ਸਿਆਸੀ ਕੁੰਭ ਦਾ ਨਾਹੁਣ/ਜਯੋਤੀ ਮਲਹੋਤਰਾ

ਰਾਖ ਵਿੱਚ ਰਾਖ ਮਿਲ ਗਈ ਤੇ ਮਿੱਟੀ ’ਚ ਮਿੱਟੀ। ਤੇ ਇਸੇ ਤਰ੍ਹਾਂ ਬੰਦਗੀ, ਹਤਾਸ਼ਾ, ਨਿਰਾਸ਼ਾ, ਕ੍ਰੋਧ ਤੇ ਤ੍ਰਿਪਤੀ ਵੀ ਮਿਲ ਗਈ ਹੈ। ਸਭ ਤੋਂ ਵਧ ਕੇ ਇਹ ਕਿ ਦਹਿਸਦੀਆਂ ਤੋਂ ਅਪਮਾਨ ਸਹਿਣ ਦੀ ਕੁੱਵਤ ਵੀ ਆ ਗਈ ਹੈ ਤੇ ਫਿਰ ਪਿਛਲੇ ਹਫ਼ਤੇ ਪ੍ਰਯਾਗਰਾਜ ਵਿੱਚ ਮੌਨੀ ਮੱਸਿਆ ਦੀ ਰਾਤ ਗੰਗਾ ਨੇ 31 ਜਣਿਆਂ ਤੇ ਨਾਲ ਲੱਗਦੇ ਝੁੱਸੀ ਪਿੰਡ ਵਿੱਚ ਮੱਚੀ ਛੋਟੀ ਜਿਹੀ ਭਗਦੜ ਨੇ ਸੱਤ ਹੋਰਾਂ ਨੂੰ ਨਿਗ਼ਲ ਲਿਆ। ਭਲਾ ਜਦੋਂ ਉਸੇ ਵੇਲੇ ਸੰਗਮ ’ਤੇ ਕਰੋੜਾਂ ਲੋਕ ਆਪਣੇ ਤਨ ਤੇ ਆਤਮਾ ਦੀ ਸ਼ੁੱਧੀ ਲਈ ‘ਅੰਮ੍ਰਿਤ ਇਸ਼ਨਾਨ’ ਕਰ ਰਹੇ ਹੋਣ ਤਾਂ 38 ਜ਼ਿੰਦਗੀਆਂ ਦਾ ਫ਼ਿਕਰ ਕੌਣ ਕਰੇ।

ਪੁਲੀਸ ਨੇ ਮੌਤਾਂ ਦਾ ਜੋ ਅੰਕੜਾ ਦੱਸਿਆ ਸੀ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਲੇ ਤੱਕ ਉਸ ਦੀ ਪੁਸ਼ਟੀ ਨਹੀਂ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਪਰਿਵਾਰਾਂ ਨੂੰ ਧਰਵਾਸ ਦਿੱਤਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਗਲੋਬਲ ਮੁਖੀ ਆਲੋਕ ਕੁਮਾਰ ਨੇ ਕਿਹਾ ਹੈ ਕਿ ਇਹ ਸਭ ‘ਪ੍ਰਭੂ ਦੀ ਮਰਜ਼ੀ’ ਹੈ। ਸਮੱਸਿਆ ਇਹ ਹੈ ਕਿ ਵੀਐੱਚਪੀ ਆਗੂ ਸਹੀ ਬੋਲ ਰਹੇ ਹਨ। ਸ਼ਰਧਾਲੂਆਂ ਦੀਆਂ ਮੌਤਾਂ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਸ਼ਾਇਦ ਗੰਗਾ ਕਿਨਾਰੇ ਬਣੇ ਆਸ਼ਰਮਾਂ ਤੇ ਅਖਾੜਿਆਂ ਵਿੱਚ ਸੋਗ ਫੈਲਿਆ ਹੋਇਆ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਆਖ ਰਹੇ ਹਨ ‘‘ਚਲੋ, ਜੋ ਹੋਣਾ ਸੀ ਉਹ ਹੋ ਗਿਆ ਪਰ ਇਹ ਬਹੁਤ ਹੀ ਭਿਆਨਕ ਸੀ ਪਰ ਇਹ ਕੁੰਭ ਹੈ। ਕੋਈ ਆਮ ਕੁੰਭ ਨਹੀਂ ਸਗੋਂ ਮਹਾਂਕੁੰਭ ਹੈ। ਜਦੋਂ ਕਿਸੇ ਛੋਟੀ ਜਿਹੀ ਜਗ੍ਹਾ ’ਤੇ ਕਰੋੜਾਂ ਸ਼ਰਧਾਲੂ ਪੂਜਾ ਇਸ਼ਨਾਨ ਕਰਨਾ ਚਾਹੁਣ ਤਾਂ ਸਰਕਾਰ ਨੂੰ ਕਿਵੇਂ ਕਸੂਰਵਾਰ ਠਹਿਰਾਇਆ ਜਾ ਸਕਦਾ ਹੈ?’’

ਲੋਕ ਆਪਣੇ ਸਿਰ ’ਤੇ ਸਾਜ਼ੋ-ਸਾਮਾਨ ਚੁੱਕ ਕੇ ਜਾ ਰਹੇ ਹਨ, ਜਿਨ੍ਹਾਂ ਗ਼ਰੀਬੜਿਆਂ ਕੋਲ ਸਰਬ ਸ਼ਕਤੀਮਾਨ ਪ੍ਰਭੂ ਵਿੱਚ ਇਸ ਵਿਸ਼ਵਾਸ ਤੋਂ ਇਲਾਵਾ ਕੁਝ ਵੀ ਨਹੀਂ ਹੈ ਕਿ ਸ਼ਾਇਦ ਇੱਕ ਦਿਨ ਉਹ ਉਨ੍ਹਾਂ ਦੀ ਜੂਨ ਵੀ ਸੁਧਾਰ ਦੇਵੇਗਾ। ਹਰ ਪਾਸੇ ਧੁਆਂਖੇ ਚਿਹਰੇ ਤੇ ਆਸਵੰਦ ਅੱਖਾਂ, ਸਿਰਾਂ ’ਤੇ ਗਮਛੇ ਪਹਿਨੀ ਮਰਦ ਅਤੇ ਆਸ ਤੇ ਖੁਸ਼ੀ ਦੇ ਪ੍ਰਤੀਕ ਲਾਲ, ਸੰਤਰੀ ਤੇ ਗੁਲਾਬੀ ਰੰਗ ਦੀਆਂ ਸਾੜ੍ਹੀਆਂ ਪਹਿਨੀ ਔਰਤਾਂ ਨਾਲ ਰੇਲਗੱਡੀਆਂ ਦੇ ਡੱਬੇ ਖਚਾਖਚ ਭਰੇ ਹੋਏ ਹਨ। ਗੰਗਾ ’ਤੇ ਬਣੇ ਪੌਂਟੂਨ ਪੁਲਾਂ ਤੋਂ ਹੋ ਕੇ ਜਦੋਂ ਤੁਸੀਂ ਸੰਗਮ ਵੱਲ ਜਾਂਦੇ ਹੋ ਤੇ ਉਸ ਰੇਤ ਉੱਪਰੋਂ ਗੁਜ਼ਰਦੇ ਹੋ ਜਿੱਥੇ ਕੁਝ ਸਾਲ ਪਹਿਲਾਂ ਕੋਵਿਡ ਮਹਾਮਾਰੀ ਵਿੱਚ ਮਾਰੇ ਗਏ ਲੋਕਾਂ ਨੂੰ ਦਫ਼ਨਾਇਆ ਗਿਆ ਸੀ ਤਾਂ ਤੁਹਾਨੂੰ ‘ਜੈ ਮਾਂ ਗੰਗੇ’ ਦੇ ਨਾਅਰੇ ਗੂੰਜਦੇ ਸੁਣਾਈ ਦਿੰਦੇ ਹਨ। ਤੁਹਾਨੂੰ ਰੇਤੇ ਵਿੱਚ ਮੂੰਹ ਮਾਰਦੇ ਹੋਏ ਕੁੱਤਿਆਂ ਦੀਆਂ ਤਸਵੀਰਾਂ ਦਾ ਚੇਤਾ ਆਉਂਦਾ ਹੈ। ਹੁਣ ਉੱਥੇ ਹੀ ਪਰਿਵਾਰਾਂ ਦੇ ਪਰਿਵਾਰ ਕਿਟਕੈਟ ਦੇ ਰੈਪਰਾਂ ਨਾਲ ਬਣਾਈਆਂ ਸ਼ੀਟਾਂ ਵਿਛਾ ਕੇ ਲੇਟੇ ਵਿਖਾਈ ਦੇਣਗੇ। ਪਿਛਲੇ ਸੋਮਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੀ ਪਤਨੀ ਨਾਲ ਸੰਗਮ ’ਤੇ ਇਸ਼ਨਾਨ ਕਰਨ ਆਏ ਸਨ ਤੇ ਆਓ ਭਗਤ ਲਈ ਯੋਗੀ ਵੀ ਮੌਜੂਦ ਸਨ। ਇਸ ਕਰ ਕੇ ਪੁਲੀਸ ਨੇ ਸੁਰੱਖਿਆ ਦੇ ਨਾਂ ’ਤੇ ਸ਼ਹਿਰ ਵੱਲ ਜਾਂਦੇ 17 ਪੁਲ ਆਮ ਲੋਕਾਂ ਲਈ ਬੰਦ ਕਰ ਦਿੱਤੇ ਸਨ। ਬੱਚਿਆਂ ਨੂੰ ਕੁੱਛੜ ਚੁੱਕੀ ਔਰਤਾਂ ਅਤੇ ਥੱਕੇ ਹਾਰੇ ਬਜ਼ੁਰਗਾਂ ਨੂੰ ਯੂਪੀ ਪੁਲੀਸਕਰਮੀਆਂ ਦੇ ਤਰਲੇ ਕੱਢਦਿਆਂ ਦੀਆਂ ਤਸਵੀਰਾਂ ਦੇਖ ਕੇ ਯਕੀਨ ਨਹੀਂ ਆਉਂਦਾ ਪਰ ਪੁਲੀਸਕਰਮੀਆਂ ’ਤੇ ਉਨ੍ਹਾਂ ਦੀਆਂ ਅਰਜ਼ੋਈਆਂ ਦਾ ਰੱਤੀ ਭਰ ਵੀ ਅਸਰ ਨਹੀਂ ਹੁੰਦਾ। ਉਹ ਲੋਕਾਂ ਨੂੰ ਕਹਿੰਦੇ ਹਨ ਕਿ ਤੁਹਾਨੂੰ 18 ਤੇ 19 ਨੰਬਰ ਪੁਲ ਤੋਂ ਜਾਣਾ ਪਵੇਗਾ ਜੋ ਚਾਰ ਕਿਲੋਮੀਟਰ ਦੂਰ ਪੈਂਦੇ ਹਨ। ‘ਊਪਰ ਸੇ ਆਦੇਸ਼ ਹੈ’।

ਮੌਨੀ ਮੱਸਿਆ ’ਤੇ ਮੱਚੀ ਭਗਦੜ ਦੀ ਘਟਨਾ ਬਾਰੇ ਅਖਿਲੇਸ਼ ਯਾਦਵ ਦਾ ਇਹ ਬਿਆਨ ਆਉਣ ਕਿ ਮੌਤਾਂ ਦੇ ਦਿੱਤੇ ਜਾ ਰਹੇ ਅੰਕੜੇ ਵਿਸ਼ਵਾਸਯੋਗ ਨਹੀਂ ਹਨ, ਤੋਂ ਬਾਅਦ ਇਕ ਛੋਟਾ ਜਿਹਾ ਸਿਆਸੀ ਵਿਵਾਦ ਪੈਦਾ ਹੋ ਗਿਆ ਸੀ ਅਤੇ ਨਾਲ ਹੀ ਰਾਹੁਲ ਗਾਂਧੀ ਨੇ ‘ਵੀਆਈਪੀ ਕਲਚਰ’ ਦੀ ਸ਼ਿਕਾਇਤ ਕੀਤੀ ਕਿ ਸਾਧਾਰਨ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਯਕੀਨਨ, ਹਾਲੇ ਵੀ ਕਈ ਲੋਕ ਲਾਪਤਾ ਹਨ।

ਨਿਆਂਇਕ ਜਾਂਚ ਸਚਾਈ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਕਰੇਗੀ ਪਰ ਇਹ ਤੱਥ ਬਣਿਆ ਹੋਇਆ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਦੇ ਬਿਆਨ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਮੰਥਨ ਵਿੱਚ ਬੂੰਦ ਦੀ ਹੈਸੀਅਤ ਵੀ ਨਹੀਂ ਰੱਖਦੇ ਕਿਉਂਕਿ ਉਨ੍ਹਾਂ ਨੂੰ ਇਸ ਵਕਤ ਸਿਆਸੀ ਸੱਤਾ ਦੇ ਗੰਭੀਰ ਬਦਲ ਵਜੋਂ ਨਹੀਂ ਦੇਖਿਆ ਜਾਂਦਾ। ਯੋਗੀ ਨੂੰ ਜਿਸ ਗੁੱਸੇ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਬਜਾਤੇ ਖ਼ੁਦ ਬੇਪਛਾਣ ਸ਼ਰਧਾਲੂਆਂ ਤੋਂ ਆ ਰਿਹਾ ਹੈ ਜੋ ਮਹਿਸੂਸ ਕਰਦੇ ਹਨ ਕਿ ਬਹੁਗਿਣਤੀ ਹਿੰਦੂ ਵੋਟਾਂ ਨਾਲ ਚੁਣੇ ਗਏ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਬਹੁਤੀ ਪ੍ਰਵਾਹ ਨਹੀਂ ਹੈ। ਇਹੀ ਨਹੀਂ ਆਲੋਚਕ ਇਹ ਧਿਆਨ ਦਿਵਾਉਣਗੇ ਕਿ ਇਹ ਗੁੱਸਾ ਉਦੋਂ ਤੱਕ ਸਿਆਸੀ ਚੁਣੌਤੀ ਨਹੀਂ ਬਣੇਗਾ ਜਦੋਂ ਤੱਕ ਕਿਸੇ ਵੱਲੋਂ ਇਸ ਨੂੰ ਸੇਧ ਕੇ ਧਾਰ ਨਾ ਦਿੱਤੀ ਜਾਵੇ। ਉੱਤਰ ਪ੍ਰਦੇਸ਼ ਵਿਚ ਉੱਪਰ ਤੋਂ ਲੈ ਕੇ ਥੱਲੇ ਤੱਕ ਨਿਗਾਹ ਮਾਰੋ ਤਾਂ ਪਤਾ ਲੱਗਦਾ ਹੈ ਕਿ ਅਜਿਹਾ ਕੋਈ ਨਹੀਂ ਹੈ ਜਿਸ ਕੋਲ ਭਾਜਪਾ ਨੂੰ ਚੁਣੌਤੀ ਦੇਣ ਲਈ ਭਰੋਸੇਯੋਗਤਾ ਜਾਂ ਸਿਆਸੀ ਇੱਛਾ ਸ਼ਕਤੀ ਹੋਵੇ।

ਵਿਰੋਧੀ ਧਿਰ ਦੇ ਆਗੂ ਬੜੇ ਸ਼ੌਕ ਨਾਲ ਸੱਤਾਧਾਰੀ ਪਾਰਟੀ ਉੱਪਰ ਨਿਰੰਕੁਸ਼ ਵਿਹਾਰ ਕਰਨ ਦੇ ਦੋਸ਼ ਲਾਉਂਦੇ ਹਨ ਤੇ ਰੱਬ ਜਾਣਦਾ ਹੈ ਕਿ ਉਨ੍ਹਾਂ ’ਚੋਂ ਕਈਆਂ ਦੀ ਗੱਲ ਸਹੀ ਵੀ ਹੈ ਪਰ ਤੁਸੀਂ ਦੇਖੋ ਕਿ ਜਦੋਂ ਪਿਛਲੇ ਹਫ਼ਤੇ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਵਿਚਕਾਰ ਯਮੁਨਾ ਦੇ ਪਾਣੀ ਨੂੰ ਲੈ ਕੇ ਮਾਹੌਲ ਭਖਿਆ ਤਾਂ ਰਾਹੁਲ ਗਾਂਧੀ ਨੇ ਕੀ ਕੀਤਾ? ਉਨ੍ਹਾਂ ਐੱਸਏਐੱਨਡੀਆਰਪੀ ਐੱਨਜੀਓ ਦੇ ਇੱਕ ਕਾਰਕੁਨ ਨੂੰ ਨਾਲ ਲਿਆ ਜੋ ਉਨ੍ਹਾਂ ਨੂੰ ਕਿਸ਼ਤੀ ਵਿੱਚ ਬਿਠਾ ਕੇ ਨਦੀ ਦੇ ਉਸ ਖੇਤਰ ਵਿਚ ਲੈ ਗਿਆ ਜਿੱਥੇ ਇਹ ਇੱਕ ਨਾਲੇ ਦਾ ਰੂਪ ਧਾਰ ਗਈ ਹੈ ਅਤੇ ਉਹ ਇਸ ਦੇ ਹਾਲਾਤ ਨੂੰ ਬਿਆਨ ਕਰਦਾ ਹੈ। ਰਾਹੁਲ ਦਾ ਫੋਟੋ-ਸ਼ੂਟ ਕਾਫ਼ੀ ਵਧੀਆ ਹੈ ਪਰ ਗੱਲ ਨੂੰ ਨਿਬੇੜਦਿਆਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦਿੱਲੀ ਵਿੱਚ ਕਾਂਗਰਸ ਨੂੰ ਕਿੰਨੀਆਂ ਵੋਟਾਂ ਮਿਲਣ ਦੀ ਸੰਭਾਵਨਾ ਹੈ? ਤੇ ਜੇ ਮੋਦੀ ਦੀ ਭਾਜਪਾ ਖ਼ਿਲਾਫ਼ ਰਾਹੁਲ ਇਕਜੁੱਟ ਇੰਡੀਆ ਬਲਾਕ ਪ੍ਰਤੀ ਐਨੇ ਹੀ ਉਤਸੁਕ ਹਨ ਤਾਂ ਉਨ੍ਹਾਂ ਪਿਛਲੇ ਸਾਲ ਹਰਿਆਣਾ ਵਿਧਾਨ ਸਭਾ ਚੋਣਾਂ ਮੌਕੇ ‘ਆਪ’ ਨਾਲ ਗੱਠਜੋੜ ਨਾ ਕਰਨ ਦੇ ਆਪਣੇ ਪਾਰਟੀ ਵਰਕਰਾਂ ਦੇ ਵਿਚਾਰ ਨੂੰ ਰੱਦ ਕਿਉਂ ਨਹੀਂ ਸੀ ਕੀਤਾ? ਤੇ ਇਸ ਸਾਲ ਉਨ੍ਹਾਂ ਦਿੱਲੀ ਦੀਆਂ ਚੋਣਾਂ ਵਿੱਚ ਆਪਣੇ ਇਸ ਖਿਆਲ ਨੂੰ ਅਮਲ ਵਿੱਚ ਕਿਉਂ ਨਹੀਂ ਲਿਆਂਦਾ?

ਇਸ ਗੱਲ ਦੀ ਪ੍ਰੋੜਤਾ ਲਈ ਇਹ ਦੱਸ ਦੇਈਏ ਕਿ ਹਰਿਆਣਾ ਵਿੱਚ ਚੋਣ ਜਿੱਤਣ ਵਾਲੀ ਭਾਜਪਾ (39.94 ਫ਼ੀਸਦੀ) ਅਤੇ ਹਾਰਨ ਵਾਲੀ ਕਾਂਗਰਸ (39.09 ਫ਼ੀਸਦੀ) ਵਿੱਚ ਅੰਤਰ ਮਹਿਜ਼ 0.85 ਫ਼ੀਸਦੀ ਵੋਟਾਂ ਦਾ ਸੀ ਜਦਕਿ ਆਮ ਆਦਮੀ ਪਾਰਟੀ ਨੂੰ 1.79 ਫ਼ੀਸਦੀ ਵੋਟਾਂ ਮਿਲੀਆਂ ਸਨ। ਅੰਦਾਜ਼ਾ ਲਾਓ ਕਿ ਜੇ ਕਾਂਗਰਸ ਅਤੇ ‘ਆਪ’ ਨੇ ਮਿਲ ਕੇ ਚੋਣਾਂ ਲੜੀਆਂ ਹੁੰਦੀਆਂ ਤਾਂ ਜਿੱਤ ਕਿਸ ਦੀ ਹੋਣੀ ਸੀ। ਹਾਲੇ ਵੀ ਕਾਂਗਰਸ ਸਬਕ ਲੈਣ ਤੋਂ ਇਨਕਾਰੀ ਹੈ। ਚੋਣਾਂ ਤੋਂ ਚਾਰ ਮਹੀਨੇ ਬਾਅਦ ਵੀ ਇਸ ਵਿੱਚ ਆਪਾ-ਧਾਪੀ ਦਾ ਆਲਮ ਚੱਲ ਰਿਹਾ ਹੈ ਤੇ ਹਾਲੇ ਤੱਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਚੋਣ ਨਹੀਂ ਕੀਤੀ ਜਾ ਸਕੀ।

ਹਰਿਆਣਾ ਵਿੱਚ ਜ਼ਬਰਦਸਤ ਜਿੱਤ ਤੋਂ ਭਾਜਪਾ ਨੂੰ ਮਹਾਰਾਸ਼ਟਰ ਵਿੱਚ ਜਿੱਤ ਹਾਸਿਲ ਕਰਨ ਲਈ ਹੁਲਾਰਾ ਮਿਲਿਆ ਸੀ ਤੇ ਹੁਣ ਦਿੱਲੀ, ਜਿੱਥੇ ਪੰਜ ਫਰਵਰੀ ਨੂੰ ਵੋਟਾਂ ਪੈਣੀਆਂ ਹਨ, ਦੀ ਲੜਾਈ ਬਹੁਤ ਅਹਿਮ ਬਣੀ ਹੋਈ ਹੈ। ਇਹ ਮਹਿਜ਼ ਇਤਫ਼ਾਕ ਦੀ ਗੱਲ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੇ ਸੰਗਮ ’ਚ ਡੁਬਕੀ ਲਾਉਣ ਲਈ ਉਸੇ ਦਿਨ ਦੀ ਚੋਣ ਕੀਤੀ ਹੈ ਜਦੋਂ ਸਾਰੇ ਟੀਵੀ ਚੈਨਲ ਪੂਰਾ ਦਿਨ ਮੋਦੀ ਦੀ ਕੁੰਭ ਫੇਰੀ ਦੇ ਲੇਖੇ ਲਾਉਣਗੇ ਜਿਸ ਦਾ ਇਹ ਮਤਲਬ ਵੀ ਬਣਦਾ ਹੈ ਕਿ ਦਿੱਲੀ ਲਈ ਜ਼ਿੰਦਗੀ ਤੇ ਮੌਤ ਦੀ ਲੜਾਈ ਦੂਜੇ ਦਰਜੇ ’ਤੇ ਧੱਕ ਦਿੱਤੀ ਜਾਵੇਗੀ।

ਜਿੱਥੋਂ ਤੱਕ ਪ੍ਰਯਾਗਰਾਜ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਦਾ ਤਾਅਲੁਕ ਹੈ, ਤਾਂ ਇਸ ਲਿਹਾਜ਼ ਤੋਂ ਵੀ ਵਿਰੋਧੀ ਧਿਰ ਲਈ ਇੱਕ ਸਬਕ ਹੈ। 2022 ਵਿਚ ਭਾਜਪਾ ਨੇ 255 ਸੀਟਾਂ ਜਿੱਤ ਕੇ ਉੱਤਰ ਪ੍ਰਦੇਸ਼ ਦੀ ਸੱਤਾ ਮੁੜ ਹਾਸਿਲ ਕਰ ਲਈ ਸੀ ਹਾਲਾਂਕਿ ਤੱਥ ਇਹ ਸੀ ਕਿ ਯੋਗੀ ਪ੍ਰਸ਼ਾਸਨ ਕੋਵਿਡ ਮਹਾਮਾਰੀ ਨਾਲ ਸਿੱਝਣ ਵਿੱਚ ਨਾਕਾਮ ਰਿਹਾ ਸੀ ਜਿਸ ਕਰ ਕੇ ਵੱਡੀ ਤਾਦਾਦ ਵਿੱਚ ਲੋਕਾਂ ਦੀਆਂ ਮੌਤਾਂ ਹੋਈਆਂ ਸਨ। ਪਰ ਫਿਰ ਵੀ ਯੋਗੀ ਜਿੱਤ ਗਏ ਕਿਉਂਕਿ ਵਿਰੋਧੀ ਬਦਲ ਉਸ ਹਾਣ ਦਾ ਸਾਬਿਤ ਨਹੀਂ ਹੋ ਸਕਿਆ ਤੇ ਉਦੋਂ ਸਮਾਜਵਾਦੀ ਪਾਰਟੀ ਦੇ ਕਈ ਆਗੂ ਬਚ ਕੇ ਦਿੱਲੀ ਜਾ ਬੈਠੇ ਸਨ ਤੇ ਕੁਝ ਤਾਂ ਲੰਡਨ ਚਲੇ ਗਏ ਸਨ। ਲੋਕ ਥਾਂ ਥਾਂ ਵਿਲਕ ਰਹੇ ਸਨ ਅਤੇ ਬਹੁਤ ਸਾਰੇ ਲੋਕਾਂ ਨੂੰ ਗੰਗਾ ਕਿਨਾਰੇ ਆਪਣੇ ਜੀਆਂ ਦਾ ਸਸਕਾਰ ਕਰਨਾ ਪਿਆ ਸੀ ਪਰ ਸਪਾ ਆਗੂ ਉਨ੍ਹਾਂ ਨੂੰ ਢਾਰਸ ਦੇਣ ਲਈ ਵੀ ਨਹੀਂ ਬਹੁੜੇ ਸਨ।

ਇਸੇ ਕਰ ਕੇ ਉੱਤਰ ਪ੍ਰਦੇਸ਼ ਰਾਮ ਭਰੋਸੇ ਚੱਲ ਰਿਹਾ ਹੈ। ਗੱਲ ਇਹ ਨਹੀਂ ਹੈ ਕਿ ਭਾਜਪਾ ਹਰੇਕ ਪਿੰਡ ਤੇ ਸ਼ਹਿਰ ਦੀ ਇੱਕ ਇੱਕ ਵੋਟ ਲਈ ਜੂਝਦੀ ਹੈ ਸਗੋਂ ਅਸਲ ਮਸਲਾ ਇਹ ਹੈ ਕਿ ਵਿਰੋਧੀ ਧਿਰ ਹੈ ਹੀ ਨਹੀਂ।

*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

ਸਾਂਝਾ ਕਰੋ

ਪੜ੍ਹੋ

ਸੁਪਰੀਮ ਕੋਰਟ ਵੱਲੋਂ ਮਹਾਕੁੰਭ ਵਿੱਚ ਹੋਈਆਂ ਮੌਤਾਂ

ਸੁਪਰੀਮ ਕੋਰਟ ਨੇ ਪ੍ਰਯਾਗਰਾਜ ਮਹਾਕੁੰਭ ਵਿੱਚ ਭਗਦੜ ਕਾਰਨ ਹੋਈਆਂ ਮੌਤਾਂ...