ਪੁਸਤਕ ਸਮੀਖਿਆ/ ਚੌਦਵਾਂ ਚਾਨਣ / ਕਮਲ ਬੰਗਾ ਸੈਕਰਾਮੈਂਟੋ
ਪੁਸਤਕ ਸਮੀਖਿਆ ਪੁਸਤਕ ਦਾ ਨਾਮ: ਚੌਦਵਾਂ ਚਾਨਣ ਲੇਖਕ ਦਾ ਨਾਮ: ਕਮਲ ਬੰਗਾ ਸੈਕਰਾਮੈਂਟੋ ਪ੍ਰਕਾਸ਼ਕ: ਪੰਜਾਬੀ ਵਿਰਸਾ ਟਰੱਸਟ(ਰਜਿ:) ਕੀਮਤ: 10 ਡਾਲਰ/ 300ਰੁਪਏ ਪੰਨੇ: 240 ਕਮਲ ਬੰਗਾ ਦੀ ਕਵਿਤਾ ਦੇ ਸ਼ਬਦ ਖਾਲੀ ਨਹੀਂ ਸਗੋਂ ਖਿਲਾਅ ਨੂੰ ਹਰ ਪਲ ਪੂਰਨ ਵਾਲੇ ਹਨ/ ਗੁਰਮੀਤ ਸਿੰਘ ਪਲਾਹੀ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਲੇਖਕ, ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਸਬੰਧੀ ਮੁੱਦਿਆਂ ਤੇ ਇਹਨਾ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਹਨ। ਮਾਂ-ਬੋਲੀ ਪੰਜਾਬੀ ਪ੍ਰਤੀ ਚਿੰਤਤ ਇਹ ਲੇਖਕ, ਵਿਦਵਾਨ ਆਪਣੀ ਮਾਤ-ਭਾਸ਼ਾ ਦੀ ਮਹੱਤਤਾ, ਇਸ ਵਿਚਲੀ ਸਦੀਆਂ ਪੁਰਾਣੀ ਗਿਆਨ-ਪਰੰਪਰਾ, ਵਿਰਾਸਤ ਤੇ ਇਸਦੇ ਭਵਿੱਖ ਬਾਰੇ ਤੌਖਲੇ ਪ੍ਰਗਟਾਉਂਦੇ ਹਨ। ਅਤੇ ਪੰਜਾਬੀ ਸਾਹਿੱਤ ਦੀ ਅਮੀਰੀ ਹਿੱਤ ਲਈ ਹੋਰ ਕਾਰਜਾਂ ਦੇ ਨਾਲ-ਨਾਲ ਆਪਣੀ ਮਾਂ-ਬੋਲੀ ‘ਚ ਰਚਨਾਵਾਂ ਲਿਖਕੇ ਇਸ ਦੀਆਂ ਝੋਲੀਆਂ ਭਰਦੇ ਹਨ। ਵਿਦੇਸ਼ ਵਸਦੇ ਇਹਨਾ ਪੰਜਾਬੀ ਲੇਖਕਾਂ ਵਿੱਚ ਇੱਕ ਉੱਘਾ ਨਾਮ ਕਮਲ ਬੰਗਾ ਸੈਕਰਾਮੈਂਟੋ ਦਾ ਹੈ, ਜਿਸ ਨੇ ਪੰਜਾਬੀ ਮਾਂ-ਬੋਲੀ ਦੀ ਝੋਲੀ ‘ਚ 14 ਪੁਸਤਕਾਂ ਪਾਈਆਂ ਹਨ। “ਚੌਦਵਾਂ ਚਾਨਣ” ਉਸਦੀ ਹੱਥਲੀ 14ਵੀਂ ਪੁਸਤਕ ਹੈ। ‘ਸਾਹਿੱਤ’ ਦਾ ਮਕਸਦ ਕੀ ਹੈ? ਇਹ ਸਵਾਲ ਆਮ ਤੌਰ ‘ਤੇ ਪੁੱਛਿਆ ਜਾਂਦਾ ਹੈ। ਨਾਵਲਕਾਰ ਗੁਰਦਿਆਲ ਸਿੰਘ ਦਾ ਜਵਾਬ “ਜੋ ਸਾਹਿੱਤ ਸਾਨੂੰ ਬੇਚੈਨ ਨਹੀਂ ਕਰਦਾ, ਸਾਡੇ ਅੰਦਰ ਸਵਾਲ ਪੈਦਾ ਨਹੀਂ ਕਰਦਾ…. ਉਹ ਸਹੀ ਮਾਇਨਿਆਂ ਵਿੱਚ ਸਾਹਿੱਤ ਨਹੀਂ।” ਕਮਲ ਬੰਗਾ ਦੀਆਂ ਪੁਖਤਾ ਰਚਨਾਵਾਂ ਇਸ ਗੱਲ ਦੀ ਸ਼ਾਹਦੀ ਭਰਦੀਆਂ ਹਨ ਕਿ ਉਸ ਵਲੋਂ ਲਿਖੀਆਂ ਗ਼ਜ਼ਲਾਂ, ਕਵਿਤਾਵਾਂ ਸਵਾਲ ਖੜੇ ਕਰਦੀਆਂ ਹਨ: (ੳ) ਜੇ ਸੋਚੋ ਤਾਂ ਬਹੁਤੀ ਚੁੱਪ ਹੁੰਦੀ ਜ਼ਹਿਰ ਬਰਾਬਰ ਈ, ਤੇ ਦੇਖਣ ਵਾਲੇ ਦਾ ਵੀ, ਮੁੱਕ ਜਾਂਦਾ ਸਬਰ ਖ਼ਜ਼ਾਨਾ। (ਅ) ਸੋਚੋ ਤਾਂ ਦੁਸ਼ਮਣੀ ਵੀ ਪਿਆਰ ਵਿਚੋਂ ਜਾਗਦੀ, ਕਿਉਂਕਿ ਸਾਫ਼ ਮਨ ਦੀ ਸੋਚ ਤਿੜਕੀ, ਤੀਰ ਲੱਗਦੀ ਹੈ। (ੲ) ਜੇ ਕੁਝ ਕਰਨਾ ਵੀ ਤਾਂ, ਚੁੱਪ ਕਰਕੇ ਕਰ ਲਵੋ, ਕਿਉਂਕਿ ਸ਼ੋਰ ਵਿੱਚ ਤਾਂ ਪਹਿਲਾਂ ਹੀ, ਘੁੰਮਦੀ ਇਹ ਜ਼ਿੰਦਗੀ। (ਸ) ਅਕਸਰ ਮਾਂ-ਬੋਲੀ ਵੀ ਹਿੱਸਾ ਹੈ ਜੀਵਨ ਦਾ, ਦਿਨ ਰਾਤ ਇਸਦੇ ਵੀ ਤਾਂ, ਪਾਲਣ ਹਾਰੇ ਹਾਂ। ਕੋਈ ਲੇਖਕ ਕਿਵੇਂ ਬਣਦੈ? ਉਹਦੀ ਬਣਤ ਵਿੱਚ ਕੀ ਕੁਝ ਪੈਂਦੇ? ਉਹਦੇ ਵਿੱਚ ਕਿਹੜੀਆਂ ਖ਼ੂਬੀਆਂ ਹੋਣ? ਕੀ ਉਹਦੀ ਬਣਤ ਦੀਆਂ ਨੀਹਾਂ ਬਹੁਤ ਪਹਿਲੋਂ ਚਿਰ ਬੀਤੇ ਵਿੱਚ ਧਰੀਆਂ ਜਾਂਦੀਆਂ ਨੇ? ਕੁਝ ਗੱਲਾਂ ਦਾ ਹੋਣਾ ਜ਼ਰੂਰੀ ਏ। ਸਭ ਤੋਂ ਪਹਿਲਾਂ ਉਹਦੇ ਅੰਦਰ ਜਾਗਦਾ ਸੁੱਤਾ ਲੇਖਕ ਹੋਣਾ ਚਾਹੀਦੈ। ਭਾਵੇਂ ਕਿਣਕੇ ਦੇ ਰੂਪ ਵਿੱਚ ਹੀ। ਉਹਦੇ ਵਿੱਚ ਸ਼ਬਦ ਦੀ ਹੁੱਬ ਹੋਣੀ ਚਾਹੀਦੀ ਏ। ਲਗਨ ਹੋਣੀ ਚਾਹੀਦੀ ਏ ਤੇ ਸਿਰੜ। ਅਜਿਹੀ ਹਿੱਸ ਹੋਣੀ ਚਾਹੀਦੀ ਏ, ਜਿਹੜੀ ਅਚੇਤੇ ਸੁਚੇਤੇ ਸਭ ਕੁਝ ਸਮੋਂਦੀ ਜਾਵੇ। ਇੱਕ ਲੇਖਕ ਤੇ ਉਸਦੀ ਰਚਨਾ ਬਾਰੇ ਇਹ ਵਿਚਾਰ ਪ੍ਰਸਿੱਧ ਲੇਖਕ ਦਰਸ਼ਨ ਸਿੰਘ (ਦਿੱਲੀ) ਨੇ ਪ੍ਰਗਟਾਏ ਹਨ। ਕਮਲ ਬੰਗਾ ਦੀ ਸਖ਼ਸ਼ੀਅਤ ਅੰਦਰ ਤੇ ਉਸਦੀ ਕਲਮ ‘ਚ ਬੇਅੰਤ ਖ਼ੂਬੀਆਂ ਹਨ। ਕਮਲ ਬੰਗਾ ਦੀ ਸਖ਼ਸ਼ੀਅਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਰਚਨਾਤਮਿਕਤਾ ਸ਼ਿਲਾਲੇਖ ਵਾਂਗ ਉਕਰੀ ਤੇ ਵਹਿ ਰਹੀ ਹੈ। ਉਸਦੀ ਪ੍ਰਤਿਭਾ ਸਹਿਜ ਸੁਭਾਅ ਹੀ ਹੈਰਾਨੀਆਂ ਤੇ ਕਿ੍ਰਸ਼ਮੇ ਸਿਰਜਦੀ ਦਿਸਦੀ ਹੈ। ਉਸਦੀ ਕਵਿਤਾ, ਗ਼ਜ਼ਲ ਵਿੱਚ ਨਿੱਕੇ-ਨਿੱਕੇ ਅੰਕੁਰ ਖਿਲਰੇ ਪਏ ਹਨ, ਜੋ ਉਹਦੀ ਸਿਰਜਨਹਾਰ ਕਲਮ, ਕਲਪਨਾਵਾਂ ਦੇ ਰਹੱਸਾਂ ਨਾਲ ਅੱਖਰ ਜੋੜਕੇ, ਰਚਨਾ ਸਿਰਜ ਦਿੰਦੀ ਹੈ। ਉਹ ਪਰੰਪਰੀ ਕਵਿਤਾ ਨਹੀਂ ਲਿਖਦਾ, ਸਗੋਂ ਸੂਖਮਤਾ ਤੇ ਯੋਗਤਾ ਨਾਲ ਮਨੁੱਖੀ ਪ੍ਰਤਿਭਾ ਤੇ ਯੋਗਤਾ ਦੀ ਜਾਦੂਗਰੀ ਨਾਲ ਰਚਨਾ ਲਿਖਦਾ ਹੈ। ਉਸ ਲਈ ਕਵਿਤਾ ਲਿਖਣਾ ਨਿਰਾ ਸ਼ੌਕ ਤੇ ਦਿਲ ਪਰਚਾਵਾਂ ਨਹੀਂ ਹੈ। ਉਹ ਸਮਾਜਿਕ-ਆਰਥਿਕ ਤਾਣੇ ਬਾਣੇ ਨੂੰ ਸਮਝਕੇ, ਖ਼ਤਰਿਆਂ ਤੇ ਮਸਲਿਆਂ ਤੋਂ ਸੁਚੇਤ ਹੋਕੇ, ਆਪਣੀ ਕਵਿਤਾ ‘ਚ ਸਿਰਜਨਾਤਮਕ ਸੰਘਰਸ਼ ਕਰਦਾ ਦਿਸਦਾ ਹੈ। ਕਵੀ ਦੇਵ ਲਿਖਦਾ ਹੈ “ਜਿਥੇ ਸ਼ਬਦ ਹੈ ਓਥੇ ਹੀ ਸੰਸਾਰ ਹੈ”। ਕਮਲ ਬੰਗਾ ਸ਼ਬਦਾਂ ਦਾ ਜਾਦੂਗਰ ਬਣਕੇ ਸ਼ਬਦਾਂ ਨਾਲ ਗਹਿਰਾਈਆਂ ਨਾਲ ਜੁੜਦਾ ਹੈ। ਕਲਪਨਾ ਦੇ ਦੇਸ਼ ਵੱਲ ਉਡਾਰੀਆਂ ਲਾਉਂਦਾ ਹੈ। ਨਕਾਬੀ ਹਾਸ਼ੀਏ ‘ਚ ਜੀਓ ਰਹੇ ਲੋਕਾਂ, ਬਦਬੂ, ਸਲਾਭ, ਪਰਛਾਵਿਆਂ ਤੇ ਭਟਕਦੀਆਂ ਅਵਾਜ਼ਾਂ ਵਿਚੋਂ ਹੀ ਕਵਿਤਾ ਤਲਾਸ਼ ਲੈਂਦਾ ਹੈ। ਸਧਾਰਨ ਫਿਕਰੇ, ਉੱਚੇ ਵਿਚਾਰ, ਉਸਦੀ ਕਵਿਤਾ ਦੇ ਗਹਿਣੇ ਹਨ। ਉਸਦੀ ਕਵਿਤਾ ਦੇ ਸ਼ਬਦ ਖਾਲੀ ਨਹੀਂ ਖਿਲਾਅ ਨੂੰ ਹਰ ਪਲ ਪੂਰਨ ਵਾਲੇ ਹਨ। ਉਸਦੀ ਨਵੀਂ ਪੁਸਤਕ ‘ਚੋਦਵਾਂ ਚਾਨਣ’ ਪਾਠਕਾਂ ਦੇ ਸਨਮੁੱਖ ਰੱਖਣ ਦੀ ਖੁਸ਼ੀ ਲੈ ਰਹੇ ਹਾਂ। -ਗੁਰਮੀਤ ਸਿੰਘ ਪਲਾਹੀ
ਪੁਸਤਕ ਸਮੀਖਿਆ/ ਚੌਦਵਾਂ ਚਾਨਣ / ਕਮਲ ਬੰਗਾ ਸੈਕਰਾਮੈਂਟੋ Read More »