admin

ਐੱਨਪੀਪੀ ਨੂੰ ਸੰਸਦੀ ਚੋਣਾਂ ’ਚ ਦੋ-ਤਿਹਾਈ ਬਹੁਮਤ

ਕੋਲੰਬੋ, 16 ਨਵੰਬਰ – ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਦੀ ਪਾਰਟੀ ‘ਨੈਸ਼ਨਲ ਪੀਪਲਜ਼ ਪਾਵਰ’ ਨੇ ਅੱਜ ਸੰਸਦੀ ਚੋਣਾਂ ’ਚ ਦੋ ਤਿਹਾਈ ਬਹੁਮਤ ਹਾਸਲ ਕਰ ਲਿਆ। ਦੇਸ਼ ਦੇ ਤਮਿਲ ਘੱਟਗਿਣਤੀਆਂ ਦੇ ਗੜ੍ਹ ਜਾਫਨਾ ਵਿੱਚ ਵੀ ਐੱਨਪੀਪੀ ਦੀ ਝੰਡੀ ਰਹੀ।ਚੋਣ ਕਮਿਸ਼ਨ ਅਨੁਸਾਰ ਮਾਲੀਮਾਵਾ (ਕੰਪਾਸ) ਚੋਣ ਨਿਸ਼ਾਨ ਹੇਠ ਚੋਣ ਲੜਨ ਵਾਲੀ ਐੱਨਪੀਪੀ ਨੇ 225 ’ਚੋਂ 159 ਸੀਟਾਂ ਜਿੱਤੀਆਂ ਹਨ। ਐੱਨਪੀਪੀ ਨੂੰ 68 ਲੱਖ ਭਾਵ 61 ਫੀਸਦ ਤੋਂ ਵੱਧ ਵੋਟਾਂ ਮਿਲੀਆਂ। ਸਾਜਿਥ ਪ੍ਰੇਮਦਾਸਾ ਦੀ ਅਗਵਾਈ ਵਾਲੀ ਸਾਮਗੀ ਜਨਾ ਬਾਲਵੇਗਯਾ 40 ਸੀਟਾਂ ਨਾਲ ਦੂਜੇ ਸਥਾਨ ’ਤੇ ਰਹੀ। ਇਲੰਕਾਈ ਤਮਿਲ ਅਰਾਸੂ ਕਦਚੀ ਨੇ 8, ਨਿਊ ਡੈਮੋਕਰੈਟਿਕ ਫਰੰਟ ਨੇ 5 ਤੇ ਸ੍ਰੀਲੰਕਾ ਪੋਦੁਜਾਨਾ ਪੇਰਾਮੁਨਾ ਤੇ ਸ੍ਰੀਲੰਕਾ ਮੁਸਲਿਮ ਕਾਂਗਰਸ ਨੂੰ 3-3 ਸੀਟਾਂ ਮਿਲੀਆਂ ਹਨ।

ਐੱਨਪੀਪੀ ਨੂੰ ਸੰਸਦੀ ਚੋਣਾਂ ’ਚ ਦੋ-ਤਿਹਾਈ ਬਹੁਮਤ Read More »

ਗ਼ੈਰ-ਕਾਨੂੰਨੀ ਪਰਵਾਸੀਆਂ ਡਿੱਗੇਗੀ ਗਾਜ, ਡਿਪੋਰਟ ਕਰੇਗੀ ਟਰੂਡੋ ਸਰਕਾਰ

ਵਿਨੀਪੈਗ , ਨਵੰਬਰ 16 – ਕੈਨੇਡਾ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਮੌਜੂਦ ਪਰਵਾਸੀਆਂ ਵਿਰੁੱਧ ਸਖ਼ਤੀ ਵਰਤਣ ਦੇ ਸੰਕੇਤ ਦਿੰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਸਸਤੇ ਮਜ਼ਦੂਰਾਂ ਦੀ ਉਪਲਬਧਤਾ ਵਾਲਾ ਦੌਰ ਬੀਤੇ ਦੀ ਗੱਲ ਹੋ ਚੁੱਕੀ ਹੈ ਅਤੇ ਹੁਣ ਕੈਨੇਡੀਅਨ ਐਂਪਲਾਇਰਜ਼ ਨੂੰ ਉੱਚੀਆਂ ਉਜਰਤ ਦਰਾਂ ’ਤੇ ਕਾਮੇ ਰੱਖਣੇ ਹੋਣਗੇ। ਮਾਰਕ ਮਿਲਰ ਦਾ ਕਹਿਣਾ ਸੀ ਕਿ ਟੈਂਪਰੇਰੀ ਵੀਜ਼ਾ ’ਤੇ ਆਏ ਪਰ ਸਮੇਂ ਸਿਰ ਵਾਪਸੀ ਨਾ ਕਰਨ ਵਾਲੇ ਵਿਅਕਤੀਆਂ ਨੂੰ ਆਉਂਦੇ ਕੁਝ ਮਹੀਨਿਆਂ ਦੌਰਾਨ ਵੱਡੀ ਗਿਣਤੀ ਵਿਚ ਡਿਪੋਰਟ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਡਿਪੋਰਟ ਕੀਤੇ ਜਾਣ ਵਾਲੇ ਪਰਵਾਸੀਆਂ ਵਿਚੋਂ ਜ਼ਿਆਦਾਤਰ ਉਹ ਲੋਕ ਹੋ ਸਕਦੇ ਹਨ ਜਿਨ੍ਹਾਂ ਨੂੰ ਪਿਛਲੇ ਅੱਠ ਸਾਲ ਦੌਰਾਨ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਪਰ ਉਹ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਦੀਆਂ ਅੱਖਾਂ ਵਿਚ ਘੱਟਾ ਪਾਉਂਦਿਆਂ ਆਪਣਾ ਟਿਕਾਣਾ ਹੀ ਬਦਲ ਰਹੇ ਹਨ। ਗ੍ਰੇਟਰ ਵੈਨਕੂਵਰ ਬੋਰਡ ਆਫ਼ ਟਰੇਡ ਵੱਲੋਂ ਕਰਵਾਏ ਸਮਾਗਮ ਵਿਚ ਪੁੱਜੇ ਇਮੀਗ੍ਰੇਸ਼ਨ ਮੰਤਰੀ ਨੇ ਅੱਗੇ ਕਿਹਾ ਕਿ ਰੁਜ਼ਗਾਰਦਾਤਾਵਾਂ ਅਤੇ ਕਾਮਿਆਂ ਦਰਮਿਆਨ ਸਭ ਤੋਂ ਮਾੜੇ ਸਬੰਧ ਦੇਖਣੇ ਹੋਣ ਤਾਂ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਸ਼੍ਰੇਣੀ ਵਿਚ ਦੇਖੇ ਜਾ ਸਕਦੇ ਹਨ ਜਿੱਥੇ ਕਿਰਤੀਆਂ ਦਾ ਵੱਡੇ ਪੱਧਰ ’ਤੇ ਸ਼ੋਸ਼ਣ ਕੀਤਾ ਜਾਂਦਾ ਹੈ। ਖੇਤੀ ਸੈਕਟਰ ਅਤੇ ਫੂਡ ਪ੍ਰੋਸੈਸਿੰਗ ਵਿਚ ਤਾਂ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਬਣਦਾ ਮਿਹਨਤਾਨਾ ਵੀ ਨਹੀਂ ਮਿਲਦਾ ਪਰ ਫੈਡਰਲ ਸਰਕਾਰ ਵੱਲੋਂ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਅਥਾਹ ਆਮਦ ’ਤੇ ਰੋਕ ਲਾ ਦਿੱਤੀ ਗਈ ਹੈ ਅਤੇ ਹੁਣ ਸਸਤੇ ਵਿਦੇਸ਼ੀ ਮਜ਼ਦੂਰ ਮਿਲਣ ਵਾਲਾ ਦੌਰ ਲੰਘ ਚੁੱਕਾ ਹੈ। ਮਾਰਕ ਮਿਲਰ ਨੇ ਦੱਸਿਆ ਕਿ ਨਵੇਂ ਵਰ੍ਹੇ ਵਿਚ ਦਾਖਲ ਹੁੰਦਿਆਂ ਹਾਲਾਤ ਹੋਰ ਬਿਹਤਰ ਹੋਣਗੇ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਹੋਰ ਘਟ ਜਾਵੇਗੀ। ਉਨ੍ਹਾਂ ਦਲੀਲ ਦਿੱਤੀ ਕਿ ਕੈਨੇਡਾ ਵਿਚ ਮੌਜੂਦ ਕਿਰਤੀਆਂ ਨੂੰ ਪੀਆਰ ਦੇਣ ਵੱਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਅਤੇ ਵਿਦੇਸ਼ਾਂ ਤੋਂ ਕਿਰਤੀ ਸੱਦਣ ਦਾ ਰੁਝਾਨ ਘਟਾਇਆ ਗਿਆ ਹੈ। ਆਰਜ਼ੀ ਵੀਜ਼ਾ ’ਤੇ ਆਏ ਲੋਕਾਂ ਦਾ ਜ਼ਿਕਰ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵੀ ਵਾਪਸੀ ਨਹੀਂ ਕਰਦੇ ਅਤੇ ਇਸ ਤਰੀਕੇ ਨਾਲ ਉਹ ਕਾਨੂੰਨ ਤੋੜ ਰਹੇ ਹੁੰਦੇ ਹਨ। ਦੱਸ ਦੇਈਏ ਕਿ ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਅਪਰਾਧਿਕ ਸਰਗਰਮੀਆਂ ਵਿਚ ਸ਼ਾਮਲ ਪਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਤਾਂ ਜਾਰੀ ਹੋਏ ਪਰ 2018 ਤੱਕ 1,200 ਲੋਕ ਕੈਨੇਡਾ ਵਿਚ ਹੀ ਮੌਜੂਦ ਸਨ। ਉੱਧਰ ਅਮਰੀਕਾ ਚੋਣਾਂ ਵਿਚ ਡੋਨਲਡ ਟਰੰਪ ਦੀ ਜਿੱਤ ਮਗਰੋਂ ਪੈਦਾ ਹੋਏ ਹਾਲਾਤ ਬਾਰੇ ਮਾਰਕ ਮਿਲਰ ਨੇ ਕਿਹਾ ਕਿ ਉਹ ਟੌਮ ਹੋਮੈਨ ਨਾਲ ਸਿੱਧੀ ਗੱਲਬਾਤ ਕਰਨਾ ਚਾਹੁਣਗੇ। ਬਿਨਾਂ ਸ਼ੱਕ ਗੱਲਬਾਤ ਦਾ ਰਾਹ ਸੁਖਾਲਾ ਨਹੀਂ ਹੋਵੇਗਾ ਪਰ ਕੈਨੇਡਾ ਉਮੀਦ ਕਰਦਾ ਹੈ ਕਿ ਨਵੀਂ ਅਮਰੀਕੀ ਸਰਕਾਰ ਸੇਫ਼ ਥਰਡ ਕੰਟਰੀ ਐਗਰੀਮੈਂਟ ਦੀ ਪਾਲਣਾ ਯਕੀਨੀ ਬਣਾਵੇਗੀ।

ਗ਼ੈਰ-ਕਾਨੂੰਨੀ ਪਰਵਾਸੀਆਂ ਡਿੱਗੇਗੀ ਗਾਜ, ਡਿਪੋਰਟ ਕਰੇਗੀ ਟਰੂਡੋ ਸਰਕਾਰ Read More »

ਤਖ਼ਤ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ

ਤਲਵੰਡੀ ਸਾਬੋ, 15 ਨਵੰਬਰ – ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਵੱਡੀ ਗਿਣਤੀ ਸੰਗਤ ਤਖ਼ਤ ਸਾਹਿਬ ਸਮੇਤ ਇੱਥੋਂ ਦੇ ਹੋਰ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਈ। ਤਖ਼ਤ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿੱਚ ਪਹਿਲੀ ਪਾਤਸ਼ਾਹੀ ਦੇ ਅਵਤਾਰ ਪੁਰਬ ਦੇ ਸਬੰਧ ’ਚ ਪਿਛਲੇ ਦੋ ਦਿਨ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠਾਂ ਦੇ ਅੱਜ ਭੋਗ ਪਾਏ ਗਏ ਅਤੇ ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਅਰਦਾਸ ਕੀਤੀ ਗਈ। ਸੰਬੋਧਨ ਕਰਦਿਆਂ ਭਾਈ ਜਗਤਾਰ ਸਿੰਘ ਅਤੇ ਲੰਗਰ ਸੰਤ ਸੇਵਕ ਜਥਾ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਕਾਕਾ ਸਿੰਘ ਨੇ ਸੰਗਤ ਨੂੰ ਅਵਤਾਰ ਪੁਰਬ ਦੀ ਵਧਾਈ ਦਿੱਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ’ਤੇ ਚੱਲਣ ਦੀ ਅਪੀਲ ਕੀਤੀ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਹਜ਼ੂਰੀ ਰਾਗੀ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ ਅਤੇ ਤਖ਼ਤ ਸਾਹਿਬ ਦੇ ਕਥਾਵਾਚਕ ਭਾਈ ਜਗਤਾਰ ਸਿੰਘ ਕੀਰਤਨਪੁਰੀਆ ਨੇ ਗੁਰ ਇਤਿਹਾਸ ਬਾਰੇ ਸੰਗਤ ਨੂੰ ਚਾਨਣਾ ਪਾਇਆ। ਗੁਰਪੁਰਬ ਮੌਕੇ ਜਿੱਥੇ ਸ਼ਰਧਾਵਾਨਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਲੰਗਰ ਲਾਏ ਗਏ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੰਗਤ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਤਖ਼ਤ ਸਾਹਿਬ ਅਤੇ ਇੱਥੋਂ ਦੇ ਹੋਰ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। ਭੋਗਾਂ ਸਮੇਂ ਤਖ਼ਤ ਸਾਹਿਬ ਦੇ ਪ੍ਰਬੰਧਕੀ ਅਮਲੇ, ਨਗਰ ਦੇ ਮੋਹਤਵਰਾਂ ਅਤੇ ਸਿੱਖ ਸੰਗਤਾਂ ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਇਲਾਕੇ ਦੀ ਨਾਮਵਰ ਧਾਰਮਿਕ ਸੰਸਥਾ ਗੁਰਦੁਆਰਾ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ ਵਿਖੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰਨ ਸ਼ਰਧਾ ਨਾਲ ਮਨਾਇਆ ਗਿਆ। ਜਿੱਥੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ ਤੇ ਕੀਰਤਨੀ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ। ਮਸਤੂਆਣਾ ਸਾਹਿਬ ਦੇ ਮੁੱਖ ਸੰਚਾਲਕ ਬਾਬਾ ਕਾਕਾ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਇਲਾਕੇ ਦੇ ਹੋਰ ਧਾਰਮਿਕ ਅਸਥਾਨਾਂ ਵਿੱਚ ਵੀ ਪਹਿਲੀ ਪਾਤਸ਼ਾਹੀ ਦਾ ਅਵਤਾਰ ਪੁਰਬ ਪੂਰਨਸ਼ਰਧਾ ਨਾਲ ਮਨਾਇਆ ਗਿਆ। ਇੱਥੋਂ ਦੀ ਸਿੱਖਿਆ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਤੂਰ ਵਿੱਚ ਪ੍ਰਿੰਸੀਪਲ ਅਮਰਦੀਪ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਸਮੇਂ ਸਕੂਲ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਗਿਆ। ਸਕੂਲ ਪ੍ਰਬੰਧਕਾਂ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਮਿਲ ਕੇ ਸ਼ਰਧਾ ਪੂਰਵਕ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕੀਤੇ, ਉਪਰੰਤ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ, ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਸ਼ਹਿਣਾ (ਪੱਤਰ ਪ੍ਰੇਰਕ): ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਵਿੱਚ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਦਿਹਾੜਾ ਉਤਸ਼ਾਹ ਅਤੇ ਸਰਧਾ ਨਾਲ ਮਨਾਇਆ ਗਿਆ। ਇਸ ਮੌਕੇ ਚਲ ਰਹੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਪ੍ਰਸਿੱਧ ਵਿਦਵਾਨ ਬਾਬਾ ਹਰਬੰਸ ਸਿੰਘ ਜੈਨਪੁਰ ਵਾਲਿਆਂ ਨੇ ਦੀਵਾਨ ਸਜਾਏ। ਉਨ੍ਹਾਂ ਨੇ ਸੰਗਤ ਨੂੰ ਗੁਰੂ, ਗੁਰਬਾਣੀ, ਗੁਰੂ ਘਰ ਅਤੇ ਬਾਣੇ ਨਾਲ ਜੁੜਨ ਦਾ ਸੱਦਾ ਦਿੱਤਾ। ਕਸਬੇ ਸ਼ਹਿਣਾ ਦੇ ਹੀ ਗੁਰਦੁਆਰਾ ਬਾਬਾ ਜੀਵਨ ਸਿੰਘ, ਗੁਰਦੁਆਰਾ ਸ੍ਰੀ ਤ੍ਰਿਵੈਣੀ ਸਾਹਿਬ ਵਿਖੇ ਵੀ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਰਾਤ ਸਮੇਂ ਦੀਪਮਾਲਾ ਕੀਤੀ ਗਈ ਅਤੇ ਚਾਹ ਪਕੌੜਿਆਂ ਦੇ ਲੰਗਰ ਚਲਾਏ ਗਏ। ਪ੍ਰਕਾਸ਼ ਪੁਰਬ ਮੌਕੇ ਭੁੱਚੋ ਮੰਡੀ ਵਿੱਚ ਨਗਰ ਕੀਰਤਨ ਸਜਾਇਆਭੁੱਚੋ ਮੰਡੀ (ਪਵਨ ਗੋਇਲ): ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਮੌਕੇ ਗੁਰੂ ਅਰਜਨ ਦੇਵ ਨਗਰ ਭੁੱਚੋ ਮੰਡੀ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਪ੍ਰਬੰਧਕਾਂ ਨੇ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ। ਇਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਅੱਗੇ ਨਤਮਸਤਕ ਹੋਏ। ਨਗਰ ਕੀਰਤਨ ਦਾ ਗੁਰਦੁਆਰਾ ਬਾਬਾ ਨਾਮਦੇਵ ਅਤੇ ਗੁਰਦੁਆਰਾ ਭਗਤ ਰਵੀਦਾਸ ਦੇ ਪ੍ਰਬੰਧਕਾਂ ਨੇ ਭਰਵਾਂ ਸੁਆਗਤ ਕੀਤਾ ਅਤੇ ਪੰਜ ਪਿਆਰਿਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਧਾਨ ਸਾਧੂ ਸਿੰਘ, ਡਾ. ਗੁਰਦੀਪ ਸਿੰਘ ਅਤੇ ਕਰਮ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਕੌਂਸਲਰ ਪ੍ਰਿੰਸ ਗੋਲਨ, ਰਾਜਵਿੰਦਰ ਰੰਗੀਲਾ, ਵਰਿੰਦਰ ਸਿੰਘ ਵਿੱਕੀ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸ਼ਮੂਲੀਅਤ ਕੀਤੀ।

ਤਖ਼ਤ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ Read More »

ਮੀਤ ਹੇਅਰ ਦੇ ਚੋਣ ਪ੍ਰਚਾਰ ਤੋਂ ਪਹਿਲਾਂ ਕਿਸਾਨਾਂ ਵੱਲੋਂ ਨਾਅਰੇਬਾਜ਼ੀ

ਪੱਖੋ ਕੈਂਚੀਆਂ, 15 ਨਵੰਬਰ – ਬਰਨਾਲਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਪਿੰਡ ਜੋਧਪੁਰ ਪਹੁੰਚੇ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿਰੁੱਧ ਕਿਸਾਨਾਂ ਨੇ ਨਾਅਰੇਬਾਜ਼ੀ ਕਰ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿਸਾਨ ਆਗੂ ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਸਰਕਾਰ ਵਿਰੁੱਧ ਸੱਚਾਈ ਬਿਆਨ ਕਰਦੇ ਹੋਏ ਬੈਨਰ ਲੱਗੇ ਸਨ ਜਿਨ੍ਹਾਂ ਨੂੰ ਸੰਸਦ ਮੈਂਬਰ ਦੇ ਇਸ਼ਾਰੇ ’ਤੇ ਪਾੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਸਟਰਾਂ ’ਤੇ ਕਿਸਾਨਾਂ ਦੇ ਮੰਡੀਆਂ ਦੇ ਹਾਲ, ਨਸ਼ੇ, ਗੁੰਡਾਗਰਦੀ ਆਦਿ ਬਾਰੇ ਲਿਖਿਆ ਹੋਇਆ ਸੀ, ਜਿਸ ਨੂੰ ਪਿੰਡ ਦੇ ਕੁਝ ਨੌਜਵਾਨਾਂ ਨੇ ਪਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਸਟਰਾਂ ਨੂੰ ਕਿਸ ਨੇ ਲਗਾਇਆ, ਇਹ ਪਤਾ ਨਹੀਂ ਪਰ ਪੋਸਟਰ ਸੱਚਾਈ ਬਿਆਨ ਕਰ ਰਹੇ ਹਨ। ਸਰਕਾਰ ਕਿਸਾਨਾਂ ਦੀ ਸਾਰ ਲੈਣ ਦੀ ਥਾਂ ਹੁਣ ਆਪਣੇ ਵਿਰੁੱਧ ਲੱਗੇ ਬੈਨਰ ਪਟਵਾਉਣ ਦੀਆਂ ਘਟੀਆ ਹਰਕਤਾਂ ਕਰ ਰਹੀ ਹੈ, ਜਦਕਿ ਉਹ ਮੰਡੀਆਂ ਵਿੱਚ ਕਈ ਦਿਨਾਂ ਤੋਂ ਰੁਲ ਰਹੇ ਹਨ, ਪ੍ਰੰਤੂ ਸਰਕਾਰ ਤੇ ‘ਆਪ’ ਆਗੂ ਕਿਸਾਨਾਂ ਦੀ ਸਾਰ ਲੈਣ ਦੀ ਥਾਂ ਵੋਟਾਂ ਮੰਗਣ ਲਈ ਭੱਜੀ ਫਿਰਦੇ ਹਨ। ਦੂਜੇ ਪਾਸੇ ਪੋਸਟਰ ਪਾੜਨ ਵਾਲੇ ਨੌਜਵਾਨ ਨੇ ਕਿਹਾ ਕਿ ਇਹ ਪੋਸਟਰ ਸ਼ਰਾਰਤੀ ਅਨਸਰਾਂ ਵੱਲੋਂ ਲਗਾਏ ਗਏ ਸਨ। ਇਹ ਕਿਸੇ ਪਾਰਟੀ ਦੇ ਨਹੀਂ ਸਨ, ਜਿਸ ਕਰਕੇ ਉਨ੍ਹਾਂ ਨੇ ਪੋਸਟਰ ਪਾੜ ਦਿੱਤੇ ਹਨ।

ਮੀਤ ਹੇਅਰ ਦੇ ਚੋਣ ਪ੍ਰਚਾਰ ਤੋਂ ਪਹਿਲਾਂ ਕਿਸਾਨਾਂ ਵੱਲੋਂ ਨਾਅਰੇਬਾਜ਼ੀ Read More »

ਅਦਾਲਤ ਨੇ ਬਿਭਵ ਕੁਮਾਰ ਦੀ ਪਟੀਸ਼ਨ ’ਤੇ ਪੁਲਿਸ ਤੋਂ ਜਵਾਬ ਮੰਗਿਆ

ਨਵੀਂ ਦਿੱਲੀ, 16 ਨਵੰਬਰ – ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਸ਼ਨਿੱਚਰਵਾਰ ਨੂੰ ਬਿਭਵ ਕੁਮਾਰ ਦੀ ਰਿਵੀਜ਼ਨ ਪਟੀਸ਼ਨ ’ਤੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਉਸ ਦੇ ਖ਼ਿਲਾਫ਼ ਦਾਇਰ ਚਾਰਜਸ਼ੀਟ ਦੇ ਨੋਟਿਸ ਨੂੰ ਚੁਣੌਤੀ ਦਿੱਤੀ ਗਈ ਸੀ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਵਧੀਕ ਸੈਸ਼ਨ ਜੱਜ ਅਭਿਸ਼ੇਕ ਗੋਇਲ ਨੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ’ਤੇ ਜਵਾਬ ਮੰਗਿਆ ਅਤੇ ਮਾਮਲੇ ਨੂੰ ਅਗਲੇ ਮਹੀਨੇ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ। ਐਡਵੋਕੇਟ ਮਨੀਸ਼ ਬੈਦਵਾਨ ਨੇ ਕਾਗਨੀਜ਼ੈਂਸ ਨੂੰ ਚੁਣੌਤੀ ਦੇਣ ਵਾਲੀ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿਚ ਪੇਸ਼ ਕੀਤਾ ਗਿਆ ਹੈ ਕਿ ਟ੍ਰਾਇਲ ਕੋਰਟ ਇਮਪੱਗਡ ਆਰਡਰ ਪਾਸ ਕਰਦੇ ਸਮੇਂ ਆਪਣੀ ਮਨਮਰਜ਼ੀ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ ਅਤੇ ਸਬੰਧਤ ਕਾਨੂੰਨ ਨੂੰ ਵਿਚਾਰੇ ਬਿਨਾਂ ਅਤੇ ਬੀਐਨਐਸਐਸ ਵਿੱਚ ਦੱਸੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਇੱਕ ਮਸ਼ੀਨੀ ਤਰੀਕੇ ਨਾਲ ਆਦੇਸ਼ ਪਾਸ ਕਰਦੀ ਰਹੀ। ਜ਼ਿਕਰਯੋਗ ਹੈ ਕਿ 30 ਜੁਲਾਈ ਨੂੰ ਤੀਸ ਹਜ਼ਾਰੀ ਅਦਾਲਤ ਨੇ ਬਿਭਵ ਕੁਮਾਰ ਦੇ ਖ਼ਿਲਾਫ਼ ਦਾਇਰ ਚਾਰਜਸ਼ੀਟ ’ਤੇ ਨੋਟਿਸ ਲਿਆ ਸੀ। 16 ਜੁਲਾਈ ਨੂੰ ਦਿੱਲੀ ਪੁਲਿਸ ਨੇ ਤੀਸ ਹਜ਼ਾਰੀ ਕੋਰਟ ਵਿੱਚ ਸਵਾਤੀ ਮਾਲੀਵਾਲ ਹਮਲੇ ਵਿੱਚ ਉਸਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਰਿਸ਼ਵ ਕੁਮਾਰ ਇਸ ਮਾਮਲੇ ’ਚ ਜ਼ਮਾਨਤ ’ਤੇ ਹਨ। ਉਸ ਨੂੰ 18 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਗੌਰਵ ਗੋਇਲ ਨੇ ਚਾਰਜਸ਼ੀਟ ਦਾ ਨੋਟਿਸ ਲਿਆ ਸੀ। ਦਿੱਲੀ ਪੁਲੀਸ ਨੇ ਧਾਰਾ 308, 354, 354 ਬੀ, 506, 509, 341, ਆਈਪੀਸੀ ਅਤੇ ਆਈਪੀਸੀ ਦੀ ਧਾਰਾ 201 ਨੂੰ ਚਾਰਜਸ਼ੀਟ ਵਿੱਚ ਜੋੜਿਆ ਗਿਆ ਹੈ। ਸਬੂਤ ਵਜੋਂ, ਪੁਲੀਸ ਨੇ ਬਿਭਵ ਕੁਮਾਰ ਦਾ ਮੋਬਾਈਲ ਫ਼ੋਨ, ਸਿਮ ਕਾਰਡ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ/ਐਨਵੀਆਰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਦਿੱਲੀ ਪੁਲਿਸ ਦੀ ਚਾਰਜਸ਼ੀਟ 500 ਪੰਨਿਆਂ ਦੀ ਹੈ। ਦਿੱਲੀ ਪੁਲਿਸ ਨੇ 100 ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ 50 ਨੂੰ ਗਵਾਹ ਬਣਾਇਆ ਗਿਆ। ਕਥਿਤ ਘਟਨਾ 13 ਮਈ ਦੀ ਸਵੇਰ ਦੀ ਹੈ ਜੋ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਵਾਪਰੀ ਸੀ।

ਅਦਾਲਤ ਨੇ ਬਿਭਵ ਕੁਮਾਰ ਦੀ ਪਟੀਸ਼ਨ ’ਤੇ ਪੁਲਿਸ ਤੋਂ ਜਵਾਬ ਮੰਗਿਆ Read More »

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਚਰਨ ਸਿੰਘ ਦੀਆਂ ਦੋ ਪੁਸਤਕਾਂ ਰਿਲੀਜ਼

ਸਰੀ, 16 ਨਵੰਬਰ – ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਸਭਾ ਦੇ ਸਾਬਕਾ ਪ੍ਰਧਾਨ ਚਰਨ ਸਿੰਘ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ ‘ਚਰਨ ਸਿੰਘ ਦਾ ਸਮੁੱਚਾ ਸਾਹਿਤ’ ਤੇ ‘ਸਿਲਸਿਲੇ’ ਰਿਲੀਜ਼ ਕਰਨ ਲਈ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਚਰਨ ਸਿੰਘ ਅਤੇ ਬਿੱਕਰ ਸਿੰਘ ਖੋਸਾ ਨੇ ਕੀਤੀ। ਇਹ ਸਮਾਗਮ ਕੈਨੇਡਾ ਦੇ ਸ਼ਹੀਦਾਂ ਲਈ ‘ਯਾਦਗਾਰੀ ਦਿਵਸ’ ਨੂੰ ਸਮਰਪਿਤ ਰਿਹਾ। ਸਭਾ ਦੇ ਬਾਨੀ ਤਾਰਾ ਸਿੰਘ ਹੇਅਰ ਅਤੇ ਮਰਹੂਮ ਸ਼ਾਇਰ ਗਿੱਲਮੋਰਾਂ ਵਾਲੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ ਗਿਆ। ਰਿਲੀਜ਼ ਕੀਤੀ ਗਈ ਪੁਸਤਕ ‘ਚਰਨ ਸਿੰਘ ਦਾ ਸਮੁੱਚਾ ਸਾਹਿਤ’ ਉੱਪਰ ਇਤਿਹਾਸਕਾਰ ਪ੍ਰੋ: ਕਸ਼ਮੀਰਾ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ‘ਸਿਲਸਿਲੇ’ ਨਾਵਲ ਉੱਪਰ ਪ੍ਰਿਤਪਾਲ ਗਿੱਲ, ਇੰਦਰਜੀਤ ਸਿੰਘ ਧਾਮੀ ਅਤੇ ਡਾ. ਦਵਿੰਦਰ ਕੌਰ ਨੇ ਪਰਚੇ ਪੜ੍ਹੇ। ਚਰਨ ਸਿੰਘ ਨੇ ਆਪਣੀਆਂ ਦੋਹਾਂ ਪੁਸਤਕਾਂ ਬਾਰੇ ਸੰਖੇਪ ਵਿਚ ਜਾਣਕਾਰੀ ਸਾਂਝੀ ਕੀਤੀ। ਸੁਰਜੀਤ ਸਿੰਘ ਮਾਧੋਪੁਰੀ, ਸੁਰਜੀਤ ਸਿੰਘ ਬਾਠ, ਦਰਸ਼ਨ ਸੰਘਾ, ‍ਡਾ. ਪ੍ਰਿਥੀਪਾਲ ਸਿੰਘ ਸੋਹੀ, ਗੁਰਮੀਤ ਸਿੰਘ ਸਿੱਧੂ, ਅਮਰੀਕ ਪਲਾਹੀ ਅਤੇ ਨਰਿੰਦਰ ਪੰਨੂ ਨੇ ਵੀ ਪੁਸਤਕਾਂ ਉੱਪਰ ਚਰਚਾ ਕੀਤੀ। ਸਭਾ ਵੱਲੋਂ ਚਰਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਮੌਕੇ ਕਵਿਤਾਵਾਂ, ਵਿਚਾਰਾਂ ਨਾਲ ਉਹਨਾਂ ਦੀ ਖੋਜ ਅਤੇ ਫ਼ਲਸਫ਼ੇ ਦੀ ਚਰਚਾ ਕੀਤੀ ਗਈ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਲੇਲ੍ਹ, ਦਵਿੰਦਰ ਕੌਰ ਜੌਹਲ, ਹਰਚੰਦ ਸਿੰਘ ਬਾਗੜੀ, ਚਮਕੌਰ ਸਿੰਘ ਸੇਖੋਂ, ਬੇਅੰਤ ਸਿੰਘ ਢਿੱਲੋਂ, ਹਰਪਾਲ ਸਿੰਘ ਬਰਾੜ, ਹਰਚੰਦ ਸਿੰਘ ਗਿੱਲ, ਮਨਜੀਤ ਸਿੰਘ ਮੱਲ੍ਹਾ, ਖੁਸ਼ਹਾਲ ਸਿੰਘ ਗਲੋਟੀ, ਪਰਮਿੰਦਰ ਕੌਰ ਬਾਗੜੀ, ਅਰਜਨ ਸਿੰਘ ਧੰਜੂ, ਵੀਤ ਬਾਦਸ਼ਾਹਪੁਰੀ, ਗੁਰਮੁਖ ਸਿੰਘ ਮੋਰਿੰਡਾ, ਜਿਲੇ ਸਿੰਘ, ਕੁਲਦੀਪ ਸਿੰਘ ਜਗਪਾਲ, ਬਲਜੀਤ ਸਿੰਘ ਗਿੱਲ ਅਤੇ ਗੁਰਚਰਨ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ।

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਚਰਨ ਸਿੰਘ ਦੀਆਂ ਦੋ ਪੁਸਤਕਾਂ ਰਿਲੀਜ਼ Read More »

ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ

ਚੰਡੀਗੜ੍ਹ, 16 ਨਵੰਬਰ – ਐਮਐਸਪੀ ਲੀਗਲ ਗਾਰੰਟੀ ਕਾਨੂੰਨ ਲਿਆਉਣ ਦੀ ਮੰਗ ਨੂੰ ਲੈਕੇ ਚੱਲ ਰਹੇ ਅੰਦੋਲਨ ਨੂੰ ਹੁਣ ਕਿਸਾਨ ਅਗਲੇ ਪੜਾਅ ‘ਤੇ ਲੈਕੇ ਜਾਣ ਦੀ ਤਿਆਰੀ ਕਰ ਰਹੇ ਹਨ। ਅੱਜ ਸ਼ਨੀਵਾਰ ਨੂੰ ਕਿਸਾਨ ਇੱਕ ਵਾਰ ਫਿਰ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮੀਡੀਆ ਨਾਲ ਗੱਲਬਾਤ ਕਰਨ ਜਾ ਰਹੇ ਹਨ। ਜਿਸ ਵਿੱਚ ਉਹ ਆਉਣ ਵਾਲੀਆਂ ਨੀਤੀਆਂ ਬਾਰੇ ਜਾਣਕਾਰੀ ਦੇਣਗੇ। ਕਿਸਾਨ ਆਗੂ ਨੇ ਦੋਸ਼ ਲਾਇਆ ਹੈ ਕਿ ਜਦੋਂ ਤੋਂ ਮਹਾਰਾਸ਼ਟਰ ਵਿੱਚ ਚੋਣਾਂ ਹਨ, ਭਾਜਪਾ ਹੁਣ ਉਥੋਂ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਅਜੇ ਵੀ ਐਮਐਸਪੀ ਕਾਨੂੰਨੀ ਗਰੰਟੀ ਬਿੱਲ ਲਿਆਉਣ ਦੀ ਮੰਗ ’ਤੇ ਅੜੇ ਹੋਏ ਹਨ। ਪਰ ਭਾਜਪਾ ਸਰਕਾਰ ਇਸ ਤੋਂ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀਆਂ ਨੀਤੀਆਂ ਕਾਰਨ ਹੀ ਮਹਿੰਗਾਈ ਦਰ 6.25 ਫੀਸਦੀ ਤੋਂ ਵੱਧ ਹੈ। ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਕਮਜ਼ੋਰ ਹੋ ਰਿਹਾ ਹੈ। ਭਾਜਪਾ ਗਰੀਬ ਮਜ਼ਦੂਰਾਂ ਲਈ ਕੋਈ ਸਕੀਮ ਨਹੀਂ ਦੇ ਸਕੀ। ਭਾਰਤ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਲੋਕ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਣਗੇ ਅਤੇ ਕਿਸਾਨਾਂ ਨੂੰ ਲੋਕਾਂ ਦਾ ਸਹਿਯੋਗ ਮਿਲੇਗਾ। ਅੱਜ ਬਾਅਦ ਦੁਪਹਿਰ ਹੋਣ ਵਾਲੀ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਆਗੂ ਵੱਡੇ ਐਲਾਨ ਕਰਨਗੇ। ਵੱਖ-ਵੱਖ ਮੰਗਾਂ ਨੂੰ ਲੈ ਕੇ ਸ਼ੰਭੂ ਸਰਹੱਦ ‘ਤੇ ਕਿਸਾਨਾਂ ਦਾ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਹ ਪ੍ਰਦਰਸ਼ਨ ਮੁੱਖ ਤੌਰ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ‘ਤੇ ਕਾਨੂੰਨੀ ਗਾਰੰਟੀ, ਬਜ਼ੁਰਗ ਕਿਸਾਨਾਂ ਅਤੇ ਮਜ਼ਦੂਰਾਂ ਲਈ ਮਹੀਨਾਵਾਰ ਪੈਨਸ਼ਨ ਅਤੇ ਕਿਸਾਨ ਕਰਜ਼ਾ ਮੁਆਫ਼ੀ ਵਰਗੀਆਂ ਮੰਗਾਂ ‘ਤੇ ਕੇਂਦਰਿਤ ਹੈ। ਇਸ ਅੰਦੋਲਨ ਦੀ ਅਗਵਾਈ ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਕਰ ਰਹੇ ਹਨ। ਅੰਦੋਲਨ ਕਾਰਨ ਸਥਾਨਕ ਨਿਵਾਸੀਆਂ, ਵਪਾਰੀਆਂ ਅਤੇ ਵਿਦਿਆਰਥੀਆਂ ਦੇ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੋਏ ਹਨ। ਉਧਰ, ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਸੜਕਾਂ ਕਿਸਾਨਾਂ ਨੇ ਨਹੀਂ ਸਗੋਂ ਸਰਕਾਰ ਨੇ ਜਾਮ ਕੀਤੀਆਂ ਹਨ।

ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ Read More »

ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆ ਖੁਰਦ ਦੇ ਕ‌ਈ ਪਰਿਵਾਰ ਕਾਂਗਰਸ ‘ਚ ਹੋਏ ਸ਼ਾਮਲ

ਡੇਰਾ ਬਾਬਾ ਨਾਨਕ, 16 ਨਵੰਬਰ – ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆਂ ਕਲਾਂ ਵਿਖੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਨੇ ਪਿੰਡ ਜੌੜੀਆਂ ਕਲਾਂ ਵਿਖੇ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੀਆਂ ਪੰਜਾਬ ਮਾਰੂ ਨੀਤੀਆਂ ਤੋਂ ਛੁਟਕਾਰਾ ਪਾਉਣ ਲ‌ਈ 20 ਨਵੰਬਰ ਵੋਟਾ ਵਾਲੇ ਦਿਨ ਪੰਜੇ ਦੇ ਚੋਣ ਨਿਸ਼ਾਨ ਵਾਲਾ 2 ਨੰਬਰ ਬਟਨ ਦਬਾ ਕੇ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ,ਝੂਠੇ ਬਦਲਾਅ ਤੋਂ ਮੁਕਤੀ ਪਾਉਣ ਲਈ ਕਾਂਗਰਸ ਪਾਰਟੀ ਦਾ ਹੱਥ ਮਜ਼ਬੂਤ ਕਰਨ ਲਈ ਸਾਬਕਾ ਚੇਅਰਮੈਨ ਤਰਸੇਮ ਸਹੋਤਾ,ਰਿਟਾਇਰਡ ਪ੍ਰਿੰਸੀਪਲ ਮੁਖਤਿਆਰ ਮਸੀਹ,ਮਨੀ ਗਿੱਲ, ਮਾਈਕਲ,ਜਵਾਹਰ ਅਤੇ ਰਜਤ ਕੁਮਾਰ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਘਰ ਵਾਪਸੀ ਤੇ ਸਾਰੇ ਪੱਤਵੰਤੇ ਸੱਜਣਾ ਦਾ ਪੂਰਜੋਰ ਸਵਾਗਤ ਕੀਤਾ ਅਤੇ ਕਾਂਗਰਸ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦੇਣ ਦਾ ਅਟੁੱਟ ਵਿਸ਼ਵਾਸ ਦਿਵਾਇਆ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ

ਡੇਰਾ ਬਾਬਾ ਨਾਨਕ ਦੇ ਪਿੰਡ ਜੋੜੀਆ ਖੁਰਦ ਦੇ ਕ‌ਈ ਪਰਿਵਾਰ ਕਾਂਗਰਸ ‘ਚ ਹੋਏ ਸ਼ਾਮਲ Read More »

ਟੈਂਪੂ ਅਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ, ਲਾੜਾ ਲਾੜੀ ਸਮੇਤ 7 ਦੀ ਹੋਈ ਦਰਦਨਾਕ ਮੌਤ

ਬਿਜਨੌਰ, 16 ਨਵੰਬਰ – ਉੱਤਰ ਪ੍ਰਦੇਸ਼ ਦੇ ਬਿਜਨੌਰ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇੱਕ ਕਾਰ ਨੇ ਥ੍ਰੀ ਵ੍ਹੀਲਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਉਹ ਸੜਕ ਕਿਨਾਰੇ ਖਾਈ ਵਿੱਚ ਜਾ ਡਿੱਗੀ। ਬਰਾਤ ਝਾਰਖੰਡ ਤੋਂ ਵਾਪਸ ਆ ਰਿਹਾ ਸੀ ਪਰ ਬਿਜਨੌਰ ਨੇੜੇ ਹਾਦਸਾਗ੍ਰਸਤ ਹੋ ਗਈ। ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਇਸ ਹਾਦਸੇ ‘ਚ ਦੋ ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਧਾਮਪੁਰ ਥਾਣਾ ਖੇਤਰ ਦੇ ਪਿੰਡ ਤਿਬੜੀ ਦੇ ਰਹਿਣ ਵਾਲੇ ਸਨ। ਮਰਨ ਵਾਲਿਆਂ ਵਿਚ 4 ਪੁਰਸ਼, 2 ਔਰਤਾਂ ਅਤੇ ਇਕ ਲੜਕੀ ਸ਼ਾਮਲ ਹੈ। ਇਹ ਹਾਦਸਾ ਧਾਮਪੁਰ ਥਾਣਾ ਅਧੀਨ ਦੇਹਰਾਦੂਨ-ਨੈਨੀਤਾਲ ਰਾਸ਼ਟਰੀ ਰਾਜਮਾਰਗ-74 ਦੇ ਫਾਇਰ ਸਟੇਸ਼ਨ ਨੇੜੇ ਵਾਪਰਿਆ। ਮਰਨ ਵਾਲਿਆਂ ਵਿੱਚ ਇੱਕ ਹੀ ਪਰਿਵਾਰ ਦੇ ਸਨ 6 ਮੈਂਬਰ ਮੀਡੀਆ ਰਿਪੋਰਟਾਂ ਮੁਤਾਬਕ ਤਿੰਨ ਪਹੀਆ ਵਾਹਨ ਨੂੰ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਥ੍ਰੀ ਵ੍ਹੀਲਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਥ੍ਰੀ ਵ੍ਹੀਲਰ ‘ਚ ਸਵਾਰ ਲੋਕ ਝਾਰਖੰਡ ‘ਚ ਵਿਆਹ ਕਰਵਾ ਕੇ ਦੁਲਹਨ ਨਾਲ ਵਾਪਸ ਆਪਣੇ ਪਿੰਡ ਤਿਬੜੀ ਆ ਰਹੇ ਸਨ। ਮ੍ਰਿਤਕਾਂ ਵਿੱਚ 65 ਸਾਲਾ ਖੁਰਸ਼ੀਦ, ਉਸ ਦਾ ਪੁੱਤਰ 25 ਸਾਲਾ ਵਿਸ਼ਾਲ, 22 ਸਾਲਾ ਨੂੰਹ ਖੁਸ਼ੀ, 45 ਸਾਲਾ ਮੁਮਤਾਜ਼, 32 ਸਾਲਾ ਰੂਬੀ ਅਤੇ 10 ਸਾਲਾ ਬੁਸ਼ਰਾ ਸ਼ਾਮਲ ਹਨ। ਲਾੜਾ-ਲਾੜੀ ਅਤੇ ਉਨ੍ਹਾਂ ਦਾ ਪਰਿਵਾਰ ਰਾਤ ਕਰੀਬ 1:30 ਵਜੇ ਮੁਰਾਦਾਬਾਦ ਸਟੇਸ਼ਨ ‘ਤੇ ਉਤਰੇ। ਉਥੋਂ ਉਹ ਟੈਂਪੂ ‘ਚ ਸਵਾਰ ਹੋ ਕੇ ਆਪਣੇ ਪਿੰਡ ਤਿੱਬੜੀ ਜਾ ਰਹੇ ਸਨ ਪਰ ਜਦੋਂ ਉਹ ਧਾਮਪੁਰ ਨਗੀਨਾ ਰੋਡ ‘ਤੇ ਫਾਇਰ ਸਟੇਸ਼ਨ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਪਿੱਛੇ ਤੋਂ ਆਈ ਕ੍ਰੇਟਾ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜ਼ਖ਼ਮੀ ਛੇ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਥ੍ਰੀ ਵ੍ਹੀਲਰ ਚਾਲਕ ਅਜੈਬ ਦੀ ਮੌਤ ਉਸ ਸਮੇਂ ਹੋ ਗਈ ਜਦੋਂ ਉਸ ਨੂੰ ਬਿਜਨੌਰ ਲਿਆਂਦਾ ਜਾ ਰਿਹਾ ਸੀ। ਹਾਦਸੇ ਵਿੱਚ ਜ਼ਖ਼ਮੀ ਹੋਏ ਸ਼ੇਰਕੋਟ ਵਾਸੀ ਸੋਹੇਲ ਅਲਵੀ ਅਤੇ ਕਰੈਟਾ ਸਵਾਰ ਅਮਨ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੈਂਪੂ ਅਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ, ਲਾੜਾ ਲਾੜੀ ਸਮੇਤ 7 ਦੀ ਹੋਈ ਦਰਦਨਾਕ ਮੌਤ Read More »

ਮਹਾਰਾਸ਼ਟਰ ਦਾ ਹਾਲ

ਮਹਾਰਾਸ਼ਟਰ ਅਸੰਬਲੀ ਚੋਣਾਂ ਤੋਂ ਪੰਜ ਦਿਨ ਪਹਿਲਾਂ ਆਏ ਲੋਕਪੋਲ ਦੇ ਸਰਵੇ ਮੁਤਾਬਕ ਹੁਕਮਰਾਨ ਮਹਾਯੁਤੀ ਅਤੇ ਆਪੋਜ਼ੀਸ਼ਨ ਦੇ ਗੱਠਜੋੜ ਮਹਾਰਾਸ਼ਟਰ ਵਿਕਾਸ ਅਘਾੜੀ (ਐੱਮ ਵੀ ਏ) ਵਿਚਾਲੇ ਮੁਕਾਬਲਾ ਗਹਿਗੱਚ ਹੈ, ਪਰ ਐੱਮ ਵੀ ਏ ਨੂੰ ਥੋੜ੍ਹੀ ਬੜ੍ਹਤ ਹਾਸਲ ਹੈ | ਸਰਵੇ ਵਿੱਚ ਕਿਹਾ ਗਿਆ ਹੈ ਕਿ ਭਾਜਪਾ, ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਤੇ ਅਜੀਤ ਪਵਾਰ ਦੀ ਐੱਨ ਸੀ ਪੀ ਵਾਲੇ ਗੱਠਜੋੜ ਮਹਾਯੁਤੀ ਨੂੰ 288 ਵਿੱਚੋਂ 115-128 ਸੀਟਾਂ ਮਿਲ ਸਕਦੀਆਂ ਹਨ | ਕਾਂਗਰਸ, ਊਧਵ ਠਾਕਰੇ ਦੀ ਸ਼ਿਵ ਸੈਨਾ ਤੇ ਸ਼ਰਦ ਪਵਾਰ ਦੀ ਐੱਨ ਸੀ ਪੀ ਵਾਲੇ ਗੱਠਜੋੜ ਐੱਮ ਵੀ ਏ ਨੂੰ 151-162 ਸੀਟਾਂ ਮਿਲਣ ਦੇ ਆਸਾਰ ਹਨ | ਹੋਰਨਾਂ ਨੂੰ 5-14 ਸੀਟਾਂ ਮਿਲ ਸਕਦੀਆਂ ਹਨ | ਲੋਕਪੋਲ ਦਾ ਇਹ ਸਰਵੇ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਵਿਆਪਕ ਜ਼ਮੀਨੀ ਅਧਿਐਨ ‘ਤੇ ਅਧਾਰਤ ਹੈ | ਇਸ ਨੇ ਹਰੇਕ ਅਸੰਬਲੀ ਹਲਕੇ ਵਿਚ ਕਰੀਬ 300 ਦਾ ਸੈਂਪਲ ਸਰਵੇ ਕੀਤਾ | ਕੁਲ ਮਿਲਾ ਕੇ ਇਸ ਨੇ ਸਾਰੇ ਹਲਕਿਆਂ ਵਿੱਚ 86400 ਸੈਂਪਲ ਲਏ | ਸਰਵੇ ਵਿੱਚ ਸਿਰਫ ਸੀਟਾਂ ਦੀ ਹੀ ਭਵਿੱਖਬਾਣੀ ਨਹੀਂ ਕੀਤੀ ਗਈ, ਸਗੋਂ ਵੋਟ ਸ਼ੇਅਰ ਦਾ ਵੀ ਅਨੁਮਾਨ ਲਾਇਆ ਗਿਆ ਹੈ | ਸਰਵੇ ਮੁਤਾਬਕ ਮਹਾਯੁਤੀ ਨੂੰ 37-40 ਫੀਸਦੀ ਵੋਟਾਂ ਮਿਲ ਸਕਦੀਆਂ ਹਨ, ਜਦਕਿ ਐੱਮ ਵੀ ਏ ਨੂੰ 43-46 ਫੀਸਦੀ ਵੋਟਾਂ ਮਿਲ ਸਕਦੀਆਂ ਹਨ | ਹੋਰਨਾਂ ਨੂੰ 16-19 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ | ਸਰਵੇ ਮੁਤਾਬਕ ਭਾਜਪਾ ਵੱਲੋਂ ਧਰੁਵੀਕਰਨ ਦੀ ਸਿਆਸਤ ਮਹਾਯੁਤੀ ਨੂੰ ਪੁੱਠੀ ਪੈਣ ਵਾਲੀ ਹੈ | ਵੋਟਰਾਂ ਵਿੱਚ ਮੁੱਦਾ ਅਧਾਰਤ ਸਿਆਸਤ ਪ੍ਰਤੀ ਆਕਰਸ਼ਣ ਹੈ | ਖੇਤੀ, ਰੁਜ਼ਗਾਰ, ਮਹਿਲਾ ਸੁਰੱਖਿਆ ਤੇ ਮਹਿੰਗਾਈ ਵਰਗੇ ਮੁੱਦੇ ਲੋਕਾਂ ਲਈ ਅਹਿਮ ਹਨ | ਸਰਵੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਜਪਾ ਨੂੰ ਸਥਾਪਤੀ-ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ | ਸੀਨੀਅਰ ਭਾਜਪਾ ਆਗੂ ਦਵਿੰਦਰ ਫੜਨਵੀਸ ਦੇ ਅਕਸ ਨੂੰ ਨੁਕਸਾਨ ਪੁੱਜਾ ਹੈ ਤੇ ਸ਼ਿੰਦੇ ਸਭ ਤੋਂ ਪਾਪੂਲਰ ਆਗੂ ਬਣ ਕੇ ਉੱਭਰੇ ਹਨ | ਲੋਕ ਸਭਾ ਚੋਣਾਂ ਦੇ ਉਲਟ ਓ ਬੀ ਸੀ ਮਹਾਯੁਤੀ ਵੱਲ ਜਾ ਰਹੇ ਹਨ, ਪਰ ਹੋਰਨਾਂ ਮੁੱਦਿਆਂ ਕਾਰਨ ਇਸ ਦਾ ਓਨਾ ਅਸਰ ਨਹੀਂ ਹੈ | ਆਮ ਤੌਰ ‘ਤੇ ਮਰਾਠਾ ਐੱਮ ਵੀ ਏ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਹਨ, ਜਦਕਿ ਓ ਬੀ ਸੀ ਵੰਡੇ ਹੋਏ ਹਨ | ਸਰਵੇ ਮੁਤਾਬਕ ਕਾਂਗਰਸ ਵੱਡੀ ਪਾਰਟੀ ਵਜੋਂ ਉਭਰਦੀ ਦਿਖ ਰਹੀ ਹੈ | ਵੀ ਬੀ ਏ ਤੇ ਐੱਮ ਆਈ ਐੱਮ ਵਰਗੇ ਵੋਟਾਂ ਕੱਟਣ ਵਾਲਿਆਂ ਦਾ ਅਸਰ ਘੱਟ ਦਿਖ ਰਿਹਾ ਹੈ, ਪਰ ਬਾਗੀ ਕਾਫੀ ਅਸਰ ਪਾਉਣਗੇ | ਭਾਜਪਾ ਹਿੰਦੀ ਬੋਲਦੇ ਰਾਜਾਂ ਵਿੱਚ ਧਰੁਵੀਕਰਨ ਕਰਕੇ ਚੋਣਾਂ ਜਿੱਤਦੀ ਹੈ, ਪਰ ਮਹਾਰਾਸ਼ਟਰ ਦੇ ਲੋਕ ਧਰੁਵੀਕਰਨ ਤੋਂ ਦੂਰ ਰਹਿ ਕੇ ਮੁੱਦਿਆਂ ਦੀ ਸਿਆਸਤ ਪਸੰਦ ਕਰਦੇ ਹਨ | ਲੋਕਪੋਲ ਦਾ ਸਰਵੇ ਵੀ ਇਸ ਦੀ ਪੁਸ਼ਟੀ ਕਰਦਾ ਹੈ |

ਮਹਾਰਾਸ਼ਟਰ ਦਾ ਹਾਲ Read More »