September 20, 2024

ਸਰਹੱਦ ਨੇੜੇਉ ਚਾਰ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਭੇਜਿਆ ਵਾਪਸ

ਅਸਾਮ, 20 ਸਤੰਬਰ – ਅਸਾਮ ਦੇ ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਆਸਾਮ ਪੁਲਿਸ ਨੇ ਕਰੀਮਗੰਜ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਤੋਂ ਚਾਰ ਬੰਗਲਾਦੇਸ਼ੀਆਂ ਨੂੰ ਪਿੱਛੇ ਧੱਕ ਦਿੱਤਾ ਹੈ। ਸਰਮਾ ਨੇ ਦੱਸਿਆ ਕਿ ਇਸ ਮਹੀਨੇ ਹੁਣ ਤੱਕ ਕਰੀਬ 25 ਘੁਸਪੈਠੀਆਂ ਨੂੰ ਆਸਾਮ ਤੋਂ ਬੰਗਲਾਦੇਸ਼ ਵਾਪਸ ਭੇਜਿਆ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਟਵਿੱਟਰ ‘ਤੇ ਪੋਸਟ ਕੀਤਾ, “ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਸਖ਼ਤ ਚੌਕਸੀ ਰੱਖਦੇ ਹੋਏ ਅਸਾਮ ਪੁਲਿਸ ਨੇ ਕਰੀਮਗੰਜ ਵਿੱਚ ਸਰਹੱਦ ਦੇ ਨੇੜੇ ਚਾਰ ਬੰਗਲਾਦੇਸ਼ੀ ਨਾਗਰਿਕਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਦੀ ਪਛਾਣ ਰੋਮੀਦਾ ਬੇਗਮ, ਅਬਦੁਲ ਇਲਾਹੀ, ਮਾਰਿਜਨਾ ਬੇਗਮ ਅਤੇ ਅਬਦੁਲ ਸੁੱਕਕੁਰ ਵਜੋਂ ਹੋਈ ਹੈ। ਸਰਮਾ ਨੇ ਕਿਹਾ, “ਉਨ੍ਹਾਂ ਨੂੰ ਤੁਰੰਤ ਸਰਹੱਦ ਪਾਰ ਤੋਂ ਬੰਗਲਾਦੇਸ਼ ਭੇਜ ਦਿੱਤਾ ਗਿਆ। ਟੀਮ ਨੇ ਵਧੀਆ ਕੰਮ ਕੀਤਾ ਹੈ! ਇਸ ਮਹੀਨੇ ਕਰੀਬ 25 ਬੰਗਲਾਦੇਸ਼ੀਆਂ ਨੂੰ ਵਾਪਸ ਭੇਜਿਆ ਗਿਆ ਹੈ, ਜਦੋਂ ਕਿ ਗੁਆਂਢੀ ਦੇਸ਼ ਵਿੱਚ ਸਿਆਸੀ ਅਸ਼ਾਂਤੀ ਸ਼ੁਰੂ ਹੋਣ ਤੋਂ ਬਾਅਦ ਅਗਸਤ ਦੇ ਅੰਤ ਤੱਕ ਲਗਭਗ 50 ਨੂੰ ਵਾਪਸ ਭੇਜਿਆ ਗਿਆ ਸੀ। ਹੇਮੰਤਾ ਬਿਸਵਾ ਸਰਮਾ ਨੇ ਪਹਿਲਾਂ ਕਿਹਾ ਸੀ ਕਿ ਗੈਰ-ਕਾਨੂੰਨੀ ਪ੍ਰਵਾਸੀ ਕੱਪੜਾ ਉਦਯੋਗ ਵਿੱਚ ਕੰਮ ਕਰਨ ਲਈ ਦੱਖਣੀ ਸ਼ਹਿਰਾਂ ਤੱਕ ਪਹੁੰਚਣ ਲਈ ਅਸਮ ਦਾ ਇਸਤੇਮਾਲ ਕਰਦੇ ਹਨ। ਬੰਗਲਾਦੇਸ਼ ਵਿੱਚ ਅਸ਼ਾਂਤੀ ਤੋਂ ਬਾਅਦ ਬੀਐਸਐਫ ਨੇ ਉੱਤਰ-ਪੂਰਬ ਵਿੱਚ 1,885 ਕਿਲੋਮੀਟਰ ਲੰਬੀ ਭਾਰਤ-ਬੰਗਲਾਦੇਸ਼ ਸਰਹੱਦ ਦੇ ਨਾਲ ਆਪਣੀ ਚੌਕਸੀ ਵਧਾ ਦਿੱਤੀ ਹੈ। ਅਸਾਮ ਪੁਲਿਸ ਦੇ ਡਾਇਰੈਕਟਰ ਜਨਰਲ ਜੀ.ਪੀ. ਸਿੰਘ ਨੇ ਕਿਹਾ ਸੀ ਕਿ ਸੂਬਾ ਪੁਲਿਸ ਫੋਰਸ ਅੰਤਰਰਾਸ਼ਟਰੀ ਸਰਹੱਦ ‘ਤੇ ਵੀ ਹਾਈ ਅਲਰਟ ਬਣਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਗੈਰ-ਕਾਨੂੰਨੀ ਢੰਗ ਨਾਲ ਸੂਬੇ ‘ਚ ਦਾਖਲ ਨਾ ਹੋ ਸਕੇ।

ਸਰਹੱਦ ਨੇੜੇਉ ਚਾਰ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਭੇਜਿਆ ਵਾਪਸ Read More »

‘ਆਪ’ ਨੇ ਕੇਂਦਰ ਸਰਕਾਰ ਤੋਂ ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਦੀ ਕੀਤੀ ਮੰਗ

ਨਵੀਂ ਦਿੱਲੀ, 20 ਸਤੰਬਰ – ਆਮ ਆਦਮੀ ਪਾਰਟੀ (AAP) ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਕੇਂਦਰ ਸਰਕਾਰ ਤੋਂ ਸਰਕਾਰੀ ਰਿਹਾਇਸ਼ ਦੀ ਮੰਗ ਕੀਤੀ ਹੈ। ‘ਆਪ’ ਨੇਤਾ ਰਾਘਵ ਚੱਢਾ ਨੇ ਚੋਣ ਕਮਿਸ਼ਨ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਲਈ ਰਿਹਾਇਸ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਬਿਨਾਂ ਕਿਸੇ ਦੇਰੀ ਦੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ ਦਿੱਤੀ ਜਾਵੇ।  ਰਾਘਵ ਚੱਢਾ ਨੇ ਕਿਹਾ, ‘ਚੋਣ ਕਮਿਸ਼ਨ ਦੇ ਨਿਯਮਾਂ ਤਹਿਤ ਕਿਸੇ ਵੀ ਰਾਸ਼ਟਰੀ ਪਾਰਟੀ ਨੂੰ ਦੋ ਸਾਧਨ ਦਿੱਤੇ ਜਾਂਦੇ ਹਨ। ਜਿਸ ਵਿੱਚ ਪਹਿਲੇ ਨੰਬਰ ‘ਤੇ ਰਾਸ਼ਟਰੀ ਦਫਤਰ ਹੈ। ਇਸ ਤੋਂ ਇਲਾਵਾ ਕੌਮੀ ਪੱਧਰ ਦੀ ਪਾਰਟੀ ਦੇ ਕੌਮੀ ਕਨਵੀਨਰ ਨੂੰ ਸਰਕਾਰੀ ਰਿਹਾਇਸ਼ ਵੀ ਦਿੱਤੀ ਜਾਂਦੀ ਹੈ। ਇਸ ਲਈ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਰਿਹਾਇਸ਼ ਦਿੱਤੀ ਜਾਵੇ। ਇਸ ਤੋਂ ਪਹਿਲਾਂ ਗਾਜ਼ੀਆਬਾਦ ਦੇ ਕੌਸ਼ਾਂਬੀ ਵਿੱਚ ਰਹਿੰਦੇ ਸਨ ਕੇਜਰੀਵਾਲ  ਦਸੰਬਰ 2013 ‘ਚ ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੇਜਰੀਵਾਲ ਗਾਜ਼ੀਆਬਾਦ ਦੇ ਕੌਸ਼ੰਬੀ ਇਲਾਕੇ ‘ਚ ਰਹਿੰਦੇ ਸਨ। ਮੁੱਖ ਮੰਤਰੀ ਦੇ ਤੌਰ ‘ਤੇ ਉਹ ਮੱਧ ਦਿੱਲੀ ਦੇ ਤਿਲਕ ਲੇਨ ਸਥਿਤ ਇੱਕ ਘਰ ਵਿੱਚ ਰਹਿੰਦੇ ਸਨ। ਫਰਵਰੀ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਉੱਤਰੀ ਦਿੱਲੀ ਦੇ ਸਿਵਲ ਲਾਈਨ ਖੇਤਰ ਵਿੱਚ 6, ਫਲੈਗਸਟਾਫ ਰੋਡ ਸਥਿਤ ਰਿਹਾਇਸ਼ ਵਿੱਚ ਚਲੇ ਗਏ। ਕੱਲ੍ਹ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ ਆਤਿਸ਼ੀ  ਦੱਸ ਦੇਈਏ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਨੇ ਉਨ੍ਹਾਂ ਦੀ ਥਾਂ ‘ਤੇ ਆਤਿਸ਼ੀ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਚੁਣਿਆ ਹੈ। ਕੇਜਰੀਵਾਲ ਨੇ ਆਪਣਾ ਅਸਤੀਫਾ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਸੌਂਪ ਦਿੱਤਾ ਹੈ। ਇਸ ਦੇ ਨਾਲ ਹੀ ਆਤਿਸ਼ੀ ਨੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦੇ ਹੋਏ LG ਨੂੰ ਪੱਤਰ ਵੀ ਸੌਂਪਿਆ ਸੀ। ਅਸਤੀਫਾ ਅਤੇ ਪੱਤਰ ਉਪ ਰਾਜਪਾਲ ਨੇ ਰਾਸ਼ਟਰਪਤੀ ਨੂੰ ਭੇਜਿਆ ਹੈ। ਹਾਲਾਂਕਿ ਆਤਿਸ਼ੀ ਨੇ ਸਹੁੰ ਚੁੱਕ ਸਮਾਗਮ ਲਈ ਕੋਈ ਤਰੀਕ ਨਹੀਂ ਮੰਗੀ ਸੀ ਪਰ ਦਿੱਲੀ ਦੇ ਉਪ ਰਾਜਪਾਲ ਨੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕਣ ਦੀ ਤਰੀਕ 21 ਸਤੰਬਰ ਦਾ ਪ੍ਰਸਤਾਵ ਕੀਤਾ ਸੀ। ਇਸ ਦਾ ਮਤਲਬ ਹੈ ਕਿ ਕੱਲ੍ਹ ਆਤਿਸ਼ੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।

‘ਆਪ’ ਨੇ ਕੇਂਦਰ ਸਰਕਾਰ ਤੋਂ ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਦੀ ਕੀਤੀ ਮੰਗ Read More »

ਨਿਆਂਪਾਲਿਕਾ ਤੇ ਸਿਆਸਤ ਦੇ ਨਾਜ਼ੁਕ ਸਰੋਕਾਰ/ਜੂਲੀਓ ਰਿਬੇਰੋ

ਜਸਟਿਸ ਧਨੰਜਯ ਯਸ਼ਵੰਤ ਚੰਦਰਚੂੜ, ਜੋ ਕਿ ਭਾਰਤ ਦੇ ਚੀਫ ਜਸਟਿਸ (ਸੀਜੇਆਈ) ਹਨ, ਪ੍ਰਤੀ ਮੇਰਾ ਨਰਮਗੋਸ਼ਾ ਰਿਹਾ ਹੈ। ਉਹ ਕੁਝ ਅਰਸੇ ਲਈ ਮੁੰਬਈ ਦੇ ਕੈਥੇਡਰਲ ਐਂਡ ਜੌਨ੍ਹ ਕੌਨਨ ਸਕੂਲ ਵਿੱਚ ਮੇਰੀ ਬੇਟੀ ਨਾਲ ਪੜ੍ਹਦੇ ਰਹੇ ਹਨ। ਪਰ ਉਨ੍ਹਾਂ ਨਾਲ ਮੇਰੇ ਤੇਹ ਦਾ ਕਾਰਨ ਇਹ ਨਹੀਂ ਹੈ, ਭਾਵੇਂ ਇਸ ਤੇਹ ਦੀ ਅਮੂਮਨ ਉਦੋਂ ਅਜ਼ਮਾਇਸ਼ ਹੁੰਦੀ ਰਹੀ ਹੈ ਜਦੋਂ ਉਨ੍ਹਾਂ ਦੇ ਕੁਝ ਫ਼ੈਸਲਿਆਂ ਦੀ ਮੇਰੇ ਦੋਸਤਾਂ ਵੱਲੋਂ ਨੁਕਤਾਚੀਨੀ ਕੀਤੀ ਜਾਂਦੀ ਸੀ। ਉਨ੍ਹਾਂ ਨਾਲ ਮੇਰੇ ਖਲੂਸ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ ਜੋ ਉਨ੍ਹਾਂ ਦੇ ਪਿਤਾ ਜਸਟਿਸ ਵਾਈਵੀ ਚੰਦਰਚੂੜ ਤੱਕ ਜਾਂਦੀਆਂ ਹਨ ਜੋ ਕਿ ਖ਼ੁਦ ਵੀ ਭਾਰਤ ਦੇ ਚੀਫ ਜਸਟਿਸ ਰਹੇ ਸਨ ਅਤੇ ਮੇਰੇ ਵਿਦਿਆਰਥੀ ਵੇਲਿਆਂ ਦੇ ਮੇਰੇ ਆਦਰਸ਼ਾਂ ’ਚੋਂ ਇੱਕ ਰਹੇ ਸਨ। ਮੈਂ ਉਨ੍ਹਾਂ ਦੇ ਪੁੱਤਰ ਨੂੰ ਨਸੀਹਤ ਦੇਣ ਦੀ ਜੁਰਅਤ ਨਹੀਂ ਕਰਾਂਗਾ ਜੋ ਇਸ ਵੇਲੇ ਦੇਸ਼ ਦੇ ਸਭ ਤੋਂ ਸਿਰਮੌਰ ਨਿਆਂਇਕ ਅਹੁਦੇ ’ਤੇ ਬਿਰਾਜਮਾਨ ਹੈ। ਹਾਲਾਂਕਿ ਉਹ ਉਮਰ ਵਿੱਚ ਮੇਰੇ ਨਾਲੋਂ ਪੂਰੇ ਤੀਹ ਸਾਲ ਛੋਟੇ ਹਨ ਪਰ ਤਾਂ ਵੀ ਉਨ੍ਹਾਂ ਨੂੰ ਉਪਦੇਸ਼ ਦੇਣ ਦਾ ਮੈਨੂੰ ਕੋਈ ਹੱਕ ਨਹੀਂ ਹੈ। ਉਨ੍ਹਾਂ ਦੇ ਪਿਤਾ ਗੌਰਮਿੰਟ ਲਾਅ ਕਾਲਜ, ਮੁੰਬਈ ਵਿੱਚ ਮੇਰੇ ਅਧਿਆਪਕ ਰਹੇ ਸਨ ਜਿੱਥੇ ਮੈਂ 1948 ਤੋਂ 1950 ਤੱਕ ਪੜ੍ਹਾਈ ਕੀਤੀ ਸੀ। ਚੰਦਰਚੂੜ ਪਰਿਵਾਰ ਦਾ ਜੱਦੀ ਘਰ ਪੁਣੇ ਵਿਚ ਸੀ ਜਿੱਥੇ ਮੈਂ 1964 ਵਿੱਚ ਸ਼ਹਿਰ ਦੇ ਆਖ਼ਰੀ ਐੱਸਪੀ ਵਜੋਂ ਤਾਇਨਾਤ ਸੀ। 1965 ਵਿੱਚ ਇਸ ਨੂੰ ਪੁਲੀਸ ਕਮਿਸ਼ਨਰੇਟ ਬਣਾ ਦਿੱਤਾ ਗਿਆ ਸੀ ਪਰ ਸ਼ਹਿਰ ਦੇ ਪੁਲੀਸ ਬਲ ਦੀ ਅਗਵਾਈ ਦੇ ਉਸ ਇੱਕ ਸਾਲ ਵਿੱਚ ਜਸਟਿਸ ਵਾਈਵੀ ਚੰਦਰਚੂੜ ਤਿੰਨ ਵਾਰ ਮੇਰੇ ਘਰ ਆਏ ਸਨ। ਉਦੋਂ ਉਹ ਬੰਬਈ ਹਾਈਕੋਰਟ ਦੇ ਚੀਫ ਜਸਟਿਸ ਸਨ। ਇਸ ਤੱਥ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਇੱਕ ਪੁਰਾਣੇ ਵਿਦਿਆਰਥੀ ਦੇ ਘਰ ਆਉਣ ਵਿੱਚ ਕੋਈ ਝਿਜਕ ਨਹੀਂ ਹੋਈ ਸੀ। ਮੇਰਾ ਘਰ ਉਨ੍ਹਾਂ ਦੇ ਜੱਦੀ ਘਰ ਅਤੇ ਪੁਣੇ ਰੇਲਵੇ ਸਟੇਸ਼ਨ ਵਿਚਕਾਰ ਪੈਂਦਾ ਸੀ। ਜਦੋਂ ਵੀ ਉਹ ਆਉਂਦੇ ਤਾਂ ਮੇਰੇ ਦਫ਼ਤਰ ਦਾ ਸਾਰਾ ਕਲੈਰੀਕਲ ਸਟਾਫ ਕੰਮ ਛੱਡ ਕੇ ਸੂਬੇ ਦੇ ਸਿਰਮੌਰ ਨਿਆਂਇਕ ਅਹਿਲਕਾਰ ਦੀ ਇੱਕ ਝਲਕ ਪਾਉਣ ਲਈ ਇਕੱਤਰ ਹੋ ਜਾਂਦਾ ਸੀ। ਇੱਕ ਵਾਰ ਉਨ੍ਹਾਂ ਦੇ ਨਾਲ ਜਸਟਿਸ ਜੇਆਰ ਵਿਮਾਦਲਾਲ ਵੀ ਆਏ ਕਿਉਂਕਿ ਉਹ ਵੀ ਕਾਲਜ ਵਿੱਚ ਮੇਰੇ ਅਧਿਆਪਕ ਸਨ। ਪੁਣੇ ਸਿਟੀ ਪੁਲੀਸ ਦੇ ਸੁਪਰਡੈਂਟ ਵਜੋਂ ਨਿਸਬਤਨ ਜੂਨੀਅਰ ਪੱਧਰ ’ਤੇ ਮੇਰੀ ਨਿਯੁਕਤੀ ਤੋਂ ਮੇਰੇ ਕਈ ਸੀਨੀਅਰ ਸਹਿਕਰਮੀਆਂ ਨੂੰ ਨਾਖੁਸ਼ੀ ਹੋਈ ਸੀ ਪਰ ਇਸ ਗੱਲੋਂ ਬਹੁਤ ਖੁਸ਼ ਸਨ ਕਿ ਮੇਰੇ ਦੋ ਅਧਿਆਪਕ ਵਕਾਲਤ ਤੋਂ ਜੱਜ ਬਣਨ ਦਾ ਸਫ਼ਰ ਤੈਅ ਕਰਨ ਵਿੱਚ ਸਫ਼ਲ ਹੋਏ ਹਨ। ਉਨ੍ਹਾਂ ਦੀਆਂ ਫੇਰੀਆਂ ਹਾਲੇ ਵੀ ਮੇਰੀਆਂ ਯਾਦਾਂ ਵਿੱਚ ਉੱਕਰੀਆਂ ਪਈਆਂ ਹਨ ਤੇ ਜਦੋਂ ਕੁਝ ਸਾਲਾਂ ਬਾਅਦ ਸੀਨੀਅਰ ਚੰਦਰਚੂੜ ਭਾਰਤ ਦੇ ਚੀਫ ਜਸਟਿਸ ਬਣ ਗਏ ਤਾਂ ਮੇਰੇ ਕੋਲ ਮਾਣ ਕਰਨ ਦਾ ਬਹੁਤ ਵੱਡਾ ਕਾਰਨ ਸੀ। ਮੇਰੇ ਪਾਠਕ ਹੁਣ ਇਹ ਸਮਝ ਜਾਣਗੇ ਕਿ ਜਦੋਂ ਮੇਰੇ ਪੁਰਾਣੇ ਅਧਿਆਪਕ ਦੇ ਪੁੱਤਰ ਦੇ ਭਾਰਤ ਦੇ ਚੀਫ ਜਸਟਿਸ ਦੇ ਅਹੁਦੇ ਤੱਕ ਅੱਪੜਨ ਨੂੰ ਲੈ ਕੇ ਮੇਰੇ ਕੁਝ ਉਦਾਰਵਾਦੀ ਦੋਸਤਾਂ ਵੱਲੋਂ ਕੀਤੀਆਂ ਟੀਕਾ ਟਿੱਪਣੀਆਂ ਜਿਨ੍ਹਾਂ ’ਚੋਂ ਕੁਝ ਵਾਜਿਬ ਵੀ ਸਨ ਤੇ ਕਈ ਗ਼ੈਰ-ਵਾਜਿਬ ਸਨ, ਬਾਰੇ ਮੈਂ ਖਫ਼ਾ ਹੋ ਗਿਆ ਸਾਂ। ਵਰਤਮਾਨ ਸੀਜੇਆਈ ਵੱਲੋਂ ਗਣੇਸ਼ ਆਰਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਰਿਹਾਇਸ਼ ਉੱਤੇ ਸੱਦੇ ਜਾਣ ਦੀ ਆਲੋਚਨਾ ਹੋਈ ਹੈ। ਨਿੱਜੀ ਤੌਰ ’ਤੇ ਮੈਨੂੰ ਇਸ ਵਿੱਚ ਕੁਝ ਮਾੜਾ ਨਹੀਂ ਲੱਗਦਾ। ਸਮਾਜਿਕ ਰਿਸ਼ਤਿਆਂ ਨੂੰ ਨਕਾਰਨ ਦਾ ਕੋਈ ਕਾਰਨ ਨਹੀਂ ਬਣਦਾ, ਜੇਕਰ ਅਜਿਹਾ ਕਰਨ ਪਿੱਛੇ ਕੋਈ ਲੁਕਵਾਂ ਏਜੰਡਾ ਨਾ ਹੋਵੇ। ਮੈਨੂੰ ਯਕੀਨ ਹੈ ਕਿ ਇਸ ਤੋਂ ਪਹਿਲਾਂ ਵੀ ਚੀਫ ਜਸਟਿਸਾਂ ਨੇ ਪ੍ਰਧਾਨ ਮੰਤਰੀਆਂ ਜਾਂ ਸੀਨੀਅਰ ਸਿਆਸਤਦਾਨਾਂ ਨੂੰ ਆਪਣੇ ਘਰਾਂ ’ਚ ਸੱਦਿਆ ਹੋਵੇਗਾ। ਇਸ ਸਾਲ ਸਮੱਸਿਆ ਖੜ੍ਹੀ ਹੋਈ ਕਿਉਂਕਿ ਜਿਹੜਾ ਸਮਾਜਿਕ ਮੌਕਾ ਬਿਲਕੁਲ ਨਿੱਜੀ ਰਹਿਣਾ ਚਾਹੀਦਾ ਸੀ, ਉਸ ਨੂੰ ਬੇਲੋੜੀ ਮਸ਼ਹੂਰੀ ਦਿੱਤੀ ਗਈ। ਸਵਾਲ ਉੱਠਦਾ ਹੈ: ਮੀਡੀਆ ਨੂੰ ਆਰਤੀ ਦੀਆਂ ਫੋਟੋਆਂ ਕਿਸ ਨੇ ਦਿੱਤੀਆਂ? ਜੇ ਚੀਫ ਜਸਟਿਸ ਨਹੀਂ ਸਨ, ਤਾਂ ਮੈਨੂੰ ਉਨ੍ਹਾਂ ਦੀ ਕੋਈ ਗ਼ਲਤੀ ਨਹੀਂ ਲੱਗਦੀ। ਜੇ ਇਹ ਪ੍ਰਧਾਨ ਮੰਤਰੀ ਦਾ ਪ੍ਰਭਾਵਸ਼ਾਲੀ ਪ੍ਰਾਪੇਗੰਡਾ ਸੈੱਲ ਹੈ ਤਾਂ ਇਹ ਆਮ ਜਿਹੀ ਗੱਲ ਹੈ ਅਤੇ ਇਸ ਕੇਸ ਵਿੱਚ, ਸੀਜੇਆਈ ਨੂੰ ਨਹੀਂ ਨਿੰਦਿਆ ਜਾ ਸਕਦਾ। ਜੇ ਫੇਰ ਵੀ, ਚੀਫ ਜਸਟਿਸ ਜਾਂ ਉਨ੍ਹਾਂ ਦੇ ਸਟਾਫ਼ ਨੇ ਫੋਟੋਆਂ ਮੀਡੀਆ ਵਿੱਚ ਵੰਡੀਆਂ ਹਨ ਤਾਂ ਪੜ੍ਹੇ-ਲਿਖੇ ਲੋਕ ਮੰਤਵਾਂ ਵਿਚਾਲੇ ਸਬੰਧ ਲੱਭ ਲੈਣਗੇ ਅਤੇ ਮੇਰੀ ਜੀਭ ਉਦੋਂ ਬੰਨ੍ਹੀ ਜਾਵੇਗੀ। ਮੈਨੂੰ ਉਮੀਦ ਹੈ ਕਿ ਗੁਨਾਹਗਾਰ ਮੇਰੇ ਮਾਣਯੋਗ ਅਧਿਆਪਕ ਦਾ ਬੇਟਾ ਜਾਂ ਉਸ ਦਾ ਪ੍ਰਸ਼ਾਸਕੀ ਤੰਤਰ ਨਹੀਂ ਹੈ। ਮਹਾਰਾਸ਼ਟਰ ਨਾਲ ਸਬੰਧਿਤ ਸੁਪਰੀਮ ਕੋਰਟ ਦਾ ਇੱਕ ਹੋਰ ਜੱਜ ਹਾਲ ਹੀ ਵਿੱਚ ਖ਼ਬਰਾਂ ’ਚ ਸੀ। ਅਲਬੱਤਾ ਚੰਗੇ ਕਾਰਨਾਂ ਲਈ, ਜੋ ਜਸਟਿਸ ਬੀਆਰ ਗਵਈ ਸੀ। ਉਸ ਦੇ ਬੈਂਚ ਨੇ ‘ਬੁਲਡੋਜ਼ਰ ਇਨਸਾਫ’ ਦੇ ਖ਼ਿਲਾਫ਼ ਸ਼ਿਕਾਇਤ ਦੀ ਪੜਤਾਲ ਕੀਤੀ, ਜਿਸ ’ਤੇ ਸਖ਼ਤੀ ਨਾਲ ਲਗਾਮ ਲਾਉਣ ਦੀ ਲੋੜ ਸੀ, ਇਸ ਤੋਂ ਪਹਿਲਾਂ ਕਿ ‘ਕਾਨੂੰਨ ਦਾ ਸ਼ਾਸਨ’ ਬੇਅਸਰ ਹੋ ਜਾਵੇ। ਨਾਜਾਇਜ਼ ਉਸਾਰੀਆਂ ਢਾਹੁਣ ਲਈ ਬੁਲਡੋਜ਼ਰ ਵਰਤੇ ਜਾ ਸਕਦੇ ਹਨ। ਨਿਗਮ ਅਧਿਕਾਰੀਆਂ ਨੂੰ ਇਨ੍ਹਾਂ ਨੂੰ ਵਰਤਣ ਤੋਂ ਪਹਿਲਾਂ ਪ੍ਰਕਿਰਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਾਰੀ ਕਾਰਵਾਈ ਨਿਰੀ ਗ਼ੈਰ-ਕਾਨੂੰਨੀ ਹੈ। ਵੱਖ-ਵੱਖ ਧਿਰਾਂ ਵੱਲੋਂ ਅਣਅਧਿਕਾਰਤ ਉਸਾਰੀਆਂ ਦੇ ਮਾਮਲੇ ਵਿੱਚ ਨਿਆਂਇਕ ਪ੍ਰਕਿਰਿਆ ਦਾ ਨਾਜਾਇਜ਼ ਲਾਹਾ ਲਏ ਜਾਣ ਦੀ ਕਾਫੀ ਆਲੋਚਨਾ ਹੁੰਦੀ ਰਹੀ ਹੈ, ਜੋ ਕਿ ਜਾਇਜ਼ ਹੈ। ਪ੍ਰਕਿਰਿਆਵਾਂ ਨੂੰ ਤਿਆਗਣਾ ਇਸ ਸਮੱਸਿਆ ਦਾ ਹੱਲ ਨਹੀਂ ਹੈ, ਬਲਕਿ ਹਾਈਕੋਰਟਾਂ ਨੂੰ ਚਾਹੀਦਾ ਹੈ ਕਿ ਜੁਡੀਸ਼ੀਅਲ ਮੈਜਿਸਟਰੇਟ ਅਦਾਲਤਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਉਹ ਵਕੀਲਾਂ ਨੂੰ ਢੁੱਕਵੀਂ ਪ੍ਰਕਿਰਿਆ ਟਾਲਣ ਦੀ ਛੋਟ ਨਾ ਦੇਣ। ਜਸਟਿਸ ਉੱਜਲ ਭੂਈਆਂ ਇੱਕ ਹੋਰ ਅਜਿਹੇ ਜੱਜ ਹਨ ਜਿਨ੍ਹਾਂ ਹਾਲ ਹੀ ਵਿੱਚ ਨਿਆਂਪਾਲਿਕਾ ਨੂੰ ਮਾਣ ਦਿਵਾਇਆ ਹੈ। ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦੇ ਮਾਮਲੇ ਵਿੱਚ ਉਨ੍ਹਾਂ ਸੀਬੀਆਈ ਦੀ ‘ਤੋਤੇ ਦੇ ਪਿੰਜਰੇ’ ਵਿੱਚੋਂ ਬਾਹਰ ਨਾ ਨਿਕਲਣ ਲਈ ਨਿੰਦਾ ਕੀਤੀ, ਹਾਲਾਂਕਿ ਨਵੇਂ ਪ੍ਰਬੰਧ ਤਹਿਤ ਚੁਣੇ ਜਾਣ ਵਾਲੇ ਏਜੰਸੀ ਦੇ ਡਾਇਰੈਕਟਰ ਨੂੰ ਹੁਣ ਰਾਜਨੀਤਕ ਪ੍ਰਸ਼ਾਸਨ ਦੇ ਅਨਿਯਮਿਤ ਜ਼ੁਬਾਨੀ ਹੁਕਮਾਂ ਨੂੰ ਨਾ ਮੰਨਣ ਦੀ ਤਾਕਤ ਵੀ ਮਿਲ ਚੁੱਕੀ ਹੈ। ਬੇਸ਼ੱਕ, ਡਾਇਰੈਕਟਰ ਨੂੰ ਫੇਰ ਸੇਵਾਮੁਕਤੀ ਤੋਂ ਬਾਅਦ ਕਿਸੇ ਅਹੁਦੇ ਨਾਲ ਨਹੀਂ ਨਿਵਾਜਿਆ ਜਾਵੇਗਾ ਪਰ ਸਾਫ ਜ਼ਮੀਰ ਤੇ ਸਵੈਮਾਣ ਦਾ ਮੁੱਲ ਤਾਰਨ ਲਈ ਇਹ ਬਹੁਤ ਛੋਟੀ ਕੀਮਤ ਹੈ। ਜੂਨ ਵਿੱਚ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਦੀ ਗ੍ਰਿਫ਼ਤਾਰੀ ਸਪੱਸ਼ਟ ਤੌਰ ’ਤੇ ਉਨ੍ਹਾਂ ਨੂੰ ਲੰਮੇ ਸਮੇਂ ਲਈ ਕੈਦ ਰੱਖਣ ਦੇ ਮੰਤਵ ਨਾਲ ਕੀਤੀ ਗਈ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਈ ਵਿੱਚ ਦਰਜ ਕੇਸ ’ਚ ਉਨ੍ਹਾਂ ਨੂੰ ਅੰਤ੍ਰਿਮ ਜ਼ਮਾਨਤ ਮਿਲ ਗਈ ਸੀ। ਜ਼ਮਾਨਤ ਦੇ ਉਹ ਹੁਕਮ ਸਰਕਾਰ ਦੀ ਪਸੰਦ ਦੇ ਨਹੀਂ ਸਨ। ਇਸ ਲਈ ਇਹ ਜਾਪਦਾ ਹੈ ਕਿ ਕੇਜਰੀਵਾਲ ਨੂੰ ਕੁਝ ਹੋਰ ਮਹੀਨਿਆਂ ਲਈ ਸਿਆਸੀ ਅਖਾੜੇ ਤੋਂ ਦੂਰ ਰੱਖਣ ਲਈ ਸੀਬੀਆਈ ਦੀ ਮਦਦ ਲਈ ਗਈ। ਇਸ ਸਭ ਨੂੰ ਜਨਤਾ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਸਮਾਂ ਵੀ ਢੁੱਕਵਾਂ ਸੀ। ਕੇਜਰੀਵਾਲ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਝੰਡਾ ਚੁੱਕ ਕੇ ਆਪਣੀ ਮੁਹਿੰਮ ਵਿੱਢੀ ਸੀ। ਇੱਕ ਸੁਧਾਰਕ ਵਜੋਂ, ਉਨ੍ਹਾਂ ਆਪਣੀ ਛਾਪ ਛੱਡੀ। ਜੇਕਰ ਉਹ ਇਸੇ ਰਾਹ ’ਤੇ ਚੱਲਦੇ ਰਹਿੰਦੇ ਤਾਂ ਇਕ ਸ਼ਾਨਦਾਰ ਉਦਾਹਰਨ ਬਣ ਗਿਆ ਹੁੰਦਾ। ਲੋਕਾਂ ਦੇ ਕੰਮ ਆਉਣ ਤੋਂ ਇਲਾਵਾ ਉਹ ਉਨ੍ਹਾਂ ਦੇ ਆਦਰ-ਸਤਿਕਾਰ ਦੇ ਵੀ ਹੱਕਦਾਰ ਹੁੰਦੇ। ਅੰਨਾ ਹਜ਼ਾਰੇ ਨੂੰ ਛੱਡਣ ਤੇ ਸਿਆਸੀ

ਨਿਆਂਪਾਲਿਕਾ ਤੇ ਸਿਆਸਤ ਦੇ ਨਾਜ਼ੁਕ ਸਰੋਕਾਰ/ਜੂਲੀਓ ਰਿਬੇਰੋ Read More »

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਮੰਡੀਆਂ ਦੇ ਵਿਕਾਸ ਕਾਰਜਾਂ ਸਬੰਧੀ ਕੀਤੀ ਸਮੀਖਿਆ ਮੀਟਿੰਗ

*ਸ. ਹਰਚੰਦ ਸਿੰਘ ਬਰਸਟ ਨਾਲ ਉੱਚ ਅਧਿਕਾਰੀਆਂ ਨੇ ਵੱਖ-ਵੱਖ ਪ੍ਰੋਜੈਕਟਾਂ ਅਤੇ ਫ਼ੰਡਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਐਸ.ਏ.ਐਸ ਨਗਰ (ਮੋਹਾਲੀ) 20 ਸਤੰਬਰ, (ਗਿਆਨ ਸਿੰਘ/ਏ.ਡੀ.ਪੀ ਨਿਊਜ) – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਪੰਜਾਬ ਰਾਜ ਦੀ ਵੱਖ-ਵੱਖ ਅਨਾਜ ਮੰਡੀਆਂ, ਫ਼ਲ ਤੇ ਸਬਜੀ ਮੰਡੀਆਂ ਦੇ ਵਿਕਾਸ ਕਾਰਜਾਂ, ਮਾਰਕਿਟ ਕਮੇਟੀਆਂ ਅਤੇ ਈ-ਨੈਮ ਸਬੰਧੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਚੇਅਰਮੈਨ ਨੇ ਸਾਰੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵੱਲੋਂ ਪਟਿਆਲਾ ਦੀ ਸਨੌਰ ਰੋਡ ਸਥਿਤ ਆਧੁਨਿਕ ਫ਼ਲ ਅਤੇ ਸਬਜੀ ਮੰਡੀ ਦੇ ਮੁੱਖ ਗੇਟ ਉੱਤੇ ਲਗਾਏ ਬੂਮ ਬੈਰੀਅਰ, ਸੀ.ਸੀ.ਟੀ.ਵੀ. ਕੈਮਰੇ ਅਤੇ ਵੇ-ਬ੍ਰਿਜ ਰਾਹੀਂ ਆਨਲਾਈਨ ਐਂਟਰੀ ਦੀ ਤਰਜ਼ ਤੇ ਪੰਜਾਬ ਦੀਆਂ ਹੋਰਨਾਂ ਫ਼ਲ ਅਤੇ ਸਬਜੀ ਮੰਡੀਆਂ ਵਿੱਚ ਵੀ ਆਨਲਾਈਨ ਗੇਟ ਐਂਟਰੀ ਦੇ ਕਾਰਜਾਂ ਨੂੰ ਤੇਜੀ ਨਾਲ ਪੂਰਾ ਕਰਨ ਦੀ ਹਦਾਇਤ ਦਿੱਤੀ ਗਈ, ਤਾਂ ਜੋ ਮੰਡੀਆਂ ਵਿੱਚ ਆਉਣ ਵਾਲੀ ਹਰ ਤਰ੍ਹਾਂ ਦੀ ਸਬਜੀਆਂ ਅਤੇ ਫ਼ਲਾਂ ਦਾ ਰਿਕਾਰਡ ਰੱਖਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮਾਰਕਿਟ ਕਮੇਟੀ ਮਹਿਤਪੁਰ ਅਤੇ ਜਲੰਧਰ ਵਿਖੇ ਮੰਡੀਆਂ ਵਿੱਚ ਏ.ਟੀ.ਐਮਜ਼. ਲਗਾਏ ਜਾ ਚੁੱਕੇ ਹਨ ਤੇ ਹੋਰਨਾਂ ਮੰਡੀਆਂ ਵਿੱਚ ਵੀ ਜਲਦ ਤੋਂ ਜਲਦ ਏ.ਟੀ.ਐਮਜ਼ ਲਗਵਾਏ ਜਾਣ, ਤਾਂ ਕਿ ਇਨ੍ਹਾਂ ਦੀ ਸਹਾਇਤਾ ਨਾਲ ਲੋਕਾਂ ਨੂੰ ਖਰੀਦਦਾਰੀ ਸਮੇਂ ਪੈਸਿਆਂ ਦਾ ਲੈਣ-ਦੇਣ ਸੌਖਾ ਹੋ ਜਾਵੇ ਅਤੇ ਕਿਸਾਨਾਂ, ਆੜ੍ਹਤੀਆਂ ਤੇ ਮਜਦੂਰਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਉਨ੍ਹਾਂ ਵੱਖ-ਵੱਖ ਪ੍ਰੋਜੈਕਟਾਂ, ਵਿਕਾਸ ਕਾਰਜਾਂ ਸਬੰਧੀ ਅਲਾਟ ਹੋਏ ਫੰਡਾਂ ਅਤੇ ਹੋਰਨਾਂ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਇਹ ਸਾਰੇ ਕਾਰਜਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਲਿਆਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨ ਹਵੇਲੀ, ਸ਼੍ਰੀ ਆਨੰਦਪੁਰ ਸਾਹਿਬ ਦੀ ਰੈਨੋਵੇਸ਼ਨ ਦਾ ਕਾਰਜ ਲੱਗਭਗ ਪੂਰਾ ਹੋ ਚੁੱਕਾ ਹੈ। ਚੇਅਰਮੈਨ ਵੱਲੋਂ ਆਫ਼ ਸੀਜ਼ਨ ਦੌਰਾਨ ਮੰਡੀਆਂ ਵਿੱਚ ਖਾਲੀ ਪਏ ਕਵਰ ਸ਼ੈੱਡਾਂ ਨੂੰ ਬਹੁਤ ਵਾਜਬ ਰੇਟਾਂ ਤੇ ਵਿਆਹ, ਸਮਾਜਿਕ ਪ੍ਰੋਗਰਾਮਾਂ ਆਦਿ ਲਈ ਕਿਰਾਏ ਤੇ ਦੇਣ ਸਬੰਧੀ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਦੀ ਹਿਦਾਇਤ ਦਿੱਤੀ ਗਈ। ਸ. ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਇੱਕ ਖੁਸ਼ਹਾਲ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਸਾਰੀਆਂ ਨੂੰ ਇੱਕ ਦੂਜੇ ਨਾਲ ਤਾਲਮੇਲ ਕਰਕੇ ਕੰਮ ਕਰਨ ਤੇ ਜੋਰ ਦੇਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਰਾਮਵੀਰ ਸਕੱਤਰ ਪੰਜਾਬ ਮੰਡੀ ਬੋਰਡ, ਸ. ਜਤਿੰਦਰ ਸਿੰਘ ਭੰਗੂ ਇੰਜੀਨਿਅਰ-ਇਨ-ਚੀਫ਼, ਸ. ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਸ. ਮਨਜੀਤ ਸਿੰਘ ਸੰਧੂ ਜੀ.ਐਮ. ਸਮੇਤ ਸਮੂਹ ਉੱਚ ਅਧਿਕਾਰੀ ਮੌਜੂਦ ਰਹੇ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਮੰਡੀਆਂ ਦੇ ਵਿਕਾਸ ਕਾਰਜਾਂ ਸਬੰਧੀ ਕੀਤੀ ਸਮੀਖਿਆ ਮੀਟਿੰਗ Read More »

ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨਾ ਪਾਉਣ ਦੀਆਂ ਹਦਾਇਤਾਂ

*ਐਸ:ਡੀ:ਐਮ ਖੁਦ ਅੱਗ ਲੱਗਣ ਵਾਲੇ ਖੇਤਾਂ ਤੱਕ ਪਹੁੰਚਣ-ਡਿਪਟੀ ਕਮਿਸ਼ਨਰ *ਅੱਗ ਲਗਾਉਣ ਵਾਲੇ 3 ਕਿਸਾਨਾਂ ਨੂੰ 7500 ਰੁਪਏ ਕੀਤਾ ਜੁਰਮਾਨਾ ਅੰਮਿ੍ਤਸਰ, 20 ਸਤੰਬਰ (ਗਿਆਨ ਸਿੰਘ) – ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਤੇ ਇਸ ਦੇ ਨਿਪਟਾਰੇ ਦੇ ਮੱਦੇਨਜ਼ਰ ਪਿੰਡ ਦੇ ਪੰਚਾਂ, ਸਰਪੰਚਾਂ, ਨੰਬਰਦਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਵੱਧ ਤੋਂ ਵੱਧ ਸਹਿਯੋਗ ਲਿਆ ਜਾਵੇ। ਉਕਤ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੇ ਮੱਦੇਨਜ਼ਰ ਐਸ ਡੀ ਐਮਜ਼ ਤੋਂ ਲੈ ਕੇ ਕਲਾਸਟਰ ਪੱਧਰ ਦੇ ਅਫ਼ਸਰਾਂ ਨੂੰ ਕਰਦੇ ਕਿਹਾ ਕਿ ਐਸ ਡੀ ਐਮਜ ਸਮੇਤ ਸਾਰੇ ਅਧਿਕਾਰੀ ਛੁੱਟੀਆਂ ਦੇ ਬਾਵਜੂਦ ਖੇਤਾਂ ਵਿੱਚ ਸਰਗਰਮ ਰਹਿਣ ਅਤੇ ਇਸ ਮੌਕੇ ਅੱਗ ਬੁਝਾਊ ਗੱਡੀਆਂ ਸਮੇਤ ਸਾਰਾ ਅਮਲਾ ਨਾਲ ਹੋਵੇ। ਇਸ ਤੋਂ ਇਲਾਵਾ ਹਰੇਕ ਟੀਮ ਨਾਲ ਪੁਲਿਸ ਦੇ ਮੈਂਬਰ ਵੀ ਹੋਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿੱਚ 15 ਥਾਂਵਾਂ ਤੇ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ ਅਤੇ ਸਬੰਧਤ ਐਸ:ਡੀ:ਐਮ ਵੱਲੋਂ ਇੰਨਾਂ ਦਾ ਨਰੀਖਣ ਕੀਤਾ ਗਿਆ ਜਿਸ ਵਿੱਚੋਂ ਤਿੰਨ ਥਾਂਵਾਂ ਤੇ ਅੱਗ ਲੱਗੀ ਪਾਈ ਗਈ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਕਿਸਾਨਾਂ ਨੂੰ 7500 ਰੁਪਏ ਜੁਰਮਾਨਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ -2 ਵਿੱਚ ਇਕ ਕਿਸਾਨ ਨੂੰ 2500 ਰੁਪਏ ਅਤੇ ਸਬ ਡਵੀਜਨ ਮਜੀਠਾ ਵਿਖੇ ਦੋ ਕਿਸਾਨਾਂ ਨੂੰ 5000 ਰੁਪਏ ਜੁਰਮਾਨੇ ਵਜੋਂ ਪਾਏ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਸਬ ਡਵੀਜਨ ਅੰਮ੍ਰਿਤਸਰ -1, ਲੋਪੋਕੇ, ਅਜਨਾਲਾ ਵਿਖੇ 1-1 ਥਾਂ ਤੇ, ਸਬ ਡਵੀਜਨ ਅੰਮ੍ਰਿਤਸਰ -2 ਵਿਖੇ 8 ਥਾਂਵਾ ਤੇ ਅਤੇ ਮਜੀਠਾ ਵਿਖੇ 4 ਥਾਂਵਾਂ ਤੇ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਤੇ ਤੁਰੰਤ ਸਾਡੀਆਂ ਟੀਮਾਂ ਵੱਲੋਂ ਜਾ ਕੇ ਚੈਕਿੰਗ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਮੈਡਮ ਸਾਹਨੀ ਨੇ ਕਲੱਸਟਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਰਾਲੀ ਪ੍ਰਬੰਧਨ ਸਬੰਧੀ ਲਗਾਤਾਰ ਫੀਲਡ ਵਿੱਚ ਰਹਿ ਕੇ ਪਰਾਲੀ ਸਾੜਨ ਦੇ ਕਾਰਨ ਹੋਣ ਵਾਲੇ ਦੁਰਪ੍ਰਭਾਵਾਂ ਬਾਰੇ ਜਾਣੂ ਵੀ ਕਰਵਾਉਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਖਾਸ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਪ੍ਰੇਰਿਤ ਕਰਨ ਕਿ ਉਹ ਪਰਾਲੀ ਦੇ ਨਾਲ-ਨਾਲ ਰਹਿੰਦ-ਖੂੰਹਦ ਨੂੰ ਵੀ ਅੱਗ ਨਾ ਲਗਾਉਣ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਸੁਪਰ ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ, ਮਲਚਰ, ਸਮਾਰਟ ਸੀਡਰ, ਜ਼ੀਰੋ ਟਿੱਲ ਡਰਿੱਲ, ਸਰਫੇਸ ਸੀਡਰ, ਸੁਪਰ ਸੀਡਰ, ਕਟੌਪ ਰੀਪਰ ਟਰੈਕਟਰ ਮਾਊਂਟਿਡ, ਸ਼ਰੱਬ ਮਾਸਟਰ/ਰੋਟਰੀ ਸ਼ੈਲਟਰ, ਰਿਵਰਸੀਬਲ ਐਮ.ਬੀ. ਪਲੌਅ, ਕਟੌਪ ਰੀਪਰ ਸੈਲਫ-ਪ੍ਰੋਪੈਲਡ, ਰੀਪਰ-ਕਮ-ਬਾਇੰਡਰ, ਸਟਰਾਅ ਰੇਕ ਅਤੇ ਬੇਲਰ ਆਦਿ ਦੀ ਵਰਤੋਂ ਕਰਦਿਆਂ ਪਰਾਲੀ ਦਾ ਨਿਪਟਾਰਾ ਕਰਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਣ ਕਾਰਨ ਜੈਵਿਕ ਖਾਦ ਸੜ ਕੇ ਖਤਮ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਧਰਤੀ ਵਿਚਲੇ ਸੂਖਮ ਜੀਵ ਵੀ ਮਰ ਜਾਂਦੇ ਹਨ, ਜਿਸ ਨਾਲ ਫਸਲਾਂ ਦਾ ਝਾੜ ਘਟ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਰਾਲੀ ਦੇ ਸਾੜਣ ਕਰਕੇ ਪੈਦਾ ਹੋਏ ਧੂੰਏ ਕਾਰਨ ਸੜਕਾਂ ਤੇ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।

ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨਾ ਪਾਉਣ ਦੀਆਂ ਹਦਾਇਤਾਂ Read More »

ਸਪੀਕਰ ਸੰਧਵਾਂ ਨੇ 12 ਲੱਖ ਦੀ ਲਾਗਤ ਨਾਲ ਤਿਆਰ ਸ਼ੂਟਿੰਗ ਰੇਂਜ ਦਾ ਕੀਤਾ ਉਦਘਾਟਨ

– ਪੰਜਾਬ ਸਰਕਾਰ ਖੇਡਾਂ ਤੇ ਖਿਡਾਰੀਆਂ ਦੀ ਤਰੱਕੀ ਲਈ ਵਚਨਬੱਧ- ਸੰਧਵਾਂ – ਸਪੀਕਰ ਸੰਧਵਾਂ ਨੇ ਸ਼ੂਟਿੰਗ ਰੇਂਜ ਦੇ ਵਿਕਾਸ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ –  ਸ਼ੂਟਿੰਗ ਰੇਂਜ ਨੂੰ ਜਲਦੀ ਡਿਜ਼ੀਟਲ ਬਣਾਇਆ ਜਾਵੇਗਾ- ਸੇਖੋਂ ਫ਼ਰੀਦਕੋਟ,20 ਸਤੰਬਰ (ਗਿਆਨ ਸਿੰਘ) – ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਅੰਦਰ ਖੇਡਾਂ ਤੇ ਖਿਡਾਰੀਆਂ ਦੀ ਤਰੱਕੀ ਲਈ ਵਚਨਬੱਧ ਹੈ ਅਤੇ ਸਰਕਾਰ ਇਸ ਟੀਚੇ ਦੀ ਪ੍ਰਾਪਤੀ ਲਈ ਲਗਾਤਾਰ ਕੰਮ ਕਰ ਰਹੀ ਹੈ । ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨਹਿਰੂ ਸਟੇਡੀਅਮ ਵਿਖੇ ਸ਼ੂਟਿੰਗ ਰੇਂਜ ਦਾ ਉਦਘਾਟਨ ਕਰਨ ਮੌਕੇ ਕੀਤਾ । ਉਨ੍ਹਾਂ ਕਿਹਾ ਕਿ ਇਹ ਸ਼ੂਟਿੰਗ ਰੇਂਜ 12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ । ਸਪੀਕਰ ਸ.ਸੰਧਵਾਂ ਨੇ ਕਿਹਾ ਕਿ ਸ਼ੂਟਿੰਗ ਇੱਕ ਅਜਿਹੀ ਪ੍ਰਤੀਯੋਗੀ ਸਪੋਰਟਸ ਹੈ ਜਿਸ ਦਾ ਸਬੰਧ ਸਿੱਧਾ ਇਕਾਗਰਤਾ ਅਤੇ ਸਟੀਕਤਾ ਨਾਲ ਹੁੰਦਾ ਹੈ । ਨਿਸ਼ਾਨਾ ਸਾਧਦਿਆਂ ਖਿਡਾਰੀ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸ ਦੇ ਹੱਥ ਵਿੱਚ ਕਿਹੜੀ ਬੰਦੂਕ ਹੈ, ਜੇ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਸੰਤੁਲਨ ਵਿੱਚ ਰੱਖਦਾ ਹੈ ਤਾਂ ਉਸ ਦਾ ਨਿਸ਼ਾਨਾਂ ਹਮੇਸ਼ਾਂ ਸਹੀ ਲੱਗਦਾ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨ ਖਿਡਾਰੀਆਂ ਨੂੰ ਚੰਗੀ ਸਰੀਰਕ ਅਤੇ ਦਿਮਾਗੀ ਸਿਹਤ ਨਾਲ ਜੋੜਨ ਲਈ ਪੰਜਾਬ ਸਰਕਾਰ ਦਾ ਇਹ ਇੱਕ ਵਧੀਆ ਉਪਰਾਲਾ ਹੈ । ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਇਸ ਵਾਰ ਦੀ ਉਲੰਪਿਕ ਵਿੱਚ ਵੀ ਸ਼ੂਟਿੰਗ ਮੁਕਾਬਲਿਆ ਵਿੱਚ ਕੁਆਲੀਫਾਈ ਕਰਨ ਵਾਲੇ ਨੌਜਵਾਨਾਂ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ । ਇਸ ਲਈ ਸ਼ੂਟਿੰਗ ਮੁਕਾਬਲਿਆਂ ਵਿੱਚ ਪੰਜਾਬ ਦੀ ਸ਼ਮੂਲੀਅਤ ਅਤੇ ਇਸ ਖੇਡ ਪ੍ਰਤੀ ਰੁਚੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਹਰ ਜ਼ਿਲ੍ਹੇ ਵਿੱਚ ਮਿਆਰੀ ਸ਼ੂਟਿੰਗ ਰੇਂਜ਼ ਬਣਵਾ ਰਹੀ ਹੈ । ਜਿਸ ਵਿੱਚੋਂ ਫਰੀਦਕੋਟ ਦੀ ਸ਼ੂਟਿੰਗ ਰੇਂਜ਼ ਖਿਡਾਰੀਆਂ ਨੂੰ ਸਮਰਪਿਤ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਇਸ ਸ਼ੂਟਿੰਗ ਰੇਂਜ਼ ਵਿੱਚ ਨਿਸ਼ਾਨੇਬਾਜ਼ ਨੂੰ ਵਿਸ਼ਵ ਪੱਧਰ ਦਾ ਢਾਂਚਾ ਮੁਹੱਈਆ ਕਰਵਾਉਣ ਦਾ ਟੀਚਾ ਹੈ । ਜਿਸ ਨੂੰ ਸ. ਸੁਖਜੀਤ ਸਿੰਘ ਢਿੱਲਵਾਂ ਦੀ ਮਿਹਨਤ ਅਤੇ ਸਰਕਾਰ ਦੇ ਸਹਿਯੋਗ ਨਾਲ ਛੇਤੀ ਹੀ ਪ੍ਰਾਪਤ ਕਰ ਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਬਹੁਤ ਹੀ ਜਲਦੀ ਇਸ ਰੇਂਜ਼ ਨੂੰ ਡਿਜੀਟਲ ਟਰੌਲੀਜ਼ ਵੀ ਮਿਲਣ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਇਹ ਕੋਸ਼ਿਸ਼ ਹੈ ਕਿ ਪਿੰਡਾਂ, ਸ਼ਹਿਰਾਂ ਦੀਆਂ ਗਲੀਆਂ, ਨਾਲੀਆਂ ਦੇ ਵਿਕਾਸ ਦੇ ਨਾਲ-ਨਾਲ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ । ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਫਾਊਂਡੇਸ਼ਨ ਵਲੋਂ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਸ਼ੂਟਿੰਗ ਰੇਂਜ਼ ਨਿਸ਼ਾਨੇਬਾਜ਼ੀ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ ਅਤੇ ਇੱਥੋਂ ਸਿਖਲਾਈ ਪ੍ਰਾਪਤ ਨੌਜਵਾਨ ਅਭੀਨਵ ਬਿੰਦਰਾ, ਅਵਨੀਤ ਕੌਰ ਸਿੱਧੂ, ਸਿਫਤ ਕੌਰ ਸਮਰਾ ਅਤੇ ਸਿਮਰਪ੍ਰੀਤ ਕੌਰ ਵਾਂਗ ਸਾਡੇ ਮੁਲਕ ਦਾ ਨਿਸ਼ਾਨੇਬਾਜ਼ੀ ਖੇਤਰ ਵਿੱਚ ਹੋਰ ਨਾਂ ਰੌਸ਼ਨ ਕਰਨਗੇ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਜਸਬੀਰ ਜੱਸੀ ਵੱਲੋਂ ਨਿਭਾਈ ਗਈ । ਸ਼ੂਟਿੰਗ ਰੇਂਜ਼ ਦੇ ਉਦਘਾਟਨ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਿਸ ਵਿੱਚ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਂਖੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਉਨ੍ਹਾਂ ਕਿਹਾ ਕਿ ਫਰੀਦਕੋਟ ਸ਼ਹਿਰ ਨਹਿਰੂ ਸਟੇਡੀਅਮ ਵਿੱਚ ਇਹ ਸ਼ੂਟਿੰਗ ਰੇਂਜ ਬਣਨਾ ਆਪਣੇ ਲਈ ਇੱਕ ਉਪਲੱਬਧੀ ਹੈ। ਉਨ੍ਹਾਂ ਕਿਹਾ ਕਿ ਆਮ ਪਾਰਟੀ ਦੀ ਸਰਕਾਰ  ਨੇ ਸੂਟਿੰਗ ਰੇਂਜ ਖੋਲ ਕੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਖੂਬਸੁਰਤ ਵਸੀਲਾ ਸਿਰਜਿਆ ਹੈ । ਇਸ ਤੋਂ ਪਹਿਲਾਂ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਤੇ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ੂਟਿੰਗ ਰੇਂਜ ਤੇ ਖਰਚੇ ਗਏ 12 ਲੱਖ ਰੁਪਏ ਦੀ ਰਾਸ਼ੀ ਜ਼ਿਲ੍ਹਾ ਯੋਜਨਾ ਬੋਰਡ ਅਤੇ ਐਮ.ਪੀ.ਲੈਂਡ ਫੰਡ ਵਿਚੋਂ ਖਰਚ ਕੀਤੀ ਗਈ ਹੈ । ਉਨ੍ਹਾਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੇਣ ਤੇ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਸ਼ੂਟਿੰਗ ਰੇਂਜ਼ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ । ਇਸ ਮੌਕੇ ਸੁਖਵੰਤ ਸਿੰਘ ਪੱਕਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ, ਸਿਫਤ ਕੌਰ ਸਮਰਾ ਕੌਮਾਂਤਰੀ ਸ਼ੂਟਰ, ਸਿਮਰਪ੍ਰੀਤ ਕੌਰ ਕੌਮਾਂਤਰੀ ਸ਼ੂਟਰ, ਦਵਿੰਦਰਜੀਤ ਸਿੰਘ ਸੇਂਖੋਂ ਸਕੱਤਰ ਮਿਸਲ ਸਤਲੁਜ, ਸੁਖਣਵਾਲਾ ਪ੍ਰਧਾਨ ਮਿਸਲ ਸਤਲੁਜ, ਸੁਖਰਾਜ ਕੌਰ ਸ਼ੂਟਿੰਗ ਕੋਚ, ਰਣਪਿੰਦਰ ਸਿੰਘ ਗੋਲਡੀ, ਸੁਖਰਾਜ ਸਿੰਘ, ਸੁਖਵਿੰਦਰ ਸਿੰਘ ਯੂਥ ਪ੍ਰਧਾਨ ਮਾਲਵਾ, ਹਰਦੀਪ ਸਿੰਘ ਹੈਪੀ, ਗੁਰਪਾਲ ਸਿੰਘ ਸੰਧੂ ਐਡਵੋਕੇਟ, ਮਨਪ੍ਰੀਤ ਸਿੰਘ ਧਾਲੀਵਾਲ, ਅਮਨਪ੍ਰੀਤ ਸਿੰਘ ਖਾਲਸਾ, ਪੀ.ਏ, ਮੱਘਰ ਸਿੰਘ ਪ੍ਰਧਾਨ ਕੈਂਸਰ ਰੋਕੋ ਸੇਵਾ ਸੁਸਾਇਟੀ, ਜਗਪਾਲ ਸਿੰਘ ਬਰਾੜ, ਸ਼ਿਵਜੀਤ ਸਿੰਘ ਸੰਘਾ ਆਦਿ ਹਾਜ਼ਰ ਸਨ।

ਸਪੀਕਰ ਸੰਧਵਾਂ ਨੇ 12 ਲੱਖ ਦੀ ਲਾਗਤ ਨਾਲ ਤਿਆਰ ਸ਼ੂਟਿੰਗ ਰੇਂਜ ਦਾ ਕੀਤਾ ਉਦਘਾਟਨ Read More »

ਸੀ.ਜੀ.ਐੱਮ-ਕਮ-ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਿ਼ਲ੍ਹਾ ਜੇਲ੍ਹ ਦਾ ਕੀਤਾ ਦੌਰਾ

ਸ੍ਰੀ ਮੁੁਕਤਸਰ ਸਾਹਿਬ 20 ਸਤੰਬਰ (ਗਿਆਨ ਸਿੰਘ) –  ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਅਧੀਨ ਜੇਲ੍ਹਾ  ਵਿੱਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਵਿਧੀ ਨੂੰ ਮਜ਼ਬੂਤ ਕਰਨ ਹਿੱਤ ਅਤੇ ਸ੍ਰੀ ਰਾਜ ਕੁਮਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਡਾ. ਗਗਨਦੀਪ ਕੌਰ, ਸੀ.ਜੀ.ਐੱਮ/ਸਕੱਤਰ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਗੁਰਪ੍ਰੀਤ ਸਿੰਘ ਚੌਹਾਨ, ਚੀਫ ਲੀਗਲ ਏਡ ਡਿਫੈਂਸ ਕਾਉਂਸਲ ਨੇ ਜ਼ਿਲ੍ਹਾ ਜੇਲ੍ਹ, ਸ੍ਰੀ ਮੁਕਤਸਰ ਸਾਹਿਬ  ਦਾ ਦੌਰਾ ਕੀਤਾ ਗਿਆ। ਜਿਲ੍ਹਾ ਕਾਨੂੰਨੀ ਅਥਾਰਟੀ ਵੱਲੋ ਪੈਰਾ ਲੀਗਲ ਵਲੰਟੀਅਰਜ਼ ਅਤੇ ਡਿਫੈਂਸ ਕਾਉਂਸਲ ਦੀ ਡਿਉਟੀ ਲਗਾਈ ਗਈ ਹੈ ਜੋ ਕਿ ਜਿਲ੍ਹਾਂ ਜੇਲ੍ਹ ਵਿਚ ਹਰ ਰੋਜ ਆਉਣ ਵਾਲੇ ਹਵਾਲਾਤੀਆਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਜੋ ਰਜਿਸਟਰ ਲਗਾਏ ਹਨ ਉਹਨਾ ਵਿਚ ਹਰ ਰੋਜ ਆਉਣ ਵਾਲੇ ਹਵਾਲਾਤੀ, ਅਪੀਲ ਸਬੰਧੀ, ਜਮਾਨਤ ਸਬੰਧੀ ਅਤੇ ਹੋਰ  ਮੈਡੀਕਲ ਸਬੰਧੀ ਜਾਣਕਾਰੀ ਦਰਜ ਕਰਨਗੇ, ਉਸਦੀ ਸਮੀਖਿਆ ਹਰੇਕ ਹਫਤੇ ਸੱਕਤਰ ਵੱਲੋ ਕੀਤੀ ਜਾਵੇਗੀ। ਸੀ.ਜੀ.ਐੱਮ/ਸਕੱਤਰ ਨੇ ਜੇਲ੍ਹ ਵਿਚ ਬੰਦ ਹਵਾਲਾਤੀ/ਕੈਦੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾ ਦੀਆਂ ਮੁਸ਼ਕਿਲਾਂ ਸੁਣੀਆਂ ਗਈਆ ਅਤੇ ਉਸਦਾ ਨਿਪਟਾਰਾ ਕੀਤਾ। ਜੇਲ੍ਹ ਵਿਚ ਰਜਿਸਟਰ ਲਗਾਏ ਗਏ ਸਨ, ਉਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਰਜਿਸਟਰ ਵਿਚ ਦਰਜ ਹਵਾਲਾਤੀਆਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਬਣਦੀ ਕਾਨੂੰਨੀ ਸਹਾਇਤਾ ਮੁੱਹਈਆ ਕਰਵਾਈ ਗਈ। ਜੇਲ੍ਹ ਦੌਰਾਨ ਹਵਾਲਾਤੀਆਂ ਨੂੰ ਦਿੱਤੀ ਜਾਣ ਵਾਲੀ ਮੈਡੀਕਲ ਸਹੂਲਤ ਅਤੇ ਖਾਣੇ ਦਾ ਵੀ ਨਿਰੀਖਣ ਕੀਤਾ ਗਿਆ। ਕੈਦੀਆ/ਹਵਾਲਾਤੀਆਂ ਨੂੰ ਪਲੀ-ਬਾਰਗੇਨਿਗ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਹੋਰ ਵਧੇਰੇ ਜਾਣਕਾਰੀ ਲੈਣ ਲਈ ਟੋਲ-ਫ੍ਰੀ 15100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਸੀ.ਜੀ.ਐੱਮ-ਕਮ-ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਿ਼ਲ੍ਹਾ ਜੇਲ੍ਹ ਦਾ ਕੀਤਾ ਦੌਰਾ Read More »

ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ 2024 ਕਰਵਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਸਤੰਬਰ (ਗਿਆਨ ਸਿੰਘ) – ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਅੱਜ ਖਾਲਸਾ ਕਾਲਜ, ਫ਼ੇਜ਼ 3 (ਏ), ਮੋਹਾਲੀ ਵਿਖੇ ‘ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ’ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਸ਼ਾਮਲ ਸਨ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਰਸ਼ਨ ਕੌਰ ਅਨੁਸਾਰ ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੈਟ੍ਰਿਕ ਪੱਧਰ ਦੇ ਲਗਭਗ 300 ਵਿਦਿਆਰਥੀਆਂ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ, ਜਿਨ੍ਹਾਂ ਵਿੱਚ ਕਵਿਤਾ ਗਾਇਨ ਮੁਕਾਬਲੇ ਲਈ 73, ਲੇਖ ਰਚਨਾ ਲਈ 84, ਕਹਾਣੀ ਰਚਨਾ ਲਈ 70 ਅਤੇ ਕਵਿਤਾ ਰਚਨਾ ਲਈ 54 ਵਿਦਿਆਰਥੀ ਸ਼ਾਮਲ ਸਨ । ਮੁਕਾਬਲਿਆਂ ਦੀ ਸ਼ੁਰੂਆਤ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਪਤਵੰਤਿਆਂ ਨੂੰ ‘ਜੀ ਆਇਆਂ ਨੂੰ’ ਆਖਿਆ ਗਿਆ ਅਤੇ ਕਿਹਾ ਕਿ ਸਾਹਿਤ ਮਨੁੱਖ ਅੰਦਰਲੀ ਸੰਵੇਦਨਾ ਨੂੰ ਬਚਾਈ ਰੱਖਦਾ ਹੈ, ਇਸ ਲਈ ਸੋਸ਼ਲ ਮੀਡੀਆ ਦੇ ਦੌਰ ਵਿਚ ਵਿਦਿਆਰਥੀਆਂ ਅੰਦਰ ਮਾਂ-ਬੋਲੀ ਅਤੇ ਸਾਹਿਤ ਪ੍ਰਤੀ ਲਗਾਅ ਪੈਦਾ ਕਰਨ ਅਤੇ ਉਨ੍ਹਾਂ ਅੰਦਰਲੀ ਸਿਰਜਣਾਤਮਕ ਪ੍ਰਤਿਭਾ ਨੂੰ ਨਿਖਾਰਨ ਦੇ ਉਪਰਾਲੇ ਵਜੋਂ ਇਹ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਕਿ ਅਜੋਕੇ ਮਸ਼ੀਨੀ ਚੌਗਿਰਦੇ ਵਿਚ ਕੋਈ ਹਰਿਆ ਬੂਟਾ ਵੀ ਮਹਿਕਦਾ ਰਹੇ। ਇਨ੍ਹਾਂ ਮੁਕਾਬਲਿਆਂ ਲਈ ਹਰ ਸਾਲ ਜ਼ਿਲ੍ਹੇ ਦੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਵੱਲੋਂ ਮਿਲਦਾ ਸਹਿਯੋਗ ਸਲਾਹੁਣਯੋਗ ਹੈ। ਉਨ੍ਹਾਂ ਨੇ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਹਾਲੀ ਦੀਆਂ ਸਰਗਰਮੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਮੁਕਾਬਲਿਆਂ ਦੇ ਨਿਯਮਾਂ ਅਨੁਸਾਰ ਕਵਿਤਾ ਗਾਇਨ ਮੁਕਾਬਲੇ ਲਈ ਵਿਦਿਆਰਥੀਆਂ ਦੁਆਰਾ ਕਵਿਤਾਵਾਂ ਨੂੰ ਗਾ ਕੇ ਮੰਚ ਤੋਂ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਕਵਿਤਾ ਰਚਨਾ ਮੁਕਾਬਲੇ (300 ਸ਼ਬਦ) ਲਈ ਮੌਕੇ ‘ਤੇ ‘ਮਾਂ-ਬੋਲੀ’, ‘ਜ਼ਿੰਦਗੀ’ ਅਤੇ ‘ਦੋਸਤੀ’, ਲੇਖ ਰਚਨਾ ਮੁਕਾਬਲੇ (600 ਸ਼ਬਦ) ਲਈ ‘ਮਸ਼ੀਨੀ ਬੁੱਧੀਮਾਨਤਾ ਅਤੇ ਮਨੁੱਖ’, ‘ਸੋਸ਼ਲ ਮੀਡੀਆ: ਵਰਦਾਨ ਜਾਂ ਸਰਾਪ’, ਅਤੇ ‘ਅਜੋਕਾ ਸਮਾਜ ਅਤੇ ਔਰਤ’ ਅਤੇ ਕਹਾਣੀ ਰਚਨਾ ਮੁਕਾਬਲੇ (600 ਸ਼ਬਦ) ਲਈ ‘ਅਭੁੱਲ ਯਾਦ’, ‘ਭਲਾ ਅਤੇ ਬੁਰਾ’ ਅਤੇ ਮਿਹਨਤ ਦੀ ਕਮਾਈ’ ਵਿਸ਼ੇ ਦਿੱਤੇ ਗਏ। ਸਾਰੀਆਂ ਹੀ ਵਿਧਾਵਾਂ ਵਿੱਚ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲਿਆ। ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਲੇਜ਼ਲ ਰਾਏ (ਵਿੱਦਿਆ ਵੈਲੀ ਸਕੂਲ, ਖਰੜ), ਦੂਜਾ ਸਥਾਨ ਦਿਲਪ੍ਰੀਤ ਕੌਰ (ਸਸਸਸ ਮਜਾਤੜੀ) ਅਤੇ ਤੀਜਾ ਸਥਾਨ ਅਭਜੋਤ ਸਿੰਘ (ਸਸਸਸ ਰਾਮਗੜ੍ਹ ਬੂਟਾ ਸਿੰਘ ਵਾਲਾ) ਨੇ ਪ੍ਰਾਪਤ ਕੀਤਾ।     ਕਹਾਣੀ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਅਭਿਜੋਤ ਕੌਰ (ਮੈਕਸਿਮ ਮੈਰੀ ਸਕੂਲ, ਖਰੜ), ਦੂਜਾ ਸਥਾਨ ਵੰਸ਼ਿਕਾ (ਸਸਸਸ, ਫੇਜ਼ 11, ਮੋਹਾਲੀ) ਅਤੇ ਤੀਜਾ ਸਥਾਨ ਮਨਿਕਾ ਕੁਮਾਰੀ (ਸਹਸ, ਫੇਜ਼ 5, ਮੋਹਾਲੀ) ਨੇ ਪ੍ਰਾਪਤ ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਸਿਮਰਨਜੀਤ ਸਿੰਘ (ਸੀਸ,ਰਾਜੋਮਾਜਰਾ), ਦੂਜਾ ਸਥਾਨ ਹਰਜੋਤ ਸਿੰਘ (ਸ਼ਿਸ਼ੂ ਨਿਕੇਤਨ ਪਬਲਿਕ ਸਕੂਲ- 66, ਮੋਹਾਲੀ)ਅਤੇ ਤੀਜਾ ਸਥਾਨ ਮੰਨਤ ਮਲਿਕ (ਸਸਸਸ, ਝੰਜੇੜੀ) ਨੇ ਪ੍ਰਾਪਤ ਕੀਤਾ। ਲੇਖ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਸਵੈਨ ਸਹੋਤਾ (ਸਹਸ ਦੱਪਰ), ਦੂਜਾ ਸਥਾਨ ਹਰਸ਼ਿਤਾ (ਸਕੂਲ ਆਫ਼ ਐਮੀਨੈਂਸ, ਖਰੜ) ਅਤੇ ਤੀਜਾ ਸਥਾਨ ਜਸਪ੍ਰੀਤ ਕੌਰ (ਸਹਸ ਮਜਾਤ) ਨੇ ਪ੍ਰਾਪਤ ਕੀਤਾ। ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਵਿਦਿਆਰਥੀ ਅੱਗੇ ਪਟਿਆਲਾ ਵਿਖੇ ਨਵੰਬਰ ਮਹੀਨ ਵਿਚ ਕਰਵਾਏ ਜਾਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਮੁਕਾਬਲਿਆਂ ਦੌਰਾਨ ਨਿਰੀਖਕ ਪੈਨਲ ਲਈ  ਡਾ. ਪੁਸ਼ਪਿੰਦਰ ਕੌਰ, ਸ਼੍ਰੀਮਤੀ ਸੁਖਵਿੰਦਰ ਕੌਰ, ਮੈਡਮ ਦਿਲਪ੍ਰੀਤ ਕੌਰ, ਪ੍ਰੋ. ਗੁਰਜੋਧ ਕੌਰ ਵੱਲੋਂ ਸਾਰਥਕ ਭੂਮਿਕਾ ਨਿਭਾਈ ਗਈ। ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਦੇ ਮਾਪੇ ਅਤੇ ਜ਼ਿਲ੍ਹੇ ਦੀਆਂ ਹੋਰ ਅਦਬੀ ਸ਼ਖਸ਼ੀਅਤਾਂ ਵੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਵਿਦਿਆਰਥੀਆਂ ਅੰਦਰ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨਰੋਏ ਜੀਵਨ ਮੁੱਲਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ 2024 ਕਰਵਾਏ ਗਏ Read More »

ਸਿਵਲ ਹਸਪਤਾਲ ਕੋਟਕਪੂਰਾ ਵਿਚਲੀ ਸਟਾਫ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇਗਾ : ਸਪੀਕਰ ਸੰਧਵਾਂ!

*ਬਲੱਡ ਬੈਂਕ ਕੋਟਕਪੂਰਾ ਵਿਖੇ ਬੀ.ਟੀ.ਓ. ਦੀ ਜਲਦ ਤੈਨਾਤੀ ਦੀ ਕੀਤੀ ਹਦਾਇਤ! ਫਰੀਦਕੋਟ, 20 ਸਤੰਬਰ (ਗਿਆਨ ਸਿੰਘ) – ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਚਲਾ ਬਲੱਡ ਬੈਂਕ ਕਦੇ ਵੀ ਬੰਦ ਨਹੀਂ ਹੋਵੇਗਾ ਅਤੇ ਇਸ ਹਸਪਤਾਲ ਵਿੱਚ ਡਾਕਟਰਾਂ ਸਮੇਤ ਹਰ ਤਰਾਂ ਦੀਆਂ ਸਾਰੀਆਂ ਆਸਾਮੀਆਂ ਦੀ ਜਲਦ ਭਰਪਾਈ ਕੀਤੀ ਜਾਵੇਗੀ। ਪੀ.ਬੀ.ਜੀ. ਵੈਲਫੇਅਰ ਕਲੱਬ ਵਲੋਂ ਬਲੱਡ ਬੈਂਕ ਵਿੱਚ ਲਾਏ ਗਏ ਖੂਨਦਾਨ ਕੈਂਪ ਦੌਰਾਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ, ਕਲੱਬ ਦੇ ਮੈਂਬਰਾਂ ਅਤੇ ਸ਼ਹਿਰ ਨਿਵਾਸੀਆਂ ਦੀ ਹਾਜਰੀ ਵਿੱਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਪੀ.ਬੀ.ਜੀ. ਵੈਲਫੇਅਰ ਕਲੱਬ ਵਲੋਂ ਪਿਛਲੇ ਲੰਮੇ ਸਮੇਂ ਤੋਂ ਖੂਨਦਾਨ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਪ੍ਰਸ਼ੰਸ਼ਾ ਯੋਗ ਹੈ। ਸਪੀਕਰ ਸ. ਸੰਧਵਾਂ ਨੇ ਸਿਹਤ ਵਿਭਾਗ ਦੇ ਸੈਕਟਰੀ, ਸਿਵਲ ਸਰਜਨ ਫਰੀਦਕੋਟ, ਜ਼ਿਲਾ ਸਿਹਤ ਅਫਸਰ ਫਰੀਦਕੋਟ ਸਮੇਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਲੱਡ ਬੈਂਕ ਕੋਟਕਪੂਰਾ ਵਿੱਚ ਜਲਦ ਸਟਾਫ ਦੀ ਤੈਨਾਤੀ ਕੀਤੀ ਜਾਵੇ ਅਤੇ ਸਿਵਲ ਹਸਪਤਾਲ ਦੇ ਸਟਾਫ ਦੀ ਕਮੀ ਨੂੰ ਵੀ ਤੁਰੰਤ ਪੂਰਾ ਕੀਤਾ ਜਾਵੇ। ਉਂਝ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਹੁਤ ਜਲਦ ਨਵੇਂ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਤੇ ਪੰਜਾਬ ਭਰ ਦੇ ਕਿਸੇ ਵੀ ਹਸਪਤਾਲ ਵਿੱਚ ਮਾਹਰ ਡਾਕਟਰਾਂ ਸਮੇਤ ਸਟਾਫ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਦੀ ਅਗਵਾਈ ਵਾਲੇ ਵਫਦ ਨੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੂੰ ਸਿਵਲ ਹਸਪਤਾਲ ਦੀਆਂ ਉਹਨਾਂ ਮਸ਼ੀਨਾ ਬਾਰੇ ਵੀ ਜਾਣਕਾਰੀ ਦਿੱਤੀ, ਜੋ ਪਿਛਲੇ ਚਾਰ ਸਾਲਾਂ ਤੋਂ ਬੰਦ ਪਈਆਂ ਹਨ। ਇਸ ਤੋਂ ਇਲਾਵਾ ਬਲੱਡ ਬੈਂਕ ਵਿੱਚ ਬੀ.ਟੀ.ਓ. ਦੀ ਪੱਕੇ ਤੌਰ ’ਤੇ ਤੈਨਾਤੀ ਸਮੇਤ ਹਸਪਤਾਲ ਵਿਚਲੇ ਸਟਾਫ ਦੀ ਘਾਟ ਤੋਂ ਵੀ ਜਾਣੂ ਕਰਵਾਇਆ। ਕਲੱਬ ਦੇ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਕਲੱਬ ਵਲੋਂ ਸਮੁੱਚੇ ਮਾਲਵਾ ਖੇਤਰ ਸਮੇਤ ਪੰਜਾਬ ਦੇ ਹੋਰ ਵੀ ਅਨੇਕਾਂ ਬਲੱਡ ਬੈਂਕਾਂ ਨੂੰ ਹਰ ਗਰੁੱਪ ਦੇ ਖੂਨ ਯੂਨਿਟ ਮੁਹੱਈਆ ਕਰਵਾਏ ਗਏ। ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਹਰਿੰਦਰ ਸਿੰਘ ਗਾਂਧੀ ਨੇ ਵੀ ਕਲੱਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਵਾਇਆ। ਸਪੀਕਰ ਸ. ਅਤੇ ਸਿਵਲ ਸਰਜਨ ਨੇ ਖੂਨਦਾਨੀਆਂ ਦਾ ਸਨਮਾਨ ਚਿੰਨ ਅਤੇ ਸਰਟੀਫਿਕੇਟ ਨਾਲ ਸਨਮਾਨ ਕੀਤਾ। ਅੰਤ ਵਿੱਚ ਕਲੱਬ ਵਲੋਂ ਸਪੀਕਰ ਸੰਧਵਾਂ ਸਮੇਤ ਸਿਵਲ ਸਰਜਨ ਅਤੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਰਿੰਦਰ ਬੈੜ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਰਵੀ ਅਰੋੜਾ, ਗੁਰਪ੍ਰੀਤ ਸਿੰਘ, ਅਮਨ ਗੁਲਾਟੀ, ਜੈਪਾਲ ਗਰਗ, ਅਮਨ ਘੋਲੀਆ, ਰਾਜਾ ਠੇਕੇਦਾਰ, ਗੁਰਜੰਟ ਸਿੰਘ ਸਰਾਂ, ਨੀਰੂ ਪੁਰੀ, ਮੰਜੂ ਬਾਲਾ, ਸਲੋਨੀ ਆਦਿ ਵੀ ਹਾਜਰ ਸਨ।

ਸਿਵਲ ਹਸਪਤਾਲ ਕੋਟਕਪੂਰਾ ਵਿਚਲੀ ਸਟਾਫ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇਗਾ : ਸਪੀਕਰ ਸੰਧਵਾਂ! Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀ ਨਸ਼ਿਆਂ ਪ੍ਰਤੀ ਮੁਹਿੰਮ ਤਹਿਤ ਲਗਾਇਆ ਗਿਆ ਵਿਸ਼ੇਸ਼ ਜਾਗਰੂਕਤਾ ਸੈਮੀਨਾਰ

ਫਿਰੋਜ਼ਪੁਰ,20 ਸਤੰਬਰ (ਗਿਆਨ ਸਿੰਘ) – ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਅਤੇ ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਮਿਤੀ 05.09.2024 ਤੋਂ31.10.2024 ਤੱਕ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਹੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਅੱਜ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫਿਰੋਜਪੁਰ ਵਿਖੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਡਾ. ਸਤਿੰਦਰ ਸਿੰਘ, ਡਿਪਟੀ ਸਿੱਖਿਆ ਅਫਸਰ, ਫਿਰੋਜਪੁਰ, ਡਾ. ਰਚਨਾ ਮਿੱਤਲ, ਸਿਵਲ ਹਸਪਤਾਲ, ਫਿਰੋਜਪੁਰ, ਸ੍ਰੀ ਅਸ਼ੋਕ ਬਹਿਲ, ਸੈਕਟਰੀ, ਰੈੱਡ ਕਰਾਸ, ਫਿਰੋਜਪੁਰ ਬਤੌਰ ਰਿਸੋਰਸ ਪਰਸਨ ਹਾਜ਼ਰ ਸਨ। ਸਕੂਲ ਦੇ ਪ੍ਰਿੰਸੀਪਲ ਡਾ. ਸੰਗੀਤਾ ਰਗੂਲਾ ਜੀ ਅਤੇ ਹੋਰ ਅਧਿਆਪਕ ਸਾਹਿਬਾਨ ਵੀ ਸ਼ਾਮਲ ਸਨ। ਇਸ ਮੁਹਿੰਮ ਦੇ ਤਹਿਤ ਸਕੂਲ ਦੇ ਬੱਚਿਆਂ ਦੇ ਪੋਸਟਰ ਮੇਕਿੰਗ, ਭਾਸ਼ਣ ਮੁਕਾਬਲੇ ਅਤੇ ਕਵਿਤਾਵਾਂ ਮੁਕਾਬਲੇ ਵੀ ਕਰਵਾਏ ਗਏ ਅਤੇ ਪਹਿਲਾ, ਦੂਜਾ, ਤੀਜਾ ਦਰਜਾ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਪ੍ਰਸ਼ੰਸਾ ਪੱਤਰ ਵੰਡੇ ਗਏ। ਸਾਰੇ ਰਿਸੋਰਸ ਪਰਸਨ ਵੱਲੋਂ ਵਾਰੀ—ਵਾਰੀ ਹਾਜ਼ਰ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕਤ ਕੀਤਾ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮੈਡਮ  ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂਅਥਾਰਟੀ, ਫਿਰੋਜਪੁਰ ਵੱਲੋਂ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਜੀਵਨ ਨੂੰ ਚੰਗੀ ਸੇਧ ਵੱਲ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਉਹਨਾਂ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ ਲੈਣ ਸਬੰਧੀ ਜਾਰੀ ਟੋਲ ਫ੍ਰੀ ਨੰਬਰ 15100 ਦੇ ਵੀ ਸਟਿੱਕਰ ਜਾਰੀ ਕੀਤੇ ਅਤੇ ਸਾਰੇ ਹਾਜ਼ਰ ਵਿਦਿਆਰਥੀਆਂ ਨੂੰ ਇਹਨਾਂ ਸਟਿੱਕਰਾਂ ਨੂੰ ਪਣੇ ਘਰ—ਮੁਹੱਲੇ ਤੇ ਚਿਪਕਾਉਣ ਲਈ ਕਿਹਾ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਵੱਲੋਂ ਜੱਜ ਸਾਹਿਬ ਦਾ ਅਤੇ ਇਸ ਦਫ਼ਤਰ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀ ਨਸ਼ਿਆਂ ਪ੍ਰਤੀ ਮੁਹਿੰਮ ਤਹਿਤ ਲਗਾਇਆ ਗਿਆ ਵਿਸ਼ੇਸ਼ ਜਾਗਰੂਕਤਾ ਸੈਮੀਨਾਰ Read More »