admin

ਕਵੀ ਭਜਨ ਸਿੰਘ ਵਿਰਕ / ਜਾਣ-ਪਹਿਚਾਣ/ ਗੁਰਮੀਤ ਸਿੰਘ ਪਲਾਹੀ

ਕਵੀ ਭਜਨ ਸਿੰਘ ਵਿਰਕ ਨੇ ਆਪਣੀ ਕਵਿਤਾ ਦਾ ਸਫਰ 1978 ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਪੰਜਾਬੀ ਪਾਠਕਾਂ ਦੇ ਵਿਹੜੇ ਪਹਿਲੀ ਪੁਸਤਕ ‘ਉਦਾਸ ਮੌਸਮ (ਕਾਵਿ-ਸੰਗ੍ਰਹਿ)’ 1978 ਵਿੱਚ ਲਿਆਂਦੀ। ਫਿਰ ਲਗਾਤਾਰ ਉਸਦਾ ਸਿਰਜਣਾ ਦਾ ਸਫਰ ਚਲਦਾ ਰਿਹਾ। ਅਹਿਸਾਸ ਦੀ ਅੱਗ (1988) , ਸਰਾਪੇ ਪਾਲ ( 1991), ਸੂਰਜ ਅਤੇ ਸਿਜਦਾ(1994), ਪੀੜ ਦਾ ਦਰਿਆ(1996), ਡਾਚੀਆਂ ਦੀ ਪੈੜ (1999), ਜ਼ਿੰਦਗੀ ਖ਼ੁਦਕੁਸ਼ੀ ਨਹੀਂ ( 2003), ਧੂਪਾਂ ‘ਚ ਤੁਰਦਿਆਂ (2008), ਸਪਤਰਿਸ਼ੀ (2009), ਗਿਰਝਾਂ ਹਵਾਲੇ (2011), ਮੱਥੇ ਵਿਚਲਾ ਤਰਕਸ਼( 2013), ਚਾਮ੍ਹਲੀ ਹੋਈ ਬਦੀ (2013), ਅਣਫੋਲੇ ਵਰਕੇ (2016), ਉਲਝੇ ਤੰਦ(2018) ਤੇ ਬਰਬਾਦੀਆਂ ਦਾ ਮੰਜ਼ਰ (2020) ਪੁਸਤਕਾਂ ਲੋਕ-ਅਰਪਨ ਕੀਤੀਆਂ। ਇਹਨਾ ਪੁਸਤਕਾਂ ਵਿੱਚ ਉਸਦੇ 6 ਕਾਵਿ-ਸੰਗ੍ਰਹਿ ਹਨ ਅਤੇ ਬਾਕੀ 9 ਗ਼ਜ਼ਲ ਸੰਗ੍ਰਹਿ ਹਨ। ਕਵੀ ਭਜਨ ਸਿੰਘ ਵਿਰਕ ਦੇ ਆਪਣੇ ਸ਼ਬਦਾਂ ਵਿੱਚ “ਕਈ ਕਵੀ ਸੁਹਜਵਾਦੀ ਹੋਣ ਦੀ ਖ਼ੁਸ਼ੀ ਲੈਂਦੇ ਹਨ। ਲੋਕ-ਦਰਦ ਨਾਲ ਉਹਨਾ ਦਾ ਵਾਸਤਾ ਨਹੀਂ ਹੁੰਦਾ। ਉਹ ਮਿਲੀ ਪ੍ਰਸੰਸਾ ਨਾਲ ਹੀ ਸੰਤੁਸ਼ਟ ਰਹਿੰਦੇ ਹਨ। ਮਾਨਵ ਦੀ ਤਰਸਯੋਗ ਹਾਲਤ ਵੱਲ ਉਹਨਾ ਦਾ ਧਿਆਨ ਨਹੀਂ ਜਾਂਦਾ।” ਪਰ ਕਵੀ ਵਿਰਕ ਜੁਝਦੇ ਲੋਕਾਂ ਦੀ ਕਵਿਤਾ ਲਿਖਦਾ ਹੈ। ਸਮਾਜ ਵਿੱਚ ਫੈਲੇ ਅੰਧਵਿਸ਼ਵਾਸ਼, ਧਰਮ ਅਤੇ ਸਿਆਸਤ ਵਿੱਚ ਆਈ ਗਿਰਾਵਟ ਦੀ ਬਾਤ ਪਾਉਂਦਾ ਇਸ ਗੱਲ ਦਾ ਧਾਰਨੀ ਹੈ ਕਿ ਜ਼ਿੰਦਗੀ ਨੂੰ ਲੱਗੇ ਕੌੜ੍ਹ ਦਾ ਇਲਾਜ ਮਨੁੱਖ ਨੇ ਖ਼ੁਦ ਕਰਨਾ ਹੈ। ਇਸੇ ਕਰਕੇ ਉਹ ਸਮਝੋਤਾਵਾਦੀ ਨਾ ਹੋਕੇ ਗਹਿਰ ਗੰਭੀਰ ਕਵਿਤਾ ਲਿਖਦਾ ਹੈ । ਉਸਦੀ ਪੁਸਤਕ “ਬਰਬਾਦੀਆਂ ਦਾ ਮੰਜ਼ਰ” ਦੇ ਕੁਝ ਸ਼ਿਅਰ ਪਾਠਕਾਂ ਸਨਮੁੱਖ ਹਨ: 1.ਵਸਦਾ ਚੰਗਾ ਲਗਦਾ ਹੈ ਸੰਸਾਰ ਪੰਜਾਬੀ ਦਾ।   ਦੁਨੀਆ ਅੰਦਰ ਕਰਨਾ ਮੈਂ ਵਿਸਥਾਰ ਪੰਜਾਬੀ ਦਾ। 2. ਲੋਕਾਂ ਦੇ ਦਰਦ ਨੂੰ ਨਹੀਂ ਜੇਕਰ ਬਿਆਨਦਾ,    ਮਾਰੇਗਾ ਕੁਲ ਜਹਾਨ ਹੀ, ਮਿਹਣਾ ਅਦੀਬ ਨੂੰ।  3. ਪਰਨਾਲਾ ਨਹੀਂ ਬਦਲਦਾ, ਸੁੱਤੀ ਰਹੇ ਹਕੂਮਤ,     ਕੁਛ ਦਿਨ ਰੌਲੇ ਮਗਰੋਂ ਘਟਦੀ  ਉਹੀ ਕਹਾਣੀ। 4. ਜ਼ਿੰਦਗੀ ਤਾਂ ਰੁਲ ਰਹੀ ਹੈ ਪਰ ਮਸਾਣੀਂ ਰੌਣਕਾਂ!    ਮਾਨਵੀ ਕਿਰਦਾਰ ਦੀ ਜਿਉਂ ਹੋ ਰਹੀ ਹੈ ਦੁਰਦਸ਼ਾਂ!! 5. ਆਸਥਾ ਬੀਮਾਰ ਹੋਈ ਜਾਪਦੀ,    ਮਾਨਵੀਂ ਹੱਦ ਪਾਰ ਹੋਈ ਜਾਪਦੀ। ਉਸਦੀ ਗ਼ਜ਼ਲ ਸੰਗ੍ਰਹਿ ਵਿਚਲੇ ਕੁਝ ਸ਼ੇਅਰ: 1. ਲੁੱਟੀ ਜਾਂਦੇ ਨੇ ਦਿਨ-ਰਾਤ ਜ਼ਮਾਨਾਂ ਚੋਰਾਂ ਦਾ    ਇੱਕ ਦੂਜੇ ਨੂੰ ਪਾਉਂਦੇ ਮਾਤ ਜ਼ਮਾਨਾ ਚੋਰਾਂ ਦਾ। 2. ਅੱਖਾਂ ਨਾ ਵਿਖਾ ਮੈਨੂੰ, ਐਵੇਂ ਨਾ ਡਰਾ ਮੈਨੂੰ    ਤੇਰੇ ‘ਚ ਨਹੀਂ ਹਿੰਮਤ, ਦੇਵੇਂ ਤੂੰ ਮਿਟਾ ਮੈਨੂੰ

ਕਵੀ ਭਜਨ ਸਿੰਘ ਵਿਰਕ / ਜਾਣ-ਪਹਿਚਾਣ/ ਗੁਰਮੀਤ ਸਿੰਘ ਪਲਾਹੀ Read More »

ਪੁਸਤਕ ਸਮੀਖਿਆ/ ਚੌਦਵਾਂ ਚਾਨਣ / ਕਮਲ ਬੰਗਾ ਸੈਕਰਾਮੈਂਟੋ

  ਪੁਸਤਕ ਸਮੀਖਿਆ ਪੁਸਤਕ ਦਾ ਨਾਮ:               ਚੌਦਵਾਂ ਚਾਨਣ ਲੇਖਕ ਦਾ ਨਾਮ:                 ਕਮਲ ਬੰਗਾ ਸੈਕਰਾਮੈਂਟੋ ਪ੍ਰਕਾਸ਼ਕ:                        ਪੰਜਾਬੀ ਵਿਰਸਾ ਟਰੱਸਟ(ਰਜਿ:) ਕੀਮਤ:                          10 ਡਾਲਰ/ 300ਰੁਪਏ ਪੰਨੇ:                             240 ਕਮਲ ਬੰਗਾ ਦੀ ਕਵਿਤਾ ਦੇ ਸ਼ਬਦ ਖਾਲੀ ਨਹੀਂ ਸਗੋਂ ਖਿਲਾਅ  ਨੂੰ ਹਰ ਪਲ ਪੂਰਨ ਵਾਲੇ ਹਨ/ ਗੁਰਮੀਤ ਸਿੰਘ ਪਲਾਹੀ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਲੇਖਕ, ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਸਬੰਧੀ ਮੁੱਦਿਆਂ ਤੇ ਇਹਨਾ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਹਨ। ਮਾਂ-ਬੋਲੀ ਪੰਜਾਬੀ ਪ੍ਰਤੀ ਚਿੰਤਤ ਇਹ ਲੇਖਕ, ਵਿਦਵਾਨ ਆਪਣੀ ਮਾਤ-ਭਾਸ਼ਾ ਦੀ ਮਹੱਤਤਾ, ਇਸ ਵਿਚਲੀ ਸਦੀਆਂ ਪੁਰਾਣੀ ਗਿਆਨ-ਪਰੰਪਰਾ, ਵਿਰਾਸਤ ਤੇ ਇਸਦੇ  ਭਵਿੱਖ ਬਾਰੇ ਤੌਖਲੇ ਪ੍ਰਗਟਾਉਂਦੇ ਹਨ। ਅਤੇ ਪੰਜਾਬੀ ਸਾਹਿੱਤ ਦੀ ਅਮੀਰੀ ਹਿੱਤ ਲਈ  ਹੋਰ ਕਾਰਜਾਂ ਦੇ ਨਾਲ-ਨਾਲ ਆਪਣੀ ਮਾਂ-ਬੋਲੀ ‘ਚ ਰਚਨਾਵਾਂ ਲਿਖਕੇ ਇਸ ਦੀਆਂ ਝੋਲੀਆਂ ਭਰਦੇ ਹਨ। ਵਿਦੇਸ਼ ਵਸਦੇ ਇਹਨਾ ਪੰਜਾਬੀ ਲੇਖਕਾਂ ਵਿੱਚ ਇੱਕ ਉੱਘਾ ਨਾਮ ਕਮਲ ਬੰਗਾ ਸੈਕਰਾਮੈਂਟੋ ਦਾ ਹੈ, ਜਿਸ ਨੇ ਪੰਜਾਬੀ ਮਾਂ-ਬੋਲੀ ਦੀ ਝੋਲੀ ‘ਚ 14 ਪੁਸਤਕਾਂ ਪਾਈਆਂ ਹਨ। “ਚੌਦਵਾਂ ਚਾਨਣ” ਉਸਦੀ ਹੱਥਲੀ 14ਵੀਂ ਪੁਸਤਕ ਹੈ। ‘ਸਾਹਿੱਤ’ ਦਾ ਮਕਸਦ ਕੀ ਹੈ? ਇਹ ਸਵਾਲ ਆਮ ਤੌਰ ‘ਤੇ ਪੁੱਛਿਆ ਜਾਂਦਾ ਹੈ। ਨਾਵਲਕਾਰ ਗੁਰਦਿਆਲ ਸਿੰਘ ਦਾ ਜਵਾਬ “ਜੋ ਸਾਹਿੱਤ ਸਾਨੂੰ ਬੇਚੈਨ ਨਹੀਂ ਕਰਦਾ, ਸਾਡੇ ਅੰਦਰ ਸਵਾਲ ਪੈਦਾ ਨਹੀਂ ਕਰਦਾ…. ਉਹ ਸਹੀ ਮਾਇਨਿਆਂ ਵਿੱਚ ਸਾਹਿੱਤ ਨਹੀਂ।” ਕਮਲ ਬੰਗਾ ਦੀਆਂ  ਪੁਖਤਾ  ਰਚਨਾਵਾਂ ਇਸ ਗੱਲ ਦੀ ਸ਼ਾਹਦੀ ਭਰਦੀਆਂ ਹਨ ਕਿ ਉਸ ਵਲੋਂ ਲਿਖੀਆਂ ਗ਼ਜ਼ਲਾਂ, ਕਵਿਤਾਵਾਂ ਸਵਾਲ ਖੜੇ ਕਰਦੀਆਂ ਹਨ: (ੳ) ਜੇ ਸੋਚੋ ਤਾਂ ਬਹੁਤੀ ਚੁੱਪ ਹੁੰਦੀ ਜ਼ਹਿਰ ਬਰਾਬਰ ਈ, ਤੇ ਦੇਖਣ ਵਾਲੇ ਦਾ ਵੀ, ਮੁੱਕ ਜਾਂਦਾ ਸਬਰ ਖ਼ਜ਼ਾਨਾ। (ਅ) ਸੋਚੋ ਤਾਂ ਦੁਸ਼ਮਣੀ ਵੀ ਪਿਆਰ ਵਿਚੋਂ ਜਾਗਦੀ, ਕਿਉਂਕਿ ਸਾਫ਼ ਮਨ ਦੀ ਸੋਚ ਤਿੜਕੀ, ਤੀਰ ਲੱਗਦੀ ਹੈ। (ੲ) ਜੇ ਕੁਝ ਕਰਨਾ ਵੀ ਤਾਂ, ਚੁੱਪ ਕਰਕੇ ਕਰ ਲਵੋ, ਕਿਉਂਕਿ ਸ਼ੋਰ ਵਿੱਚ ਤਾਂ ਪਹਿਲਾਂ ਹੀ, ਘੁੰਮਦੀ ਇਹ ਜ਼ਿੰਦਗੀ। (ਸ) ਅਕਸਰ ਮਾਂ-ਬੋਲੀ ਵੀ ਹਿੱਸਾ ਹੈ ਜੀਵਨ ਦਾ, ਦਿਨ ਰਾਤ ਇਸਦੇ ਵੀ ਤਾਂ, ਪਾਲਣ ਹਾਰੇ ਹਾਂ। ਕੋਈ ਲੇਖਕ ਕਿਵੇਂ ਬਣਦੈ? ਉਹਦੀ ਬਣਤ ਵਿੱਚ ਕੀ  ਕੁਝ ਪੈਂਦੇ? ਉਹਦੇ ਵਿੱਚ ਕਿਹੜੀਆਂ  ਖ਼ੂਬੀਆਂ ਹੋਣ? ਕੀ ਉਹਦੀ ਬਣਤ ਦੀਆਂ ਨੀਹਾਂ ਬਹੁਤ ਪਹਿਲੋਂ ਚਿਰ ਬੀਤੇ ਵਿੱਚ ਧਰੀਆਂ ਜਾਂਦੀਆਂ ਨੇ? ਕੁਝ ਗੱਲਾਂ ਦਾ ਹੋਣਾ ਜ਼ਰੂਰੀ ਏ। ਸਭ ਤੋਂ ਪਹਿਲਾਂ ਉਹਦੇ ਅੰਦਰ ਜਾਗਦਾ ਸੁੱਤਾ ਲੇਖਕ ਹੋਣਾ ਚਾਹੀਦੈ। ਭਾਵੇਂ ਕਿਣਕੇ ਦੇ ਰੂਪ ਵਿੱਚ ਹੀ। ਉਹਦੇ ਵਿੱਚ ਸ਼ਬਦ ਦੀ ਹੁੱਬ ਹੋਣੀ ਚਾਹੀਦੀ ਏ। ਲਗਨ ਹੋਣੀ ਚਾਹੀਦੀ ਏ ਤੇ ਸਿਰੜ। ਅਜਿਹੀ ਹਿੱਸ ਹੋਣੀ ਚਾਹੀਦੀ ਏ, ਜਿਹੜੀ ਅਚੇਤੇ ਸੁਚੇਤੇ ਸਭ ਕੁਝ ਸਮੋਂਦੀ ਜਾਵੇ। ਇੱਕ ਲੇਖਕ ਤੇ ਉਸਦੀ ਰਚਨਾ ਬਾਰੇ ਇਹ ਵਿਚਾਰ ਪ੍ਰਸਿੱਧ ਲੇਖਕ ਦਰਸ਼ਨ ਸਿੰਘ (ਦਿੱਲੀ) ਨੇ ਪ੍ਰਗਟਾਏ ਹਨ। ਕਮਲ ਬੰਗਾ ਦੀ ਸਖ਼ਸ਼ੀਅਤ ਅੰਦਰ ਤੇ ਉਸਦੀ ਕਲਮ ‘ਚ ਬੇਅੰਤ ਖ਼ੂਬੀਆਂ ਹਨ। ਕਮਲ ਬੰਗਾ ਦੀ ਸਖ਼ਸ਼ੀਅਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਰਚਨਾਤਮਿਕਤਾ ਸ਼ਿਲਾਲੇਖ ਵਾਂਗ ਉਕਰੀ ਤੇ ਵਹਿ ਰਹੀ ਹੈ। ਉਸਦੀ ਪ੍ਰਤਿਭਾ ਸਹਿਜ ਸੁਭਾਅ ਹੀ ਹੈਰਾਨੀਆਂ ਤੇ ਕਿ੍ਰਸ਼ਮੇ ਸਿਰਜਦੀ ਦਿਸਦੀ ਹੈ। ਉਸਦੀ ਕਵਿਤਾ, ਗ਼ਜ਼ਲ ਵਿੱਚ ਨਿੱਕੇ-ਨਿੱਕੇ ਅੰਕੁਰ ਖਿਲਰੇ ਪਏ ਹਨ, ਜੋ ਉਹਦੀ ਸਿਰਜਨਹਾਰ ਕਲਮ, ਕਲਪਨਾਵਾਂ ਦੇ ਰਹੱਸਾਂ ਨਾਲ ਅੱਖਰ ਜੋੜਕੇ, ਰਚਨਾ ਸਿਰਜ ਦਿੰਦੀ ਹੈ। ਉਹ ਪਰੰਪਰੀ ਕਵਿਤਾ ਨਹੀਂ ਲਿਖਦਾ, ਸਗੋਂ ਸੂਖਮਤਾ ਤੇ ਯੋਗਤਾ ਨਾਲ ਮਨੁੱਖੀ ਪ੍ਰਤਿਭਾ ਤੇ ਯੋਗਤਾ ਦੀ ਜਾਦੂਗਰੀ ਨਾਲ ਰਚਨਾ ਲਿਖਦਾ ਹੈ। ਉਸ ਲਈ ਕਵਿਤਾ ਲਿਖਣਾ ਨਿਰਾ ਸ਼ੌਕ ਤੇ ਦਿਲ ਪਰਚਾਵਾਂ ਨਹੀਂ ਹੈ। ਉਹ ਸਮਾਜਿਕ-ਆਰਥਿਕ ਤਾਣੇ ਬਾਣੇ ਨੂੰ ਸਮਝਕੇ, ਖ਼ਤਰਿਆਂ ਤੇ ਮਸਲਿਆਂ ਤੋਂ  ਸੁਚੇਤ ਹੋਕੇ, ਆਪਣੀ ਕਵਿਤਾ ‘ਚ ਸਿਰਜਨਾਤਮਕ ਸੰਘਰਸ਼ ਕਰਦਾ ਦਿਸਦਾ ਹੈ। ਕਵੀ ਦੇਵ ਲਿਖਦਾ ਹੈ “ਜਿਥੇ ਸ਼ਬਦ ਹੈ ਓਥੇ ਹੀ ਸੰਸਾਰ ਹੈ”। ਕਮਲ  ਬੰਗਾ ਸ਼ਬਦਾਂ ਦਾ ਜਾਦੂਗਰ ਬਣਕੇ ਸ਼ਬਦਾਂ ਨਾਲ ਗਹਿਰਾਈਆਂ ਨਾਲ ਜੁੜਦਾ ਹੈ। ਕਲਪਨਾ ਦੇ ਦੇਸ਼ ਵੱਲ ਉਡਾਰੀਆਂ ਲਾਉਂਦਾ ਹੈ। ਨਕਾਬੀ ਹਾਸ਼ੀਏ ‘ਚ ਜੀਓ ਰਹੇ ਲੋਕਾਂ, ਬਦਬੂ, ਸਲਾਭ, ਪਰਛਾਵਿਆਂ ਤੇ ਭਟਕਦੀਆਂ ਅਵਾਜ਼ਾਂ ਵਿਚੋਂ ਹੀ ਕਵਿਤਾ ਤਲਾਸ਼ ਲੈਂਦਾ ਹੈ। ਸਧਾਰਨ ਫਿਕਰੇ, ਉੱਚੇ ਵਿਚਾਰ, ਉਸਦੀ ਕਵਿਤਾ ਦੇ ਗਹਿਣੇ ਹਨ। ਉਸਦੀ ਕਵਿਤਾ ਦੇ ਸ਼ਬਦ ਖਾਲੀ ਨਹੀਂ ਖਿਲਾਅ ਨੂੰ ਹਰ ਪਲ ਪੂਰਨ ਵਾਲੇ ਹਨ। ਉਸਦੀ ਨਵੀਂ ਪੁਸਤਕ ‘ਚੋਦਵਾਂ ਚਾਨਣ’ ਪਾਠਕਾਂ ਦੇ ਸਨਮੁੱਖ ਰੱਖਣ ਦੀ ਖੁਸ਼ੀ ਲੈ ਰਹੇ ਹਾਂ। -ਗੁਰਮੀਤ ਸਿੰਘ ਪਲਾਹੀ

ਪੁਸਤਕ ਸਮੀਖਿਆ/ ਚੌਦਵਾਂ ਚਾਨਣ / ਕਮਲ ਬੰਗਾ ਸੈਕਰਾਮੈਂਟੋ Read More »

lightning illustration

ਅਸਮਾਨੀ ਬਿਜਲੀ ਡਿੱਗਣ ਨਾਲ 36 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼/ 11 ਜੁਲਾਈ (ਏ.ਡੀ.ਪੀ) ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਹੋਈ ਤੇਜ਼ ਬਾਰਿਸ਼ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ 36 ਲੋਕਾਂ ਦੀ ਮੌਤ ਅਤੇ 23 ਲੋਕਾਂ ਦੀ ਝੁਲਸਣ ਦੀ ਖਬਰ ਹੈ। ਪ੍ਰਯਾਗਰਾਜ ਦੇ ਕੋਰਾਂਵ ਖੇਤਰ ‘ਚ 3, ਬਾਰਾ ‘ਚ 3 ਤੇ ਕਰਛਨਾ ‘ਚ 1 ਵਿਅਕਤੀ ਦੀ ਮੌਤ ਹੋ ਗਈ ਹੈ। ਸੋਰਾਂਵ ਤਹਿਸੀਲ ‘ਚ 6 ਲੋਕਾਂ ਦੀ ਮੌਤ ਹੋ ਗਈ। ਏਡੀਐੱਮ (ਵਿੱਤ ਤੇ ਮਾਲੀਆ) ਐੱਮਪੀ ਸਿੰਘ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਮਰਨ ਵਾਲਿਆਂ ਦਾ ਵੇਰਵਾ ਤੇ ਨੁਕਸਾਨ ਦੀ ਰਿਪੋਰਟ ਸ਼ਾਸਨ ਨੂੰ ਭੇਜ ਦਿੱਤੀ ਗਈ ਹੈ। ਮਿ੍ਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਛੇ ਮੱਝਾਂ ਤੇ ਪੰਜ ਬੱਕਰੇ, ਬੱਕਰੀਆਂ ਦੀ ਮੌਤ ਵੀ ਅਸਮਾਨੀ ਬਿਜਲੀ ਡਿੱਗਣ ਨਾਲ ਹੋਈ ਹੈ। ਕੌਸ਼ਾਂਬੀ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਇਲ ਤਹਿਸੀਲ ਖੇਤਰ ‘ਚ ਦੋ ਲੋਕਾਂ ਨੇ ਜਾਨ ਗੁਆਈ ਜਦਕਿ ਇਕ ਮੌਤ ਮੰਝਨਪੁਰ ਤਹਿਸੀਲ ਖੇਤਰ ‘ਚ ਹੋਈ। ਪ੍ਰਤਾਪਗੜ੍ਹ ‘ਚ ਬਿਜਲੀ ਡਿੱਗਣ ਨਾਲ ਲਾਲਗੰਜ ਤਹਿਸੀਲ ਖੇਤਰ ‘ਚ ਝੋਨਾ ਲਾ ਰਹੇ ਨੌਜਵਾਨ ਦੀ ਜਾਨ ਚਲੀ ਗਈ। ਇੱਥੇ ਪੰਜ ਹੋਰ ਝੁਲਸ ਗਏ। ਉੱਧਰ, ਕਾਨਪੁਰ ਤੇ ਆਸਪਾਸ ਦੇ ਜ਼ਿਲਿ੍ਹਆਂ ‘ਚ ਐਤਵਾਰ ਨੂੰ ਬਾਰਿਸ਼ ਦੌਰਾਨ ਬਿਜਲੀ ਡਿੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ ਤੇ 14 ਝੁਲਸ ਗਏ। ਉੱਥੇ, ਪੰਜ ਡੰਗਰ ਵੀ ਮਰ ਗਏ। ਬਿਜਲੀ ਡਿੱਗਣ ਨਾਲ ਫ਼ਤੇਹਪੁਰ ‘ਚ ਤਿੰਨ ਔਰਤਾਂ ਸਮੇਤ ਪੰਜ, ਕਾਨਪੁਰ ਦੇਹਾਤ ‘ਚ ਤਿੰਨ ਨੌਜਵਾਨਾਂ, ਹਮੀਰਪੁਰ ‘ਚ ਇਕ ਬਜ਼ੁਰਗ ਕਿਸਾਨ, ਉੱਨਾਵ ‘ਚ ਚਚੇਰੇ ਭੈਣ ਭਰਾ, ਬਾਂਦਾ ‘ਚ ਇਕ ਮੁਟਿਆਰ ਦੀ ਮੌਤ ਹੋ ਗਈ। ਫਰੂਖ਼ਾਬਾਦ ‘ਚ ਬਿਜਲੀ ਡਿੱਗਣ ਨਾਲ ਨੌਂ ਤੇ ਫ਼ਤੇਹਪੁਰ ‘ਚ ਪੰਜ ਪਿੰਡ ਦੇ ਲੋਕ ਝੁਲਸ ਗਏ। ਉਰਈ ਦੇ ਮਹੇਬਾ ‘ਚ ਤਿੰਨ ਮੱਝਾਂ ਤੇ ਚਿਤਰਕੂਟ ‘ਚ ਦੋ ਮੱਝਾਂ ਦੀ ਮੌਤ ਹੋ ਗਈ। ਉੱਥੇ ਜਾਲੌਨ ‘ਚ ਇਕ ਘਰ ‘ਤੇ ਬਿਜਲੀ ਡਿੱਗਣ ਨਾਲ ਛੱਤ ਨੁਕਸਾਨੀ ਗਈ, ਕਈ ਪਿੰਡਾਂ ‘ਚ ਬਿਜਲਈ ਯੰਤਰ ਸੜ ਗਏ।

ਅਸਮਾਨੀ ਬਿਜਲੀ ਡਿੱਗਣ ਨਾਲ 36 ਲੋਕਾਂ ਦੀ ਮੌਤ Read More »

ਬੇਰੁਜ਼ਗਾਰੀ-ਧਨੀ ਰਾਮ ਚਾਤ੍ਰਿਕ

ਰਹੁ ਵੇ ਇਸ਼ਕਾ !ਬੱਸ ਕਰੀਂ,ਹੁਣ ਛੱਡ ਦੇ ਮੁੰਨਣੇ ਚੇਲੇ,ਕੰਨਾਂ ਨੂੰ ਨਾ ਚੰਗਾ ਲੱਗੇ, ਤੇਰਾ ਰਾਗ ਕੁਵੇਲੇ ।ਨਾ ਉਹ ਹੀਰਾਂ, ਨਾ ਉਹ ਰਾਂਝੇ, ਨਾ ਮੰਗੂ ਨਾ ਬਾਰਾਂ,ਸੁਤੜੇ ਸ਼ੇਰ ਉਲਾਂਘਣ ਵਾਲੇ, ਨਾ ਉਹ ਸੁੰਞੇ ਬੇਲੇ ।ਨਾ ਮੱਖਣ ਨਾ ਮੱਖਣ ਪਾਲੇ, ਕੁੰਢੀਆਂ ਮੁੱਛਾਂ ਵਾਲੇ,ਸੋਹਣਿਆਂ ਦੇ ਗਲ ਕੁੰਡਲ ਪਾ ਪਾ ਨਾਗਣ ਜ਼ੁਲਫ ਨ ਪੇਲੇ ।ਨਾ ਚਿਹਰਿਆ ਤੇ ਲਾਲੀ ਭਖਦੀ, ਨਾ ਨੈਣਾਂ ਵਿਚ ਡੋਰੇ,ਪਿੱਲੇ ਪਿੰਡੇ ਮੂੰਹ ਵਸਾਰੀ, ਬੱਗੇ ਬੱਗੇ ਡੇਲੇ ।ਨਾ ਓਹ ਹਰਨਾਂ ਵਾਂਗ ਛੜੱਪੇ, ਨਾ ਉਹ ਖਾਧ ਖੁਰਾਕਾਂ,ਨਾ ਆਜ਼ਾਦੀ, ਨਾ ਖੁਸ਼ਹਾਲੀ, ਨਾ ਜੋਬਨ ਅਲਬੇਲੇ ।ਰੀਝਾਂ ਕੌਣ ਕਰੇ ਹੁਣ ਤੇਰੀਆਂ, ਦਿਲ ਫ਼ਿਕਰਾਂ ਨੇ ਘੇਰੇ,ਢਿੱਡੋਂ ਭੁੱਖੇ ਮਾਹੀਆਂ ਦੇ ਗਲ, ਪੈ ਗਏ ਹੋਰ ਝਮੇਲੇ ।ਉੱਜੜ ਜਾਣ ਪੜ੍ਹਾਂਦੇ ਮਾਪੇ, ਅੱਗੋਂ ਕਾਰ ਨ ਲੱਭੇ,ਜਾਨ ਪਈ ਹਟਕੋਰੇ ਖਾਂਦੀ, ਐਸ਼ ਕਰਨ ਕਿਸ ਵੇਲੇ ?ਇਸ਼ਕੋਂ ਰੂਪ ਵਟਾ ਕੇ ਜੇ ਰੁਜ਼ਗਾਰ ਕਦੇ ਬਣ ਜਾਵੇਂ,ਹੋਣ ਮੁਰੀਦ ਹਜ਼ਾਰਾਂ ਤੇਰੇ, ਬਾਬੂ ਨਵੇਂ ਨਵੇਲੇ ।“ਨੋ ਵੈਕੈਨਸੀ” ਪੌਲਾ ਵੱਜੇ, ਜਿਸ ਦਫਤਰ ਵਿਚ ਤੱਕੇ,ਬੂਟ ਗੰਢਾਈ ਦੇਂਦਿਆਂ ਮੁੱਕੇ ਕੰਨੀਓਂ ਪੈਸੇ ਧੇਲੇ ।ਵਹੁਟੀ ਆਖੇ, ਬਾਬੂ ਜੀ ! ਆਟਾ ਲੈ ਆਓ ਬਜ਼ਾਰੋਂ,ਖਿਝ ਕੇ ਕਹੇ, ਦਫ਼ਾ ਹੋ ਜਾ, ਕਿਉਂ ਖਾਧੀ ਊ ਜਾਨ ਚੁੜੇਲੇ ।ਬੇਰੁਜ਼ਗਾਰੀ ਸ਼ੇਰਾਂ ਵਰਗੇ ਗਭਰੂ ਚਾਕੂ ਕੀਤੇ,ਇਕ ਇਕ ਟੁਕੜੇ ਖ਼ਾਤਰ “ਚਾਤ੍ਰਿਕ” ਸੌ ਸੌ ਪਾਪੜ ਵੇਲੇ ।

ਬੇਰੁਜ਼ਗਾਰੀ-ਧਨੀ ਰਾਮ ਚਾਤ੍ਰਿਕ Read More »

ਅਲਵਿਦਾ ! ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ

11 ਜੁਲਾਈ, 2021 ਇਸ ਸੰਸਾਰ ਵਿੱਚ ਅਨੇਕਾਂ ਇਨਸਾਨ ਆਉਂਦੇ ਹਨ ਅਤੇ ਆਪੋ ਆਪਣਾ ਜੀਵਨ ਬਸਰ ਕਰਕੇ ਪਰਿਵਾਰਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਉਪਰੰਤ ਇਸ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ। ਇਹ ਇਕ ਸਰਕਲ ਹੈ, ਜਿਹੜਾ ਸਦੀਆਂ ਤੋਂ ਲਗਾਤਾਰ ਚਲਦਾ ਆ ਰਿਹਾ ਹੈ। ਇਨ੍ਹਾਂ ਵਿੱਚੋਂ ਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਸਮਾਜ ਵਿੱਚ ਨਾਮਣਾ ਖੱਟਦੇ ਹੋਏ ਨਵੀਂਆਂ ਪਿ੍ਰਤਾਂ ਪਾ ਜਾਂਦੇ ਹਨ। ਅਜਿਹੇ ਵਿਅਕਤੀਆਂ ਵਿੱਚੋਂ ਡਾ ਰਣਬੀਰ ਸਿੰਘ ਸਰਾਓ ਵੀ ਸਨ, ਜਿਹੜੇ ਆਪਣੀ ਕਾਰਜ਼ਕੁਸ਼ਤਾ, ਦਿਆਨਤਦਾਰੀ ਅਤੇ ਇਮਾਨਦਾਰੀ ਦਾ ਪ੍ਰਤੀਕ ਬਣਕੇ ਸਮਾਜ ਵਿੱਚ ਵਿਚਰੇ ਸਨ। ਉਨ੍ਹਾਂ ਸਿੱਖ ਸਿਧਾਂਤ ਅਤੇ ਮਾਰਕਸ ਦੀ ਥਿਊਰੀ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ। ਉਨ੍ਹਾਂ ਦੀ ਕਾਬਲੀਅਤ ਕਰਕੇ 1994 ਵਿੱਚ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਐਮ ਏ ਅੰਗਰੇਜ਼ੀ ਕਰਨ ਉਪਰੰਤ 1962 ਵਿੱਚ ਮਹਿਜ਼ 22 ਸਾਲ ਦੀ ਉਮਰ ਵਿੱਚ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਨਿਯੁਕਤ ਕੀਤਾ ਗਿਆ। 1963 ਵਿੱਚ  ਉਨ੍ਹਾਂ ਦੀ ਚੋਣ ਪੰਜਾਬ ਸਰਕਾਰ ਵੱਲੋਂ ਵਿਦਿਆ ਵਿਭਾਗ ਵਿੱਚ ਲੈਕਚਰਾਰ ਅੰਗਰੇਜ਼ੀ ਦੀ ਹੋ ਗਈ। ਉਨ੍ਹਾਂ ਨੂੰ ਰਣਬੀਰ ਕਾਲਜ ਸੰਗਰੂਰ ਵਿੱਚ ਨਿਯੁਕਤ ਕੀਤਾ ਗਿਆ। ਉਸਤੋਂ ਬਾਅਦ ਉਹ ਮਹਿੰਦਰਾ ਕਾਲਜ ਵਿੱਚ ਬਦਲ ਕੇ ਆ ਗਏ ਸਨ। ਮਹਿੰਦਰਾ ਕਾਲਜ ਵਿੱਚ ਉਹ ਐਮ ਏ ਅੰਗਰੇਜ਼ੀ ਦੀਆਂ ਪੋਸਟ ਗ੍ਰੈਜੂਏਟ ਕਲਾਸਾਂ ਨੂੰ ਪੜ੍ਹਾਉਂਦੇ ਰਹੇ। ਡਾ ਰਣਬੀਰ ਸਿੰਘ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਦੇ ਵਿਦਵਾਨ ਸਨ। ਅੰਗਰੇਜ਼ੀ ਪੜ੍ਹਾਉਣ ਦਾ ਉਨ੍ਹਾਂ ਦਾ ਢੰਗ ਵਿਲੱਖਣ ਕਿਸਮ ਦਾ ਸੀ। ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀ ਆਈ ਏ ਐਸ ਵਰਗੇ ਮਹੱਤਵਪੂਰਨ ਅਹੁਦਿਆਂ ਲਈ ਚੁਣੇ ਗਏ ਸਨ। ਉਨ੍ਹਾਂ ਦੇ ਵਿਦਿਆਰਥੀ ਰਾਜਿੰਦਰ ਕੌਰ ਭੱਠਲ ਪੰਜਾਬ ਦੇ ਮੁੱਖ ਮੰਤਰੀ, ਉਜਲ ਦੁਸਾਂਝ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਰਾਜ ਦੇ ਪ੍ਰੀਮੀਅਰ ਅਤੇ ਦੇਸ ਰਾਜ ਹਰਿਆਣਾ ਦੇ ਮੰਤਰੀ ਦੇ ਮੰਤਰੀ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਉਨ੍ਹਾਂ ਦੇ ਦੋਸਤ ਸਨ। ਉਹ ਆਪਣੀ ਸਾਰੀ ਸਰਵਿਸ ਦੌਰਾਨ ਵਿਦਿਆਰਥੀਆਂ ਵਿੱਚ ਵਿਦਿਅਕ ਖੁਸ਼ਬੂਆਂ ਫੈਲਾਉਂਦੇ ਰਹੇ। 20 ਸਾਲ ਮਹਿੰਦਰਾ ਕਾਲਜ ਵਿੱਚ ਪੜ੍ਹਾਉਣ ਤੋਂ ਬਾਅਦ 1993 ਵਿੱਚ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪੀਟੇਟਿਵ ਵਿਭਾਗ (ਆਈ ਏ ਐਸ ਕੋਚਿੰਗ ਸੈਂਟਰ) ਵਿੱਚ ਬਤੌਰ ਪ੍ਰੋਫ਼ੈਸਰ ਅਤੇ ਡਾਇਰੈਕਟਰ ਦੀ ਹੋ ਗਈ। ਜਦੋਂ ਡਾ ਜੋਗਿੰਦਰ ਸਿੰਘ ਪੁਆਰ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਬਣਕੇ ਆਏ ਤਾਂ ਉਨ੍ਹਾਂ ਰਜਿਸਟਰਾਰ ਦੇ ਅਹੁਦੇ ਲਈ ਡਾ ਰਣਬੀਰ ਸਿੰਘ ਵਰਗੇ ਬਿਹਤਰੀਨ ਇਨਸਾਨ ਅਤੇ ਵਿਦਿਆ ਸ਼ਾਸ਼ਤਰੀ ਦੀ ਚੋਣ ਕੀਤੀ। ਉਨ੍ਹਾਂ ਦੇ ਰਜਿਸਟਰਾਰ ਹੁੰਦਿਆਂ ਯੂਨੀਵਰਸਿਟੀ ਵਿਚ ਜ਼ਬਰਦਸਤ ਅੰਦੋਲਨ ਵੀ ਹੋਏ ਪ੍ਰੰਤੂ ਡਾ ਰਣਬੀਰ ਸਿੰਘ ਬਾਰੇ ਕਿਸੇ ਨੇ ਕਦੀਂ ਵੀ ਇਕ ਸ਼ਬਦ ਵੀ ਮਾੜਾ ਨਹੀਂ ਬੋਲਿਆ। ਉਨ੍ਹਾਂ ਨੇ ਨੋਬਲ ਇਨਾਮ ਜੇਤੂ ਟੋਨੀ ਮੌਰੀਸਨ ਦੀ ‘‘ਬੀਲਵਡ’’ ਅਤੇ ਅੰਮਿ੍ਰਤਆ ਸੇਨ ਦੀ ‘‘ਦਾ ਆਈਡੀਆ ਆਫ ਜਸਟਿਸ’’ ਦੋ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਸੀ। ਇਸ ਅਨੁਵਾਦ ਨੂੰ ਪੜ੍ਹਕੇ ਇਹ ਪੁਸਤਕਾਂ ਮੌਲਿਕ ਲਗਦੀਆਂ ਹਨ। ਉਨ੍ਹਾਂ ਦੇ ਲਿਖੇ ਖੋਜ ਪੱਤਰ ਅੰਗਰੇਜ਼ੀ ਦੇ ਵਿਦਿਅਕ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਤ ਹੁੰਦੇ ਰਹੇ ਹਨ। ਉਹ 2001 ਤੋਂ 2004 ਤੱਕ ਫਰਟੇਲਾਈਜ਼ਰ ਐਂਡ ਕੈਮੀਕਲਜ਼ ਟਰਾਵਨਕੋਰ ਲਿਮਿਟਡ ਕੰਪਨੀ ਦੇ ਡਾਇਰੈਕਟਰ ਵੀ ਰਹੇ। ਉਹ ਮਾਲਵਾ ਆਰਟਸ ਸਪੋਰਟਸ ਅਤੇ ਕਲਚਰਲ ਟਰਸਟ ਮਸਕਟ ਦੇ ਤਾਅ ਉਮਰ ਚੇਅਰਮੈਨ ਅਤੇ ‘ਮਿੱਟੀ ਮਾਲਵਾ ਦੀ’ ਮੈਗਜ਼ੀਨ ਦੇ 20 ਸਾਲ ਮੁੱਖ ਸੰਪਾਦਕ ਵੀ ਰਹੇ।  ਡਾ ਰਣਬੀਰ ਸਿੰਘ ਸਰਾਓ, ਇਸ ਫਾਨੀ ਸੰਸਾਰ ਤੋਂ 2 ਜੁਲਾਈ 2021 ਨੂੰ ਅਲਵਿਦਾ ਲੈ ਗਏ। ਉਨ੍ਹਾਂ ਨੇ ਆਪਣੀ 82 ਸਾਲ ਦੀ ਜ਼ਿੰਦਗੀ ਵਿਚ ਕਿਸੇ ਦਾ ਕੁਝ ਵੀ ਬੁਰਾ ਨਹੀਂ ਕੀਤਾ ਹੋਵੇ। ਡਾ ਰਣਬੀਰ ਸਿੰਘ ਸਾਫ਼ ਸੁਥਰਾ ਅਤੇ ਸ਼ਾਂਤਮਈ ਜੀਵਨ ਜਿਓਣ ਵਾਲੇ ਇਨਸਾਨ ਸਨ। ਉਨ੍ਹਾਂ ਦੀ ਜ਼ੁਬਾਨ ਵਿਚੋਂ ਹਮੇਸ਼ਾ ਮਿੱਠਾਸ ਭਰੇ ਸ਼ਬਦ ਹੀ ਨਿਕਲਦੇ ਸਨ। ਅੱਜ ਦੇ ਪਦਾਰਥਵਾਦੀ ਅਤੇ ਆਧੁਨਿਕ ਯੁਗ ਦੇ ਵਿੱਚ ਡਾ ਰਣਬੀਰ ਸਿੰਘ ਵਰਗੇ ਵਿਰਲੇ ਇਨਸਾਨ ਹੀ ਹੁੰਦੇ ਹਨ, ਜਿਹੜੇ ਸਾਰੇ ਵਰਗਾਂ ਵੱਲੋਂ ਸਤਿਕਾਰੇ ਜਾਂਦੇ ਹਨ। ਡਾ ਰਣਬੀਰ ਸਿੰਘ ਸਰਾਓ 1994 ਤੋਂ 2000 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦੇ ਅਹੁਦੇ ‘ਤੇ ਆਪਣੇ ਫ਼ਰਜ਼ ਬਾਖ਼ੂਬੀ ਨਿਭਾਉਂਦੇ ਰਹੇ ਹਨ। ਉਨ੍ਹਾਂ ਇਨ੍ਹਾਂ 6 ਸਾਲਾਂ ਵਿੱਚ ਆਪਣੇ ਫ਼ਰਜ਼ ਨਿਯਮਾ ਅਨੁਸਾਰ ਨਿਭਾਏ, ਕਦੀਂ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ, ਜਿਸ ਨਾਲ ਕੋਈ ਵਾਦਵਿਵਾਦ ਹੋਇਆ ਹੋਵੇ। ਉਹ ਕਾਜਕੁਸ਼ਲਤਾ, ਮਿਹਨਤ, ਲਗਨ, ਨਮਰਤਾ, ਸਹਿਜਤਾ, ਸ਼ਰਾਫ਼ਤ ਅਤੇ ਸ਼ਹਿਨਸ਼ੀਲਤਾ ਦੇ ਮੁਜੱਸਮਾ ਸਨ। ਔਖੇ ਤੋਂ ਔਖੇ, ਗੁੰਝਲਦਾਰ ਅਤੇ ਤਣਾਓ ਦੇ ਹਾਲਾਤ ਵਿੱਚ ਵੀ ਉਨ੍ਹਾਂ ਨੇ ਕਦੀਂ ਕਿਸੇ ਨੂੰ ਉਚਾ ਨਹੀਂ ਬੋਲਿਆ ਅਤੇ ਨਾ ਹੀ ਕਿਸੇ ਨਾਲ ਗੁੱਸੇ ਹੋਏ ਹਨ। ਆਪਣੇ ਸਹਿਯੋਗੀਆਂ ਅਤੇ ਮਾਤਹਿਤਾਂ ਤੋਂ ਕੰਮ ਲੈਣਾ ਉਨ੍ਹਾਂ ਨੂੰ ਆਉਂਦਾ ਸੀ। ਉਨ੍ਹਾਂ ਨੂੰ ਸਾਊ ਸੁਭਾਅ ਵਾਲੇ ਇਨਸਾਨ ਗਿਣਿਆਂ ਜਾਂਦਾ ਸੀ।  ਡਾ ਰਣਬੀਰ ਸਿੰਘ ਸਕੂਲ ਪੱਧਰ ਦੀ ਪੜ੍ਹਾਈ ਤੋਂ ਹੀ ਬਹੁਤ ਹੁਸ਼ਿਆਰ ਵਿਦਿਆਰਥੀ ਸਨ। ਉਹ ਸਕੂਲ ਅਤੇ ਕਾਲਜ ਦੇ ਪਿ੍ਰੰਸੀਪਲ ਅਤੇ ਮੁੱਖ ਅਧਿਆਪਕਾਂ ਦੇ ਚਹੇਤੇ ਵਿਦਿਆਰਥੀ ਸਨ। ਡਾ ਰਣਬੀਰ ਸਿੰਘ ਸਰਾਓ ਸੰਜੀਦਾ, ਮਿਹਨਤੀ ਅਤੇ ਦਿ੍ਰੜ੍ਹ ਇਰਾਦੇ ਵਾਲੇ ਸਨ। ਉਨ੍ਹਾਂ ਨੇ ਪ੍ਰਾਇਮਰੀ ਘੋੜੇਨਾਬ, ਮਿਡਲ ਬਨਬੌਰੀ ਕਲਾਂ ਅਤੇ ਦਸਵੀਂ 1956 ਵਿੱਚ ਖਾਲਸਾ ਹਾਈ ਸਕੂਲ ਮਾਨਸਾ ਤੋਂ ਪਾਸ ਕੀਤੀ। ਕੁਝ ਸਮਾਂ ਉਹ ਰਣਬੀਰ ਕਾਲਜ ਸੰਗਰੂਰ ਵਿਖੇ ਪੜ੍ਹਦੇ ਰਹੇ। ਜਦੋਂ ਉਨ੍ਹਾਂ ਰਣਬੀਰ ਕਾਲਜ ਸੰਗਰੂਰ ਦਾਖਲਾ ਲਿਆ ਤਾਂ ਅੰਗਰੇਜ਼ੀ ਦੇ ਦੋ ਪ੍ਰੋਫ਼ੈਸਰਾਂ ਡਾ ਡੀ ਸੀ ਸ਼ਰਮਾ ਅਤੇ  ਪ੍ਰੋ ਐਸ ਪੀ ਸ਼ਰਮਾ ਨੇ ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਦੀ ਪ੍ਰਤਿਭਾ ਦੀ ਪਛਾਣ ਕਰਦਿਆਂ ਰਣਬੀਰ ਸਿੰਘ ਸਰਾਓ ਨੂੰ ਅੰਗਰੇਜ਼ੀ ਦੀ ਐਮ ਏ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੇ ਪਿਤਾ ਅਤੇ ਤਾਇਆ ਗਿਆਨੀ ਤਪੀਆ ਸਿੰਘ ਦੋਵੇਂ ਧਾਰਮਿਕ ਵਿਅਕਤੀ ਸਨ, ਉਨ੍ਹਾਂ ਰਣਬੀਰ ਸਿੰਘ ਨੂੰ  ਬੀ ਏ ਮੁਕੰਮਲ ਕਰਨ ਲਈ ਖਾਲਸਾ ਕਾਲਜ ਅੰਮਿ੍ਰਤਸਰ ਦਾਖਲ ਕਰਵਾ ਦਿੱਤਾ। 1960 ਵਿੱਚ ਖਾਲਸਾ ਕਾਲਜ ਅੰਮਿ੍ਰਤਸਰ ਤੋਂ ਬੀ ਏ ਆਨਰਜ਼ ਅੰਗਰੇਜ਼ੀ ਦੇ ਵਿਸ਼ੇ ਵਿੱਚ ਕਰਨ ਉਪਰੰਤ ਉਨ੍ਹਾਂ ਨੂੰ ਐਮ ਏ ਅੰਗਰੇਜ਼ੀ ਕਰਨ ਲਈ ਸਰਕਾਰੀ ਕਾਲਜ ਲੁਧਿਆਣਾ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ ਉਥੋਂ ਹੀ 1962 ਵਿੱਚ ਉਨ੍ਹਾਂ ਐਮ ਏ ਪਾਸ ਕੀਤੀ। ਬੀ ਏ ਅਤੇ ਐਮ ਏ ਵਿੱਚ ਸਵਰਨ ਸਿੰਘ ਬੋਪਾਰਾਇ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਉਨ੍ਹਾਂ ਦੇ ਜਮਾਤੀ ਸਨ। ਫਿਰ ਉਨ੍ਹਾਂ ਅਮਰੀਕਨ ਲਿਟਰੇਚਰ ‘ਤੇ ਪੀ ਐਚ ਡੀ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ ਹਰਜੀਤ ਸਿੰਘ ਦੀ ਅਗਵਾਈ ਵਿੱਚ ਕੀਤੀ।  ਉਨ੍ਹਾਂ ਨੇ ਨੋਬਲ ਇਨਾਮ ਜੇਤੂ ਵਿਲੀਅਮ ਫਾਓਲਕਨਰ ਦੀ ‘‘ ਦੀ ਸਾਊਂਡ ਐਂਡ ਦਾ ਫਰੀ’’ ‘ਤੇ ਡਿਜ਼ਰਟੇਸ਼ਨ ਲਿਖੀ।         ਇਕ ਦਿਹਾਤੀ ਇਲਾਕੇ ਦੇ ਮੱਧ ਵਰਗੀ ਪਰਿਵਾਰ ਵਿੱਚ ਜਨਮ ਲੈ ਕੇ ਇਤਨਾ ਪ੍ਰਤਿਭਾਸ਼ਾਲੀ ਹੋਣਾ ਉਨ੍ਹਾਂ ਦਾ ਵਿਲੱਖਣ ਗੁਣ ਸੀ। ਉਨ੍ਹਾਂ ਦੀ ਜਨਮ ਭੂਮੀ ਦੇ ਇਲਾਕੇ ਨੂੰ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਪ੍ਰੰਤੂ ਰਣਬੀਰ ਸਿੰਘ ਸਰਾਓ ਦੀ ਪ੍ਰਤਿਭਾ ਕਿਸੇ ਵੀ ਵਿਕਸਤ ਇਲਾਕੇ ਦੇ ਲੋਕਾਂ ਨਾਲੋਂ ਵਧੇਰੀ ਸੀ। ਉਹ ਗੁਣਾ ਦੀ ਗੁਥਲੀ ਸਨ। ਉਨ੍ਹਾਂ ਦਾ ਜਨਮ ਜੀਂਦ ਰਿਆਸਤ ਦੇ ਪਿੰਡ ਲੇਹਲ ਕਲਾਂ ਨੇੜੇ ਲਹਿਰਾ ਗਾਗਾ ਜਿਲ੍ਹਾ ਸੰਗਰੂਰ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਮੇਵਾ ਸਿੰਘ ਦੇ ਘਰ 25 ਫਰਵਰੀ 1940 ਨੂੰ ਹੋਇਆ। ਇਸ ਪਿੰਡ ਦੇ ਨਜ਼ਦੀਕ ਪਿੰਡ ਧਮਧਾਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਸ਼ਹੀਦੀ ਦੇਣ ਲਈ ਜਾਂਦੇ ਹੋਏ ਬਿਰਾਜੇ ਸਨ, ਜਿਸ ਗੁਰੂ ਘਰ ਦਾ ਉਨ੍ਹਾਂ ਦੇ ਜੀਵਨ ‘ਤੇ ਗਹਿਰਾ ਪ੍ਰਭਾਵ ਸੀ। ਉਨ੍ਹਾਂ ਦਾ ਤਿੰਨ ਭਰਾ ਅਤੇ ਤਿੰਨ ਭੈਣਾ ਵਾਲਾ ਪਰਿਵਾਰ ਸੀ। ਪਛੜੇ ਇਲਾਕੇ ਵਿੱਚ ਰਹਿਣ ਵਾਲੇ ਮਾਪਿਆਂ ਨੇ ਉਨ੍ਹਾਂ ਸਾਰੇ ਭੈਣ ਭਰਾਵਾਂ ਨੂੰ ਉਚ ਵਿਦਿਆ ਦਿਵਾਕੇ ਆਪਣੀ ਜ਼ਿੰਮੇਵਾਰੀ

ਅਲਵਿਦਾ ! ਇਨਸਾਨੀਅਤ ਦੇ ਪ੍ਰਤੀਕ ਡਾ ਰਣਬੀਰ ਸਿੰਘ ਸਰਾਓ Read More »

ਐਸ਼ਲੇਘ ਬਾਰਟੀ ਨੇ ਜਿੱਤਿਆ ਵਿੰਬਲਡਨ ਦਾ ਮਹਿਲਾ ਸਿੰਗਲਜ਼ ਖ਼ਿਤਾਬ

ਲੰਡਨ, 11 ਜੁਲਾਈ (ਏ.ਡੀ.ਪੀ.) ਚੋਟੀ ਦੇ ਦਰਜਾ ਪ੍ਰਾਪਤ ਆਸਟਰੇਲੀਆ ਦੀ ਐਸ਼ਲੇਘ ਬਾਰਟੀ ਨੇ ਵਿੰਬਲਡਨ ਦਾ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤ ਲਿਆ ਹੈ। ਇਸ ਉਸ ਦਾ ਇਸ ਸਾਲ ਦਾ ਤੀਜਾ ਟੈਨਿਸ ਗ੍ਰੈਂਡ ਸਲੈਮ ਟੂਰਨਾਮੈਂਟ ਹੈ। ਉਸ ਨੇ ਸ਼ਨੀਵਾਰ ਨੂੰ ਖੇਡੇ ਗਏ ਫਾਈਨਲ ਮੈਚ ਵਿਚ ਚੈੱਕ ਗਣਰਾਜ ਦੀ 8 ਵੀਂ ਦਰਜਾ ਪ੍ਰਾਪਤ ਕ੍ਰੋਲੀਨਾ ਪਲਿਸਕੋਵਾ ਨੂੰ 6-3, 7-6, 6-3 ਨਾਲ ਹਰਾਇਆ। ਮੈਚ 1 ਘੰਟਾ 56 ਮਿੰਟ ਚੱਲਿਆ। 25 ਸਾਲਾ ਬਾਰਟੀ ਪਹਿਲਾਂ ਪੇਸ਼ੇਵਰ ਕ੍ਰਿਕਟਰ ਰਹਿ ਚੁੱਕਾ ਹੈ ਅਤੇ ਮਹਿਲਾ ਬਿੱਗ ਬੈਸ਼ ਲੀਗ ਵਿੱਚ ਬ੍ਰਿਸਬੇਨ ਹੀਟ ਅਤੇ ਕੁਈਨਜ਼ਲੈਂਡ ਫਾਇਰ ਲਈ ਖੇਡ ਚੁੱਕਾ ਹੈ।

ਐਸ਼ਲੇਘ ਬਾਰਟੀ ਨੇ ਜਿੱਤਿਆ ਵਿੰਬਲਡਨ ਦਾ ਮਹਿਲਾ ਸਿੰਗਲਜ਼ ਖ਼ਿਤਾਬ Read More »

ਟਵਿੱਟਰ ਨੇ ਮੰਨੀਆਂ ਭਾਰਤ ਦੇ ਨਵੇਂ ਆਈਟੀ ਨਿਯਮਾਂ ਦੀਆਂ ਸ਼ਰਤਾ

ਦਿੱਲੀ, 11 ਜੁਲਾਈ (ਏ.ਡੀ.ਪੀ.)ਟਵਿੱਟਰ ਨੇ ਆਖਰਕਾਰ ਭਾਰਤ ਦੇ ਨਵੇਂ ਆਈਟੀ ਨਿਯਮਾਂ ਨੂੰ ਸਵੀਕਾਰ ਕਰ ਲਿਆ ਹੈ। ਟਵਿੱਟਰ ਨੇ ਭਾਰਤ ਵਿਚ ਆਪਣੇ ਰਿਹਾਇਸ਼ੀ ਸ਼ਿਕਾਇਤ ਅਧਿਕਾਰੀ ਨੂੰ ਨਿਯੁਕਤੀ ਕੀਤਾ ਹੈ। ਟਵਿੱਟਰ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਦੱਸਿਆ ਹੈ ਕਿ ਵਿਨੈ ਪ੍ਰਕਾਸ਼ ਨੂੰ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਹੈ। ਸਰਕਾਰ ਨੇ 25 ਫਰਵਰੀ ਨੂੰ ਨਵੇਂ ਕਾਨੂੰਨਾਂ ਨੂੰ ਲਾਗੂ ਕੀਤਾ ਸੀ। ਇਨ੍ਹਾਂ ਨਿਯਮਾਂ ਦੀ ਪਾਲਣਾ 3 ਮਈ ਦੇ ਅੰਦਰ-ਅੰਦਰ 25 ਮਈ ਤੋਂ ਪਹਿਲਾਂ ਕੀਤੀ ਜਾਣੀ ਸੀ, ਪਰ ਟਵਿੱਟਰ ਨੇ ਨਿਯਮਾਂ ਦੀ ਅੰਤਮ ਤਾਰੀਖ ਤੋਂ 46 ਦਿਨਾਂ ਬਾਅਦ ਪਾਲਣ ਕੀਤਾ ਹੈ। ਇਸ ਤੋਂ ਪਹਿਲਾਂ 27 ਜੂਨ ਨੂੰ ਟਵਿੱਟਰ ਭਾਰਤ ਦੇ ਅੰਤਰਿਮ ਸ਼ਿਕਾਇਤ ਅਧਿਕਾਰੀ ਧਰਮਿੰਦਰ ਚਤੁਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਟਵਿੱਟਰ ਨੇ ਮੰਨੀਆਂ ਭਾਰਤ ਦੇ ਨਵੇਂ ਆਈਟੀ ਨਿਯਮਾਂ ਦੀਆਂ ਸ਼ਰਤਾ Read More »

ਕਿਸਾਨਾਂ ਦੇ ਹੱਕ ਵਿੱਚ ਨਾਅਰਾ ਲਾਉਣਾ ਗ਼ਲਤ ਨਹੀਂ ਹੈ-ਅਨਿਲ ਜੋਸ਼ੀ

ਅਨਿਲ ਜੋਸ਼ੀ ਨੇ ਬਕਾਇਦਾ ਹੁਣ ਪ੍ਰੈੱਸ ਕਾਨਫਰੰਸ ਕਰਦਿਆਂ ਪਾਰਟੀ ਦੀ ਉਨ੍ਹਾਂ ਖ਼ਿਲਾਫ਼ ਇਸ ਕਾਰਵਾਈ ਬਾਰੇ ਗੱਲ ਕਰਦੇ ਹੋਏ ਕਿਹਾ ਕਿ ”ਮੇਰੇ ਲਈ ਪਾਰਟੀ ਵਿੱਚੋਂ ਕੱਢਿਆ ਜਾਣਾ ਸਜ਼ਾ ਨਹੀਂ ਹੈ, ਇੱਕ ਗੋਲਡ ਮੈਡਲ ਹੈ। ਜੇ ਕਿਸਾਨ ਇਜਾਜ਼ਤ ਦੇਣਗੇ ਤੇ ਮੈਂ ਉਨ੍ਹਾਂ ਕੋਲ ਉੱਥੇ ਜਾਵਾਂਗਾ ਕਿਉਂਕਿ ਮੈਂ ਕਿਸੇ ਪਾਰਟੀ ਨਾਲ ਹੁਣ ਤਾਲੁਕ ਨਹੀਂ ਰੱਖਦਾ”। ਉਨ੍ਹਾਂ ਕਿਹਾ, ”ਪੰਜਾਬ ਦੀ ਗੱਲ ਕਰਨਾ ਮੇਰਾ ਧਰਮ ਹੈ, ਪੰਜਾਬ ਐਗਰੀਕਲਚਰ ਸਟੇਟ ਹੈ ਪਰ ਪੰਜਾਬ ‘ਚ ਕੋਈ ਇੰਡਸਟਰੀ ਨਹੀਂ ਹੈ ਤੇ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਲਾਉਣਾ ਗ਼ਲਤ ਨਹੀਂ ਹੈ। ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ।”ਅਨਿਲ ਜੋਸ਼ੀ ਭਾਜਪਾ ਦੇ ਸੀਨੀਅਰ ਆਗੂ ਸਨ ਤੇ ਭਾਜਪਾ-ਅਕਾਲੀ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ।

ਕਿਸਾਨਾਂ ਦੇ ਹੱਕ ਵਿੱਚ ਨਾਅਰਾ ਲਾਉਣਾ ਗ਼ਲਤ ਨਹੀਂ ਹੈ-ਅਨਿਲ ਜੋਸ਼ੀ Read More »

ਲਘੂ ਉਦਯੋਗ ਮਾਲਕਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

10 ਜੁਲਾਈ (ਏ.ਡੀ.ਪੀ ਬਿਉਰੋ)ਲੁਧਿਆਣਾ : ਸੂਬੇ ‘ਚ ਸ਼ੁਰੂ ਹੋਏ ਬਿਜਲੀ ਸੰਕਟ ਨੂੰ ਲੈ ਕੇ ਸਨਅਤੀ ਸ਼ਹਿਰ ਲੁਧਿਆਣਾ ‘ਚ ਵੀ ਸਰਕਾਰ ਖ਼ਿਲਾਫ਼ ਰੋਸ ਵੱਧਣ ਲੱਗ ਪਿਆ ਹੈ। ਸ਼ੁੱਕਰਵਾਰ ਨੂੰ ਵਪਾਰੀਆਂ ਵੱਲੋਂ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਸਨਅਤਕਾਰ ਵੀ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਆ ਗਏ ਹਨ। ਸ਼ਹਿਰ ਦੇ ਮੁੱਖ ਉਦਯੋਗਿਕ ਸੰਗਠਨਾਂ ਵੱਲੋਂ ਸਾਂਝੇ ਤੌਰ ‘ਤੇ ਸ਼ਨਿਚਰਵਾਰ ਨੂੰ ਗਿੱਲ ਰੋਡ ‘ਤੇ ਸਥਿਤ ਸਾਈਕਲ ਮਾਰਕੀਟ ‘ਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਮੁੱਖ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ। ਇਸ ਦੇ ਨਾਲ ਹੀ ਸਨਅਤਕਾਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਬਿਜਲੀ ਸਮੱਸਿਆ ਦਾ ਜਲਦੀ ਹੀ ਹੱਲ ਨਾ ਕੀਤਾ ਗਿਆ ਤਾਂ ਸਾਰੇ ਸਨਅਤਕਾਰ ਫੈਕਟਰੀਆਂ ਦੀਆਂ ਚਾਬੀਆਂ ਮੁੱਖ ਮੰਤਰੀ ਨੂੰ ਸੌਂਪਣ ਲਈ ਚੰਡੀਗੜ੍ਹ ਜਾਣਗੇ ਕਿਉਂਕਿ ਬਿਜਲੀ ਕੱਟਾਂ ਕਾਰਨ ਨਾ ਤਾਂ ਕਾਰਖਾਨੇ ਚੱਲ ਰਹੇ ਹਨ ਤੇ ਨਾ ਹੀ ਕੰਮ ਹੋ ਰਿਹਾ ਹੈ। ਇਸ ਕਾਰਨ ਲੇਬਰ ਨੂੰ ਤਨਖ਼ਾਹਾਂ ਦੇਣੀਆਂ ਵੀ ਮੁਸ਼ਕਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਹੀ ਤਰੀਕੇ ਨਾਲ ਨਹੀਂ ਚੱਲ ਰਹੀ ਜਿਸ ਕਾਰਨ ਸਨਅਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਨਰਿੰਦਰ ਭਮਰਾ, ਬਦੀਸ਼ ਜਿੰਦਲ, ਰਾਜਕੁਮਾਰ ਸਿੰਗਲਾ, ਕੁਲਦੀਪ ਸਿੰਘ ਡੰਗ, ਮਹੇਸ਼ ਗੁਪਤਾ ਤੇ ਹੋਰ ਸਨਅਤਕਾਰ ਮੌਜੂਦ ਸਨ।

ਲਘੂ ਉਦਯੋਗ ਮਾਲਕਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ Read More »

ਹੁਣ ਨਵਜੋਤ ਸਿੰਘ ਸਿੱਧੂ ਦਾ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ

ਚੰਡੀਗੜ੍ਹ, 10 ਜੁਲਾਈ ਕਾਂਗਰਸ ਨਾਲ ਹਜੇ ਮੱਤਭੇਦ ਸੁਲਝਿਆ ਨਹੀਂ ਸੀ ਇਸੇ ਵਿਚਕਾਰ ਖਬਰ ਮਿਲੀ ਹੈ ਕੇ ਨਵਜੋਤ ਸਿੰਘ ਸਿੱਧੂ ਵਲੋਂ ਬਿਜਲੀ ਮੁੱਦੇ ਨੂੰ ਲੈ ਕੇ ਜਿੱਥੇ ਅਕਾਲੀਆਂ ਨੂੰ ਘੇਰਿਆ ਗਿਆ ਉੱਥੇ ਹੀ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨੇ ‘ਤੇ ਲਿਆ। ਸਿੱਧੂ ਦਾ ਕਹਿਣਾ ਸੀ ਕਿ ਬਾਦਲਾਂ ਵਲੋਂ ਕੀਤੇ ਗਏ ਥਰਮਲ ਪਾਵਰ ਪਲਾਂਟਾਂ ਦੇ ਸਮਝੌਤੇ ਪੰਜਾਬ ਨੂੰ ਲੁੱਟ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੂਰਜੀ ਊਰਜਾ ਦੀ ਕੀਮਤ ਪ੍ਰਤੀ ਸਾਲ 18% ਘੱਟ ਰਹੀ ਹੈ ਅਤੇ ਅੱਜ ਪ੍ਰਤੀ ਯੂਨਿਟ 1.99 ਰੁਪਏ ‘ਤੇ ਆ ਗਈ ਹੈ | ਇਸ ਦੌਰਾਨ ਸਿੱਧੂ ਵਲੋਂ ਅਰਵਿੰਦ ਕੇਜਰੀਵਾਲ ਵਲੋਂ ਸੁਪਰੀਮ ਕੋਰਟ ‘ਚ ਪਾਈ ਗਈ ਪਟੀਸ਼ਨ ਨੂੰ ਲੈ ਕੇ ਕਹਿਣਾ ਸੀ ਕਿ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਬਿਜਲੀ ਉਤਪਾਦਨ ਦੇ ਸੰਕਟ ਦੇ ਮੱਧ ਵਿਚ ਸਾਡੇ ਥਰਮਲ ਪਾਵਰ ਪਲਾਂਟ ਬੰਦ ਹੋ ਜਾਣ ਅਤੇ ਇਸ ਗਰਮੀ ਵਿਚ ਪੰਜਾਬੀਆਂ ਨੂੰ ਬੇਸਹਾਰਾ ਛੱਡਿਆ ਜਾਵੇ ਅਤੇ ਸਾਡੇ ਕਿਸਾਨ ਇਸ ਝੋਨੇ ਦੀ ਬਿਜਾਈ ਵਿਚ ਦੁੱਖ ਸਹਾਰਣ।

ਹੁਣ ਨਵਜੋਤ ਸਿੰਘ ਸਿੱਧੂ ਦਾ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ Read More »