁਖਬੀਰ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਵਿਚ ਲਿਖਿਆ ਹੈ ਕਿ, ਆਪ ਜੀ ਨੂੰ ਬੇਨਤੀ ਹੈ ਕਿ ਸਿੱਖ ਕੌਮ ਦੇ ਸਰਬ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦਾਸ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ। ਜਿਸ ਦਾ ਕਿ ਮੇਰੇ ਮਨ ਤੇ ਬੇਹਦ ਗਹਿਰਾ ਅਸਰ ਹੈ। ਦਾਸ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਦਾਸ ਨਿਮਰਤਾ ਤੇ ਸਤਿਕਾਰ ਸਹਿਤ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦਾ ਹੈ। ਆਪ ਜੀ ਦਾਸ ਦੀ ਬੇਨਤੀ ਜਰੂਰ ਪ੍ਰਵਾਨ ਕਰੋ ਜੀ।  

ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਜਲਦੀ ਕਾਰਵਾਈ ਦੀ ਕੀਤੀ ਅਪੀਲ Read More »

ਮਾਸਟਰਾਂ ਦੀ ਭਰਤੀ ਵਿਚ ਬੇਨਿਯਮੀਆਂ ਦੇ ਮਾਮਲੇ ‘ਚ ਡਿਪਟੀ ਮੈਨੇਜਰ ਦੀਆਂ ਸੇਵਾਵਾਂ ਸਮਾਪਤ

ਚੰਡੀਗੜ੍ਹ, 22 ਨਵੰਬਰ – ਰਾਜ ਸਿਖਿਆ ਵਿਭਾਗ ਵਲੋਂ ਕੀਤੀ ਗਈ 4161 ਅਤੇ 598 ਮਾਸਟਰ ਕਾਡਰ ਦੀ ਭਰਤੀ ਲਈ ਸਟੇਸ਼ਨ ਅਲਾਟਮੈਂਟ ਉਪਰੰਤ ਪੋਸਟਿੰਗ ਆਡਰਾਂ ਵਿਚ ਵਿਚ ਗੰਭੀਰ ਊਣਤਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਨੇ ਇਸ ਮਾਮਲੇ ਵਿਚ ਡਿਪਟੀ ਮੈਨੇਜਰ ਐੱਮ.ਆਈ.ਐੱਸ ਰਾਜਵੀਰ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿਤੀਆਂ ਹਨ। ਪਤਾ ਚੱਲਿਆ ਹੈ ਕਿ ਵਿਭਾਗ ਇਸ ਮਾਮਲੇ ਵਿਚ ਸਮੱਗਰਾ ਸਿੱਖਿਆ ਅਧੀਨ ਕੰਮ ਕਰ ਰਹੇ ਕੁੱਝ ਹੋਰ ਮੁਲਾਜ਼ਮਾਂ ‘ਤੇ ਕਾਰਵਾਈ ਕਰਨ ਦੀ ਤਾਕ ਵਿਚ ਹੈ। ਪਤਾ ਚੱਲਿਆ ਹੈ ਕਿ ਇਸ ਮਾਮਲੇ ਦੀ ਪੜਤਾਲ ਡਾਇਰੈਕਟਰ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਕੀਤੀ ਸੀ। ਇਸ ਬਾਰੇ ਵਿਭਾਗ ਨੇ 8 ਅਕਤੂਬਰ 2024 ਨੂੰ ਪਹਿਲਾਂ ਸਬੰਧਤ ਅਧਿਕਾਰੀ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ। ਡਾਇਰੈਕਟਰ ਜਨਰਲ ਸਿਖਿਆ ਵਿਭਾਗ ਨੇ ਅਪਣੇ ਹੁਕਮਾਂ ਵਿਚ ਕਿਹਾ ਹੈ ਕਿ ਕਰਮਚਾਰੀਆ ਦਾ ਜਵਾਬ ਤਸੱਲੀਬਖ਼ਸ਼ ਨਾ ਹੋਣ ਕਰਕੇ ਨਿਯੁਕਤੀ-ਪੱਤਰ ਵਿਚ ਦਰਜ ਸ਼ਰਤਾਂ ਦੇ ਆਧਾਰ ‘ਤੇ ਉਸ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਸਮਾਪਤ ਕਰ ਦਿਤੀਆਂ ਗਈਆਂ ਹਨ।

ਮਾਸਟਰਾਂ ਦੀ ਭਰਤੀ ਵਿਚ ਬੇਨਿਯਮੀਆਂ ਦੇ ਮਾਮਲੇ ‘ਚ ਡਿਪਟੀ ਮੈਨੇਜਰ ਦੀਆਂ ਸੇਵਾਵਾਂ ਸਮਾਪਤ Read More »

ਪੰਜਾਬ ਤੇ ਪੰਜਾਬੀ ਦੀ ਗੱਲ ਹੋ ਗਈ – ਲਾਹੌਰ ਵਿਖੇ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਮਾਪਤ

-ਗਵਰਨਰ ਆਫ ਪੰਜਾਬ ਸਰਦਾਰ ਸਲੀਮ ਹੈਦਰ ਖਾਨ ਵੱਲੋਂ ਸਰਾਹਨਾ ਲਾਹੌਰ, 22 ਨਵੰਬਰ 2024 – (ਹਰਜਿੰਦਰ ਸਿੰਘ ਬਸਿਆਲਾ) – ‘ਦੂਸਰੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ’ ਜਿਸ ਨੇ ਪੂਰੇ ਤਿੰਨ ਦਿਨ ਇਥੇ ਦਾ ਮਾਹੌਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝੀਵਾਲਤਾ ਵਰਗਾ ਬਣਾਈ ਰੱਖਿਆ, ਅੱਜ ਸਮਾਪਤ ਹੋ ਗਈ। ਇਨ੍ਹਾਂ ਦਿਨ ਦਿਨਾਂ ਦੇ ਵਿਚ ਦਰਜਨਾਂ ਵਿਸ਼ਿਆ ਉਤੇ ਗੱਲਬਾਤ ਹੋਈ, ਉਨ੍ਹਾਂ ਪ੍ਰਤੀ ਰਹਿੰਦੇ ਕਾਰਜਾਂ ਦੀ ਗੱਲ ਹੋਈ। ਸਭਿਆਚਾਰ ਅਤੇ ਗੀਤਾਂ ਦਾ ਦੌਰ ਚੱਲਿਆ। ਆਏ ਮਹਿਮਾਨਾਂ ਦਾ ਮਾਨ ਸਨਮਾਨ ਹੋਇਆ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਬੀਰ ਸਿੰਘ ਨੇ ਲਗਾਤਾਰ ਕਈ ਗੀਤ ਗਾ ਕੇ ਕੀਤੀ। ਫਿਰ ਸਥਾਨਿਕ ਕੁੜੀਆਂ ਨੇ ਸੂਫੀ ਗੀਤ ਗਾ ਕੇ ਕੀਤੀ। ਚਮਕੌਰ ਸਾਹਿਬ ਤੋਂ ਪਹੁੰਚੇ ਸਵਰਨ ਸਿੰਘ ਭੰਗੂ ਨੇ ਇਸ ਪੰਜਾਬੀ ਕਾਨਫਰੰਸ ਨੂੰ ਦੂਜਿਆਂ ਨਾਲ ਮਿਲਾਉਣ ਦਾ ਇਕ ਸਬੱਬ ਵੀ ਦੱਸਿਆ। ਬਠਿੰਡਾ ਤੋਂ ਪਹੁੰਚੇ ਚਿੱਤਰਕਾਰ ਗੁਰਪ੍ਰੀਤ ਨੇ ਪੰਜਾਬੀ ਪ੍ਰਚਾਰ ਦੇ ਅਹਿਮਦ ਰਜਾ ਦਾ ਚਿੱਤਰ, ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦਾ ਚਿੱਤਰ, ਨਾਸਿਰ ਢਿੱਲੋਂ ਦਾ ਚਿੱਤਰ, ਅੰਜੁਮਨ ਗਿੱਲ ਦਾ ਚਿੱਤਰ ਅਤੇ ਇਕ ਪੱਤਰਕਾਰ ਦਾ ਚਿੱਤਰ ਬਣਾ ਕੇ ਲਿਆਂਦਾ ਸੀ ਅਤੇ ਸੌਗਾਤਾਂ ਪੇਸ਼ ਕੀਤੀਆਂ। ਇੰਡੀਆ ਤੋਂ ਆਏ ਹਾਟਸ਼ਾਟ ਦੇ ਰਮਨ ਕੁਮਾਰ ਵੱਲੋਂ ਨਾਸਿਰ ਢਿੱਲੋਂ ਦੇ ਲਈ ਕੈਂਠਾਂ ਲਿਆਂਦਾ ਗਿਆ ਸੀ। ਜੈਬੀ ਹੰਜਰਾ ਨੂੰ ਸਨਮਾਨਿਤ ਕੀਤਾ ਗਿਆ। ਗੁਰਪ੍ਰੇਮ ਲਹਿਰੀ ਦਾ (ਬੁਲਟਨਾਮਾ) ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਮਲਕੀਤ ਰੌਣੀ ਨੇ ਆਪਣੀ ਸੰਸਥਾ ‘ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰ ਐਸੋਸੀਏਸ਼ਨ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਸਿਨਮੇ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਕਰਮਜੀਤ ਅਨਮੋਲ, ਮੈਡਮ ਗੁਰਪ੍ਰੀਤ ਕੌਰ ਭੰਗੂ ਦਾ ਸਨਮਾਨ ਕੀਤਾ ਗਿਆ। ਪੱਤਰਕਾਰੀ ਵਿਚਾਰ ਚਰਚਾ ਦੇ ਵਿਚ ਸ. ਸੁਖਦੇਵ ਸਿੰਘ ਗਿੱਲ, ਸਵਰਨ ਸਿੰਘ ਟਹਿਣਾ, ਮੈਡਮ ਹਰਮਨ ਥਿੰਦ ਅਤੇ ਡਾ. ਸੁਕੀਰਤ ਨੇ ਸ਼ਿਰਕਤ ਕੀਤੀ। ਕਿਸਾਨੀ ਮੁੱਦਿਆਂ ਦੀ ਵੀ ਗੱਲ ਹੋਈ। ਸ੍ਰੀ ਅਹਿਮਦ ਰਜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਿਚ ਅਸ਼ੌਕ ਭੌਰਾ ਪੱਤਰਕਾਰੀ ਐਵਾਰਡ, ਸ. ਤਰਸੇਮ ਸਿੰਘ ਭਿੰਡਰ, ਸ. ਹਰਦੇਵ ਸਿੰਘ ਕਾਹਮਾ ਹੋਰਾਂ ਦਾ ਵੀ ਸਨਮਾਨ ਹੋਇਆ। ਹਾਸਰਸ ਜੋੜੀ ਗੋਗਾ ਅਤੇ ਅਲਬੇਲਾ ਨੇ ਖੂਬ ਰੰਗ ਬੰਨਿ੍ਹਆ। ਡਾ. ਜਸਵੰਤ ਸਿੰਘ ਜ਼ਫਰ, ਡਾ. ਗੁਰਪ੍ਰੀਤ ਕੌਰ ਭੰਗੂ, ਕਰਮਜੀਤ ਅਨਮੋਲ, ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦਾ ਵੀ ਐਵਾਰਡ ਦੇ ਕੇ ਸਨਮਾਨ ਕੀਤਾ ਗਿਆ। ਪੰਜਾਬੀ ਗਾਇਕਾ ਦਾ ਐਵਾਰਡ ਬੀਰ ਸਿੰਘ ਹੋਰਾਂ ਨੂੰ ਦਿੱਤਾ ਗਿਆ। ਗਾਇਕਾ ਫਲਕ ਇਜਾਜ ਨੇ ਇਕ ਗੀਤ ਪੇਸ਼ ਕਰਕੇ ਤਾੜੀਆਂ ਬਟੋਰੀਆਂ। ਸ਼ਾਮ ਨੂੰ ਆਡੀਟੋਰੀਅਮ ਹਾਲ ਦੇ ਬਾਹਰ ਵਿਹੜੇ ਵਿਚ ਸਜੀ ਸਟੇਜ ਉਤੇ ਗਵਰਨਰ ਪੰਜਾਬ ਸਰਦਾਰ ਸਲੀਮ ਹੈਦਰ ਖਾਨ ਨੇ ਪੰਜਾਬੀ ਕਾਨਫਰੰਸ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਗਲੇ ਸਾਲ ਇਸਨੂੰ ਗਵਰਨਰ ਹਾਊਸ ਦੇ ਵਿਚ ਕਰਾਉਣ ਦੀ ਕੋਸ਼ਿਸ ਕੀਤੀ ਜਾਵੇਗੀ। ਫਿਰ ਚਿਰਾਂ ਤੋਂ ਉਡੀਕ ਰਹੇ ਆਰਫਿ ਲੁਹਾਰ ਨੇ ਸਟੇਜ ਉਤੇ ਆ ਕੇ ਧਮਾਲ ਪਾਈ। ਅੰਤ ਇਹ ਤਿੰਨ ਦਿਨਾਂ ਪੰਜਾਬੀ ਕਾਨਫਰੰਸ ਕਈ ਆਸਾਂ ਦੇ ਨਾਲ ਸਮਾਪਤ ਹੋ ਗਈ।

ਪੰਜਾਬ ਤੇ ਪੰਜਾਬੀ ਦੀ ਗੱਲ ਹੋ ਗਈ – ਲਾਹੌਰ ਵਿਖੇ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਮਾਪਤ Read More »

ਲੋਕਲ ਹੀਰੋ…ਅਸਲ ਜ਼ਿੰਦਗੀ ਦੇ – ਸਿੱਖ ਬਣੀ ਬੀਬੀ ਜਸਨੂਰ ਕੌਰ ਖਾਲਸਾ ਨੂੰ ਗਿਸਬੋਰਨ ‘ਲੋਕਲ ਹੀਰੋ ਐਵਾਰਡ’

-8 ਸਾਲ ਸਿੱਖ ਧਰਮ ਬਾਰੇ ਜਾਨਣ ਬਾਅਦ 2020 ਵਿਚ ਛਕਿਆ ਸੀ ਅੰਮ੍ਰਿਤ ਔਕਲੈਂਡ, 22 ਨਵੰਬਰ 2024 (ਹਰਜਿੰਦਰ ਸਿੰਘ ਬਸਿਆਲਾ) – ਇਥੋਂ ਲਗਪਗ 475 ਕਿਲੋਮੀਟਰ ਦੂਰ ਵਸੇ ਸ਼ਹਿਰ ਗਿਸਬੋਰਨ ਵਿਖੇ ਸਾਲ 2020 ਦੇ ਵਿਚ ਅੰਮ੍ਰਿਤ ਛਕ ਕੇ ਪੂਰਨ ਤੌਰ ’ਤੇ ਕ੍ਰਿਸਚੀਅਨ ਤੋਂ ਸਿੱਖ ਧਰਮ ਧਾਰਨ ਕਰ ਗਈ ਮਹਿਲਾ ਮੈਰੀਡੀਥ ਸਟੀਵਰਟ ਜੋ ਕਿ ਹੁਣ ਜਸਨੂਰ ਕੌਰ ਖਾਲਸਾ ਕਰਕੇ ਜਾਣੀ ਜਾਂਦੀ ਹੈ, ਨੂੰ ਇਸ ਸਾਲ ਕੀਵੀ ਬੈਂਕ ਵੱਲੋਂ ਐਲਾਨੇ ਗਏ ‘ਕੀਵੀਬੈਂਕ ਲੋਕਲ ਹੀਰੋ’ ਦੇ ਐਵਾਰਡ ਨਾਲ ਸਨਮਾਨਿਆ ਗਿਆ ਹੈ। ਜਸਨੂਰ ਕੌਰ ਖਾਲਸਾ ਨੇ ਕੋਵਿਡ ਮਹਾਂਮਾਰੀ ਦੌਰਾਨ, ਗੈਬਰੀਅਲ ਨਾਂਅ ਦੇ ਆਏ ਚੱਕਰਵਾਤ ਦੌਰਾਨ ਅਤੇ ਹੋਰ ਕੁਦਰਤੀ ਦਰਪੇਸ਼ ਮੁਸ਼ਕਲਾਂ ਸਮੇਂ ਆਈਆਂ ਚੁਣੌਤੀਆਂ ਦੇ ਵਿਚ ਲੋਕਾਂ ਦੀ ਵੱਡੀ ਸਹਾਇਤਾ ਕੀਤੀ ਸੀ। ਉਹ ਏਥਨਿਕ ਕਮਿਊਟਿਨੀ ਦੀ ਕੜੀ ਵਜੋਂ ਕੰਮ ਕਰਦੀ ਹੈ ਅਤੇ ਸਭਿਆਚਾਰਕ ਵਖਰੇਵਿਆਂ ਵਾਲੇ ਲੋਕਾਂ ਨੂੰ ਇਕ ਵਧੀਆ ਮਾਹੌਲ ਸਿਰਜਣ ਵਿਚ ਯੋਗਦਾਨ ਪਾ ਰਹੀ ਹੈ। ਉਸਨੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਵਧਣ-ਫੁੱਲਣ ਅਤੇ ਸਫਲ ਹੋਣ ਲਈ ਸਮਰਥਨ ਦਿੱਤਾ ਅਤੇ ਸ਼ਕਤੀਕਰਨ ਲਈ ਅਣਗਿਣਤ ਸਮਾਂ  ਸਮਰਪਿਤ ਕੀਤੇ ਹਨ। ਮੈਰੀਡੀਥ ਸੱਭਿਆਚਾਰਕ ਵਿਭਿੰਨਤਾ ’ਤੇ ਸ਼ੁਰੂਆਤੀ ਬਚਪਨ ਦੇ ਸਿੱਖਿਅਕਾਂ ਨੂੰ ਹੁਨਰਮੰਦ ਕਰਨ, ਪ੍ਰਵਾਸੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਹਾਇਕ ਵਾਤਾਵਰਣ ਬਣਾਉਣ ਲਈ ਵੀ ਭਾਵੁਕ ਹੈ। ਸੋ ਅਸਲ ਜ਼ਿੰਦਗੀ ਦੇ ਵਿਚ ਕੰਮ ਕਰਨ ਵਾਲੇ ਲੋਕ ਅਸਲ ਵਿਚ ਸਥਾਨਿਕ (ਲੋਕਲ) ਹੀਰੋ ਹੋ ਨਿਬੜਦੇ ਹਨ ਅਤੇ ਬੀਬਾ ਜਸਨੂਰ ਖਾਲਸਾ ਉਨ੍ਹਾਂ ਵਿਚੋਂ ਇਕ ਹੈ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਮਿਲ ਰਹੀਆਂ ਹਨ। ਵਰਣਯੋਗ ਹੈ ਕਿ ਜਸਨੂਰ ਕੌਰ ਖਾਲਸਾ ਦਾ ਸਿੱਖੀ ਪ੍ਰਤੀ ਲਗਾਅ ਇਕ ਅਸਚਰਜ ਘਟਨਾ ਬਾਅਦ 2012 ਦੇ ਵਿਚ ਸ਼ੁਰੂ ਹੁੰਦਾ ਹੈ ਅਤੇ ਉਹ ਕਈ ਵਾਰ ਇੰਡੀਆ ਜਾ ਕੇ ਗੁਰਦੁਆਰਾ ਸਾਹਿਬਾਨਾਂ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਦੀ ਹੈ। ਨਿਹੰਗ ਸਿੰਘਾਂ ਦਾ ਜੀਵਨ ਵੇਖਦੀ ਹੈ, ਫਤਹਿਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੇ ਅਸਥਾਨ ਨੂੰ ਵੇਖਦੀ ਹੈ ਅਤੇ ਇਕ ਦਿਨ ਮਨ ਐਸਾ ਪਸੀਚਦਾ ਹੈ ਕਿ ਇਹ ਜਨਵਰੀ 2020 ਦੇ ਵਿਚ ਅੰਮ੍ਰਿਤਸਰ ਸਾਹਿਬ ਜਾ ਕੇ ਅੰਮ੍ਰਿਤ ਛਕ ਪੂਰਨ ਸਿੱਖ ਬਣ ਜਾਂਦੀ ਹੈ। ਪੂਰਾ ਆਰਟੀਕਲ ਪੰਜਾਬੀ ਹੈਰਲਡ ਦੇ ਲੇਖ ਪਿਟਾਰੀ ਸੈਕਸ਼ਨ ਵਿਚ ਪੜਿ੍ਹਆ ਜਾ ਸਕਦਾ ਹੈ।

ਲੋਕਲ ਹੀਰੋ…ਅਸਲ ਜ਼ਿੰਦਗੀ ਦੇ – ਸਿੱਖ ਬਣੀ ਬੀਬੀ ਜਸਨੂਰ ਕੌਰ ਖਾਲਸਾ ਨੂੰ ਗਿਸਬੋਰਨ ‘ਲੋਕਲ ਹੀਰੋ ਐਵਾਰਡ’ Read More »

ਜ਼ਮਾਨਤ ਮਿਲਣ ਦੇ ਬਾਵਜੂਦ ਮੁੜ ਹੋਈ ਗਿ੍ਰਫਤਾਰੀ

ਇਸਲਾਮਾਬਾਦ, 22 ਨਵੰਬਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੇਲ੍ਹ ਤੋਂ ਰਿਹਾਈ ਦੀ ਆਸ ਉਸ ਸਮੇਂ ਖਤਮ ਹੋ ਗਈ, ਜਦੋਂ ਭਿ੍ਰਸ਼ਟਾਚਾਰ ਦੇ ਇਕ ਮਾਮਲੇ ’ਚ ਜ਼ਮਾਨਤ ਮਿਲਣ ਦੇ ਕੁਝ ਦੇਰ ਬਾਅਦ ਹੀ ਉਨ੍ਹਾ ਨੂੰ ਇਕ ਨਵੇਂ ਕੇਸ ਵਿਚ ਗਿ੍ਰਫਤਾਰ ਕਰ ਲਿਆ ਗਿਆ। ਇਸਲਾਮਾਬਾਦ ਹਾਈ ਕੋਰਟ ਨੇ ਬੀਤੇ ਦਿਨੀਂ ਤੋਸ਼ਾਖਾਨਾ ਮਾਮਲੇ ’ਚ ਇਮਰਾਨ ਖਾਨ ਨੂੰ ਜ਼ਮਾਨਤ ਦਿੱਤੀ ਸੀ, ਜਿਸ ’ਚ ਉਨ੍ਹਾ ’ਤੇ ਮਹਿੰਗੇ ਤੋਹਫੇ ਬਹੁਤ ਘੱਟ ਕੀਮਤ ’ਤੇ ਖਰੀਦਣ ਦੇ ਦੋਸ਼ ਲੱਗੇ ਸਨ। ਜ਼ਮਾਨਤ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਦੀ ਰਿਹਾਈ ਦੀ ਆਸ ਦਿਖਾਈ ਦਿੱਤੀ ਸੀ, ਪਰ ਉਨ੍ਹਾ ਨੂੰ 28 ਸਤੰਬਰ ਨੂੰ ਰਾਵਲਪਿੰਡੀ ’ਚ ਦਹਿਸ਼ਤੀ ਕਾਰਵਾਈਆਂ ਲਈ ਮਦਦ ਕਰਨ ਦੇ ਦੋਸ਼ ਤਹਿਤ ਦਰਜ ਕੇਸ ’ਚ ਗਿ੍ਰਫਤਾਰ ਕਰ ਲਿਆ ਗਿਆ। ਉਹ ਇਕ ਸਾਲ ਤੋਂ ਵੱਧ ਸਮੇਂ ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਨਜ਼ਰਬੰਦ ਹਨ।

ਜ਼ਮਾਨਤ ਮਿਲਣ ਦੇ ਬਾਵਜੂਦ ਮੁੜ ਹੋਈ ਗਿ੍ਰਫਤਾਰੀ Read More »

ਸੰਪਾਦਕੀ/ਸੂਰਜੀ ਲਾਈਟਾਂ ਦਾ ਭਵਿੱਖ/ਗੁਰਮੀਤ ਸਿੰਘ ਪਲਾਹੀ

ਪੰਜਾਬ ਦੇ ਹਰ ਪਿੰਡ ਵਿੱਚ ਸੂਰਜੀ ਲਾਈਟਾਂ ਲਗਾਉਣ ਲਈ ਪਿਛਲੇ 10 ਸਾਲ ਵਿੱਚ 80 ਕਰੋੜ ਰੁਪਏ ਖਰਚੇ ਗਏ ਹਨ, ਪਰ ਹੈਰਾਨੀ- ਪ੍ਰੇਸ਼ਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਵਿਚੋਂ 60 ਫ਼ੀਸਦੀ ਸੋਲਰ ਲਾਈਟਾਂ ਬੰਦ ਪਈਆਂ ਹਨ।  ਪੰਜਾਬ ਦੇ ਇਕ ਪਿੰਡ ਲਈ 2 ਲੱਖ ਤੋਂ 10 ਲੱਖ ਰੁਪਏ ਖਰਚ ਕਰਕੇ ਇਹ ਸੋਲਰ ਲਾਈਟਾਂ, ਪਿੰਡਾਂ ‘ਚ ਸਟਰੀਟ ਲਾਈਟ ਲਗਾਉਣ ਜਾਂ ਸਾਂਝੀਆਂ ਥਾਵਾਂ ਉਤੇ ਸੋਲਰ ਰੋਸ਼ਨੀ ਨਾਲ ਇਮਾਰਤਾਂ ਜਗਮਾਉਣ ਲਈ ਲਗਾਈਆਂ ਜਾਂਦੀਆਂ ਹਨ। ਇਕ ਲਾਈਟ ਦੀ ਕੀਮਤ 13,500 ਰੁਪਏ ਹੈ ਅਤੇ ਪੰਜਾਬ ਇਨਰਜੀ ਡਿਵੈਲਪਮੈਂਟ ਏਜੰਸੀ ਵਲੋਂ ਇਹ ਲਾਈਟਾਂ ਲਗਾਈਆਂ ਜਾਂਦੀਆਂ ਹਨ। ਪਿੰਡਾਂ ਵਿੱਚ ਸੋਲਰ ਲਾਈਟਾਂ ਲਗਾਉਣ ਦੀ ਇਸ ਯੋਜਨਾ ਅਧੀਨ ਇਕ ਸਕੀਮ ਅਧੀਨ 70 ਫੀਸਦੀ ਕੇਂਦਰ ਸਰਕਾਰ ਵਲੋਂ ਅਤੇ ਬਾਕੀ ਰਕਮ ਸੂਬਾ ਸਰਕਾਰ ਇਸ ਸਕੀਮ ‘ਚ ਰਕਮ ਦਿੰਦੀ ਹੈ। ਸੋਲਰ ਲਾਈਟਾਂ, ਜੋ ਖਰਾਬ ਹੋ ਚੁੱਕੀਆਂ ਹਨ, ਉਹਨਾ ਦੀ ਮੁਰੰਮਤ ਦਾ ਕੋਈ ਪੁਖਤਾ ਇੰਤਜ਼ਾਮ ਨਹੀਂ ਹੈ। ਜਿਸ ਕਾਰਨ ਲਾਈਟਾਂ ਕੰਮ ਨਹੀਂ ਕਰ ਰਹੀਆਂ। ਸੋਲਰ ਲਾਈਟਾਂ ਜੋ ਚਾਰਜ ਹੋਈਆਂ ਬੈਟਰੀਆਂ ‘ਤੇ ਕੰਮ ਕਰਦੀਆਂ ਹਨ, ਉਹ ਬੈਟਰੀਆਂ ਚੋਰੀ ਹੋ ਜਾਂਦੀਆਂ ਹਨ। ਪਿੰਡ ਪੰਚਾਇਤਾਂ ਕਿਉਂਕਿ ਪਿਛਲੇ ਲਗਭਗ ਇਕ ਸਾਲ ਦੇ ਸਮੇਂ ਤੋਂ “ਨਾ ਹੋਣ ਦੇ ਬਰਾਬਰ” ਹੀ ਹਨ, ਇਸ ਕਰਕੇ ਇਹਨਾਂ ਲਾਈਟਾਂ ਦੀ ਦੇਖਭਾਲ ਹੋ ਹੀ ਨਹੀਂ ਸਕੀ। ਸਾਲ 2022-23 ਵਿੱਚ ਇਸ ਯੋਜਨਾ ਉਤੇ 10 ਕਰੋੜ ਰੁਪਏ ਖਰਚੇ ਗਏ। 346 ਪੰਚਾਇਤਾਂ ਵਿੱਚ 6587 ਲਾਈਟਾਂ ਲਗਾਈਆਂ ਗਈਆਂ। 15 ਕਰੋੜ ਰੁਪਏ ਹੋਰ ਇਹਨਾਂ ਲਾਈਟਾਂ ਲਈ ਰੱਖੇ ਗਏ ਹਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਕੰਪਨੀ ਵਲੋਂ ਲਾਈਟਾਂ ਲਗਾਈਆਂ ਗਈਆਂ ਹਨ, ਉਹਨਾਂ ਵਲੋਂ ਮੁਰੰਮਤ ਵੱਲ ਕੋਈ ਧਿਆਨ ਨਹੀਂ ਹੈ। ਉਂਜ ਵੀ ਜਦੋਂ ਲਾਈਟਾਂ ਲਗਾਉਣ ਦਾ ਕੰਮ ਮਹਿਕਮੇ ਵਲੋਂ ਮਨਜ਼ੂਰ ਹੋ ਜਾਂਦਾ ਹੈ, ਉਹ ਲੰਮਾ ਸਮਾਂ ਲਗਾਈਆਂ ਹੀ ਨਹੀਂ ਜਾਂਦੀਆਂ। ਵੈਸੇ ਵੀ ਪੰਜਾਬ ‘ਚ ਪੰਚਾਇਤਾਂ ਦਾ ਕੰਮ ਸਾਰਥਿਕਤਾ ਨਾਲ ਨਹੀਂ ਚੱਲ ਰਿਹਾ। ਇਸੇ ਕਰਕੇ ਸਕੀਮਾਂ ਫੇਲ੍ਹ ਹੋ ਰਹੀਆਂ ਹਨ ਅਤੇ ਫੰਡਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ।

ਸੰਪਾਦਕੀ/ਸੂਰਜੀ ਲਾਈਟਾਂ ਦਾ ਭਵਿੱਖ/ਗੁਰਮੀਤ ਸਿੰਘ ਪਲਾਹੀ Read More »

ਹਾਕੀ ਵਾਲੀਆਂ ਕੁੜੀਆਂ

ਭਾਰਤੀ ਮਹਿਲਾ ਹਾਕੀ ਟੀਮ ਨੇ ਬਿਹਾਰ ਦੇ ਰਾਜਗੀਰ ’ਚ ਬੁੱਧਵਾਰ ਚੀਨ ਨੂੰ 1-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤ ਲਈ। ਇਹ ਜਿੱਤ ਇਸ ਪੱਖੋਂ ਅਹਿਮ ਹੈ ਕਿ ਚੀਨ ਨੇ ਪੈਰਿਸ ਉਲੰਪਿਕ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ, ਜਦਕਿ ਭਾਰਤ ਦਾ ਦਰਜਾ ਕਾਫੀ ਹੇਠਾਂ ਹੈ। ਹਾਲਾਂਕਿ ਭਾਰਤ ਪਿਛਲੀ ਵਾਰ ਵੀ ਚੈਂਪੀਅਨ ਬਣਿਆ ਸੀ, ਪਰ ਵਿਦੇਸ਼ੀ ਕੋਚ ਜੈਨੇਕੇ ਸ਼ੌਪਮੈਨ ਦੇ ਛੱਡ ਜਾਣ ਤੋਂ ਬਾਅਦ ਟੀਮ ਦੀ ਪੁਜ਼ੀਸ਼ਨ ਬੜੀ ਅਜੀਬੋ-ਗਰੀਬ ਬਣ ਗਈ ਸੀ। ਵੱਖ-ਵੱਖ ਮੁਕਾਬਲਿਆਂ ਵਿੱਚ ਲਗਾਤਾਰ ਅੱਠ ਹਾਰਾਂ ਨਾਲ ਖਿਡਾਰਨਾਂ ਦਾ ਮਨੋਬਲ ਡਿੱਗਿਆ ਹੋਇਆ ਸੀ। ਟੀਮ ਨੂੰ ਮੁੜ ਕੋਚ ਹਰਿੰਦਰ ਸਿੰਘ ਹਵਾਲੇ ਕੀਤਾ ਗਿਆ। ਪਹਿਲਾਂ ਕੁੜੀਆਂ ਸ਼ੌਪਮੈਨ ਦੇ ਸਟਾਈਲ ਨਾਲ ਖੇਡਦੀਆਂ ਸਨ ਤੇ ਹਰਿੰਦਰ ਸਿੰਘ ਨੂੰ ਥੋੜ੍ਹੇ ਸਮੇਂ ਵਿੱਚ ਟੀਮ ਨੂੰ ਨਵੇਂ ਸਟਾਈਲ ’ਚ ਢਾਲਣਾ ਪਿਆ। ਚੀਨ ਤੇ ਜਾਪਾਨ ਦੀਆਂ ਟੀਮਾਂ ਪੈਰਿਸ ਉਲੰਪਿਕ ਖੇਡ ਚੁੱਕੀਆਂ ਸਨ। 2026 ਦੇ ਵਿਸ਼ਵ ਕੱਪ ਤੇ 2028 ਦੀ ਲਾਸ ਏਂਜਲਜ਼ ਉਲੰਪਿਕ ਲਈ ਕੁਆਲੀਫਾਈ ਕਰਨ ਵਾਸਤੇ ਚੰਗਾ ਪ੍ਰਦਰਸ਼ਨ ਕਰਨਾ ਕੋਚ ਤੇ ਟੀਮ ਲਈ ਜ਼ਰੂਰੀ ਸੀ। ਹਰਿੰਦਰ ਸਿੰਘ ਨੇ ਕੁੜੀਆਂ ਨੂੰ ਸਮਝਾਇਆ ਕਿ ਇਹ ਨਾ ਸੋਚੋ ਕਿ ਹੋਰ ਟੀਮਾਂ ਕਿੰਨੀਆਂ ਤਕੜੀਆਂ ਹਨ, ਤੁਸੀਂ ਆਪਣੀ ਖੇਡ ’ਤੇ ਕੇਂਦਰਤ ਰਹੋ ਤੇ ਆਪਣੇ ਟੀਚੇ ਤੈਅ ਕਰੋ। ਹਰਿੰਦਰ ਨੂੰ ਟੀਮ ਤਿਆਰ ਕਰਨ ਲਈ ਕੁਝ ਹਫਤੇ ਹੀ ਮਿਲੇ ਸਨ। ਭਾਰਤ ਨੇ ਟੂਰਨਾਮੈਂਟ ਦੀ ਸ਼ੁਰੂਆਤ ਮਲੇਸ਼ੀਆ ਨੂੰ 4-0 ਨਾਲ ਹਰਾ ਕੇ ਕੀਤੀ। ਟੂਰਨਾਮੈਂਟ ਦੇ ਵਧਣ ਦੇ ਨਾਲ-ਨਾਲ ਟੀਮ ਖੇਡ ਵਿੱਚ ਨਿਖਾਰ ਲਿਆਉਦੀ ਗਈ, ਖਿਡਾਰਨਾਂ ਵਿਚਾਲੇ ਆਪਸੀ ਸਮਝ ਵਧਦੀ ਗਈ। ਟੀਮ ਨੇ ਥਾਈਲੈਂਡ ਨੂੰ 15-0 ਨਾਲ ਹਰਾਇਆ। ਹੰਢੀ ਹੋਈ ਵੰਦਨਾ ਕਟਾਰੀਆ ਟੀਮ ਵਿੱਚ ਨਹੀਂ ਸੀ। ਘੱਟ ਤਜਰਬੇਕਾਰ ਕੁੜੀਆਂ ’ਤੇ ਹੀ ਸਾਰਾ ਦਾਰੋਮਦਾਰ ਸੀ। ਟੀਮ ਦੀ ਔਸਤ ਉਮਰ ਸਾਢੇ ਇੱਕੀ ਸਾਲ ਸੀ। ਹਮਲਾਵਰ ਪੰਕਤੀ ਵਿੱਚ ਸੰਗੀਤਾ ਕੁਮਾਰੀ, ਦੀਪਿਕਾ ਤੇ ਬਿਊਟੀ ਡੰਗ ਡੰਗ ਵਰਗੀਆਂ ਨੌਜਵਾਨ ਕੁੜੀਆਂ ਹੀ ਸਨ। ਇਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੀਨ ਖਿਲਾਫ ਜੇਤੂ ਗੋਲ ਕਰਨ ਵਾਲੀ ਦੀਪਿਕਾ ਨੇ ਪੂਰੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 11 ਗੋਲ ਦਾਗੇ। ਮਿਡ ਫੀਲਡਰਾਂ ਤੇ ਡਿਫੈਂਡਰਾਂ ਨੇ ਵੀ ਜੋਸ਼ੀਲੀ ਖੇਡ ਖੇਡੀ ਤੇ ਟੀਮ ਨੇ ਲੀਗ ਸਟੇਜ ਵਿੱਚ ਸਿਰਫ ਦੋ ਗੋਲ ਹੀ ਖਾਧੇ। ਟੀਮ ਦੀ ਕਾਮਯਾਬੀ ਵਿੱਚ ਕੋਚ ਵੱਲੋਂ ਬਣਾਏ ਗਏ ਵਧੀਆ ਮਾਹੌਲ ਨੇ ਬਹੁਤ ਰੋਲ ਨਿਭਾਇਆ। ਖਿਡਾਰਨਾਂ ਨੇ ਖੁਦ ਕਿਹਾ ਕਿ ਉਨ੍ਹਾਂ ਦੀ ਦਿਮਾਗੀ ਤੇ ਸਰੀਰਕ ਫਿਟਨੈੱਸ ’ਚ ਕਾਫੀ ਸੁਧਾਰ ਹੋਇਆ। 22 ਸਾਲ ਦੀ ਉਮਰ ਵਿੱਚ ਕਪਤਾਨੀ ਕਰਨ ਵਾਲੀ ਸਲੀਮਾ ਟੇਟੇ ਨੇ ਕਿਹਾਮੈਚ ਤੋਂ ਪਹਿਲਾਂ ਡਰੈਸਿੰਗ ਰੂਮ ’ਚ ਹਾਂ-ਪੱਖੀ ਮਾਹੌਲ ਹੁੰਦਾ ਸੀ। ਟੀਮ ਦੇ ਪ੍ਰਦਰਸ਼ਨ ਵਿੱਚ ਇਸ ਮਾਹੌਲ ਨੇ ਬਹੁਤ ਮਦਦ ਕੀਤੀ। ਸੰਗੀਤਾ ਨੇ ਕਿਹਾ ਕਿ ਮੈਦਾਨ ਵਿੱਚ ਉੱਤਰਦਿਆਂ ‘ਗੋਲ ਦੀ ਭੁੱਖ’ ਲੱਗ ਜਾਂਦੀ ਸੀ। ਅੱਗੇ ਹਾਕੀ ਇੰਡੀਆ ਲੀਗ ਸ਼ੁਰੂ ਹੋਣ ਵਾਲੀ ਹੈ। ਉਸ ਤੋਂ ਬਾਅਦ ਪੋ੍ਰ ਲੀਗ ਹੋਵੇਗੀ। ਫਿਰ 2026 ਦਾ ਵਿਸ਼ਵ ਕੱਪ ਆਉਣਾ ਹੈ। ਖਿਡਾਰਨਾਂ ਦੀ ਉਮਰ ਬਹੁਤੀ ਨਹੀਂ ਤੇ ਜੇ ਕੋਚ ਹਰਿੰਦਰ ਦੀ ਸੋਚ ਮੁਤਾਬਕ ਚਲਦੀਆਂ ਰਹੀਆਂ ਤਾਂ ਵੱਡੇ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੀਆਂ ਹਨ, ਜਿਸ ਦੀਆਂ ਕਿ ਹਾਕੀ ਪ੍ਰੇਮੀ ਬਹੁਤ ਸਾਲਾਂ ਤੋਂ ਆਸਾਂ ਲਾਈ ਬੈਠੇ ਹਨ।

ਹਾਕੀ ਵਾਲੀਆਂ ਕੁੜੀਆਂ Read More »