June 25, 2024

ਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਰੋਕ ਲਗਾਈ

ਦਿੱਲੀ ਹਾਈ ਕੋਰਟ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਦੇ ਹੇਠਲੀ ਅਦਾਲਤ ਦੇ ਹੁਕਮਾਂ ‘ਤੇ ਅੱਜ ਰੋਕ ਲਗਾ ਦਿੱਤੀ। ਜਸਟਿਸ ਸੁਧੀਰ ਕੁਮਾਰ ਜੈਨ ਦੇ ਛੁੱਟੀ ਵਾਲੇ ਬੈਂਚ ਨੇ ਕਿਹਾ ਕਿ ਹੇਠਲੀ ਅਦਾਲਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੇਸ਼ ਕੀਤੀ ਸਮੱਗਰੀ ਦਾ ਸਹੀ ਤਰ੍ਹਾਂ ਵਿਸ਼ਲੇਸ਼ਣ ਕਰਨ ਵਿੱਚ ਅਸਫਲ ਰਹੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਦੀ ਜ਼ਮਾਨਤ ਪਟੀਸ਼ਨ ਦਾ ਫੈਸਲਾ ਕਰਦੇ ਸਮੇਂ ਵਿਵੇਕ ਦੀ ਵਰਤੋਂ ਨਹੀਂ ਕੀਤੀ। ਬੈਂਚ ਨੇ ਇਹ ਵੀ ਕਿਹਾ ਕਿ ਹੇਠਲੀ ਅਦਾਲਤ ਨੂੰ ਈਡੀ ਨੂੰ ਆਪਣਾ ਪੱਖ ਪੇਸ਼ ਕਰਨ ਦਾ ਢੁੱਕਵਾਂ ਮੌਕਾ ਦੇਣਾ ਚਾਹੀਦਾ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵੇਗੀ।

ਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਰੋਕ ਲਗਾਈ Read More »

ਕਰੀਮੀਆ ’ਤੇ ਹਮਲਾ

ਅਮਰੀਕਾ ਦੀਆਂ ਸਪਲਾਈ ਕੀਤੀਆਂ ਮਿਜ਼ਾਈਲਾਂ ਨਾਲ ਯੂਕਰੇਨ ਨੇ ਕਰੀਮੀਆ ’ਤੇ ਹਮਲਾ ਕੀਤਾ ਹੈ ਜਿਸ ’ਤੇ ਰੂਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਾਸਕੋ ਨੇ ਹਮਲੇ ਨੂੰ ‘ਪੂਰੀ ਤਰ੍ਹਾਂ ਵਹਿਸ਼ੀ’ ਕਰਾਰ ਦਿੰਦਿਆਂ ਇਸ ਦਾ ਦੋਸ਼ ਅਮਰੀਕਾ ਸਿਰ ਮੜ੍ਹਿਆ ਹੈ ਤੇ ਨਾਲ ਹੀ ਜਵਾਬੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਮਿਜ਼ਾਈਲਾਂ ਨੂੰ ਅਮਰੀਕੀ ਮਾਹਿਰਾਂ ਨੇ ਆਪਣੇ ਸੈਟੇਲਾਈਟਾਂ ਅਤੇ ਨੇੜਲੇ ਅਮਰੀਕੀ ਜਾਸੂਸੀ ਡਰੋਨ ਦੀ ਸਹਾਇਤਾ ਨਾਲ ਨਿਸ਼ਾਨਾ ਫੁੰਡਣ ਲਈ ਤਿਆਰ ਕੀਤਾ ਸੀ। ਇਸ ਹਮਲੇ ਨਾਲ ਕਰੀਮੀਆ ਦੇ ਸ਼ਹਿਰ ਸੇਵਸਟੋਪੋਲ ਵਿੱਚ ਦੋ ਬੱਚਿਆਂ ਸਣੇ ਚਾਰ ਲੋਕ ਮਾਰੇ ਗਏ ਹਨ। ਇਸ ਤੋਂ ਇਲਾਵਾ 150 ਤੋਂ ਵੱਧ ਲੋਕ ਫੱਟੜ ਹੋ ਗਏ। ਲੋਕ ਉੱਥੇ ਛੁੱਟੀਆਂ ਮਨਾਉਣ ਆਏ ਹੋਏ ਸਨ। ਇਸ ਘਟਨਾ ਨੇ ਰੂਸ-ਯੂਕਰੇਨ ਜੰਗ ’ਚ ਟਕਰਾਅ ਮੁੜ ਤਿੱਖਾ ਕਰ ਦਿੱਤਾ ਹੈ ਹਾਲਾਂਕਿ ਜੰਗ ਲੱਗੀ ਨੂੰ 29 ਮਹੀਨੇ ਹੋ ਚੱਲੇ ਹਨ। ਇਸ ਘਟਨਾ ’ਚ ਨਾਗਰਿਕਾਂ ਦੀ ਮੌਤ ਨੇ ਯੂਕਰੇਨ ਅਤੇ ਅਮਰੀਕਾ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ। ਇਸ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਦੋਸ਼ ਲਾਉਂਦੇ ਰਹੇ ਹਨ ਕਿ ਮਾਸਕੋ ਦੀ ਸੁਰੱਖਿਆ ਅਤੇ ਖ਼ੁਦਮੁਖ਼ਤਾਰੀ ਨੂੰ ਕਮਜ਼ੋਰ ਕਰਨ ਲਈ ਅਮਰੀਕਾ ਕੀਵ ਨੂੰ ਵਰਤ ਰਿਹਾ ਹੈ। ਰੂਸ ਅਤੇ ਅਮਰੀਕਾ ਦੀ ਅਗਵਾਈ ਵਾਲੇ ‘ਨਾਟੋ’ ਗੱਠਜੋੜ ਵਿਚਾਲੇ ਸਿੱਧੀ ਟੱਕਰ ਦਾ ਖ਼ਦਸ਼ਾ ਅਜੇ ਵੀ ਬਰਕਰਾਰ ਹੈ। ਇਹ ਚਿੰਤਾਜਨਕ ਸਥਿਤੀ 1962 ਦੇ ਕਿਊਬਨ ਮਿਜ਼ਾਈਲ ਸੰਕਟ ਦਾ ਵੀ ਚੇਤਾ ਕਰਾਉਂਦੀ ਹੈ। ਭੂ-ਰਾਜਨੀਤਕ ਅਤੇ ਆਰਥਿਕ ਪੱਖ ਤੋਂ ਇਹ ਨਾ ਸਿਰਫ਼ ਯੂਰੋਪ ਬਲਕਿ ਪੂਰੇ ਸੰਸਾਰ ਲਈ ਬੁਰੀ ਖ਼ਬਰ ਹੈ ਕਿਉਂਕਿ ਜੰਗ ਕਾਰਨ ਪਿਛਲੇ ਕਰੀਬ ਦੋ ਸਾਲਾਂ ਤੋਂ ਸਪਲਾਈ ਲੜੀਆਂ ਵਿਚ ਵੀ ਵਿਘਨ ਪੈ ਰਿਹਾ ਹੈ ਜਿਸ ਦੇ ਮਾੜੇ ਸਿੱਟੇ ਨਿਕਲ ਰਹੇ ਹਨ। ਸੰਸਾਰ ਪੱਧਰ ’ਤੇ ਲਗਾਤਾਰ ਵਧ ਰਹੀ ਮਹਿੰਗਾਈ ਦਾ ਇੱਕ ਕਾਰਨ ਇਹ ਜੰਗ ਵੀ ਹੈ। ਇਸ ਨਾਲ ਵੱਖ-ਵੱਖ ਮੁਲਕਾਂ ਲਈ ਅਨਾਜ ਅਤੇ ਤੇਲ ਸਪਲਾਈ ਵਿੱਚ ਵਿਘਨ ਪਿਆ ਹੈ। ਇੱਕ ਤੋਂ ਬਾਅਦ ਇੱਕ ਭੜਕਾਹਟ ਜੰਗ ਨੂੰ ਹੋਰ ਲੰਮਾ ਕਰੇਗੀ ਜਿਸ ਦਾ ਕੋਈ ਸਿਰਾ ਨਹੀਂ ਲੱਭੇਗਾ। ਜੰਗ ਲੜ ਰਹੀਆਂ ਦੋਵਾਂ ਧਿਰਾਂ ਨੂੰ ਵਾਰਤਾ ਲਈ ਸਹਿਮਤ ਕਰਨ ਵਾਸਤੇ ਕੋਈ ਨਾ ਕੋਈ ਰਾਹ ਤਲਾਸ਼ਣਾ ਪਏਗਾ। ਬਦਕਿਸਮਤੀ ਨਾਲ ਹਾਲ ਹੀ ਵਿੱਚ ਸਵਿਟਜ਼ਰਲੈਂਡ ਦੇ ਬਰਗਨਸਟੌਕ ਵਿੱਚ ਹੋਏ ਸ਼ਾਂਤੀ ਸੰਮੇਲਨ ’ਚੋਂ ਵੀ ਕੁਝ ਠੋਸ ਨਹੀਂ ਨਿਕਲ ਸਕਿਆ। ਭਾਰਤ ਸਣੇ ਹਿੱਸਾ ਲੈਣ ਵਾਲੇ ਕੁਝ ਦੇਸ਼ਾਂ ਨੇ ਸਾਂਝੇ ਬਿਆਨ ’ਤੇ ਦਸਤਖ਼ਤ ਨਹੀਂ ਕੀਤੇ। ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰੀ ਇਗਨਾਜ਼ੀਓ ਕਾਸਿਸ ਨੇ ਖੁੱਲ੍ਹੇਆਮ ਮੰਨਿਆ ਕਿ ਸੰਮੇਲਨ ਵਿੱਚ ਕੀਤੇ ਜਿ਼ਆਦਾਤਰ ਫ਼ੈਸਲੇ ਰੂਸ ਦੀ ਸ਼ਮੂਲੀਅਤ ਤੋਂ ਬਿਨਾਂ ਲਾਗੂ ਨਹੀਂ ਕੀਤੇ ਜਾ ਸਕਦੇ। ਭਾਰਤ ਦੇ ਸੁਝਾਅ ਮੁਤਾਬਿਕ, ਇਸ ਟਕਰਾਅ ਨੂੰ ਸਮੇਟਣ ਲਈ ਰੂਸ ਅਤੇ ਯੂਕਰੇਨ ਦਰਮਿਆਨ ‘ਸੁਹਿਰਦ ਤੇ ਵਿਹਾਰਕ ਰਾਬਤਾ’ ਜ਼ਰੂਰੀ ਹੈ ਤਾਂ ਕਿ ਸ਼ਾਂਤੀਪੂਰਨ ਹੱਲ ਉੱਤੇ ਸਹਿਮਤੀ ਬਣ ਸਕੇ। ਇਸ ਬਾਰੇ ਪਹਿਲ ਦੇ ਆਧਾਰ ’ਤੇ ਕੋਈ ਕਵਾਇਦ ਆਰੰਭ ਹੋਣੀ ਚਾਹੀਦੀ ਹੈ। ਇਹ ਜੰਗ ਕਿਸੇ ਇੱਕ ਮੁਲਕ ਦਾ ਨੁਕਸਾਨ ਨਹੀਂ ਸਗੋਂ ਸਮੁੱਚੀ ਮਨੁੱਖਤਾ ਦਾ ਘਾਣ ਹੈ।

ਕਰੀਮੀਆ ’ਤੇ ਹਮਲਾ Read More »

ਸਪੈਕਟ੍ਰਮ ਦੀ ਨਿਲਾਮੀ ਅੱਜ, ਜੀਓ ਦੇ ਸਕਦੀ ਹੈ ਸਭ ਤੋਂ ਵੱਧ ਬੋਲੀ

ਅੱਠ ਬੈਂਡਾਂ ਵਿਚ 96,000 ਕਰੋੜ ਰੁਪਏ ਤੋਂ ਵੱਧ ਦੇ ਸਪੈਕਟ੍ਰਮ ਦੀ ਨਿਲਾਮੀ ਅੱਜ ਹੋ ਰਹੀ ਹੈ। ਦੂਰਸੰਚਾਰ ਅਪਰੇਟਰ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ 5ਜੀ ਮੋਬਾਈਲ ਸੇਵਾਵਾਂ ਲਈ ਇਨ੍ਹਾਂ ਮਹੱਤਵਪੂਰਨ ਰੇਡੀਓ ਤਰੰਗਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੀ ਸਪੈਕਟ੍ਰਮ ਨਿਲਾਮੀ ਅਗਸਤ 2022 ਵਿੱਚ ਹੋਈ ਸੀ, ਜਿਸ ਵਿੱਚ ਪਹਿਲੀ ਵਾਰ 5ਜੀ ਸੇਵਾਵਾਂ ਲਈ ਰੇਡੀਓ ਤਰੰਗਾਂ ਸ਼ਾਮਲ ਸਨ। ਸਰਕਾਰ ਲਗਪਗ 96,317 ਕਰੋੜ ਰੁਪਏ ਦੀ ਮੂਲ ਕੀਮਤ ’ਤੇ ਮੋਬਾਈਲ ਫੋਨ ਸੇਵਾਵਾਂ ਲਈ ਅੱਠ ਸਪੈਕਟ੍ਰਮ ਬੈਂਡਾਂ ਦੀ ਨਿਲਾਮੀ ਕਰੇਗੀ। ਰਿਲਾਇੰਸ ਜੀਓ ਨੇ ਸਪੈਕਟ੍ਰਮ ਨਿਲਾਮੀ ਲਈ ਸਭ ਤੋਂ ਵੱਧ 3000 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ। ਇਸ ਆਧਾਰ ‘ਤੇ ਕੰਪਨੀ ਵੱਧ ਤੋਂ ਵੱਧ ਰੇਡੀਓ ਤਰੰਗਾਂ ਲਈ ਬੋਲੀ ਲਗਾ ਸਕਦੀ ਹੈ। ਦੂਰਸੰਚਾਰ ਵਿਭਾਗ ਅਨੁਸਾਰ ਭਾਰਤੀ ਏਅਰਟੈੱਲ ਨੇ 1,050 ਕਰੋੜ ਰੁਪਏ ਅਤੇ ਵੋਡਾਫੋਨ ਆਈਡੀਆ ਨੇ 300 ਕਰੋੜ ਰੁਪਏ ਬਿਆਨੇ ਵਜੋਂ ਜਮ੍ਹਾਂ ਕਰਵਾਏ ਹਨ।

ਸਪੈਕਟ੍ਰਮ ਦੀ ਨਿਲਾਮੀ ਅੱਜ, ਜੀਓ ਦੇ ਸਕਦੀ ਹੈ ਸਭ ਤੋਂ ਵੱਧ ਬੋਲੀ Read More »

ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਚੁੱਕੀ ਸਹੁੰ

18ਵੀਂ ਲੋਕ ਸਭਾ ਲਈ ਅੱਜ ਪੰਜਾਬ ਦੇ 13 ਵਿਚੋਂ 12 ਸੰਸਦ ਮੈਂਬਰ ਸਹੁੰ ਚੁੱਕ ਰਹੇ ਹਨ। ਖਡੂਰ ਸਾਹਿਬ ਤੋਂ ਜਿੱਤੇ ਅੰਮ੍ਰਿਤਪਾਲ ਸਿੰਘ ਅੱਜ ਸਹੁੰ ਨਹੀਂ ਚੁੱਕ ਸਕਣਗੇ ਕਿਉਂਕਿ ਉਹ ਕੌਮੀ ਸੁਰੱਖਿਆ ਐਕਟ ਤਹਿਤ ਜੇਲ੍ਹ ਵਿਚ ਹਨ। ਪੰਜਾਬ ਦੇ ਸਾਰੇ 13 ਸੰਸਦ ਮੈਂਬਰਾਂ ਨੂੰ ਅੱਜ ਬਾਅਦ ਦੁਪਹਿਰ ਐਮ.ਪੀ ਦਫ਼ਤਰ ਵੱਲੋਂ ਸਮਾਂ ਦਿੱਤਾ ਗਿਆ। ਸਭ ਤੋਂ ਪਹਿਲਾਂ ਗੁਰਦਾਸਪੁਰ ਤੋਂ ਜੇਤੂ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਹੁੰ ਚੁੱਕੀ। ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਗੁਰਜੀਤ ਸਿੰਘ ਔਜਲਾ ਨੇ ਸਹੁੰ ਚੁੱਕੀ। ਗੁਰਜੀਤ ਔਜਲਾ ਨੇ ਸੰਵਿਧਾਨ ਦੀ ਕਾਪੀ ਹੱਥ ਵਿਚ ਫੜ ਕੇ ਸਹੁੰ ਚੁੱਕੀ। ਅੰਤ ਵਿਚ ਉਨ੍ਹਾਂ ਨੇ ਜੈ ਜਵਾਨ, ਜੈ ਕਿਸਾਨ ਅਤੇ ਜੈ ਸੰਵਿਧਾਨ ਦੇ ਨਾਅਰੇ ਵੀ ਲਾਏ। ਅੰਮ੍ਰਿਤਪਾਲ ਸਿੰਘ ਦਾ ਨਾਂ ਲਿਆ ਗਿਆ, ਪਰ ਉਹ ਹਾਜ਼ਰ ਨਹੀਂ ਹੋਏ।ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਤੋਂ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਡਾ: ਰਾਜ ਕੁਮਾਰ ਚੱਬੇਵਾਲ, ਸ੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ, ਸ਼ੇਰ ਸਿੰਘ ਘੁਬਾਇਆ, ਹਰਸਿਮਰਤ ਕੌਰ ਬਾਦਲ, ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ: ਧਰਮਵੀਰ ਸਿੰਘ ਗਾਂਧੀ ਨੇ ਵੀ ਸਾਂਸਦ ਵਜੋਂ ਸਹੁੰ ਚੁੱਕੀ। ਗੁਰਜੀਤ ਔਜਲਾ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦਾ ਨਾਂ ਲਿਆ ਗਿਆ। ਪਰ ਜੇਲ੍ਹ ਵਿਚ ਹੋਣ ਕਾਰਨ ਉਹ ਸੰਸਦ ਵਿਚ ਮੌਜੂਦ ਨਹੀਂ ਸਨ। ਜਿਸ ਕਾਰਨ ਅੱਜ ਉਨ੍ਹਾਂ ਨੂੰ ਸਹੁੰ ਨਹੀਂ ਚੁਕਾਈ ਗਈ। ਇਸ ਤੋਂ ਬਾਅਦ ਜਲੰਧਰ ਦੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕੀ।

ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਚੁੱਕੀ ਸਹੁੰ Read More »

ਭਾਰਤ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾ ਕੇ ਸੈਂਮੀਫਾਈਨਲ ਵਿਚ ਬਣਾਈ ਜਗ੍ਹਾ

ਟੀਮ ਇੰਡੀਆ ਨੇ ਆਪਣੇ ਆਖਰੀ ਸੁਪਰ-8 ਮੈਚ ‘ਚ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਟੀਮ 5ਵੀਂ ਵਾਰ ਇਸ ਟੂਰਨਾਮੈਂਟ ਦੇ ਟਾਪ-4 ਵਿਚ ਪਹੁੰਚੀ ਹੈ। ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਪਿਛਲੇ ਚੈਂਪੀਅਨ ਇੰਗਲੈਂਡ ਨਾਲ 27 ਜੂਨ ਨੂੰ ਰਾਤ 8 ਵਜੇ ਗੁਆਨਾ ਦੇ ਮੈਦਾਨ ‘ਤੇ ਹੋਵੇਗਾ। ਵੈਸਟਇੰਡੀਜ਼ ਦੇ ਸੇਂਟ ਲੂਸੀਆ ‘ਚ ਸੋਮਵਾਰ ਨੂੰ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈ਼ਸਲਾ ਕੀਤਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 41 ਗੇਂਦਾਂ ਵਿਚ 92 ਦੌੜਾਂ ਦੀ ਪਾਰੀ ਖੇਡੀ। ਉਸ ਨੇ 7 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 224 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ। ਇਕ ਸਮੇਂ ਉਨ੍ਹਾਂ ਦਾ ਸਟ੍ਰਾਈਕ ਰੇਟ 300 ਤੱਕ ਪਹੁੰਚ ਗਿਆ ਸੀ। ਰੋਹਿਤ ਟੀ-20 ਵਿਸ਼ਵ ਕੱਪ ‘ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਤੋਂ ਖੁੰਝ ਗਏ, ਹਾਲਾਂਕਿ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। ਰੋਹਿਤ ਤੋਂ ਇਲਾਵਾ ਸੂਰਿਆਕੁਮਾਰ (31), ਸ਼ਿਵਮ ਦੂਬੇ (28) ਅਤੇ ਹਾਰਦਿਕ ਪੰਡਯਾ (27) ਨੇ ਟੀਮ ਦੇ ਸਕੋਰ ਨੂੰ 205 ਤੱਕ ਪਹੁੰਚਾਇਆ। ਟੀਮ ਨੇ ਇਸ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਵਾਰ 200+ ਦਾ ਸਕੋਰ ਬਣਾਇਆ ਹੈ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ 4 ਓਵਰਾਂ ‘ਚ ਸਿਰਫ 14 ਦੌੜਾਂ ਦਿੱਤੀਆਂ ਅਤੇ ਇਕ ਵਿਕਟ ਲਈ। ਹੇਜ਼ਲਵੁੱਡ ਤੋਂ ਇਲਾਵਾ ਹਰ ਗੇਂਦਬਾਜ਼ ਨੇ ਆਪਣੇ ਓਵਰਾਂ ‘ਚ 10 ਤੋਂ ਵੱਧ ਦੌੜਾਂ ਦਿੱਤੀਆਂ। ਦੌੜਾਂ ਦਾ ਪਿੱਛਾ ਕਰਦਿਆਂ ਆਸਟਰੇਲੀਆ ਨੇ 13 ਓਵਰਾਂ ਵਿੱਚ ਦੋ ਵਿਕਟਾਂ ’ਤੇ 128 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਆਖਰੀ 7 ਓਵਰਾਂ ‘ਚ ਭਾਰਤੀ ਗੇਂਦਬਾਜ਼ਾਂ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਕੰਗਾਰੂ ਟੀਮ ਨੂੰ 20 ਓਵਰਾਂ ‘ਚ 181/7 ਦੇ ਸਕੋਰ ‘ਤੇ ਰੋਕ ਦਿੱਤਾ। ਅਰਸ਼ਦੀਪ ਸਿੰਘ ਨੇ ਟਿਮ ਡੇਵਿਡ, ਮੈਥਿਊ ਵੇਡ ਅਤੇ ਡੇਵਿਡ ਵਾਰਨਰ ਦੀਆਂ ਵਿਕਟਾਂ ਲਈਆਂ, ਜਦਕਿ ਕੁਲਦੀਪ ਯਾਦਵ ਨੇ ਗਲੇਨ ਮੈਕਸਵੈੱਲ ਅਤੇ ਮਿਸ਼ੇਲ ਮਾਰਸ਼ ਨੂੰ ਪੈਵੇਲੀਅਨ ਭੇਜਿਆ। ਬੁਮਰਾਹ ਨੇ ਟ੍ਰੈਵਿਸ ਹੈੱਡ (76 ਦੌੜਾਂ) ਦਾ ਵਿਕਟ ਲੈ ਕੇ ਮੈਚ ਨੂੰ ਭਾਰਤ ਦੇ ਪੱਖ ਵਿੱਚ ਕਰ ਦਿੱਤਾ। ਹੈੱਡ ਨੇ 43 ਗੇਂਦਾਂ ‘ਤੇ 76 ਦੌੜਾਂ ਦੀ ਪਾਰੀ ਖੇਡੀ।

ਭਾਰਤ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾ ਕੇ ਸੈਂਮੀਫਾਈਨਲ ਵਿਚ ਬਣਾਈ ਜਗ੍ਹਾ Read More »

ਐਮਰਜੈਂਸੀ ਦੇ ਦੌਰ ਦੀ ਮੇਰੀ ਹੱਡਬੀਤੀਆਂ/ਡਾਕਟਰ ਅਜੀਤਪਾਲ ਸਿੰਘ ਐਮ ਡੀ

ਸਾਲ 1975 ਦੀ 26 ਜੂਨ ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਰਾਤੋ ਰਾਤ ਲਾਈ ਐਮਰਜੈਂਸੀ ਕਾਰਨ ਸਾਰੇ ਮਨੁੱਖੀ ਹੱਕ ਮਨਸੂਖ ਕਰ ਦਿੱਤੇ ਗਏ ਸਨ,ਪ੍ਰੈਸ ਤੇ ਸੈਂਸਰਸ਼ਿਪ ਲਾ ਦਿੱਤੀ ਗਈ ਸੀ। ਕੋਰਟਾਂ ਦੇ ਵੀ ਅਧਿਕਾਰ ਬੇਹੱਦ ਸੀਮਤ ਕਰ ਦਿੱਤੇ ਗਏ ਸਨ l ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਅਤੇ ਯੂਨੀਅਨਾਂ ਦੇ ਆਗੂ ਤੇ ਕਾਰਕੁੰਨ ਇਸ ਐਮਰਜੈਂਸੀ ਦਾ ਨਿਸ਼ਾਨਾ ਬਣਾ ਦਿੱਤੇ ਗਏ ਸਨ। ਮੈਂ ਉਨੀ ਦਿਨੀ ਪਟਿਆਲੇ ਦੇ ਸਰਕਾਰੀ ਮੈਡੀਕਲ ਕਾਲਜ ਚ ਆਖਰੀ ਸਾਲ ਦਾ ਵਿਦਿਆਰਥੀ ਸੀ ਅਤੇ ਸੀਨੀਅਰ ਬੁਆਏਜ਼ ਹੋਸਟਲ ਵਿੱਚ ਰਹਿ ਰਿਹਾ ਸੀ l ਜੋਨਲ ਸਕੱਤਰ ਬਰਜਿੰਦਰ ਸਿੰਘ ਸੋਹਲ ਦੀ ਅਗਵਾਈ ਵਿੱਚ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਪਟਿਆਲਾ ਜੋਨ ਦਾ ਕੰਮ ਸੰਭਾਲ ਰਹੇ ਸੀ l ਬਰਜਿੰਦਰ ਸਿੰਘ ਸੋਹਲ ਇਸ ਤੋਂ ਪਹਿਲਾਂ ਸਰਕਾਰੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਸਨ l 1972 ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ਚ ਲੜੇ ਗਏ ਮੋਗਾ ਘੋਲ ਚ ਅਸੀਂ ਬਹੁਤ ਸਰਗਰਮ ਰਹੇ ਸਾਂ ਤੇ ਉਦੋਂ ਤੋਂ ਹੀ ਅਸੀਂ ਯੂਨੀਅਨ ਦਾ ਹਿੱਸਾ ਬਣ ਗਏ ਸਾਂ l ਪਟਿਆਲੇ ਦੇ ਕਾਕਿਆਂ ਦੀ ਕਾਲਜਾਂ ਅੰਦਰ ਹੁੰਦੀ ਗੁੰਡਾਗਰਦੀ ਵਿਰੁੱਧ ਅਸੀਂ ਜਦੋਂ ਖੜੇ ਹੋਏ ਤਾਂ ਸਾਨੂੰ ਵੀ ਜੇਲ ਦੇਖਣੀ ਪੈ ਗਈ ਸੀ l ਇਕੱਲੇ ਕੋਈ ਗਰੁੱਪ ਬਣਾ ਕੇ ਗੁੰਡਾਗਰਦੀ ਵਿਰੁੱਧ ਲੜਨ ਦੀ ਥਾਂ ਯੂਨੀਅਨ ਦਾ ਹਿੱਸਾ ਬਣ ਕੇ ਵਿਦਿਆਰਥੀਆਂ ਦੇ ਆਗੂਆਂ ਦੇ ਰੂਪ ਵਿੱਚ ਗੁੰਡਾਗਰਦੀ ਦਾ ਸਾਹਮਣਾ ਕਰਨਾ ਦਾ ਗੁਰ ਸਾਨੂੰ ਪੰਜਾਬ ਸਟੂਡੈਂਟ ਯੂਨੀਅਨ ਨੇ ਹੀ ਦਿੱਤਾ ਸੀ l ਪੀਐਸਯੂ ਨਾਲ ਜੁੜ ਜਾਣ ਤੋਂ ਬਾਅਦ ਮੇਰਾ ਜੀਵਨ ਸੰਘਰਸ਼ਮਈ ਹੋ ਗਿਆ ਤੇ ਅਸੀਂ ਮੈਡੀਕਲ ਵਿਦਿਆਰਥੀਆਂ ਵਿੱਚ ਉਨਾਂ ਦੇ ਖਾੜਕੂ ਆਗੂਆਂ ਵਜੋਂ ਸਥਾਪਿਤ ਹੋ ਗਏ l ਜੈ ਪ੍ਰਕਾਸ਼ ਨਰਾਇਣ ਦੀ ਲਹਿਰ ਦੇ ਮੁਕਾਬਲਤਨ ਮੋਗੇ ਦੀ ਸੰਗਰਾਂਦ ਰੈਲੀ ਪੰਜਾਬ ਸਟੂਡੈਂਟ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਸਾਂਝੇ ਤੌਰ ਤੇ ਕੀਤੀ ਸੀ ਅਤੇ ਉਸ ਤੋਂ ਬਾਅਦ ਮਸਤੂਆਣਾ ਦਾ ਇਜਲਾਸ ਵੀ ਅਸੀਂ ਅਟੈਂਡ ਕਰ ਲਿਆ ਸੀ l ਇਹਨਾਂ ਸਾਰੀਆਂ ਸਰਗਰਮੀਆਂ ਕਰਕੇ ਅਸੀਂ ਪੁਲਿਸ ਦੀਆਂ ਨਜ਼ਰਾਂ ਵਿੱਚ ਆ ਚੁੱਕੇ ਸਾਂ ਅਤੇ ਐਮਰਜੈਂਸੀ ਲਗਦਿਆਂ ਹੀ 11 ਵਿਦਿਆਰਥੀਆਂ ਦੀ ਲਿਸਟ ਉਹਨਾਂ ਕਾਲਜ ਵਿੱਚ ਭੇਜ ਦਿੱਤੀ ਸੀ ਅਤੇ ਗ੍ਰਿਫਤਾਰੀ ਵਾਰੰਟ ਵੀ ਜਾਰੀ ਕਰਵਾ ਦਿੱਤੇ ਸਨ l ਉਸ ਵੇਲੇ ਦੀ ਡੀਐਸ ਪੀ ਨੇ ਸਾਨੂੰ ਕੋਤਵਾਲੀ ਥਾਣੇ ਵਿੱਚ ਮਿਲਣ ਲਈ ਬੁਲਾਇਆ ਸੀ l ਪਿਰਥੀਪਾਲ ਸਿੰਘ ਰੰਧਾਵਾ ਤੇ ਬਲਜਿੰਦਰ ਸੋਹਲ ਉਦੋਂ ਰੂਪੋਸ਼ ਹੋ ਚੁੱਕੇ ਸਨ l ਡੀਐਸਪੀ ਦੇ ਬਲਾਉਣ ਤੇ ਜਦੋਂ ਅਸੀਂ ਕੁਤਵਾਲੀ ਗਏ ਤਾਂ ਉਹਨਾਂ ਬਾਕੀ ਸਾਥੀਆਂ ਨੂੰ ਛੱਡ ਕੇ ਮੈਨੂੰ ਨਜ਼ਰ ਬੰਦ ਕਰ ਦਿੱਤਾ ਅਤੇ ਸਖਤੀ ਨਾਲ ਕਿਹਾ ਕਿ ” ਤੈਨੂੰ ਕਿਸੇ ਹਾਲਤ ਵਿੱਚ ਵੀ ਨਹੀਂ ਛੱਡਿਆ ਜਾਵੇਗਾ ਜਾ ਤਾਂ ਤੂੰ ਆਪਣੇ ਰੂਪੋਸ਼ ਸਾਥੀਆਂ ਪਿਰਥੀਪਾਲ ਤੇ ਬਲਜਿੰਦਰ ਸੋਹਲ ਨੂੰ ਨਹੀਂ ਫੜਉਂਦਾ ਤਾਂ ਤੇਰੇ ਤੇ ਵੀ ਕੇਸ ਪਾ ਕੇ ਅੰਦਰ ਰੱਖਿਆ ਜਾਵੇਗਾ ” ਮੇਰੇ ਵੱਲੋਂ ਨਾ ਕਰਨ ਤੇ ਉਹਨਾਂ ਮੇਰੇ ਤੇ ਤਸ਼ੱਦਦ ਢਹੁਣਾ ਸ਼ੁਰੂ ਕੀਤਾ ਅਤੇ ਮੈਨੂੰ ਇੱਕ ਜੀਪ ਵਿੱਚ ਸੁੱਟ ਕੇ ਕਈ ਥਾਣਿਆਂ ਵਿੱਚ ਘੁਮਾਉਂਦੇ ਰਹੇ ਅਤੇ ਨਾਲ ਧਮਕੀਆਂ ਦਿੰਦੇ ਰਹੇ ਕਿ ਤੈਨੂੰ ਇੰਟੇਰੋਗੇਸ਼ਨ ਸੈਂਟਰ ਲਿਜਾ ਕੇ ਕੋਹਿਆ ਜਾਵੇਗਾ,ਨਹੀਂ ਤਾਂ ਤੂੰ ਮੰਨ ਜਾ l ਪੂਰੀ ਰਾਤ ਘੁਮਾਉਣ ਤੋਂ ਪਿੱਛੋਂ ਉਹਨਾਂ ਨੇ ਮੈਨੂੰ ਸਦਰ ਥਾਣੇ ਪਟਿਆਲੇ ਨਜ਼ਰਬੰਦ ਕਰ ਦਿੱਤਾ l ਪੂਰੇ ਚਾਰ ਦਿਨ ਮੈਨੂੰ ਭੁੱਖੇ ਰੱਖਿਆ ਗਿਆ ਅਤੇ ਵਿੱਚ ਵਿੱਚ ਦੀ ਕੁੱਟਮਾਰ ਵੀ ਕੀਤੀ ਜਾਂਦੀ ਰਹੀ l ਮੈਨੂੰ ਕਾਲ ਕੋਠੜੀ ਵਿੱਚ ਬੰਦ ਰੱਖਿਆ ਗਿਆ l ਉਸ ਵੇਲੇ ਐਮਰਜੈਂਸੀ ਦੀ ਦਹਿਸ਼ਤ ਇੰਨੀ ਸੀ ਕਿ ਕੋਈ ਵੀ ਥਾਣੇ ਆ ਕੇ ਕਿਸੇ ਦਾ ਪਤਾ ਲੈਣ ਨਹੀਂ ਸੀ ਜਾਂਦਾ l ਇਸ ਕਰਕੇ ਮੇਰਾ ਵੀ ਪਤਾ ਲੈਣ ਕੋਈ ਨਾ ਪਹੁੰਚ ਸਕਿਆ ਤੇ ਨਾ ਹੀ ਮੇਰਾ ਪਤਾ ਵਿਆਰਥੀਆਂ ਨੂੰ ਲੱਗਿਆ l ਚਾਰ ਦਿਨਾਂ ਦੀ ਇਸ ਹਿਰਾਸਤ ਤੋਂ ਬਾਅਦ ਮੈਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਜਾਇਆ ਗਿਆ l ਰਾਹ ਵਿੱਚ ਮੈਨੂੰ ਇੱਕ ਭਲੇ ਸੁਭਾਅ ਵਾਲੇ ਪੁਲਿਸ ਵਾਲੇ ਨੇ ਕਿਹਾ ਕਿ ” ਜੇ ਤੂੰ ਰਿਹਾ ਹੋਣਾ ਹੈ ਤਾਂ ਅਦਾਲਤ ਵਿੱਚ ਜਾ ਕੇ ਪੁਲਸ ਖਿਲਾਫ ਉੱਚੀ ਉੱਚੀ ਬੋਲ ਕੇ ਆਪਣੀ ਗੱਲ ਦਸੀਂ l” ਏ ਐਸ ਚੱਠਾ ਸਿਵਲ ਜੱਜ ਦੀ ਅਦਾਲਤ ਵਿੱਚ ਮੈਂ ਉੱਚੀ ਉੱਚੀ ਬੋਲ ਕੇ ਪੂਰੇ 20 ਮਿੰਟ ਪੁਲਿਸ ਵੱਲੋਂ ਮੇਰੇ ਤੇ ਕੀਤੀ ਗਈ ਧਕੇਸ਼ਾਹੀ ਤੇ ਤਸ਼ਦਦ ਦੀ ਸਾਰੀ ਕਹਾਣੀ ਬਿਆਨ ਕੀਤੀ l ਮੇਰੇ ਤੇ ਪੁਲਿਸ ਦਾ ਦੋਸ਼ ਸੀ ਕਿ ਇਸ ਨੇ ਐਮਰਜੈਂਸੀ ਵਿਰੁੱਧ ਪੋਸਟਰ ਲਾਏ ਹਨ। ਜੱਜ ਸਾਹਿਬ ਨੇ ਪੁਲਿਸ ਵੱਲੋਂ ਮੰਗਿਆ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਨਾਲ ਹੀ ਇਹ ਕਿਹਾ ਕਿ ਆਪਣਾ ਵਕੀਲ ਜੇ ਕੋਈ ਹੈ ਤਾਂ ਬੁਲਾ ਲੈ l ਰਿਮਾਂਡ ਦੇਣ ਦੀ ਬਜਾਏ ਮੈਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਸੈਂਟਰਲ ਜੇਲ ਪਟਿਆਲੇ ਭੇਜ ਦਿੱਤਾ ਗਿਆ l ਮੈਨੂੰ ਦੱਸਿਆ ਗਿਆ ਕਿ ਤੁਹਾਡੇ ਤੇ ਡਿਫੈਂਸ ਆਫ ਇੰਡੀਆ ਰੂਲ/ਡੀਆਈਆਰ ਲਾਇਆ ਗਿਆ ਹੈ ਜਿਸ ਵਿੱਚ ਜਮਾਨਤ ਨਹੀਂ ਹੋ ਸਕਣੀ l ਜੇਲ ਅੰਦਰ ਹੋਰ ਵੀ ਅਨੇਕਾਂ ਸਿਆਸੀ ਕੈਦੀ ਸਨ ਜਿਨਾਂ ਵਿੱਚ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ, ਜਨਤਾ ਪਾਰਟੀ ਦੇ ਹਿੱਤ ਅਭੀਲਾਸ਼ੀ ਅਤੇ ਕਾਂਗਰਸ ਪਾਰਟੀ ਦੇ ਬਾਗੀ ਗਰੁੱਪ ਦੇ ਚੰਦਰਸ਼ੇਖਰ ਆਦਿ l ਜੇਲ ਵਿੱਚ ਕੈਦੀਆਂ ਵੱਲੋਂ ਸਾਡਾ ਬਹੁਤ ਸਵਾਗਤ ਇਸ ਲਈ ਕੀਤਾ ਗਿਆ ਕਿ ਅਸੀਂ ਜਾਲਮ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਦੇ ਉੱਥੇ ਪਹੁੰਚੇ ਸਾਂ ਨਾ ਕਿ ਕਿਸੇ ਕ੍ਰਿਮੀਨਲ ਕੇਸ ਵਿੱਚ l ਮੇਰੇ ਵਕੀਲ ਵੱਲੋਂ ਜਮਾਨਤ ਦੀ ਅਰਜੀ ਦੇਣ ਤੇ ਚੱਠਾ ਸਾਹਿਬ ਜੱਜ ਨੇ ਮੇਰੀ ਜਮਾਨਤ ਮਨਜ਼ੂਰ ਕਰ ਦਿੱਤੀ l ਮੈਨੂੰ ਤਾਂ ਜੇਲ ਵਿੱਚੋਂ ਰਿਹਾ ਕਰ ਦਿੱਤਾ ਗਿਆ ਪਰ ਬਾਅਦ ਵਿੱਚ ਜੱਜ ਚੱਠਾ ਸਾਹਿਬ ਦੀ ਸੈਸ਼ਨ ਕੋਰਟ ਇਸ ਵਲੋਂ ਜੁਆਬ ਤਲਬੀ ਹੋ ਗਈ ਕਿ ਉਹਨਾਂ ਇਹ ਜਮਾਨਤ ਕਰ ਕਿਵੇਂ ਦਿੱਤੀ ਉਹਨਾਂ ਨੂੰ ਤਾਂ ਅਧਿਕਾਰ ਹੀ ਨਹੀਂ ਸੀ। ਪਤਾ ਲੱਗਿਆ ਕਿ ਮੇਰੇ ਫਿਰ ਗ੍ਰਿਫਤਾਰੀ ਵਰੰਟ ਜਾਰੀ ਕਰ ਦਿੱਤੇ ਗਏ ਹਨ। ਇਹਨਾਂ ਹੀ ਦਿਨਾਂ ਵਿੱਚ ਬਰਜਿੰਦਰ ਸੋਹਲ ਦੀ ਕਾਲੇ ਕਨੂੰਨ ਮੀਸਾ ਅਧੀਨ ਗ੍ਰਿਫਤਾਰੀ ਕੀਤੀ ਜਾ ਚੁੱਕੀ ਸੀ l ਗਿਰਫਤਾਰੀ ਵਰੰਟ ਹੋਣ ਦੇ ਬਾਵਜੂਦ ਮੈਂ ਲੁਕ ਛਿਪ ਕੇ ਆਪਣੀ ਪੜ੍ਹਾਈ ਕਰਦਾ ਰਿਹਾ ਅਤੇ ਪੇਪਰਾਂ ਦੀ ਡੇਟਸ਼ੀਟ ਆ ਗਈ ਜਦੋਂ ਮੈਂ ਪਹਿਲਾਂ ਪੇਪਰ ਦੇ ਕੇ ਪ੍ਰੀਖਿਆ ਹਾਲ ਤੋਂ ਬਾਹਰ ਆਇਆ ਤਾਂ ਮੈਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ l ਮੈਂ ਜੇਲ ਦੇ ਅੰਦਰ ਪੁੱਜਿਆ ਸੀ ਕਿ ਮੇਰੇ ਵਕੀਲ ਨੇ ਮੇਰੀ ਇੰਟੈਰਮ ਬੇਲ ਸੈਸ਼ਨ ਜੱਜ ਤੋਂ ਮਨਜ਼ੂਰ ਕਰਾ ਕੇ ਪੇਪਰ ਦੇਣ ਦੀ ਇਜਾਜ਼ਤ ਲੈ ਲਈ l ਜਿੰਨੀ ਕੁ ਤਿਆਰੀ ਹੋ ਸਕੀ ਮੈਂ ਆਪਣੇ ਪੇਪਰ ਪੂਰੇ ਦੇ ਦਿੱਤੇ ਅਤੇ ਨਤੀਜੇ ਦੀ ਉਡੀਕ ਕਰਨ ਲੱਗਾ l ਅਦਾਲਤੀ ਹਦਾਇਤਾਂ ਮੁਤਾਬਿਕ ਮੈਂ ਫੇਰ ਪੇਸ਼ ਹੋਇਆ ਤਾਂ ਮੈਨੂੰ ਜੇਲ ਭੇਜਿਆ ਦਿੱਤਾ ਗਿਆ l ਉਥੇ ਪ੍ਰੇਮ ਸਿੰਘ ਚੰਦੂਮਾਜਰਾ ਵੀ ਬੰਦ ਸੀ ਅਤੇ ਪਹਿਲਾਂ ਵਾਲੇ ਸਿਆਸੀ ਕੈਦੀ ਵੀ ਉਸੇ ਤਰ੍ਹਾਂ ਹੀ ਮੈਨੂੰ ਮਿਲੇ ਜਿਹਨਾਂ ਨੂੰ ਪਹਿਲਾਂ ਮੈਂ ਮਿਲ ਚੁੱਕਿਆ ਸਾਂ l ਇਸ ਗੱਲ ਦਾ ਮਾਣ ਸੀ ਕਿ ਮੈਂ ਆਪਣੇ ਪੁਰਖਿਆਂ ਤੇ ਸ਼ਹੀਦਾਂ ਦੀ ਵਿਰਾਸਤ ਤੇ ਪਹਿਰਾ ਦਿੰਦਿਆਂ/ਜ਼ੁਲਮ ਖਿਲਾਫ ਲੜਦਿਆਂ ਜੇਲ ਪਹੁੰਚਿਆ ਹਾਂ l ਜੇਲ ਚ ਰਹਿੰਦੇ ਹੋ ਖੁੱਲ ਕੇ ਇਨਕਲਾਬੀ ਸਾਹਿਤ ਪੜ੍ਹਨ ਦਾ ਮੌਕਾ ਮੈਂ ਖੂਬ ਵਰਤਿਆ l ਕਾਲਜ ਵੱਲੋਂ ਸੂਚਿਤ ਕਰ ਦਿੱਤੇ ਜਾਣ ਕਾਰਨ ਮੇਰੇ ਪਿਤਾ ਜੀ ਮੇਰੀ ਮੁਲਾਕਾਤ ਲਈ ਆਏ ਪਰ ਇਹ ਉਹਨਾਂ ਦੀ ਸਮਝ ਤੋਂ ਬਾਹਰ ਦੀ ਗੱਲ ਸੀ ਕਿ ਮੈਂ

ਐਮਰਜੈਂਸੀ ਦੇ ਦੌਰ ਦੀ ਮੇਰੀ ਹੱਡਬੀਤੀਆਂ/ਡਾਕਟਰ ਅਜੀਤਪਾਲ ਸਿੰਘ ਐਮ ਡੀ Read More »

ਟ੍ਰਾਈਸਿਟੀ ਵਿੱਚ ਬੱਦਲਵਾਈ ਤੇ ਕਿਣ-ਮਿਣ ਨਾਲ ਗਰਮੀ ਤੋਂ ਰਾਹਤ

ਚੰਡੀਗੜ੍ਹ ਟ੍ਰਾਈਸਿਟੀ ਵਿੱਚ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਅੱਜ ਬਾਅਦ ਦੁਪਹਿਰ ਹੋਈ ਬੱਦਲਵਾਈ ਦੇ ਨਾਲ ਤੇਜ਼ ਹਵਾਵਾਂ ਚੱਲਣ ਅਤੇ ਕਿਣ-ਮਿਣ ਨੇ ਲੋਕਾਂ ਨੂੰ ਗਰਮੀ ਤੋਂ ਆਰਜ਼ੀ ਤੌਰ ’ਤੇ ਰਾਹਤ ਦਿਵਾ ਦਿੱਤੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਦੋ ਐੱਮਐੱਮ ਮੀਂਹ ਪਿਆ ਹੈ ਜਦੋਂਕਿ ਪੰਚਕੂਲਾ, ਮੁਹਾਲੀ ਤੇ ਜ਼ੀਰਕਪੁਰ ਵਿੱਚ ਕਈ ਥਾਵਾਂ ’ਤੇ ਕਿਣ-ਮਿਣ ਹੋਈ ਹੈ। ਉੱਧਰ ਮੌਸਮ ਵਿਗਿਆਨੀਆਂ ਨੇ 25, 26 ਤੇ 27 ਜੂਨ ਨੂੰ ਮੁੜ ਤੋਂ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ 28 ਜੂਨ ਨੂੰ ਮੀਂਹ ਪਵੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 30.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 39.9 ਅਤੇ ਘੱਟ ਤੋਂ ਘੱਟ 30.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਪੰਚਕੂਲਾ ਵਿੱਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਬਾਅਦ ਦੁਪਹਿਰ ਮੌਸਮ ਦਾ ਮਿਜ਼ਾਜ ਬਦਲਣ ਦੇ ਨਾਲ ਹੀ ਸੁਖਨਾ ਝੀਲ ’ਤੇ ਸੈਲਾਨੀਆਂ ਦੀ ਭੀੜ ਇਕੱਤਰ ਹੋ ਗਈ ਜੋ ਅਤਿ ਦੀ ਗਰਮੀ ਤੋਂ ਬਾਅਦ ਠੰਢੇ ਮੌਸਮ ਦਾ ਆਨੰਦ ਮਾਣ ਰਹੀ ਸੀ। ਇਸੇ ਤਰ੍ਹਾਂ ਸ਼ਾਮ ਸਮੇਂ ਵੀ ਸ਼ਹਿਰ ਦੀਆਂ ਮੁੱਖ ਮਾਰਕੀਟਾਂ ਤੇ ਪਾਰਕਾਂ ਵਿੱਚ ਲੋਕਾਂ ਦੀ ਚਹਿਲ-ਪਹਿਲ ਦਿਖਾਈ ਦਿੱਤੀ।

ਟ੍ਰਾਈਸਿਟੀ ਵਿੱਚ ਬੱਦਲਵਾਈ ਤੇ ਕਿਣ-ਮਿਣ ਨਾਲ ਗਰਮੀ ਤੋਂ ਰਾਹਤ Read More »

ਪ੍ਰਦਰਸ਼ਨ ਕਰ ਰਹੇ ਦੋ ਦਰਜਨ ਵਿਦਿਆਰਥੀ ਹਿਰਾਸਤ ’ਚ ਲਏ

ਨੀਟ-ਯੂਜੀ ਵਿੱਚ ਬੇਨਿਯਮੀਆਂ ਅਤੇ ਯੂਜੀਸੀ-ਨੈੱਟ ਪ੍ਰੀਖਿਆ ਰੱਦ ਕਰਨ ਖ਼ਿਲਾਫ਼ ਅੱਜ ਜੰਤਰ-ਮੰਤਰ ਵਿੱਚ ਪ੍ਰਦਰਸ਼ਨ ਕਰ ਰਹੇ ਦੋ ਦਰਜਨ ਤੋਂ ਵੱਧ ਵਿਦਿਆਰਥੀਆਂ ਨੂੰ ਹਿਰਾਸਤ ’ਚ ਲਿਆ ਗਿਆ। ਇਨ੍ਹਾਂ ’ਚੋਂ ਕੁੱਝ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਦੇ ਮੈਂਬਰ ਵੀ ਸਨ। ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨਐੱਸਯੂਆਈ) ਨੇ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਸੰਸਦ ਵੱਲ ਮਾਰਚ ਕਰਨ ਦੀ ਯੋਜਨਾ ਬਣਾਈ ਸੀ। ਵੱਡੀ ਗਿਣਤੀ ਵਿਦਿਆਰਥੀ ਤਖਤੀਆਂ ਅਤੇ ਐੱਨਐੱਸਯੂਆਈ ਦੇ ਝੰਡੇ ਲੈ ਕੇ ਜੰਤਰ-ਮੰਤਰ ’ਤੇ ਇਕੱਠੇ ਹੋਏ। ਪ੍ਰਦਰਸ਼ਨ ਤੋਂ ਪਹਿਲਾਂ ਪੁਲੀਸ ਨੇ ਵਿਦਿਆਰਥੀਆਂ ਨੂੰ ਰੋਕਣ ਲਈ ਇਲਾਕੇ ਵਿੱਚ ਬੈਰੀਕੇਡ ਲਗਾ ਦਿੱਤੇ ਸਨ। ਮੌਕੇ ’ਤੇ ਨੀਮ ਫੌਜੀ ਬਲਾਂ ਸਮੇਤ ਦਿੱਲੀ ਪੁਲੀਸ ਦੀ ਤਾਇਨਾਤੀ ਕੀਤੀ ਗਈ ਸੀ। ਇਸ ਦੌਰਾਨ ਇੱਕ ਅਧਿਕਾਰੀ ਨੇ ਦੱਸਿਆ ਕਿ ਮਾਰਚ ਦੀ ਇਜਾਜ਼ਤ ਨਾ ਮਿਲਣ ਕਾਰਨ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਵੱਖ-ਵੱਖ ਥਾਣਿਆਂ ਵਿੱਚ ਲੈ ਗਈ। ਇਸ ਤੋਂ ਪਹਿਲਾਂ ਪੁਲੀਸ ਅਧਿਕਾਰੀਆਂ ਨੇ ਕਿਹਾ ਸੀ ਕਿ ਅਜਿਹਾ ਕੋਈ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਅਜਿਹਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 5 ਮਈ ਨੂੰ ਕਰਵਾਈ ਗਈ ਨੀਟ-ਯੂਜੀ ਪ੍ਰੀਖਿਆ ਰੱਦ ਕਰਨ ਦੀ ਮੰਗ ਵਿਚਾਲੇ ਕੇਂਦਰੀ ਸਿੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਬੇਨਿਯਮੀਆਂ ਦੀਆਂ ਘਟਨਾਵਾਂ ‘ਸਥਾਨਕ’ ਜਾਂ ‘ਇੱਕ-ਦੁੱਕਾ’ ਸਨ ਅਤੇ ਸਹੀ ਢੰਗ ਨਾਲ ਪ੍ਰੀਖਿਆ ਪਾਸ ਕਰਨ ਵਾਲੇ ਲੱਖਾਂ ਪ੍ਰੀਖਿਆਰਥੀਆਂ ਦੇ ਕਰੀਅਰ ਨੂੰ ਜੋਖਮ ਵਿਚ ਪਾਉਣਾ ਠੀਕ ਨਹੀਂ।

ਪ੍ਰਦਰਸ਼ਨ ਕਰ ਰਹੇ ਦੋ ਦਰਜਨ ਵਿਦਿਆਰਥੀ ਹਿਰਾਸਤ ’ਚ ਲਏ Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਕਰਨਗੇ ਰੂਸ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਮਾਸਕੋ (ਰੂਸ) ਦਾ ਇੱਕ ਰੋਜ਼ਾ ਦੌਰਾ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਦੌਰਾ ਭਾਰਤ ਅਤੇ ਰੂਸ ਵਰਗੇ ਇਤਿਹਾਸਕ ਭਾਈਵਾਲਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ ਜੋ ਤੇਜ਼ੀ ਨਾਲ ਬਦਲ ਰਹੇ ਨਵੇਂ ਆਲਮੀ ਢਾਂਚੇ ਵਿੱਚ ਨਵੀਆਂ ਭਾਈਵਾਲੀਆਂ ਤਲਾਸ਼ ਰਹੇ ਹਨ। ਮੋਦੀ ਦਾ ਇਹ ਦੌਰਾ ਅਹਿਮ ਹੈ ਕਿਉਂਕਿ ਇਹ ਸਿਰਫ ਰੂਸ ਦਾ ਹੀ ਦੌਰਾ ਹੈ ਜਿਸ ਨੂੰ ਬਰਿਕਸ ਸੰਮੇਲਨ ਨਾਲ ਨਹੀਂ ਜੋੜਿਆ ਜਾ ਰਿਹਾ ਹੈ, ਜਿਹੜਾ ਅਕਤੂਬਰ ਮਹੀਨੇ ਕਜ਼ਾਨ ’ਚ ਹੋਣ ਦੀ ਉਮੀਦ ਹੈ। ਦੂਜੇ ਪਾਸੇ ਇਹ ਦੌਰਾ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੇ ਸਰਕਾਰ ਦਾ ਕੰਮਕਾਰ ਸੰਭਾਲਣ ਬਾਅਦ ਹੋ ਰਿਹਾ ਹੈ। ਉਧਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀ ਮਾਰਚ ਵਿੱਚ ਪੰਜਵੀਂ ਵਾਰ ਮੁੜ ਰਾਸ਼ਟਰਪਤੀ ਚੁਣੇ ਗਏ ਹਨ। ਨਰਿੰਦਰ ਮੋਦੀ ਦੇ ਆਖਰੀ ਵਾਰ ਰੂਸ ਆਉਣ ਬਾਅਦ ਦੁਵੱਲੇ ਸਬੰਧਾਂ ’ਚ ਕਾਫੀ ਤਬਦੀਲੀ ਆਈ ਹੈ। ਉਨ੍ਹਾਂ ਨੇ ਆਖਰੀ ਵਾਰ 2019 ’ਚ ਵਲਾਦੀਵੋਸਤੋਕ ਅਤੇ ਉਸ ਤੋਂ ਪਹਿਲਾਂ 2105 ਵਿੱਚ ਮਾਸਕੋ ਦਾ ਦੌਰਾ ਕੀਤਾ ਸੀ। ਯੂਕਰੇਨ ’ਤੇ ਰੂਸੀ ਹਮਲੇ ਦੇ ਦੋ ਸਾਲ ਹੋ ਚੁੱਕੇ ਹਨ, ਪਰ ਇਸ ਹਮਲੇ ਦੇ ਮੱਦੇਨਜ਼ਰ ਭਾਰਤ ਲਈ ਰੂਸੀ ਰਿਆਇਤੀ ਕੱਚੇ ਤੇਲ ਦੀ ਵਿਕਰੀ ਬਹੁਤ ਅਹਿਮ ਰਹੀ ਹੈ ਕਿਉਂਕਿ ਦਰਾਮਦਸ਼ੁਦਾ ਕੱਚੇ ਤੇਲ ਦੇ ਸਭ ਤੋਂ ਵੱਡੇ ਸਰੋਤ ਵਜੋਂ ਰੂਸ , ਸਾਊਦੀ ਅਰਬ ਦੀ ਥਾਂ ਲੈ ਚੁੱਕਾ ਹੈ। ਰੂਸੀ ਤੇਲ ਵਪਾਰ ’ਤੇ ਅਮਰੀਕੀ ਪਾਬੰਦੀਆਂ ਭਾਵੇਂ ਸਖ਼ਤ ਕਰ ਦਿੱਤੀਆਂ ਗਈਆਂ ਹਨ ਪਰ ਭਾਰਤ ਦੀ ਤੇਲ ਖਰੀਦ ਹਰ ਮਹੀਨੇ ਵਧੀ ਹੈ। ਬਾਜ਼ਾਰੀ ਵਸਤਾਂ ਦਾ ਮੁਲਾਂਕਣ ਕਰਨ ਵਾਲੀ ਕੰਪਨੀ ਕਪਲੇਰ ਮੁਤਾਬਕ ਭਾਰਤ ’ਚ ਤੇਲ ਦੀ ਖ਼ਰੀਦ ਹਰ ਮਹੀਨੇ ਵਧੀ ਹੈ। ਇਸ ਸਾਲ ਮਾਰਚ ਮਹੀਨੇ ਡਲਿਵਰੀ ਦੀ ਮਾਤਰਾ ਫਰਵਰੀ ਦੀ ਤੁਲਨਾ ’ਚ 6 ਫ਼ੀਸਦ ਵਧ ਕੇ 17 ਲੱਖ ਬੈਰਲ ਪ੍ਰਤੀ ਦਿਨ ਹੋ ਗਈ, ਜੋ ਕਿ ਚਾਰ ਮਹੀਨਿਆਂ ’ਚ ਸਭ ਤੋਂ ਵੱਧ ਹੈ। ਅਪਰੈਲ ਹੋਰ ਵੀ ਅਹਿਮ ਰਿਹਾ, ਕਿਉਂਕਿ ਭਾਰਤੀ ਰਿਫਾਇਨਰੀਆਂ ਨੇ ਰੂਸ ਦੀ ਸਰਕਾਰੀ ਕੰਟਰੋਲ ਵਾਲੇ ਤੇਲ ਸ਼ਿਪਿੰਗ ਸਿੰਡੀਕੇਟ ਸੋਵਕੋਮਫਲੋਟ ’ਤੇ ਪੱਛਮੀ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਰੋਜ਼ਾਨਾ 19.6 ਲੱਖ ਬੈਰਲ ਤੇਲ ਖਰੀਦਿਆ ਜੋ ਪਿਛਲੇ ਸਾਲ ਜੁਲਾਈ ਤੋਂ ਲੈ ਕੇ ਸਭ ਤੋਂ ਵੱਧ ਹੈ। ਭਾਰਤ ਦੇ ਕੱਚੇ ਤੇਲ ਦੀ ਕੁੱਲ ਦਰਾਮਦ ’ਚ 40 ਫ਼ੀਸਦ ਤੋਂ ਵੱਧ ਹਿੱਸਾ ਰੂਸ ਦਾ ਹੈ। ਇਸ ਤੋਂ ਇਲਾਵਾ ਰੂਸੀ ਹਥਿਆਰਾਂ ਤੇ ਪੁਰਜ਼ਿਆਂ ’ਤੇ ਭਾਰਤੀ ਨਿਰਭਰਤਾ ਜਿਹੜੀ ਕਈ ਸਾਲਾਂ ਤੋਂ ਘਟ ਰਹੀ ਹੈ, ਹਾਲੇ ਬਹੁਤ ਅਹਿਮ ਹੈ ਕਿਉਂਕਿ ਇਸ ਨੂੰ ਛੱਡਿਆ ਨਹੀਂ ਜਾ ਸਕਦਾ। ਰੂੁਸ ਦੇ ਹਥਿਆਰ ਪੱਛਮੀ ਹਥਿਆਰਾਂ ਨਾਲੋਂ ਬਹੁਤ ਸਸਤੇ ਹਨ ਅਤੇ ਭਾਰਤੀ ਹਥਿਆਰਬੰਦ ਫੌਜਾਂ ਦਹਾਕਿਆਂ ਤੋਂ ਇਨ੍ਹਾਂ ਨੂੰ ਵਰਤ ਰਹੀਆਂ ਹਨ। ਇਸ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਭਾਰਤ ਬੀਤੇ ਦੋ ਵਰ੍ਹਿਆਂ ਤੋਂ ਰੂਸ ਨਾਲ ਆਪਣੇ ਸਬੰਧਾਂ ’ਚ ਤਵਾਜ਼ਨ ਬਣਾ ਕੇ ਚੱਲ ਰਿਹਾ ਹੈ ਜਦਕਿ ਉਸ ਨੂੰ ਪਤਾ ਹੈ ਕਿ ਅਮਰੀਕਾ ਉਸ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਯੂਕਰੇਨ ’ਤੇ ਰੂਸੀ ਹਮਲੇ ਦੀ ਨਿਖੇਧੀ ਤੋਂ ਵੀ ਇਨਕਾਰ ਕੀਤਾ ਸੀ ਤੇ ਸਿਰਫ ਇਹੀ ਕਿਹਾ ਸੀ ਕਿ ‘‘ਹਰ ਤਰ੍ਹਾਂ ਦਾ ਹਮਲਾ ਤੇ ਜੰਗ ਮਾੜੀ ਹੈ। ਸਵਿਟਜ਼ਰਲੈਂਡ ’ਚ ਹਾਲ ਹੀ ’ਚ ਹੋਏ ਸਿਖਰ ਸੰਮੇਲਨ ਦੇ ਅਖੀਰ ’ਚ ਜਾਰੀ ਯੂਕਰੇਨ ਪੱਖੀ ਬਿਆਨ ’ਤੇ ਦਸਤਖ਼ਤ ਕਰਨ ਤੋਂ ਵੀ ਭਾਰਤ ਨੇ ਇਨਕਾਰ ਕਰ ਦਿੱਤਾ ਸੀ। ਇਸੇ ਦੌਰਾਨ ਰੂਸ-ਚੀਨ ਦੇ ਵਧਦੇ ਸਬੰਧਾਂ ’ਤੇ ਨਜ਼ਰ ਰੱਖਣੀ ਹੋਵੇਗੀ, ਕਿਉਂਕਿ ਇਹ ਇੱਕ ਅਜਿਹਾ ਤੱਥ ਹੈ ਜਿਸ ਨੂੰ ਭਾਰਤ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਮਾਹਿਰਾਂ ਦਾ ਕਹਿਣਾ ਹੈ ਕਿ ਜੁਲਾਈ ਦੇ ਸ਼ੁਰੂ ’ਚ ਜਦੋਂ ਪੂਤਿਨ ਕਰੈਮਲਿਨ ’ਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨਗੇ ਤਾਂ ਭਾਰਤ ਦੇ ਰਣਨੀਤਕ ਹਿੱਤ ਭਾਰੂ ਰਹਿਣਗੇ। ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰੂਸ ਦਾ ਪਹਿਲਾ ਦੌਰਾ ਹੋਣ ਕਰ ਕੇ ਇਹ ਅਹਿਮ ਮੰਨਿਆ ਜਾ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਯੂਕਰੇਨ ਨਾਲ ਚੱਲ ਰਹੇ ਟਕਰਾਅ ਦੇ ਬਾਵਜੂਦ ਭਾਰਤ, ਰੂਸ ਨਾਲ ਆਪਣੇ ਸਬੰਧਾਂ ’ਚ ਸੰਤੁਲਨ ਬਣਾ ਕੇ ਚੱਲ ਰਿਹਾ ਹੈ।  ਅਮਰੀਕਾ ਦੀਆਂ ਪਾਬੰਦੀਆਂ ਦੇ ਬਾਵਜੂਦ ਤੇਲ ਤੇ ਹਥਿਆਰਾਂ ਸਬੰਧੀ ਰੂਸ ’ਤੇ ਨਿਰਭਰਤਾ ਨੂੰ ਘਟਾਉਣਾ ਭਾਰਤ ਨੂੰ ਵਾਰਾ ਨਹੀਂ ਖਾਂਦਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਨੂੰ ਕਰਨਗੇ ਰੂਸ ਦੌਰਾ Read More »

ਪਲੇਠੇ ਸੈਸ਼ਨ ਦੀ ਸ਼ੁਰੂਆਤ

ਐਤਕੀਂ ਲੋਕ ਸਭਾ ਵਿੱਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ ਪਿਛਲੀ ਵਾਰ ਨਾਲੋਂ ਭਾਵੇਂ ਕਾਫ਼ੀ ਘਟ ਗਈ ਹੈ ਪਰ ਇਸ ਨਾਲ ਸਦਨ ਅੰਦਰ ਰਾਬਤੇ ਦੇ ਨਵੇਂ ਨੇਮਾਂ ਵਿੱਚ ਤਬਦੀਲੀ ਹੋਣ ਦੀਆਂ ਆਸਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਅਤੇ ਪਲੇਠੇ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਅਜਿਹੇ ਲੱਛਣ ਆ ਰਹੇ ਹਨ। ਕਾਂਗਰਸ ਦੇ ਅੱਠ ਵਾਰ ਦੇ ਸੰਸਦ ਮੈਂਬਰ ਕੇ. ਸੁਰੇਸ਼ ਨੂੰ ਨਜ਼ਰਅੰਦਾਜ਼ ਕਰ ਕੇ ਸੱਤ ਵਾਰ ਦੇ ਸੰਸਦ ਮੈਂਬਰ ਭਰਤਹਰੀ ਮਹਿਤਾਬ ਨੂੰ ਪ੍ਰੋਟੈਮ ਸਪੀਕਰ ਨਿਯੁਕਤ ਕਰਨ ਦੇ ਸਵਾਲ ਤੋਂ ਹੀ ਹੰਗਾਮਾਖੇਜ਼ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ। 18ਵੀਂ ਲੋਕ ਸਭਾ ਦਾ ਪਲੇਠਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੀਤੀਆਂ ਆਪਣੀਆਂ ਟਿੱਪਣੀਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਦੇ ਗਤੀਮਾਨਾਂ ਵਿੱਚ ਤਬਦੀਲੀ ਆਉਣ ਦੇ ਬਾਵਜੂਦ ਵਿਰੋਧੀ ਧਿਰ ਨੂੰ ਕੋਈ ਰਿਆਇਤ ਦਿੱਤੇ ਜਾਣ ਦਾ ਸੰਕੇਤ ਨਹੀਂ ਦਿੱਤਾ; ਉਨ੍ਹਾਂ ਆਖਿਆ ਕਿ ‘25 ਜੂਨ ਨੂੰ ਐਮਰਜੈਂਸੀ ਦੀ ਪੰਜਾਹਵੀਂ ਵਰ੍ਹੇਗੰਢ ਆ ਰਹੀ ਹੈ ਅਤੇ ਨਵੀਂ ਪੀੜ੍ਹੀ ਇਹ ਗੱਲ ਕਦੇ ਨਹੀਂ ਭੁੱਲੇਗੀ ਕਿ ਇੰਦਰਾ ਗਾਂਧੀ ਸਰਕਾਰ ਵੱਲੋਂ ਸੰਵਿਧਾਨ ਨੂੰ ਮਨਸੂਖ਼ ਕੀਤਾ ਗਿਆ ਸੀ।’ ਉੱਧਰ, ਜਦੋਂ ਉਹ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਜਾ ਰਹੇ ਸਨ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਵਿਧਾਨ ਦੀਆਂ ਕਾਪੀਆਂ ਚੁੱਕੀਆਂ ਹੋਈਆਂ ਸਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਖਿਆ ਕਿ ਸੰਸਦ ਮੈਂਬਰਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਇਹ ਦਰਸਾਇਆ ਜਾਵੇ ਕਿ ਉਹ ਪ੍ਰਧਾਨ ਮੰਤਰੀ ਮੋਦੀ ਵਲੋਂ ਸੰਵਿਧਾਨ ’ਤੇ ਕੀਤੇ ਜਾ ਰਹੇ ਹਮਲੇ ਨੂੰ ਸਹਿਣ ਨਹੀਂ ਕਰਨਗੇ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਦੋਵਾਂ ਧਿਰਾਂ ਵਿਚਕਾਰ ਮੁੱਢ ਤੋਂ ਹੀ ਠਣੀ ਹੋਈ ਹੈ ਤੇ ਕੋਈ ਵੀ ਇੱਕ ਦੂਜੇ ਨੂੰ ਮਾੜੀ ਮੋਟੀ ਵੀ ਰਿਆਇਤ ਦੇਣ ਦੇ ਰੌਂਅ ਵਿੱਚ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਵੱਧ ਕੰਮ ਕਰੇਗੀ ਤੇ ਨਤੀਜੇ ਵੀ ਉਸੇ ਮੁਤਾਬਿਕ ਆਉਣਗੇ। ਵਿਰੋਧੀ ਧਿਰ ਨੂੰ ਪ੍ਰਧਾਨ ਮੰਤਰੀ ਦਾ ਸੁਨੇਹਾ ਸੀ ਕਿ ਲੋਕ ਠੋਸ ਸਿੱਟੇ ਨਿਕਲਦੇ ਦੇਖਣਾ ਚਾਹੁੰਦੇ ਹਨ, ਨਾ ਕਿ ਨਾਅਰੇਬਾਜ਼ੀ, ਬਹਿਸ ਤੇ ਨਾਟਕ ਜਾਂ ਵਿਘਨ। ਚੰਗੀ ਗਿਣਤੀ ਦੇ ਬਾਵਜੂਦ ਜੇਕਰ ‘ਇੰਡੀਆ’ ਗੱਠਜੋੜ ਸਦਨ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਣ ਦੇ ਮੌਕੇ ਤੋਂ ਖੁੰਝ ਗਿਆ ਤਾਂ ਇਹ ਬਹੁਤ ਵੱਡੀ ਨਿਰਾਸ਼ਾ ਹੋਵੇਗੀ। ਅਸਰਦਾਰ ਤੇ ਪ੍ਰਭਾਵੀ ਸਵਾਲ ਪੁੱਛਣ ਲਈ ਜ਼ਰੂਰੀ ਹੈ ਕਿ ਸੰਸਦ ਮੈਂਬਰ ਪੂਰੀ ਤਿਆਰੀ ਨਾਲ ਆਉਣ ਅਤੇ ਪ੍ਰਸ਼ਨਾਂ ਪਿੱਛੇ ਪੂਰਾ ਖੋਜ ਕਾਰਜ ਕੀਤਾ ਹੋਣਾ ਚਾਹੀਦਾ ਹੈ। ਨਿੱਗਰ ਸਵਾਲ ਕਰਨਾ ਮਹੱਤਵਪੂਰਨ ਹੈ। ਵਿਅੰਗ ਕੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਵਿਰੋਧੀ ਧਿਰ ਲੋਕਾਂ ਦੀਆਂ ਉਮੀਦਾਂ ਉੱਤੇ ਖ਼ਰਾ ਉਤਰੇਗੀ। ਇਹ ਵਾਜਿਬ ਟਿੱਪਣੀ ਹੈ। ਦੇਸ਼ ਦੀਆਂ ਨਜ਼ਰਾਂ ਜਿੰਨੀਆਂ ਸਰਕਾਰ ’ਤੇ ਟਿਕੀਆਂ ਹੋਈਆਂ ਹਨ, ਓਨੀਆਂ ਹੀ ਵਿਰੋਧੀ ਧਿਰ ਉੱਤੇ ਵੀ ਲੱਗੀਆਂ ਹੋਈਆਂ ਹਨ। ਇਹ ਦੋਵਾਂ ਧਿਰਾਂ ਲਈ ਅਜ਼ਮਾਇਸ਼ ਦੀ ਘੜੀ ਹੈ ਬਲਕਿ ਕਹਿਣਾ ਹੋਵੇ ਤਾਂ ਇਹ ਵਿਰੋਧੀ ਦੀ ਅਜ਼ਮਾਇਸ਼ ਵੱਧ ਹੈ ਕਿਉਂਕਿ ਸੱਤਾ ਧਿਰ ਦਾ ਰੌਂਅ ਸਾਫ਼ ਸੰਕੇਤ ਦੇ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਵਿਰੋਧੀ ਧਿਰ ਵੱਲ ਕੀ ਰਵੱਈਆ ਹੋਵੇਗਾ। ਹੁਣ ਵਿਰੋਧੀ ਧਿਰ ਨੂੰ ਆਪਣੀ ਹੋਂਦ ਦਰਸਾਉਣ ਲਈ ਲੱਕ ਬੰਨ੍ਹਣਾ ਪਵੇਗਾ।

ਪਲੇਠੇ ਸੈਸ਼ਨ ਦੀ ਸ਼ੁਰੂਆਤ Read More »