November 13, 2024

ਸਰਬ ਨੌਜਵਾਨ ਸਭਾ ਨੇ ਲੋੜ੍ਹਵੰਦ ਬਜੁਰਗ ਦਾ ਕਰਵਾਇਆ ਆਪ੍ਰੇਸ਼ਨ

*ਅੱਖਾਂ ਦੀ ਸੰਭਾਲ ਲਈ ਪ੍ਰਦੂਸ਼ਨ ਮੁਕਤ ਵਾਤਾਵਰਣ ਦੇ ਉਪਰਾਲੇ ਜਰੂਰੀ – ਮਲਕੀਤ ਚੰਦ ਕੰਗ * ਸਾਬਕਾ ਕੌਂਸਲਰ ਅਨੁਰਾਗ ਮਨਖੰਡ ਨੇ ਉਪਰਾਲੇ ਨੂੰ ਦੱਸਿਆ ਸ਼ਲਾਘਾਯੋਗ ਫਗਵਾੜਾ 13 ਨਵੰਬਰ (ਏ.ਡੀ.ਪੀ ਨਿਯੂਜ਼) – ਦੁਆਬੇ ਦੀਆਂ ਉੱਘੀਆਂ ਸਮਾਜ ਸੇਵੀ ਸੰਸਥਾਵਾਂ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਦੇ ਸਹਿਯੋਗ ਨਾਲ ਲੜੀਵਾਰ ਪ੍ਰੋਜੈਕਟ ‘ਆਓ ਪੁੰਨ ਕਮਾਈਏ’ ਤਹਿਤ ਇਕ ਲੋੜਵੰਦ ਬਜੁਰਗ ਮਨਸਾ ਰਾਮ ਵਾਸੀ ਜੰਮੂ ਦੀ ਅੱਖ ਦਾ ਫਰੀ ਓਪਰੇਸ਼ਨ ਡਾ. ਤੁਸ਼ਾਰ ਅੱਗਰਵਾਲ ਅੱਖਾਂ ਦਾ ਹਸਪਤਾਲ ਵਿਖੇ ਕਰਵਾਇਆ ਗਿਆ। ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ ਦੀ ਟੀਮ ਵਲੋਂ ਮੋਤੀਏ ਦੇ ਸ਼ਿਕਾਰ ਮਰੀਜ ਦੀ ਅੱਖ ‘ਚ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਚਾਇਤ ਸਕੱਤਰ ਮਲਕੀਤ ਚੰਦ ਕੰਗ ਨੇ ਕਿਹਾ ਕਿ ਵੱਧਦਾ ਪ੍ਰਦੂਸ਼ਨ ਅੱਖਾਂ ਦੇ ਲਈ ਬਹੁਤ ਹੀ ਘਾਤਕ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਪ੍ਰਦੂਸ਼ਨ ਮੁਕਤ ਵਾਤਾਵਰਣ ਸਿਰਜਣ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੋਜੂਦ ਰਹੇ ਸਾਬਕਾ ਕੌਂਸਲਰ ਅਨੁਰਾਗ ਮਨਖੰਡ ਨੇ ਵੀ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਖਾਂ ਦੇ ਮਹਿੰਗੇ ਆਪ੍ਰੇਸ਼ਨ ਬਿਲਕੁਲ ਫਰੀ ਕਰਵਾਉਣਾ ਗਰੀਬ ਪਰਿਵਾਰਾਂ ਨਾਲ ਸਬੰਧਤ ਮਰੀਜਾਂ ਲਈ ਬਹੁਤ ਹੀ ਲਾਹੇਵੰਦ ਹੈ। ਹਰੇਕ ਸਮਰੱਥ ਵਿਅਕਤੀ ਨੂੰ ਅਜਿਹੇ ਨੇਕ ਕਾਰਜਾਂ ਵਿਚ ਆਪਣਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ। ਡਾ: ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅੱਖਾਂ ਦੀ ਕਿਸੇ ਤਕਲੀਫ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਉਹਨਾ ਭਰੋਸਾ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਿੱਚ ਸਭਾ ਨੂੰ ਸਹਿਯੋਗ ਦਿੰਦਾ ਰਹੇਗਾ। ਐਨ.ਆਰ.ਆਈ. ਮਦਨ ਲਾਲ ਨੇ ਸਰਬ ਨੌਜਵਾਨ ਸਭਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਨੇਤਰਹੀਣਾਂ ਦੀਆਂ ਅੱਖਾਂ ਨੂੰ ਨਵੀਂ ਰੌਸ਼ਨੀ ਮਿਲ ਰਹੀ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਬਜੁਰਗ ਦੀ ਅੱਖ ‘ਚ ਫੋਲਡੇਬਲ ਲੈਨਜ ਪਾਇਆ ਗਿਆ ਹੈ। ਉਹਨਾਂ ਸਭਾ ਦੇ ਪ੍ਰੋਜੈਕਟਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪੰਚਾਇਤ ਸਕੱਤਰ ਮਲਕੀਤ ਚੰਦ ਕੰਗ ਨੂੰ ਸਭਾ ਵਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਵਿਨੋਦ ਭਾਸਕਰ ਬਲਾਕ ਪ੍ਰਧਾਨ ਆਪ, ਵਿੱਕੀ ਸਿੰਘ ਯੂਥ ਆਗੂ, ਆਰ. ਪੀ. ਸ਼ਰਮਾ, ਨਰਿੰਦਰ ਸੈਣੀ, ਮਹਿਲਾ ਆਪ ਆਗੂ ਪ੍ਰਿਤਪਾਲ ਕੌਰ ਤੁਲੀ, ਗੁਰਦੀਪ ਸਿੰਘ ਤੁਲੀ ਕੋਆਰਡੀਨੇਟਰ ਵਪਾਰ ਸੈਲ ਫਗਵਾੜਾ, ਪਰਮਜੀਤ ਰਾਏ, ਰਾਕੇਸ਼ ਕੋਛੜ, ਮੈਡਮ ਤੰਨੂ, ਜਗਜੀਤ ਸੇਠ, ਮੈਡਮ ਸਪਨਾ ਸ਼ਾਰਦਾ, ਜੀਤ ਰਾਮ ਆਦਿ ਹਾਜ਼ਰ ਸਨ।

ਸਰਬ ਨੌਜਵਾਨ ਸਭਾ ਨੇ ਲੋੜ੍ਹਵੰਦ ਬਜੁਰਗ ਦਾ ਕਰਵਾਇਆ ਆਪ੍ਰੇਸ਼ਨ Read More »

ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਨੂੰ ਭੁੱਲੀ ਬੈਠੀ ਹੈ ਆਮ ਆਦਮੀ ਪਾਰਟੀ : ਚੰਨੀ

ਬਰਨਾਲਾ, 13 ਨਵੰਬਰ – ਬਰਨਾਲਾ ਜ਼ਿਮਨੀ ਚੋਣ ’ਚ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸੇ ਲੜੀ ਤਹਿਤ ਸ੍ਰੀ ਚੰਨੀ ਨੇ ਕਾਲਾ ਢਿੱਲੋਂ ਦੇ ਹੱਕ ’ਚ ਸਥਾਨਕ ਪੱਤੀ ਰੋਡ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਪ੍ਰਤੀ ਖ਼ੁਦ ਕੋਈ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹਨ। ਜੇ ਪੰਜਾਬ ਪ੍ਰਤੀ ਕੋਈ ਵੀ ਫ਼ੈਸਲਾ ਲੈਣਾ ਹੋਵੇ ਤਾਂ ਉਹ ਦਿੱਲੀ ਹਾਈਕਮਾਨ ਦੀ ਸਹਿਮਤੀ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਹਾਈਕਮਾਨ ਦੀ ਮਹਿਜ਼ ਕਠਪੁਤਲੀ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੋਂ ਸਰਕਾਰ ਸੰਭਲ ਨਹੀਂ ਰਹੀ,­ ਜਿਸ ਕਰ ਕੇ ਕੇਜਰੀਵਾਲ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸਹੁੰ ਖਾ ਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਉਨ੍ਹਾਂ ਦੇ ਆਦਰਸ਼ਾਂ ਨੂੰ ਭੁੱਲ ਚੁੱਕੀ ਹੈ। ਸ੍ਰੀ ਚੰਨੀ ਨੇ ਕਿਹਾ ਕਿ ‘ਆਪ’ ਦੇ ਪਹਿਲਾਂ ਵਿਧਾਇਕ ਤੇ ਹੁਣ ਸੰਸਦ ਮੈਂਬਰ ਮੀਤ ਹੇਅਰ ਲੋਕਾਂ ਦੇ ਫ਼ੋਨ ਵੀ ਨਹੀਂ ਚੁੱਕਦੇ ਤੇ ਨਾ ਹੀ ਲੋਕਾਂ ਨੂੰ ਬਰਨਾਲੇ ’ਚ ਮਿਲਦੇ ਹਨ ਜਦਕਿ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 24 ਘੰਟੇ ਬਰਨਾਲਾ ’ਚ ਹਾਜ਼ਰ ਰਹਿੰਦੇ ਹਨ ਤੇ ਹਰ ਫ਼ੋਨ ਨੂੰ ਤਵੱਜੋ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਨੇ ਆਪਣੇ ਮਿਹਨਤੀ ਵਰਕਰ ਕਾਲਾ ਢਿੱਲੋਂ ਨੂੰ ਟਿਕਟ ਦੇ ਕੇ ਆਪਣਾ ਫ਼ਰਜ਼ ਨਿਭਾਅ ਦਿੱਤਾ ਹੈ, ਹੁਣ ਲੋਕਾਂ ਦੀ ਵਾਰੀ ਹੈ ਕਿ ਉਹ ਕਾਲਾ ਢਿੱਲੋਂ ਨੂੰ ਵਿਧਾਇਕ ਬਣਾ ਕੇ ਆਪਣਾ ਫ਼ਰਜ਼ ਅਦਾ ਕਰਨ।

ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਨੂੰ ਭੁੱਲੀ ਬੈਠੀ ਹੈ ਆਮ ਆਦਮੀ ਪਾਰਟੀ : ਚੰਨੀ Read More »

ਦਲਬੀਰ ਗੋਲਡੀ ਨੂੰ ਲੈ ਕੇ ਕਾਂਗਰਸ ’ਚ ਪਿਆ ਕਲੇਸ਼

ਚੰਡੀਗੜ੍ਹ, 13 ਨਵੰਬਰ – ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਲਈ ਚੋਣ ਪ੍ਰਚਾਰ ਕਰਨ ਵਾਲੇ ਸਾਬਕਾ ਕਾਂਗਰਸੀ ਆਗੂ ਦਲਬੀਰ ਗੋਲਡੀ ਨੂੰ ਲੈ ਕੇ ਕਾਂਗਰਸ ਵਿਚ ਕਲੇਸ਼ ਪੈ ਗਿਆ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੋਈ ਬੰਦਾ ਜਿਸਦੇ ਮਰਜ਼ੀ ਲਈ ਚੋਣ ਪ੍ਰਚਾਰ ਕਰਦਾ ਫਿਰਦਾ ਰਹੇ, ਉਹਨਾਂ ਦੀ ਮਰਜ਼ੀ ਤੋਂ ਬਗੈਰ ਉਹਨਾਂ ਨੂੰ ਕਾਂਗਰਸ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਤੁਹਾਡਾ ਦਾਸ ਪਾਰਟੀ ਵਿਚ ਇਕ ਅਹਿਮ ਸਥਾਨ ’ਤੇ ਹੈ, ਦਾਸ ਦੀ ਮਰਜ਼ੀ ਤੋਂ ਬਗੈਰ ਕੋਈ ਬੰਦਾ ਜਿਹਦੇ ਮਰਜ਼ੀ ਲਈ ਚੋਣ ਪ੍ਰਚਾਰ ਕਰਦਾ ਫਿਰੇ, ਗੱਦਾਰਾਂ ਲਈ ਪਾਰਟੀ ਵਿਚ ਥਾਂ ਨਹੀਂ ਹੈ। ਉਹਨਾਂ ਸਾਬਕਾ ਕਾਂਗਰਸੀ ਆਗੂ ਰਾਜ ਕੁਮਾਰ ਚੱਬੇਵਾਲ ਦਾ ਨਾਂ ਲੈ ਕੇ ਕਿਹਾ ਕਿ ਉਹਨਾਂ ਦੀ ਪਾਰਟੀ ਵਿਚ ਵਾਪਸੀ ਨਹੀਂ ਹੋਵੇਗੀ।

ਦਲਬੀਰ ਗੋਲਡੀ ਨੂੰ ਲੈ ਕੇ ਕਾਂਗਰਸ ’ਚ ਪਿਆ ਕਲੇਸ਼ Read More »

ਕੈਂਸਰ ਨਾਲ ਲੜਾਈ ‘ਚ ਹਾਰੇ ਬੀਸੀ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ

  ਸਰੀ, 13 ਨਵੰਬਰ – ਬੀਸੀ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਦੀ ਕੈਂਸਰ ਨਾਲ ਲੜਾਈ ਤੋਂ ਬਾਅਦ ਮੌਤ ਹੋ ਗਈ ਹੈ, ਉਨ੍ਹਾਂ ਦੇ ਪਰਿਵਾਰ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ। ਜੂਨ ਵਿੱਚ ਥਾਇਰਾਇਡ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ 65 ਸਾਲਾ ਬਜ਼ੁਰਗ ਪਿਛਲੇ ਪੰਜ ਮਹੀਨਿਆਂ ਤੋਂ ਹਸਪਤਾਲ ਵਿੱਚ ਰਿਹਾ। ਲੰਬੇ ਸਮੇਂ ਤੋਂ ਇਹ ਸਿਆਸਤਦਾਨ ਜਰਮਨੀ ਵਿੱਚ ਕੈਨੇਡਾ ਦੇ ਰਾਜਦੂਤ ਵਜੋਂ ਸੇਵਾ ਨਿਭਾਉਂਦੇ ਹੋਏ ਆਪਣੀ ਪਤਨੀ ਐਲੀ ਨਾਲ ਬਰਲਿਨ ਵਿੱਚ ਰਹਿ ਰਿਹਾ ਸੀ। ਵਿਕਟੋਰੀਆ, ਬੀ.ਸੀ. ਦੇ ਬੀ.ਸੀ. ਕੈਂਸਰ ਸੈਂਟਰ ਵਿਖੇ ਰਾਇਲ ਜੁਬਲੀ ਹਸਪਤਾਲ ਵਿਖੇ ਉਸਦੀ ਮੌਤ ਜੀਵਨ ਦੇ ਅੰਤ ਦੀ ਦੇਖਭਾਲ ਲਈ ਪ੍ਰਾਂਤ ਵਾਪਸ ਆਉਣ ਤੋਂ ਬਾਅਦ ਹੋਈ।

ਕੈਂਸਰ ਨਾਲ ਲੜਾਈ ‘ਚ ਹਾਰੇ ਬੀਸੀ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ Read More »

ਧੂਆਂਖੀ ਧੂੰਦ ਦੀ ਚਾਦਰ ’ਚ ਲਿਪਟਿਆ ਚੰਡੀਗੜ੍ਹ

ਚੰਡੀਗੜ੍ਹ, 13 ਨਵੰਬਰ – ਬੁੱਧਵਾਰ ਤੜਕੇ ਟ੍ਰਾਈਸਿਟੀ ਵਸਨੀਕਾਂ ਨੇ ਧੂਆਂਖੀ ਧੁੰਦ ਦੀ ਸੰਘਣੀ ਚਾਦਰ ਦਾ ਸਾਹਮਣਾ ਕੀਤਾ। ਇਸ ਦੌਰਾਨ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 339 ਦਰਜ ਕੀਤਾ ਗਿਆ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਧੂੰਏਂ ਨੇ ਚੰਡੀਗ੍ਹੜ ਅਤੇ ਇਸਦੇ ਆਸਪਾਸ ਖੇਤਰ ਵਿੱਚ ਦ੍ਰਿਸ਼ਟੀ ਨੂੰ ਕਾਫ਼ੀ ਘਟਾ ਦਿੱਤਾ ਹੈ। ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਸਵੇਰ ਦੀਆਂ ਸਾਰੀਆਂ ਉਡਾਣਾਂ ਦਾ ਆਗਮਨ ਅਤੇ ਰਵਾਨਗੀ ਅੱਧਾ ਘੰਟਾ ਦੇਰੀ ਨਾਲ ਰਿਹਾ ਹੈ। ਪੁਣੇ-ਚੰਡੀਗੜ੍ਹ ਫਲਾਈਟ ਵੀ ਸਮੇਂ ਤੋਂ 30 ਮਿੰਟ ਲੇਟ ਸੀ, ਹਾਲਾਂਕਿ ਹੁਣ ਤੱਕ ਕੋਈ ਵੀ ਫਲਾਈਟ ਰੱਦ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਕਰੀਬ 11:30 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਆਉਣ ਵਾਲੀ ਬੈਂਕਾਕ ਫਲਾਈਟ ਨੂੰ ਦਿੱਲੀ ਵੱਲ ਮੋੜਨਾ ਪਿਆ। ਵੱਧ ਏਕਿਉਆਈ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਡੀਜ਼ਲ ਜਨਰੇਟਰ (ਡੀਜੀ) ਸੈੱਟਾਂ ਦੀ ਵਰਤੋਂ ’ਤੇ ਵੀ ਯੂਟੀ ਵਿੱਚ ਪਾਬੰਦੀ ਲਗਾਈ ਜਾ ਰਹੀ ਹੈ। ਇਸ ਦੀ ਵਰਤੋਂ ਦੀ ਇਜਾਜ਼ਤ ਹੁਣ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਦਿੱਤੀ ਜਾਵੇਗੀ। ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਦਾ ਪ੍ਰਬੰਧਨ ਕਰਨ ਲਈ ਇੱਕ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੀ ਵੀ ਮੰਗ ਕੀਤੀ ਗਈ ਹੈ।

ਧੂਆਂਖੀ ਧੂੰਦ ਦੀ ਚਾਦਰ ’ਚ ਲਿਪਟਿਆ ਚੰਡੀਗੜ੍ਹ Read More »

ਕੇਂਦਰ ਨੇ ਵਾਪਸ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੈਡ ਪਲੱਸ ਸਕਿਓਰਿਟੀ

ਅੰਮ੍ਰਿਤਸਰ/ਤਲਵੰਡੀ ਸਾਬੋ, 13 ਨਵੰਬਰ – ਕੇਂਦਰ ਸਰਕਾਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੈਡ ਪਲੱਸ ਸਕਿਓਰਿਟੀ ਵਾਪਸ ਲੈ ਲਈ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਸਕਿਓਰਿਟੀ ਵਾਪਸ ਲੈਣ ਦੀ ਅਪੀਲ ਕੀਤੀ ਸੀ। ਬੀਤੀ ਸ਼ਾਮ ਇਹ ਸਕਿਓਰਿਟੀ ਵਾਪਸ ਲਈ ਗਈ ਹੈ। ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਉਹਨਾਂ ਦੀ ਸੁਰੱਖਿਆ ਵਿਚ ਤਾਇਨਾਤ ਰਹਿਣਗੇ।

ਕੇਂਦਰ ਨੇ ਵਾਪਸ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੈਡ ਪਲੱਸ ਸਕਿਓਰਿਟੀ Read More »

ਦੇਸ਼ ਦੇ 10 ਸੂਬਿਆਂ ਵਿੱਚ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ

ਨਵੀਂ ਦਿੱਲੀ, 13 ਨਵੰਬਰ – ਦੇਸ਼ ਦੇ 10 ਸੂਬਿਆਂ ਦੀਆਂ 31 ਵਿਧਾਨ ਸਭਾ ਸੀਟਾਂ ਦੇ ਨਾਲ-ਨਾਲ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ, ਵਾਇਨਾਡ ਤੋਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਚੋਣ ਮੈਦਾਨ ’ਚ ਹੈ। ਦਿਲਚਸਪ ਗੱਲ ਇਹ ਹੈ ਕਿ ਭਾਵੇਂ ਇਨ੍ਹਾਂ ਜ਼ਿਮਨੀ ਚੋਣਾਂ ਦਾ ਸਰਕਾਰਾਂ ’ਤੇ ਕੋਈ ਅਸਰ ਨਹੀਂ ਪਵੇਗਾ, ਪਰ ਇਨ੍ਹਾਂ ਨੂੰ ਕਾਂਗਰਸ ਅਤੇ ਇੰਡੀਆ ਸਮੂਹ ਲਈ ਇੱਕ ਵੱਡੀ ਪ੍ਰੀਖਿਆ ਵਜੋਂ ਦੇਖਿਆ ਜਾ ਰਿਹਾ ਹੈ, ਜੋ ਹਾਲ ਹੀ ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਇੱਕਜੁੱਟ ਪ੍ਰਦਰਸ਼ਨ ਕਰਨ ਵਿੱਚ ਅਸਫ਼ਲ ਰਹੇ ਹਨ। ਵਾਇਨਾਡ ਦੇ ਨਾਲ-ਨਾਲ ਰਾਜਸਥਾਨ ਦੀਆਂ ਸੱਤ, ਪੱਛਮੀ ਬੰਗਾਲ ਦੀਆਂ ਛੇ, ਅਸਾਮ ਦੀਆਂ ਪੰਜ, ਬਿਹਾਰ ਦੀਆਂ ਚਾਰ, ਕਰਨਾਟਕ ਦੀਆਂ ਤਿੰਨ, ਮੱਧ ਪ੍ਰਦੇਸ਼ ਦੀਆਂ ਦੋ ਸੀਟਾਂ ਅਤੇ ਛੱਤੀਸਗੜ੍ਹ, ਗੁਜਰਾਤ, ਕੇਰਲਾ ਅਤੇ ਮੇਘਾਲਿਆ ਦੀ ਇੱਕ-ਇੱਕ ਸੀਟ ’ਤੇ ਵੀ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਹਾਲਾਂਕਿ ਸਿੱਕਮ ਦੀਆਂ ਦੋ ਸੀਟਾਂ ਸੋਰੇਂਗ-ਚਕੁੰਗ ਅਤੇ ਨਾਮਚੀ-ਸਿੰਘਿਥਾਂਗ ਲਈ ਵੀ ਪੋਲਿੰਗ ਤੈਅ ਸੀ, ਪਰ ਸਿੱਕਮ ਕ੍ਰਾਂਤੀਕਾਰੀ ਮੋਰਚਾ (SKM) ਦੇ ਉਮੀਦਵਾਰ ਆਦਿਤਿਆ ਗੋਲੇ ਅਤੇ ਸਤੀਸ਼ ਚੰਦਰ ਰਾਏ ਨੂੰ ਉਨ੍ਹਾਂ ਦੇ ਵਿਰੋਧੀਆਂ ਦੇ ਹਟਣ ਤੋਂ ਬਾਅਦ ਪਹਿਲਾਂ ਹੀ ਨਿਰਵਿਰੋਧ ਐਲਾਨ ਦਿੱਤਾ ਗਿਆ ਹੈ।

ਦੇਸ਼ ਦੇ 10 ਸੂਬਿਆਂ ਵਿੱਚ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ Read More »

ਵਿਗਿਆਨੀ ਟਿਕਾਊ ਖੇਤੀ ਲਈ ਸੇਧ ਦੇਣ : ਮਾਨ

ਲੁਧਿਆਣਾ, 13 ਨਵੰਬਰ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਵਿਸ਼ਵ ਭਰ ਦੇ ਖੇਤੀ ਵਿਗਿਆਨੀਆਂ ਅਤੇ ਮਾਹਰਾਂ ਨੂੰ ਕਿਸਾਨਾਂ ਲਈ ਮਾਰਗ-ਦਰਸ਼ਕ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਨਾਉਣ ਲਈ ਪ੍ਰੇਰਿਤ ਕਰਨ ਅਤੇ ਸੇਧ ਦੇਣ।ਮੁੱਖ ਮੰਤਰੀ ਨੇ ਪੀ ਏ ਯੂ ਵਿਖੇ ਮੌਸਮੀ ਅਤੇ ਊਰਜਾ ਤਬਦੀਲੀ ਦੇ ਮੱਦੇਨਜ਼ਰ ਐਗਰੀਫੂਡ ਪ੍ਰਣਾਲੀਆਂ ਵਿੱਚ ਬਦਲਾਅ ਸੰਬੰਧੀ ਵਿਸ਼ੇ ’ਤੇ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਕਰਕੇ ਕਣਕ-ਝੋਨੇ ਦੇ ਫ਼ਸਲੀ ਚੱਕਰ ਕਰਕੇ ਪੰਜਾਬ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਖੇਤੀਬਾੜੀ ਉਪਰ ਮੌਸਮੀ ਤਬਦੀਲੀ ਦੇ ਮਾੜੇ ਪ੍ਰਭਾਵਾਂ ਨੂੰ ਹੱਲ ਕਰਨ ਦੀ ਤੁਰੰਤ ਲੋੜ ’ਤੇ ਜ਼ੋਰ ਦਿੱਤਾ। ਮਾਨ ਨੇ ਕਿਹਾ ਕਿ ਟਿਕਾਊ ਖੇਤੀ ਅਤੇ ਫ਼ਸਲਾਂ ਦੇ ਵੱਧ ਝਾੜ ਦੇ ਨਾਲ-ਨਾਲ ਮਿੱਟੀ ਦੀ ਪੌਸ਼ਟਿਕ ਸ਼ਕਤੀ ਨੂੰ ਵਧਾਉਣ ਲਈ ਫ਼ਸਲੀ ਵਿਭਿੰਨਤਾ ਦੀ ਵਧੇਰੇ ਲੋੜ ਹੈ। ਉਨ੍ਹਾ ਮੌਸਮੀ ਤਬਦਲੀ ਦੇ ਮਾੜੇ ਪ੍ਰਭਾਵਾਂ ਵਿਸ਼ੇ ’ਤੇ ਕਰਵਾਈ ਗਈ ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਾਜ਼ਰ ਵਿਗਿਆਨੀਆਂ ਨੂੰ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਅਪਨਾਉਣ ਵਾਸਤੇ ਕਿਸਾਨਾਂ ਨੂੰ ਸੇਧ ਦੇਣ ਲਈ ਵੱਧ ਤੋਂ ਵੱਧ ਯਤਨ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਗਿਆਨੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੇ ਖੇਤੀਬਾੜੀ ਸੈਕਟਰ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਟਿਕਾਊ ਖੇਤੀ ਅਮਲ ਅਪਣਾਉਣ ਵਾਸਤੇ ਸਾਡੇ ਕਿਸਾਨਾਂ ਦਾ ਮਾਰਗ-ਦਰਸ਼ਨ ਕਰਨ। ਮੌਸਮੀ ਤਬਦੀਲੀ ਦੇ ਮਾੜੇ ਪ੍ਰਭਾਵਾਂ ਦੇ ਹੱਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਹਨਾ ਕਿਹਾ ਕਿ ਇਸ ਮਸਲੇ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਬਿਨਾਂ ਸ਼ੱਕ ਸਾਨੂੰ ਹੀ ਜ਼ਿੰਮੇਵਾਰ ਠਹਿਰਾਉਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਆਪਣੀ ਚਾਲ ਚੱਲ ਰਿਹਾ ਹੈ ਅਤੇ ਸਾਡੇ ਸਾਰਿਆਂ ਲਈ ਇਹ ਜ਼ਰੂਰੀ ਹੈ ਕਿ ਅਸੀਂ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਸਰਗਰਮ ਕਦਮ ਚੁੱਕੀਏ। ਇਸ ਸੰਬੰਧੀ ਹੈਰਾਨੀਜਨਕ ਅਤੇ ਚਿੰਤਾਜਨਕ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾ ਕਿਹਾ ਕਿ ਇੱਕ ਕਿਲੋ ਚੌਲ ਉਗਾਉਣ ਲਈ 3000 ਲੀਟਰ ਪਾਣੀ ਦੀ ਲੋੜ ਪੈਂਦੀ ਹੈ ਅਤੇ ਜਿਹੜੀਆਂ ਮੋਟਰਾਂ ਖਾੜੀ ਦੇਸ਼ਾਂ ਵਿੱਚ ਪੈਟਰੋਲ ਕੱਢਣ ਲਈ ਵਰਤੀਆਂ ਜਾਂਦੀਆਂ ਹਨ, ਉਹੀ ਮੋਟਰਾਂ ਦੀ ਵਰਤੋਂ ਸੂਬੇ ਵਿੱਚ ਜ਼ਮੀਨ ਹੇਠਲਾ ਪਾਣੀ ਕੱਢਣ ਲਈ ਕੀਤੀ ਜਾ ਰਹੀ ਹੈ।ਇਹ ਚਿੰਤਾਜਨਕ ਵਰਤਾਰਾ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਹੋਂਦ ਲਈ ਖ਼ਤਰੇ ਦੀ ਘੰਟੀ ਹੈ।

ਵਿਗਿਆਨੀ ਟਿਕਾਊ ਖੇਤੀ ਲਈ ਸੇਧ ਦੇਣ : ਮਾਨ Read More »

ਖੱਬੀ ਏਕਤਾ

ਹਾਲਾਂਕਿ ਦੇਸ਼ ਦਾ ਬਹੁਤਾ ਧਿਆਨ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਅਸੰਬਲੀ ਚੋਣਾਂ ਦੇ ਨਤੀਜਿਆਂ ’ਤੇ ਟਿਕਿਆ ਹੋਇਆ ਹੈ, ਪੱਛਮੀ ਬੰਗਾਲ ਵਿਚ ਇਕ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ, ਜਿੱਥੇ 6 ਅਸੰਬਲੀ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਅੱਜ ਵੋਟਾਂ ਪੈਣੀਆਂ ਹਨ। ਪਹਿਲੀ ਵਾਰ ਸੂਬੇ ਵਿੱਚ ਖੱਬੇ ਮੋਰਚੇ ’ਚ ਸੀ ਪੀ ਆਈ (ਐੱਮ ਐੱਲ) ਦੀ ਐਂਟਰੀ ਹੋਈ ਹੈ। ਨਾਰਥ 24 ਪਰਗਨਾ ਜ਼ਿਲ੍ਹੇ ਦੀ ਨੈਹਾਟੀ ਸੀਟ ਤੋਂ ਐਤਕੀਂ ਖੱਬੇ ਮੋਰਚੇ ਵੱਲੋਂ ਸੀ ਪੀ ਆਈ (ਐੱਮ ਐੱਲ) ਦੇ ਦੇਬਜਿਓਤੀ ਮਜੂਮਦਾਰ ਉਮੀਦਵਾਰ ਹਨ। 1969 ਤੋਂ ਇਸ ਸੀਟ ’ਤੇ ਸੀ ਪੀ ਆਈ (ਐੱਮ) ਦੀ ਦਾਅਵੇਦਾਰੀ ਰਹੀ ਹੈ, ਜਿਸ ਨੇ 1972, 1987 ਤੇ 1991 ਵਿੱਚ ਕਾਂਗਰਸ ਦੀ ਜਿੱਤ ਨੂੰ ਛੱਡ ਕੇ ਸੱਤ ਵਾਰ ਇਹ ਸੀਟ ਜਿੱਤੀ, ਪਰ 2011 ਤੋਂ ਤਿ੍ਰਣਮੂਲ ਕਾਂਗਰਸ ਦੇ ਪਾਰਥ ਭੌਮਿਕ ਜਿੱਤਦੇ ਆਏ ਹਨ। 2024 ’ਚ ਭੌਮਿਕ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਇਸ ਸੀਟ ਦੀ ਜ਼ਿਮਨੀ ਚੋਣ ਹੋ ਰਹੀ ਹੈ। ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਇਸ ਵਾਰ ਖੱਬੇ ਮੋਰਚੇ ਤੇ ਕਾਂਗਰਸ ਵਿਚਾਲੇ ਚੋਣ ਗੱਠਜੋੜ ਨਹੀਂ ਹੋਇਆ। ਹਾਲਾਂਕਿ ਇਨ੍ਹਾਂ ਚੋਣਾਂ ਵਿੱਚ ਆਪੋਜ਼ੀਸ਼ਨ ਦੇ ਕਿਸੇ ਉਮੀਦਵਾਰ ਦੇ ਜਿੱਤਣ ਨਾਲ ਖਾਸ ਫਰਕ ਨਹੀਂ ਪੈਣਾ, ਕਿਉਕਿ 294 ਸੀਟਾਂ ਵਾਲੀ ਅਸੰਬਲੀ ’ਚ ਤਿ੍ਰਣਮੂਲ ਕੋਲ ਪਹਿਲਾਂ ਹੀ 215 ਸੀਟਾਂ ਹਨ, ਪਰ ਜ਼ਿਮਨੀ ਚੋਣਾਂ ’ਚ ਖੱਬੇ ਉਮੀਦਵਾਰਾਂ ਨੂੰ ਮਿਲਣ ਵਾਲੀਆਂ ਵੋਟਾਂ ਦੀ ਗਿਣਤੀ ਵਧਦੀ ਹੈ ਤਾਂ ਖੱਬੀ ਏਕਤਾ ਲਈ ਚੰਗਾ ਸੰਕੇਤ ਹੋ ਸਕਦੀ ਹੈ। ਬਿਹਾਰ ਅਸੰਬਲੀ ਚੋਣਾਂ ਵਿੱਚ ਸੀ ਪੀ ਆਈ (ਐੱਮ ਐੱਲ) ਨੂੰ ਮਿਲੀਆਂ 12 ਸੀਟਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮਿਲੀਆਂ ਦੋ ਸੀਟਾਂ ਨੇ ਖੱਬੇ ਮੋਰਚੇ ਦੇ ਨੀਤੀ ਘਾੜਿਆਂ ਨੂੰ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ। ਜੇ 2021 ਦੀਆਂ ਪੱਛਮੀ ਬੰਗਾਲ ਅਸੰਬਲੀ ਚੋਣਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸੂਬੇ ਦੇ ਇਤਿਹਾਸ ’ਚ ਪਹਿਲੀ ਵਾਰ ਖੱੱਬੇ ਮੋਰਚੇ ਨੂੰ ਇਕ ਵੀ ਸੀਟ ਨਹੀਂ ਮਿਲੀ। ਵੋਟ ਪ੍ਰਤੀਸ਼ਤ ਵੀ ਸਿਰਫ 4.73 ਰਿਹਾ। ਪੱਛਮੀ ਬੰਗਾਲ ’ਚ ਖੱਬੀਆਂ-ਜਮਹੂਰੀ ਤਾਕਤਾਂ ਲਈ ਸਥਾਨ ਹਮੇਸ਼ਾ ਮੌਜੂਦ ਰਿਹਾ ਹੈ, ਪਰ ਤਿ੍ਰਣਮੂਲ ਕਾਂਗਰਸ ਦੇ ਰਾਜ ਦੌਰਾਨ ਖੱਬੀਆਂ ਪਾਰਟੀਆਂ ਨੇ ਜਿਹੜੇ ਬਦਲ ਪੇਸ਼ ਕੀਤੇ, ਉਹ ਕਾਮਯਾਬ ਨਹੀਂ ਰਹੇ। ਕਾਂਗਰਸ ਨਾਲ ਮਿਲ ਕੇ ਚੋਣਾਂ ਲੜ ਕੇ ਕੁਝ ਹੱਥ-ਪੱਲੇ ਨਹੀਂ ਪਿਆ। ਖੱਬੀਆਂ ਪਾਰਟੀਆਂ ਦੇ ਕਾਰਕੁਨ ਤੇ ਹਮਦਰਦ ਵੱਡੀ ਗਿਣਤੀ ’ਚ ਉਸ ਬਦਲ ਵੱਲ ਆਕਰਸ਼ਤ ਹੁੰਦੇ ਹਨ, ਜਿਹੜਾ ਫਾਸ਼ੀਵਾਦੀ ਤਾਕਤਾਂ ਨੂੰ ਚੋਣ ਸ਼ਿਕਸਤ ਦੇਣ ਲਈ ਠੋਸ ਨੀਤੀ ਨਾਲ ਸਾਹਮਣੇ ਆਉਂਦਾ ਹੈ। ਕੌਮੀ ਪੱਧਰ ’ਤੇ ਸੁੰਗੜਦੀ ਭੂਮਿਕਾ ਦੇ ਮੱਦੇਨਜ਼ਰ ਅੱਜ ਖੱਬੀਆਂ ਪਾਰਟੀਆਂ ਨੂੰ ਵਧੇਰੇ ਠੋਸ ਰਣਨੀਤੀ ਅਪਨਾਉਣ ਦੀ ਲੋੜ ਹੈ। ਇਸ ਰਣਨੀਤੀ ਨਾਲ ਉਹ ਵੱਡਾ ਜਨ ਆਧਾਰ ਹਾਸਲ ਕਰ ਸਕਦੀਆਂ ਹਨ। ਪੱਛਮੀ ਬੰਗਾਲ ਦਾ ਤਜਰਬਾ ਸਫਲ ਰਹਿੰਦਾ ਹੈ ਤਾਂ ਸੈਕੂਲਰ ਸੋਚ ਵਾਲੇ ਲੋਕ ਮੁੜ ਖੱਬੀਆਂ ਪਾਰਟੀਆਂ ਵੱਲ ਆਕਰਸ਼ਤ ਹੋ ਸਕਦੇ ਹਨ।

ਖੱਬੀ ਏਕਤਾ Read More »