September 20, 2024

ਬਾਬਾ ਫਰੀਦ ਪੁਸਤਕ ਮੇਲਾ 2024 – ਵਿਧਾਇਕ ਸੇਖੋਂ ਨੇ ਪੁਸਤਕ ਮੇਲੇ ਦਾ ਕੀਤਾ ਆਗਾਜ਼

*ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡੀ.ਸੀ. ਤੇ ਡਾਇਰਕੈਟਰ ਜਸਵੰਤ ਜਫ਼ਰ ਨੇ ਕੀਤਾ ਮੇਲੇ ਦਾ ਆਗਾਜ਼ *ਗਿਆਨ ਦੇ ਦਾਇਰੇ ਨੂੰ ਵਿਸ਼ਾਲ ਕਰਨ ਲਈ ਸਹਿਤ ਦੀ ਸਿਰਜਨਾ ਜ਼ਰੂਰੀ-ਸੇਖੋਂ *ਦੁਨੀਆਂ ਦੇ ਮਹਾਨ ਗ੍ਰੰਥਾਂ ਦੀ ਰਚਨਾ ਪੰਜਾਬ ਵਿੱਚ ਹੋਈ-ਜਫ਼ਰ *ਕਿਤਾਬਾਂ ਜਿੰਦਗੀ ਦੇ ਵੱਖ ਵੱਖ ਖੇਤਰਾਂ ਵਿੱਚ ਕਰਦੀਆਂ ਹਨ ਸਾਡਾ ਮਾਰਗ ਦਰਸ਼ਨ-ਵਿਨੀਤ ਕੁਮਾਰ ਫਰੀਦਕੋਟ,20 ਸਤੰਬਰ( ਗਿਆਨ ਸਿੰਘ) – ਅੱਜ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੀ ਸ਼ੁਰੂਆਤ ਮੌਕੇ ਸਹਿਤ ਵਿਚਾਰ ਮੰਚ ਫਰੀਦਕੋਟ ਅਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਫਰੀਦਕੋਟ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਸਵ. ਡਾ. ਸੁਰਜੀਤ ਪਾਤਰ ਜੀ ਦੀ ਯਾਦ ਨੂੰ ਸਮਰਪਿਤ ਪੰਜ ਰੋਜਾ ਬਾਬਾ ਫਰੀਦ ਸਾਹਿਤ ਮੇਲੇ ਦਾ ਉਦਘਾਟਨ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਕੀਤਾ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਅਤੇ ਸ. ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਐਸ.ਡੀ.ਐਮ. ਕੋਟਕਪੂਰਾ ਮੈਡਮ ਵੀਰਪਾਲ ਕੌਰ, ਚੇਅਰਮੈਨ ਮਾਰਕਿਟ ਕਮੇਟੀ ਸ. ਅਮਨਦੀਪ ਬਾਬਾ ਵੀ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਵਿਧਾਇਕ ਸ. ਸੇਖੋਂ ਨੇ ਸਮੂਹ ਹਾਜ਼ਰੀਨ ਨੂੰ ਬਾਬਾ ਫਰੀਦ ਆਗਮਨ ਪੁਰਬ ਦੀ ਵਧਾਈ ਦਿੰਦਿਆਂ 5 ਰੋਜਾਂ ਪੁਸਤਕ ਮੇਲਾ ਸ਼ੁਰੂ ਕਰਨ ਲਈ ਸਾਹਿਤ ਮੰਚ ਦੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਗਿਆਨ ਵੱਖਰੇ ਵੱਖਰੇ ਸੰਚਾਰ ਸਾਧਨਾਂ ਤੋਂ ਪ੍ਰਾਪਤ ਕੀਤਾ ਜਾ ਰਿਹਾ ਹੈ ਪਰ ਕਿਤਾਬਾਂ ਅੱਜ ਵੀ ਸਾਡਾ ਮਾਰਗ ਦਰਸ਼ਨ ਕਰਕੇ ਸਾਡੇ ਗਿਆਨ ਦੇ ਸੋਮੇ ਨੂੰ ਹੋਰ ਭਰਪੂਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪੁਸਤਕ ਮੇਲੇ ਸਿੱਖਣ ਦੀ ਜਗਿਆਸਾ ਨੂੰ ਹੋਰ ਵਧਾਉਣ ਲਈ ਵੱਡਾ ਉਪਰਾਲਾ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜੋ ਲੋਕ ਕਿਤਾਬਾਂ ਪੜ੍ਹਨ ਦੀ ਰੁੱਚੀ ਰੱਖਦੇ ਹਨ, ਨੂੰ ਸਾਨੂੰ ਨਵੀਂ ਸੇਧ ਦੇਣ ਵਾਲੇ ਸਹਿਤ ਨੂੰ ਪੜਨਾ ਚਾਹੀਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ  ਕਿਹਾ ਕਿ ਸਾਨੂੰ ਸਭ ਨੂੰ ਆਪਣੇ ਸਮੇਂ ਵਿੱਚੋਂ ਕੁਝ ਸਮਾਂ ਕਿਤਾਬਾਂ ਨੂੰ ਦੇਣਾ ਚਾਹੀਦਾ ਹੈ ਕਿਉਂ ਕਿ ਕਿਤਾਬਾਂ ਹੀ ਮਨੁੱਖ ਦੀ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ ਜੋ ਜਿੰਦਗੀ ਦੇ ਵੱਖ ਵੱਖ ਖੇਤਰਾਂ ਵਿੱਚ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ। ਉਨ੍ਹਾਂ ਬਾਬਾ ਫਰੀਦ ਆਗਮਨ ਪੁਰਬ ਦੀ ਵਧਾਈ ਦਿੰਦਿਆ ਆਯੋਜਕ ਵੱਲੋਂ ਅਜਿਹੇ ਪੁਸਤਕ ਮੇਲੇ ਦਾ ਆਯੋਜਨ ਕਰਨ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਪੂਰੀ ਕੋਸ਼ਿਸ਼ ਕਰੇਗਾ ਕਿ ਅੱਗੇ ਤੋਂ ਪੂਰੇ ਭਾਰਤ ਦੇ ਕੋਨੇ ਕੋਨੇ ਤੋਂ ਸਾਹਿਤਕਾਰ ਇਸ ਮੇਲੇ ਵਿੱਚ ਆਉਣ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਪ੍ਰਸਿੱਧ ਸਹਿਤਕਾਰ ਡਾ. ਜਸਵੰਤ ਜ਼ਫ਼ਰ ਨੇ ਬਾਬਾ ਫਰੀਦ ਮੇਲੇ ਤੇ ਲਗਾਏ ਗਏ ਵਿਸ਼ਾਲ ਪੁਸਤਕ ਮੇਲੇ ਲਈ ਪ੍ਰਬੰਧਕਾਂ ਦੀ ਪ੍ਰਸ਼ੰਸ਼ਾ ਕੀਤੀ ਤੇ ਕਿਹਾ ਕਿ ਭਾਸ਼ਾ ਵਿਭਾਗ ਅਜਿਹੇ ਮੇਲਿਆਂ ਨੂੰ ਉਤਸ਼ਾਹਤ ਕਰਨ ਲਈ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਪੂਰੀ ਤਰ੍ਹਾਂ ਸਹਿਤ ਪ੍ਰੇਮੀ ਹਨ ਅਤੇ ਦੁਨੀਆ ਦੇ ਸਭ ਤੋਂ ਪਹਿਲੇ ਗਰੰਥ ਰਿਗਵੇਦ ਦੀ ਸਿਰਜਨਾ ਵੀ ਪੰਜਾਬ ਵਿੱਚ ਹੋਈ ਅਤੇ ਦੁਨੀਆ ਦੇ ਸਭ ਤੋਂ ਮਹਾਨ ਗਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਪੰਜਾਬ ਦੀ ਧਰਤੀ ਤੇ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਸ ਮਹਾਨ ਗ੍ਰੰਥ ਹਮੇਸ਼ਾ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ ਹਨ ਅਤੇ ਕਿਤਾਬਾਂ ਮਨੁੱਖ ਨੂੰ ਜੀਵਨ ਜਾਂਚ ਸਿਖਾਉਂਦੀਆਂ ਹਨ ਅਤੇ ਇਸ ਦੇ ਨਾਲ ਨਾਲ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੇ ਹਨ। ਇਸ ਮੌਕੇ ਜਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ ਨੇ ਦੱਸਿਆ ਕਿ ਪਿਛਲੇ ਸਾਲ ਲੱਗੇ ਬਾਬਾ ਫਰੀਦ ਪੁਸਤਕ ਮੇਲੇ ਵਿਚ ਲੋਕਾਂ ਨੇ 30 ਲੱਖ ਤੋਂ ਵਧੇਰੇ ਦੀਆਂ ਪੁਸਤਕਾਂ ਖਰੀਦੀਆਂ, ਜੋ ਉਨ੍ਹਾਂ ਦੇ ਸਹਿਤ ਪ੍ਰਤੀ ਲਗਨ ਤੇ ਪ੍ਰੇਮ ਨੂੰ ਦਰਸਾਉਂਦਾ ਹੈ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਸ੍ਰੀ ਜਸਬੀਰ ਜੱਸੀ ਵੱਲੋਂ ਨਿਭਾਈ ਗਈ। ਇਸ ਮੌਕੇ ਸਤਨਾਮ ਸਿੰਘ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ, ਅਮਨਪ੍ਰੀਤ ਸਿੰਘ ਪ੍ਰਧਾਨ, ਗੁਰਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ ਔਲਖ, ਸਤਵਿੰਦਰ ਸਿੰਘ, ਰਾਜਪਾਲ ਸਿੰਘ ਸੰਧੂ, ਸ਼ਿਵਜੀਤ ਸਿੰਘ ਸੰਘਾ, ਮਨਪ੍ਰੀਤ ਸਿੰਘ ਧਾਲੀਵਾਲ, ਕੁਮਾਰ ਜਗਦੇਵ ਸਿੰਘ, ਗੁਰਸੇਵਕ ਸਿੰਘ ਚਹਿਲ, ਨਿਮਰਤਪਾਲ ਸਿੰਘ ਢਿੱਲੋਂ, ਕਾਰਜ ਸਿੰਘ, ਵਿਕਾਸ ਗਰੋਵਰ, ਹਰਪ੍ਰੀਤ ਸਿੰਘ ਭਿੰਡਰ, ਸਚਦੇਵ ਸਿੰਘ ਗਿੱਲ, ਮਨਮਿੰਦਰ ਸਿੰਘ ਢਿੱਲੋਂ, ਹੁਸ਼ਿਆਰ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਸ਼ਮਨ ਸਿੰਘ ਸੰਘਾ, ਪ੍ਰਿੰਸੀਪਲ ਮਨਜੀਤ ਸਿੰਘ,ਕਰਨਲ ਬਰਬੀਰ ਸਿੰਘ ਸਰਾਂ,ਵਿਜੇ ਵਿਵੇਕ,ਗੁਰਮੀਤ ਕੜਿਆਲਵੀ,ਜਗਤਾਰ ਸਿੰਘ ਸੋਖੀ ਹਾਜ਼ਰ ਸਨ।

ਬਾਬਾ ਫਰੀਦ ਪੁਸਤਕ ਮੇਲਾ 2024 – ਵਿਧਾਇਕ ਸੇਖੋਂ ਨੇ ਪੁਸਤਕ ਮੇਲੇ ਦਾ ਕੀਤਾ ਆਗਾਜ਼ Read More »

ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅਲਿਮਕੋ ਵੱਲੋਂ ਲਗਾਏ ਤਿੰਨੋਂ ਕੈਂਪ ਸਫਲਤਾ ਪੂਰਵਕ ਸੰਪੰਨ

*ਧਰਮਕੋਟ ਵਿਖੇ ਲੱਗੇ ਤੀਸਰੇ ਅਲਿਮਕੋ ਅਸਿਸਮੈਂਟ ਕੈਂਪ ਵਿੱਚ 121 ਦਿਵਿਆਂਗਜਨਾਂ/ਬਜੁਰਗਾਂ ਦੀ ਅਸਿਸਮੈਂਟ ਧਰਮਕੋਟ, 20 ਸਤੰਬਰ(ਗਿਆਨ ਸਿੰਘ) – ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪਹਿਲਕਦਮੀ ਉੱਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੁਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਐਗਜਿਲਰੀ ਪ੍ਰੋਡਕਸ਼ਨ ਸੈਂਟਰ) ਵੱਲੋਂ ਸਰੀਰਕ ਤੌਰ ਉੱਤੇ ਅਪਾਹਜ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਫ਼ਤ ਮੁਹੱਈਆ ਕਰਵਾਉਣ ਲਈ ਅੱਜ ਤਿੰਨੋਂ ਅਸਿਸਮੈਂਟ-ਕਮ-ਰਜਿਸਟ੍ਰੇਸ਼ਨ ਕੈਂਪ ਸਫਲਤਾ-ਪੂਰਵਕ ਮੁਕੰਮਲ ਹੋ ਗਏ ਹਨ। ਆਖਰੀ ਕੈਂਪ ਧਰਮਕੋਟ ਦੇ ਕਮੇਟੀ ਘਰ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੋਗਾ ਦਫਤਰ ਦੇ ਨੁਮਾਇੰਦੇ ਨੇ ਦੱਸਿਆ ਅੱਜ ਦੇ ਇਸ  ਕੈਂਪ ਵਿੱਚ 121 ਦਿਵਿਆਂਗਜਨਾਂ ਤੇ ਬਜੁਰਗਾਂ ਦੀ ਅਲਿਮਕੋ ਦੇ ਮਾਹਿਰ ਡਾਕਟਰਾਂ ਵੱਲੋਂ ਵੱਖ-ਵੱਖ ਸਹਾਇਤਾ ਸਮੱਗਰੀ ਮੁਹੱਈਆ ਕਰਵਾਉਣ ਲਈ ਰਜਿਸਟ੍ਰੇਸ਼ਨ/ਅਸਿਸਮੈਂਟ ਕੀਤੀ ਗਈ। ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਦੌਰਾਨ ਰਜਿਸਟਰਡ ਕੀਤੇ ਗਏ ਸੀਨੀਅਰ ਸਿਟੀਜਨਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਹੁਣ ਜਲਦੀ ਹੀ ਟ੍ਰਾਈਸਾਈਕਲ, ਬਣਾਉਟੀ ਅੰਗ, ਐਨਕਾਂ, ਕੰਨਾਂ ਦੀਆਂ ਮਸ਼ੀਨਾਂ, ਬਲਾਈਂਡ ਪਰਸਨ ਲਈ ਮੋਬਾਇਲ ਫੋਨ, ਵੀਲ੍ਹ ਚੇਅਰ, ਫੌਹੜੀਆਂ, ਬਜੁਰਗਾਂ ਲਈ ਸਟਿਕ ਆਦਿ ਮੁਫ਼ਤ ਦੇਣ ਲਈ ਕੈਂਪ ਆਯੋਜਿਤ ਕੀਤੇ ਜਾਣਗੇ। ਜਿਕਰਯੋਗ ਹੈ ਕਿ ਪਹਿਲਾ ਕੈਂਪ ਮੋਗਾ ਵਿਖੇ ਅਤੇ ਦੂਸਰਾ ਕੈਂਪ ਨਿਹਾਲ ਸਿੰਘ ਵਾਲਾ ਵਿਖੇ ਆਯੋਜਿਤ ਕੀਤੀ ਗਿਆ ਸੀ ਜਿਸਦਾ ਵੀ ਭਾਰੀ ਗਿਣਤੀ ਵਿੱਚ ਯੋਗ ਲਾਭਪਾਤਰੀਆਂ ਨੇ ਲਾਹਾ ਲਿਆ।

ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅਲਿਮਕੋ ਵੱਲੋਂ ਲਗਾਏ ਤਿੰਨੋਂ ਕੈਂਪ ਸਫਲਤਾ ਪੂਰਵਕ ਸੰਪੰਨ Read More »

ਐੱਨ.ਐੱਸ.ਐੱਸ ਵਿਭਾਗ, ਰੈਡ ਰਿਬਨ ਕਲੱਬ,ਯੂਥ ਰੈੱਡ ਕਰਾਸ ਵੱਲੋਂ ਬ੍ਰਿਜਿੰਦਰਾ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ

*ਵਿਧਾਇਕ ਗੁਰਦਿੱਤ ਸਿੰਘ ਸੇਖੋਂ,ਡਿਪਟੀ ਕਮਿਸ਼ਨਰ ਨੇ ਕੀਤਾ ਕੈਂਪ ਦਾ ਉਦਘਾਟਨ ਫਰੀਦਕੋਟ 20 ਸਤੰਬਰ (ਗਿਆਨ ਸਿੰਘ) – ਬਾਬਾ ਫ਼ਰੀਦ ਆਗਮਨ ਪੁਰਬ-2024 ਨੂੰ ਸਮਰਪਿਤ, ਐੱਨ.ਐੱਸ.ਐੱਸ ਯੂਨਿਟ, ਰੈਡ ਰਿਬਨ ਕਲੱਬ, ਯੂਥ ਰੈੱਡ ਕਰਾਸ ਵੱਲੋਂ ਬ੍ਰਿਜਿੰਦਰਾ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਬ੍ਰਿਜਿੰਦਰਾ ਕਾਲਜ ਦੇ ਵਿਦਿਆਰਥੀਆਂ, ਆਮ ਲੋਕਾਂ ਵੱਲੋਂ ਵੱਧ ਚੜ੍ਹ ਕੇ ਖੂਨਦਾਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਕੀਤਾ। ਇਸ ਮੌਕੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਬੋਲਦਿਆਂ ਕਿਹਾ ਕਿ ਖੂਨਦਾਨ ਕਰਕੇ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ ਹਰ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ ਅਤੇ ਖੂਨਦਾਨ ਕਰਨ ਉਪਰੰਤ 48 ਘੰਟੇ ਬਾਅਦ ਹੀ ਖੂਨ ਦੇ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਜਿਥੇ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਬਖਸ਼ਦਾ ਹੈ ਉਥੇ ਹੀ ਖੂਨ ਦਾਨ ਕਰਨ ਵਾਲੇ ਮਨੁੱਖੀ ਸਰੀਰ ਨੂੰ ਕਈ ਲਾਭ ਪਹੁੰਚਾ ਸਕਦਾ ਹੈ । ਇਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਦੁਨੀਆ ਤੇ ਕੋਈ ਵੀ ਅਜਿਹੀ ਮਸ਼ੀਨ ਨਹੀਂ ਬਣੀ ਜਿਸ ਨਾਲ ਖੂਨ ਤਿਆਰ ਕੀਤਾ ਜਾ ਸਕੇ ਅਤੇ ਸਾਡੇ ਦੇਸ਼ ਵਿੱਚ ਰੋਜਾਨਾ ਹੁੰਦੇ ਹਾਦਸਿਆਂ ਕਾਰਨ ਅਨੇਕਾ ਲੋਕ ਜ਼ਿਆਦਾ ਖੂਨ ਵਹਿ ਜਾਣ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ । ਜੇਕਰ ਅਜਿਹੇ ਕੁਝ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਪ੍ਰਾਪਤ ਹੋ ਜਾਵੇ ਤਾਂ ਉਨ੍ਹਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ । ਉਨ੍ਹਾਂ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਅਤੇ ਐੱਨ.ਐੱਸ.ਐੱਸ ਵਿਭਾਗ, ਰੈਡ ਰਿਬਨ ਕਲੱਬ, ਯੂਥ ਰੈੱਡ ਕਰਾਸ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਂਘਾ ਵੀ ਕੀਤੀ ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਬ੍ਰਿਜਿੰਦਰਾ ਕਾਲਜ ਦੇ ਪ੍ਰਿੰਸੀਪਲ ਮਨਜੀਤ ਸਿੰਘ ਮੱਕੜ, ਪ੍ਰੋਗਰਾਮ ਅਫਸਰ ਹਿਮਾਂਸ਼ੂ ਨਾਗਪਾਲ, ਮੰਚ ਸੰਚਾਲਕ ਮਨਿੰਦਰ ਕੌਰ ਵਿਰਕ,  ਐੱਮ.ਸੀ ਵਿਜੇ ਛਾਬੜਾ, ਗੁਰਜੰਟ ਸਿੰਘ, ਚੀਮਾ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹਾਜ਼ਰ ਸਨ।

ਐੱਨ.ਐੱਸ.ਐੱਸ ਵਿਭਾਗ, ਰੈਡ ਰਿਬਨ ਕਲੱਬ,ਯੂਥ ਰੈੱਡ ਕਰਾਸ ਵੱਲੋਂ ਬ੍ਰਿਜਿੰਦਰਾ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ Read More »

ਸੈਂਟਰਲ ਵੈਲੀ ਪੰਜਾਬੀ ਸੁਸਾਇਟੀ ਵੱਲੋਂ ਖ਼ੂਬ ਰੌਣਕਾਂ ਲੱਗੀਆਂ- ਲੇਥਰੋਪ ਤੀਆਂ ਤੇ

ਰਿਪੋਰਟ ਅੱਜ ਦਾ ਪੰਜਾਬ, 20 ਸਤੰਬਰ – ਅੱਜ ਕੱਲ੍ਹ ਅਮਰੀਕਾ ਦੇ ਸੂਬੇ ਕੈਲੇਫੋਰਨੀਆਂ ਦੇ ਬਹੁਤੇ ਸ਼ਹਿਰਾਂ ਵਿੱਚ ਬੀਬੀਆਂ ਦਾ ਮਨੋਰੰਜਨ ਮੇਲਾ ‘ਤੀਆਂ ਦਾ ਮੇਲਾ’ ਨਾ ਹੇਠ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ। ਵਿਦੇਸ਼ੀ ਧਰਤੀ ‘ਤੇ ਕੰਮ ਕਰਦੀਆਂ ਬੀਬੀਆਂ ਮੌਸਮ, ਕੰਮ ਤੇ ਸਮੇਂ ਦੀ ਲੋੜ ਮੁਤਾਬਿਕ ਕੱਪੜੇ ਪਹਿਨਦੀਆਂ ਹਨ ਪਰ ਇਨ੍ਹਾਂ ਮੇਲਿਆਂ ਤੇ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰੰਗ ਵਿੱਚ ਰੰਗੀਆਂ ਦਿਖਾਈ ਦਿੰਦੀਆਂ ਹਨ। ਪੰਜਾਬੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ, ਪਜਾਮੀਆਂ, ਪਲਾਜ਼ੋ ਤੇ ਘੱਗਰੇ ਵੱਖਰਾ ਹੀ ਰੰਗ ਪੇਸ਼ ਕਰਦੇ ਹਨ। ਪੰਜਾਬੀ ਜੁੱਤੀਆਂ ਪੈਰਾਂ ‘ਚ ਚੀਕੂ-ਚੀਕੂ ਕਰਦੀਆਂ ਹਨ। ਕਲਿੱਪ ਝੁੰਮਰ , ਸੂਈਆਂ ਤੇ ਪਰਾਂਦੇ ਕਿਆ ਕਹਿਣਾ। ਗੱਲ ਕੀ ਢਾਈ ਕੁ ਸਾਲ ਦੀਆਂ ਬੱਚੀਆਂ ਤੋਂ ਲੈ ਕੇ 92 ਸਾਲ ਤੱਕ ਦੀਆਂ ਬੀਬੀਆਂ ਨੂੰ ਵਰ੍ਹੇ ਪਿੱਛੋਂ ਖੁੱਲ ਕੇ ਨੱਚਣ-ਟੱਪਣ ਦਾ ਦਿਨ ਮਿਲਦਾ ਹੈ। ਪੰਜਾਬੀ ਖਾਣਾ, ਪੰਜਾਬੀ ਗਾਣਾ ਤੇ ਪੰਜਾਬੀ ਨਾਚ-ਗਿੱਧਾ ਭੰਗੜਾ ਵੱਖਰਾ ਹੀ ਦ੍ਰਿਸ਼ ਪੇਸ਼ ਕਰਦੇ ਹਨ। ਇਸ ਸਾਲ ਪਹਿਲੀ ਵਾਰ ਕੈਲੇਫੋਰਨੀਆਂ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਲੇਥਰੋਪ ਵਿਖੇ ਇਹ ਮੇਲਾ ਲੱਗਿਆ। ਇਸਦਾ ਪ੍ਰਬੰਧ ਦੋ ਸਹੇਲੀਆਂ ਗਗਨ ਤੇ ਉਪਕਾਰ ਵੱਲੋਂ ਆਪਣੀਆਂ ਸਹਿਯੋਗਣਾਂ ਨਾਲ ਮਿਲ ਕੇ ਕੀਤਾ ਗਿਆ। ਖ਼ੂਬਸੂਰਤ ਹਾਲ ‘ਲੇਥਰੋਪ ਕਮਿਊਨਿਟੀ ਸੈਂਟਰ’। ਏ.ਸੀ. ਹਾਲ। ਖੁੱਲ੍ਹੀਆਂ ਸਟਾਲਾਂ, ਫੂਡ ਦੇ ਬੂਥ, ਗੋਲਗੱਪੇ ਤੇ ਕਰਾਰੇ ਲੱਡੂ ਕਿਆ ਕਹਿਣੇ। ਠੀਕ 11 ਵਜੇ ਆਸ਼ਾ ਸ਼ਰਮਾ ਨੇ ਸਟੇਜ ਸ਼ੁਰੂ ਕੀਤੀ। ਸੁਹਾਗ, ਘੋੜੀਆਂ, ਸਿੱਠਣੀਆਂ ਤੇ ਬੋਲੀਆਂ ਨਾਲ ਹਾਲ ਗੂੰਜ ਉਠਿਆ। ਫਿਰ ਇੱਕ ਤੋਂ ਵੱਧ ਕੇ ਇੱਕ ਪੇਸ਼ਕਾਰੀਆਂ ਹੋਈਆਂ। ਹਰਜੋਤ ਸੰਧੂ, ਵੱਸਦਾ ਪੰਜਾਬ,ਕੋਹਿਨੂਰ ਗਰੁੱਪ, ਸ਼ਹਿਜ਼ਾਦੇ ਭੰਗੜਾ, ਡਰੀਮ ਡਾਂਸ ਸਟੂਡੀਓ, ਨੱਚਦੀਆਂ ਮੁਟਿਆਰਾਂ, ਆਰ.ਪੀ, ਡੀ, ਕੂੰਜਾਂ, ਉਂਕਾਰ ਤੇ ਗਗਨ ਦੀ ਵਿਸੇਸ਼ ਆਇਟਮਸ, ਸੈਂਟਾ ਕਲਾਰਾ ਤੀਆਂ ਟੀਮ ਵੱਲੋਂ ਵਿਸ਼ੇਸ਼ ਪੇਸ਼ਕਾਰੀ, ਮੜਕ ਪੰਜਾਬਣਾਂ ਦੀ, ਡਿਊਟ ਮੀਨਾ ਤੇ ਬਲਵਿੰਦਰ, ਸੁੱਖੀ ਭੰਗਲ ਤੇ ਟੀਮ ਵੱਲੋਂ ਸਕਿੱਟ, ਨਿੱਕੀਆਂ ਨੱਚਦੀਆਂ ਮੁਟਿਆਰਾਂ, ਵਿਹੜਾ ਸ਼ਗਨਾਂ ਦਾ, ਸੋਹਣੀਆਂ ਸੁਨੱਖੀਆਂ (ਸੰਜਨਾ), ਨਾਜ਼ ਖਾਨ ਵੱਲੋਂ ਬਕਮਾਲ ਗੀਤ, ਧੀਆਂ ਘਰ ਦੀ ਰੌਣਕ ਤੇ ਲੇਥਰੋਪ ਗਿੱਧਾ। ਦਰਸ਼ਕ ਅਸ਼-ਅਸ਼ ਕਰ ਉੱਠੇ। ਲੇਥਰੋਪ ਦੇ ਮੇਅਰ ਸੋਨੀ ਧਾਲੀਵਾਲ ਅਤੇ ਮਨਟੀਕਾ ਦੇ ਮੇਅਰ ਗੈਰੀ ਸਿੰਘ ਵਿਸ਼ੇਸ਼ ਤੌਰ ਤੇ ਕੁਝ ਮਿੰਟਾਂ ਲਈ ਆਪਣੇ ਪਰਿਵਾਰ ਸਮੇਤ ਪਹੁੰਚੇ। ਪੈਮ ਦੇ ਚੇਅਰਮੈਨ ਟੋਨੀ ਧਾਲੀਵਾਲ ਤੇ ਉਹਨਾ ਦਾ ਪਰਿਵਾਰ ਵੀ। ਲੇਥਰੋਪ ਦੇ ਮੇਅਰ ਸੋਨੀ ਧਾਲੀਵਾਲ ਵੱਲੋਂ ਪ੍ਰਬੰਧਕ ਗਗਨ ਕੌਰ ਤੇ ਉਂਕਾਰ ਕੌਰ ਅਤੇ ਆਸ਼ਾ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਸਾਰੇ ਸਪਾਂਸਰਾਂ ਦੇ ਮਾਨ ਸਨਮਾਨ ਹੋਏ। ਫੋਟੋਗ੍ਰਾਫੀ ਦੀ ਰਾਜ ਬਡਵਾਲ, ਵੀਡੀਓ ਕਰਨ, ਡੀ.ਜੇ ਅਰਮਾਨ ਨੇ ਸੇਵਾ ਨਿਭਾਈ। ਜਿਥੇ ਗਗਨ ਤੇ ਉਪਕਾਰ ਵਧਾਈ ਦੀਆਂ ਪਾਤਰ ਹਨ, ਉਥੇ ਮੀਨਾ ਚੰਡੋਕ, ਰਿੰਪੀ ਤੇ ਬਿੰਦੂ ਦਾ ਵੀ ਵਿਸ਼ੇਸ਼ ਧੰਨਵਾਦ ਕਰਨਾ ਬਣਦਾ ਹੈ।

ਸੈਂਟਰਲ ਵੈਲੀ ਪੰਜਾਬੀ ਸੁਸਾਇਟੀ ਵੱਲੋਂ ਖ਼ੂਬ ਰੌਣਕਾਂ ਲੱਗੀਆਂ- ਲੇਥਰੋਪ ਤੀਆਂ ਤੇ Read More »

ਸੁਖਮਨੀ ਸਾਹਿਬ ਦੇ ਪਾਠ ਨਾਲ ਅੱਜ ਬਾਬਾ ਫਰੀਦ ਮੇਲੇ ਦੀ ਹੋਈ ਸ਼ੁਰੂਆਤ

*ਟਿੱਲਾ ਬਾਬਾ ਫਰੀਦ ਵਿਖੇ ਸਪੀਕਰ ਸੰਧਵਾਂ, ਵਿਧਾਇਕ ਫਰੀਦਕੋਟ, ਡੀ.ਸੀ, ਡੀ.ਆਈ.ਜੀ ਅਤੇ ਐਸ.ਐਸ.ਪੀ. ਹੋਏ ਨਤਮਸਤਕ ਫ਼ਰੀਦਕੋਟ, 20 ਸਤੰਬਰ( ਗਿਆਨ ਸਿੰਘ) – ਬਾਬਾ ਸ਼ੇਖ ਫ਼ਰੀਦ ਜੀ ਆਗਮਨ ਪੁਰਬ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਅਤੇ ਕੀਰਤਨ ਨਾਲ ਮੇਲੇ ਦਾ ਆਗਜ਼ ਹੋਇਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋ ਕੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ, ਡੀ.ਸੀ ਸ੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ. ਡਾ.ਪ੍ਰਗਿਆ ਜੈਨ, ਡੀ.ਆਈ.ਜੀ ਸ੍ਰੀ ਅਸ਼ਵਨੀ ਕੁਮਾਰ ਟਿੱਲਾ ਬਾਬਾ ਫਰੀਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਸਮਾਗਮ ਵਿੱਚ ਸ਼ਾਮਲ ਹੋ ਕੇ ਨਤਮਸਤਕ ਹੋਏ। ਸੰਗਤਾਂ ਨੂੰ ਸੰਬੋਧਨ ਹੁੰਦਿਆਂ ਸਪੀਕਰ ਸ.ਕੁਲਤਾਰ ਸਿੰਘ ਨੇ ਕਿਹਾ ਕਿ ਬਾਬਾ ਫਰੀਦ ਦੀ ਬਾਣੀ ਅੱਜ ਵੀ ਸਾਡਾ ਮਾਰਗ ਦਰਸ਼ਨ ਕਰਦੀ ਹੈ। ਸੰਸਾਰ ਵਿੱਚ ਬਾਬਾ ਫਰੀਦ ਨੂੰ ਸ਼ੱਕਰਗੰਜ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਦਾ ਮਤਲਬ ਹੈ, ਮਿਠਾਸ ਦਾ ਖਜ਼ਾਨਾ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਜ਼ੁਬਾਨ ਵਿੱਚ ਏਨੀ ਮਿਠਾਸ ਸੀ ਕਿ ਉਹ ਹਰ ਵਿਅਕਤੀ ਅਤੇ ਵਰਗ ਨੂੰ ਆਪਣੀ ਮਿਠਾਸ ਨਾਲ ਕੀਲ੍ਹ ਲੈਂਦੇ ਸਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਫ਼ਰੀਦ ਮੇਲੇ ਦਾ ਹਿੱਸਾ ਬਣਕੇ ਮਨੁੱਖਤਾ ਦੀ ਸੇਵਾ, ਸ਼ਹਿਰ ਦੀ ਸਫ਼ਾਈ ਆਦਿ ਦਾ ਵਿਸ਼ੇਸ਼ ਖਿਆਲ ਰੱਖਣ। ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ  ਸੇਖੋਂ ਨੇ ਸ਼ਹਿਰ ਵਾਸੀਆਂ ਨੂੰ ਬਾਬਾ ਫ਼ਰੀਦ ਆਗਮਨ ਪੁਰਬ ਦੀਆਂ ਵਧਾਈ ਦਿੰਦਿਆ ਕਿਹਾ ਕਿ ਬਾਬਾ ਫ਼ਰੀਦ ਜੀ ਮਹਾਨ ਸੂਫੀ ਸੰਤ ਸਨ ਜਿਨ੍ਹਾਂ ਦੀ ਬਾਣੀ ਸਾਨੂੰ ਮਾਨਸਿਕ, ਆਤਮਿਕ ਤੌਰ ਤੇ ਤ੍ਰਿਪਤ ਕਰਦੀ ਹੈ । ਉਨ੍ਹਾਂ ਕਿਹਾ ਕਿ ਬਾਬਾ ਫਰੀਦ ਇੱਕ ਦੂਰਦਰਸ਼ੀ ਅਤੇ ਵਿੱਲਖਣ ਪ੍ਰਤੀਭਾ ਦੇ ਮਾਲਕ ਸਨ। ਜਿੰਨਾ ਨੇ ਸਮਾਜ ਵਿੱਚ ਮਿੱਠਤ ਨਾਲ ਵਿਚਰਨ ਦਾ ਸੁਨੇਹਾ ਦਿੱਤਾ ਅਤੇ ਨਾਲ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਪਹਿਲੇ ਸੂਫੀ ਕਵੀ ਬਾਬਾ ਫਰੀਦ ਦੀ ਬਾਣੀ 851 ਸਾਲਾਂ ਬਾਅਦ ਵੀ ਲੋਕਾਂ ਦੇ ਜਹਿਨ ਵਿੱਚ ਉਸੇ ਹੀ ਤਾਕਤ ਨਾਲ ਗੂੰਜ ਰਹੀ ਹੈ ਅਤੇ ਹਿੰਦੂ ਸਿੱਖ ਮੁਸਲਮਾਨ ਅਤੇ ਹੋਰ ਵਰਗ ਦੇ ਲੋਕਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਸ ਵਾਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦੇ ਪਲਾਸਟਿਕ ਦੀ ਮੇਲੇ ਵਿੱਚ ਵਰਤੋਂ ਨਾ ਕੀਤੀ ਜਾਵੇ ਅਤੇ ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਮੌਕੇ ਸ. ਸੰਦੀਪ ਸਿੰਘ ਧਾਲੀਵਾਲ ਰਾਜ ਸੂਚਨਾ ਕਮਿਸ਼ਨ, ਬੇਅੰਤ ਕੌਰ ਪਤਨੀ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਨਰਿੰਦਰ ਸਿੰਘ ਨਿੰਦਾ,ਐਸ.ਪੀ ਜਸਮੀਤ ਸਿੰਘ, ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਿੰਦਰ ਮੋਹਨ, ਸਿਮਰਜੀਤ ਸਿੰਘ ਸੇਖੋਂ, ਪਲਇੰਦਰ ਸਿੰਘ ਸੇਖੋਂ ਤੋਂ ਇਲਾਵਾ ਬਾਬਾ ਫ਼ਰੀਦ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।

ਸੁਖਮਨੀ ਸਾਹਿਬ ਦੇ ਪਾਠ ਨਾਲ ਅੱਜ ਬਾਬਾ ਫਰੀਦ ਮੇਲੇ ਦੀ ਹੋਈ ਸ਼ੁਰੂਆਤ Read More »