October 3, 2024

ਜੈਸ਼ੰਕਰ ਨੇ ਐਂਟਨੀ ਬਲਿੰਕਨ ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ, 2 ਅਕਤੂਬਰ – ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅਮਰੀਕਾ ਦੇ ਆਪਣੇ ਹਮਰੁਤਬਾ ਐਂਟਨੀ ਬਲਿੰਕਨ ਨਾਲ ਬੈਠਕ ਕੀਤੀ ਹੈ। ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਪੱਛਮੀ ਏਸ਼ੀਆ ਦੇ ਹਾਲਾਤ, ਭਾਰਤੀ ਉਪ ਮਹਾਦੀਪ ਦੀਆਂ ਹਾਲੀਆ ਘਟਨਾਵਾਂ, ਹਿੰਦ ਪ੍ਰਸ਼ਾਂਤ ਤੇ ਯੂਕਰੇਨ ਬਾਰੇ ਵਿਚਾਰ ਚਰਚਾ ਕੀਤੀ। ਭਾਰਤ ਵਿਚ ਮੋਦੀ ਸਰਕਾਰ ਦੇ ਤੀਜੀ ਵਾਰ ਸੱਤਾ ਵਿਚ ਆਉਣ ਮਗਰੋਂ ਜੈਸ਼ੰਕਰ ਦੀ ਅਮਰੀਕੀ ਰਾਜਧਾਨੀ ਦੀ ਇਹ ਪਲੇਠੀ ਫੇਰੀ ਹੈ। ਜੈਸ਼ੰਕਰ ਮੰਗਲਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਦੇ ਫੌਗੀ ਬੌਟਮ ਹੈੱਡਕੁਆਰਟਰਜ਼ ਵਿਖੇ ਬਲਿੰਕਨ ਨੂੰ ਮਿਲੇ ਸਨ। ਜੈਸ਼ੰਕਰ ਨੇ ਐਕਸ ਉੱਤੇ ਪੋਸਟ ਵਿਚ ਕਿਹਾ, ‘ਵਾਸ਼ਿੰਗਟਨ ਡੀਸੀ ਵਿਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਈ। ਅਸੀਂ ਡੈਲਾਵੇਅਰ ਦੁਵੱਲੀ ਗੱਲਬਾਤ ਤੇ ਕੁਆਡ ਬੈਠਕਾਂ ਦੀ ਗੱਲਬਾਤ ਨੂੰ ਜਾਰੀ ਰੱਖਿਆ। ਸਾਡੀ ਵਿਚਾਰ ਚਰਚਾ ਵਿਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ, ਪੱਛਮੀ ਏਸ਼ੀਆ ਦੇ ਹਾਲਾਤ, ਭਾਰਤੀ ਉਪ ਮਹਾਦੀਪ ਦੀਆਂ ਹਾਲੀਆ ਘਟਨਾਵਾਂ, ਹਿੰਦ-ਪ੍ਰਸ਼ਾਂਤ ਤੇ ਯੂਕਰੇਨ ਸ਼ਾਮਲ ਸੀ।’ ਉਧਰ ਬਲਿੰਕਨ ਨੇ ਵੀ ਐਕਸ ’ਤੇ ਪੋਸਟ ਵਿਚ ਕਿਹਾ, ‘ਭਾਰਤ ਤੇ ਅਮਰੀਕਾ ਮਿਲ ਕੇ ਖੇਤਰੀ ਤੇ ਆਲਮੀ ਚੁਣੌਤੀਆਂ ’ਤੇ ਕੰਮ ਕਰ ਰਹੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਤੇ ਮੈਂ ਬੈਠਕ ਕਰਕੇ ਵਾਤਾਵਰਨ ਸੰਕਟ ਬਾਰੇ ਸਹਿਯੋਗ ਜਾਰੀ ਰੱਖਣ ਅਤੇ ਖੇਤਰੀ ਸੁਰੱਖਿਆ ਤੇ ਖ਼ੁਸ਼ਹਾਲੀ ਦੇ ਪ੍ਰਚਾਰ ਪਾਸਾਰ ਦੇ ਢੰਗ ਤਰੀਕਿਆਂ ਉੱਤੇ ਚਰਚਾ ਕੀਤੀ।’ ਦੋਵਾਂ ਆਗੂਆਂ ਨੇ ਆਲਮੀ ਚੁਣੌਤੀਆਂ ਖ਼ਿਲਾਫ਼ ਮਿਲ ਕੇ ਚੱਲਣ ਦਾ ਅਹਿਦ ਲਿਆ ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੈਥਿਊ ਮਿੱਲਰ ਨੇ ਕਿਹਾ ਕਿ ਜੈਸ਼ੰਕਰ ਤੇ ਬਲਿੰਕਨ ਨੇ ਖੇਤਰੀ ਤੇ ਆਲਮੀ ਚੁਣੌਤੀਆਂ ਖਿਲਾਫ਼ ਮਿਲ ਕੇ ਕੰਮ ਕਰਨ ਤੇ ਆਧੁਨਿਕ ਤੇ ਉਭਰਦੀਆਂ ਤਕਨਾਲੋਜੀਆਂ ਵਿਚ ਸਹਿਯੋਗ ਬਾਰੇ ਚਰਚਾ ਕੀਤੀ ਤੇ ਮਿਲ ਕੇ ਚੱਲਣ ਦਾ ਅਹਿਦ ਲਿਆ। ਇਸ ਤੋਂ ਪਹਿਲਾਂ ਅੱਜ ਦਿਨੇ ਜੈਸ਼ੰਕਰ ਸਿਖਰਲੇ ਅਮਰੀਕੀ ਥਿੰਕ ਟੈਂਕ ਕਾਰਨੇਜੀ ਐਨਡੋਅਮੈਂਟ ਫਾਰ ਇੰਟਰਨੈਸ਼ਨਲ ਪੀਸ ਵਿਖੇ ਵਿਚਾਰ ਚਰਚਾ ਵਿਚ ਵੀ ਸ਼ਾਮਲ ਹੋਏ।

ਜੈਸ਼ੰਕਰ ਨੇ ਐਂਟਨੀ ਬਲਿੰਕਨ ਨਾਲ ਕੀਤੀ ਮੁਲਾਕਾਤ Read More »

ਟਰੂਡੋ ਇਕ ਵਾਰ ਫਿਰ ਸਰਕਾਰ ਬਚਾਉਣ ’ਚ ਸਫ਼ਲ

ਵਿਨੀਪੈੱਗ/ਵੈਨਕੂਵਰ, 3 ਅਕਤੂਬਰ – ਕੰਜ਼ਰਵੇਟਿਵਜ਼ ਇਕ ਵਾਰ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਡੇਗਣ ਵਿਚ ਨਾਕਾਮ ਰਹੇ ਹਨ। ਵਿਰੋਧੀ ਧਿਰ ਦੇ ਆਗੂ ਪੀਅਰੇ ਪੌਲੀਵਰ ਨੇ ਅੱਜ ਟਰੂਡੋ ਸਰਕਾਰ ਖਿਲਾਫ਼ ਹਾਊਸ ਆਫ਼ ਕਾਮਨਜ਼ ਵਿਚ ਮੁੜ ਬੇਭਰੋਸਗੀ ਮਤਾ ਰੱਖਿਆ ਸੀ। ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਤੇ ਬਲਾਕ ਕਿਊਬਕ ਨੇ ਬੇਭਰੋਸਗੀ ਮਤੇ ਦੇ ਖਿਲਾਫ਼ ਵੋਟ ਪਾਈ। ਮਤੇ ਦੇ ਵਿਰੋਧ ਵਿਚ 207 ਤੇ ਇਸ ਦੀ ਹਮਾਇਤ ਵਿਚ 120 ਵੋਟਾਂ ਪਈਆਂ। ਬਲਾਕ ਕਿਊਬਕ ਅਤੇ ਐੱਨਡੀਪੀ ਦੇ ਮੌਜੂਦਾ ਰੁਖ਼ ਦੇ ਮੱਦੇਨਜ਼ਰ ਹਾਲ ਦੀ ਘੜੀ ਨਵੇਂ ਸਿਰਿਓਂ ਆਮ ਚੋਣਾਂ ਹੋਣ ਦੀ ਫ਼ਿਲਹਾਲ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ। ਉਂਝ ਮਤੇ ’ਤੇ ਬਹਿਸ ਦੌਰਾਨ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਆਗੂ ਪੀਅਰੇ ਪੌਲੀਵਰ ਨੂੰ ਸਿਆਸੀ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਦੇ ਸਕਦੇ ਤੇ ਉਸ ਦੇ ਹਰ ਮਤੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਟੋਰੀ ਆਗੂ ਦੇ ਸਿਆਸੀ ਪਖੰਡਾਂ ਦੀ ਹਮਾਇਤ ਕਰਨਾ ਦੇਸ਼ ਵਾਸੀਆਂ ਨਾਲ ਧੋਖਾ ਹੈ। ਐੱਨਡੀਪੀ ਵੱਲੋਂ ਲਿਬਰਲ ਸਰਕਾਰ ਨਾਲ ਹਮਾਇਤ ਸਮਝੌਤਾ ਰੱਦ ਕੀਤੇ ਜਾਣ ਤੋਂ ਬਾਅਦ ਪੌਲੀਵਰ ਨੇ ਪਿਛਲੇ ਮਹੀਨੇ ਟਰੂਡੋ ਸਰਕਾਰ ਖਿਲਾਫ਼ ਪਹਿਲੀ ਵਾਰ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ। ਐੱਨਡੀਪੀ ਤੇ ਬਲਾਕ ਕਿਊਬਾ ਨੇ ਹਾਲਾਂਕਿ ਉਦੋਂ ਵੀ ਮਤੇ ਦੇ ਵਿਰੋਧ ’ਚ ਵੋਟ ਪਾਈ ਸੀ। ਪੌਲੀਵਰ ਨੇ ਉਦੋਂ ਜਗਮੀਤ ਸਿੰਘ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ। ਕੈਨੇਡੀਅਨ ਪਾਰਲੀਮੈਂਟ ਦੀਆਂ 338 ਸੀਟਾਂ ਵਿੱਚੋਂ ਸੱਤਾਧਾਰੀ ਲਿਬਰਲਜ਼ ਕੋਲ 154, ਐੱਨਡੀਪੀ ਕੋਲ 25 ਅਤੇ ਬਲਾਕ ਕਿਊਬਕ ਕੋਲ 33 ਤੇ ਗ੍ਰੀਨ ਪਾਰਟੀ ਕੋਲ ਸਿਰਫ਼ ਦੋ ਸੀਟਾਂ ਹਨ। ਮੁੱਖ ਵਿਰੋਧੀ ਧਿਰ ਟੋਰੀਜ਼ ਕੋਲ 124 ਸੀਟਾਂ ਹਨ। ਕੰਜ਼ਰਵੇਟਿਵ ਪਾਰਟੀ ਤੀਜੀ ਕੋਸ਼ਿਸ਼ ਵਜੋਂ ਕ੍ਰਿਸਮਸ ਤੋਂ ਪਹਿਲਾਂ ਘੱਟੋ-ਘੱਟ ਇਕ ਹੋਰ ਬੇਭਰੋਸਗੀ ਮਤਾ ਸੰਸਦ ਵਿਚ ਲਿਆ ਸਕਦੀ ਹੈ। ਕੰਜ਼ਰਵੇਟਿਵ ਪਾਰਟੀ ਜਲਦੀ ਚੋਣਾਂ ਚਾਹੁੰਦੀ ਹੈ ਕਿਉਂਕਿ ਸਰਵੇਖਣਾਂ ਮੁਤਾਬਕ ਇਸ ਸਮੇਂ ਉਨ੍ਹਾਂ ਕੋਲ ਸਭ ਤੋਂ ਵੱਧ ਜਨ ਸਮਰਥਨ ਹੈ। ਬਲਾਕ ਕਿਊਬਕ ਨੇ 29 ਤੱਕ ਦੀ ਮੋਹਲਤ ਦਿੱਤੀ ਬਲਾਕ ਕਿਊਬਕ, ਜੋ ਕਿਊਬਿਕ ਸੂਬੇ ਦੀ ਆਜ਼ਾਦੀ ਚਾਹੁੰਦਾ ਹੈ, ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਬਜ਼ੁਰਗਾਂ ਦੀਆਂ ਪੈਨਸ਼ਨਾਂ ਵਧਾਉਣ ਦੇ ਬਦਲੇ ਘੱਟੋ-ਘੱਟ ਇਸ ਮਹੀਨੇ ਦੇ ਅੰਤ ਤੱਕ ਟਰੂਡੋ ਸਰਕਾਰ ਦੀ ਹਮਾਇਤ ਕਰੇਗੀ। ਬਲਾਕ ਕਿਊਬਕ ਨੇ ਲਿਬਰਲਾਂ ਨੂੰ ਹਮਾਇਤ ਦੇਣ ਬਦਲੇ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ 29 ਅਕਤੂਬਰ ਤੱਕ ਦੀ ਮੋਹਲਤ ਦਿੱਤੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਟਰੂਡੋ ਸਰਕਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਡਿੱਗਦੀ ਹੈ ਤਾਂ ਕਾਫ਼ੀ ਐੱਮਪੀ’ਜ਼ ਪੈਨਸ਼ਨਾਂ ਤੋਂ ਵਾਂਝੇ ਹੋ ਸਕਦੇ ਹਨ।

ਟਰੂਡੋ ਇਕ ਵਾਰ ਫਿਰ ਸਰਕਾਰ ਬਚਾਉਣ ’ਚ ਸਫ਼ਲ Read More »

ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ, 170 ਪਟੀਸ਼ਨਾਂ ਕੀਤੀਆਂ ਗਈਆਂ ਦਾਇਰ

ਚੰਡੀਗੜ੍ਹ, 3 ਅਕਤੂਬਰ – ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੋਣਾਂ ਨੂੰ ਲੈ ਕੇ ਦਾਇਰ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੌਰਾਨ ਹਾਈਕੋਰਟ ਵਿੱਚ ਕਰੀਬ 170 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ। ਇਸ ਵਿੱਚ ਜ਼ਿਆਦਾਤਰ ਪਟੀਸ਼ਨਾਂ ਰਾਖਵੇਂਕਰਨ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਵੱਖ-ਵੱਖ ਵਾਰਡਾਂ ਵਿੱਚ ਇੱਕੋ ਪਰਿਵਾਰ ਦੀਆਂ ਵੋਟਾਂ ਬਣਾਉਣ ਤੇ ਚੁੱਲ੍ਹਾ ਟੈਕਸ ਸਬੰਧੀ ਮੁੱਦੇ ਵੀ ਸਾਹਮਣੇ ਆਏ। ਅਦਾਲਤ ਨੇ ਪੰਜਾਬ ਸਰਕਾਰ ਨੂੰ ਸਭ ਕੁਝ ਠੀਕ ਕਰਨ ਦੇ ਹੁਕਮ ਦਿੱਤੇ ਹਨ। 1.33 ਕਰੋੜ ਵੋਟਰ ਆਪਣੀ ਵੋਟ ਦਾ ਕਰਨਗੇ ਇਸਤੇਮਾਲ ਪੰਜਾਬ ਵਿੱਚ ਇਸ ਸਮੇਂ 13937 ਪਿੰਡਾਂ ਦੀਆਂ ਪੰਚਾਇਤਾਂ ਹਨ। ਜਿਸ ਵਿੱਚ ਚੋਣਾਂ ਕਰਵਾਈਆਂ ਜਾਣੀਆਂ ਹਨ। ਇਸ ਦੇ ਨਾਲ ਹੀ ਇਸ ਵਾਰ ਚੋਣਾਂ ਵਿੱਚ ਕੁੱਲ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਚੋਣਾਂ ਵਿੱਚ 96 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਚੋਣਾਂ ਸ਼ਾਂਤੀਪੂਰਵਕ ਕਰਵਾਉਣਾ ਵੀ ਸਰਕਾਰ ਲਈ ਚੁਣੌਤੀ ਹੈ। ਪਿੰਡਾਂ ਦਾ ਮਾਹੌਲ ਖ਼ਰਾਬ ਨਾ ਹੋਵੇ ਇਸ ਲਈ ਸਰਕਾਰ ਨੇ ਆਪਣੇ ਪੱਧਰ ‘ਤੇ ਉਪਰਾਲੇ ਕੀਤੇ ਹਨ। ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣਾਂ ਨਾ ਕਰਵਾਉਣ ਦਾ ਪ੍ਰਸਤਾਵ ਵਿਧਾਨ ਸਭਾ ‘ਚ ਪਾਸ ਕਰਕੇ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੋਸ਼ਿਸ਼ ਹੈ ਕਿ ਚੋਣਾਂ ਸਰਬਸੰਮਤੀ ਨਾਲ ਕਰਵਾਈਆਂ ਜਾਣ ਪਰ ਇਸ ਤੋਂ ਬਾਅਦ ਵੀ ਕਈ ਥਾਵਾਂ ‘ਤੇ ਮਾਹੌਲ ਤਣਾਅਪੂਰਨ ਹੁੰਦਾ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਸਥਾਪਤ ਕੀਤਾ ਇੱਕ ਕੰਟਰੋਲ ਰੂਮ ਪੰਚਾਇਤੀ ਚੋਣਾਂ ਲਈ ਰਾਜ ਚੋਣ ਕਮਿਸ਼ਨ ਨੇ ਆਪਣੇ ਦਫ਼ਤਰ ਐਸ.ਸੀ.ਓ. ਨੰਬਰ 49, ਸੈਕਟਰ 17-ਈ, ਚੰਡੀਗੜ੍ਹ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਨੰਬਰ ਸ਼ੁਰੂ ਕੀਤਾ ਗਿਆ ਹੈ। ਜਿੱਥੇ ਹਰ ਰੋਜ਼ ਸਵੇਰੇ 8.30 ਤੋਂ ਰਾਤ 9 ਵਜੇ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਹਨ। ਕੰਟਰੋਲ ਰੂਮ ਨਾਲ ਸੰਪਰਕ ਕਰਨ ਲਈ ਲੋਕਾਂ ਨੂੰ ਲੈਂਡਲਾਈਨ ਨੰਬਰ 0172-2771326 ‘ਤੇ ਕਾਲ ਕਰਨੀ ਪਵੇਗੀ। ਇਸ ਤੋਂ ਇਲਾਵਾ ਵਿਭਾਗ ਦੀ ਵੈੱਬਸਾਈਟ ‘ਤੇ ਵੀ ਜਾਣਕਾਰੀ ਅਪਲੋਡ ਕੀਤੀ ਗਈ ਹੈ।

ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ, 170 ਪਟੀਸ਼ਨਾਂ ਕੀਤੀਆਂ ਗਈਆਂ ਦਾਇਰ Read More »

ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਅਤਿਆਧੁਨਿਕ ਬਣਾਉਣ ਲਈ ਦੇਸ਼ ਦੀਆਂ ਨੰਬਰ 1 ਗੱਡੀਆਂ ਕੀਤੀਆਂ

ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਵਿਚ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਉਪਰਾਲੇ ਕੀਤੇ ਹਨ। ਆਧੁਨਿਕ ਸਮੇਂ ਦੀ ਲੋੜ ਮੁਤਾਬਿਕ ਪੰਜਾਬ ਪੁਲਿਸ ਨੂੰ ਨਵੇਂ ਹਥਿਆਰ, ਬਾਡੀ ਕੈਮਰੇ, ਨਵੀਆਂ ਗੱਡੀਆਂ ਨਾਲ ਲੈਸ ਕੀਤਾ ਗਿਆ ਹੈ। ਮਾਨ ਸਰਕਾਰ ਨੇ ਪੰਜਾਬ ਪੁਲਿਸ ਦੇ ਬੇੜੇ ਵਿੱਚ ਨਵੀਆਂ EVR ਗੱਡੀਆਂ ਸ਼ਾਮਲ ਕੀਤੀਆਂ ਹਨ। ਜਿਹਨਾਂ ਵਿੱਚ ਅਰਟਿਗਾ ਅਤੇ ਮਾਰੂਤੀ ਕਾਰਾਂ ਸ਼ਾਮਲ ਹਨ। ਮਾਰੂਤੀ ਕਾਰਾਂ ਨੂੰ ਛੋਟੀਆਂ ਗਲੀਆਂ ਵਿਚੋਂ ਲੰਘਾਉਣਾ ਆਸਾਨ ਹੁੰਦਾ ਹੈ। ਜਿਸ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਗਿਆ ਹੈ। ਪੁਲਿਸ ਨੂੰ ਆਧੁਨਿਕ ਹਥਿਆਰਾਂ ਨਾਲ ਵੀ ਲੈਸ ਕੀਤਾ ਗਿਆ ਹੈ ਤਾਂ ਕਿ ਪੁਲਿਸ ਦੁਸ਼ਮਣਾਂ ਨੂੰ ਠੋਕਵਾਂ ਜਵਾਬ ਦੇਵੇ। ਭਗਵੰਤ ਸਿੰਘ ਮਾਨ ਸਰਕਾਰ ਨੇ ਸੜਕ ਦੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਫੋਰਸ ਦਾ ਗਠਨ ਕੀਤਾ ਹੈ। ਸੂਬੇ ਵਿੱਚ ਹਰ ਸਾਲ ਸੜਕ ਹਾਦਸਿਆਂ ’ਚ ਜਾਨ ਵਾਲੀਆਂ ਤਕਰੀਬਨ ਤਿੰਨ ਹਜ਼ਾਰ ਮਨੁੱਖੀ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੀ ਪਹਿਲੀ ‘ਸੜਕ ਸੁਰੱਖਿਆ ਫੋਰਸ’ ਦੇ ਹਾਈ-ਟੈੱਕ ਵਾਹਨਾਂ ਨੂੰ ਝੰਡੀ ਵਿਖਾਈ। ਸੜਕ ਸੁਰੱਖਿਆ ਫੋਰਸ ਬਾਰੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਸਮਰਿਪਤ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਜਿਸ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ। ਸੜਕ ਫੋਰਸ ਦੇ ਗਠਨ ਨਾਲ ਪੁਲਿਸ ਦੇ ਜਵਾਨ ਆਪਣੀ ਡਿਊਟੀ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਅ ਰਹੇ ਹਨ। ਜਿਹੜੇ ਵਾਹਨ ਇਸ ਫੋਰਸ ਨੂੰ ਦਿੱਤੇ ਗਏ ਹਨ, ਉਹ ਦੁਨੀਆ ਭਰ ਦੇ ਸਭ ਤੋਂ ਵਧੀਆ ਵਾਹਨਾਂ ਵਿੱਚੋਂ ਇੱਕ ਹਨ। ਪੰਜਾਬ ਸਰਕਾਰ ਵੱਲੋਂ ਲੁਧਿਆਣੇ ਜ਼ਿਲ੍ਹੇ ਵਿਚ ਸੀਸੀਟੀਵੀ ਕੈਮਰੇ, ਨਵੀਆਂ ਗੱਡੀਆਂ, ਬਾਡੀ ਕੈਮਰੇ ਅਤੇ ਹੋਰ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਜਿਸ ਨਾਲ ਸ਼ਰਾਰਤੀ ਅਨਸਰਾਂ ਦੀਆਂ ਗਤੀਵਿਧੀਆਂ ‘ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਵਿਚ ਗੈਂਗਸਟਰਾਂ, ਨਸ਼ਾ ਤਸਕਰਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਕੋਲ ਆਧੁਨਿਕ ਹਥਿਆਰ ਮੁਹੱਈਆਂ ਵੀ ਕਰਵਾਏ ਗਏ ਹਨ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਸਰਹੱਦ ਉਤੇ ਹੋ ਰਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਬੀਐਸਐਫ ਨਾਲ ਸਾਂਝੇ ਮੁਹਿੰਮ ਚਲਾਈਆਂ ਗਈਆਂ ਹਨ। ਡਰੋਨ ਰਾਹੀਂ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਅਹਿਮ ਯੋਗਦਾਨ ਪਾ ਰਹੀ ਹੈ। ਪਿਛਲੇ ਸਾਲ 2023 ਵਿਚ 107 ਡਰੋਨ ਸਾਂਝੇ ਆਪਰੇਸ਼ਨ ਵਿਚ ਬਰਾਮਦ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਨੇ ਦੱਸਿਆ ਕਿ ਪੰਜਾਬ ਪੁਲਿਸ ਨੂੰ ਹਾਈਟੈਕ ਅਤੇ ਹੋਰ ਵੀ ਐਕਟਿਵ ਬਣਾਉਣ ਲਈ ਆਧੁਨਿਕ ਉਪਕਰਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ।

ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਅਤਿਆਧੁਨਿਕ ਬਣਾਉਣ ਲਈ ਦੇਸ਼ ਦੀਆਂ ਨੰਬਰ 1 ਗੱਡੀਆਂ ਕੀਤੀਆਂ Read More »

ਅਥਲੈਟਿਕ ਚੈਂਪੀਅਨਸ਼ਿਪ ਵਿੱਚ ਪੰਜ ਤਗ਼ਮੇ ਜਿੱਤੇ

ਲੰਬੀ, 3 ਅਕਤੂਬਰ – ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਬਾਦਲ ਦੇ ਖਿਡਾਰੀਆਂ ਨੇ ਚੰਡੀਗੜ੍ਹ ਵਿੱਚ ਹੋਈ ਸੀਬੀਐੱਸਈ ਕਲਸਟਰ ਦੀ 17ਵੀਂ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਗਮਿਆਂ ਸਣੇ ਕੁੱਲ ਪੰਜ ਤਗ਼ਮੇ ਜਿੱਤੇ ਹਨ। ਸਕੂਲ ਦੇ ਪ੍ਰਿੰਸੀਪਲ ਪੁਸ਼ਪੇਂਦਰ ਕੁਮਾਰ ਰਾਣਾ ਨੇ ਦੱਸਿਆ ਕਿ ਸਕੂਲ ਦੀ ਖਿਡਾਰਨ ਗਰੀਮਾ ਸਿੰਘ ਨੇ 4×100 ਮੀਟਰ ਰਿਲੇ ਦੌੜ ਵਿੱਚ ਸੋਨੇ ਤਗ਼ਮਾ ਜਿੱਤਿਆ। ਪ੍ਰਿਆ ਨੇ ਭਾਲਾ ਸੁੱਟਣ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਪਾਇਲ ਨੇ 200 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਲੰਬੀ ਛਾਲ ਵਿੱਚ ਗਰੀਮਾ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਰਾਖੀ ਨੇ 100 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਸਕੂਲ ਦੀ ਰਿਲੇ ਟੀਮ ਪ੍ਰਿਆ, ਪਾਇਲ, ਰਾਖੀ ਦੇ ਇਲਾਵਾ ਹਰਮੀਤ ਸਿੰਘ ਨੇ ਸ਼ਾਟ ਪੁੱਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਸਾਰੇ ਖਿਡਾਰੀ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਲਈ ਚੁਣੇ ਗਏ ਹਨ। ਪ੍ਰਿੰਸੀਪਲ ਨੇ ਕਿਹਾ ਕਿ ਖਿਡਾਰੀਆਂ ਨੇ ਮਿਹਨਤ ਅਤੇ ਲਗਨ ਦੇ ਨਾਲ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਸੁਖਬੀਰ ਸਿੰਘ ਬਾਦਲ, ਡਾਇਰੈਕਟਰ ਕਰਨਲ ਸੁਧਾਂਸ਼ੂ ਆਰਿਆ ਅਤੇ ਸਕੂਲ ਦੇ ਸਕੱਤਰ ਗੁਰਚਰਨ ਸਿੰਘ ਨੇ ਵੀ ਜੇਤੂਆਂ ਨੂੰ ਵਧਾਈ ਦਿੱਤੀ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਖਿਡਾਰੀਆਂ ਅਤੇ ਸਕੂਲ ਨੂੰ ਇਸ ਵੱਡੀ ਉਪਲਬਧੀ ’ਤੇ ਵਧਾਈ ਦਿੱਤੀ।

ਅਥਲੈਟਿਕ ਚੈਂਪੀਅਨਸ਼ਿਪ ਵਿੱਚ ਪੰਜ ਤਗ਼ਮੇ ਜਿੱਤੇ Read More »

ਸੇਬੀ ਦੀ ਸਖ਼ਤੀ

ਸ਼ੇਅਰ ਬਾਜ਼ਾਰ ਉਪਰ ਨਿਗਰਾਨੀ ਰੱਖਣ ਵਾਲੀ ਸੰਸਥਾ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਵਲੋਂ ਨਿਵੇਸ਼ਕਾਂ ਲਈ ਨੇਮ ਸਖ਼ਤ ਕਰਨ ਦੀ ਪਹਿਲਕਦਮੀ ਸੱਟਾ ਬਾਜ਼ਾਰ ਵਿਚ ਝਟਪਟ ਪੈਸਾ ਬਣਾਉਣ ਦੀ ਲਲਕ ਉਪਰ ਕਾਬੂ ਪਾਉਣ ਦਾ ਵਿਹਾਰਕ ਕਦਮ ਹੈ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਲੱਖਾਂ ਦੀ ਤਾਦਾਦ ਵਿਚ ਸਿਖਾਂਦਰੂ ਕਾਰੋਬਾਰੀ ਵਾਅਦਾ ਅਤੇ ਸੱਟਾ ਬਾਜ਼ਾਰ ਵਿਚ ਕੁੱਦ ਕੇ ਆਪਣੀ ਵਿੱਤੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਲੈਂਦੇ ਹਨ ਤੇ ਅਕਸਰ ਉਹ ਇਸ ਨੂੰ ਆਨਲਾਈਨ ਕੈਸੀਨੋਆਂ ਵਾਂਗ ਹੀ ਸਮਝਣ ਲੱਗ ਪੈਂਦੇ ਹਨ। ਭਾਰਤ ਇਸ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਸੱਟਾ ਬਾਜ਼ਾਰ ਬਣ ਗਿਆ ਹੈ। ਸੇਬੀ ਦੇ ਹਾਲੀਆ ਅਧਿਐਨ ਵਿਚ ਇਸ ਦੇ ਨਾਂਹ ਮੁਖੀ ਸਿੱਟਿਆਂ ਵੱਲ ਇਸ਼ਾਰਾ ਕੀਤਾ ਗਿਆ ਸੀ। ਪਿਛਲੇ ਤਿੰਨ ਵਿੱਤੀ ਸਾਲਾਂ ਦੌਰਾਨ ਵਿਅਕਤੀਗਤ ਬਦਲਾਂ ਵਿਚਲੇ ਕਰੀਬ 93 ਫੀਸਦ ਨਿਵੇਸ਼ਕਾਂ ਨੂੰ ਬਹੁਤ ਜਿ਼ਆਦਾ ਜੋਖ਼ਮ ਪਰ ਮੁਨਾਫ਼ੇ ਵਾਲੇ ਬਾ਼ਜ਼ਾਰ ਵਿਚ ਔਸਤਨ ਪ੍ਰਤੀ ਨਿਵੇਸ਼ਕ ਦੋ ਲੱਖ ਰੁਪਏ ਤੱਕ ਦਾ ਨੁਕਸਾਨ ਉਠਾਉਣਾ ਪਿਆ ਹੈ। ਨਿਗਰਾਨ ਸੰਸਥਾ ਨੇ ਹੁਣ ਐਂਟਰੀ ਰੋਕਾਂ ਵਧਾ ਦਿੱਤੀਆਂ ਹਨ ਅਤੇ ਪ੍ਰਚੂਨ ਨਿਵੇਸ਼ਕਾਂ ਨੂੰ ਸੱਟਾ ਬਾਜ਼ਾਰ ਦੇ ਜਿ਼ਆਦਾ ਜੋਖ਼ਮ ਭਰਪੂਰ ਸੌਦਿਆਂ ਤੋਂ ਲਾਂਭੇ ਰੱਖਣ ਲਈ ਕਾਰੋਬਾਰ ਹੁਣ ਵਧੇਰਾ ਮਹਿੰਗਾ ਬਣਾ ਦਿੱਤਾ ਹੈ। ਸੇਬੀ ਦਾ ਕਹਿਣਾ ਹੈ ਕਿ ਇਨ੍ਹਾਂ ਕਦਮਾਂ ਨਾਲ ਛੋਟੇ ਕਾਰੋਬਾਰੀਆਂ ਦੀ ਸੁਰੱਖਿਆ ਵਧੇਗੀ ਅਤੇ ਇਸ ਦੇ ਨਾਲ ਹੀ ਬਾਜ਼ਾਰ ਦੀ ਸਥਿਰਤਾ ਵੀ ਵਧੇਗੀ। ਚਿੰਤਾ ਦੀ ਗੱਲ ਇਹ ਹੈ ਕਿ ਨੁਕਸਾਨ ਉਠਾ ਚੁੱਕੇ ਤਿੰਨ ਚੌਥਾਈ ਕਾਰੋਬਾਰੀ ਅਜੇ ਵੀ ਇਨ੍ਹਾਂ ਬਾਜ਼ਾਰਾਂ ਵਿਚ ਸਰਗਰਮ ਹਨ। ਸੱਟੇਬਾਜ਼ੀ ਲਈ ਘਰੇਲੂ ਬੱਚਤਾਂ ਨੂੰ ਦਾਅ ਉਪਰ ਲਾਏ ਜਾਣ ਬਾਬਤ, ਭਾਰਤੀ ਰਿਜ਼ਰਵ ਬੈਂਕ ਸਮੇਤ ਵੱਖ-ਵੱਖ ਧਿਰਾਂ ਵਲੋਂ ਖਦਸ਼ੇ ਜ਼ਾਹਿਰ ਕੀਤੇ ਜਾਣ ਤੋਂ ਬਾਅਦ ਹੀ ਸੇਬੀ ਨੇ ਇਹ ਕਦਮ ਪੁੱਟਿਆ ਸੀ। ਮਾਹਿਰਾਨਾ ਕਮੇਟੀ ਦੇ ਸੁਝਾਏ ਗਏ ਕਦਮਾਂ ਉਪਰ ਅਮਲ ਹੋਣ ਨਾਲ ਤਵੱਕੋ ਕੀਤੀ ਜਾਂਦੀ ਹੈ ਕਿ ਬੇਤਹਾਸ਼ਾ ਸੱਟੇਬਾਜ਼ੀ ਨੂੰ ਲਗਾਮ ਲੱਗੇਗੀ, ਖਾਸਕਰ ਅਜਿਹੀ ਸੱਟੇਬਾਜ਼ੀ ਨੂੰ ਜਿਸ ਵਿਚ ਵਡੇਰੇ ਘਾਟਿਆਂ ਨੂੰ ਸਮੋਣ ਦੀ ਕਾਬਲੀਅਤ ਉੱਕਾ ਹੀ ਨਹੀਂ ਹੁੰਦੀ। ਕੁਝ ਕੁ ਤਬਦੀਲੀਆਂ ਦਾ ਅਮਲ 20 ਨਵੰਬਰ ਤੋਂ ਸ਼ੁਰੂ ਹੋ ਜਾਵੇਗਾ। ਸ਼ੇਅਰ ਬਾਜ਼ਾਰ ਵਿਚ ਜਿਵੇਂ ਚੜ੍ਹਤ ਦਾ ਮਾਹੌਲ ਬਣਿਆ ਹੋਇਆ ਹੈ, ਉਸ ਨੂੰ ਦੇਖ ਕੇ ਬਹੁਤ ਸਾਰੇ ਮੱਧਵਰਗੀ ਪਰਿਵਾਰਾਂ ਨੇ ਆਪਣੀਆਂ ਬੱਚਤਾਂ ਦਾ ਪੈਸਾ ਸ਼ੇਅਰ ਬਾਜ਼ਾਰ ਵਿਚ ਲਗਾਇਆ ਹੋਇਆ ਹੈ। ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਜਿ਼ਆਦਾਤਰ ਨਿਵੇਸ਼ਕ ਛੋਟੇ ਸ਼ਹਿਰਾਂ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ। ਇਸ ਪ੍ਰਸੰਗ ਵਿਚ ਸਮੱਸਿਆ ਇਹ ਹੈ ਕਿ ਅਣਜਾਣ ਅਤੇ ਘੱਟ ਪੜ੍ਹੇ ਲਿਖੇ ਨਿਵੇਸ਼ਕ ਪ੍ਰਚੂਨ ਸੱਟੇਬਾਜ਼ੀ ਮਾਫੀਆ ਦਾ ਸ਼ਿਕਾਰ ਬਣ ਰਹੇ ਹਨ। ਇਸ ਕਰ ਕੇ ਸੇਬੀ ਨੇ ਜੋ ਦਖ਼ਲ ਦਿੱਤਾ ਹੈ, ਉਹ ਸਹੀ ਦਿਸ਼ਾ ਵਿਚ ਕਦਮ ਕਿਹਾ ਜਾ ਸਕਦਾ ਹੈ।

ਸੇਬੀ ਦੀ ਸਖ਼ਤੀ Read More »

ਬੀਬੀ ਜਗੀਰ ਕੌਰ ਨੇ ਅਕਾਲ ਤਖ਼ਤ ’ਤੇ ਸਪਸ਼ਟੀਕਰਨ ਸੌਂਪਿਆ

ਅੰਮ੍ਰਿਤਸਰ, 2 ਅਕਤੂਬਰ – ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਆਗੂ ਬੀਬੀ ਜਗੀਰ ਕੌਰ ਨੇ ਅੱਜ ਇੱਥੇ ਅਕਾਲ ਤਖ਼ਤ ਵਿਖੇ ਆਪਣਾ ਸਪਸ਼ਟੀਕਰਨ ਸੌਂਪ ਦਿੱਤਾ ਹੈ। ਉਨ੍ਹਾਂ ਆਪਣੇ ਖਿਲਾਫ਼ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਝੂਠੀ ਸ਼ਿਕਾਇਤ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇ 26 ਸਤੰਬਰ ਨੂੰ ਇੱਕ ਪੱਤਰ ਭੇਜ ਕੇ ਬੀਬੀ ਜਗੀਰ ਕੌਰ ਨੂੰ ਹਫ਼ਤੇ ਅੰਦਰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਸਨ। ਪੱਤਰ ਵਿੱਚ ਉਨ੍ਹਾਂ ’ਤੇ ਰੋਮਾਂ ਦੀ ਬੇਅਦਬੀ ਕਰਨ ਅਤੇ ਧੀ ਦੀ ਮੌਤ ਸਬੰਧੀ ਲੱਗੇ ਦੋਸ਼ਾਂ ਦਾ ਸਪਸ਼ਟੀਕਰਨ ਮੰਗਿਆ ਗਿਆ ਸੀ। ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਸਪਸ਼ਟੀਕਰਨ ਸੌਂਪਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਸ ਖਿਲਾਫ਼ ਆਈ ਇਹ ਸ਼ਿਕਾਇਤ ਝੂਠੀ ਤੇ ਬੇਬੁਨਿਆਦ ਹੈ ਜਿਸ ਬਾਰੇ ਪਹਿਲਾਂ ਪੜਤਾਲ ਕਰਵਾ ਲੈਣੀ ਚਾਹੀਦੀ ਸੀ ਅਤੇ ਪੰਜ ਸਿੰਘ ਸਾਹਿਬਾਨ ਨੂੰ ਇਸ ਬਾਰੇ ਵਿਚਾਰ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਤੱਥਾਂ ਦੇ ਉਲਟ ਇਹ ਸ਼ਿਕਾਇਤ ਅਕਾਲ ਤਖ਼ਤ ਦੀ ਮਾਣ-ਮਰਿਆਦਾ ਨੂੰ ਢਾਹ ਲਾਉਣ ਵਾਲੀ ਹੈ ਅਤੇ ਇਸ ਵਿੱਚ ਲਿਖੀ ਇਹ ਇਬਾਰਤ ਨੂੰ ਪੜ੍ਹ ਕੇ ਹਰ ਸਿੱਖ ਅਤੇ ਹਰ ਸਿੱਖ ਬੀਬੀ ਆਪਣੇ ਆਪ ਨੂੰ ਅਪਮਾਨਤ ਮਹਿਸੂਸ ਕਰ ਰਹੀ ਹੈ। ਦੱਸਣਯੋਗ ਹੈ ਕਿ ਬੀਬੀ ਜਗੀਰ ਕੌਰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਵਿੱਚ ਸ਼ਾਮਲ ਹਨ ਜਿਨਾਂ ਵੱਲੋਂ ਸ੍ਰੀ ਅਕਾਲ ਤਖਤ ’ਤੇ ਇੱਕ ਸ਼ਿਕਾਇਤ ਦੇ ਕੇ ਅਕਾਲੀ ਸਰਕਾਰ ਵੇਲੇ ਹੋਈਆਂ ਗ਼ਲਤੀਆਂ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਅਕਾਲ ਤਖ਼ਤ ਵੱਲੋਂ ਬੀਬੀ ਜਗੀਰ ਕੌਰ ਨੂੰ ਭੇਜੇ ਨੋਟਿਸ ਦਾ ਮਾਮਲਾ ਤੂਲ ਫੜ ਗਿਆ ਹੈ। ਸਿੱਖ ਵਿਦਵਾਨਾਂ ਨੇ ਇਸ ਨੋਟਿਸ ਨੂੰ ਔਰਤ ਜਾਤੀ ਦਾ ਅਪਮਾਨ ਦੱਸਦਿਆਂ ਨਿਖੇਧੀ ਕੀਤੀ ਹੈ। ਬਾਬਾ ਮੱਖਣ ਸ਼ਾਹ ਲੁਬਾਣਾ ਵੈੱਲਫੇਅਰ ਸੁਸਾਇਟੀ ਜਲੰਧਰ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਫਾਊਂਡੇਸ਼ਨ ਚੰਡੀਗੜ੍ਹ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਸਿੰਘ ਸਾਹਿਬ ਨੂੰ ਮਿਲ ਕੇ ਇਹ ਨੋਟਿਸ ਵਾਪਸ ਲੈਣ ਦੀ ਅਪੀਲ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਇਹ ਨੋਟਿਸ ਸਿਆਸੀ ਦਬਾਅ ਤੋਂ ਬਿਨਾਂ ਜਾਰੀ ਨਹੀਂ ਹੋ ਸਕਦਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਇਸ ਨੂੰ ਇਤਿਹਾਸਕ ਗ਼ਲਤੀ ਕਰਾਰ ਦਿੰਦਿਆਂ ਕਿਹਾ ਕਿ ਇਹ 300 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਹੈ ਕਿ ਜਾਤੀ ਕਾਰਨਾਂ ਕਰਕੇ ਕਿਸੇ ਸਿੱਖ ਬੀਬੀ ਨੂੰ ਅਕਾਲ ਤਖਤ ਸਾਹਿਬ ਪੇਸ਼ ਹੋਣ ਲਈ ਕਿਹਾ ਗਿਆ ਹੋਵੇ। ਉਧਰ, ਦਲ ਖਾਲਸਾ ਅਤੇ ਸਾਬਕਾ ਆਈਏਐੱਸ ਅਧਿਕਾਰੀ ਤੇ ਸਿੱਖ ਮਾਮਲਿਆਂ ਦੀ ਮਹਾਰਤ ਰੱਖਣ ਵਾਲੇ ਗੁਰਤੇਜ ਸਿੰਘ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਇਸ ਮਾਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਬੀਬੀ ਜਗੀਰ ਕੌਰ ਤੋਂ ਸਪੱਸ਼ਟੀਕਰਨ ਮੰਗਣ ਨੂੰ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਢਾਹ ਲਗਾਉਣ ਦੇ ਬਰਾਬਰ ਦੱਸਿਆ ਹੈ। ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ) ਅਤੇ ਪ੍ਰੀਤਮ ਸਿੰਘ ਰੁਪਾਲ ਨੇ ਇਸ ਵਰਤਾਰੇ ’ਤੇ ਚਿੰਤਾ ਜ਼ਾਹਿਰ ਕੀਤੀ ਹੈ।

ਬੀਬੀ ਜਗੀਰ ਕੌਰ ਨੇ ਅਕਾਲ ਤਖ਼ਤ ’ਤੇ ਸਪਸ਼ਟੀਕਰਨ ਸੌਂਪਿਆ Read More »

ਪਠਾਨਕੋਟ ਕਾਲਜ ਦੇ 259 ਐਮ.ਬੀ.ਬੀ.ਐਸ ਵਿਦਿਆਰਥੀਆਂ ਨੂੰ 7 ਅਕਤੂਬਰ ਤੱਕ ਹੋਰ ਮੈਡੀਕਲ ਕਾਲਜਾਂ ’ਚ ਕਰੇਗੀ ਸ਼ਿਫਟ

ਪਠਾਨਕੋਟ, 3 ਅਕਤੂਬਰ – ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ (BFUHS), ਫਰੀਦਕੋਟ, ਪਠਾਨਕੋਟ ਦੇ ਵਾਈਟ ਮੈਡੀਕਲ ਕਾਲਜ ਅਤੇ ਹਸਪਤਾਲ (ਪੂਰਵ ਚਿੰਤਪੁਰਨੀ ਮੈਡੀਕਲ ਕਾਲਜ) ਦੇ 259 MBBS ਵਿਦਿਆਰਥੀਆਂ ਨੂੰ ਰਾਜ ਦੇ ਹੋਰ ਮੈਡੀਕਲ ਕਾਲਜਾਂ ਵਿੱਚ ਸ਼ਿਫਟ ਕਰੇਗੀ। ਇਨ੍ਹਾਂ ਵਿਦਿਆਰਥੀਆਂ ਨੂੰ 2021 ਅਤੇ 2022 ਸੈਸ਼ਨਾਂ ਵਿੱਚ ਦਾਖਲਾ ਦਿੱਤਾ ਗਿਆ ਸੀ। BFUHS ਨੇ ਇਹਨਾਂ ਵਿਦਿਆਰਥੀਆਂ ਨੂੰ ਔਨਲਾਈਨ ਕਾਉਂਸਲਿੰਗ ਪ੍ਰਕਿਰਿਆ ਰਾਹੀਂ ਐਡਜਸਟ ਕਰਨ ਲਈ ਚਾਰ ਸਰਕਾਰੀ ਕਾਲਜਾਂ ਸਮੇਤ ਅੱਠ ਮੈਡੀਕਲ ਕਾਲਜਾਂ ਵਿੱਚ 259 ਅਲੌਕਿਕ ਸੀਟਾਂ ਬਣਾਈਆਂ ਹਨ। ਪੰਜਾਬ ਸਰਕਾਰ ਦੇ ਆਦੇਸ਼ਾਂ ‘ਤੇ, 2022 ਸੈਸ਼ਨ ਵਿੱਚ ਐਮਬੀਬੀਐਸ ਕੋਰਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਚਾਰ ਸਰਕਾਰੀ ਸੰਸਥਾਵਾਂ ਸਮੇਤ ਅੱਠ ਮੈਡੀਕਲ ਕਾਲਜਾਂ ਵਿੱਚ ਤਬਦੀਲ ਕਰਨ ਲਈ 150 ਸੁਪਰਨਿਊਮਰਰੀ ਸੀਟਾਂ ਬਣਾਈਆਂ ਗਈਆਂ ਹਨ। 2021 ਵਿੱਚ ਵ੍ਹਾਈਟ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਲਈ ਤਿੰਨ ਸਰਕਾਰੀ ਕਾਲਜਾਂ ਸਮੇਤ ਸੱਤ ਮੈਡੀਕਲ ਕਾਲਜਾਂ ਵਿੱਚ 109 ਅਤਿਅੰਤ ਸੀਟਾਂ ਬਣਾਈਆਂ ਗਈਆਂ ਹਨ। BFUHS ਨੇ ਇੱਕ ਨੋਟੀਫਿਕੇਸ਼ਨ ਵਿੱਚ, ਵਿਦਿਆਰਥੀਆਂ ਨੂੰ ਸ਼ਿਫਟ ਕਰਨ ਲਈ ਔਨਲਾਈਨ ਕਾਉਂਸਲਿੰਗ ਲਈ ਸਮਾਂ-ਸਾਰਣੀ ਦਾ ਐਲਾਨ ਕੀਤਾ ਹੈ। ਵਿਦਿਆਰਥੀ 3 ਤੋਂ 5 ਅਕਤੂਬਰ ਤੱਕ ਕਾਲਜਾਂ ਦੀ ਪਸੰਦ ਚੁਣ ਸਕਦੇ ਹਨ। ਵਿਦਿਆਰਥੀਆਂ ਨੂੰ ਸੀਟਾਂ 7 ਅਕਤੂਬਰ ਨੂੰ ਅਲਾਟ ਕਰ ਦਿੱਤੀਆਂ ਜਾਣਗੀਆਂ। ਵਿਦਿਆਰਥੀਆਂ ਨੂੰ ਅਲਾਟ ਕੀਤੇ ਗਏ ਕਾਲਜਾਂ ਵਿੱਚ 8 ਤੋਂ 9 ਅਕਤੂਬਰ ਤੱਕ ਸੀਟਾਂ ਦੀ ਅਲਾਟਮੈਂਟ ਕਰਨੀ ਪਵੇਗੀ। BFUHS ਦੇ ਵਾਈਸ-ਚਾਂਸਲਰ ਡਾ: ਰਾਜੀਵ ਸੂਦ ਨੇ ਕਿਹਾ ਕਿ ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਨਿਰੀਖਣ ਦੌਰਾਨ ਵਾਈਟ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੀ ਘਾਟ ਪਾਈ। “ਇਥੋਂ ਤੱਕ ਕਿ ਫੈਕਲਟੀ ਦੀ ਵੀ ਘਾਟ ਸੀ। ਪਿਛਲੇ ਸਮੇਂ ਦੌਰਾਨ ਇਸੇ ਕਾਰਨਾਂ ਕਰ ਕੇ ਇਸ ਮੈਡੀਕਲ ਕਾਲਜ ਦੇ ਸਾਰੇ ਬੈਚਾਂ ਨੂੰ ਦੂਜੇ ਮੈਡੀਕਲ ਕਾਲਜਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਕਾਲਜ ਪ੍ਰਬੰਧਕਾਂ ਦੀਆਂ ਅਪੀਲਾਂ ਨੂੰ ਐਨਐਮਸੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਇਸ ਦੇ ਚੱਲਦਿਆਂ ਸੂਬਾ ਸਰਕਾਰ ਨੇ ਪਠਾਨਕੋਟ ਮੈਡੀਕਲ ਕਾਲਜ ਦੇ ਐਮਬੀਬੀਐਸ ਵਿਦਿਆਰਥੀਆਂ ਨੂੰ ਦੂਜੇ ਕਾਲਜਾਂ ਵਿੱਚ ਤਬਦੀਲ ਕਰਨ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ। ਵਿਦਿਆਰਥੀਆਂ ਨੂੰ ਸੀਟਾਂ ਅਲਾਟ ਕਰਨ ਲਈ BFUHS ਦੁਆਰਾ ਇੱਕ ਵਿਸ਼ੇਸ਼ ਕਾਉਂਸਲਿੰਗ ਕੀਤੀ ਜਾਵੇਗੀ ਤਾਂ ਜੋ ਉਹ ਆਪਣਾ ਬਾਕੀ ਕੋਰਸ ਪੂਰਾ ਕਰ ਸਕਣ। ਪੁਰਾਣਾ ਚਿੰਤਪੁਰਨੀ ਮੈਡੀਕਲ ਕਾਲਜ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਰਿਹਾ ਹੈ। ਕਾਲਜ ਦੀ ਸਥਾਪਨਾ 2011 ਵਿੱਚ ਕੀਤੀ ਗਈ ਸੀ ਪਰ ਨਿਰੀਖਣ ਤੋਂ ਬਾਅਦ 2017 ਵਿੱਚ ਬੰਦ ਹੋ ਗਿਆ ਕਿਉਂਕਿ ਇਹ ਬੁਨਿਆਦੀ ਢਾਂਚਾ ਅਤੇ ਫੈਕਲਟੀ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ। ਦਸੰਬਰ 2017 ਵਿੱਚ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ 2014 ਅਤੇ 2016 ਬੈਚਾਂ ਦੇ 249 ਐਮਬੀਬੀਐਸ ਵਿਦਿਆਰਥੀਆਂ ਨੂੰ ਰਾਜ ਦੇ ਅੱਠ ਮੈਡੀਕਲ ਕਾਲਜਾਂ ਵਿੱਚ ਤਬਦੀਲ ਕੀਤਾ ਗਿਆ ਸੀ। 2021 ਵਿੱਚ, ਚਿੰਤਪੁਰਨੀ ਮੈਡੀਕਲ ਕਾਲਜ ਨੂੰ ਵ੍ਹਾਈਟ ਮੈਡੀਕਲ ਕਾਲਜ ਅਤੇ ਹਸਪਤਾਲ ਵਜੋਂ ਦੁਬਾਰਾ ਬ੍ਰਾਂਡ ਕੀਤਾ ਗਿਆ ਸੀ। ਇਹ 2021 ਵਿੱਚ ਦੁਬਾਰਾ ਐਮਬੀਬੀਐਸ ਬੈਚ ਲਈ ਦਾਖਲੇ ਸਵੀਕਾਰ ਕਰਨ ਵਿੱਚ ਕਾਮਯਾਬ ਰਿਹਾ। 2022 ਵਿੱਚ ਵੀ 150 ਐਮਬੀਬੀਐਸ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਆਗਿਆ ਜਾਰੀ ਰਹੀ। ਮਈ, 2023 ਵਿੱਚ, BFUHS ਨੇ 2023-2024 ਸੈਸ਼ਨ ਲਈ ਆਪਣੀ ਮਾਨਤਾ ਅਸਥਾਈ ਤੌਰ ‘ਤੇ ਵਾਪਸ ਲੈ ਲਈ ਸੀ ਕਿਉਂਕਿ ਇਸ ਨੇ 17 ਫਰਵਰੀ, 2023 ਨੂੰ ਅਚਾਨਕ ਨਿਰੀਖਣ ਦੌਰਾਨ ਕਮੀਆਂ ਵੇਖੀਆਂ ਸਨ। ਨਿਰੀਖਣ ਦੌਰਾਨ, ਇਹ ਪਾਇਆ ਗਿਆ ਕਿ ਕਾਲਜ ਪਟੀਸ਼ਨਕਰਤਾਵਾਂ ਦੁਆਰਾ ਕੀਤੇ ਜਾ ਰਹੇ ਮੈਡੀਕਲ ਪੇਸ਼ੇਵਰ ਕੋਰਸ ਲਈ ਲੋੜੀਂਦੀ ਸਿੱਖਿਆ ਪ੍ਰਦਾਨ ਕਰਨ ਲਈ ਇਮਾਰਤ, ਕਲੀਨਿਕਲ ਸਮੱਗਰੀ ਅਤੇ ਅਧਿਆਪਨ ਫੈਕਲਟੀ ਦੇ ਰੂਪ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ। ਇਸ ਤੋਂ ਬਾਅਦ, NMC ਨੇ ਵਾਈਟ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਦਿੱਤੀ ਗਈ ਮਾਨਤਾ ਨੂੰ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਸਾਲ ਦੇ ਸ਼ੁਰੂ ਵਿੱਚ, ਹਾਈ ਕੋਰਟ ਨੇ NMC ਅਤੇ ਪੰਜਾਬ ਸਰਕਾਰ ਨੂੰ ਪਠਾਨਕੋਟ ਦੇ ਵਾਈਟ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਰੇ ਵਿਦਿਆਰਥੀਆਂ ਨੂੰ ਦੂਜੇ ਕਾਲਜਾਂ ਵਿੱਚ ਤਬਦੀਲ ਕਰਨ ਦੇ ਆਦੇਸ਼ ਦਿੱਤੇ ਸਨ। ਜੁਲਾਈ ਵਿੱਚ ਪਠਾਨਕੋਟ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੇ ਡਾਇਰੈਕਟਰ, ਮੈਡੀਕਲ ਸਿੱਖਿਆ ਅਤੇ ਖੋਜ, ਪੰਜਾਬ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੂੰ ਰਾਜ ਦੇ ਕੁਝ ਹੋਰ ਮਾਨਤਾ ਪ੍ਰਾਪਤ ਮੈਡੀਕਲ ਕਾਲਜਾਂ ਵਿੱਚ ਤਬਦੀਲ ਕਰਨ ਲਈ ਅਧਿਕਾਰੀਆਂ ਦੇ ਦਖਲ ਦੀ ਮੰਗ ਕੀਤੀ ਗਈ ਸੀ।

ਪਠਾਨਕੋਟ ਕਾਲਜ ਦੇ 259 ਐਮ.ਬੀ.ਬੀ.ਐਸ ਵਿਦਿਆਰਥੀਆਂ ਨੂੰ 7 ਅਕਤੂਬਰ ਤੱਕ ਹੋਰ ਮੈਡੀਕਲ ਕਾਲਜਾਂ ’ਚ ਕਰੇਗੀ ਸ਼ਿਫਟ Read More »

ਕੇਜਰੀਵਾਲ ਇਕ – ਦੋ ਦਿਨਾਂ ’ਚ ਖਾਲੀ ਕਰ ਦੇਣਗੇ ਮੁੱਖ ਮੰਤਰੀ ਨਿਵਾਸ

ਨਵੀਂ ਦਿੱਲੀ,  3 ਅਕਤੂਬਰ – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਿਵਲ ਲਾਈਨਜ਼ ਵਿੱਚ ਪੈਂਦੇ ‘ਫਲੈਗਸਟਾਫ ਰੋਡ’ ਉੱਤੇ ਸਥਿਤ ਦਿੱਲੀ ਦੇ ਮੁੱਖ ਮੰਤਰੀ ਦਾ ਅਧਿਕਾਰਤ ਨਿਵਾਸ ਅਗਲੇ ਇਕ-ਦੋ ਦਿਨਾਂ ਵਿੱਚ ਖਾਲੀ ਕਰ ਦੇਣਗੇ ਕਿਉਂਕਿ ਉਨ੍ਹਾਂ ਵਾਸਤੇ ਨਵੀਂ ਦਿੱਲੀ ਦੇ ਲੁਟੀਅਨਜ਼ ਇਲਾਕੇ ਵਿੱਚ ਰਿਹਾਇਸ਼ ਤੈਅ ਹੋ ਗਈ ਹੈ ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਰਹਿਣ ਲਈ ਆਉਣਗੇ। ਇਹ ਜਾਣਕਾਰੀ ਅੱਜ ਆਮ ਆਦਮੀ ਪਾਰਟੀ ਨੇ ਦਿੱਤੀ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਆਪਣੇ ਪਰਿਵਾਰ ਦੇ ਨਾਲ ਮੰਡੀ ਹਾਊਸ ਦੇ ਕੋਲ ਫਿਰੋਜ਼ ਸ਼ਾਹ ਰੋਡ ’ਤੇ ‘ਆਪ’ ਦੇ ਰਾਜ ਸਭਾ ਮੈਂਬਰਾਂ ਨੂੰ ਅਲਾਟ ਦੋ ਸਰਕਾਰੀ ਬੰਗਲਿਆਂ ਵਿੱਚੋਂ ਇਕ ’ਚ ਰਹਿਣ ਲਈ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਬੰਗਲੇ ਰਵੀਸ਼ੰਕਰ ਸ਼ੁਕਲਾ ਲੇਨ ਸਥਿਤ ‘ਆਪ’ ਹੈੱਡਕੁਆਰਟਰ ਤੋਂ ਕੁਝ ਹੀ ਮੀਟਰ ਦੂਰ ਹਨ।

ਕੇਜਰੀਵਾਲ ਇਕ – ਦੋ ਦਿਨਾਂ ’ਚ ਖਾਲੀ ਕਰ ਦੇਣਗੇ ਮੁੱਖ ਮੰਤਰੀ ਨਿਵਾਸ Read More »

ਅੱਜ ਕਿਸਾਨਾਂ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਰੋਕੀਆਂ ਜਾਣਗੀਆਂ ਰੇਲ ਗੱਡੀਆਂ, 35 ਥਾਵਾਂ ਤੇ ਕੀਤਾ ਜਾਵੇਗਾ ਚੱਕਾ ਜਾਮ

ਚੰਡੀਗੜ੍ਹ, 3 ਅਕਤੂਬਰ – ਪੰਜਾਬ ਤੇ ਹਰਿਆਣਾ ਵਿਚ ਅੱਜ ਕਿਸਾਨਾਂ ਵੱਲੋਂ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਇਹ ਐਲਾਨ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਗਠਨ ਵੱਲੋਂ ਕੀਤਾ ਗਿਆ ਹੈ। ਇਸ ਦੌਰਾਨ ਰੇਲ ਗੱਡੀਆਂ ਦੁਪਹਿਰ 12.30 ਤੋਂ 2 ਵਜੇ ਤਕ ਰੋਕੀਆਂ ਜਾਣਗੀਆਂ। ਕਿਸਾਨ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੇ ਹੋਰ ਮੁੱਦਿਆਂ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਵਲੋਂ ਪੰਜਾਬ ਦੇ 22 ਜ਼ਿਲ੍ਹਿਆਂ ਵਿਚ 35 ਥਾਵਾਂ ’ਤੇ ਅਤੇ ਹਰਿਆਣਾ ਦੇ ਇਕ  ਥਾਂ’ਤੇ ਰੇਲਗੱਡੀਆਂ ਰੋਕੀਆਂ ਜਾਣਗੀਆਂ। ਹੜਤਾਲ ਦੌਰਾਨ ਚੰਡੀਗੜ੍ਹ, ਅੰਬਾਲਾ, ਅੰਮ੍ਰਿਤਸਰ ਅਤੇ ਜੰਮੂ ਮਾਰਗ ਪ੍ਰਭਾਵਿਤ ਰਹਿਣਗੇ।

ਅੱਜ ਕਿਸਾਨਾਂ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਰੋਕੀਆਂ ਜਾਣਗੀਆਂ ਰੇਲ ਗੱਡੀਆਂ, 35 ਥਾਵਾਂ ਤੇ ਕੀਤਾ ਜਾਵੇਗਾ ਚੱਕਾ ਜਾਮ Read More »