November 9, 2024

ਪੁਸਤਕ ‘ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ -ਚੇਤਨਾ’ ਸੰਬੰਧੀ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ ਨੇ ਗੋਸ਼ਟੀ ਦਾ ਰੂਪ ਧਾਰਿਆ

ਪਟਿਆਲਾ 9 ਨਵੰਬਰ – ਇੱਥੇ ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਦੇ ਸੈਮੀਨਾਰ ਹਾਲ ਵਿਖੇ ਡਾ. ਬਲਵਿੰਦਰ ਕੌਰ ਸਿੱਧੂ ਡੀਨ ਭਾਸ਼ਾਵਾਂ ਦੀ ਸਮੁੱਚੀ ਤੇ ਸੁਯੋਗ ਅਗਵਾਈ ਤਹਿਤ ਮਹਾਰਿਸ਼ੀ ਵਾਲਮੀਕੀ ਚੇਅਰ ਦੇ ਸਹਿਯੋਗ ਨਾਲ ਪ੍ਰਸਿੱਧ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਦੀ ਸਮੁੱਚੀ ਸ਼ਾਇਰੀ ਬਾਰੇ  ਸੰਪਾਦਿਤ ਪੁਸਤਕ ‘ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ ਚੇਤਨਾ’ ਸੰਬੰਧੀ ਇਕ ਸ਼ਾਨਦਾਰ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਭੀਮਇੰਦਰ ਸਿੰਘ ਡਾਇਰੈਕਟਰ, ਵਰਡ ਪੰਜਾਬੀ ਸੈਂਟਰ ਨੇ ਕੀਤੀ ਜਦੋਂ ਕਿ ਸੁਖਦੇਵ  ਬਾਂਸਲ ਪ੍ਰਧਾਨ, ਪੰਜਾਬੀ ਆਰਟਸ ਅਤੇ ਲਿਟਰੇਰੀ ਅਕੈਡਮੀ ਯੂ. ਕੇ. ਲੈਸਟਰ ਆਪਣੇ ਸ਼ਰੀਕੇ ਹਯਾਤ ਸੁਰਿੰਦਰ ਕੌਰ ਬਾਂਸਲ ਸਮੇਤ ਮੁੱਖ ਮਹਿਮਾਨ ਵਜੋਂ ਅਤੇ ਡਾ. ਨਰਿੰਦਰ ਕੌਰ ਮੁਲਤਾਨੀ ਡੀਨ ,ਅਕਾਦਮਿਕ ਮਾਮਲੇ ਵਿਸ਼ੇਸ਼ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਹਾਜ਼ਰ ਹੋਏ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਬਲਵਿੰਦਰ ਕੌਰ ਸਿੱਧੂ, ਦਰਸ਼ਨ ਬੁੱਟਰ, ਸੁਰਿੰਦਰਪ੍ਰੀਤ ਘਣੀਆਂ,ਡਾ. ਦਰਸ਼ਨ ਸਿੰਘ  ਆਸ਼ਟ, ਸੁਸ਼ੀਲ ਦੁਸਾਂਝ, ਬਲਵਿੰਦਰ ਸੰਧੂ ਵੀ ਸ਼ਾਮਲ ਸਨ। ਸਮਾਗਮ ਦੇ ਸ਼ੁਰੂ ਵਿਚ ਡਾ. ਬਲਵਿੰਦਰ ਕੌਰ ਸਿੱਧੂ ਡੀਨ, ਭਾਸ਼ਾਵਾਂ ਨੇ ਹਾਜਰ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਆਖਦਿਆਂ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਮੇਰੇ ਇਲਾਕੇ ਬਠਿੰਡਾ ਦਾ ਚਰਚਿਤ ਅਤੇ ਪ੍ਰਸਿੱਧ ਸ਼ਾਇਰ ਹੈ ਜਿਸ ਦੀ ਸ਼ਾਇਰੀ ਵਿਚ ਪਿੰਡ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਦੇ ਦਲਿਤ, ਦਮਿਤ ਅਤੇ ਪੀੜਤ ਲੋਕਾਂ ਦੀ ਗੱਲ ਗਹਿਰੀ ਸੰਵੇਦਨਾ ਨਾਲ ਕਲਾਤਮਕ ਢੰਗ ਨਾਲ ਪੇਸ਼ ਹੋਈ ਹੈ। ਮੈਨੂੰ ਉਹਨਾਂ ਦੀ ਇਸ ਪੁਸਤਕ ਵਾਰੇ ਸਮਾਗਮ ਆਯੋਜਿਤ ਕਰਕੇ ਬੇਹੱਦ ਪ੍ਰਸੰਨਤਾ ਹੋਈ ਹੈ।  ਇਸ ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਸੁਖਦੇਵ ਸਿੰਘ ਬਾਂਸਲ ਨੇ ਕਿਹਾ ਕਿ ਪਦਾਰਥ ਦੇ ਬੇਸ਼ੁਮਾਰ ਢੇਰ ਇੱਕਠੇ ਕਰਨ ਦੇ ਬਾਵਜੂਦ ਵੀ ਮਨੁੱਖ ਪ੍ਰੇਸ਼ਾਨ ਹੈ ਅਤੇ ਖੁਦਕੁਸ਼ੀਆਂ ਕਰ ਰਿਹਾ ਹੈ। ਵਿਸ਼ਵ ਸਾਮਰਾਜ ਅਤੇ ਵਿਸ਼ਵ ਮੰਡੀ ਦੀਆਂ ਲੋਕ ਦੋਖੀ ਨੀਤੀਆਂ ਕਾਰਣ ਅਜੋਕਾ ਮਨੁੱਖ ਜੀਵਨ ਦੀਅਆਂ ਮੁੱਖ ਲੋੜਾਂ ਤੋਂ ਵੀ ਮਹਿਰੂਮ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਮੰਡੀ ਦੇ ਸੌਦਾਗਰਾਂ ਦੀਆਂ ਇਨ੍ਹਾਂ ਲੋਕ ਦੋਖੀ ਨੀਤੀਆਂ ਪ੍ਰਤੀ ਅਚੇਤ ਪਾਠਕ ਨੂੰ ਸੁਚੇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸ਼ਾਂਤੀ ਅਤੇ ਖੁਸ਼ੀ ਲਈ ਅਜੋਕੇ ਮਨੁੱਖ ਨੂੰ ਪ੍ਰਕਿਰਤੀ ਅਤੇ ਅਧਿਆਤਮ ਨਾਲ ਜੁੜਨਾ ਹੋਵੇਗਾ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਵਿਸ਼ਵ ਮੰਡੀ ਹੀ ਜ਼ਮੀਨਾਂ, ਜ਼ਮੀਰਾਂ, ਵਸਤਾਂ ਇੱਥੋਂ ਤੱਕ ਕਿ ਜ਼ਿੰਦਗੀ ਦੇ ਪ੍ਰਮੁੱਖ ਸਰੋਕਾਰ ਪਿਆਰ ,ਮੁਹੱਬਤ ਦੀ ਕੀਮਤ ਤੈਅ ਕਰਦੀ ਹੈ ਜੋ ਕਿ ਮਨੁੱਖ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਵਾਸਤੇ ਬੇਹੱਦ ਖਤਰਨਾਕ ਵਰਤਾਰਾ ਹੈ।ਉਹਨਾਂ ਕਿਹਾ ਕਿ ਸੁਰਿੰਦਰਪ੍ਰੀਤ  ਘਣੀਆਂ ਆਪਣੀ ਸ਼ਾਇਰੀ ਵਿਚ ਇਹਨਾਂ ਖਤਰਨਾਕ ਵਰਤਾਰਿਆਂ ਪਿੱਛੇ ਲੁਕਵੇਂ ਕਾਰਕਾਂ ਦੀ ਨਿਸ਼ਾਨਦੇਹੀ ਕਰਕੇ ਇਨ੍ਹਾਂ ਵਰਤਾਰਿਆਂ ਤੋਂ ਪਰਦਾ ਉਠਾਉਂਦਾ ਹੈ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਨਰਿੰਦਰ ਕੌਰ ਮੁਲਤਾਨੀ ਦਾ ਕਹਿਣਾ ਸੀ ਕਿ ਪੁਸਤਕ ਦਾ ਨਾਮ ਹੀ ਸਾਨੂੰ ਇਹ ਸੋਅ ਦਿੰਦਾ ਹੈ ਕਿ ਇਸ ਪੁਸਤਕ ਦੀ ਸ਼ਾਇਰੀ ਪਾਠਕਾਂ ਨੂੰ ਲੋਕ ਵਿਰੋਧੀ ਵਰਤਾਰਿਆਂ ਪ੍ਰਤੀ ਸੁਚੇਤ ਕਰੇਗੀ। ਇਸ ਤੋਂ ਪਹਿਲਾਂ ਦਰਸ਼ਨ ਬੁੱਟਰ ਨੇ ਪ੍ਰਮੁੱਖ ਬੁਲਾਰੇ ਵਜੋਂ  ਬੋਲਦਿਆਂ ਸੁਰਿੰਦਰ ਪ੍ਰੀਤ ਘਣੀਆਂ ਦੀ ਇਕ ਗ਼ਜ਼ਲ ਤਰੰਨਮ ਵਿਚ ਪੇਸ਼ ਕਰਨ ਉਪਰੰਤ ਸ੍ਰੀ ਘਣੀਆਂ ਨੂੰ ਰੋਹ ਅਤੇ ਸੱਤਾ ਪ੍ਰਤੀ ਨਾਬਰੀ ਦਾ ਸ਼ਾਇਰ ਕਿਹਾ। ਪ੍ਰਸਿੱਧ ਆਲੋਚਕ ਅਤੇ ਲੋਕ ਸੰਘਰਸ਼ ਵਿਚ ਜ਼ਿਕਰਯੋਗ ਯੋਗਦਾਨ ਪਾ ਰਹੀ ਡਾ. ਅਰਵਿੰਦਰ ਕੌਰ ਕਾਕੜਾ ਨੇ  ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਆਪਣੀ ਸ਼ਾਇਰੀ ਵਿਚ ਘਰ ਤੋਂ ਲੈ ਕੇ ਵਿਸ਼ਵ ਪੱਧਰ ਦੇ ਸਰੋਕਾਰਾਂ ਅਤੇ ਮਸਲਿਆਂ ਬਾਰੇ ਸੰਵਾਦ ਰਚਾਉਂਦਾ ਹੈ। ਸੁਸ਼ੀਲ ਦੁਸਾਂਝ ਦਾ ਕਹਿਣਾ ਸੀ ਕਿ ਸੁਰਿੰਦਰਪ੍ਰੀਤ ਘਣੀਆਂ ਜਿੱਥੇ ਇਕ ਗ਼ਜ਼ਲਕਾਰ ਵਜੋਂ ਆਪਣਾ ਜ਼ਿਕਰਯੋਗ ਯੋਗਦਾਨ ਪਾ ਰਿਹਾ ਹੈ ਉਥੇ ਉਹ ਪਿਛਲੇ ਵੀਹ ਸਾਲਾਂ ਤੋਂ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵੱਖ ਵੱਖ ਅਹੁਦਿਆਂ ਤੇ ਕਾਰਜਸ਼ੀਲ ਹੁੰਦਿਆਂ  ਮਾਂ ਬੋਲੀ, ਸਾਹਿਤ, ਸੱਭਿਆਚਾਰ ਆਦਿ ਦੀ ਪ੍ਰਫੁੱਲਤਾ ਪ੍ਰਤੀ ਬੜੀ ਸੁਹਿਰਦਤਾ ਅਤੇ ਸਰਗਰਮੀ ਨਾਲ ਜਥੇਬੰਦਕ ਯੋਗਦਾਨ ਵੀ ਪਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਕਵੀ ਬਲਵਿੰਦਰ ਸੰਧੂ ਨੇ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਦੀ ਸ਼ਾਇਰੀ ਵਿਚ ਸਾਡੇ ਸਾਰੇ ਦੇਸ਼ ਦੀ ਵਿਭਿੰਨਤਾ ਵਾਂਗ ਪ੍ਰਕਿਰਤੀ, ਪ੍ਰਗਤੀਸ਼ੀਲਤਾ, ਰੁਮਾਂਸ, ਆਸ਼ਾ, ਨਿਰਾਸ਼ਾ ਆਦਿ ਸਰੋਕਾਰ ਬੜੇ ਹੀ ਕਲਾਤਮਿਕ ਰੂਪ ‘ਚ ਪੇਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਨਵੇਂ ਗ਼ਜ਼ਲਕਾਰਾਂ ਅਤੇ ਖੋਜਾਰਥੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਪ੍ਰਸਿੱਧ ਆਲੋਚਕ ਡਾ. ਗੁਰਜੰਟ ਸਿੰਘ ਨੇ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਪੰਜਾਬੀ ਸਾਹਿਤ ਦੀ ਨਾਬਰੀ ਦੀ ਰਵਾਇਤ ਨੂੰ ਬਾਖੂਬੀ ਅੱਗੇ ਤੋਰਦਾ ਹੋਇਆ ਸੱਤਾ ਪ੍ਰਤੀ ਆਪਣਾ ਰੋਹ ਅਤੇ ਆਵਾਜ਼ ਬੁਲੰਦ ਕਰਦਾ ਹੈ। ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਮੈਂ ਘਣੀਆਂ ਜੀ ਦਾ ਲੰਮੇ ਸਮੇਂ ਤੋਂ ਪਾਠਕ ਹਾਂ। ਉਸਦੀ ਲੋਕ ਭਾਸ਼ਾ ਵਿਚ ਲਿਖੀ  ਲੋਕ ਪੱਖੀ ਸ਼ਾਇਰੀ  ਮਨ ਨੂੰ ਟੁੰਬਦੀ ਹੈ। ਪ੍ਰਸਿੱਧ ਸ਼ਾਇਰ ਅਤੇ ਆਲੋਚਕ ਡਾ. ਗੁਰਸੇਵਕ ਲੰਬੀ ਨੇ ਜਿੱਥੇ ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ ਦੇ ਲੋਕਪੱਖੀ ਸਰੋਕਾਰਾਂ ਅਤੇ ਕਲਾਤਮਿਕਤਾ ਦੀ ਪ੍ਰਸੰਸਾ ਕੀਤੀ ਉਥੇ ਸਰੋਤਿਆਂ ਦੀ ਮੰਗ ਨੂੰ ਕਬੂਲਦਿਆਂ ਆਪਣੀ ਇਕ ਭਾਵਪੂਰਤ ਰਚਨਾ ਤਰੰਨਮ ਵਿਚ ਪੇਸ਼ ਕਰਦਿਆਂ ਵਿਸ਼ੇਸ਼ ਵਾਹ ਵਾਹ ਖੱਟੀ। ਵਿਚਾਰ ਚਰਚਾ ਦੀ ਇਸ ਲੜੀ ਨੂੰ  ਅੰਜਾਮ ,ਤੇ  ਪਹੁੰਚਾਦਿਅਆਂ ਡਾ. ਰਾਜਵੰਤ ਕੌਰ ਪੰਜਾਬੀ, ਡਾ. ਜਸਮੀਤ ਸਿੰਘ, ਸ਼ਾਇਰ ਮੀਤ ਬਠਿੰਡਾ, ਡਾ. ਰਿਪਨਜੋਤ ਕੌਰ ਸੋਨੀ, ਸ੍ਰੀਮਤੀ ਸ਼ਾਂਤਾ ਦੇਵੀ ਸਾਬਕਾ ਰਜਿਸਟਰਾਰ,  ਦਰਸ਼ਨ ਸਿੰ ਘ ਲਾਇਬ੍ਰੇਰੀ ਇੰਚਾਰਜ ਨੇ ਵੀ ਪੁਸਤਕ ਉਪਰ ਵਿਚਾਰ ਪੇਸ਼ ਕਰਦਿਆਂ ਸੁਰਿੰਦਰਪ੍ਰੀਤ ਘਣੀਆਂ ਅਤੇ  ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਸਮਾਗਮ ਦੇ ਪ੍ਰਬੰਧਕ ਗੁਰਜੀਤ ਸਿੰਘ ਗਿੱਲ ਨੇ ਮੰਚ ਸੰਚਾਲਨ ਕਰਦਿਆਂ ਪੁਸਤਕ ਅਤੇ ਬੁਲਾਰਿਆਂ ਦੇ ਵਿਚਾਰਾਂ ਉੱਪਰ ਆਪਣੀ ਭਾਵਪੂਰਤ ਟਿੱਪਣੀਆਂ ਕੀਤੀਆਂ।  ਸਮਾਗਮ ਦੇ ਅੰਤ ਵਿੱਚ ਸੁਰਿੰਦਰਪ੍ਰੀਤ ਘਣੀਆਂ ਨੇ  ਸਮੂਹ ਹਾਜ਼ਰੀਨ ਅਤੇ ਸਮਾਗਮ ਦੀ ਰੂਹੇ -ਰਵਾਂ ਡਾ. ਬਲਵਿੰਦਰ ਕੌਰ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ  ਕਿਹਾ ਕਿ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਇਹ ਸਮਾਗਮ ਕਰਵਾ ਕੇ ਉਨ੍ਹਾਂ ਦੀ ਚਿਰੋਕੀ ਅਧੂਰੀ ਰੀਝ ਨੂੰ ਪੂਰਾ ਕੀਤਾ ਹੈ। ਇਸ ਮੌਕੇ  ਸੁਰਿੰਦਰਪ੍ਰੀਤ ਘਣੀਆਂ ਨੇ ਆਪਣੀਆਂ ਚਰਚਿਤ ਗ਼ਜ਼ਲਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਿੰਨਾਂ ਨੂੰ ਸਰੋਤਿਆਂ ਨੇ ਭਰਪੂਰ ਦਾਦ ਦਿੱਤੀ। ਇਸ ਮੌਕੇ ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ  ਪੰਜਾਬੀ ਵਿਭਾਗਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ, ਖੋਜਾਰਥੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

ਪੁਸਤਕ ‘ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ -ਚੇਤਨਾ’ ਸੰਬੰਧੀ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ ਨੇ ਗੋਸ਼ਟੀ ਦਾ ਰੂਪ ਧਾਰਿਆ Read More »

ਜੰਮੂ ਕਸ਼ਮੀਰ ਵਿਧਾਨ ਸਭਾ ਦਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ

ਸ੍ਰੀਨਗਰ, 8 ਨਵੰਬਰ – ਉਪ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦੀ ਮਤਾ ਪਾਸ ਹੋਣ ਮਗਰੋਂ ਅੱਜ ਜੰਮੂ ਕਸ਼ਮੀਰ ਵਿਧਾਨ ਸਭਾ ਦਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਵਿਧਾਨ ਸਭਾ ਦਾ ਪੰਜ ਰੋਜ਼ਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਸੀ। ਲੰਘੇ ਬੁੱਧਵਾਰ ਤੋਂ ਵਿਧਾਨ ਸਭਾ ਦੀ ਕਾਰਵਾਈ ਹੰਗਾਮੇ ਕਾਰਨ ਪ੍ਰਭਾਵਿਤ ਹੁੰਦੀ ਰਹੀ। ਹਾਕਮ ਧਿਰ ਨੈਸ਼ਨਲ ਕਾਨਫਰੰਸ ਵੱਲੋਂ ਪੇਸ਼ ਕੀਤੇ ਗਏ ਇੱਕ ਮਤੇ ਦੇ ਪਾਸ ਹੋਣ ਮਗਰੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਇਸ ਮਤੇ ’ਚ ਜੰਮੂ ਕਸ਼ਮੀਰ ਦੀ ਰਾਜ ਵਜੋਂ ਵਿਸ਼ੇਸ਼ ਸਥਿਤੀ ਦੀ ਬਹਾਲੀ ਲਈ ਦਿੱਲੀ ਤੇ ਖੇਤਰ ਦੇ ਚੁਣੇ ਹੋਏ ਨੁਮਾਇੰਦਿਆਂ ਵਿਚਾਲੇ ਗੱਲਬਾਤ ਦੀ ਮੰਗ ਕੀਤੀ ਗਈ ਸੀ। ਸੈਸ਼ਨ ਦੇ ਆਖਰੀ ਦਿਨ ਅੱਜ ਵਿਧਾਨ ਸਭਾ ਨੇ ਉਪ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦੀ ਮਤਾ ਪਾਸ ਕੀਤਾ ਅਤੇ ਇਸ ਮਗਰੋਂ ਸਪੀਕਰ ਅਬਦੁਲ ਰਹੀਮ ਰਾਠੇਰ ਨੇ ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾ ਦਿੱਤਾ।

ਜੰਮੂ ਕਸ਼ਮੀਰ ਵਿਧਾਨ ਸਭਾ ਦਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ Read More »

ਰਾਹੁਲ ਨੂੰ ਸਾਵਰਕਰ ਬਾਰੇ ਬੋਲਣ ਲਈ ਕਹਿਣ ਕਾਂਗਰਸ ਤੇ ਭਾਈਵਾਲ

ਨਾਸਿਕ, 8 ਨਵੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਰਾਸ਼ਟਰ ਵਿੱਚ ਕਾਂਗਰਸ ਦੀਆਂ ਭਾਈਵਾਲ ਪਾਰਟੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਹਿੰਦੁਤਵ ਵਿਚਾਰਧਾਰਕ ਵੀਡੀ ਸਾਵਰਕਰ ਅਤੇ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੀ ਪ੍ਰਸ਼ੰਸਾ ਵਿੱਚ 15 ਮਿੰਟ ਬੋਲਣ ਲਈ ਕਹਿਣ। ਉਨ੍ਹਾਂ ਕਿਹਾ ਕਿ ਸਾਵਰਕਰ ਤੇ ਬਾਲ ਠਾਕਰੇ ਦਾ ਦੇਸ਼ ਵਿੱਚ ਯੋਗਦਾਨ ਬੇਮਿਸਾਲ ਹੈ। ਮੋਦੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਕਰਨਗੇ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਆਪਣੀ ਪ੍ਰਚਾਰ ਮੁਹਿੰਮ ਨੂੰ ਭਖਾਉਂਦਿਆਂ ਉਨ੍ਹਾਂ ਅੱਜ ਨਾਸਿਕ ਜ਼ਿਲ੍ਹੇ ਵਿੱਚ ਆਪਣੀ ਦੂਜੀ ਰੈਲੀ ਕੀਤੀ। ਮੋਦੀ ਨੇ ਦੋਸ਼ ਲਗਾਇਆ ਕਿ ਕਾਂਗਰਸ ਸੱਤਾ ਲਈ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀਜ਼) ਨੂੰ ਕਮਜ਼ੋਰ ਕਰਨਾ ਤੇ ਵੰਡਣਾ ਚਾਹੁੰਦੀ ਹੈ। ਉਨ੍ਹਾਂ ਕਾਂਗਰਸ ਨੂੰ ‘ਪਰ-ਜੀਵੀ’ ਕਰਾਰ ਦਿੱਤਾ ਜੋ ਕਿ ਆਪਣੀ ਹੋਂਦ ਬਚਾਉਣ ਲਈ ਹੋਰ ਪਾਰਟੀਆਂ ’ਤੇ ਨਿਰਭਰ ਕਰਦੀ ਹੈ। ਭਾਜਪਾ ਦੇ ਸਟਾਰ ਪ੍ਰਚਾਰਕ ਨੇ ਕਿਹਾ ਕਿ 20 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਮਹਾਰਾਸ਼ਟਰ ਦੇ ਆਤਮ ਸਨਮਾਨ ਅਤੇ ਮਾਣ ਦੀ ਲੜਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਇਕ ਜਾਤੀ ਨੂੰ ਦੂਜੀ ਨਾਲ ਲੜਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਏਕ ਹੈਂ ਤੋਂ ਸੇਫ (ਸੁਰੱਖਿਅਤ) ਹੈਂ।’’ ਮਹਾਰਾਸ਼ਟਰ ਵਿੱਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਰੈਲੀ ਵਿੱਚ ਮੋਦੀ ਨੇ ਕਿਹਾ, ‘‘ਉਹ ਨਹੀਂ ਚਾਹੁੰਦੇ ਕਿ ਐੱਸਸੀ, ਐੱਸਟੀ ਅਤੇ ਓਬੀਸੀ ਪ੍ਰਗਤੀ ਕਰਨ ਅਤੇ ਉਨ੍ਹਾਂ ਨੂੰ ਉਚਿਤ ਮਾਨਤਾ ਮਿਲੇ..ਚੇਤੇ ਰੱਖੋ, ਏਕ ਹੈਂ ਤੋਂ ਸੇਫ ਹੈਂ।’’ ਉਨ੍ਹਾਂ ‘ਇੰਡੀਆ’ ਗੱਠਜੋੜ ’ਤੇ ਜੰਮੂ ਕਸ਼ਮੀਰ ਤੋਂ ਭਾਰਤ ਦਾ ਸੰਵਿਧਾਨ ਹਟਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਅਤੇ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਦੀ ਕੋਈ ਤਾਕਤ ਉੱਥੇ ਧਾਰਾ 370 ਬਹਾਲ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਤੇ ਕਬਾਇਲੀਆਂ ਨੂੰ ਭੜਕਾਉਣ ਲਈ ‘ਇੰਡੀਆ’ ਗੱਠਜੋੜ ਕੋਰੀਆਂ ਕਿਤਾਬਾਂ ਨੂੰ ਸੰਵਿਧਾਨ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹੈ।

ਰਾਹੁਲ ਨੂੰ ਸਾਵਰਕਰ ਬਾਰੇ ਬੋਲਣ ਲਈ ਕਹਿਣ ਕਾਂਗਰਸ ਤੇ ਭਾਈਵਾਲ Read More »

ਝੋਨੇ ਦੀ ਬੇਕਦਰੀ ਅਤੇ ਕਿਸਾਨੀ ਸੰਕਟ/ਰਣਜੀਤ ਸਿੰਘ ਘੁੰਮਣ

ਹਰੀ ਕ੍ਰਾਂਤੀ (ਕਣਕ-ਝੋਨਾ ਕ੍ਰਾਂਤੀ) ਜੋ ਕਿਸੇ ਵੇਲੇ ਪੰਜਾਬ ਅਤੇ ਕਿਸਾਨ ਦੀ ਆਰਥਿਕਤਾ ਲਈ ਵਰਦਾਨ ਸਮਝੀ ਜਾਂਦੀ ਸੀ, ਹੁਣ ਸਰਾਪ ਬਣ ਚੁੱਕੀ ਹੈ। ਅਜਿਹਾ ਮੁੱਖ ਤੌਰ ਤੇ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਖੇਤੀ ਨੀਤੀਆਂ ਕਾਰਨ ਹੋਇਆ ਹੈ। 1960ਵਿਆਂ ਦੇ ਦਹਾਕੇ ਵਿੱਚ ਕੇਂਦਰ ਸਰਕਾਰ ਨੇ ਅਨਾਜ ਦੀ ਘਾਟ ਪੂਰੀ ਕਰਨ ਲਈ ਹਰੀ ਕ੍ਰਾਂਤੀ ਨੂੰ ਸਫਲ ਬਣਾਉਣ ਲਈ ਪੰਜਾਬ ਨੂੰ ਚੁਣਿਆ। ਕਣਕ ਅਤੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਲਈ ਪੰਜਾਬ ਵਿਚ ਉਹ ਸਾਰੇ ਹਾਲਾਤ ਪਹਿਲਾਂ ਹੀ ਮੌਜੂਦ ਸਨ ਜੋ ਇਨ੍ਹਾਂ ਫਸਲਾਂ ਦੇ ਪ੍ਰਫੁਲਤ ਹੋਣ ਲਈ ਲੋੜੀਂਦੇ ਸਨ। ਸਰਕਾਰ ਦੁਆਰਾ ਮੁਹੱਈਆ ਕੀਤੇ ਅਨੁਕੂਲ ਮਾਹੌਲ ਨੇ ਕਿਸਾਨਾਂ ਨੂੰ ਕਣਕ-ਝੋਨੇ ਦੀ ਖੇਤੀ ਲਈ ਉਤਸ਼ਾਹਿਤ ਕੀਤਾ। ਫਲਸਰੂਪ, ਦੇਸ਼ ਅਨਾਜ ਪੱਖੋਂ ਤਾਂ ਆਤਮ-ਨਿਰਭਰ ਹੋ ਗਿਆ ਪਰ ਪੰਜਾਬ ਦਾ ਕਿਸਾਨ ਕਣਕ-ਝੋਨੇ ਦੇ ਫਸਲੀ ਚੱਕਰ ਵਿਚ ਫਸ ਗਿਆ। ਨਤੀਜੇ ਵਜੋਂ ਨਾ ਕੇਵਲ ਪੰਜਾਬ ਦੀ ਮਿੱਟੀ, ਪਾਣੀ ਤੇ ਹਵਾ ਦੀ ਗੁਣਵੱਤਾ ਖਰਾਬ ਹੋਈ ਸਗੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਖਤਰੇ ਦੀ ਹੱਦ ਤਕ ਨੀਵਾਂ ਚਲਾ ਗਿਆ। ਝੋਨੇ ਦੀ ਖਰੀਦ ਦਾ ਮੌਜੂਦਾ ਸੰਕਟ ਅਤੇ ਕਿਸਾਨਾਂ ਦੀ ਖੱਜਲ-ਖੁਆਰੀ ਜੱਗ ਜ਼ਾਹਿਰ ਹੈ। ਕੇਂਦਰ ਸਰਕਾਰ ਦੀ ਬੇਰੁਖੀ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਅਣਗਹਿਲੀ ਅਤੇ ਪੰਜਾਬ ਤੇ ਕੇਂਦਰ ਵਿਚਾਲੇ ਖਿੱਚੋਤਾਣ ਇਸ ਲਈ ਜ਼ਿੰਮੇਵਾਰ ਹੈ। ਪੰਜਾਬ ਸਰਕਾਰ ਨੇ ਵੇਲੇ ਸਿਰ ਕੇਂਦਰ ਸਰਕਾਰ ਨਾਲ ਲੋੜੀਂਦਾ ਰਾਬਤਾ ਨਹੀਂ ਬਣਾਇਆ। ਤਕਰੀਬਨ ਡੇਢ ਕੁ ਦਹਾਕੇ ਤੋਂ ਕੇਂਦਰ ਸਰਕਾਰ ਬਿਨਾਂ ਕਿਸੇ ਪੁਖਤਾ ਨੀਤੀ ਦੇ ਪੰਜਾਬ ਸਰਕਾਰ ਨੂੰ ਹਦਾਇਤਾਂ ਰੂਪੀ ਪ੍ਰਵਚਨ ਕਰ ਰਹੀ ਹੈ ਕਿ ਝੋਨੇ ਹੇਠੋਂ ਰਕਬਾ ਘਟਾਇਆ ਜਾਵੇ। 2002 ਵਿਚ ਡਾ. ਸਰਦਾਰਾ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਕਮੇਟੀ ਨੇ ਝੋਨੇ ਹੇਠੋਂ ਰਕਬਾ ਘਟਾਉਣ ਲਈ ਕੇਂਦਰ ਤੋਂ ਵਿੱਤੀ ਪੈਕਜ ਦੀ ਸਿਫਾਰਸ਼ ਕੀਤੀ ਸੀ ਪਰ ਪੰਜਾਬ ਸਰਕਾਰ ਦੁਆਰਾ ਪਹੁੰਚ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਨੇ ਅਜਿਹਾ ਕੋਈ ਪੈਕੇਜ ਦੇਣ ਦੀ ਹਾਮੀ ਨਹੀਂ ਭਰੀ ਅਤੇ ਨਾ ਹੀ ਪਿਛਲੇ 25 ਸਾਲਾਂ ਵਿਚ ਅਜਿਹਾ ਕੋਈ ਠੋਸ ਕਦਮ ਚੁੱਕਿਆ ਜਿਸ ਕਾਰਨ ਫਸਲੀ ਵੰਨ-ਸਵੰਨਤਾ ਸੰਭਵ ਹੋ ਸਕਦੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਝੋਨੇ ਦੀਆਂ ਬਦਲਵੀਆਂ ਫਸਲਾਂ ਦੇ ਵੱਧ ਝਾੜ ਦੇਣ ਵਾਲੇ ਬੀਜਾਂ ਬਾਰੇ ਕੋਈ ਪੁਖਤਾ ਖੋਜ ਨਹੀਂ ਕੀਤੀ ਜਾਪਦੀ। ਪੰਜਾਬ ਦੀ ਖੇਤੀ ਨੀਤੀ ਖਰੜੇ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਵੈਟਨਰੀ ਯੂਨੀਵਰਸਿਟੀ ਅਤੇ ਸਰਕਾਰ ਦੇ ਖੇਤੀ ਨਾਲ ਸਬੰਧਿਤ ਮਹਿਕਮਿਆਂ ਵਿਚ ਲੱਗਭੱਗ ਅੱਧੀਆਂ ਅਸਾਮੀਆਂ ਖਾਲੀ ਪਈਆਂ ਹਨ। ਜ਼ਾਹਿਰ ਹੈ ਕਿ ਦੇਸ਼ ਦੀ ਅਨਾਜ ਸੁਰੱਖਿਆ ਦੇ ਮੱਦੇਨਜ਼ਰ ਕਣਕ-ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਸਬੰਧੀ ਖੋਜ ਨੂੰ ਪਹਿਲ ਦਿੱਤੀ ਜਾਂਦੀ ਰਹੀ ਹੈ ਜਿਸ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ। ਆਉਣ ਵਾਲੇ ਨੇੜਲੇ ਭਵਿੱਖ ਵਿਚ ਸਮੁੱਚੇ ਖੇਤੀ ਖੇਤਰ ਅਤੇ ਉਸ ਵਿਚ ਸਿੱਧੇ-ਅਸਿੱਧੇ ਰੂਪ ਵਿਚ ਨਿਰਭਰ ਆਬਾਦੀ ਲਈ ਸੰਕਟ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ; ਖਾਸ ਕਰ ਕੇ ਪੰਜਾਬ ਦੀ ਖੇਤੀ ਅਤੇ ਕਿਸਾਨੀ ਲਈ। ਜਾਪਦਾ ਹੈ, ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਦੇ ਲੰਮੇ ਸੰਘਰਸ਼ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਨਿਭਾਈ ਮੋਹਰੀ ਭੂਮਿਕਾ ਅਜੇ ਕੇਂਦਰ ਸਰਕਾਰ ਨੂੰ ਹਜ਼ਮ ਨਹੀਂ ਹੋਈ। ਕਾਰਨ ਕੁਝ ਵੀ ਹੋਣ, ਇਕ ਗੱਲ ਤਾਂ ਸਪਸ਼ਟ ਹੈ ਕਿ ਆਉਣ ਵਾਲੇ ਸਾਲਾਂ ਵਿਚ ਝੋਨੇ ਦੀ ਵਿਕਰੀ ਸਬੰਧੀ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਇਸ ਤੋਂ ਇਲਾਵਾ ਝੋਨੇ ਵਿਚ ਨਮੀ ਦੀਆਂ ਸਖਤ ਸ਼ਰਤਾਂ, ਚੌਲਾਂ ਦੀ ਗੁਣਵੱਤਾ ਸਬੰਧੀ ਮਾਪਦੰਡ ਅਤੇ ਕੇਂਦਰੀ ਭੰਡਾਰ ਵਿਚ ਲੋੜ ਤੋਂ ਕਿਤੇ ਜ਼ਿਆਦਾ ਮਾਤਰਾ ਵਿਚ ਚੌਲਾਂ ਦਾ ਭੰਡਾਰ ਅਤੇ ਭੰਡਾਰਨ ਦੀ ਸਮਰੱਥਾ ਦੀ ਘਾਟ ਵੀ ਕੁਝ ਅਜਿਹੇ ਸੰਕੇਤ ਹਨ ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਚੌਲਾਂ ਦੀ ਖਰੀਦ (ਖਾਸ ਕਰ ਕੇ ਐੱਮਐੱਸਪੀ ਉਪਰ) ’ਤੇ ਪ੍ਰਸ਼ਨ ਚਿੰਨ ਲਾਉਂਦੇ ਹਨ। ਅਰੁਣਾਚਲ ਪ੍ਰਦੇਸ਼ ਵਿਚ ਪੰਜਾਬ ਦੇ ਚੌਲਾਂ (ਜੁਲਾਈ 2024 ਨੂੰ ਭੇਜੇ) ਦੇ ਸੈਂਪਲ ਫੇਲ੍ਹ ਹੋਣ ਅਤੇ ਅਕਤੂਬਰ ਵਿਚ ਇਹ ਸਭ ਕੁਝ ਨਸ਼ਰ ਕਰਨ ਦੀ ਕਹਾਣੀ ਵੀ ਅਜਿਹੇ ਸੰਕੇਤ ਕਰਦੀ ਹੈ। ਅੱਜ ਕੱਲ੍ਹ ਮੰਡੀਆਂ ਵਿੱਚ ਰੁਲ ਰਿਹਾ ਝੋਨਾ ਅਤੇ ਉਸ ਦੀ ਖਰੀਦ (ਕੁਝ ਥਾਵਾਂ ਤੇ ਐੱਮਐੱਸਪੀ ਤੋਂ ਹੇਠਾਂ), ਭਰਾਈ, ਲਵਾਈ ਆਦਿ ਵਿਚ ਆ ਰਹੀਆਂ ਮੁਸ਼ਕਿਲਾਂ ਵੀ ਇਸ ਗੱਲ ਵੱਲ ਸੇਧਤ ਹਨ। ਸਾਲ 2020 ਦੇ ਤਿੰਨ ਖੇਤੀ ਕਾਨੂੰਨ ਵੀ ਸਰਕਾਰੀ ਮੰਡੀਆਂ ਦੀ ਮਹੱਤਤਾ ਘਟਾਉਣ ਅਤੇ ਐੱਮਐੱਸਪੀ ਨੂੰ ਧੁੰਦਲਾ ਕਰਨ ਵੱਲ ਸੇਧਤ ਸਨ। ਇਸ ਤੋਂ ਇਲਾਵਾ ਖੇਤੀ ਅਤੇ ਕਿਸਾਨੀ ਸੰਕਟ ਨੂੰ ਗਹਿਰਾ ਕਰ ਕੇ ਬਹੁਤ ਸਾਰੇ ਕਿਸਾਨਾਂ ਨੂੰ ਖੇਤੀ ਵਿਚੋਂ ਬਾਹਰ ਕੱਢਣ ਵੱਲ ਵੀ ਸੰਕੇਤ ਕਰਦੇ ਹਨ। ਮੌਜੂਦਾ ਖੇਤੀ ਮਾਡਲ ਤਾਂ ਪਹਿਲਾਂ ਹੀ ਖੇਤੀ ਵਿਚ ਲੱਗੀ ਕਿਰਤ ਸ਼ਕਤੀ (ਵਾਹੀਕਾਰ ਅਤੇ ਖੇਤ ਮਜ਼ਦੂਰ) ਨੂੰ ਖੇਤੀ ਵਿਚੋਂ ਬਾਹਰ ਧੱਕ ਰਿਹਾ ਹੈ; ਉਂਝ, ਉਨ੍ਹਾਂ ਲਈ ਰੁਜ਼ਗਾਰ ਦੇ ਬਦਲਵੇਂ ਮੌਕਿਆ ਦੀ ਬਹੁਤ ਘਾਟ ਹੈ। ਹੁਣ ਜਦ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਦੀ ਆਦਤ ਪੈ ਗਈ ਹੈ ਤਾਂ ਸਰਕਾਰ ਬਿਨਾਂ ਕੋਈ ਬਦਲਵਾਂ ਮਾਹੌਲ (ਢੁੱਕਵੀਂ ਨੀਤੀ) ਸਿਰਜਣ ਦੀ ਬਜਾਇ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਉਹ ਫਸਲੀ ਵੰਨ-ਸਵੰਨਤਾ ਕਰਨ। ਜੇ ਕੇਂਦਰ ਅਤੇ ਪੰਜਾਬ ਸਰਕਾਰ ਫਸਲੀ ਵੰਨ-ਸਵੰਨਤਾ ਸਬੰਧੀ ਸੱਚਮੁੱਚ ਸੰਜੀਦਾ ਹਨ ਤਾਂ ਇਸ ਲਈ ਲੋੜੀਂਦਾ ਮਾਹੌਲ ਸਿਰਜਣਾ ਪਵੇਗਾ। ਘੱਟੋ-ਘੱਟ 10 ਸਾਲਾਂ ਦਾ ਸਮਾਂ ਕਿਸਾਨਾਂ ਨੂੰ ਦੇਣਾ ਪਵੇਗਾ। ਇਸ ਦੌਰਾਨ ਬਦਲਵੀਆਂ ਫਸਲਾਂ (ਖਾਸ ਕਰ ਕੇ ਝੋਨੇ) ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਖੋਜ ’ਤੇ ਜ਼ੋਰ ਦੇਣਾ ਪਵੇਗਾ ਅਤੇ ਬਦਲਵੀਆਂ ਫਸਲਾਂ ਦੀ ਐੱਮਐੱਸਪੀ ਉਪਰ ਖਰੀਦ ਵੀ ਯਕੀਨੀ ਬਣਾਉਣੀ ਪਵੇਗੀ। ਜੇ ਫਿਰ ਵੀ ਕਿਸਾਨ ਦਾ ਘਰ ਪੂਰਾ ਨਹੀਂ ਹੁੰਦਾ ਤਾਂ ਬਦਲਵੀਆਂ ਫਸਲਾਂ ਅਤੇ ਮੌਜੂਦਾ ਫਸਲੀ ਚੱਕਰ ਤੋਂ ਮਿਲਣ ਵਾਲੀ ਪ੍ਰਤੀ ਏਕੜ ਸ਼ੁੱਧ ਆਮਦਨ ਵਿਚਲਾ ਅੰਤਰ ਵੀ ਸਰਕਾਰ ਨੂੰ ਪੂਰਾ ਕਰਨਾ ਪਵੇਗਾ। ਇਸ ਤੋਂ ਬਿਨਾਂ ਫਸਲੀ ਵੰਨ-ਸਵੰਨਤਾ ਹੋ ਹੀ ਨਹੀਂ ਸਕਦੀ। ਆਲਮ ਇਹ ਹੈ ਕਿ ਇਸ ਬੁਨਿਆਦੀ ਮੁੱਦੇ ਵੱਲ ਧਿਆਨ ਦੇਣ ਦੀ ਥਾਂ ਸਰਕਾਰ ਅਤੇ ਮਾਹਿਰ ਗੱਲੀਂ-ਬਾਤੀਂ ਫਸਲੀ ਵੰਨ-ਸਵੰਨਤਾ ਚਾਹੁੰਦੇ ਹਨ। ਇਸੇ ਕਰ ਕੇ ਝੋਨੇ ਹੇਠ ਰਕਬਾ ਘਟਣ ਦੀ ਥਾਂ ਵਧ ਰਿਹਾ ਹੈ। ਕਣਕ-ਝੋਨੇ ਦੇ ਫਸਲੀ ਚੱਕਰ (ਖਾਸ ਕਰ ਕੇ ਝੋਨਾ) ਕਾਰਨ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਨੇ ਅਜਿਹਾ ਸੰਕਟ ਖੜ੍ਹਾ ਕਰ ਦਿਤਾ ਹੈ ਜਿਸ ਨਾਲ ਜਾਪਦਾ ਹੈ ਕਿ ਨੇੜਲੇ ਭਵਿੱਖ ਵਿਚ ਧਰਤੀ ਹੇਠਲਾ ਪਾਣੀ ਕੱਢਣ ਦੀਆਂ ਲਾਗਤਾਂ ਵਿਚ ਵੀ ਚੋਖਾ ਵਾਧਾ ਹੋਵੇਗਾ। ਅਜਿਹੇ ਹਾਲਤ ਵੀ ਬਣ ਸਕਦੇ ਹਨ ਜਦ ਪਾਣੀ ਦੀ ਘਾਟ ਕਾਰਨ ਲਾਹੇਵੰਦ ਖੇਤੀ ਸੰਭਵ ਹੀ ਨਾ ਰਹੇ। ਪੰਜਾਬ ਵਿੱਚ ਝੋਨਾ ਪੈਦਾ ਕਰਨ ’ਤੇ ਜਿੰਨਾ ਪਾਣੀ ਲੱਗਦਾ ਹੈ, ਉਸ ਵਿਚੋਂ 80-85 ਪ੍ਰਤੀਸ਼ਤ ਕੇਂਦਰੀ ਭੰਡਾਰ ਨੂੰ ਦਿੱਤੇ ਜਾਣ ਵਾਲੇ ਚੌਲਾਂ ਉਪਰ ਖਰਚ ਹੋ ਰਿਹਾ ਹੈ। ਸਪਸ਼ਟ ਹੈ ਕਿ ਪੰਜਾਬ ਚੌਲਾਂ ਦੇ ਰੂਪ ਵਿਚ ਆਪਣਾ ਧਰਤੀ ਹੇਠਲਾ ਪਾਣੀ ਭੇਜ ਰਿਹਾ ਹੈ। ਪੰਜਾਬ ਦੇ ਖੇਤੀ ਨੀਤੀ ਖਰੜੇ ਵਿਚ ਉਨ੍ਹਾਂ 15 ਬਲਾਕਾਂ ਵਿਚ (ਜਿਥੇ 300 ਤੋਂ 400 ਪ੍ਰਤੀਸ਼ਤ ਤੋਂ ਜ਼ਿਆਦਾ ਪਾਣੀ ਕੱਢਿਆ ਜਾ ਰਿਹਾ ਹੈ) ਫੌਰੀ ਝੋਨਾ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ ਪਰ ਇਹ ਵੀ ਇਕਦਮ ਨਹੀਂ ਹੋ ਸਕੇਗਾ। ਇਸ ਲਈ ਵੀ ਬਦਲਵੀਆਂ ਫਸਲਾਂ ਬਾਰੇ ਢੁਕਵੀਂ ਨੀਤੀ ਤਿਆਰ ਕਰ ਕੇ ਲਾਗੂ ਕਰਨੀ ਪਵੇਗੀ। ਦੇਸ਼ ਦੇ ਕੁਝ ਹੋਰ ਸੂਬਿਆਂ ਵਿਚ ਅਨਾਜ ਉਤਪਾਦਨ (ਖਾਸ ਕਰ ਝੋਨੇ ਦਾ) ਵਿੱਚ ਹੋ ਰਿਹਾ ਵਾਧਾ ਅਤੇ ਕੇਂਦਰੀ ਭੰਡਾਰ ਵਿਚ ਪੰਜਾਬ ਦੇ ਚੌਲਾਂ ਦਾ ਘਟ ਰਿਹਾ ਹਿੱਸਾ ਭਵਿੱਖ ਵਿੱਚ ਪੰਜਾਬ ਦੇ ਝੋਨੇ ਦੀ ਸਰਕਾਰੀ ਖਰੀਦ ਘਟਣ ਵੱਲ

ਝੋਨੇ ਦੀ ਬੇਕਦਰੀ ਅਤੇ ਕਿਸਾਨੀ ਸੰਕਟ/ਰਣਜੀਤ ਸਿੰਘ ਘੁੰਮਣ Read More »

ਜੁੱਤੀਆਂ ਦੇ ਕਾਰੋਬਾਰੀ ਦੀ ਦੁਕਾਨ ’ਚ ਗੋਲੀਆਂ ਚਲਾਈਆਂ

ਲੁਧਿਆਣਾ, 9 ਨਵੰਬਰ – ਸੋਸ਼ਲ ਮੀਡੀਆ ’ਤੇ ਆਪਣੀਆਂ ਪੋਸਟਾਂ ਕਰਕੇ ਸੁਰਖੀਆਂ ’ਚ ਰਹੇ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਉਰਫ਼ ਪ੍ਰਿੰਕਲ ਦੀ ਖੁੱਡ ਮੁਹੱਲਾ ਸਥਿਤ ਦੁਕਾਨ ਵਿੱਚ ਵੜ ਕੇ ਅੱਜ ਕੁਝ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਇਸ ਵਾਰਦਾਤ ਵਿੱਚ ਪ੍ਰਿੰਕਲ ਨੂੰ ਚਾਰ ਗੋਲੀਆਂ ਲੱਗੀਆਂ ਹਨ ਤੇ ਉਸ ਦੀ ਸਾਥੀ ਨਵਜੋਤ ਕੌਰ ਵੀ ਫੱਟੜ ਹੋਈ ਹੈ। ਮੂੰਹ ਢੱਕ ਕੇ ਆਏ ਪੰਜ ਨੌਜਵਾਨਾਂ ਨੇ ਦੁਕਾਨ ਵਿੱਚ ਦਾਖਲ ਹੁੰਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵੇਲੇ ਦੁਕਾਨ ਵਿੱਚ ਪ੍ਰਿੰਕਲ, ਉਸ ਦੀ ਮੈਨੇਜਰ ਤੇ ਟੈਟੂ ਆਰਟਿਸਟ ਨਵਜੋਤ ਕੌਰ, ਦੁਕਾਨ ’ਤੇ ਕੰਮ ਕਰਨ ਵਾਲੇ ਮੁਲਾਜ਼ਮ ਤੇ ਗਾਹਕ ਮੌਜੂਦ ਸਨ। ਇਸ ਮੌਕੇ ਜਵਾਬੀ ਕਾਰਵਾਈ ਕਰਦਿਆਂ ਪ੍ਰਿੰਕਲ ਨੇ ਵੀ ਆਪਣੇ ਲਾਇਸੈਂਸੀ ਹਥਿਆਰ ਤੋਂ ਗੋਲੀ ਚਲਾਈ ਸੀ ਜਿਸ ਨਾਲ ਹਮਲਾਵਰਾਂ ਵਿੱਚੋਂ ਇੱਕ ਜਣਾ ਜ਼ਖ਼ਮੀ ਹੋਇਆ ਦੱਸਿਆ ਜਾ ਰਿਹਾ ਹੈ। ਹਾਲੇ ਜ਼ਖ਼ਮੀ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ। ਵਾਪਸੀ ਵੇਲੇ ਹਮਲਾਵਰਾਂ ਨੇ ਪ੍ਰਿੰਕਲ ਦੇ ਭਰਾ ਦੀ ਕੱਪੜੇ ਦੀ ਦੁਕਾਨ ਤੇ ਪਿਤਾ ਸਤਨਾਮ ਸਿੰਘ ਸ਼ੰਟੀ ਦੀ ਮੀਟ ਦੀ ਦੁਕਾਨ ’ਤੇ ਵੀ ਗੋਲੀਆਂ ਚਲਾਈਆਂ ਤੇ ਕੁਝ ਹਮਲਾਵਰ ਆਪਣੇ ਹਥਿਆਰ ਵੀ ਮੌਕੇ ’ਤੇ ਹੀ ਸੁੱਟ ਗਏ। ਜ਼ਖ਼ਮੀ ਹਾਲਤ ਵਿੱਚ ਪ੍ਰਿੰਕਲ ਖੁਦ ਸੀਐੱਮਸੀ ਹਸਪਤਾਲ ਪਹੁੰਚਿਆ। ਇਸ ਵਾਰਦਾਤ ਦੀ ਖ਼ਬਰ ਮਿਲਣ ਮਗਰੋਂ ਸੀਨੀਅਰ ਪੁਲੀਸ ਅਧਿਕਾਰੀ ਤੇ ਵੱਖ-ਵੱਖ ਥਾਣਿਆਂ ਦੀ ਪੁਲੀਸ ਉਥੇ ਪਹੁੰਚੀ। ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ ਤੇ ਮੌਕੇ ’ਤੇ ਪ੍ਰਾਪਤ ਹੋਏ ਹਥਿਆਰ ਵੀ ਪੁਲੀਸ ਨੇ ਜ਼ਬਤ ਕਰ ਲਏ ਹਨ। ਜ਼ਿਕਰਯੋਗ ਹੈ ਕਿ ਜੁੱਤੀਆਂ ਦਾ ਕਾਰੋਬਾਰੀ ਪ੍ਰਿੰਕਲ ਸੋਸ਼ਲ ਮੀਡੀਆ ’ਤੇ ਆਪਣੇ ਬਿਆਨਾਂ ਕਾਰਨ ਸੁਰਖੀਆਂ ’ਚ ਰਿਹਾ ਹੈ। ਕਿਸੇ ਵੇਲੇ ਪ੍ਰਿੰਕਲ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਰੀਬੀ ਸਾਥੀ ਸੀ ਪਰ ਬੈਂਸ ਨਾਲ ਵਿਵਾਦ ਹੋਣ ਮਗਰੋਂ ਉਹ ਕੁਝ ਸਮਾਂ ਭਾਜਪਾ ਆਗੂ ਕਮਲਜੀਤ ਸਿੰਘ ਕੜਵਲ ਨੇੜੇ ਹੋ ਗਿਆ। ਇਹ ਵੀ ਖ਼ਬਰ ਹੈ ਕਿ ਪ੍ਰਿੰਕਲ ਨੂੰ ਪਹਿਲਾਂ ਪੁਲੀਸ ਸੁਰੱਖਿਆ ਮਿਲੀ ਹੋਈ ਸੀ, ਜੋ ਕੁਝ ਸਮਾਂ ਪਹਿਲਾਂ ਹੀ ਵਾਪਸ ਲਈ ਗਈ ਸੀ। ਇਸ ਤੋਂ ਪਹਿਲਾਂ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਨਾਲ ਉਸ ਦੀ ਦੋਸਤੀ ਤੇ ਮਗਰੋਂ ਹੋਏ ਵਿਵਾਦ ਕਾਰਨ ਵੀ ਦੋਵੇਂ ਸੁਰਖੀਆਂ ’ਚ ਰਹੇ ਸਨ। ਪ੍ਰਿੰਕਲ ਵਿੱਕੀ ਥਾਮਲ ਨਾਲ ਵੀ ਰਿਹਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਗੈਂਗਸਟਰ ਨਾਨੂ ਨਾਲ ਉਸ ਦਾ ਵਿਵਾਦ ਚੱਲ ਰਿਹਾ ਹੈ। ਪ੍ਰਿੰਕਲ ਨੇ ਗੈਂਗਸਟਰ ਨਾਨੂ ਸਣੇ ਪੰਜ ਜਣਿਆਂ ਨੂੰ ਦੱਸਿਆ ਦੋਸ਼ੀ ਹਸਪਤਾਲ ਵਿੱਚ ਜ਼ੇਰੇ ਇਲਾਜ ਪ੍ਰਿੰਕਲ ਨੇ ਇਕ ਵੀਡੀਓ ਜਾਰੀ ਕਰਦਿਆਂ ਇਸ ਹਮਲੇ ਲਈ ਗੈਂਗਸਟਰ ਨਾਨੂ, ਉਸ ਦਾ ਜੀਜਾ ਰਾਜੂ ਤੇ ਲਵੀ, ਇਕ ਵਕੀਲ ਤੇ ਸ਼ਹਿਰ ਦੇ ਇਕ ਹੋਰ ਵਿਅਕਤੀ ਨੂੰ ਕਸੂਰਵਾਰ ਠਹਿਰਾਇਆ ਹੈ। ਪ੍ਰਿੰਕਲ ਦੇ ਪਰਿਵਾਰ ਵੱਲੋਂ ਵੀ ਦੋਸ਼ ਲਾਇਆ ਗਿਆ ਹੈ ਕਿ ਗੈਂਗਸਟਰ ਨਾਨੂ ਪਿਛਲੇ ਸਮੇਂ ਦੌਰਾਨ ਲਗਾਤਾਰ ਉਸ ਨੂੰ ਧਮਕੀਆਂ ਦੇ ਰਿਹਾ ਸੀ। ਪਰਿਵਾਰ ਵੱਲੋਂ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਪ੍ਰਿੰਕਲ ਦੇ ਪਿਤਾ ਸਤਨਾਮ ਸਿੰਘ ਸ਼ੰਟੀ ਨੇ ਦੱਸਿਆ ਕਿ ਨਾਨੂ ਵੱਲੋਂ ਧਮਕੀਆਂ ਮਿਲਣ ਸਬੰਧੀ ਉਹ ਕਈ ਵਾਰ ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਕੋਲ ਪੇਸ਼ ਹੋ ਕੇ ਸ਼ਿਕਾਇਤ ਦੇ ਚੁੱਕੇ ਹਨ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਪ੍ਰਿੰਕਲ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ। ਪਰਿਵਾਰ ਵੱਲੋਂ ਪ੍ਰਿੰਕਲ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।

ਜੁੱਤੀਆਂ ਦੇ ਕਾਰੋਬਾਰੀ ਦੀ ਦੁਕਾਨ ’ਚ ਗੋਲੀਆਂ ਚਲਾਈਆਂ Read More »

ਟਰੰਪ ਦੀ ਹੱਤਿਆ ਦੀ ਸਾਜਿਸ਼ ਰਚਣ ਵਾਲੇ ਈਰਾਨੀ ਨਾਗਰਿਕ ’ਤੇ ਲਗਾ ਦੋਸ਼

ਵਾਸ਼ਿੰਗਟਨ ਡੀਸੀ, 9 ਨਵੰਬਰ – ਅਮਰੀਕੀ ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਇਰਾਨੀ ਨਾਗਰਿਕ ’ਤੇ ਦੋਸ਼ ਲਾਏ ਹਨ ਕਿ ਇਰਾਨ ਵੱਲੋਂ ਕਥਿਤ ਤੌਰ ’ਤੇ ਰਾਸ਼ਟਰਪਤੀ ਚੋਣਾਂ ਮੌਕੇ ਡੋਨਲਡ ਟਰੰਪ ਦੀ ਹੱਤਿਆ ਕਰਨ ਲਈ ਉਸਨੂੰ ਟੈਪ ਕੀਤਾ ਗਿਆ ਸੀ। ਸੰਯੁਕਤ ਰਾਜ ਵਿਭਾਗ ਦੇ ਅਨੁਸਾਰ ਇਰਾਨ ਦੇ 51 ਸਾਲਾ ਫਰਹਾਦ ਸ਼ਾਕੇਰੀ ’ਤੇ ਇਰਾਨੀ ਸ਼ਾਸਨ ਦੀ ਜਾਇਦਾਦ ਵਜੋਂ ਦੋਸ਼ ਲਗਾਇਆ ਗਿਆ ਸੀ। ਉਕਤ ਵਿਕਅਤੀ ਨੂੰ ਸ਼ਾਸਨ ਵੱਲੋਂ ਅਪਰਾਧਿਕ ਸਹਿਯੋਗੀਆਂ ਦੇ ਇੱਕ ਨੈੱਟਵਰਕ ਨੂੰ ਆਪਣੇ ਟੀਚਿਆਂ ਦੇ ਵਿਰੁੱਧ ਇਰਾਨ ਦੀ ਹੱਤਿਆ ਦੀਆਂ ਸਾਜ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਨਿਰਦੇਸ਼ਤ ਕਰਨ ਦਾ ਕੰਮ ਸੌਂਪਿਆ ਗਿਆ ਸੀ। ਐਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਵੇਅ ਨੇ ਕਿਹਾ ਕਿ ਅੱਜ ਐਲਾਨੇ ਗਏ ਦੋਸ਼ਾਂ ਨੇ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ, ਹੋਰ ਸਰਕਾਰੀ ਆਗੂਆਂ ਅਤੇ ਤਹਿਰਾਨ ਵਿੱਚ ਸ਼ਾਸਨ ਦੀ ਆਲੋਚਨਾ ਕਰਨ ਵਾਲੇ ਅਸੰਤੁਸ਼ਟ ਲੋਕਾਂ ਸਮੇਤ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਪਰਦਾਫਾਸ਼ ਕੀਤਾ ਹੈ। ਨਿਆਂ ਵਿਭਾਗ ਨੇ ਇਰਾਨੀ ਸ਼ਾਸਨ ਦੀ ਇੱਕ ਸੰਪੱਤੀ ’ਤੇ ਦੋਸ਼ ਲਾਇਆ ਹੈ ਕਿ ਸ਼ਾਸਨ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਸਮੇਤ ਆਪਣੇ ਹੋਰ ਟੀਚਿਆਂ ਲਈ ਇਰਾਨ ਦੀਆਂ ਹੱਤਿਆ ਦੀਆਂ ਸਾਜ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਅਪਰਾਧਿਕ ਸਹਿਯੋਗੀਆਂ ਦੇ ਇੱਕ ਨੈਟਵਰਕ ਨੂੰ ਨਿਰਦੇਸ਼ਤ ਕਰਨ ਦਾ ਕੰਮ ਸੌਂਪਿਆ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਦੋ ਵਿਅਕਤੀਆਂ ਨੂੰ ਵੀ ਚਾਰਜ ਕੀਤਾ ਹੈ ਅਤੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਬਾਰੇ ਅਸੀਂ ਦੋਸ਼ ਲਗਾਉਂਦੇ ਹਾਂ ਕਿ ਉਨ੍ਹਾਂ ਨੂੰ ਅਮਰੀਕਾ ਦੀ ਧਰਤੀ ’ਤੇ ਸ਼ਾਂਤ ਰਹਿਣ ਅਤੇ ਮਾਰਨ ਲਈ ਉਸ ਨੈਟਵਰਕ ਦੇ ਹਿੱਸੇ ਵਜੋਂ ਭਰਤੀ ਕੀਤਾ ਗਿਆ ਸੀ। ਕਿਹਾ ਗਿਆ ਹੈ ਕਿ ਅਮਰੀਕੀ ਲੋਕਾਂ ਅਤੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਲਈ ਅਸੀਂ ਇਰਾਨੀ ਸ਼ਾਸਨ ਦੀਆਂ ਕੋਸ਼ਿਸ਼ਾਂ ਲਈ ਖੜ੍ਹੇ ਨਹੀਂ ਹੋਵਾਂਗੇ। ਫਰਹਾਦ ਸ਼ਾਕੇਰੀ, ਕਾਰਲਿਸਲ ਰਿਵੇਰਾ ਜਿਸਨੂੰ ਪੌਪ (49) ਬਰੁਕਲਿਨ ਨਿਊਯਾਰਕ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਸਟੇਟਨ ਆਈਲੈਂਡ ਨਿਊਯਾਰਕ ਦੇ ਜੋਨਾਥਨ ਲੋਡਹੋਲਟ(36) ਨੂੰ ਨਿਊਯਾਰਕ ਵਿੱਚ ਇਰਾਨੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਕਥਿਤ ਸ਼ਮੂਲੀਅਤ ਦੇ ਸਬੰਧ ਵਿੱਚ ਇੱਕ ਅਪਰਾਧਿਕ ਸ਼ਿਕਾਇਤ ਵਿੱਚ ਚਾਰਜ ਕੀਤਾ ਗਿਆ ਸੀ। ਰਿਵੇਰਾ ਨੂੰ ਬਰੁਕਲਿਨ ਨਿਊਯਾਰਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਲੋਡਹੋਲਟ ਨੂੰ ਸਟੇਟਨ ਆਈਲੈਂਡ ਨਿਊਯਾਰਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਾਕੇਰੀ ਫਰਾਰ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਈਰਾਨ ਵਿੱਚ ਰਹਿੰਦਾ ਹੈ। ਅਟਾਰਨੀ ਜਨਰਲ ਮੈਰਿਕ ਬੀ ਗਾਰਲੈਂਡ ਨੇ ਕਿਹਾ ਕਿ ਦੁਨੀਆਂ ਵਿੱਚ ਕੁਝ ਅਜਿਹੇ ਅਦਾਕਾਰ ਹਨ ਜੋ ਇਰਾਨ ਵਾਂਗ ਸੰਯੁਕਤ ਰਾਜ ਦੀ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖਤਰਾ ਬਣਦੇ ਹਨ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਡੈਮਿਅਨ ਵਿਲੀਅਮਜ਼ ਨੇ ਕਿਹਾ ਕਿ ਇਰਾਨ ਸਰਕਾਰ ਦੁਆਰਾ ਨਿਰਦੇਸ਼ਿਤ ਅਦਾਕਾਰ ਅਮਰੀਕਾ ਦੀ ਧਰਤੀ ਅਤੇ ਵਿਦੇਸ਼ਾਂ ’ਤੇ ਚੁਣੇ ਗਏ ਰਾਸ਼ਟਰਪਤੀ ਟਰੰਪ ਸਮੇਤ ਸਾਡੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਇਸ ਨੂੰ ਰੋਕਣਾ ਚਾਹੀਦਾ ਹੈ।

ਟਰੰਪ ਦੀ ਹੱਤਿਆ ਦੀ ਸਾਜਿਸ਼ ਰਚਣ ਵਾਲੇ ਈਰਾਨੀ ਨਾਗਰਿਕ ’ਤੇ ਲਗਾ ਦੋਸ਼ Read More »

ਪਾਕਿਸਤਾਨ ਵਿੱਚ ਰੇਲਵੇ ਸਟੇਸ਼ਨ ’ਤੇ ਹੋਏ ਧਮਾਕੇ ’ਚ ਹੋਈਆਂ 20 ਮੌਤਾਂ

ਪੇਸ਼ਾਵਰ, 9 ਨਵੰਬਰ – ਪਾਕਿਸਤਾਨ ਵਿਚ ਕਵੇਟਾ ਦੇ ਰੇਲਵੇ ਸਟੇਸ਼ਨ ’ਤੇ ਹੋਏ ਬੰਬ ਧਮਾਕੇ ‘ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਨੇ ਸ਼ਨੀਵਾਰ ਨੂੰ ਇਕ ਮੀਡੀਆ ਰਿਪੋਰਟ ਦੇ ਅਨੁਸਾਰ ਜਿਓ ਨਿਊਜ਼ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਇਹ ਧਮਾਕਾ ਰੇਲਵੇ ਸਟੇਸ਼ਨ ਦੇ ਬੁਕਿੰਗ ਦਫ਼ਤਰ ’ਚ ਟਰੇਨ ਦੇ ਪਲੇਟਫਾਰਮ ’ਤੇ ਪਹੁੰਚਣ ਤੋਂ ਠੀਕ ਪਹਿਲਾਂ ਹੋਇਆ ਸੀ। ਰੇਲਵੇ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਫਰ ਐਕਸਪ੍ਰੈਸ ਸਵੇਰੇ 9 ਵਜੇ ਪੇਸ਼ਾਵਰ ਲਈ ਰਵਾਨਾ ਹੋਣੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਟਰੇਨ ਅਜੇ ਪਲੇਟਫਾਰਮ ’ਤੇ ਨਹੀਂ ਪਹੁੰਚੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਟੇਸ਼ਨ ਦੀ ਆਮ ਭੀੜ ਨੂੰ ਦੇਖਦੇ ਹੋਏ ਮਹੱਤਵਪੂਰਨ ਜਾਨੀ ਨੁਕਸਾਨ ਦਾ ਖਤਰਾ ਹੈ।

ਪਾਕਿਸਤਾਨ ਵਿੱਚ ਰੇਲਵੇ ਸਟੇਸ਼ਨ ’ਤੇ ਹੋਏ ਧਮਾਕੇ ’ਚ ਹੋਈਆਂ 20 ਮੌਤਾਂ Read More »

ਹਰਿਆਣਾ ਦਾ ਲਿੰਗ ਅਨੁਪਾਤ

ਹਰਿਆਣਾ ਲਈ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਅਜਿਹਾ ਰਾਜ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਹਾਕਾ ਪਹਿਲਾਂ ਅਹਿਮ ਯੋਜਨਾ ‘ਬੇਟੀ ਬਚਾਓ, ਬੇਟੀ ਪੜ੍ਹਾਓ ਲਈ ਆਪਣੇ ਹੱਥੀਂ ਚੁਣਿਆ ਹੋਵੇ, ਉੱਥੇ 10 ਮਹੀਨਿਆਂ ਦੇ ਵਕਫ਼ੇ ’ਚ ਇਸ ਸਾਲ (ਜਨਵਰੀ ਤੋਂ ਅਕਤੂਬਰ ਤੱਕ) ਪਿਛਲੇ ਸਾਲ ਦੇ ਮੁਕਾਬਲੇ ਜਨਮ ਦੇ ਲਿੰਗ ਅਨੁਪਾਤ (ਐੱਸਆਰਬੀ) ਵਿੱਚ 11 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਰਿਆਣਾ ਲੰਮੇ ਸਮੇਂ ਤੋਂ ਲਿੰਗ ਅਨੁਪਾਤ ਦਾ ਸੰਤੁਲਨ ਬਣਾਉਣ ਲਈ ਜੂਝ ਰਿਹਾ ਹੈ। ਜੇਕਰ ਸਰਕਾਰ ਇਸ ਸਾਲ ਦੇ ਅਖ਼ੀਰ ਤੱਕ ਇਸ ਚਿੰਤਾਜਨਕ ਰੁਝਾਨ ਨੂੰ ਮੋੜਾ ਦੇਣ ਵਿਚ ਨਾਕਾਮ ਹੋ ਗਈ ਤਾਂ ਸੂਬਾ ਪਿਛਲੇ ਅੱਠ ਸਾਲਾਂ ਵਿਚ ਆਪਣੇ ਸਭ ਤੋਂ ਹੇਠਲੇ ਐੱਸਆਰਬੀ ਪੱਧਰ ਉਤੇ ਪਹੁੰਚ ਸਕਦਾ ਹੈ। ਇਸ ਰੁਝਾਨ ਨੂੰ ਜਲਦੀ ਤੋੜਨਾ ਮੁਸ਼ਕਿਲ ਕਾਰਜ ਹੈ। ਹਰਿਆਣਾ ’ਚ ਜਨਮ ਵੇਲੇ ਦਾ ਲਿੰਗ ਅਨੁਪਾਤ ਸਾਲ 2015 ਦੇ 876 ਦੇ ਅੰਕੜੇ ਤੋਂ ਉਪਰ ਵੱਲ ਗਿਆ ਹੈ। ‘ਬੇਟੀ ਬਚਾਓ’ ਯੋਜਨਾ ਇਸੇ ਸਾਲ ਲਾਂਚ ਕੀਤੀ ਗਈ ਸੀ ਅਤੇ ਇਹ ਅੰਕੜਾ 2019 ਵਿਚ 923 ਤੱਕ ਗਿਆ ਪਰ ਹਾਲ ਦੇ ਸਾਲਾਂ ਵਿਚ ਇਹ ਡਿੱਗਦਾ ਗਿਆ ਹੈ। ਇਹ ਨਿਘਾਰ ਇਸ ਸਰਕਾਰੀ ਯੋਜਨਾ ਨੂੰ ਲਾਗੂ ਕਰਨ ਵਿਚਲੀਆਂ ਖਾਮੀਆਂ ਨੂੰ ਉਭਾਰਦਾ ਹੈ ਜਿਸ ਦਾ ਵਿਆਪਕ ਉਦੇਸ਼ ਬਾਲਿਕਾਵਾਂ ਦੇ ਜਨਮ ਅਤੇ ਹੱਕਾਂ ਬਾਰੇ ਸਮਾਜ ਦੇ ਵਤੀਰੇ ’ਚ ਤਬਦੀਲੀ ਲਿਆਉਣਾ ਹੈ। ਭਰੂਣ ਹੱਤਿਆ ਦੀ ਅਲਾਮਤ ਅਜੇ ਜੜ੍ਹੋਂ ਖ਼ਤਮ ਨਹੀਂ ਹੋ ਸਕੀ ਹੈ। ਕਈ ਥਾਈਂ ਅਜੇ ਵੀ ਇਹ ਧੰਦਾ ਚੱਲ ਰਿਹਾ ਹੈ ਤੇ ਰਿਪੋਰਟ ਘੱਟ ਹੋ ਰਿਹਾ ਹੈ। ਲਿੰਗ ਨਿਰਧਾਰਨ ਟੈਸਟਾਂ ਵਿਚ ਸ਼ਾਮਲ ਵਿਅਕਤੀਆਂ ਵਿਰੁੱਧ ਇਸ ਸਾਲ ਦਰਜ ਐੱਫਆਈਆਰ ’ਚ ਆਈ ਵੱਡੀ ਗਿਰਾਵਟ ਨਾਲ ਕਾਨੂੰਨੀ ਸੰਸਥਾਵਾਂ ਤੇ ਸਿਹਤ ਏਜੰਸੀਆਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਇਕ ਗੱਲ ਤਾਂ ਸਪੱਸ਼ਟ ਹੈ ਕਿ ਜਦ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਵਾਰੀ ਆਵੇਗੀ ਤਾਂ ਹਰਿਆਣਾ ਪੈਰ ਪਿਛਾਂਹ ਨਹੀਂ ਖਿੱਚ ਸਕਦਾ। ਇਕ ਹੋਰ ਵੱਡੀ ਚੁਣੌਤੀ ਜਨ ਜਾਗਰੂਕਤਾ ਅਤੇ ਲੋਕ ਲਾਮਬੰਦੀ ਰਾਹੀਂ ਪਿਤਰ ਸੱਤਾ ਦੀ ਡੂੰਘੀ ਮਾਨਸਿਕਤਾ ਨੂੰ ਬਦਲਣ ਦੀ ਹੈ। ਇਹ ਲੋਕਾਂ ਦੇ ਮਨਾਂ ਵਿਚ ਬਹੁਤ ਡੂੰਘੀ ਉਕਰੀ ਹੋਈ ਹੈ। ਲਿੰਗ ਅਨੁਪਾਤ ਦਾ ਵਧਦਾ ਖੱਪਾ ਅਜਿਹੇ ਰਾਜ ਲਈ ਸ਼ਰਮਿੰਦਗੀ ਦਾ ਸਬਬ ਵੀ ਹੈ ਜਿਸ ਦੀਆਂ ਖਿਡਾਰਨਾਂ ਖਾਸ ਤੌਰ ’ਤੇ ਪਹਿਲਵਾਨ, ਨਿਸ਼ਾਨੇਬਾਜ਼ ਤੇ ਮੁੱਕੇਬਾਜ਼, ਕੌਮਾਂਤਰੀ ਅਖਾੜਿਆਂ ’ਚ ਬੇਮਿਸਾਲ ਮੱਲ੍ਹਾਂ ਮਾਰਦੀਆਂ ਹਨ। ਰਾਜ ਦੀ ‘ਡਬਲ ਇੰਜਣ’ ਸਰਕਾਰ ਜਿਸ ਨੇ ਪਿਛਲੇ ਮਹੀਨੇ ਲਗਾਤਾਰ ਤੀਜਾ ਕਾਰਜਕਾਲ ਸੰਭਾਲਿਆ ਹੈ, ਦੀ ਲੋਕਾਂ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਵਰਤਾਰੇ ਨੂੰ ਰੋਕੇ। ਹਰਿਆਣਾ ਨੂੰ ਚਾਹੀਦਾ ਹੈ ਕਿ ਉਹ ਚਿਰਾਂ ਦੀ ਢਿੱਲ ਦੂਰ ਕਰ ਕੇ ਲੜਕੀਆਂ ਦੇ ਜਨਮ ਦੇ ਮਾਮਲੇ ’ਚ ਦੇਸ਼ ਭਰ ਲਈ ਚਾਨਣ ਮੁਨਾਰਾ ਬਣੇ। ਇਸ ਲਈ ਸੂਬੇ ਨੂੰ ਗੰਭੀਰ ਤਰੱਦਦ ਕਰਨਾ ਚਾਹੀਦਾ ਹੈ ਤੇ ਤਸਵੀਰ ਬਦਲਣ ਲਈ ਹਰ ਸੰਭਵ ਕਦਮ ਚੁੱਕਣਾ ਪਏਗਾ। ਇਸ ਬਾਬਤ ਬਾਕਾਇਦਾ ਨੀਤੀਆਂ ਘੜਨ ਅਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਲਾਗੂ ਕਰਨ ਦੀ ਲੋੜ ਹੈ। ਸਭ ਤੋਂ ਵੱਧ ਜ਼ੋਰ ਜਾਗਰੂਕਤਾ ਮੁਹਿੰਮ ’ਤੇ ਲਾਉਣਾ ਚਾਹੀਦਾ ਹੈ। ਜਿੰਨਾ ਚਿਰ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਦੀ, ਵੱਡੀ ਤਬਦੀਲੀ ਮੁਸ਼ਕਿਲ ਹੈ।

ਹਰਿਆਣਾ ਦਾ ਲਿੰਗ ਅਨੁਪਾਤ Read More »

ਪੱਛਮੀ ਬੰਗਾਲ ਵਿਚ ਰੇਲ ਦੇ 3 ਡੱਬੇ ਪਟੜੀ ਤੋਂ ਉਤਰੇ

ਪੱਛਮੀ ਬੰਗਾਲ, 09 ਨਵੰਬਰ – ਹਾਵੜਾ, ਪੱਛਮੀ ਬੰਗਾਲ ਵਿਚ 22850 ਸਿਕੰਦਰਾਬਾਦ ਸ਼ਾਲੀਮਾਰ ਐਸਐਫ ਐਕਸਪ੍ਰੈਸ ਦੇ ਕੁੱਲ 3 ਡੱਬੇ ਪਟੜੀ ਤੋਂ ਉਤਰ ਗਏ, ਜਿਨ੍ਹਾਂ ਵਿੱਚ ਇੱਕ ਪਾਰਸਲ ਵੈਨ ਅਤੇ 2 ਡੱਬੇ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਸੀਪੀਆਰਓ ਦੱਖਣ-ਪੂਰਬੀ ਰੇਲਵੇ ਨੇ ਦਿੱਤੀ ਹੈ।

ਪੱਛਮੀ ਬੰਗਾਲ ਵਿਚ ਰੇਲ ਦੇ 3 ਡੱਬੇ ਪਟੜੀ ਤੋਂ ਉਤਰੇ Read More »

ਵਿਜ਼ਿਟਰ ਵੀਜ਼ਾ ਲੈਣ ਵਾਲਿਆਂ ਨੂੰ ਕੈਨੇਡਾ ਵੱਲੋਂ ਝਟਕਾ

ਵਿਨੀਪੈਗ/ਵੈਨਕੂਵਰ, 9 ਨਵੰਬਰ – ਕੈਨੇਡਾ ਸਰਕਾਰ ਨੇ ਵਿਜ਼ਿਟਰ ਵੀਜ਼ਾ ‘ਤੇ ਆਉਣ ਵਾਲਿਆਂ ਨੂੰ ਵੱਡਾ ਝਟਕਾ ਦਿੰਦਿਆਂ ਵੀਜ਼ਾ ਨਿਯਮਾਂ ‘ਚ ਸਖ਼ਤ ਤਬਦੀਲੀ ਕੀਤੀ ਹੈ। ਕੈਨੇਡਾ ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ ਹੁਣ 10 ਸਾਲ ਦਾ ਵਿਜ਼ਿਟਰ ਵੀਜ਼ਾ ਨਹੀਂ ਮਿਲੇਗਾ। ਨਵੇਂ ਨਿਯਮਾਂ ਮੁਤਾਬਿਕ ਲਾਜ਼ਮੀ ਨਹੀਂ ਹੈ ਕਿ ਹਰ ਬਿਨੈਕਾਰ ਨੂੰ ਪਾਸਪੋਰਟ ਦੀ ਮਿਆਦ ਤੱਕ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਮਿਲੇ। ਕੈਨੇਡਾ ਸਰਕਾਰ ਨੇ ਮਲਟੀਪਲ ਐਂਟਰੀ ਦੀ ਥਾਂ ਸਿੰਗਲ ਐਂਟਰੀ ਵਾਲੇ ਵੀਜ਼ੇ ਦੇਣ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਹੁਣ 10 ਸਾਲ ਦੀ ਮਿਆਦ ਵਾਲੇ ਮਲਟੀਪਲ ਐਂਟਰੀ ਵੀਜ਼ੇ ਚੋਣਵੇਂ ਲੋਕਾਂ ਨੂੰ ਹੀ ਮਿਲਣਗੇ ਅਤੇ ਇਹ ਫ਼ੈਸਲਾ ਕਰਨ ਦਾ ਹੱਕ ਮੌਕੇ ‘ਤੇ ਮੌਜੂਦ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਹੋਵੇਗਾ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਵਿਜ਼ਿਟਰ ਵੀਜ਼ਾ ਦੀ ਮਿਆਦ ਉੱਤੇ ਖ਼ਾਸ ਜ਼ੋਰ ਦਿੱਤਾ ਗਿਆ ਹੈ। ਜ਼ਿਆਦਾਤਰ ਵੀਜ਼ੇ ਸਿੰਗਲ ਐਂਟਰੀ ਵਾਲੇ ਹੋਣ ਦੇ ਮੱਦੇਨਜ਼ਰ ਇਨ੍ਹਾਂ ਦੀ ਮਿਆਦ 6 ਮਹੀਨੇ ਤੋਂ ਇਕ ਸਾਲ ਤੱਕ ਹੀ ਹੋਵੇਗੀ। ਸਭ ਤੋਂ ਪਹਿਲਾਂ ਸਬੰਧਤ ਬਿਨੈਕਾਰ ਦਾ ਕੈਨੇਡਾ ਆਉਣ ਦਾ ਮਕਸਦ ਦੇਖਿਆ ਜਾਵੇਗਾ ਅਤੇ ਜੇ ਇਹ ਮਕਸਦ ਕਿਸੇ ਵਿਆਹ ਸਮਾਗਮ, ਕਾਨਫਰੰਸ ਜਾਂ ਟ੍ਰੇਨਿੰਗ ਸੈਸ਼ਨ ਨਾਲ ਸਬੰਧਤ ਹੋਵੇ ਤਾਂ ਸਿੰਗਲ ਐਂਟਰੀ ਵਾਲਾ ਵੀਜ਼ਾ ਹੀ ਮਿਲ ਸਕੇਗਾ। ਕੈਨੇਡਾ ਸਰਕਾਰ ਵੱਲੋਂ ਵਿਜ਼ਿਟਰ ਵੀਜ਼ਾ ਦੇ ਨਵੇਂ ਨਿਯਮ ਭਾਵੇਂ ਹਰ ਮੁਲਕ ਵਾਸਤੇ ਜਾਰੀ ਕੀਤੇ ਗਏ ਹਨ ਪਰ ਇਨ੍ਹਾਂ ਨੂੰ ਸਿੱਧੇ ਤੌਰ ‘ਤੇ ਭਾਰਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਹ ਤਬਦੀਲੀ ਉਨ੍ਹਾਂ ਭਾਰਤੀਆਂ ਲਈ ਖ਼ਾਸ ਤੌਰ ‘ਤੇ ਮੁਸ਼ਕਲ ਸਾਬਤ ਹੋ ਸਕਦੀ ਹੈ ਜੋ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਜਾਂ ਹੋਰ ਕੰਮ ਲਈ ਲੰਬੇ ਸਮੇਂ ਲਈ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਸਨ। ਕੈਨੇਡਾ ਸਰਕਾਰ ਦਾ ਇਹ ਫ਼ੈਸਲਾ ਫੈਡਰਲ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿੱਲਰ ਵੱਲੋਂ ਵਿਜ਼ਿਟਰ ਵੀਜ਼ਿਆਂ ਦੀ ਦੁਰਵਰਤੋਂ ਰੋਕਣ ਦੇ ਐਲਾਨ ਤੋਂ ਬਾਅਦ ਆਇਆ ਹੈ। ਮਾਰਕ ਮਿੱਲਰ ਨੇ ਸਤੰਬਰ ਮਹੀਨੇ ਕਿਹਾ ਸੀ ਕਿ ਕੈਨੇਡਾ ਆਉਣ ਵਾਲੇ ਲੋਕਾਂ ਵੱਲੋਂ ਵਿਜ਼ਿਟਰ ਵੀਜ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਫੈੱਡਰਲ ਸਰਕਾਰ ਨੂੰ ਹੋਰ ਕੰਮ ਕਰਨ ਦੀ ਲੋੜ ਹੈ। ਮਿੱਲਰ ਨੇ ਦੱਸਿਆ ਕਿ ਵਿਜ਼ਿਟਰ ਵੀਜ਼ੇ ‘ਤੇ ਆਏ ਸੈਲਾਨੀਆਂ ਵੱਲੋਂ ਇੱਥੇ ਆਰਜ਼ੀ ਨਿਵਾਸ ਕਰਨ ਦੀ ਵਧਦੀ ਗਿਣਤੀ ਦੇ ਰੁਝਾਨ ਨੂੰ ਨੱਥ ਪਾਉਣ ਲਈ ਇਹ ਸਖਤ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ। ਕੈਨੇਡੀਅਨ ਸਰਕਾਰ ਨੇ ਅਗਸਤ 2024 ਦੌਰਾਨ 4 ਸਾਲ ਪਹਿਲਾਂ ਲਿਆਂਦੀ ਉਹ ਨੀਤੀ ਖ਼ਤਮ ਕਰ ਦਿੱਤੀ ਸੀ। ਸਾਢੇ 10 ਲੱਖ ਤੋਂ ਵੱਧ ਲੋਕਾਂ ‘ਤੇ ਵਾਪਸੀ ਦੀ ਤਲਵਾਰ ਕੈਨੇਡਾ ਦੇ ਆਵਾਸ ਵਿਭਾਗ ਅਨੁਸਾਰ ਵਿਜ਼ਿਟਰ ਵੀਜ਼ਾ ‘ਤੇ ਆਏ ਲੋਕਾਂ ਦੀ ਗਿਣਤੀ ਸਾਢੇ 10 ਲੱਖ ਤੋਂ ਵੀ ਵੱਧ ਹੈ ਅਤੇ ਇਨ੍ਹਾਂ ‘ਚੋਂ ਜਿਹੜੇ ਹੁਣ ਆਪਣੇ ਆਪ ਵਾਪਸ ਨਾ ਗਏ, ਉਨ੍ਹਾਂ ਨੂੰ ਵਾਪਸੀ ਲਈ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਦਾ ਇਹ ਫ਼ੈਸਲਾ ਤੁਰੰਤ ਲਾਗੂ ਹੋ ਗਿਆ ਹੈ ਤੇ ਗੈਰਕਾਨੂੰਨੀ ਢੰਗ ਨਾਲ ਟਿਕੇ ਹੋਏ ਲੋਕਾਂ ਦੀਆਂ ਸੂਚੀਆਂ ਬਣਨ ਲੱਗੀਆਂ ਹਨ। ਵਿਭਾਗ ਦੇ ਸੂਤਰ ਅਨੁਸਾਰ ਲਾਗੂ ਕੀਤੇ ਇਸ ਫ਼ੈਸਲੇ ਮਗਰੋਂ ਪਹਿਲਾਂ ਤੋਂ ਆਏ ਅਤੇ 6 ਮਹੀਨੇ ਦੀ ਮਿਆਦ ਤੋਂ ਬਾਅਦ ਵੀ ਕੈਨੇਡਾ ‘ਚ ਟਿਕੇ ਹੋਏ ਸਾਰੇ ਲੋਕਾਂ ‘ਚੋਂ ਜਿਹੜੇ ਖੁਦ ਆਪਣੇ ਦੇਸ਼ ਵਾਪਸ ਨਹੀਂ ਜਾਣਗੇ।

ਵਿਜ਼ਿਟਰ ਵੀਜ਼ਾ ਲੈਣ ਵਾਲਿਆਂ ਨੂੰ ਕੈਨੇਡਾ ਵੱਲੋਂ ਝਟਕਾ Read More »