ਟਰੂਡੋ ਇਕ ਵਾਰ ਫਿਰ ਸਰਕਾਰ ਬਚਾਉਣ ’ਚ ਸਫ਼ਲ

ਵਿਨੀਪੈੱਗ/ਵੈਨਕੂਵਰ, 3 ਅਕਤੂਬਰ – ਕੰਜ਼ਰਵੇਟਿਵਜ਼ ਇਕ ਵਾਰ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਡੇਗਣ ਵਿਚ ਨਾਕਾਮ ਰਹੇ ਹਨ। ਵਿਰੋਧੀ ਧਿਰ ਦੇ ਆਗੂ ਪੀਅਰੇ ਪੌਲੀਵਰ ਨੇ ਅੱਜ ਟਰੂਡੋ ਸਰਕਾਰ ਖਿਲਾਫ਼ ਹਾਊਸ ਆਫ਼ ਕਾਮਨਜ਼ ਵਿਚ ਮੁੜ ਬੇਭਰੋਸਗੀ ਮਤਾ ਰੱਖਿਆ ਸੀ। ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਤੇ ਬਲਾਕ ਕਿਊਬਕ ਨੇ ਬੇਭਰੋਸਗੀ ਮਤੇ ਦੇ ਖਿਲਾਫ਼ ਵੋਟ ਪਾਈ। ਮਤੇ ਦੇ ਵਿਰੋਧ ਵਿਚ 207 ਤੇ ਇਸ ਦੀ ਹਮਾਇਤ ਵਿਚ 120 ਵੋਟਾਂ ਪਈਆਂ। ਬਲਾਕ ਕਿਊਬਕ ਅਤੇ ਐੱਨਡੀਪੀ ਦੇ ਮੌਜੂਦਾ ਰੁਖ਼ ਦੇ ਮੱਦੇਨਜ਼ਰ ਹਾਲ ਦੀ ਘੜੀ ਨਵੇਂ ਸਿਰਿਓਂ ਆਮ ਚੋਣਾਂ ਹੋਣ ਦੀ ਫ਼ਿਲਹਾਲ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ। ਉਂਝ ਮਤੇ ’ਤੇ ਬਹਿਸ ਦੌਰਾਨ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਆਗੂ ਪੀਅਰੇ ਪੌਲੀਵਰ ਨੂੰ ਸਿਆਸੀ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਦੇ ਸਕਦੇ ਤੇ ਉਸ ਦੇ ਹਰ ਮਤੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਟੋਰੀ ਆਗੂ ਦੇ ਸਿਆਸੀ ਪਖੰਡਾਂ ਦੀ ਹਮਾਇਤ ਕਰਨਾ ਦੇਸ਼ ਵਾਸੀਆਂ ਨਾਲ ਧੋਖਾ ਹੈ।

ਐੱਨਡੀਪੀ ਵੱਲੋਂ ਲਿਬਰਲ ਸਰਕਾਰ ਨਾਲ ਹਮਾਇਤ ਸਮਝੌਤਾ ਰੱਦ ਕੀਤੇ ਜਾਣ ਤੋਂ ਬਾਅਦ ਪੌਲੀਵਰ ਨੇ ਪਿਛਲੇ ਮਹੀਨੇ ਟਰੂਡੋ ਸਰਕਾਰ ਖਿਲਾਫ਼ ਪਹਿਲੀ ਵਾਰ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ। ਐੱਨਡੀਪੀ ਤੇ ਬਲਾਕ ਕਿਊਬਾ ਨੇ ਹਾਲਾਂਕਿ ਉਦੋਂ ਵੀ ਮਤੇ ਦੇ ਵਿਰੋਧ ’ਚ ਵੋਟ ਪਾਈ ਸੀ। ਪੌਲੀਵਰ ਨੇ ਉਦੋਂ ਜਗਮੀਤ ਸਿੰਘ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ। ਕੈਨੇਡੀਅਨ ਪਾਰਲੀਮੈਂਟ ਦੀਆਂ 338 ਸੀਟਾਂ ਵਿੱਚੋਂ ਸੱਤਾਧਾਰੀ ਲਿਬਰਲਜ਼ ਕੋਲ 154, ਐੱਨਡੀਪੀ ਕੋਲ 25 ਅਤੇ ਬਲਾਕ ਕਿਊਬਕ ਕੋਲ 33 ਤੇ ਗ੍ਰੀਨ ਪਾਰਟੀ ਕੋਲ ਸਿਰਫ਼ ਦੋ ਸੀਟਾਂ ਹਨ। ਮੁੱਖ ਵਿਰੋਧੀ ਧਿਰ ਟੋਰੀਜ਼ ਕੋਲ 124 ਸੀਟਾਂ ਹਨ। ਕੰਜ਼ਰਵੇਟਿਵ ਪਾਰਟੀ ਤੀਜੀ ਕੋਸ਼ਿਸ਼ ਵਜੋਂ ਕ੍ਰਿਸਮਸ ਤੋਂ ਪਹਿਲਾਂ ਘੱਟੋ-ਘੱਟ ਇਕ ਹੋਰ ਬੇਭਰੋਸਗੀ ਮਤਾ ਸੰਸਦ ਵਿਚ ਲਿਆ ਸਕਦੀ ਹੈ। ਕੰਜ਼ਰਵੇਟਿਵ ਪਾਰਟੀ ਜਲਦੀ ਚੋਣਾਂ ਚਾਹੁੰਦੀ ਹੈ ਕਿਉਂਕਿ ਸਰਵੇਖਣਾਂ ਮੁਤਾਬਕ ਇਸ ਸਮੇਂ ਉਨ੍ਹਾਂ ਕੋਲ ਸਭ ਤੋਂ ਵੱਧ ਜਨ ਸਮਰਥਨ ਹੈ।

ਬਲਾਕ ਕਿਊਬਕ ਨੇ 29 ਤੱਕ ਦੀ ਮੋਹਲਤ ਦਿੱਤੀ

ਬਲਾਕ ਕਿਊਬਕ, ਜੋ ਕਿਊਬਿਕ ਸੂਬੇ ਦੀ ਆਜ਼ਾਦੀ ਚਾਹੁੰਦਾ ਹੈ, ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਬਜ਼ੁਰਗਾਂ ਦੀਆਂ ਪੈਨਸ਼ਨਾਂ ਵਧਾਉਣ ਦੇ ਬਦਲੇ ਘੱਟੋ-ਘੱਟ ਇਸ ਮਹੀਨੇ ਦੇ ਅੰਤ ਤੱਕ ਟਰੂਡੋ ਸਰਕਾਰ ਦੀ ਹਮਾਇਤ ਕਰੇਗੀ। ਬਲਾਕ ਕਿਊਬਕ ਨੇ ਲਿਬਰਲਾਂ ਨੂੰ ਹਮਾਇਤ ਦੇਣ ਬਦਲੇ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ 29 ਅਕਤੂਬਰ ਤੱਕ ਦੀ ਮੋਹਲਤ ਦਿੱਤੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਟਰੂਡੋ ਸਰਕਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਡਿੱਗਦੀ ਹੈ ਤਾਂ ਕਾਫ਼ੀ ਐੱਮਪੀ’ਜ਼ ਪੈਨਸ਼ਨਾਂ ਤੋਂ ਵਾਂਝੇ ਹੋ ਸਕਦੇ ਹਨ।

ਸਾਂਝਾ ਕਰੋ

ਪੜ੍ਹੋ