admin

ਸੁਪਰੀਮ ਕੋਰਟ ਨੇ 1967 ਦੇ ਆਪਣੇ ਹੀ ਫੈਸਲੇ ਨੂੰ ਉਲ਼ਟਾਇਆ

ਨਵੀਂ ਦਿੱਲੀ, 8 ਨਵੰਬਰ – 4:3 ਦੇ ਬਹੁਮਤ ਨਾਲ ਸੁਪਰੀਮ ਕੋਰਟ ਦੇ ਸੱਤ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸ਼ੁੱਕਰਵਾਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) ਨੂੰ ਘੱਟ ਗਿਣਤੀ ਸੰਸਥਾ ਘੋਸ਼ਿਤ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਕਿਉਂਕਿ ਉਸਨੇ ਐਸ ਅਜ਼ੀਜ਼ ਬਾਸ਼ਾ ਮਾਮਲੇ ਵਿੱਚ 1967 ਦੇ ਆਪਣੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਕੋਈ ਵਿੱਦਿਅਕ ਸੰਸਥਾ ‘ਘੱਟਗਿਣਤੀ’ ਦਰਜੇ ਦਾ ਦਾਅਵਾ ਤਾਂ ਹੀ ਕਰ ਸਕਦੀ ਹੈ ਜੇਕਰ ਘੱਟ ਗਿਣਤੀ ਭਾਈਚਾਰੇ ਦੁਆਰਾ ਸਥਾਪਿਤ ਅਤੇ ਪ੍ਰਬੰਧਿਤ ਕੀਤਾ ਜਾਂਦਾ ਹੈ। ਬਹੁਮਤ ਦਾ ਫੈਸਲਾ ਸੀਜੇਆਈ ਡੀਵਾਈ ਚੰਦਰਚੂੜ (ਆਪਣੇ ਲਈ, ਜਸਟਿਸ ਸੰਜੀਵ ਖੰਨਾ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ) ਦੁਆਰਾ ਦਿੱਤਾ ਗਿਆ ਸੀ ਜਦੋਂ ਕਿ ਜਸਟਿਸ ਸੂਰਿਆ ਕਾਂਤ, ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਐਸਸੀ ਸ਼ਰਮਾ ਨੇ ਵੱਖਰੇ ਅਸਹਿਮਤੀ ਵਾਲੇ ਫੈਸਲੇ ਸੁਣਾਏ। ਐਸ. ਅਜ਼ੀਜ਼ ਬਾਸ਼ਾ ਕੇਸ ਵਿੱਚ ਸਿਖਰਲੀ ਅਦਾਲਤ ਨੇ ਐਲਾਨ ਕੀਤਾ ਸੀ ਕਿ ਏਐਮਯੂ ਇੱਕ ਘੱਟ ਗਿਣਤੀ ਸੰਸਥਾ ਨਹੀਂ ਹੈ। ਸੰਵਿਧਾਨ ਦੇ ਅਨੁਛੇਦ 30 ਦੇ ਤਹਿਤ ਇੱਕ ਵਿਦਿਅਕ ਸੰਸਥਾ ਦੇ ਘੱਟ-ਗਿਣਤੀ ਦੇ ਦਰਜੇ ਦਾ ਫੈਸਲਾ ਕਰਨ ਲਈ ਵਿਆਪਕ ਦਿਸ਼ਾ-ਨਿਰਦੇਸ਼ ਰੱਖਣ ਤੋਂ ਬਾਅਦ ਬਹੁਮਤ ਨੇ ਨਿਰਦੇਸ਼ ਦਿੱਤਾ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਘੱਟ-ਗਿਣਤੀ ਦਰਜੇ ’ਤੇ ਵਿਸ਼ੇਸ਼ ਕੇਸ ਨੂੰ ਫੈਸਲੇ ਲਈ ਇੱਕ ਢੁਕਵੇਂ ਬੈਂਚ ਦੇ ਸਾਹਮਣੇ ਰੱਖਣ ਲਈ ਸੀਜੇਆਈ ਦੇ ਸਾਹਮਣੇ ਰੱਖਿਆ ਜਾਵੇ। ਬਹੁਗਿਣਤੀ ਨੇ ਕਿਹਾ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਘੱਟ-ਗਿਣਤੀ ਦੇ ਦਰਜੇ ਦੇ ਸਬੰਧ ਵਿੱਚ ਸਵਾਲ ਮੌਜੂਦਾ ਕੇਸ ਵਿੱਚ ਨਿਰਧਾਰਿਤ ਟੈਸਟਾਂ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ।

ਸੁਪਰੀਮ ਕੋਰਟ ਨੇ 1967 ਦੇ ਆਪਣੇ ਹੀ ਫੈਸਲੇ ਨੂੰ ਉਲ਼ਟਾਇਆ Read More »

ਦੇਸ਼ ਭਗਤ ਯਾਦਗਾਰ ਹਾਲ ’ਚ ਮੇਲਾ ਗ਼ਦਰੀ ਬਾਬਿਆਂ ਦਾ ਸ਼ੁਰੂ

ਜਲੰਧਰ, 8 ਨਵੰਬਰ – ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦੇ ਜੋਸ਼-ਖ਼ਰੋਸ਼ ਭਰੇ ਉਦਘਾਟਨ ਨਾਲ ਅੱਜ ਇੱਥੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ’ਚ ਤਿੰਨ ਰੋਜ਼ਾ 33ਵਾਂ ‘ਮੇਲਾ ਗ਼ਦਰੀ ਬਾਬਿਆਂ’ ਦਾ ਸ਼ੁਰੂ ਹੋ ਗਿਆ। ਪੰਜਾਬ ਦੇ ਨਾਮਵਰ ਚਿੱਤਰਕਾਰ/ਫੋਟੋਕਾਰ ਗੁਰਦੀਸ਼ ਜਲੰਧਰ, ਗੁਰਪ੍ਰੀਤ ਬਠਿੰਡਾ, ਸੁਖਜੀਵਨ ਪਟਿਆਲਾ, ਇੰਦਰਜੀਤ ਜਲੰਧਰ, ਇੰਦਰਜੀਤ ਮਾਨਸਾ, ਵਰੁਣ ਟੰਡਨ ਜਲੰਧਰ, ਰਣਜੀਤ ਕੌਰ ਮਲੌਟ, ਰਵਿੰਦਰ ਰਵੀ ਲੁਧਿਆਣਾ, ਕੰਵਰਦੀਪ ਸਿੰਘ ਕਪੂਰਥਲਾ, ਪਾਰਸ ਫਗਵਾੜਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਮੇਲੇ ਦਾ ਰਸਮੀ ਉਦਘਾਟਨ ਕੀਤਾ। ਗੁਰਦੀਸ਼ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੇਲੇ ’ਚ ਚਿੱਤਰਕਲਾ/ਫੋਟੋ ਕਲਾ ਨੂੰ ਅਹਿਮ ਥਾਂ ਦੇ ਕੇ ਇਸ ਵਿਧਾ ਨੂੰ ਲੋਕਾਂ ਦੇ ਹੋਰ ਨੇੜੇ ਕਰਨ ਲਈ ਪ੍ਰਭਾਵਸ਼ਾਲੀ ਕਾਰਜ ਕੀਤਾ ਹੈ। ਚਿੱਤਰਕਾਰ ਗੁਰਪ੍ਰੀਤ ਬਠਿੰਡਾ ਨੇ ਕਿਹਾ ਕਿ ਕਵਿਤਾ ਮਗਰੋਂ ਹੁਣ ਚਿੱਤਰਕਲਾ ਵਿਧਾ ਨੇ ਵੀ ਮਾਣਮੱਤੇ ਅੰਦਾਜ਼ ਵਿੱਚ ਲੋਕ-ਪੱਖੀ ਇਨਕਲਾਬੀ ਦਿਸ਼ਾ ਵੱਲ ਪ੍ਰਭਾਵਸ਼ਾਲੀ ਕਦਮ ਪੁੱਟੇ ਹਨ। ਇਹ ਸੁਲੱਖਣਾ ਵਰਤਾਰਾ ਭਵਿੱਖ ਵਿੱਚ ਹੋਰ ਵੀ ਨਿੱਗਰ ਪੁਲਾਂਘਾਂ ਪੁੱਟੇਗਾ। ਚਿੱਤਰਕਲਾ ਪ੍ਰਦਰਸ਼ਨੀ ਦੀ ਟੀਮ ਦੇ ਆਗੂ ਡਾ. ਸੈਲੇਸ਼ ਅਤੇ ਕਨਵੀਨਰ ਵਿਜੈ ਬੰਬੇਲੀ ਨੇ ਮਿਲੇ ਹੁੰਗਾਰੇ ਲਈ ਚਿੱਤਰਕਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਤੇ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਚਿੱਤਰਕਲਾ ਅਤੇ ਫੋਟੋਕਲਾ ਅਸਲ ’ਚ ਇਤਿਹਾਸ ਅਤੇ ਅਨੇਕਾਂ ਪੱਖਾਂ ਨੂੰ ਦਸਤਾਵੇਜ਼ੀ ਪ੍ਰਮਾਣ ਵਜੋਂ ਸੰਭਾਲਣ ਦਾ ਅਮੁੱਲਾ ਕਾਰਜ ਹੈ ਜੋ ਨਵੀਆਂ ਪੀੜ੍ਹੀਆਂ ਦੇ ਮਨਾਂ ’ਤੇ ਅਮਿਟ ਪ੍ਰਭਾਵ ਸਿਰਜਦਾ ਹੈ। ਅਮੋਲਕ ਸਿੰਘ ਨੇ ਕੈਲਾਸ਼ ਕੌਰ, ਡਾ. ਸੁਰਜੀਤ ਪਾਤਰ, ਹਰਬੰਸ ਹੀਓਂ, ਇਕਬਾਲ ਖ਼ਾਨ, ਅਮਰਜੀਤ ਪ੍ਰਦੇਸੀ ਅਤੇ ਕੁਲਦੀਪ ਜਲੂਰ ਦੇ ਦਰਦਨਾਕ ਵਿਛੋੜੇ, ਉਨ੍ਹਾਂ ਦੀ ਮੇਲੇ ਅਤੇ ਸਮਾਜ ਪ੍ਰਤੀ ਦੇਣ ਬਾਰੇ ਵਿਚਾਰ ਸਾਂਝੇ ਕੀਤੇ। ‘ਫੁਲਵਾੜੀ’ ਪੱਤ੍ਰਿਕਾ ਦੀ 100ਵੀਂ ਵਰ੍ਹੇਗੰਢ ਮੌਕੇ ਉਸ ਦੀ ਬਹੁ-ਪੱਖੀ ਦੇਣ ’ਤੇ ਡਾ. ਹਰਜੀਤ ਸਿੰਘ (ਫੁਲਵਾੜੀ ਦੇ ਸੰਸਥਾਪਕ ਸੰਪਾਦਕ ਹੀਰਾ ਸਿੰਘ ਦਰਦ ਦੇ ਪੋਤਰੇ) ਨੇ ਰੌਸ਼ਨੀ ਪਾਈ। ਇਸ ਦੌਰਾਨ ਅੱਜ ਦੀ ਸ਼ਾਮ ਪੁਸਤਕ ਸੱਭਿਆਚਾਰ ਦੇ ਨਾਮ ਰਹੀ। ਮੰਚ ਸੰਚਾਲਕ ਕਵੀ, ਆਲੋਚਕ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੀ ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਨੇ ਪੁਸਤਕ ਸੱਭਿਆਚਾਰ ਅਤੇ ਪੁਸਤਕ ਪ੍ਰਦਰਸ਼ਨੀ ਦੇ ਸੁਮੇਲ ਦਾ ਮਹੱਤਵ ਸਾਂਝਾ ਕੀਤਾ। ਅੱਜ ਹੋਣਗੇ ਕੁਇਜ਼, ਭਾਸ਼ਣ, ਪੇਂਟਿੰਗ ਤੇ ਗਾਇਨ ਮੁਕਾਬਲੇ ਮੇਲੇ ਦੇ ਦੂਜੇ ਦਿਨ ਭਲਕੇ ਸ਼ੁੱਕਰਵਾਰ ਨੂੰ ਕੁਇਜ਼, ਭਾਸ਼ਣ, ਪੇਂਟਿੰਗ ਅਤੇ ਗਾਇਨ ਮੁਕਾਬਲੇ ਹੋਣਗੇ। ਇਸ ਦੌਰਾਨ ਬਾਲ ਕਲਾਕਾਰਾਂ ‘ਜੱਲ੍ਹਿਆਂਵਾਲਾ ਬਾਗ਼’ ਬਾਲ ਨਾਟਕ ਪੇਸ਼ ਕਰਨਗੇ। ਡਾ. ਅਪੂਰਵਾਨੰਦ ਅਤੇ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਬਾਅਦ ਦੁਪਹਿਰ ਵਿਚਾਰ-ਚਰਚਾ ਨੂੰ ਸੰਬੋਧਨ ਕਰਨਗੇ ਜਦਕਿ ਸ਼ਾਮ 4 ਵਜੇ ਕਵੀ-ਦਰਬਾਰ ਹੋਵੇਗਾ ਤੇ 6 ਵਜੇ ‘ਮਾਟੀ ਕੇ ਲਾਲ’ ਫ਼ਿਲਮ ਦਿਖਾਈ ਜਾਏਗੀ।

ਦੇਸ਼ ਭਗਤ ਯਾਦਗਾਰ ਹਾਲ ’ਚ ਮੇਲਾ ਗ਼ਦਰੀ ਬਾਬਿਆਂ ਦਾ ਸ਼ੁਰੂ Read More »

ਪੰਜਾਬ ਪੁਲੀਸ ’ਚ ਭਰਤੀ ਉਮੀਦਵਾਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ

ਸੰਗਰੂਰ, 7 ਨਵੰਬਰ – ਪੰਜਾਬ ਪੁਲੀਸ ਜ਼ਿਲ੍ਹਾ ਕੇਡਰ-2023 ਭਰਤੀ ਲਈ ਚੁਣੇ ਗਏ ਵੱਖ-ਵੱਖ ਜ਼ਿਲ੍ਹਿਆਂ ਦੇ ਉਮੀਦਵਾਰਾਂ ਨੇ ਨੌਕਰੀ ’ਤੇ ਜੁਆਇਨ ਕਰਾਉਣ ਦੀ ਮੰਗ ਨੂੰ ਲੈ ਕੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਅਤੇ ਨੌਕਰੀ ’ਤੇ ਜੁਆਇਨ ਕਰਾਉਣ ’ਚ ਕੀਤੀ ਜਾ ਰਹੀ ਦੇਰੀ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਪੁੱਜੇ ਉਮੀਦਵਾਰ ਸਥਾਨਕ ਪਟਿਆਲਾ ਗੇਟ ਰੋਡ ’ਤੇ ਇਕੱਠੇ ਹੋਏ ਤੇ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕੀਤਾ। ਜਿਉਂ ਹੀ ਪ੍ਰਦਰਸ਼ਨਕਾਰੀ ਉਮੀਦਵਾਰ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨਜ਼ਦੀਕ ਪੁੱਜੇ ਤਾਂ ਪੁਲੀਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ ਜਿਸ ਕਾਰਨ ਉਹ ਉਥੇ ਹੀ ਧਰਨਾ ਲਾ ਕੇ ਬੈਠ ਗਏ। ਧਰਨੇ ’ਚ ਮਹਿਲਾ ਉਮੀਦਵਾਰ ਵੀ ਸ਼ਾਮਲ ਸਨ। ਧਰਨਾ ਦੇ ਰਹੇ ਉਮੀਦਵਾਰ ਨੌਕਰੀ ’ਤੇ ਜਲਦੀ ਜੁਆਇਨ ਕਰਾਉਣ ਦੀ ਮੰਗ ਕਰ ਰਹੇ ਸਨ। ਦੇਰ ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਉਮੀਦਵਾਰ ਰੋਸ ਧਰਨੇ ’ਤੇ ਬੈਠੇ ਸਨ। ਉਮੀਦਵਾਰਾਂ ਨੇ ਹੱਥਾਂ ’ਚ ਨਾਅਰਿਆਂ ਵਾਲੀਆਂ ਪੋਸਟਰ ਫੜੇ ਹੋਏ ਸਨ। ਰੋਸ ਧਰਨੇ ਦੌਰਾਨ ਉਮੀਦਵਾਰ ਸੋਹਣਜੀਤ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਪੁਨੀਤ ਕੁਮਾਰ ਅਤੇ ਪ੍ਰਮੋਦ ਸ਼ਰਮਾ ਨੇ ਦੱਸਿਆ ਕਿ ਜਨਵਰੀ 2023 ਵਿਚ ਪੰਜਾਬ ਪੁਲੀਸ ਵਿਚ 300 ਸਬ ਇੰਸਪੈਕਟਰਾਂ ਅਤੇ 1800 ਸਿਪਾਹੀਆਂ ਦੀਆਂ ਭਰਤੀ ਅਸਾਮੀਆਂ ਕੱਢੀਆਂ ਗਈਆਂ ਸਨ ਅਤੇ ਸਾਰੇ ਟੈਸਟਾਂ ਤੇ ਹੋਰ ਪ੍ਰਕਿਰਿਆ ਮਗਰੋਂ ਅਕਤੂਬਰ 2023 ਵਿਚ ਫਾਈਨਲ ਨਤੀਜਾ ਐਲਾਨ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਚੁਣੇ ਗਏ 1746 ਸਿਪਾਹੀਆਂ ਨੂੰ ਜ਼ਿਲ੍ਹਾ ਕੇਡਰ ਵੀ ਅਲਾਟ ਹੋ ਚੁੱਕਿਆ ਹੈ ਪਰ ਹਾਲੇ ਤੱਕ ਨੌਕਰੀ ’ਤੇ ਜੁਆਇਨ ਨਹੀਂ ਕਰਵਾਇਆ ਗਿਆ ਜਦੋਂ ਕਿ ਉਸ ਸਾਲ ਦਸੰਬਰ ਮਹੀਨੇ ਜੁਆਇਨ ਕਰਵਾਇਆ ਜਾਣਾ ਸੀ। ਉਮੀਦਵਾਰਾਂ ਨੇ ਕਿਹਾ ਕਿ ਜੁਆਇਨ ਕਰਾਉਣ ਵਿਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਪੰਚਾਇਤ ਚੋਣਾਂ ਆ ਗਈਆਂ, ਹੁਣ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਹਨ ਜਦੋਂ ਕਿ ਫਿਰ ਨਗਰ ਕੌਂਸਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਣਾ ਹੈ। ਚੁਣੇ ਗਏ ਉਮੀਦਵਾਰ ਜੁਆਇਨ ਕਰਨ ਦੀ ਉਡੀਕ ’ਚ ਹਨ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਸਿਰਫ਼ ਜੁਆਇੰਨ ਕਰਾਉਣਾ ਹੀ ਬਾਕੀ ਰਹਿੰਦਾ ਹੈ, ਇਸ ਲਈ ਜਲਦ ਤੋਂ ਜਲਦ ਉਨ੍ਹਾਂ ਨੂੰ ਨੌਕਰੀ ’ਤੇ ਜੁਆਇਨ ਕਰਵਾਇਆ ਜਾਵੇ।

ਪੰਜਾਬ ਪੁਲੀਸ ’ਚ ਭਰਤੀ ਉਮੀਦਵਾਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ Read More »

ਨਵੇਂ ਰੰਗ ਢੰਗ ਵਿਚ ਟਰੰਪ 2.0/ਸੰਜੇ ਬਾਰੂ

ਦੁਨੀਆ ਵਿੱਚ ਕਿਸੇ ਵੀ ਜਨਤਕ ਅਹੁਦੇ ਲਈ ਕਿਸੇ ਚੋਣ ਨੇ ਇੰਨਾ ਆਲਮੀ ਧਿਆਨ ਨਹੀਂ ਖਿੱਚਿਆ ਜਿੰਨਾ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਇਸ ਚੋਣ ਨੇ ਖਿੱਚਿਆ ਹੈ। ਅਮਰੀਕਾ ਅਜੇ ਵੀ ਦੁਨੀਆ ਦਾ ਸਭ ਤੋਂ ਵੱਧ ਪ੍ਰਭਾਵੀ ਦੇਸ਼ ਹੈ। ਉੱਥੋਂ ਦਾ ਰਾਸ਼ਟਰਪਤੀ ਦੁਨੀਆ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਸ਼ਖ਼ਸ ਹੁੰਦਾ ਹੈ ਜੋ ਸਭ ਤੋਂ ਵੱਡੇ ਅਰਥਚਾਰੇ, ਸਭ ਤੋਂ ਵੱਡੇ ਤਕਨੀਕੀ ਅਤੇ ਵਿਗਿਆਨਕ ਚੌਖਟੇ ਅਤੇ ਸਭ ਤੋਂ ਵੱਡੇ ਹਥਿਆਰਬੰਦ ਦਸਤਿਆਂ ਦੀ ਅਗਵਾਈ ਕਰਦਾ ਹੈ। ਬਹਰਹਾਲ, ਅਜੇ ਇਹ ਮੁਲਕ ਕਿਸੇ ਔਰਤ ਨੂੰ ਆਪਣੀ ਰਾਸ਼ਟਰਪਤੀ ਚੁਣਨ ਲਈ ਤਿਆਰ ਨਹੀਂ। ਜ਼ਾਤੀ ਤੌਰ ’ਤੇ ਔਰਤਾਂ ਪ੍ਰਤੀ ਨਿੱਘਰੇ ਹੋਏ ਵਿਚਾਰਾਂ ਦਾ ਧਾਰਨੀ ਹੋਣ ਦੇ ਬਾਵਜੂਦ ਡੋਨਲਡ ਟਰੰਪ ਨੇ ਪਹਿਲਾਂ ਹਿਲੇਰੀ ਕਲਿੰਟਨ ਅਤੇ ਹੁਣ ਕਮਲਾ ਹੈਰਿਸ ਨੂੰ ਚੋਣ ਵਿੱਚ ਹਰਾਇਆ। ਨਸਲ ਅਤੇ ਜਮਾਤ ਦੇ ਰੰਗ ਵਿੱਚ ਰੰਗੀ ਰਾਜਨੀਤੀ ਵਿੱਚ ਲਿੰਗਕ ਮਸਲਿਆਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ। ਚੋਣ ਸਰਵੇਖਣ ਇੱਕ ਵਾਰ ਫਿਰ ਨਿਸ਼ਾਨੇ ਤੋਂ ਖੁੰਝ ਗਏ ਹਨ। ਬਰਲਿਨ ਤੋਂ ਲੈ ਕੇ ਟੋਕੀਓ, ਮਾਸਕੋ ਤੋਂ ਪੇਈਚਿੰਗ, ਤਲ ਅਵੀਵ ਤੋਂ ਤਹਿਰਾਨ ਅਤੇ ਬਿਨਾਂ ਸ਼ੱਕ ਨਵੀਂ ਦਿੱਲੀ, ਹਰੇਕ ਸਰਕਾਰ ਨੇੜਿਓਂ ਦੇਖਣ ਦੀ ਕੋਸ਼ਿਸ਼ ਕਰੇਗੀ ਕਿ ਟਰੰਪ ਆਪਣੀ ਟੀਮ ਕਿਹੋ ਜਿਹੀ ਚੁਣਦੇ ਹਨ। ਇਸ ਦਾ ਕਾਰਨ ਇਹ ਹੈ ਕਿ ਭਾਵੇਂ ਇਹ ਉਨ੍ਹਾਂ ਦੀ ਦੂਜੀ ਪਾਰੀ ਹੋਵੇਗੀ ਪਰ ਉਨ੍ਹਾਂ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਕੂੜੇਦਾਨ ਵਿਚ ਸੁੱਟ ਦਿੱਤਾ ਸੀ ਅਤੇ ਕਈ ਹੋਰ ਉਨ੍ਹਾਂ ਤੋਂ ਵੱਖ ਹੋ ਗਏ ਸਨ। ਦੁਨੀਆ ਟਰੰਪ ਨੂੰ ਨਵੇਂ ਰੰਗ ਢੰਗ ਵਿੱਚ ਦੇਖੇਗੀ ਕਿਉਂਕਿ ਇੱਕ ਤਾਂ ਰਾਸ਼ਟਰਪਤੀ ਦੇ ਆਸ-ਪਾਸ ਨਵੇਂ ਚਿਹਰੇ ਨਜ਼ਰ ਆਉਣਗੇ; ਦੂਜਾ, ਵ੍ਹਾਈਟ ਹਾਊਸ ਵਿੱਚ ਉਨ੍ਹਾਂ ਦੇ ਪਹਿਲੇ ਕਾਰਜਕਾਲ ਤੋਂ ਬਾਅਦ ਦੁਨੀਆ ਬਦਲ ਗਈ ਹੈ। ਅੰਦਰੂਨੀ ਤੌਰ ’ਤੇ ਟਰੰਪ ਦਾ ਪਹਿਲਾ ਕਾਰਜ ਇਹ ਰਹੇਗਾ ਕਿ ਸਥਿਰਤਾ ਯਕੀਨੀ ਬਣਾਈ ਜਾਵੇ ਅਤੇ ਆਪਣੇ ਘੱਟ ਵਿਸ਼ੇਸ਼ਾਧਿਕਾਰ ਯਾਫ਼ਤਾ ਹਮਾਇਤੀਆਂ ਖ਼ਾਸਕਰ ਕੰਮਕਾਜੀ ਲੋਕਾਂ ਨੂੰ ਆਸ ਦਿੱਤੀ ਜਾਵੇ। ਅਮਰੀਕੀ ਅਰਥਚਾਰੇ ਦੀ ਰਫ਼ਤਾਰ ਠੀਕ ਠਾਕ ਚੱਲ ਰਹੀ ਹੈ ਤੇ ਇਸ ਦੀ ਵਿਕਾਸ ਦਰ 2 ਫ਼ੀਸਦੀ ਤੋਂ ਉੱਪਰ ਹੈ; ਉਂਝ, ਉਸ ਦੇ ਮੂਲ ਹਲਕਿਆਂ ਲਈ ਬੇਰੁਜ਼ਗਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਕਰੋੜਪਤੀਆਂ ਅਤੇ ਅਰਬਪਤੀਆਂ ਦੀ ਆਪਣੀ ਜਮਾਤ ਦੇ ਲਾਲਚ ਅਤੇ ਘੱਟ ਆਮਦਨ ਤੇ ਸਮਾਜਿਕ ਤੇ ਆਰਥਿਕ ਤੌਰ ’ਤੇ ਪਛੜੇ ਹੋਏ ਆਪਣੇ ਹਮਾਇਤੀਆਂ ਵਿਚਕਾਰ ਉਹ ਸੰਤੁਲਨ ਕਿਵੇਂ ਬਿਠਾਉਂਦੇ ਹਨ, ਇਸ ਦਾ ਪਤਾ ਆਉਣ ਵਾਲੇ ਦਿਨਾਂ ਵਿਚ ਪਤਾ ਲੱਗੇਗਾ। ਬਾਹਰੀ ਤੌਰ ’ਤੇ ਟਰੰਪ ਲਈ ਬਹੁਤ ਜ਼ਿਆਦਾ ਰੁਝੇਵੇਂ ਰਹਿਣਗੇ ਤੇ ਉਨ੍ਹਾਂ ਨੂੰ ਯੂਰੋਪ ਅਤੇ ਪੱਛਮੀ ਏਸ਼ੀਆ ਵਿੱਚ ਉਬਾਲੇ ਖਾ ਰਹੇ ਟਕਰਾਅ ਸੁਲਝਾਉਣੇ ਪੈਣਗੇ। ਉਨ੍ਹਾਂ ਆਰਥਿਕ ਅਤੇ ਵਿਦੇਸ਼ ਨੀਤੀ ਬਾਰੇ ‘ਵਾਸ਼ਿੰਗਟਨ ਕਨਸੈਂਸਸ/ਸਹਿਮਤੀ’ ਤੋੜਨ ਦਾ ਵਾਅਦਾ ਕੀਤਾ ਹੈ। ਆਸ ਕੀਤੀ ਜਾਂਦੀ ਹੈ ਕਿ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕੋਲ ਪਹੁੰਚ ਕਰਨਗੇ। ਉਹ ਉੱਚੀਆਂ ਮਹਿਸੂਲ ਦਰਾਂ ਲਾਗੂ ਕਰ ਕੇ ਚੀਨ ਪ੍ਰਤੀ ਸਖ਼ਤ ਨੀਤੀ ਦੇ ਰਾਹ ’ਤੇ ਟਿਕੇ ਰਹਿ ਸਕਦੇ ਹਨ ਪਰ ਉਹ ਸੁਲ੍ਹਾ ਦਾ ਰਾਹ ਅਖ਼ਤਿਆਰ ਕਰ ਕੇ ਵੀ ਦੇਖਣਾ ਚਾਹੁਣਗੇ। ਪੱਛਮੀ ਏਸ਼ੀਆ ਵਿੱਚ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਇਰਾਨ ਨੂੰ ਨਿਸ਼ਾਨਾ ਬਣਾਉਣ ਤੇ ਸ਼ਾਇਦ ਸੱਤਾ ਬਦਲੀ ਲਈ ਵੀ ਜ਼ੋਰ ਅਜ਼ਮਾਈ ਕਰਨ ਪਰ ਇਸ ਦੇ ਨਾਲ ਹੀ ਉਹ ਇਜ਼ਰਾਈਲ ਦੇ ਬੈਂਜਾਮਿਨ ਨੇਤਨਯਾਹੂ ਨੂੰ ਵੀ ਬਹੁਤਾ ਲੰਮਾ ਰੱਸਾ ਦੇ ਕੇ ਨਹੀਂ ਚੱਲਣਗੇ। ਇਨ੍ਹਾਂ ’ਚੋਂ ਹਰੇਕ ਕਿਆਸੀ ਕਾਰਵਾਈ ਦਾ ਅਮਰੀਕਾ ਅਤੇ ਦੁਨੀਆ ਉੱਪਰ ਦੀਰਘਕਾਲੀ ਅਸਰ ਪਵੇਗਾ ਜਿਸ ਦੇ ਪੇਸ਼ੇਨਜ਼ਰ ਟਰੰਪ ਨੇ ਅਗਲੇ ਚਾਰ ਸਾਲਾਂ ਦੇ ਅੰਦਰ-ਅੰਦਰ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ ਦਾ ਵਾਅਦਾ ਕੀਤਾ ਹੈ। ਖਰਬ ਡਾਲਰ ਦਾ ਸਵਾਲ ਇਹ ਹੋਵੇਗਾ ਕਿ ਟਰੰਪ ਤੀਜੀ ਵਾਰ ਰਾਸ਼ਟਰਪਤੀ ਦੇ ਅਹੁਦੇ ’ਤੇ ਬੈਠਣ ਲਈ ਸੰਵਿਧਾਨ ’ਚ ਤਰਮੀਮ ਕਰਨਾ ਚਾਹੁਣਗੇ। ਕੁਝ ਵੀ ਹੋਵੇ, ਆਸ ਕੀਤੀ ਜਾਂਦੀ ਹੈ ਕਿ ਟਰੰਪ 2.0 ਪਹਿਲੇ ਕਾਰਜਕਾਲ ਨਾਲੋਂ ਵੱਖਰੇ ਹੋਣਗੇ ਕਿਉਂਕਿ ਉਮਰ ਤੇ ਸਮਾਂ ਉਨ੍ਹਾਂ ਦੇ ਪੱਖ ਵਿੱਚ ਨਹੀਂ ਹੈ। ਅਮਰੀਕੀ ਸ਼ਾਸਨ ਪ੍ਰਣਾਲੀ ਨੂੰ ਟਰੰਪ ਭਾਵੇਂ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰ ਸਕਦਾ ਹੈ, ਫਿਰ ਵੀ ਸੰਸਾਰ ਨੂੰ ਆਪਣੇ ਨਜ਼ਰੀਏ ਤੇ ਤਰਜੀਹਾਂ ਮੁਤਾਬਿਕ ਢਾਲਣ ਦੀ ਅਮਰੀਕਾ ਦੀ ਸਮਰੱਥਾ ਦਿਨੋ-ਦਿਨ ਸੀਮਤ ਹੋ ਰਹੀ ਹੈ। ਅਮਰੀਕਾ ਨੂੰ ਆਪਣੇ ਸਹਿਯੋਗੀਆਂ ਤੇ ਦੋਸਤਾਂ ਨਾਲ ਮਿਲ ਕੇ ਕੰਮ ਕਰਨਾ ਪਏਗਾ। ਯੂਰੋਪ ਤੇ ਜਪਾਨ ਟਰੰਪ ਦੇ ਰਾਸ਼ਟਰਪਤੀ ਬਣਨ ਨੂੰ ਲੈ ਕੇ ਬੇਚੈਨ ਹਨ। ਪਿਛਲੀ ਵਾਰ ਯੂਰੋਪ ਕੋਲ ਏਂਜਲਾ ਮਾਰਕਲ ਸੀ ਤੇ ਜਪਾਨ ਕੋਲ ਸ਼ਿੰਜ਼ੋ ਆਬੇ ਸੀ। ਇਸ ਵੇਲੇ ਕੋਈ ਵੀ ਯੂਰੋਪੀਅਨ ਜਾਂ ਪੂਰਬੀ ਏਸ਼ਿਆਈ ਆਗੂ ਐਨਾ ਸਮਰੱਥਾਵਾਨ ਨਹੀਂ ਕਿ ਉਹ ਟਰੰਪ ਅੱਗੇ ਖੜ੍ਹ ਸਕੇ ਜਾਂ ਉਸ ਨੂੰ ਰੋਕ ਸਕੇ। ਸ਼ਾਇਦ ਉਹ ਕਤਾਰ ’ਚ ਲੱਗ ਜਾਣਗੇ। ਪੂਤਿਨ ਨੂੰ ਰਾਹਤ ਦਾ ਸਾਹ ਆਉਂਦਾ ਹੈ ਜਾਂ ਨਹੀਂ, ਤੇ ਕੀ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਚੁੱਪ ਰਹਿਣ ਲਈ ਕਿਹਾ ਜਾਂਦਾ ਹੈ, ਇਹ ਇਸ ਚੀਜ਼ ’ਤੇ ਨਿਰਭਰ ਕਰੇਗਾ ਕਿ ਟਰੰਪ ਅਤੇ ਉਸ ਦੇ ਸਲਾਹਕਾਰ ਅਮਰੀਕਾ ਦੀ ‘ਡੀਪ ਸਟੇਟ’ ਤੇ ‘ਫ਼ੌਜੀ ਸਨਅਤੀ’ ਗੱਠਜੋੜ ’ਤੇ ਕਿੰਨਾ ਕੁ ਕਾਬਜ਼ ਹੁੰਦੇ ਹਨ ਅਤੇ ਰੂਸ ਪ੍ਰਤੀ ਜੋਅ ਬਾਇਡਨ ਦੀ ਪਹੁੰਚ ’ਚ ਆਪਣੇ ਰਸੂਖ਼ ਨਾਲ ਉਹ ਕਿਸ ਤਰ੍ਹਾਂ ਦੀ ਤਬਦੀਲੀ ਲਿਆਉਂਦੇ ਹਨ। ਆਸ ਕਰਨੀ ਚਾਹੀਦੀ ਹੈ ਕਿ ਪੂਤਿਨ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਘੱਟੋ-ਘੱਟ ਸ਼ੁਰੂ ’ਚ ਤਾਂ ਟਰੰਪ ਪ੍ਰਸ਼ਾਸਨ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਨਗੇ। ਵਿਅੰਗ ਰੂਪ ’ਚ ਅਤੇ ਵਿਹਾਰਕ ਸਮਝ ਤੋਂ ਉਲਟ, ਵ੍ਹਾਈਟ ਹਾਊਸ ’ਚ ਟਰੰਪ ਦਾ ਪਹਿਲਾ ਸਾਲ ਸ਼ਾਇਦ ਕੌਮਾਂਤਰੀ ਪੱਧਰ ’ਤੇ ਬਾਇਡਨ ਦੇ ਆਖ਼ਰੀ ਸਾਲ ਨਾਲੋਂ ਸ਼ਾਂਤ ਹੋਵੇਗਾ। ਖੁਸ਼ਨਸੀਬੀ ਨਾਲ ਭਾਰਤ ਦੀ ਰਾਸ਼ਟਰਪਤੀ ਟਰੰਪ ਨਾਲ ਚੰਗੀ ਬਣਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਰੰਪ ਦੇ ਕਰੀਬੀਆਂ ਨਾਲ ਸੰਪਰਕ ਬਣਾ ਕੇ ਰੱਖਿਆ ਹੈ। ਹਾਲਾਂਕਿ, ਭਾਰਤੀ ਲੀਡਰਸ਼ਿਪ ਨੂੰ ਇਹ ਧਾਰ ਕੇ ਅੱਗੇ ਵਧਣਾ ਚਾਹੀਦਾ ਹੈ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਟਰੰਪ ਦਾ ਦੂਜਾ ਕਾਰਜਕਾਲ ਉਨ੍ਹਾਂ ਦੇ ਪਹਿਲੇ ਕਾਰਜਕਾਲ ਵਰਗਾ ਨਹੀਂ ਹੋਵੇਗਾ। ਟਰੰਪ ਦੀ ਵਿਦੇਸ਼ ਨੀਤੀ ਅਤੇ ‘ਅਮਰੀਕਾ ਨੂੰ ਪਹਿਲ ਦੇਣ’ ਦੀ ਪਹੁੰਚ ਜਿਹੜੇ ਖੇਤਰਾਂ ’ਚ ਭਾਰਤੀ ਪੱਖੀ ਨੀਤੀਆਂ ਦੇ ਰਾਹ ਦਾ ਰੋੜਾ ਬਣ ਸਕਦੀ ਹੈ, ਉਹ ਖੇਤਰ ਵਪਾਰ, ਆਵਾਸ ਤੇ ਜਲਵਾਯੂ ਤਬਦੀਲੀ ਹਨ। ਮੈਂ ਅਮਰੀਕਾ ਦੀ ਉਦਾਰ ਵੀਜ਼ਾ ਨੀਤੀ ਦਾ ਵੱਡਾ ਹਾਮੀ ਨਹੀਂ ਹਾਂ ਕਿਉਂਕਿ ਇਸ ਨੇ ਭਾਰਤ ’ਚੋਂ ਪ੍ਰਤਿਭਾ ਨੂੰ ਖਿੱਚਿਆ ਹੈ ਪਰ ਵਪਾਰਕ ਲੈਣ-ਦੇਣ ਸਮੱਸਿਆ ਬਣ ਸਕਦਾ ਹੈ ਜੇ ਟਰੰਪ ਦੇ ਕੁਝ ਪੁਰਾਣੇ ਸਲਾਹਕਾਰ, ਖ਼ਾਸ ਤੌਰ ’ਤੇ ਸਾਬਕਾ ਅਮਰੀਕੀ ਵਪਾਰ ਪ੍ਰਤੀਨਿਧ ਰੌਬਰਟ ਲਾਈਟਹਾਈਜ਼ਰ ਅਹੁਦੇ ’ਤੇ ਪਰਤਦੇ ਹਨ। ਭਾਰਤ ਰੱਖਿਆ ਸਾਜ਼ੋ-ਸਮਾਨ ਖ਼ਰੀਦ ਕੇ ਅਤੇ ਸਪਲਾਈ ਲੜੀਆਂ ’ਚ ਹਿੱਸਾ ਪਾ ਕੇ ਅਮਰੀਕਾ ਨਾਲ ਮੇਲ-ਜੋਲ ਬਣਾਈ ਰੱਖੇਗਾ। ਮੋਦੀ ਸਰਕਾਰ ਨੂੰ ਚੰਗੀ ਸਲਾਹ ਇਹੀ ਹੋਵੇਗੀ ਕਿ ਇਹ ਧਿਆਨ ਨਾਲ ਕਦਮ ਪੁੱਟੇ ਅਤੇ ਅਮਰੀਕੀ ਰਾਜਨੀਤੀ ’ਚ ਧਿਆਨ ਦਾ ਕੇਂਦਰ ਬਣਨ ਤੋਂ ਬਚੇ ਜੋ ਇਹ ਪਿਛਲੇ ਚਾਰ ਸਾਲਾਂ ਵਿੱਚ ਬਣਦਾ ਰਿਹਾ ਹੈ। ਸ਼ਾਇਦ ਗੁਰਪਤਵੰਤ ਸਿੰਘ ਪੰਨੂੰ ਕੇਸ ਕਿਤੇ ਨਹੀਂ ਜਾਏਗਾ ਕਿਉਂਕਿ ਇਹ ਪਹਿਲਾਂ ਹੀ ਅਦਾਲਤਾਂ ਵਿੱਚ ਦਾਇਰ ਹੋ ਚੁੱਕਾ ਹੈ। ਇਸ ਕੇਸ ਦੀਆਂ ਉੱਠਦੀਆਂ ਛੱਲਾਂ ਭਾਰਤੀ ਤੱਟਾਂ ਨੂੰ ਛੂੰਹਦੀਆਂ ਰਹਿਣਗੀਆਂ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਸਭ ਤੋਂ ਪਹਿਲਾਂ ਸ਼ਿੰਜ਼ੋ ਆਬੇ ਨੇ ਜਾ ਕੇ ਵ੍ਹਾਈਟ ਹਾਊਸ ਦਾ ਦਰ ਖੜਕਾਇਆ ਸੀ, ਦੋਸਤੀ ਦਾ ਹੱਥ ਅੱਗੇ ਵਧਾਉਂਦਿਆਂ, ਇੱਕ ਘਮੰਡੀ ਨੂੰ ਖ਼ੁਸ਼ ਕੀਤਾ ਅਤੇ ‘ਕੁਆਡ’ ਵਰਗਾ ਵਿਚਾਰ ਅਮਰੀਕਾ ਨੂੰ ਵੇਚਿਆ ਜਿਸ ਦਾ ਭਾਰਤ ਨੂੰ ਵੀ

ਨਵੇਂ ਰੰਗ ਢੰਗ ਵਿਚ ਟਰੰਪ 2.0/ਸੰਜੇ ਬਾਰੂ Read More »

ਹਰਿਆਣਾ ਵਿਧਾਨ ਸਭਾ ‘ਚ ਮਿਲਿਆ ਖ਼ਤਰਨਾਕ ਪ੍ਰਜਾਤੀ ਦਾ ਸੱਪ

ਹਰਿਆਣਾ, 8 ਨਵੰਬਰ – ਹਰਿਆਣਾ ਵਿਧਾਨ ਸਭਾ ਵਿੱਚ ਅੱਜ ਸਵੇਰੇ ਸੱਪ ਮਿਲਣ ਤੋਂ ਬਾਅਦ ਹੰਗਾਮਾ ਹੋ ਗਿਆ। ਸਵੇਰੇ ਜਦੋਂ ਮੁਲਾਜ਼ਮ ਡਿਊਟੀ ਲਈ ਆਏ ਤਾਂ ਵਿਧਾਨ ਸਭਾ ਵਿੱਚ ਸੱਪ ਦੇਖ ਕੇ ਹੈਰਾਨ ਰਹਿ ਗਏ। ਮੁਲਾਜ਼ਮਾਂ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਬੁਲਾ ਕੇ ਸੂਚਨਾ ਦਿੱਤੀ। ਇਸ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਜੰਗਲਾਤ ਵਿਭਾਗ ਨੇ ਸੱਪ ਮਾਹਿਰ ਨੂੰ ਮੌਕੇ ‘ਤੇ ਭੇਜ ਕੇ ਸੱਪ ਨੂੰ ਫੜ ਲਿਆ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਸੁੱਖ ਦਾ ਸਾਹ ਲਿਆ। ਰਸੇਲਜ਼ ਵਾਈਪਰ ਸੱਪ ਇੱਕ ਖਤਰਨਾਕ ਪ੍ਰਜਾਤੀ ਹੈ। ਇਸ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਸੱਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦੇ ਜ਼ਹਿਰ ਦੀ ਇੱਕ ਬੂੰਦ ਵੀ ਕਈ ਲੋਕਾਂ ਦੀ ਜਾਨ ਲੈ ਸਕਦੀ ਹੈ। ਦੱਸ ਦੇਈਏ ਕਿ ਵਿਧਾਨ ਸਭਾ ਸੈਸ਼ਨ 13 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਵਿਧਾਇਕ ਸੈਸ਼ਨ ਦੌਰਾਨ ਮੁੱਖ ਮੰਤਰੀ ਸਮੇਤ ਸਮੁੱਚੀ ਕੈਬਨਿਟ ਅਤੇ ਹੋਰ ਪਾਰਟੀਆਂ ਦੇ ਵਿਧਾਇਕ ਹਾਜ਼ਰ ਹੋਣਗੇ। ਅਜਿਹੇ ‘ਚ ਸੱਪਾਂ ਦੇ ਮਿਲਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਫਿਲਹਾਲ ਸੱਪ ਨੂੰ ਫੜ ਲਿਆ ਗਿਆ ਹੈ ਅਤੇ ਦੂਰ ਜੰਗਲ ‘ਚ ਛੱਡਿਆ ਜਾਵੇਗਾ। ਇਸ ਤੋਂ ਪਹਿਲਾਂ ਕਰੀਬ 4 ਮਹੀਨੇ ਪਹਿਲਾਂ ਚੰਡੀਗੜ੍ਹ ਦੇ ਹਰਿਆਣਾ ਸਕੱਤਰੇਤ ‘ਚ ਸੱਪ ਮਿਲਣ ‘ਤੇ ਹਲਚਲ ਮਚ ਗਈ ਸੀ। ਸੱਪ ਸਕੱਤਰੇਤ ਦੀ ਚੌਥੀ ਮੰਜ਼ਿਲ ਤੱਕ ਪਹੁੰਚ ਗਿਆ ਸੀ। ਸੱਪ ਨੂੰ ਦੇਖ ਕੇ ਸਾਰਿਆਂ ਦੇ ਹੱਥ-ਪੈਰ ਫੁਲ ਗਏ। ਇਸ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ। ਸੱਪ ਮਾਹਿਰ ਨੇ ਕੁਝ ਹੀ ਸਮੇਂ ਵਿੱਚ ਸੱਪ ਨੂੰ ਫੜ ਲਿਆ। ਮਹੱਤਵਪੂਰਨ ਵਿਭਾਗਾਂ ਦੇ ਦਫ਼ਤਰ ਵੀ ਇੱਥੇ ਸਥਿਤ ਹਨ। ਇਹ ਸੱਪ ਵਿਭਾਗ ਦੀਆਂ ਫਾਈਲਾਂ ਪਿੱਛੇ ਲੁਕਿਆ ਹੋਇਆ ਸੀ। ਫਾਈਲ ਕੱਢਦੇ ਹੀ ਸੱਪ ਬਾਹਰ ਆ ਗਿਆ।

ਹਰਿਆਣਾ ਵਿਧਾਨ ਸਭਾ ‘ਚ ਮਿਲਿਆ ਖ਼ਤਰਨਾਕ ਪ੍ਰਜਾਤੀ ਦਾ ਸੱਪ Read More »

ਚੋਣ ਕਮਿਸ਼ਨ ਵਲੋਂ ਯੋਗਤਾ ਦੇ ਅਧਾਰ ’ਤੇ ਵੋਟਰ ਸੂਚੀਆਂ ਦੀ ਸੁਧਾਈ ਦਾ ਰੀਵਾਈਜਡ ਪ੍ਰੋਗਰਾਮ ਜਾਰੀ

ਗੁਰਦਾਸਪੁਰ, 8 ਨਵੰਬਰ – ਭਾਰਤੀ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1 ਜਨਵਰੀ 2025 ਦੇ ਅਧਾਰ ’ਤੇ ਵੋਟਰ ਸੂਚੀਆਂ ਦੀ ਸੁਧਾਈ ਦਾ ਰੀਵਾਈਜਡ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਧਾਈ ਪ੍ਰੋਗਰਾਮ ਤਹਿਤ 25 ਤੇ 26 ਨਵੰਬਰ ਨੂੰ ਫਾਰਮਟ 1 ਤੋਂ 8 ਤੱਕ ਤਿਆਰ ਕੀਤੇ ਜਾਣਗੇ। 27 ਨਵੰਬਰ ਨੂੰ ਵੋਟਰ ਸੂਚੀ ਦੀ ਇੰਟੀਗਰੇਟਡ ਡਰਾਫਟ ਪਬਲੀਕੇਸ਼ਨ ਕੀਤਾ ਜਾਵੇਗੀ। 27 ਨਵੰਬਰ ਤੋਂ 12 ਦਸੰਬਰ,2024 ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ ਜਦਕਿ 30 ਨਵੰਬਰ ਅਤੇ 8 ਦਸੰਬਰ ਨੂੰ ਸਪੈਸ਼ਲ ਕੈਪ ਲਗਾਏ ਜਾਣਗੇ। ਜਿਸ ਪਿੱਛੋਂ 24 ਦਸੰਬਰ ਨੂੰ ਦਾਅਵੇ ਤੇ ਇਤਰਾਜਾਂ ਦਾ ਨਿਪਟਾਰਾ ਹੋਵੇਗਾ। ਪਹਿਲੀ ਜਨਵਰੀ 2025 ਤੱਕ ਅਪਡੇਟਿੰਗ ਡਾਟਾਬੇਸ ਅਤੇ ਸਪਲੀਮੈਂਟ ਦੀ ਪ੍ਰਿੰਟਿੰਗ ਅਤੇ 6 ਜਨਵਰੀ 2025 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਹੋਵੇਗੀ।

ਚੋਣ ਕਮਿਸ਼ਨ ਵਲੋਂ ਯੋਗਤਾ ਦੇ ਅਧਾਰ ’ਤੇ ਵੋਟਰ ਸੂਚੀਆਂ ਦੀ ਸੁਧਾਈ ਦਾ ਰੀਵਾਈਜਡ ਪ੍ਰੋਗਰਾਮ ਜਾਰੀ Read More »

ਪੰਜਾਬ ਸਰਕਾਰ ਵੱਲੋਂ ਡਾ. ਰਣਬੀਰ ਸਿੰਘ ਦੀ ਬਦਲੀ ਦੇ ਹੁਕਮ ਰੱਦ

  ਚੰਡੀਗੜ੍ਹ, 8 ਨਵੰਬਰ – ਪੰਜਾਬ ਸਰਕਾਰ ਦੇ ਵੱਲੋਂ ਡਾ ਰਣਬੀਰ ਸਿੰਘ ਦੀ ਬਦਲੀ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ। ਕੁੱਝ ਦਿਨ ਪਹਿਲਾਂ ਡਾ. ਰਣਬੀਰ ਸਿੰਘ ਦੀ ਬਦਲੀ ਸਰਕਾਰ ਵੱਲੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਡਾ. ਰਣਬੀਰ ਸਿੰਘ ਦੀ ਬਦਲੀ ਦੇ ਹੁਕਮ ਰੱਦ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਡਾ. ਰਣਬੀਰ ਸਿੰਘ ਦੀ ਬਦਲੀ ਰੱਦ ਕਰ ਦਿੱਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਡਾ. ਰਣਬੀਰ ਸਿੰਘ ਦੀ ਬਦਲੀ ਦੇ ਹੁਕਮ ਰੱਦ Read More »

ਅਕਾਲੀ ਦਲ ਦਾ ਕਮਜ਼ੋਰ ਹੋਣਾ ਚੰਗਾ ਨਹੀਂ : ਸਿੱਕੀ

ਸ਼ਾਹਕੋਟ, 8 ਨਵੰਬਰ -ਪੰਜਾਬ ਵਿੱਚ ਸਿਆਸੀ ਆਗੂਆਂ ਦੇ ਨਿੱਜੀ ਤੇ ਪਰਵਾਰਕ ਸਮਾਗਮ ਜਿੱਥੇ ਕਈ ਤਰ੍ਹਾਂ ਦੀ ਸਿਆਸੀ ਚਰਚਾ ਦਾ ਸਬੱਬ ਬਣ ਜਾਂਦੇ ਹਨ, ਉੱਥੇ ਪੰਜਾਬੀ ਸਮਾਜ ਦੀ ਭਾਈਚਾਰਕ ਸਾਂਝ ਦੇ ਸਦੀਵੀ ਰਹਿਣ ਦੀ ਸੁੱਖ ਮੰਗਣ ਵਾਲੇ ਜੀਉੜਿਆਂ ਦੇ ਮਨਾਂ ਅੰਦਰ ਸੁਖਦ ਅਹਿਸਾਸ ਵੀ ਪੈਦਾ ਕਰ ਜਾਂਦੇ ਹਨ। ਇਸ ਗੱਲ ਦਾ ਝਲਕਾਰਾ ਉਸ ਵੇਲੇ ਨਜ਼ਰੀਂ ਪਿਆ, ਜਦੋਂ ਸਿਆਸਤ ਦੀ ‘ਪੀ ਐੱਚ ਡੀ’ ਸਮਝੇ ਜਾਂਦੇ ਰਹੇ ਸਵਰਗੀ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਪੋਤਰੀ ਕਮਲਜੀਤ ਕੌਰ ਦੇ ਵਿਆਹ ਦੀ ਖੁਸ਼ੀ ਵਿੱਚ ਕਰਵਾਏ ਸਮਾਗਮ ਵਿੱਚ ਹਰ ਵੰਨਗੀ ਦੀ ਸਿਆਸੀ ਪਾਰਟੀ ਦੇ ਆਗੂ, ਵਰਕਰ ਤੇ ਸਮੱਰਥਕ ਬਗ਼ਲਗੀਰ ਹੋ ਕੇ ਸਮਾਜਿਕ ਸਾਂਝਾਂ ਨੂੰ ਮਜ਼ਬੂਤ ਕਰਦੇ ਦਿਸੇ। ਇਸੇ ਦੌਰਾਨ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਨਾ ਹੋਣੀ ਵੀ ਕਈ ਲੋਕਾਂ ਦੇ ਮਨਾਂ ਦਾ ਸਵਾਲ ਬਣੀ ਹੋਈ ਹੈ। ਉਂਝ ਸਮਾਗਮ ਵਿੱਚ ਜਿੱਥੇ ਅਕਾਲੀ ਦਲ (ਬਾਦਲ) ਦੇ ਚਰਚਿਤ ਤੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਕੋਹਾੜ ਤੇ ਗਿੱਲ ਪਰਵਾਰ ਨੂੰ ਵਧਾਈ ਦੇਣ ਪਹੁੰਚੇ ਹੋਏ ਸਨ, ਉੱਥੇ ਆਮ ਆਦਮੀ ਪਾਰਟੀ ਦੇ ਆਗੂ ਪਵਨ ਕੁਮਾਰ ਟੀਨੂੰ ਅਤੇ ਖਡੂਰ ਸਾਹਿਬ ਹਲਕੇ ਦੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਰਮਨਜੀਤ ਸਿੰਘ ਸਿੱਕੀ ਵੀ ਖੁਸ਼ੀ ਭਰੇ ਸਮਾਗਮ ਦਾ ਹਿੱਸਾ ਸਨ। ਧਾਰਮਿਕ ਸ਼ਖਸੀਅਤਾਂ ਵਿੱਚ ਜਿੱਥੇ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ, ਬਾਬਾ ਅਵਤਾਰ ਸਿੰਘ, ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਜਥੇਦਾਰ ਕੋਹਾੜ ਦੀ ਪੋਤਰੀ, ਸਹਿਕਾਰੀ ਬੈਂਕ ਜਲੰਧਰ ਦੇ ਸਾਬਕਾ ਐੱਮ ਡੀ ਨਾਇਬ ਸਿੰਘ ਕੋਹਾੜ ਦੀ ਪੁੱਤਰੀ ਅਤੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਤੇ ਪਵਿੱਤਰ ਸਿੰਘ ਦੀ ਭੈਣ ਨੂੰ ਆਸ਼ੀਰਵਾਦ ਦੇਣ ਲਈ ਆਏ, ਉੱਥੇ ਦੁਆਬਾ ਖੇਤਰ ਵਿੱਚ ਇੱਕ ਵਿਸ਼ੇਸ਼ ਭਾਈਚਾਰੇ ਵਿੱਚ ਚੋਖੀ ਮਾਨਤਾ ਰੱਖਣ ਵਾਲੇ ਬਾਲਯੋਗੀ ਬਾਬਾ ਪ੍ਰਗਟ ਨਾਥ (ਡੇਰਾ ਰਹੀਮਪੁਰ) ਵੀ ਖੁਸ਼ੀ ਸਾਂਝੀ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਸਮਾਗਮ ਵਿੱਚ ਤਕਰੀਰਾਂ ਕਰਨ ਵੇਲੇ ਜਿੱਥੇ ਬਿਕਰਮ ਸਿੰਘ ਮਜੀਠੀਆ ਨੇ ਕੋਹਾੜ ਪਰਵਾਰ ਨੂੰ ਪੰਥਕ ਹੋਣ ਦਾ ਰੁਤਬਾ ਦਿੱਤਾ, ਉੱਥੇ ਕਾਂਗਰਸੀ ਆਗੂ ਰਮਨਜੀਤ ਸਿੱਕੀ ਨੇ ਕੁਝ ਤਾਕਤਾਂ ਵੱਲੋਂ ਪੰਥ ਨੂੰ ਕਮਜ਼ੋਰ ਕਰਨ ਦੇ ਮਨਸੂਬਿਆਂ ਦੇ ਦੌਰ ਵਿੱਚ ਅਕਾਲੀ ਦਲ (ਬਾਦਲ) ਨੂੰ ਮਜ਼ਬੂਤ ਕਰਨ ਦੀ ਲੋੜ ਮਹਿਸੂਸ ਕੀਤੀ। ਕਿਸੇ ਵੇਲੇ ਅਕਾਲੀ ਦਲ (ਬਾਦਲ) ਦਾ ਹਿੱਸਾ ਰਹੇ ਆਪ ਆਗੂ ਪਵਨ ਕੁਮਾਰ ਟੀਨੂੰ ਨੇ ਸਵਰਗੀ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਸਿਆਸੀ ਸੂਝ ਅਤੇ ਸਿਆਣਪ ਦਾ ਜ਼ਿਕਰ ਕੀਤਾ। ਆਏ ਮਹਿਮਾਨਾਂ ਲਈ ਪ੍ਰੀਤੀ ਭੋਜ ਤੋਂ ਪਹਿਲਾਂ ਕੋਹਾੜ ਨਿਵਾਸ ਵਿਖੇ ਸ੍ਰੀ ਆਖੰਡ ਪਾਠ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਤੋਂ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ ਦੇ ਕੀਰਤਨੀ ਜਥੇ ਵੱਲੋਂ ਮਨੋਹਰ ਕੀਰਤਨ ਕੀਤਾ ਗਿਆ। ਸਮਾਗਮ ਵਿੱਚ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਕੋਹਾੜ ਪਰਵਾਰ ਦੇ ਵਫਾਦਾਰਾਂ ’ਚ ਸ਼ੁਮਾਰ ਜਨਰਲ ਕੌਂਸਲ ਮੈਂਬਰ ਜਸਬੀਰ ਸਿੰਘ ਛਾਬੜਾ ਅਤੇ ਸ਼ਾਹਕੋਟ ਦੇ ਭਾਜਪਾ ਆਗੂ ਹਰਦੇਵ ਸਿੰਘ ਬਦੇਸ਼ਾ ਦੀ ਸਿਆਸੀ ਚੁੰਝ ਚਰਚਾ ਦੌਰਾਨ ਗਿੱਦੜਬਾਹਾ ਦੀ ਜ਼ਿਮਨੀ ਚੋਣ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਆਪਣੇ ਤਾਏ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਸਿਆਸੀ ਰਿਸ਼ਤਾ ਕੀ ਰਹੇਗਾ, ਭਾਜਪਾ ਦਾ ਪੰਜਾਬ ਵਿੱਚ ਸਿਆਸੀ ਭਵਿੱਖ ਕੀ ਹੋਵੇਗਾ ਤੇ ਆਪ ਸਰਕਾਰ ਦੇ ਕਈ ਫੈਸਲੇ ਊਣੇ ਪੌਣੇ ਹੋਣ ਦੀਆਂ ਗੱਲਾਂਬਾਤਾਂ ਵੀ ਹੁੰਦੀਆਂ ਰਹੀਆਂ। ਵਿਆਹ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਅੰਮਿ੍ਰਤਸਰ ਦੇ ਸੀਨੀਅਰ ਆਗੂ ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਬਲਾਕ ਸੰਮਤੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਤੇਜਾ ਸਿੰਘ ਮਾਣਕਪੁਰ, ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਤਜਿੰਦਰ ਸਿੰਘ ਰਾਮਪੁਰ, ਮਾਰਕੀਟ ਕਮੇਟੀ ਲੋਹੀਆਂ ਦੇ ਸਾਬਕਾ ਚੇਅਰਮੈਨ ਬਾਵਾ ਸਿੰਘ ਕੰਗ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਗੁਲਜ਼ਾਰ ਸਿੰਘ ਥਿੰਦ, ਸਹਿਕਾਰੀ ਬੈਂਕ ਜਲੰਧਰ ਦੇ ਸਾਬਕਾ ਐੱਮ ਡੀ ਕੇਵਲ ਸਿੰਘ ਰੂਪੇਵਾਲੀ, ਆਪ ਆਗੂ ਬੀਬੀ ਰਣਜੀਤ ਕੌਰ ਕਾਕੜ ਕਲਾਂ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਦਾਦੂਵਾਲ, ਨਿਰਮਲ ਕੁਟੀਆ ਸੀਚੇਵਾਲ ਤੋਂ ਸੁਰਜੀਤ ਸਿੰਘ ਸ਼ੈਟੀ, ਸਾਬਕਾ ਐੱਮ ਸੀ ਸ਼ਾਹਕੋਟ ਹੈਪੀ ਡਾਬਰ, ਜਸਵੀਰ ਸਿੰਘ ਸਿੰਧੜ, ਆਪ ਆਗੂ ਬੂਟਾ ਸਿੰਘ ਕਲਸੀ, ਕਾਂਗਰਸੀ ਆਗੂ ਤਿਰਲੋਕ ਸਿੰਘ ਰੂਪਰਾ ਅਤੇ ਸੋਹਣ ਸਿੰਘ ਖਹਿਰਾ, ਨਰਿੰਦਰ ਸਿੰਘ ਬਹੁਗੁਣ, ਠੇਕੇਦਾਰ ਰਣਧੀਰ ਸਿੰਘ ਰਾਣਾ ਆਦਿ ਮੌਜੂਦ ਸਨ।

ਅਕਾਲੀ ਦਲ ਦਾ ਕਮਜ਼ੋਰ ਹੋਣਾ ਚੰਗਾ ਨਹੀਂ : ਸਿੱਕੀ Read More »

ਜੱਜਾਂ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਵਾਲੇ ਵਕੀਲ ਨੂੰ ਹੋਈ ਕੈਦ ਦੀ ਸਜ਼ਾ

ਦਿੱਲੀ, 8 ਨਵੰਬਰ – ਦਿੱਲੀ ਹਾਈ ਕੋਰਟ ਨੇ ਜੱਜਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਨਾਲ-ਨਾਲ ਪੁਲਿਸ ਅਧਿਕਾਰੀਆਂ ਵਿਰੁੱਧ ਵਾਰ-ਵਾਰ ਬੇਤੁਕੀ ਸ਼ਿਕਾਇਤਾਂ ਦਾਇਰ ਕਰਨ ਲਈ ਅਪਰਾਧਿਕ ਮਾਣਹਾਨੀ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਇੱਕ ਵਕੀਲ ਨੂੰ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਸਟਿਸ ਪ੍ਰਤਿਭਾ ਐਮ ਸਿੰਘ ਅਤੇ ਅਮਿਤ ਸ਼ਰਮਾ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਵਕੀਲ ਨੇ ਨਾ ਤਾਂ ਆਪਣੇ ਵਿਵਹਾਰ ਲਈ ਕੋਈ ਪਛਤਾਵਾ ਦਿਖਾਇਆ ਅਤੇ ਨਾ ਹੀ ਕੋਈ ਮੁਆਫੀ ਮੰਗੀ ਅਤੇ ਉਸਦਾ ਸਾਰਾ ਵਿਵਹਾਰ ਅਦਾਲਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸੀ।

ਜੱਜਾਂ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਵਾਲੇ ਵਕੀਲ ਨੂੰ ਹੋਈ ਕੈਦ ਦੀ ਸਜ਼ਾ Read More »

ਲੰਬਲੂ ਦੀ ਪੰਚਾਇਤ

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਦੇ ਪਿੰਡ ਲੰਬਲੂ ਦੀ ਗ੍ਰਾਮ ਪੰਚਾਇਤ ਨੇ ਸਰਪੰਚ ਕਰਤਾਰ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਬੀਤੇ ਦਿਨੀਂ ਕੀਤੀ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ, ਜਿਹੜੇ ਪੰਚਾਇਤ ਦੇ ਸਮਾਜੀ ਬੁਰਾਈਆਂ ਵਿਰੁੱਧ ਅਤੇ ਪਿੰਡ ਵਾਸੀਆਂ ਦੇ ਭਲੇ ਲਈ ਚਿੰਤਾ ਨੂੰ ਦਰਸਾਉਦੇ ਹਨ। ਸਭ ਤੋਂ ਅਹਿਮ ਫੈਸਲਾ ਇਹ ਕੀਤਾ ਗਿਆ ਕਿ ਜਿਹੜੇ ਲੋਕ ਵਿਆਹਾਂ ਵਿੱਚ ਸ਼ਰਾਬ ਤੇ ਹੋਰ ਨਸ਼ੇ ਨਹੀਂ ਵਰਤਾਉਣਗੇ, ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਜਨਤਕ ਭਲਾਈ ਦੇ ਕੰਮਾਂ ਲਈ ਮਸ਼ਹੂਰ ਪੰਚਾਇਤ ਨੇ ਇਸ ਤੋਂ ਪਹਿਲਾਂ ਇਹ ਫੈਸਲਾ ਵੀ ਕੀਤਾ ਸੀ ਕਿ ਸ਼ਰਾਬ ਪੀਣ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਸਰਪੰਚ ਨੇ ਦੱਸਿਆ ਕਿ ਪੰਚਾਇਤ ਪਿੰਡ ਨੂੰ ‘ਡਰੱਗ ਫ੍ਰੀ’ ਕਰਨ ਦੀ ਮੁਹਿੰਮ ਚਲਾ ਰਹੀ ਹੈ ਤੇ ਉਹ ਇਸ ਮੁਹਿੰਮ ਵਿੱਚ ਮਹਿਲਾਵਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਲਈ ਉਨ੍ਹਾਂ ਦੇ ਧੰਨਵਾਦੀ ਹਨ। ਮੀਟਿੰਗ ਵਿੱਚ 2025-26 ਵਿੱਚ ਕੀਤੇ ਜਾਣ ਵਾਲੇ ਕੰਮਾਂ ਲਈ ਐਕਸ਼ਨ ਪਲੈਨ ’ਤੇ ਵਿਚਾਰ ਕੀਤੀ ਗਈ। ਲੋਕਾਂ ਨੇ ਅਵਾਰਾ ਤੇ ਜੰਗਲੀ ਜਾਨਵਰਾਂ ਨਾਲ ਹੋ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਰੱਖੇ। ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਦਰੱਖਤਾਂ ਦੀ ਕਟਾਈ ਪੰਚਾਇਤ ਦੀ ਆਗਿਆ ਨਾਲ ਹੀ ਕੀਤੀ ਜਾਵੇਗੀ। ਮੀਟਿੰਗ ਵਿਚ ਨੋਟ ਕੀਤਾ ਗਿਆ ਕਿ ਕਈ ਠੇਕੇਦਾਰ ਹਰੜ, ਬਹੇੜੇ, ਆਂਵਲੇ ਤੇ ਫਲਾਂ ਵਾਲੇ ਦਰੱਖਤਾਂ ਨੂੰ ਕੱਟੀ ਜਾ ਰਹੇ ਹਨ। ਪੰਚਾਇਤ ਨੇ ਜੰਗਲਾਤ ਵਿਭਾਗ ਨੂੰ ਕਿਹਾ ਕਿ ਉਹ ਦਿਸ਼ਾ-ਨਿਰਦੇਸ਼ ਜਾਰੀ ਕਰੇ ਕਿ ਪੰਚਾਇਤ ਦੀ ਮਨਜ਼ੂਰੀ ਤੋਂ ਬਿਨਾਂ ਦਰੱਖਤ ਨਾ ਕੱਟੇ ਜਾਣ। ਪੰਚਾਇਤ ਨੇ ਇਕ ਹੋਰ ਅਹਿਮ ਫੈਸਲਾ ਇਹ ਕੀਤਾ ਕਿ ਜਿਹੜੇ ਪਰਵਾਰ ਘਰ ਜਾਂ ਦੁਕਾਨਾਂ ਕਿਰਾਏ ’ਤੇ ਦਿੰਦੇ ਹਨ, ਉਹ ਪੰਚਾਇਤ ਨੂੰ ਕਿਰਾਏ ਦਾ 20 ਫੀਸਦੀ ਟੈਕਸ ਦੇਣਗੇ। ਇਸ ਦੇ ਨਾਲ ਹੀ ਅਜਿਹੇ ਪਰਵਾਰ ਨਜ਼ਰ ਰੱਖਣਗੇ ਕਿ ਕਿਰਾਏਦਾਰ ਨਸ਼ਾ ਤਾਂ ਨਹੀਂ ਕਰਦੇ। ਪੰਚਾਇਤ ਨੇ ਜਿੱਥੇ ਪਿੰਡ ਦਾ ਮਾਹੌਲ ਖੱਪਖਾਨੇ ਤੋਂ ਮੁਕਤ ਰੱਖਣ ਦਾ ਕਦਮ ਚੁੱਕਿਆ ਹੈ, ਉੱਥੇ ਉਹ ਪਰਿਆਵਰਣ ਦੀ ਰਾਖੀ ਲਈ ਵੀ ਗੰਭੀਰ ਜਾਪਦੀ ਹੈ। ਕਿਰਾਏ ਵਿੱਚੋਂ ਟੈਕਸ ਲੈਣ ਦਾ ਫੈਸਲਾ ਪੰਚਾਇਤ ਦੀ ਆਮਦਨ ਵਿੱਚ ਵਾਧਾ ਕਰੇਗਾ। ਪੰਚਾਇਤੀ ਰਾਜ ਕਾਨੂੰਨ ਵਿੱਚ ਪੰਚਾਇਤਾਂ ਨੂੰ ਕਾਫੀ ਅਧਿਕਾਰ ਮਿਲੇ ਹੋਏ ਹਨ, ਪਰ ਬਦਕਿਸਮਤੀ ਨਾਲ ਚੁਣੇ ਹੋਏ ਨੁਮਾਇੰਦੇ ਪਿੰਡ ਬਾਰੇ ਬਹੁਤਾ ਸੋਚਣ ਦੀ ਥਾਂ ਪੰਚਾਇਤ ਨੂੰ ਸਿਆਸੀ ਲੜਾਈ ਦਾ ਅਖਾੜਾ ਬਣਾ ਦਿੰਦੇ ਹਨ, ਜੋ ਕਿ ਲੋਕ ਰਾਜ ਲਈ ਸਿਹਤਮੰਦ ਨਹੀਂ। ਪੰਚਾਇਤਾਂ ਨੂੰ ਲੰਬਲੂ ਪਿੰਡ ਦੀ ਪੰਚਾਇਤ ਤੋਂ ਸੇਧ ਲੈਣੀ ਚਾਹੀਦੀ ਹੈ।

ਲੰਬਲੂ ਦੀ ਪੰਚਾਇਤ Read More »