admin

ਪੰਜਾਬੀ ਲੋਕ ਸੰਗੀਤ ਦੀ ਖੇਤਰੀ ਮਹਿਕ ਜਿਉਂਦੀ ਰੱਖਣ ਲਈ ਪੰਜਾਬੀ ਲੋਕ ਫਨਕਾਰਾਂ ਦੀ ਕਦਰ ਜ਼ਰੂਰੀ – ਕੰਵਰ ਗਰੇਵਾਲ

ਲੁਧਿਆਣਾ, 18 ਨਵੰਬਰ – ਵੱਖਰੇ ਲੋਕ ਅੰਦਾਜ਼ ਦੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਬੀਤੀ ਸ਼ਾਮ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੰਜਾਬੀ ਲੋਕ ਸੰਗੀਤ ਦੀ ਖੇਤਰੀ ਮਹਿਕ ਜਿਉਂਦੀ ਰੱਖਣ ਲਈ ਲੋਕ ਫਨਕਾਰਾਂ ਦੀ ਕਦਰਦਾਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਖ਼ੁਸ਼ਬੂ ਸ਼ਰੀਫ਼ ਈਦੂ ਦੇ ਸੰਗੀਤ ਵਿੱਚ ਸੀ ਜਾਂ ਦੇਸ ਰਾਜ ਲਚਕਾਨੀ ਦੀ ਢਾਡੀ ਕਲਾ ਵਿੱਚ ਹੈ, ਉਹ ਕਿਸੇ ਹੋਰ ਕੋਲ ਨਹੀਂ। ਇਸ ਕਿਸਮ ਦੇ ਅਨੇਕਾਂ ਹੋਰ ਕਲਾਕਾਰ ਗੁੰਮਨਾਮੀ ਦੇ ਆਲਮ ਵਿੱਚ ਜੀਅ ਰਹੇ ਹਨ। ਇਨ੍ਹਾਂ ਦੀ ਨਿਸ਼ਾਨਦੇਹੀ ਕਰਕੱ ਇਨ੍ਹਾਂ ਦੇ ਸੰਗੀਤ ਦੀ ਸੰਭਾਲ ਅਤੇ ਪਰਿਵਾਰਕ ਫਿਕਰਾਂ ਤੋਂ ਮੁਕਤੀ ਦਾ ਪ੍ਰਬੰਧ ਵੀ ਸੰਸਥਾਵਾਂ ਤੇ ਸਭਿਆਚਾਰਕ ਪ੍ਰਬੰਧ ਵੇਖਦੀਆਂ ਧਿਰਾਂ ਨੂੰ ਕਰਨਾ ਚਾਹੀਦਾ ਹੈ। ਕੰਵਰ ਗਰੇਵਾਲ ਨੇ ਕਿਹਾ ਕਿ ਸੰਗੀਤ ਕਲਾ ਤੇ ਸਾਹਿੱਤ ਦਾ ਅਟੁੱਟ ਰਿਸ਼ਤਾ ਹੈ ਜਿਸਨੂੰ ਨਿਭਾ ਕੇ ਹੀ ਭਵਿੱਖ ਦੀ ਸੁੰਦਰ ਰੂਪ ਰੇਖਾ ਉਲੀਕੀ ਜਾ ਸਕਦੀ ਹੈ। ਉਨ੍ਹਾਂ ਇਸ ਮੌਕੇ ਸਮਾਜ ਵਿੱਚ ਧੀਆਂ ਦੀ ਅਹਿਮੀਅਤ ਬਾਰੇ ਕੁਝ ਬੋਲ “ਧੀਏ ਨੀ ਗੁਲਕੰਦ ਵਰਗੀਏ, ਰੇਸ਼ਮ ਸੁੱਚੀ ਤੰਦ ਵਰਗੀਏ, ਰਾਤ ਹਨ੍ਹੇਰੀ ਵਿੱਚ ਤੂੰ ਚਮਕੇਂ, ਪੂਰਨਮਾਸ਼ੀ ਚੰਦ ਵਰਗੀਏ” ਗਾ ਕੇ ਸੁਣਾਏ। ਪੰਜਾਬੀ ਲੋਕ ਵਿਕਾਸਤ ਅਕਾਡਮੀ ਵੱਲੋਂ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ ਨੇ ਕੰਵਰ ਗਰੇਵਾਲ ਨੂੰ ਗੁਰਮੁਖੀ ਪੈਂਤੀ ਅੱਖਰੀ ਦੋਸ਼ਾਲਾ ਤੇ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮਾਝੇ ਦੀ ਗਾਇਕੀ ਦਾ ਰਸ ਜਾਨਣ ਲਈ ਅਮਰਜੀਤ ਗੁਰਦਾਸਪੁਰੀ, ਅਮਰੀਕ ਸਿੰਘ ਗਾਜ਼ੀਨੰਗਲ, ਜਸਬੀਰ ਖ਼ੁਸ਼ਦਿਲ ਦੇ ਗਾਏ ਗੀਤ, ਸੋਹਣ ਸਿੰਘ ਸੀਤਲ ਦੀਆਂ ਢਾਡੀ ਵਾਰਾਂ , ਜੋਗਾ ਸਿੰਘ ਜੋਗੀ, ਬਲਦੇਵ ਸਿੰਘ ਬੈਂਕਾ, ਸੁਲੱਖਣ ਸਿੰਘ ਰਿਆੜ ਤੇ ਗੁਰਮੁਖ ਸਿੰਘ ਐੱਮ ਅ ਦੀਆਂ ਕਵੀਸ਼ਰੀਆਂ ਸੁਣਨ ਤੇ ਸੰਭਾਲਣ ਦੀ ਲੋੜ ਹੈ। ਮਾਲਵੇ ਵਿੱਚ ਬਾਬੂ ਰਜਬ ਅਲੀ, ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਪੰਡਤ ਬੀਰਬਲ ਘੱਲਾਂ ਵਾਲੇ, ਰਾਮ ਜੀ ਦਾਸ ਰੋਡਿਆਂ ਵਾਲੇ ਕਵੀਸ਼ਰਾਂ ਦੀ ਦਸਤਾਵੇਜੀ ਪਛਾਣ ਨਿਸ਼ਚਤ ਕਰਨ ਦੀ ਲੋੜ ਹੈ। ਆਪਣੀ ਗਫ਼ਤ ਕਾਰਨ ਅਸੀਂ ਕਈ ਲੋਕ ਸੰਗੀਤ ਵੰਨਗੀਆਂ ਗੁਆ ਲਈਆਂ ਹਨ ਜਿੰਨ੍ਹਾਂ ਵਿੱਚੋਂ ਸੱਦ, ਟੱਪਾ, ਕਲੀਆਂ ਦਾ ਟਕਸਾਲੀ ਸਰੂਪ, ਜਿੰਦੂਆ ਤੇ ਕਈ ਕੁਝ ਹੋਰ ਵਿਸਾਰ ਬੈਠੇ ਹਾਂ। ਉਨ੍ਹਾਂ ਆਸ ਪ੍ਰਗਟਾਈ ਕਿ ਜਿਵੇਂ ਵੀਹ ਕੁ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲੋਕ ਨਾਚਾਂ ਲਈ ਪਰਮਜੀਤ ਸਿੰਘ ਸਿੱਧੂ( ਪੰਮੀ ਬਾਈ) ਤੇ ਲੋਕ ਸੰਗੀਤ ਵਿੱਚ ਡਾ. ਗੁਰਨਾਮ ਸਿੰਘ ਦੀ ਅਗਵਾਈ ਵਿੱਚ ਲੋਕ ਫਨਕਾਰ ਯੂਨੀਵਰਸਿਟੀ ਬੁਲਾ ਕੇ ਰੀਕਾਰਡ ਕੀਤੇ ਸਨ, ਉਸ ਵਿਧੀ ਵਿਧਾਨ ਨੂੰ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਵੀ ਹੱਥ ਵਿੱਚ ਲੈਣ।

ਪੰਜਾਬੀ ਲੋਕ ਸੰਗੀਤ ਦੀ ਖੇਤਰੀ ਮਹਿਕ ਜਿਉਂਦੀ ਰੱਖਣ ਲਈ ਪੰਜਾਬੀ ਲੋਕ ਫਨਕਾਰਾਂ ਦੀ ਕਦਰ ਜ਼ਰੂਰੀ – ਕੰਵਰ ਗਰੇਵਾਲ Read More »

ਲਾਹੌਰ ਵਿਖੇ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ ਤਿੰਨ ਦਿਨਾਂ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ

ਕੀ ਚੜ੍ਹਦਾ ਕੀ ਲਹਿੰਦਾ ਬੰਦਾ ਤਾਂ ਆਪਣਿਆ ’ਚ ਬਹਿੰਦਾ -ਨਾਮੀ ਫਿਲਮੀ ਕਲਾਕਾਰ, ਵਿਦਵਾਨ, ਲੇਖਕ, ਸੋਸ਼ਲ ਮੀਡੀਆ ਅਤੇ ਪੱਤਰਕਾਰ ਪਹੁੰਚੇ -ਹਰਜਿੰਦਰ ਸਿੰਘ ਬਸਿਆਲਾ ਦੀ ਲਾਹੌਰ ਤੋਂ ਵਿਸ਼ੇਸ਼ ਰਿਪੋਰਟ- ਲਾਹੌਰ, 18 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) – ਵਿਰਸੇ ਦੀ ਚਾਬੀ, ਸਾਡੀ ਮਾਂ ਬੋਲੀ ਪੰਜਾਬੀ’ ਦਾ ਸੁਨੇਹਾ ਵੰਡਣ, ਪੰਜਾਬੀ ਮਾਂ ਬੋਲੀ ਦੀ ਚਿਰ ਸਥਾਈ ਸਥਾਪਤੀ, ਇਸਦੀ ਹਰਮਨ ਪਿਆਰਤਾ ਨੂੰ ਬਰਕਰਾਰ ਰੱਖਣ, ਭਵਿੱਖ ਦੀਆਂ ਸੰਭਾਵਨਾਵਾਂ, ਸ਼ੋਸ਼ਲ ਮੀਡੀਆ ਦਾ ਸਹਿਯੋਗ ਅਤੇ ਹੋਰ ਸਬੰਧਿਤ ਵਿਸ਼ਿਆ ਉਤੇ ਖੋਜ ਵਿਚਾਰ ਚਰਚਾ ਕਰਨ ਦੇ ਮਨੋਰਥ ਨਾਲ ਤਿੰਨ ਦਿਨਾਂ, ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕੱਲ੍ਹ ਕੇਦਾਫੀ ਸਟੇਡੀਅਮ ਲਾਹੌਰ ਵਿਖੇ ਸ਼ੁਰੂ ਹੋਣ ਜਾ ਰਹੀ ਹੈ। ‘ਪੰਜਾਬੀ ਪ੍ਰਚਾਰ’ ਸੰਸਥਾ ਵੱਲੋਂ ‘ਪੰਜਾਬੀ ਲਹਿਰ’ ਅਤੇ ‘ਪੰਜਾਬ ਇੰਸਟੀਚਿਊਟ ਆਫ ਲੈਂਗੁਏਜ, ਆਰਟ ਐਂਡ ਕਲਚਰ (ਪਿਲਾਕ)’ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ। ਇਸਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਮਾਣਯੋਗ ਮਰੀਅਮ ਸ਼ਰੀਫ ਨਵਾਜ਼ ਵੱਲੋਂ ਰੀਬਨ ਕੱਟ ਕੇ ਕੀਤਾ ਜਾਵੇਗਾ। ਮੁੱਖ ਪ੍ਰਬੰਧਕ ਸ੍ਰੀ ਅਹਿਮਦ ਰਜਾ (ਪੰਜਾਬੀ ਪ੍ਰਚਾਰ) ਆਏ ਮਹਿਮਾਨਾਂ ਨੂੰ ਜੀ ਆਇਆਂ ਆਖਣਗੇ। ਬੇਨਿਸ਼ ਫਾਤਿਮਾ ਸਾਹੀ ‘ਪੰਜਾਬ ਇੰਸਟੀਚਿਊਟ ਆਫ ਲੈਂਗੁਏਜ’, ਸ੍ਰੀ ਅਸ਼ੋਕ ਸਿੰਘ ਜਿੱਥੇ ਸ਼ੁਰੂਆਤੀ ਸੰਬੋਧਨ ਕਰਨਗੇ ਉਥੇ ਗਿੱਧਾ-ਭੰਗੜਾ ਵੀ ਰੌਣਕ ਲਾਵੇਗਾ।  ਮੁੱਖ ਮੰਤਰੀ ਦਾ ਮਾਨ ਸਨਮਾਨ ਵੀ ਹੋਵੇਗਾ। ਪੰਜਾਬੀਆਂ ਦੀ ਕੌਮੀ ਤੇ ਸਿਆਸੀ ਚੇਤਨਾ ਵਿਸ਼ੇ ਉਤੇ ਚਰਚਾ ਹੋਵੇਗੀ ਅਤੇ ਪੈਨਲ ਬੈਠੇਗਾ। ਨਵੀਂ ਟੈਕਨਾਲੋਜੀ ਦਾ ਪਸਾਰ ਤੇ ਪੰਜਾਬੀ ਚੇਤਨਾ, ਪੰਜਾਬੀ ਕਲਾਕਾਰਾਂ ਦਾ ਯੋਗਦਾਨ, ਹਾਸਰਸ ਕਲਾਕਾਰ ਸਲੀਮ ਅਲਬੇਲਾ ਤੇ ਗੋਗਾ ਪਾਸਰੋਰੀ ਹਸਾਉਣਗੇ, ਮਾਂ ਬੋਲੀ ਰਾਹੀਂ ਸਿੱਖਿਆ (ਪੈਨਲ ਵਿਚ ਹੋਣਗੇ ਸ. ਜਸਵੰਤ ਸਿੰਘ ਜਫ਼ਰ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ, ਭਾਰਤ,  ਸੁੱਖੀ ਬਾਠ ਪੰਜਾਬ ਭਵਨ ਕੈਨੇਡਾ), ਪੰਜਾਬੀ ਸੁਆਣੀ ਤੇ ਨਾਬਰੀ ਦੀ ਰੀਤ, ਪੰਜਾਬੀਆਂ ਦੀਆਂ ਕਾਮਯਾਬੀਆਂ, ਪਾਕਿਸਤਾਨੀ ਪੰਜਾਬੀ ਗਾਇਕ ਕਲਾਕਾਰਾ ਫਲਕ ਇਜਾਜ ਅਤੇ ਅਮਰੀਕਾ ਰਹਿੰਦੇ ਪੰਜਾਬੀ ਗਾਇਕ ਸੱਤੀ ਪਾਬਲਾ (ਭਰਾ ਭੁਪਿੰਦਰ ਬੱਬਲ) ਰੌਣਕਾਂ ਲਾਉਣਗੇ। ਪਹਿਲੇ ਦਿਨ ਦੇ ਆਖਰੀ ਮੌਕੇ ਸਾਈਂ ਜ਼ਹੂਰ ਗੀਤਾਂ ਰਾਹੀਂ ਸਭਿਆਚਾਰ ਦਾ ਸੁਨੇਹਾ ਦੇ ਕੇ ਅਗਲੇ ਦਿਨ ਲਈ ਸੱਦਾ ਦੇਣਗੇ। ਮਹਿਮਾਨ ਪਹੁੰਚੇ: ਇਸ ਕਾਨਫਰੰਸ ਦੇ ਵਿਚ ਭਾਗ ਲੈਣ ਲਈ ਅਮਰੀਕਾ ਤੋਂ ਪ੍ਰਸਿੱਧ ਲੇਖਕ, ਗੀਤਕਾਰ ਤੇ ਪੱਤਰਕਾਰ ਸ੍ਰੀ ਅਸ਼ੋਕ ਭੌਰਾ, ਗਾਇਕ ਸੱਤੀ ਪਾਬਲਾ, ਨਿਊਜ਼ੀਲੈਂਡ ਤੋਂ ਪੱਤਰਕਾਰ ਤੇ ਲੇਖਕ ਸ. ਹਰਜਿੰਦਰ ਸਿੰਘ ਬਸਿਆਲਾ, ਫਿਲਮੀ ਕਲਾਕਾਰ ਗੁਰਪ੍ਰੀਤ ਕੌਰ ਭੰਗੂ, ਉਨ੍ਹਾਂ ਦੇ ਪਤੀ ਸ. ਸਵਰਨ ਸਿੰਘ ਭੰਗੂ, ਸ. ਮਲਕੀਅਤ ਸਿੰਘ ਰੌਣੀ, ਪੱਤਰਕਾਰ ਗੁਰਪ੍ਰੀਤ ਲਹਿਰੀ, ਪੱਤਰਕਾਰ ਸੁਖਨੈਬ ਸਿੱਧੂ, ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜਫਰ, ਸਮਾਜ ਸੇਵੀ ਸ. ਹਰਦੇਵ ਸਿੰਘ ਕਾਹਮਾ, ਸਤਵੀਰ ਸਿੰਘ ਪੱਲੀ ਝਿੱਕੀ, ਐਸ. ਐਨ. ਕਾਲਜ ਬੰਗਾ ਦੇ ਪਿ੍ਰੰਸੀਪਲ ਸ. ਤਰਸੇਮ ਸਿਘ ਅਤੇ ਹੋਰ ਬਹੁਤ ਸਾਰੇ ਮਹਿਮਾਨ ਪੁੱਜੇ ਹੋਏ ਹਨ। ਦੂਜੇ ਦਿਨ ਦਾ ਉਦਘਾਟਨ ਪੰਜਾਬ ਦੇ ਗਵਰਨਰ ਸਾਹਿਬ ਕਰਨਗੇ। ਪੰਜਾਬੀ ਲਹਿਰ ਵਾਲੇ ਸ੍ਰੀ ਨਾਸਿਰ ਢਿੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਣਗੇ। ਬਾਬਾ ਨਾਨਕ, ਬਾਬਾ ਫਰੀਦ, ਬੁੱਲ੍ਹੇ ਸ਼ਾਹ ਤੇ ਅਜੋਕੇ ਸਮਾਜ ਉਤੇ ਵਿਚਾਰ, ਪੰਜਾਬੀ ਸਿਨਮੇ ਦੀ ਗੱਲ, ਪੰਜਾਬੀ ਸਿਆਸਤ ਦਾਨ ਤੇ ਪੰਜਾਬ, ਸੁਰ ਸੰਗੀਤ ਤੇ ਪੰਜਾਬੀ ਦੇ ਮਹਾਨ ਗਾਇਕ ਅਤੇ ਹੋਰ ਗਹਿਰੇ ਮੁੱਦਿਆਂ ਉਤੇ ਗੱਲ ਹੋਵੇਗੀ। ਕਾਨਫਰੰਸ ਦੇ ਤੀਜੇ ਦਿਨ ਰਾਣਾ ਮਸ਼ਹੂਦ ਅਹਿਮਦ ਖਾਨ ਰੀਬਨ ਕੱਟਣਗੇ, ਸ.ਜਸਵੰਤ ਸਿੰਘ ਜਫ਼ਰ ਸੰਬੋਧਨ ਕਰਨਗੇ, ਸੰਗੀਤਕ ਸਰਗਰਮੀ ਹੋਵੇਗੀ, ਪੰਜਾਬ ਪੱਤਰਕਾਰੀ ਕੱਲ੍ਹ ਅੱਜ ਤੇ ਭਲਕ ਉਤੇ ਵਿਚਾਰ ਹੋਵੇਗੀ। ਪੰਜਾਬੀ ਕਿਸਾਨਾਂ ਨਾਲ ਸਰਕਾਰਾਂ ਦਾ ਵਰਤਾਰਾ, ਬਸਤੀਬਾਦ ਦਾ ਪੰਜਾਬ ਉਤੇ ਪ੍ਰਭਾਵ, ਸੋਸ਼ਲ ਮੀਡੀਆ ਰਾਹੀਂ ਪੰਜਾਬੀ ਦਾ ਵਿਕਾਸ, ਸਾਂਈ ਜ਼ਹੂਰ ਵੱਲੋਂ ਸੰਗੀਤਕ ਸ਼ਾਮਾਂ ਹੋਣਗੀਆਂ। ਇਸ ਤੋਂ ਇਲਾਵਾ ਕਿਤਾਬਾਂ ਵੀ ਰਿਲੀਜ ਹੋਣਗੀਆਂ ਜਿਸ ਦੇ ਵਿਚ ਮਨਜੀਤ ਕੌਰ ਗਿੱਲ ਹੋਰਾਂ ਦੀ ‘ਸੰਦੂਕ’ ਅਤੇ ਗੁਰਪ੍ਰੀਤ ਦੁੱਗਾ ਦੀ ਮੈਡੀਕਲ ਗਾਈਡ ਸ਼ਾਮਿਲ ਹੈ। ਵੱਖ-ਵੱਖ ਇਨਾਮਾਂ ਦੀ ਤਕਸੀਮ ਹੋਵੇਗੀ। ਜਿਵੇਂ ਇਸ ਪੱਤਰਕਾਰ (ਹਰਜਿੰਦਰ ਸਿੰਘ ਬਸਿਆਲਾ) ਨੇ ਆਪਣੇ ਇਕ ਸਲੋਗਨ ਵਿਚ ਲਿਖਿਆ ਹੈ ਕਿ  ‘ਪਾਣੀ ਵਿਚ ਛਲ ਦਾ ਸ਼ਬਾਬ ਵੱਖਰਾ ਅਤੇ ਪੰਜਾਬੀ ’ਚ ਗੱਲ ਦਾ ਸਵਾਦ ਵੱਖਰਾ’ ਸੱਚਮੁੱਚ ਇਸ ਕਾਨਫਰੰਸ ਦੇ ਵਿਚ ਵੇਖਣ ਨੂੰ ਮਿਲੇਗਾ। ਕੀ ਚੜ੍ਹਦਾ ਕੀ ਲਹਿੰਦਾ ਬੰਦਾ ਤਾਂ ਆਖਿਰ ਆਪਣਿਆਂ ਵਿਚ ਹੀ ਬਹਿੰਦਾ ਵਾਲੀ ਗੱਲ ਵੀ ਕੱਲ੍ਹ ਸਾਬਿਤ ਕੀਤੀ ਜਾਵੇਗੀ।

ਲਾਹੌਰ ਵਿਖੇ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ ਤਿੰਨ ਦਿਨਾਂ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ Read More »

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਵੀ ਜ਼ਿਮਨੀ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ਲਈ ਵੋਟਾਂ 20 ਨਵੰਬਰ 2024 ਨੂੰ ਪੈਣੀਆਂ ਹਨ। ਚੋਣਾਂ ਆਮ ਤੌਰ ’ਤੇ ਰਾਜਨੀਤਕ ਨੇਤਾਵਾਂ ਲਈ ਆਪਣੇ ਲੋਕ ਪੱਖੀ ਕੰਮਾਂ ਅਤੇ ਨੀਤੀਆਂ ਬਾਰੇ ਖੁਲਾਸਾ ਕਰਨ ਅਤੇ ਜਨਤਕ ਪ੍ਰਤੀਕਿਰਿਆ ਲੈਣ ਦਾ ਵਧੀਆ ਮੌਕਾ ਹੁੰਦੀਆਂ ਹਨ ਪਰ ਪੰਜਾਬ ਦੇ ਸਿਆਸੀ ਨੇਤਾ ਲੋਕ ਹਿੱਤ ਵਿੱਚ ਕੀਤੇ ਕੰਮਾਂ ਜਾਂ ਇਸ ਸਬੰਧੀ ਭਵਿੱਖ ਵਿੱਚ ਕਿਸੇ ਯੋਜਨਾ ਦੀ ਚਰਚਾ ਨਾਲੋਂ ਵੱਧ ਧਮਕੀਆਂ, ਝੂਠੇ ਦਾਅਵਿਆਂ ਅਤੇ ਮਖੌਲੀਆ ਪਰ ਮੀਸਣੀ ਬਿਆਨਬਾਜ਼ੀ ਕਰ ਰਹੇ ਹਨ। ਦੂਜੇ ਪਾਸੇ, ਸਿਆਸੀ ਪਾਰਟੀਆਂ ਨੇ ਇਨ੍ਹਾਂ ਚੋਣਾਂ ਨੂੰ ਉਮੀਦਵਾਰ ਦੀ ਜਿੱਤਣ ਯੋਗਤਾ ਦੇ ਨਾਂ ਹੇਠ ਦਲ-ਬਦਲੀ, ਪਰਿਵਾਰਵਾਦ ਅਤੇ ਇਨ੍ਹਾਂ ਸਬੰਧੀ ਬਿਆਨਬਾਜ਼ੀ ਦਾ ਮੌਕਾ ਬਣਾਇਆ ਹੋਇਆ ਹੈ। ਸਿਆਸੀ ਪਾਰਟੀਆਂ ਵਿੱਚ ਲੋਕਾਂ ਦੇ ਭਰੋਸੇ ਦੀ ਘਾਟ ਇੰਨੀ ਜ਼ਿਆਦਾ ਹੈ ਕਿ ਸੂਬੇ ਦੀ ਸਭ ਤੋਂ ਪੁਰਾਣੀ ਅਤੇ ਰਵਾਇਤੀ ਤੌਰ ’ਤੇ ਮਜ਼ਬੂਤ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨਾ ਲੜਨ ਨੂੰ ਤਰਜੀਹ ਦਿੱਤੀ ਹੈ। ਇਸ ਦੇ ਅਸੰਤੁਸ਼ਟ ਆਗੂਆਂ ਦਾ ਸਮੂਹ, ਅਕਾਲੀ ਦਲ ਸੁਧਾਰ ਲਹਿਰ ਵੀ ਚੋਣ ਮੁਕਾਬਲੇ ਤੋਂ ਬਾਹਰ ਹੈ। ਇਸ ਲਈ ਰਾਜ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ, ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਿਚਕਾਰ ਤਿਕੋਣਾ ਮੁਕਾਬਲਾ ਹੈ। ਇੱਕ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਅਕਾਲੀ ਦਲ ਦੇ ਮੁਖੀ ਦਾ ਚਚੇਰਾ ਭਰਾ ਹੈ ਅਤੇ ਉਹ ਪਹਿਲਾਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਵਿੱਚ ਮੰਤਰੀ ਰਹਿ ਚੁੱਕਾ ਹੈ। ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਤਿੰਨ ਸਿਆਸੀ ਸਵਾਦ ਚੱਖ ਕੇ ਤਿਆਗ ਚੁੱਕਾ ਹੈ; ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੀ ਮੌਜੂਦਾ ਜ਼ਿਮਨੀ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਕਾਂਗਰਸ ਪਾਰਟੀ ਦੀ ਉਮੀਦਵਾਰ ਕਾਂਗਰਸ ਪ੍ਰਦੇਸ਼ ਪਾਰਟੀ ਪ੍ਰਧਾਨ ਅਤੇ 2024 ਵਿੱਚ ਹੀ ਚੁਣੇ ਗਏ ਸੰਸਦ ਮੈਂਬਰ ਦੀ ਪਤਨੀ ਹੈ। ਇੱਕ ਹੋਰ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਇਸੇ ਪਾਰਟੀ ਦੇ 2024 ਵਿੱਚ ਹੀ ਚੁਣੇ ਗਏ ਸੰਸਦ ਮੈਂਬਰ ਦਾ ਪੁੱਤਰ ਹੈ; ਇਹ ਸੰਸਦ ਮੈਂਬਰ 2024 ਦੀਆਂ ਸੰਸਦੀ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵੱਲੋਂ ਵਿਧਾਨ ਸਭਾ ਮੈਂਬਰ ਅਤੇ ਵਿਰੋਧੀ ਧਿਰ ਦਾ ਨੇਤਾ ਸੀ; ਇਸ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਜਿਸ ਕਰ ਕੇ ਉਸ ਦੀ ਵਿਧਾਨ ਸਭਾ ਸੀਟ ਖਾਲੀ ਹੋਈ ਸੀ; ਹੁਣ ਉਸ ਦਾ ਪੁੱਤਰ ਉਮੀਦਵਾਰ ਹੈ। ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਵੀ ਵਿਧਾਨ ਸਭਾ ਜ਼ਿਮਨੀ ਚੋਣਾਂ ਤੋਂ ਕੁੁਝ ਸਮਾਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਸੀ; ਉਹ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕਿਆ ਹੈ। ਤੀਜੇ ਹਲਕੇ ਵਿੱਚ ਕਾਂਗਰਸ ਉਮੀਦਵਾਰ ਵੀ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਦੀ ਪਤਨੀ ਹੈ; ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਖ਼ੁਦ ਸਾਬਕਾ ਅਕਾਲੀ ਵਿਧਾਇਕ ਅਤੇ ਅਕਾਲੀ ਦਲ ਦੀ ਸਰਕਾਰ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਪੁੱਤਰ ਹੈ। ਚੌਥੇ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕਾਂਗਰਸੀ ਵਿਧਾਇਕ ਰਹਿ ਚੁੱਕਾ ਹੈ; ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਇੱਕ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਦਾ ਚਹੇਤਾ ਦੱਸਿਆ ਜਾਂਦਾ ਹੈ। ਇਸ ਨੂੰ ਆਪਣੀ ਹੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨੂੰ ਨਜ਼ਰਅੰਦਾਜ਼ ਕਰ ਕੇ ਚੋਣ ਵਿੱਚ ਉਤਾਰਿਆ ਗਿਆ ਹੈ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਾਗ਼ੀ ਵਜੋਂ ਚੋਣ ਲੜ ਰਿਹਾ ਹੈ। ਇਹ ਚਾਰੇ ਵਿਧਾਨ ਸਭਾ ਸੀਟਾਂ ਇਸ ਲਈ ਖਾਲੀ ਹੋਈਆਂ ਹਨ ਕਿਉਂਕਿ ਵਿਧਾਇਕਾਂ ਨੇ ਜੂਨ 2024 ਵਿੱਚ ਹੋਈਆਂ ਸੰਸਦੀ ਚੋਣਾਂ ਲੜੀਆਂ ਤੇ ਜਿੱਤੀਆਂ। ਹੁਣ ਚਾਰਾਂ ਵਿੱਚੋਂ ਤਿੰਨ ਵਿੱਚ ਚੋਣਾਂ ਲੜਨ ਵਾਲੇ ਉਮੀਦਵਾਰ 2024 ਵਿੱਚ ਚੁਣੇ ਗਏ ਸੰਸਦ ਮੈਂਬਰਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਹਨ। ਸੰਸਦ ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਵਜੋਂ ਉਨ੍ਹਾਂ ਨੂੰ ‘ਜਿੱਤਣ ਯੋਗ’ ਉਮੀਦਵਾਰ ਮੰਨਿਆ ਗਿਆ ਹੈ ਜਾਂ ਫਿਰ ਉਨ੍ਹਾਂ ਦੇ ਪਰਿਵਾਰ ਨੂੰ ਹੀ ਹਲਕੇ ਦੀ ਨੁਮਾਇੰਦਗੀ ਦੇ ਯੋਗ ਮੰਨਿਆ ਗਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਸਿਆਸੀ ਪਾਰਟੀਆਂ ਕੋਲ ਸਮਾਜ ਦੇ ਕਿਸੇ ਹੋਰ ਵਰਗ ਦਾ ਕੋਈ ਹੋਰ ਮੈਂਬਰ ਨਹੀਂ ਹੈ ਜੋ ‘ਜਿੱਤਣ ਯੋਗ’ ਉਮੀਦਵਾਰ ਬਣ ਸਕੇ? ਜਾਂ ਫਿਰ ਕੁਝ ਨੇਤਾਵਾਂ ਨੇ ਚੋਣ ਰਾਜਨੀਤੀ ਨੂੰ ਪਰਿਵਾਰਕ ਏਕਾਧਿਕਾਰ ਜਾਂ ਭਾਈ-ਭਤੀਜਾਵਾਦ ਵਿੱਚ ਬਦਲ ਦਿੱਤਾ ਹੈ ਜਿਸ ਵਿੱਚ ਪਾਰਟੀ ਦੇ ਕਿਸੇ ਹੋਰ ਕਾਰਕੁਨ ਦੀ ਕੋਈ ਥਾਂ ਨਹੀਂ ਹੈ, ਭਾਵੇਂ ਕਿੰਨਾ ਵੀ ਇਮਾਨਦਾਰ ਅਤੇ ਮਿਹਨਤੀ ਕਿਉਂ ਨਾ ਹੋਵੇ। ਬਹੁਤੇ ਸਿਆਸੀ ਆਗੂ ਵੰਸ਼ਵਾਦੀ ਰਾਜਨੀਤੀ, ਭਾਈ-ਭਤੀਜਾਵਾਦ ਅਤੇ ਦਲ-ਬਦਲੀ ਲਈ ਦੂਜਿਆਂ ਦੀ ਆਲੋਚਨਾ ਕਰਦੇ ਹਨ ਪਰ ਜਦੋਂ ਮੌਕਾ ਮਿਲਦਾ ਹੈ ਤਾਂ ਖ਼ੁਦ ਇਹੋ ਖੇਡ ਖੇਡਦਿਆਂ ਆਪਣੇ ਜੀਵਨ ਸਾਥੀ, ਬੱਚਿਆਂ ਅਤੇ ਰਿਸ਼ਤੇਦਾਰਾਂ ਨੂੰ ਹੀ ‘ਜਿੱਤਣ ਯੋਗ ਉਮੀਦਵਾਰ’ ਵਜੋਂ ਪੇਸ਼ ਕਰਦੇ ਹਨ। ਸਿਆਸੀ ਵੰਸ਼ਵਾਦ ਨੂੰ ਵੱਖ-ਵੱਖ ਤਰੀਕਿਆਂ ਨਾਲ ਜਾਇਜ਼ ਠਹਿਰਾਉਂਦਿਆਂ ਪਰਿਵਾਰ ਦੇ ਕੰਮਾਂ ਅਤੇ ਕੁਰਬਾਨੀਆਂ ਦਾ ਵਿਖਿਆਨ ਕਰਦੇ ਹਨ। ਕਾਂਗਰਸੀ ਸੰਸਦ ਮੈਂਬਰ ਅਤੇ ਪਾਰਟੀ ਸੂਬਾ ਪ੍ਰਧਾਨ ਨੇ ਆਪਣੀ ਪਤਨੀ (ਜੋ ਕਾਂਗਰਸੀ ਉਮੀਦਵਾਰ ਹੈ) ਦੇ ਹੱਕ ਵਿੱਚ ਕੁਝ ਦਿਨ ਪਹਿਲਾਂ ਵੋਟਰਾਂ ਨੂੰ ਸੰਬੋਧਨ ਕਰਦਿਆਂ ਮਜ਼ਾਹੀਆ ਅੰਦਾਜ਼ ਵਿੱਚ ਕਿਹਾ ਕਿ ਉਸ ਦੀ ਪਤਨੀ ਲਿਪਸਟਿਕ ਬਿੰਦੀ ਲਾ ਕੇ ਸਵੇਰੇ ਛੇ ਵਜੇ ਨਿਕਲਦੀ ਹੈ ਅਤੇ ਰਾਤ ਨੂੰ ਗਿਆਰਾਂ ਵਜੇ ਵਾਪਸ ਘਰ ਮੁੜਦੀ ਹੈ। ਇਸ ਤੋਂ ਇਲਾਵਾ, ਉਸ ਨੇ ਹਾਸੇ ਨਾਲ ਆਪਣੇ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਉਸ ਲਈ ਰਸੋਈਆ ਲੱਭ ਲੈਣ ਜੋ ਉਸ ਲਈ ਖਾਣਾ ਤਿਆਰ ਕਰ ਸਕੇ। ਆਪਣੀ ਪਤਨੀ ਦੀ ਜਿੱਤ ਯਕੀਨੀ ਦੱਸਦਿਆਂ ਚੋਣਾਂ ਤੋਂ ਬਾਅਦ ਉਸ ਦੇ ਸਮਾਜਿਕ ਸਮਾਗਮਾਂ ਦੇ ਰੁਝੇਵਿਆਂ ਦਾ ਵੇਰਵਾ ਦਿੰਦੇ ਹੋਏ ਉਸ ਨੇ ਝੋਰਾ ਕੀਤਾ ਕਿ ਫਿਰ ਤਾਂ ਉਹ ਉਸ ਦਾ ਸਿਰਫ਼ ਇੰਤਜ਼ਾਰ ਹੀ ਕਰਿਆ ਕਰੇਗਾ; ਜਿਵੇਂ ਉਹ ਹਲਕੇ ਦੀ ਨੁਮਾਇੰਦਗੀ ਕਰਨ ਦੀ ਹਾਮੀ ਭਰਨ ਲਈ ਆਪਣੇ ਬਲਿਦਾਨ ਦਾ ਖੁਲਾਸਾ ਕਰਦਿਆਂ ਲੋਕਾਂ ਦਾ ਧਿਆਨ ਪਰਿਵਾਰਵਾਾਦ ਤੋਂ ਹਟਾ ਰਿਹਾ ਹੋਵੇ। ਵੰਸ਼ਵਾਦੀ ਰਾਜਨੀਤੀ ਨੂੰ ਜਾਇਜ਼ ਠਹਿਰਾਉਂਦਾ ਇਹ ਹਾਸੇ-ਠੱਠੇ ਵਾਲਾ ਪਰ ਅਸਰ ਭਰਪੂਰ ਸ਼ਕਤੀਸ਼ਾਲੀ ਭਾਸ਼ਣ ਹੈ ਜੋ ਪਰਿਵਾਰਵਾਦ ਨੂੰ ਕਿਸੇ ਵਿਸ਼ੇਸ਼ ਲਾਭ ਦੀ ਬਜਾਇ ‘ਸੇਵਾ ਅਤੇ ਕੁਰਬਾਨੀ’ ਦਰਸਾਉਂਦਾ ਹੈ। ਇਹ ਭਾਸ਼ਣ ਬਸਤੀਵਾਦ ਨੂੰ ਜਾਇਜ਼ ਠਹਿਰਾਉਂਦੇ ਮਸ਼ਹੂਰ ਜੁਮਲੇ ‘ਵ੍ਹਾਈਟਮੈਨਜ਼ ਬਰਡਨ’ (ਗੋਰੇ ਆਦਮੀ ਦਾ ਬੋਝ) ਵਰਗਾ ਪਰਿਵਾਰਵਾਦ ਨੂੰ ਜਾਇਜ਼ ਠਹਿਰਾਉਂਦਾ ‘ਵੰਸ਼ ਦਾ ਬੋਝ’ ਜੁਮਲਾ ਹੈ। ਭਾਜਪਾ ਉਮੀਦਵਾਰ ਲਈ ਆਪਣੀ ਮੁਹਿੰਮ ਦੌਰਾਨ ਆਪਣੇ ਆਪ ਨੂੰ ਰਾਜ ਦਾ ਅਗਲਾ ਮੁੱਖ ਮੰਤਰੀ ਦੱਸਦਿਆਂ ਭਾਰਤ ਸਰਕਾਰ ਦੇ ਇੱਕ ਮੰਤਰੀ ਨੇ ਕਿਸਾਨ ਆਗੂਆਂ ਦੀ ਤੁਲਨਾ ਤਾਲਿਬਾਨ ਨਾਲ ਕੀਤੀ ਹੈ ਅਤੇ ਚੋਣਾਂ ਤੋਂ ਬਾਅਦ ਉਨ੍ਹਾਂ ਵਿਰੁੱਧ ਕਾਰਵਾਈ ਦੀ ਧਮਕੀ ਦਿੱਤੀ ਹੈ। ਉਸ ਦੀ ਧਮਕੀ ਜਮਹੂਰੀਅਤ ਦਾ ਅਪਮਾਨ ਅਤੇ ਧੱਕਾਸ਼ਾਹੀ ਹੈ ਜਦੋਂਕਿ ਉਮੀਦਵਾਰ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਲਈ ਸਿਫ਼ਾਰਿਸ਼ ਕਰਨ ਦਾ ਵਾਅਦਾ ਕਰਦਾ ਸੁਣਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ’ਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਸ ਦੇ ਸੁਪਰੀਮੋ ਨੇ ਕਾਂਗਰਸ ਐੱਮਪੀ ਨੂੰ ‘ਭ੍ਰਿਸ਼ਟ’ ਕਿਹਾ ਹੈ ਅਤੇ ਉਸ ’ਤੇ ਵੰਸ਼ਵਾਦੀ ਰਾਜਨੀਤੀ ਦਾ ਦੋਸ਼ ਲਾਇਆ ਹੈ ਜਦੋਂਕਿ ਉਹ ਆਪ ਇੱਕ ਹੋਰ ਚੋਣ ਹਲਕੇ ਵਿੱਚ ਉਸੇ ਦਿਨ ਕੁਝ ਸਮਾਂ ਪਹਿਲਾਂ ਹੀ ਵੰਸ਼ਵਾਦੀ ਰਾਜਨੀਤੀ ਤਹਿਤ ਨਵਾਜੇ ਆਪਣੀ ਪਾਰਟੀ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰ

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ/ਸੁਖਦੇਵ ਸਿੰਘ Read More »

ਪੰਜਾਬ ਦੀ ਦਸ਼ਾ ਅਤੇ ਦਿਸ਼ਾ ਦਾ ਸਵਾਲ

ਦੇਸ਼ ਦੀ ਵੰਡ ਤੋਂ ਪਹਿਲਾਂ ਖਾਲਸਾ ਰਾਜ ਤੇ ਪੰਜਾਬ ਦੀ ਰਾਜਧਾਨੀ ਲਾਹੌਰ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਰਾਮ ਦਾਸ ਜੀ ਦੀ ਜਨਮ ਭੂਮੀ ਸਮੇਤ ਬਹੁਤੀਆਂ ਧਾਰਮਿਕ ਤੇ ਇਤਿਹਾਸ ਨਾਲ ਸਬੰਧਤ ਇਮਾਰਤਾਂ ਪਾਕਿਸਤਾਨ ਵਿਚ ਦੇਸ਼ ਦੀ ਵੰਡ ਸਮੇਂ ਰਹਿ ਗਈਆਂ। ਸਨ ਸਿੱਖਾਂ ਨੂੰ ਉਹ ਧਰਤੀ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਅੱਜ ਪਾਕਿਸਤਾਨ ਵਿਚ ਸਿੱਖ ਨਾਮਾਤਰ ਹੀ ਹਨ ਜਿੱਥੋਂ ਦੇ ਅਨੇਕ ਗੁਰੂਘਰ ਤੇ ਹੋਰ ਸਿੱਖ ਇਮਾਰਤਾਂ ਬਰਬਾਦ ਹੋ ਚੁੱਕੀਆਂ ਹਨ ਜਾਂ ਉਨ੍ਹਾਂ ’ਤੇ ਕਬਜ਼ੇ ਹੋ ਚੁੱਕੇ ਹਨ। ਕੁਝ ਉੱਦਮੀ ਸਿੱਖਾਂ ਨੇ ਸਰਕਾਰ ਨਾਲ ਗੱਲਬਾਤ ਕਰ ਕੇ ਕੁਝ ਕਬਜ਼ੇ ਛੁਡਵਾਏ ਵੀ ਹਨ। ਇਹ ਦੁਖਾਂਤਕ ਇਤਿਹਾਸ ਹੈ ਕਿ ਸਿੱਖਾਂ ਨੂੰ ਖਾਲਸਾ ਰਾਜ ਦਾ ਇਲਾਕਾ ਛੱਡ ਕੇ ਭਾਰਤ ਵੱਲ ਆਉਣ ਲਈ ਮਜਬੂਰ ਹੋਣਾ ਪਿਆ ਸੀ। ਸਿੱਖ ਦੇਸ਼ ਦੀ ਵੰਡ ਨਹੀਂ ਚਾਹੁੰਦੇ ਸਨ। ਇਸ ਦਾ ਜ਼ਿੰਮੇਵਾਰ ਪਾਕਿਸਤਾਨ ਦਾ ਕਾਇਦ-ਏ-ਆਜ਼ਮ ਕਿਹਾ ਜਾਣ ਵਾਲਾ ਮੁਹੰਮਦ ਅਲੀ ਜਿਨਾਹ ਸੀ। ਆਬਾਦੀ ਦੀ ਵੰਡ ਵੇਖੀਏ ਤਾਂ ਪੰਜਾਬ ਵਿਚ ਇਕ ਕਰੋੜ ਸੱਠ ਲੱਖ ਦੇ ਲਗਪਗ ਸਿੱਖ ਹਨ। ਬਾਕੀ ਭਾਰਤ ਵਿਚ ਕਰੀਬ ਪੰਜਾਹ ਲੱਖ ਸਿੱਖ ਆਬਾਦੀ ਹੈ ਜੋ ਜ਼ਿਮੀਂਦਾਰ ਵੀ ਹਨ, ਸਰਕਾਰੀ ਕਰਮਚਾਰੀ ਤੇ ਕਾਰੋਬਾਰੀ ਵੀ। ਤੀਹ ਲੱਖ ਦੇ ਕਰੀਬ ਸਿੱਖ ਪਿਛਲੇ ਤਕਰੀਬਨ 170 ਸਾਲਾਂ ਵਿਚ ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਵਿਦੇਸ਼ਾਂ ਵਿਚ ਜਾ ਵਸੇ ਹਨ ਪਰ ਪਿਛਲੇ ਪੰਜਾਹ ਸਾਲਾਂ ਤੋਂ ਵੱਡੀ ਗਿਣਤੀ ਵਿਚ ਵਿਦੇਸ਼ ਜਾਣ ਦਾ ਰੁਝਾਨ ਜ਼ਿਆਦਾ ਵਧਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਨਾਲ ਸਿੱਖਾਂ ਦੇ ਧਰਮ ਤੇ ਰਾਜਨੀਤੀ ’ਤੇ ਮਾੜਾ ਪ੍ਰਭਾਵ ਪਿਆ। ਮੁਗ਼ਲਾਂ ਨੇ ਗੁਰੂ ਸਾਹਿਬਾਨ ਸਮੇਤ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ ਪਰ ਉਹ ਨਿਰਮਲ ਤੇ ਖਾਲਸਾ ਪੰਥ ਦੇ ਮੂਲ ਸਿਧਾਂਤਾਂ ਨੂੰ ਠੇਸ ਨਾ ਪਹੁੰਚਾ ਸਕੇ ਪਰ ਅੰਗਰੇਜ਼ਾਂ ਦਾ ਨਿਸ਼ਾਨਾ ਸਿੱਖ ਪੰਥ ਦੇ ਮੂਲ ਸਿਧਾਂਤ ਰਹੇ ਸਨ ਜਿਸ ਰਾਹੀਂ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਸੌਖਾ ਸੀ। ਇਸ ਲਈ ਅੰਗਰੇਜ਼ਾਂ ਨੇ ਪੰਜਾਬੀਆਂ ਨੂੰ ਧਰਮ ਦੇ ਆਧਾਰ ’ਤੇ ਵੰਡਿਆ, ਇਕ ਅਕਾਲ ਦੇ ਪੁਜਾਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਵਾਲੇ ਸਿੰਘ ਦੇਹਧਾਰੀ ਬਾਬਿਆਂ ਵੱਲ ਤੁਰ ਪਏ ਤੇ ਗੁਰੂਘਰਾਂ ਨੂੰ ਵਿਭਚਾਰ ਤੇ ਅੰਗਰੇਜ਼ ਪ੍ਰਸਤਾਂ ਦੇ ਕੇਂਦਰ ਬਣਾਉਣ ਦਾ ਕੰਮ ਵੀ ਹੋਇਆ। ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਬਾਰੇ ਫਿਰ ਕਿਸ ਨੇ ਸੋਚਣਾ ਸੀ? ਸੰਨ 1920 ’ਚ ਆਰੰਭ ਹੋਈ ਗੁਰਦੁਆਰਾ ਸੁਧਾਰ ਲਹਿਰ ਨੇ ਇਕ ਨਵੀਂ ਚੇਤਨਾ ਪੈਦਾ ਕੀਤੀ। ਸਿੰਘ ਸਭਾ ਲਹਿਰ ਨੂੰ ਤਾਂ ਅੰਗਰੇਜ਼ਾਂ ਨੇ ਸਿੱਖਾਂ ਵਿਚ ਫੁੱਟ ਪਾ ਕੇ ਕਾਬੂ ਕਰ ਲਿਆ ਸੀ। ਸੰਨ 1920 ਤੋਂ ਅੰਗਰੇਜ਼ਾਂ ਨਾਲ ਪੁਰ-ਅਮਨ ਢੰਗ ਨਾਲ ਮੁਕਾਬਲਾ ਕਰਦੇ ਸਿੱਖ 1925 ਈ. ਤੱਕ ਗੁਰਦੁਆਰਾ ਪ੍ਰਬੰਧ ਕਾਨੂੰਨੀ ਤੌਰ ’ਤੇ ਲੈਣ ਵਿਚ ਕਾਮਯਾਬ ਹੋ ਗਏ। ਅੰਗਰੇਜ਼ਾਂ ਦੀ ਅੱਖ ਤਾਂ ਸਿੱਖ ਨੌਜਵਾਨੀ ’ਤੇ ਸੀ ਜਿਨ੍ਹਾਂ ਨੂੰ ਫ਼ੌਜ ਵਿਚ ਭਰਤੀ ਕਰ ਉਹ ਵਿਸ਼ਵ ਵਿਜੇਤਾ ਬਣ ਗਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਘਰਸ਼ ਸਮੇਂ ਨਵੀਂ ਉੱਭਰੀ ਅਕਾਲੀ ਲੀਡਰਸ਼ਿਪ ਗਾਂਧੀ ਜੀ ਦੀ ਅਗਵਾਈ ਹੇਠ ਦੇਸ਼ ਦੀ ਆਜ਼ਾਦੀ ਲਈ ਕਾਂਗਰਸ ਪਾਰਟੀ ਦਾ ਹਿੱਸਾ ਬਣ ਗਈ। ਇਸ ਤਰ੍ਹਾਂ ਗੁਰਦੁਆਰਾ ਪ੍ਰਬੰਧ ਲੈਣ ਉਪਰੰਤ ਵੀ ਸਿੱਖ ਧਰਮ ਬਾਰੇ ਖੋਜ, ਪ੍ਰਚਾਰ-ਪ੍ਰਸਾਰ, ਵਿੱਦਿਆ ਵੱਲੋਂ ਅਵੇਸਲੇ ਹੋ ਗਏ। ਦੂਜੇ ਪਾਸੇ ਮੁਕਾਬਲੇ ਵਿਚ ਖਾਲਸਾ ਨੈਸ਼ਨਲਿਸਟ ਪਾਰਟੀ ਬਣਾ ਕੇ ਅਕਾਲੀ ਦਲ ਦੇ ਮੁਕਾਬਲੇ ਸਿੱਖ ਲੀਡਰ ਅੱਗੇ ਕਰ ਦਿੱਤੇ ਜੋ ਵਜ਼ੀਰ ਵੀ ਬਣੇ ਤੇ ਸਰਕਾਰੀ ਸਹਾਇਕ ਵੀ ਰਹੇ। ਆਜ਼ਾਦੀ ਤੋਂ ਬਾਅਦ ਕਾਂਗਰਸ-ਪੱਖੀ ਅਕਾਲੀ ਆਗੂਆਂ ਨੂੰ ਨਮੋਸ਼ੀ ਹੀ ਪੱਲੇ ਪਈ। ਕਾਂਗਰਸ ਪਾਰਟੀ ਵੱਲੋਂ ਕੀਤੇ ਕੋਈ ਵੀ ਜ਼ੁਬਾਨੀ ਵਾਅਦੇ ਵਫ਼ਾ ਨਹੀਂ ਹੋਏ। ਇਸ ਦੇ ਉਲਟ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਬਹੁਤੀ ਅਕਾਲੀ ਲੀਡਰਸ਼ਿਪ ਨੂੰ ਕਾਂਗਰਸ ਵਿਚ ਸ਼ਾਮਲ ਕਰ ਲਿਆ ਗਿਆ। ਮਾਸਟਰ ਤਾਰਾ ਸਿੰਘ ਨੂੰ ਬਦਨਾਮ ਕਰ ਕੇ ਪਾਰਟੀ ਤੋਂ ਵੱਖ ਕਰ ਦਿੱਤਾ ਗਿਆ। ਸੰਨ 1966 ’ਚ ਪੰਜਾਬ ਦੀ ਮੁੜ ਵੰਡ ਹੋਈ। ਮਸਲਾ ਪੰਜਾਬੀ ਦਾ ਨਹੀਂ ਸੀ ਕਿਉਕਿ ਗੁਰਮੁਖੀ ਤਾਂ ਵਾਹਗਾ ਤੋਂ ਪਲਵਲ ਤੱਕ ਪੜ੍ਹਾਈ ਜਾਂਦੀ ਸੀ ਪਰ ਵੱਡੇ ਪੰਜਾਬ ਵਿਚ ਸਿੱਖ ਗਿਣਤੀ ਘੱਟ ਹੋਣ ਕਾਰਨ ਸ਼ਾਇਦ ਅਕਾਲੀ ਦਲ ਦੀ ਸਰਕਾਰ ਨਹੀਂ ਬਣ ਸਕਦੀ ਸੀ। ਪੰਜਾਬ ਦੀ ਵੰਡ ਤੋਂ ਬਾਅਦ 1967 ਵਿਚ ਪਹਿਲੀ ਗ਼ੈਰ ਕਾਂਗਰਸੀ ਸਰਕਾਰ ਅਕਾਲੀ ਦਲ ਦੀ ਅਗਵਾਈ ਵਿਚ ਬਣੀ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾ ਦਿੱਤੀ ਗਈ। ਭਾਖੜਾ ਡੈਮ ਦਾ ਪ੍ਰਬੰਧ, ਪੰਜਾਬੀ ਬੋਲਦੇ ਇਲਾਕੇ ਤੇ ਦਰਿਆਈ ਪਾਣੀਆਂ ਦੇ ਮਸਲੇ ਅੱਜ ਵੀ ਲਮਕੇ ਹੋਏ ਹਨ। ਜੇ ਇਹ ਮਸਲੇ ਹੱਲ ਕਰਨੇ ਜ਼ਰੂਰੀ ਸਨ ਤਾਂ ਅਕਾਲੀ ਦਲ ਨੂੰ ਇਨ੍ਹਾਂ ਦੀ ਪੂਰਤੀ ਤੋਂ ਬਿਨਾਂ ਸਰਕਾਰਾਂ ਨਹੀਂ ਬਣਾਉਣੀਆਂ ਚਾਹੀਦੀਆਂ ਸਨ। ਫਿਰ ਤਾਂ ਇਹ ਮਸਲੇ ਆਪਣੇ-ਆਪ ਹੀ ਕਦੋਂ ਦੇ ਹੱਲ ਹੋ ਜਾਣੇ ਸਨ ਪਰ ਹੋਇਆ ਇਸ ਦੇ ਉਲਟ। ਸਰਕਾਰ ਬਣਨ ’ਤੇ ਇਹ ਮੁੱਦੇ ਠੰਢੇ ਬਸਤੇ ਵਿਚ ਰਹਿੰਦੇ ਹਨ ਤੇ ਬਾਅਦ ਵਿਚ ਲੋਕ ਭਾਵਨਾਵਾਂ ਨਾਲ ਖੇਡਣ ਲਈ ਮੁੜ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਸੰਨ 1982 ਦੇ ਧਰਮ ਯੁੱਧ ਮੋਰਚੇ ਦੇ ਵੀ ਇਹੀ ਮੁੱਖ ਮੁੱਦੇ ਸਨ। ਬਾਕੀ ਤਾਂ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਸੀ ਜੋ ਬਾਅਦ ਵਿਚ ਬਰੀ ਹੋ ਗਏ ਸਨ। ਸਾਕਾ ਨੀਲਾ ਤਾਰਾ ਤੇ ਦਿੱਲੀ ਸਮੇਤ ਦਸ ਰਾਜਾਂ ਵਿਚ ਸਿੱਖ ਕਤਲੇਆਮ ਵੀ ਇਸ ਦੀ ਹੀ ਲੜੀ ਹੈ ਪਰ ਕਿਸੇ ਵੀ ਮਸਲੇ ਦਾ ਹੱਲ ਹੁਣ ਤੱਕ ਕਿਉਂ ਨਹੀਂ ਹੋਇਆ? ਨਾ ਕੋਈ ਪ੍ਰਾਪਤੀ, ਨਾ ਹੀ ਮੱਲ੍ਹਮ ਤੇ ਨਾ ਹੀ ਦੋਸ਼ੀਆਂ ਨੂੰ ਸਜ਼ਾ ਕਰਾਉਣ ਲਈ ਲੰਬੀ ਵਿਉਂਤਬੰਦੀ ਕੀਤੀ ਨਜ਼ਰ ਆਉਂਦੀ ਹੈ ਭਾਵੇਂ 1985 ਤੇ 2017 ਤੱਕ ਕਈ ਵਾਰ ਮੋਰਚਾ ਲਾਉਣ ਵਾਲਿਆਂ ਨੇ ਸਰਕਾਰਾਂ ਬਣਾਈਆਂ ਹਨ। ਦੁੱਖ ਦੀ ਗੱਲ ਹੈ ਕਿ ਇਸ ਸਮੇਂ ਸਰਕਾਰ ’ਚ ਰਹਿੰਦਿਆਂ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਨਾਲ ਕੋਝਾ ਮਜ਼ਾਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਮਦਦ ਦੇ ਦੋਸ਼ ਲੱਗਣ ਨਾਲ ਇਹ ਰਾਜਸੀ ਤੇ ਧਾਰਮਿਕ ਪੰਥਕ ਆਗੂ ਸਵਾਲਾਂ ਦੇ ਘੇਰੇ ਵਿਚ ਹਨ। bਜੇਕਰ ਚੌਕੀਦਾਰ ਵੀ ਚੋਰਾਂ ਨਾਲ ਰਲ ਜਾਣ ਤਾਂ ਬਚਾਏਗਾ ਕੌਣ? ਇਹ ਅੱਜ ਦੀ ਸਥਿਤੀ ਹੈ। ਇਕ-ਦੂਜੇ ’ਤੇ ਦੋਸ਼ ਲਾਉਣ ਨਾਲੋਂ ਗ਼ਲਤੀ ਦਾ ਅਹਿਸਾਸ ਕਰਨਾ ਸਹੀ ਨੀਤੀ ਹੁੰਦੀ ਹੈ ਪਰ ਹੋ ਬਿਲਕੁਲ ਉਲਟ ਰਿਹਾ ਹੈ। ਸਿੱਖ ਗੁਰਦੁਆਰਾ ਐਕਟ 1925 ਅਧੀਨ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੌ ਸਾਲ ਪੂਰੇ ਕਰ ਰਹੀ ਹੈ। ਸਿੱਖ ਧਰਮ ਦੇ ਪ੍ਰਚਾਰ ਦੇ ਨਾਂ ’ਤੇ ਗੁਰਮਤਿ ਗਿਆਨ ਦੇਣ ਲਈ ਕੋਈ ਸੰਸਥਾ ਪਿੰਡ ਤੇ ਕਸਬਾ ਪੱਧਰ ’ਤੇ ਨਹੀਂ ਹੈ। ਪਿੰਡ ਵਾਰ ਨੂੰ ਛੱਡੋ, ਜ਼ਿਲ੍ਹਾ ਪੱਧਰ ’ਤੇ ਵੀ ਕੋਈ ਪ੍ਰਚਾਰਕ ਨਹੀਂ ਹੈ। ਗੁਰਬਾਣੀ ਦੇ ਸਹਿਜ ਤੇ ਅਖੰਡ ਪਾਠ ਉਜਰਤ ਤੋਂ ਬਿਨਾਂ ਅਸੰਭਵ ਹਨ। ਉਜਰਤ ਲੈ ਕੇ ਪਾਠ, ਕੀਰਤਨ, ਅਰਦਾਸ, ਕਵੀਸ਼ਰੀ ਕੀਤੇ ਜਾ ਰਹੇ ਹਨ। ਇਹ ਰੋਜ਼ੀ-ਰੋਟੀ ਦਾ ਸਾਧਨ ਹਨ, ਧਰਮ ਪ੍ਰਚਾਰ ਦਾ ਨਹੀਂ। ਛੱਬੀ ਹਜ਼ਾਰ ਏਕੜ ਤੋਂ ਵੱਧ ਜ਼ਮੀਨ ਹੀ ਗੁਰੂਘਰਾਂ ਦੇ ਨਾਂ ’ਤੇ ਹੈ, ਉੱਥੋਂ ਹੁੰਦੀ ਕਮਾਈ, ਲੰਗਰ ਵਿੱਦਿਆ ਤੇ ਨਾ ਹੀ ਧਰਮ ਪ੍ਰਚਾਰ ਵਿਚ ਪੂਰਨ ਰੂਪ ਵਿਚ ਲੱਗਦੀ ਨਜ਼ਰ ਆਉਂਦੀ ਹੈ। ਉਜਰਤ ਦੇ ਕੇ ਕਰਮ-ਕਾਂਡ ਹੁੰਦੇ ਹਨ ਜਿਸ ਦੀ ਮਨਾਹੀ ਹੈ। ਵੱਡਾ ਸਵਾਲ ਇਹ ਹੈ ਕਿ ਕੌਮ ਤੇ ਪੰਜਾਬ ਦੀ ਬਰਬਾਦੀ ਲਈ ਕਿਧਰੇ ਅਸੀਂ ਆਪ ਹੀ ਜ਼ਿੰਮੇਵਾਰ ਤਾਂ ਨਹੀਂ? ਵਿਦੇਸ਼ ਜਾਣਾ ਮਜਬੂਰੀ ਹੈ ਜਾਂ ਸ਼ੌਕ, ਵਿਦੇਸ਼ ਵਿਚ ਰਾਜਨੀਤਕ ਸ਼ਰਨ ਲੈ ਕੇ ਰਹਿਣ ਲਈ ਦੇਸ਼ ਵਿਰੋਧੀ ਹੋਣ ਦੇ ਬੇਬੁਨਿਆਦ ਝੂਠੇ ਕਾਗਜ਼ ਤਿਆਰ ਕਰਨੇ ਵੀ ਇਕ ਵਪਾਰ ਬਣ ਚੁੱਕਾ ਹੈ।

ਪੰਜਾਬ ਦੀ ਦਸ਼ਾ ਅਤੇ ਦਿਸ਼ਾ ਦਾ ਸਵਾਲ Read More »

ਚੰਡੀਗੜ੍ਹ ਦਾ ਵਿਵਾਦ

ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਬਦਲਵੀਂ ਜਗ੍ਹਾ ਦੇਣ ਦੀ ਤਜਵੀਜ਼ ਨੂੰ ਲੈ ਕੇ ਪੰਜਾਬ ਦੇ ਸਿਆਸੀ ਹਲਕਿਆਂ ਦਾ ਜਿਸ ਕਿਸਮ ਦਾ ਰੱਦੇ-ਅਮਲ ਸਾਹਮਣੇ ਆਇਆ ਹੈ, ਉਸ ਦੀ ਪਹਿਲਾਂ ਹੀ ਆਸ ਕੀਤੀ ਜਾ ਰਹੀ ਸੀ। ਹਰਿਆਣਾ ਸਰਕਾਰ ਨੇ ਚੰਡੀਗੜ੍ਹ ਵਿਚ 10 ਏਕੜ ਜ਼ਮੀਨ ਉੱਤੇ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਨੂੰ 12 ਏਕੜ ਜ਼ਮੀਨ ਪੰਚਕੂਲਾ ਵਿਚ ਦੇਣ ਬਾਰੇ ਕਿਹਾ ਸੀ ਪਰ ਪੰਚਕੂਲਾ ਵਾਲੀ ਜ਼ਮੀਨ ਈਕੋ ਸੈਂਸਟਿਵ ਹੋਣ ਕਰ ਕੇ ਮਾਮਲਾ ਭਖ ਗਿਆ। ਹੁਣ ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲੇ ਨੇ ਪੰਚਕੂਲਾ ਦੀ ਇਸ ਜ਼ਮੀਨ ਨੂੰ ਵਾਤਾਵਰਨ ਪੱਖੋਂ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਜ਼ਮੀਨ ਦੀ ਅਦਲਾ-ਬਦਲੀ ਦਾ ਰਾਹ ਸਾਫ ਹੋ ਗਿਆ ਪਰ ਪੰਜਾਬ ਦੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਚੰਡੀਗੜ੍ਹ ਦੀ ਜ਼ਮੀਨ ਹਰਿਆਣਾ ਨੂੰ ਦੇਣ ਦਾ ਤਿੱਖਾ ਵਿਰੋਧ ਕੀਤਾ ਹੈ ਅਤੇ ਇਹ ਗੱਲ ਆਖੀ ਹੈ ਕਿ ਕੇਂਦਰ ਦੀ ਇਹ ਪਹਿਲਕਦਮੀ ਪੰਜਾਬ ਦੇ ਹਿੱਤਾਂ ਤੇ ਹੱਕਾਂ ਉੱਪਰ ਵੱਡਾ ਹਮਲਾ ਹੈ। ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਤਰਜਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਚੰਡੀਗੜ੍ਹ ਮਹਿਜ਼ ਜ਼ਮੀਨ ਦਾ ਟੁਕੜਾ ਨਹੀਂ ਹੈ ਸਗੋਂ ਇਸ ਨਾਲ ਤਿੰਨ ਕਰੋੜ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਨੇ ਵੀ ਹਰਿਆਣਾ ਨੂੰ ਚੰਡੀਗੜ੍ਹ ਵਿੱਚ ਵਿਧਾਨ ਸਭਾ ਲਈ ਜ਼ਮੀਨ ਦੇਣ ਦੀ ਤਜਵੀਜ਼ ਦਾ ਤਿੱਖਾ ਵਿਰੋਧ ਕੀਤਾ ਹੈ। ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਫ਼ ਤੌਰ ’ਤੇ ਕਿਹਾ ਹੈ ਕਿ ਕੇਂਦਰ ਦੀ ਇਸ ਕਾਰਵਾਈ ਨਾਲ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਨੂੰ ਢਾਹ ਲੱਗੇਗੀ ਤੇ ਇਸ ਤਰ੍ਹਾਂ ਦੇ ਪੰਜਾਬ ਵਿਰੋਧੀ ਰੁਖ਼ ਨਾਲ ਰਾਜ ਦੇ ਲੋਕਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਅਤੇ ਇਸ ਨੂੰ ਰੱਦ ਕਰਵਾਉਣ ਲਈ ਨਿੱਜੀ ਤੌਰ ’ਤੇ ਦਖਲ ਦੇਣ ਦੀ ਅਪੀਲ ਕੀਤੀ ਹੈ। ਨਵੀਂ ਵਿਧਾਨ ਸਭਾ ਬਣਾਉਣ ਲਈ ਹਰਿਆਣਾ ਸਰਕਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਚਾਰਾਜੋਈ ਕੀਤੀ ਜਾ ਰਹੀ ਸੀ। ਇਸ ਸਬੰਧ ’ਚ ਹਰਿਆਣਾ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸ ਦੀ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਵਧੇਗੀ ਜਿਸ ਦੇ ਮੱਦੇਨਜ਼ਰ ਉਸ ਨੂੰ ਨਵੀਂ ਵਿਧਾਨ ਸਭਾ ਬਣਾਉਣ ਦੀ ਲੋੜ ਹੈ। 1966 ਵਿੱਚ ਜਦੋਂ ਪੰਜਾਬ ਦਾ ਮੁੜ ਗਠਨ ਕਰ ਕੇ ਨਵਾਂ ਸੂਬਾ ਹਰਿਆਣਾ ਬਣਾਇਆ ਗਿਆ ਸੀ, ਚੰਡੀਗੜ੍ਹ ਦੇ ਮੁੱਦੇ ਨੂੰ ਉਦੋਂ ਤੋਂ ਹੀ ਲਟਕਾ ਕੇ ਰੱਖਿਆ ਹੋਇਆ ਹੈ। ਹਾਲਾਂਕਿ ਚੰਡੀਗੜ੍ਹ ਅਣਵੰਡੇ ਪੰਜਾਬ ਦੀ ਰਾਜਧਾਨੀ ਸੀ ਅਤੇ ਮੁੜਗਠਨ ਵੇਲੇ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਹਰਿਆਣਾ ਨੂੰ ਨਵੀਂ ਰਾਜਧਾਨੀ ਤਿਆਰ ਕਰਨ ਲਈ ਪੰਜ ਸਾਲ ਦੀ ਮੋਹਲਤ ਦਿੱਤੀ ਗਈ ਸੀ। ਨਵੀਂ ਵਿਧਾਨ ਸਭਾ ਬਾਰੇ ਹਰਿਆਣਾ ਦੀ ਲੋੜ ਤਾਂ ਸਮਝ ਪੈਂਦੀ ਹੈ ਪਰ ਇਸ ਤੱਥ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿ ਚੰਡੀਗੜ੍ਹ ਦੇ ਦਰਜੇ ਨੂੰ ਲੈ ਕੇ ਵਿਵਾਦ ਵਾਲੀ ਸਥਿਤੀ ਬਣੀ ਹੋਈ ਹੈ। ਇਸ ਮੌਕੇ ਚੰਡੀਗੜ੍ਹ ਦੇ ਦਰਜੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਸੰਵਿਧਾਨਕ ਅਤੇ ਇਖ਼ਲਾਕੀ ਤੌਰ ’ਤੇ ਸਹੀ ਨਹੀਂ ਆਖੀ ਜਾ ਸਕਦੀ। ਚੰਡੀਗੜ੍ਹ ਅਤੇ ਰਾਜ ਦੇ ਮੁੜਗਠਨ ਵੇਲੇ ਦੇ ਪੁਰਾਣੇ ਮੁੱਦਿਆਂ ਦੇ ਨਿਬੇੜੇ ਲਈ ਸਾਰੀਆਂ ਸਬੰਧਿਤ ਧਿਰਾਂ ਵਿਚਾਲੇ ਗੱਲਬਾਤ ਹੋਣੀ ਚਾਹੀਦੀ ਹੈ ਤੇ ਇਨ੍ਹਾਂ ਮੁੱਦਿਆਂ ਨੂੰ ਮਿਲ-ਬੈਠ ਕੇ ਸੁਲਝਾਉਣ ਦਾ ਰਸਤਾ ਅਖ਼ਤਿਆਰ ਕੀਤਾ ਜਾਣਾ ਚਾਹੀਦਾ ਹੈ।

ਚੰਡੀਗੜ੍ਹ ਦਾ ਵਿਵਾਦ Read More »

ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਡਿੱਗੀਆਂ ਸੋਨੇ ਦੀਆਂ ਕੀਮਤਾਂ

ਨਵੀਂ ਦਿੱਲੀ, 16 ਨਵੰਬਰ – ਵਿਆਹਾਂ ਦੇ ਸੀਜ਼ਨ ਦੌਰਾਨ ਸੋਨੇ ਦੀ ਮੰਗ ਵਧ ਜਾਂਦੀ ਹੈ। ਅਜਿਹੇ ‘ਚ ਇਨ੍ਹਾਂ ਦੀ ਕੀਮਤ ਵੀ ਵਧ ਜਾਂਦੀ ਹੈ। ਪਰ ਇਸ ਸਾਲ ਇਸ ਦੇ ਉਲਟ ਹੋ ਰਿਹਾ ਹੈ। ਪਿਛਲੇ ਚਾਰ ਦਿਨਾਂ ‘ਚ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਜਦੋਂ ਵੀ ਸ਼ੇਅਰ ਬਾਜ਼ਾਰ ‘ਚ ਗਿਰਾਵਟ ਆਉਂਦੀ ਹੈ ਤਾਂ ਸੋਨੇ ਦੀ ਕੀਮਤ ਵਧ ਜਾਂਦੀ ਹੈ। ਪਰ ਸ਼ੇਅਰ ਬਾਜ਼ਾਰ ‘ਚ ਗਿਰਾਵਟ ਨਾਲ ਸੋਨੇ ਦੀਆਂ ਕੀਮਤਾਂ ‘ਚ ਵੀ ਗਿਰਾਵਟ ਆਈ ਹੈ। ਪਿਛਲੇ ਕੁਝ ਸਮੇਂ ਤੋਂ ਸਰਾਫਾ ਬਾਜ਼ਾਰ ਦੇ ਨਾਲ-ਨਾਲ ਗਲੋਬਲ ਬਾਜ਼ਾਰ ‘ਚ ਵੀ ਸੋਨੇ ਦੀਆਂ ਕੀਮਤਾਂ ‘ਚ ਨਰਮੀ ਆਈ ਹੈ। ਕੀ ਹੈ ਸੋਨੇ ਦੀ ਕੀਮਤ ਸੋਨੇ ਦੀਆਂ ਕੀਮਤਾਂ ਪਿਛਲੇ ਚਾਰ ਸੈਸ਼ਨਾਂ ਤੋਂ ਡਿੱਗ ਰਹੀਆਂ ਹਨ। 24 ਕੈਰੇਟ ਸੋਨਾ, ਜਿਸ ਨੂੰ 99.9 ਫੀਸਦੀ ਸ਼ੁੱਧ ਮੰਨਿਆ ਜਾਂਦਾ ਹੈ, 77,050 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਜਦੋਂ ਕਿ 22 ਕੈਰੇਟ ਸੋਨਾ 76,650 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ 2,310 ਰੁਪਏ ਡਿੱਗ ਕੇ 90,190 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਹੁਣ ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਨਿਵੇਸ਼ਕ ਵੀ ਚਿੰਤਤ ਹਨ। ਦਰਅਸਲ, ਕੁਝ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਸ਼ੇਅਰ ਬਾਜ਼ਾਰ ਡਿੱਗਦਾ ਹੈ ਤਾਂ ਸੋਨੇ ਦੀਆਂ ਕੀਮਤਾਂ ਵਧ ਜਾਂਦੀਆਂ ਹਨ। ਅਜਿਹੇ ‘ਚ ਨਿਵੇਸ਼ਕ ਬਾਜ਼ਾਰ ‘ਚੋਂ ਪੈਸੇ ਕਢਵਾ ਕੇ ਸੋਨੇ ‘ਚ ਨਿਵੇਸ਼ ਕਰਦੇ ਸਨ। ਪਰ ਹੁਣ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਨਿਵੇਸ਼ਕਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਸੋਨੇ ਦੀਆਂ ਕੀਮਤਾਂ ਕਿਉਂ ਡਿੱਗ ਰਹੀਆਂ ਹਨ। ਅਮਰੀਕੀ ਡਾਲਰ ਮਜ਼ਬੂਤ ​​ ਬਾਜ਼ਾਰ ਮਾਹਰਾਂ ਮੁਤਾਬਕ ਅਮਰੀਕੀ ਚੋਣਾਂ ‘ਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਅਮਰੀਕੀ ਮੁਦਰਾ ਡਾਲਰ ਮਜ਼ਬੂਤ ​​ਹੋ ਰਿਹਾ ਹੈ। ਡਾਲਰ ਇੰਡੈਕਸ ਸਾਲ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਡਾਲਰ ਮਜ਼ਬੂਤ ​​ਹੁੰਦਾ ਹੈ ਤਾਂ ਸੋਨਾ ਅਤੇ ਚਾਂਦੀ ਵਰਗੀਆਂ ਕੀਮਤੀ ਧਾਤਾਂ ਨਿਵੇਸ਼ਕਾਂ ਲਈ ਘੱਟ ਆਕਰਸ਼ਕ ਹੋ ਜਾਂਦੀਆਂ ਹਨ। ਇਸ ਸਥਿਤੀ ਵਿੱਚ, ਕੀਮਤੀ ਧਾਤਾਂ ਦੀ ਮੰਗ ਘੱਟ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਂਦੀ ਹੈ। ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ ਫੈਡਰਲ ਰਿਜ਼ਰਵ ਨੇ ਇਸ ਮਹੀਨੇ ਦੂਜੀ ਵਾਰ ਵਿਆਜ ਦਰਾਂ ‘ਚ ਕਟੌਤੀ ਕੀਤੀ ਹੈ। ਇਹ ਕਟੌਤੀ ਅੱਗੇ ਵੀ ਜਾਰੀ ਰਹਿ ਸਕਦੀ ਹੈ। LKP ਸਕਿਓਰਿਟੀਜ਼ ਦੇ ਵਿਸ਼ਲੇਸ਼ਕ ਜਤਿਨ ਤ੍ਰਿਵੇਦੀ ਮੁਤਾਬਕ ਜੇਕਰ ਅਮਰੀਕਾ ‘ਚ ਮਹਿੰਗਾਈ ਦਰ 2 ਫੀਸਦੀ ਦੇ ਨੇੜੇ ਰਹਿੰਦੀ ਹੈ ਤਾਂ ਵਿਆਜ ਦਰ ‘ਚ ਕਟੌਤੀ ਹੋ ਸਕਦੀ ਹੈ। ਵਿਆਜ ਦਰਾਂ ‘ਚ ਕਟੌਤੀ ਦੀਆਂ ਉਮੀਦਾਂ ਨੇ ਸੋਨੇ ਦੀਆਂ ਕੀਮਤਾਂ ‘ਤੇ ਦਬਾਅ ਪਾਇਆ। ਅਜਿਹੇ ‘ਚ ਸੋਨੇ ‘ਚ ਨਿਵੇਸ਼ ਵਧਦਾ ਹੈ ਪਰ ਕੀਮਤ ਘੱਟ ਜਾਂਦੀ ਹੈ। ਗਲੋਬਲ ਮਾਰਕੀਟ ਦਾ ਪ੍ਰਭਾਵ ਵਿਸ਼ਵ ਪੱਧਰ ‘ਤੇ ਹੋ ਰਹੇ ਕਾਰੋਬਾਰ ਦਾ ਸਿੱਧਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਪੈਂਦਾ ਹੈ। ਫਿਲਹਾਲ ਗਲੋਬਲ ਬਾਜ਼ਾਰ ‘ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ ਫਿਊਚਰਜ਼ ਵਪਾਰ ‘ਚ ਸੋਨਾ 1.13 ਫੀਸਦੀ ਡਿੱਗ ਕੇ 2,557.40 ਡਾਲਰ ਪ੍ਰਤੀ ਔਂਸ ‘ਤੇ ਆ ਗਿਆ। ਇਹ ਦੋ ਮਹੀਨਿਆਂ ਦਾ ਹੇਠਲਾ ਪੱਧਰ ਹੈ। ਚਾਂਦੀ ਦੀ ਗੱਲ ਕਰੀਏ ਤਾਂ ਇਹ ਵੀ 2.57 ਫੀਸਦੀ ਡਿੱਗ ਕੇ 29.88 ਡਾਲਰ ਪ੍ਰਤੀ ਔਂਸ ‘ਤੇ ਆ ਗਈ। ਨਿਵੇਸ਼ਕਾਂ ਨੂੰ ਕੀ ਕਰਨਾ ਚਾਹੀਦੈ ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਈ ਨਰਮੀ ਤੋਂ ਬਾਅਦ ਨਿਵੇਸ਼ਕਾਂ ਦੇ ਸਾਹਮਣੇ ਸਵਾਲ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਇਸ ਸਥਿਤੀ ਵਿੱਚ, ਮਾਹਰਾਂ ਦਾ ਮੰਨਣਾ ਹੈ ਕਿ ਨਿਵੇਸ਼ਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਨੂੰ ਬਾਜ਼ਾਰ ਦੇ ਰੁਝਾਨ ਨੂੰ ਸਮਝਣਾ ਚਾਹੀਦਾ ਹੈ। ਇਸ ਸਥਿਤੀ ਵਿੱਚ ਨਿਵੇਸ਼ਕ ਨੂੰ ਸਮਝਦਾਰੀ ਨਾਲ ਨਿਵੇਸ਼ ਕਰਨਾ ਚਾਹੀਦਾ ਹੈ।

ਸ਼ੇਅਰ ਬਾਜ਼ਾਰ ਦੇ ਨਾਲ-ਨਾਲ ਡਿੱਗੀਆਂ ਸੋਨੇ ਦੀਆਂ ਕੀਮਤਾਂ Read More »

ਆਈ ਲੀਗ ’ਚ ਫਸਣਗੇ ਸਿੰਙ,ਅੱਡੀ ਚੋਟੀ ਦਾ ਜ਼ੋਰ ਲਾਉਣਗੇ ਖਿਡਾਰੀ

ਨਵੀਂ ਦਿੱਲੀ, 16 ਨਵੰਬਰ – ਈ ਲੀਗ ਮੁਲਕ ਦੀ ਇੱਕ ਬਿਹਤਰੀਨ ਫੁੱਟਬਾਲ ਲੀਗ ਹੈ। ਜਿਸ ਵਿਚ ਦੇਸ਼ ਦੇ ਚੋਟੀ ਦੇ ਫੁੱਟਬਾਲ ਕਲੱਬ ਖੇਡਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਦੇ ਮੈਚ ਹੁੰਦੇ ਹਨ। ਪਿਛਲੇ ਸਾਲ ਇਸ ਲੀਗ ਵਿਚ ਪੰਜਾਬ ਦੇ ਖਿਡਾਰੀਆਂ ਦੀ ਗਿਣਤੀ ਵੱਧ ਗਈ ਸੀ। ਇਸ ਲੀਗ ਵਿਚ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਨੇ ਖੇਡਣਾ ਸ਼ੁਰੂ ਕੀਤਾ ਸੀ । ਇਸ ਵਾਰ ਮੁੜ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਇਸ ਲੀਗ ਵਿਚ ਖੇਡ ਰਿਹਾ ਹੈ। ਇਸ ਵਾਰ ਮੁੜ ਪੰਜਾਬ ਵਿਚ ਆਈ ਲੀਗ ਦੇ ਮੈਚ ਹੋ ਰਹੇ ਹਨ। ਇਸ ਲੀਗ ਦੀ ਸ਼ੂਰੂਆਤ 22 ਨਵੰਬਰ ਤੋਂ ਰਹੀ ਹੈ। ਪੰਜਾਬ ਵਿਚ ਹੋਣ ਵਾਲੇ ਮੁਕਾਬਲੇ 23 ਨਵੰਬਰ ਤੋਂ ਸ਼ੁਰੂ ਹੋ ਰਹੇ ਹਨ। 23 ਨਵੰਬਰ ਨੂੰ ਪਹਿਲਾਂ ਮੁਕਾਬਲਾ ਨਾਮਧਾਰੀ ਫੁੱਟਬਾਲ ਕਲੱਬ ਅਤੇ ਦਿੱਲੀ ਫੁੱਟਬਾਲ ਕਲੱਬ ਵਿਚਕਾਰ ਹੋਵੇਗਾ। 30 ਨਵੰਬਰ ਨੂੰ ਰਾਜਸਥਾਨ ਯੂਨਾਈਟਿਡ ਫੁੱਟਬਾਲ ਕਲੱਬ ਅਤੇ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਖੇਡਣਗੇ। 3 ਦਸੰਬਰ ਨੂੰ ਡੈਪੋ ਸਪੋਰਟਸ ਕਲੱਬ ਗੋਆ ਤੇ ਨਾਮਧਾਰੀ ਕਲੱਬ ਭੈਣੀ ਸਾਹਿਬ ਆਹਮੋ-ਸਾਹਮਣੇ ਹੋਣਗੇ । 8 ਦਸੰਬਰ ਨੂੰ ਆਈਜੋਲ ਫੁੱਟਬਾਲ ਕਲੱਬ ਅਤੇ ਨਾਮਧਾਰੀ ਫੁੱਟਬਾਲ ਕਲੱਬ ਦਾ ਫ਼ਸਵਾਂ ਮੁਕਾਬਲਾ ਹੋਵੇਗਾ ‌। 15 ਦਸੰਬਰ ਨੂੰ ਰੀਅਲ ਕਸ਼ਮੀਰ ਅਤੇ ਨਾਮਧਾਰੀ ਫੁੱਟਬਾਲ ਕਲੱਬ ਦਾ ਮੈਚ ਹੋਵੇਗਾ। 13 ਜਨਵਰੀ ਨੂੰ ਇੰਟਰ ਕਾਂਸ਼ੀ ਤੇ ਭੈਣੀ ਸਾਹਿਬ ਖੇਡਣਗੇ।25 ਜਨਵਰੀ ਨੂੰ ਸਿ਼ਲੌਂਗ ਲਜੌਗ ਐਫ਼ਸੀ ਅਤੇ ਨਾਮਧਾਰੀ ਕਲੱਬ ਭੈਣੀ ਸਾਹਿਬ ਦਾ ਮੁਕਾਬਲਾ ਹੋਵੇਗਾ। 28 ਜਨਵਰੀ ਨੂੰ ਸ੍ਰਿਨਦੀ ਡੈਕਨ ਐਫ਼ ਸੀ ਤੇ ਨਾਮਧਾਰੀ ਕਲੱਬ ਭੈਣੀ ਸਾਹਿਬ ਖੇਡਣਗੇ। 24 ਫਰਵਰੀ ਨੂੰ ਨਾਮਧਾਰੀ ਕਲੱਬ ਤੇ ਚਰਚਿਲ ਬ੍ਰਦਰਜ਼ ਵਿਚਕਾਰ ਮੁਕਾਬਲਾ ਹੋਵੇਗਾ। 17 ਮਾਰਚ ਨੂੰ ਗੋਕੂਲਮ ਕੇਰਲਾ ਐਫ਼ਸੀ ਤੇ ਨਾਮਧਾਰੀ ਕਲੱਬ ਦਾ ਆਈ ਲੀਗ ਫੁੱਟਬਾਲ ਦੇ ਮੈਚ ਹੋਵੇਗਾ। ਇਸ ਤੋਂ ਬਾਅਦ ਐਸਸੀ ਬੈਂਗਲੁਰੂ ਦਾ ਮੁਕਾਬਲਾ ਨਾਮਧਾਰੀ ਕਲੱਬ ਨਾਲ ਹੋਵੇਗਾ

ਆਈ ਲੀਗ ’ਚ ਫਸਣਗੇ ਸਿੰਙ,ਅੱਡੀ ਚੋਟੀ ਦਾ ਜ਼ੋਰ ਲਾਉਣਗੇ ਖਿਡਾਰੀ Read More »

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਵਿੱਚ ਨਵ-ਨਿਯੁਕਤ ਕਾਂਸਟੇਬਲਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ, 16 ਨਵੰਬਰ – ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਪੰਜਾਬ ਆਪਣੇ ਹਰੇਕ ਪਿੰਡ ਵਿੱਚ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਕੇ ਦੇਸ਼ ਲਈ ਰੋਲ ਮਾਡਲ ਬਣ ਕੇ ਉੱਭਰਿਆ ਹੈ। ਪੰਜਾਬ ਪੁਲਿਸ ਵਿੱਚ 1205 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਮਾਰਚ, 2022 ਤੋਂ ਲੈ ਕੇ ਹੁਣ ਤੱਕ ਨੌਜਵਾਨਾਂ ਨੂੰ ਕਿਸੇ ਸਿਫਾਰਸ਼ ਤੇ ਰਿਸ਼ਵਤ ਤੋਂ ਬਗੈਰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ 48,000 ਤੋਂ ਵੱਧ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਦੇਣ ਦੀ ਇਸ ਵਿਆਪਕ ਮੁਹਿੰਮ ਸਦਕਾ ਪੰਜਾਬ ਦੇ ਹਰੇਕ ਪਿੰਡ ਵਿੱਚ ਹੁਣ ਘੱਟੋ ਘੱਟ ਇਕ ਸਰਕਾਰੀ ਮੁਲਾਜ਼ਮ ਨਿਯੁਕਤ ਹੋਇਆ ਹੈ ਜੋ ਕਿ ਸਾਡੇ ਸਾਰਿਆਂ ਲਈ ਮਾਣ ਅਤੇ ਤਸੱਲੀ ਵਾਲੀ ਗੱਲ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਇਸ ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ ਤਾਂ ਜੋ ਉਹ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਣ। ਨਵ-ਨਿਯੁਕਤ ਪੁਲਿਸ ਜਵਾਨਾਂ ਨੂੰ ਆਪਣੀ ਡਿਊਟੀ ਦਿਆਨਤਦਾਰੀ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਦਾ ਸੱਦਾ ਦਿੰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਦੇਸ਼ ਦੀ ਸਭ ਤੋਂ ਵੱਧ ਅਨੁਸ਼ਾਸਿਤ ਅਤੇ ਸ਼ਾਨਦਾਰ ਪੰਜਾਬ ਪੁਲਿਸ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸੱਤਾ ਸੰਭਾਲੀ ਹੈ, ਸਾਡਾ ਮਿਸ਼ਨ ਸੂਬੇ ਵਿੱਚ ਸਥਿਰਤਾ ਲਿਆਉਣਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪੈਦਾ ਹੈ ਅਤੇ ਅਸੀਂ ਇਹਨਾਂ ਟੀਚਿਆਂ ਨੂੰ ਹਾਸਲ ਕਰਨ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹਾਂ। ਅਰਵਿੰਦ ਕੇਜਰੀਵਾਲ ਨੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ 1,746 ਨਵੇਂ ਕਾਂਸਟੇਬਲਾਂ ਵਿੱਚੋਂ ਅੱਜ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ 1,205 ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਦੱਸਿਆ ਕਿ ਕੁਝ ਜ਼ਿਲ੍ਹਿਆਂ ਵਿੱਚ ਚੋਣ ਜ਼ਾਬਤਾ ਅਤੇ ਕੁਝ ਹੋਰ ਕਾਰਨਾਂ ਕਰਕੇ ਬਾਕੀ ਨਿਯੁਕਤੀ ਪੱਤਰ ਅਜੇ ਜਾਰੀ ਨਹੀਂ ਕੀਤੇ ਜਾ ਸਕੇ ਪਰ ਜਲਦੀ ਹੀ ਇਹ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਰਥਕ ਮੌਕੇ ਪੈਦਾ ਕਰਨਾ ਮੁੱਖ ਤਰਜੀਹ ਹੈ ਅਤੇ ਪੰਜਾਬ ਸਰਕਾਰ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਵੱਖ-ਵੱਖ ਅਹੁਦਿਆਂ ‘ਤੇ ਭਰਤੀ ਕਰਨ ਲਈ ਵਚਨਬੱਧ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਸਾਰੀਆਂ ਨੌਕਰੀਆਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਬਿਨਾਂ ਕਿਸੇ ਸਿਫਾਰਸ਼ ਤੋਂ ਦਿੱਤੀਆਂ ਗਈਆਂ ਹਨ।  ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਪਾਰਟੀ ਨੇ ਅਹੁਦਾ ਸੰਭਾਲਿਆ ਸੀ ਤਾਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਸੀ ਕਿਉਂਕਿ ਇੱਥੇ ਗੈਂਗਸਟਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਦਾ ਦਬਦਬਾ ਸੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਹੁਣ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦੇਸ਼ ਭਰ ਵਿੱਚ ਸਭ ਤੋਂ ਬਿਹਤਰ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ,  “ਪਹਿਲਾਂ ਹਾਲਾਤ ਵਿਗੜ ਰਹੇ ਸਨ ਪਰ ਹੁਣ ਹਾਲਾਤ ਬਦਲ ਗਏ ਹਨ। ਪੰਜਾਬ ਦਾ ਮਾਹੌਲ ਸਕਾਰਾਤਮਕ ਦਿਸ਼ਾ ਵੱਲ ਵਧ ਰਿਹਾ ਹੈ, ਜਿਸ ਕਾਰਨ ਪੰਜਾਬ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਬਿਹਤਰ ਵਿਵਸਥਾ ਪ੍ਰਦਾਨ ਕਰਨ ਵਿੱਚ ਪੰਜਾਬ ਰੋਲ ਮਾਡਲ ਵਜੋਂ ਉਭਰੇਗਾ ਜਿਸ ਲਈ ਛੇਤੀ ਹੀ ਯੋਜਨਾਬੱਧ ਮਾਡਲ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਿਸੇ ਵੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ ਅਤੇ ਅਸੀਂ ਇਸ ਲਈ ਵਚਨਬੱਧ ਹਾਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਲਈ ਸਭ ਤੋਂ ਵਧੀਆ ਮਿਸਾਲ ਇਹ ਹੈ ਕਿ ਸੂਬਾ ਸਰਕਾਰ ਵੱਲੋਂ 60,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਲਿਆਂਦਾ  ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਿਵੇਸ਼ ਰਾਹੀਂ ਤਿੰਨ ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ ਜਿਸ ਨਾਲ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਹੁਲਾਰਾ ਮਿਲੇਗਾ।  ਅਰਵਿੰਦ ਕੇਜਰੀਵਾਲ ਨੇ ਕਿਹਾ, “ਦੂਜੀਆਂ ਸਿਆਸੀ ਪਾਰਟੀਆਂ ਨੂੰ ਸੂਬੇ ਨੂੰ ਬਰਬਾਦ ਕਰਨ ਲਈ 75 ਸਾਲ ਲੱਗ ਗਏ ਹਨ ਪਰ ‘ਆਪ’ ਸਰਕਾਰ ਨੇ ਇਸ ਨੂੰ ਮੁੜ ਤਰੱਕੀ ਦੀ ਰਾਹ ਉੱਤੇ ਪਾਉਣ ਲਈ ਪਿਛਲੇ ਢਾਈ ਸਾਲਾਂ ਵਿੱਚ ਇਨਕਲਾਬੀ ਕਦਮ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਯਤਨ ਜਾਰੀ ਰਹਿਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਦੇਸ਼ ਦੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਅੱਜ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਛੋਟੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ, ਇਸ ਲਈ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।  ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਉਸ ਮਹਾਨ ਦੇਸ਼ ਭਗਤ ਨੂੰ ਢੁਕਵੀਂ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਮਾਤ ਭੂਮੀ ਦੀ ਰਾਖੀ ਜੀਵਨ ਕੁਰਬਾਨ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ, ਸਿੱਖਿਆ, ਬਿਜਲੀ, ਪਾਣੀ ਅਤੇ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਨੂੰ ਕੌਮੀ ਰਾਜਨੀਤੀ ਦਾ ਕੇਂਦਰ ਬਿੰਦੂ ਬਣਾਉਣ ਦਾ ਸਿਹਰਾ ਅਰਵਿੰਦ ਕੇਜਰੀਵਾਲ ਨੂੰ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਇਹ ਖੇਤਰ ਉਨ੍ਹਾਂ ਦੀ ਸਰਕਾਰ ਦੀਆਂ ਪੰਜ ਪ੍ਰਮੁੱਖ ਤਰਜੀਹਾਂ ਹਨ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿੱਥੇ ਬਾਕੀ ਸਿਆਸੀ ਪਾਰਟੀਆਂ ਨੇ ਹਮੇਸ਼ਾ ਹੀ ਨਫਰਤ ਅਤੇ ਫੁੱਟ ਪਾਊ ਏਜੰਡੇ ਨੂੰ ਅੱਗੇ ਵਧਾਇਆ ਹੈ, ਉੱਥੇ ਹੀ ਸ੍ਰੀ ਕੇਜਰੀਵਾਲ ਨੇ ਆਪਣੀ ਦੂਰਅੰਦੇਸ਼ੀ ਨਾਲ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਦੂਰਅੰਦੇਸ਼ ਸੋਚ ਨੂੰ ਸੂਬਾ ਸਰਕਾਰ ਵੱਲੋਂ ਆਮ ਆਦਮੀ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਅਮਲ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਤੋਂ ਇਲਾਵਾ ਸੂਬਾ ਸਰਕਾਰ ਨੇ ਕਈ ਹੋਰ ਲੋਕ ਪੱਖੀ ਪਹਿਲਕਦਮੀਆਂ ਵੀ ਕੀਤੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਨੇ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਭਰਤੀ ਕਰਨ ਲਈ ਅਜਿਹੇ ਬਹੁਤ ਸਾਰੇ ਨਿਯੁਕਤੀ ਪੱਤਰ ਵੰਡ ਸਮਾਰੋਹ ਹੁੰਦੇ ਦੇਖੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਨੌਜਵਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲ੍ਹਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਹੁਣ ਤੱਕ 48,000 ਤੋਂ ਵੱਧ ਨੌਜਵਾਨਾਂ ਨੂੰ ਨਿਰੋਲ ਯੋਗਤਾ ਦੇ ਆਧਾਰ ‘ਤੇ ਇਨ੍ਹਾਂ ਅਸਾਮੀਆਂ ਲਈ ਚੁਣਿਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਨੌਜਵਾਨ ਸਰਕਾਰ ਦਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਵਿੱਚ ਨਵ-ਨਿਯੁਕਤ ਕਾਂਸਟੇਬਲਾਂ ਨੂੰ ਸੌਂਪੇ ਨਿਯੁਕਤੀ ਪੱਤਰ Read More »

ਹਵਾ ਪ੍ਰਦੂਸ਼ਣ ਕਾਰਨ ਪਾਕਿਸਤਾਨ ਦੇ ਲਾਹੌਰ ਅਤੇ ਮੁਲਤਾਨ ‘ਚ ਲੱਗਿਆ ਲਾਕਡਾਊਨ

ਨਵੀਂ ਦਿੱਲੀ, 16 ਨਵੰਬਰ – ਪਾਕਿਸਤਾਨ ਵਿੱਚ ਹਵਾ ਪ੍ਰਦੂਸ਼ਣ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਲਾਹੌਰ ਤੋਂ ਬਾਅਦ ਹੁਣ ਮੁਲਤਾਨ ਦੀ ਹਵਾ ਵੀ ਜ਼ਹਿਰੀਲੀ ਹੋ ਗਈ ਹੈ। ਇੱਥੇ ਏਅਰ ਕੁਆਲਿਟੀ ਇੰਡੈਕਸ (AQI) ਦੋ ਵਾਰ 2000 ਨੂੰ ਪਾਰ ਕਰ ਗਿਆ ਹੈ। ਜਦੋਂ ਕਿ ਲਾਹੌਰ ਵਿੱਚ AQI 1900 ਦਰਜ ਕੀਤਾ ਗਿਆ ਸੀ। ਧੂੰਏਂ ਕਾਰਨ ਲੋਕ ਬਿਮਾਰ ਹੋ ਰਹੇ ਹਨ। ਹਸਪਤਾਲ ਵਿੱਚ ਸਾਹ ਲੈਣ ਵਿੱਚ ਤਕਲੀਫ਼ ਅਤੇ ਸਾਹ ਲੈਣ ਵਿੱਚ ਤਕਲੀਫ਼ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਦੌਰਾਨ, ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਧੁੰਦ ਨੂੰ ਮੈਡੀਕਲ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਹੈ, ਅਤੇ ਦੋਵਾਂ ਸ਼ਹਿਰਾਂ ਵਿੱਚ ਮੁਕੰਮਲ ਤਾਲਾਬੰਦੀ ਲਗਾ ਦਿੱਤੀ ਗਈ ਹੈ। ਏਆਰਵਾਈ ਨਿਊਜ਼ ਦੇ ਅਨੁਸਾਰ, ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਧੂੰਏਂ ਦੀ ਵਿਗੜਦੀ ਸਥਿਤੀ ਦੇ ਕਾਰਨ ਲਾਹੌਰ ਅਤੇ ਮੁਲਤਾਨ ਵਿੱਚ ਹਫ਼ਤੇ ਵਿੱਚ ਤਿੰਨ ਦਿਨ ਲਈ ਮੁਕੰਮਲ ਤਾਲਾਬੰਦੀ ਲਗਾ ਦਿੱਤੀ ਹੈ। ਲਾਹੌਰ ਅਤੇ ਮੁਲਤਾਨ ‘ਚ ਆਉਣ ਵਾਲੇ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਤੋਂ ਲੌਕਡਾਊਨ ਪੂਰੀ ਤਰ੍ਹਾਂ ਲਾਗੂ ਰਹੇਗਾ, ਜਦਕਿ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਧੂੰਏਂ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾਵੇਗੀ। ਪਾਕਿਸਤਾਨ ਦੀ ਸੀਨੀਅਰ ਸੂਚਨਾ ਅਤੇ ਵਾਤਾਵਰਣ ਸੁਰੱਖਿਆ ਮੰਤਰੀ ਮਰੀਅਮ ਔਰੰਗਜ਼ੇਬ ਨੇ ਲਾਹੌਰ ਅਤੇ ਮੁਲਤਾਨ ਵਿੱਚ 16 ਨਵੰਬਰ ਤੋਂ ਇੱਕ ਹਫ਼ਤੇ ਲਈ ਉਸਾਰੀ ਗਤੀਵਿਧੀਆਂ ਉੱਤੇ ਮੁਕੰਮਲ ਪਾਬੰਦੀ ਦਾ ਐਲਾਨ ਕੀਤਾ ਹੈ।  

ਹਵਾ ਪ੍ਰਦੂਸ਼ਣ ਕਾਰਨ ਪਾਕਿਸਤਾਨ ਦੇ ਲਾਹੌਰ ਅਤੇ ਮੁਲਤਾਨ ‘ਚ ਲੱਗਿਆ ਲਾਕਡਾਊਨ Read More »

ਚੋਣ ਕਮਿਸ਼ਨ ਨੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਨੋਟਿਸ ਕੀਤਾ ਜਾਰੀ

ਗਿੱਦੜਬਾਹਾ, 16 ਨਵੰਬਰ – ਚੋਣ ਕਮਿਸ਼ਨ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਗਲਤ ਤਰੀਕੇ ਨਾਲ ਛਪੇ ਪੋਸਟਰ ਨਾਲ ਜੁੜਿਆ ਹੋਇਆ ਹੈ। ਅੰਮ੍ਰਿਤਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਾਜਾ ਵੜਿੰਗ ਦੀ ਪਤਨੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਚੋਣ ਏਜੰਟ ਜਗਤਾਰ ਸਿੰਘ ਨੇ ਉਪ ਮੰਡਲ ਮੈਜਿਸਟ੍ਰੇਟ ਕਮ ਰਿਟਰਨਿੰਗ ਅਫ਼ਸਰ 084-ਗਿੱਦੜਬਾਹਾ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਗਲਤ ਤਰੀਕੇ ਨਾਲ ਲਗਾ ਕੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰ ਰਹੀ ਹੈ। ਇਸ ਸਬੰਧੀ ਅੰਮ੍ਰਿਤਾ ਵੜਿੰਗ ਤੋਂ 24 ਘੰਟਿਆਂ ਅੰਦਰ ਜਵਾਬ ਮੰਗਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਨੋਟਿਸ ਜਾਰੀ ਕੀਤਾ ਸੀ। ਉਸ ਨੂੰ 24 ਘੰਟਿਆਂ ਅੰਦਰ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਸੀ। ਕਾਂਗਰਸ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਚੋਣ ਏਜੰਟ ਵਿਪਨ ਕੁਮਾਰ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ ਕਿ ‘ਆਪ’ ਵੱਲੋਂ ਛਾਪੇ ਗਏ ਪੋਸਟਰਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀਆਂ ਤਸਵੀਰਾਂ ਸਨ।

ਚੋਣ ਕਮਿਸ਼ਨ ਨੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਨੋਟਿਸ ਕੀਤਾ ਜਾਰੀ Read More »