ਪਲੇਠੇ ਸੈਸ਼ਨ ਦੀ ਸ਼ੁਰੂਆਤ

ਐਤਕੀਂ ਲੋਕ ਸਭਾ ਵਿੱਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ ਪਿਛਲੀ ਵਾਰ ਨਾਲੋਂ ਭਾਵੇਂ ਕਾਫ਼ੀ ਘਟ ਗਈ ਹੈ ਪਰ ਇਸ ਨਾਲ ਸਦਨ ਅੰਦਰ ਰਾਬਤੇ ਦੇ ਨਵੇਂ ਨੇਮਾਂ ਵਿੱਚ ਤਬਦੀਲੀ ਹੋਣ ਦੀਆਂ ਆਸਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਅਤੇ ਪਲੇਠੇ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਅਜਿਹੇ ਲੱਛਣ ਆ ਰਹੇ ਹਨ। ਕਾਂਗਰਸ ਦੇ ਅੱਠ ਵਾਰ ਦੇ ਸੰਸਦ ਮੈਂਬਰ ਕੇ. ਸੁਰੇਸ਼ ਨੂੰ ਨਜ਼ਰਅੰਦਾਜ਼ ਕਰ ਕੇ ਸੱਤ ਵਾਰ ਦੇ ਸੰਸਦ ਮੈਂਬਰ ਭਰਤਹਰੀ ਮਹਿਤਾਬ ਨੂੰ ਪ੍ਰੋਟੈਮ ਸਪੀਕਰ ਨਿਯੁਕਤ ਕਰਨ ਦੇ ਸਵਾਲ ਤੋਂ ਹੀ ਹੰਗਾਮਾਖੇਜ਼ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ। 18ਵੀਂ ਲੋਕ ਸਭਾ ਦਾ ਪਲੇਠਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੀਤੀਆਂ ਆਪਣੀਆਂ ਟਿੱਪਣੀਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਦੇ ਗਤੀਮਾਨਾਂ ਵਿੱਚ ਤਬਦੀਲੀ ਆਉਣ ਦੇ ਬਾਵਜੂਦ ਵਿਰੋਧੀ ਧਿਰ ਨੂੰ ਕੋਈ ਰਿਆਇਤ ਦਿੱਤੇ ਜਾਣ ਦਾ ਸੰਕੇਤ ਨਹੀਂ ਦਿੱਤਾ; ਉਨ੍ਹਾਂ ਆਖਿਆ ਕਿ ‘25 ਜੂਨ ਨੂੰ ਐਮਰਜੈਂਸੀ ਦੀ ਪੰਜਾਹਵੀਂ ਵਰ੍ਹੇਗੰਢ ਆ ਰਹੀ ਹੈ ਅਤੇ ਨਵੀਂ ਪੀੜ੍ਹੀ ਇਹ ਗੱਲ ਕਦੇ ਨਹੀਂ ਭੁੱਲੇਗੀ ਕਿ ਇੰਦਰਾ ਗਾਂਧੀ ਸਰਕਾਰ ਵੱਲੋਂ ਸੰਵਿਧਾਨ ਨੂੰ ਮਨਸੂਖ਼ ਕੀਤਾ ਗਿਆ ਸੀ।’ ਉੱਧਰ, ਜਦੋਂ ਉਹ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਜਾ ਰਹੇ ਸਨ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਵਿਧਾਨ ਦੀਆਂ ਕਾਪੀਆਂ ਚੁੱਕੀਆਂ ਹੋਈਆਂ ਸਨ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਖਿਆ ਕਿ ਸੰਸਦ ਮੈਂਬਰਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਇਹ ਦਰਸਾਇਆ ਜਾਵੇ ਕਿ ਉਹ ਪ੍ਰਧਾਨ ਮੰਤਰੀ ਮੋਦੀ ਵਲੋਂ ਸੰਵਿਧਾਨ ’ਤੇ ਕੀਤੇ ਜਾ ਰਹੇ ਹਮਲੇ ਨੂੰ ਸਹਿਣ ਨਹੀਂ ਕਰਨਗੇ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਦੋਵਾਂ ਧਿਰਾਂ ਵਿਚਕਾਰ ਮੁੱਢ ਤੋਂ ਹੀ ਠਣੀ ਹੋਈ ਹੈ ਤੇ ਕੋਈ ਵੀ ਇੱਕ ਦੂਜੇ ਨੂੰ ਮਾੜੀ ਮੋਟੀ ਵੀ ਰਿਆਇਤ ਦੇਣ ਦੇ ਰੌਂਅ ਵਿੱਚ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਵੱਧ ਕੰਮ ਕਰੇਗੀ ਤੇ ਨਤੀਜੇ ਵੀ ਉਸੇ ਮੁਤਾਬਿਕ ਆਉਣਗੇ। ਵਿਰੋਧੀ ਧਿਰ ਨੂੰ ਪ੍ਰਧਾਨ ਮੰਤਰੀ ਦਾ ਸੁਨੇਹਾ ਸੀ ਕਿ ਲੋਕ ਠੋਸ ਸਿੱਟੇ ਨਿਕਲਦੇ ਦੇਖਣਾ ਚਾਹੁੰਦੇ ਹਨ, ਨਾ ਕਿ ਨਾਅਰੇਬਾਜ਼ੀ, ਬਹਿਸ ਤੇ ਨਾਟਕ ਜਾਂ ਵਿਘਨ। ਚੰਗੀ ਗਿਣਤੀ ਦੇ ਬਾਵਜੂਦ ਜੇਕਰ ‘ਇੰਡੀਆ’ ਗੱਠਜੋੜ ਸਦਨ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਣ ਦੇ ਮੌਕੇ ਤੋਂ ਖੁੰਝ ਗਿਆ ਤਾਂ ਇਹ ਬਹੁਤ ਵੱਡੀ ਨਿਰਾਸ਼ਾ ਹੋਵੇਗੀ।

ਅਸਰਦਾਰ ਤੇ ਪ੍ਰਭਾਵੀ ਸਵਾਲ ਪੁੱਛਣ ਲਈ ਜ਼ਰੂਰੀ ਹੈ ਕਿ ਸੰਸਦ ਮੈਂਬਰ ਪੂਰੀ ਤਿਆਰੀ ਨਾਲ ਆਉਣ ਅਤੇ ਪ੍ਰਸ਼ਨਾਂ ਪਿੱਛੇ ਪੂਰਾ ਖੋਜ ਕਾਰਜ ਕੀਤਾ ਹੋਣਾ ਚਾਹੀਦਾ ਹੈ। ਨਿੱਗਰ ਸਵਾਲ ਕਰਨਾ ਮਹੱਤਵਪੂਰਨ ਹੈ। ਵਿਅੰਗ ਕੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਵਿਰੋਧੀ ਧਿਰ ਲੋਕਾਂ ਦੀਆਂ ਉਮੀਦਾਂ ਉੱਤੇ ਖ਼ਰਾ ਉਤਰੇਗੀ। ਇਹ ਵਾਜਿਬ ਟਿੱਪਣੀ ਹੈ। ਦੇਸ਼ ਦੀਆਂ ਨਜ਼ਰਾਂ ਜਿੰਨੀਆਂ ਸਰਕਾਰ ’ਤੇ ਟਿਕੀਆਂ ਹੋਈਆਂ ਹਨ, ਓਨੀਆਂ ਹੀ ਵਿਰੋਧੀ ਧਿਰ ਉੱਤੇ ਵੀ ਲੱਗੀਆਂ ਹੋਈਆਂ ਹਨ। ਇਹ ਦੋਵਾਂ ਧਿਰਾਂ ਲਈ ਅਜ਼ਮਾਇਸ਼ ਦੀ ਘੜੀ ਹੈ ਬਲਕਿ ਕਹਿਣਾ ਹੋਵੇ ਤਾਂ ਇਹ ਵਿਰੋਧੀ ਦੀ ਅਜ਼ਮਾਇਸ਼ ਵੱਧ ਹੈ ਕਿਉਂਕਿ ਸੱਤਾ ਧਿਰ ਦਾ ਰੌਂਅ ਸਾਫ਼ ਸੰਕੇਤ ਦੇ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਵਿਰੋਧੀ ਧਿਰ ਵੱਲ ਕੀ ਰਵੱਈਆ ਹੋਵੇਗਾ। ਹੁਣ ਵਿਰੋਧੀ ਧਿਰ ਨੂੰ ਆਪਣੀ ਹੋਂਦ ਦਰਸਾਉਣ ਲਈ ਲੱਕ ਬੰਨ੍ਹਣਾ ਪਵੇਗਾ।

ਸਾਂਝਾ ਕਰੋ

ਪੜ੍ਹੋ