ਅਯੁੱਧਿਆ : ਯੂ ਪੀ ਦੇ ਅਯੁੱਧਿਆ ਦੇ ਪਿੰਡ ਸਹਨਵਾਂ ਨੇੜੇ 22 ਸਾਲਾ ਦਲਿਤ ਮੁਟਿਆਰ ਦੀ ਨਿਰਵਸਤਰ ਲਾਸ਼ ਮਿਲਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਅਯੁੱਧਿਆ (ਫੈਜ਼ਾਬਾਦ) ਦੇ ਸਮਾਜਵਾਦੀ ਪਾਰਟੀ ਦੇ ਸਾਂਸਦ ਅਵਧੇਸ਼ ਪ੍ਰਸਾਦ ਪੱਤਰਕਾਰਾਂ ਸਾਹਮਣੇ ਰੋ ਪਏ। ਉਨ੍ਹਾ ਕਿਹਾਮੈਂ ਮੁਟਿਆਰ ਨੂੰ ਬਚਾਉਣ ’ਚ ਨਾਕਾਮ ਰਿਹਾ। ਮੈਂ ਲੋਕ ਸਭਾ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਲਈ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਮੋਦੀ ਕੋਲ ਮਾਮਲਾ ਉਠਾਵਾਂਗਾ। ਜੇ ਇਨਸਾਫ ਨਾ ਦਿਵਾ ਸਕਿਆ ਤਾਂ ਲੋਕ ਸਭਾ ਤੋਂ ਅਸਤੀਫਾ ਦੇ ਦੇਵਾਂਗਾ।
ਪ੍ਰਸਾਦ ਨੇ ਇਸ ਮੌਕੇ ਇਹ ਵੀ ਕਿਹਾਰਾਮ ਜੀ ਕਿੱਥੇ ਹੋ? ਸੀਤਾ ਮਾਤਾ ਕਿੱਥੇ ਹੋ? ਮੁਟਿਆਰ ਦੀ ਨਿਰਵਸਤਰ ਲਾਸ਼ ਪਰਵਾਰ ਨੂੰ ਸ਼ਨੀਵਾਰ ਸਵੇਰੇ ਨਹਿਰ ’ਚੋਂ ਮਿਲੀ ਸੀ। ਪਰਵਾਰ ਮੁਤਾਬਕ ਉਸ ਦੀਆਂ ਅੱਖਾਂ ਬੁਰੀ ਤਰ੍ਹਾਂ ਕੱਢੀਆਂ ਹੋਈਆਂ ਸਨ ਤੇ ਹੱਡੀਆਂ ਤੋੜ ਦਿੱਤੀਆਂ ਗਈਆਂ ਸਨ। ਹੱਥ-ਪੈਰ ਬੰਨ੍ਹੇ ਹੋਏ ਸਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਸ ਨਾਲ ਗੈਂਗਰੇਪ ਹੋਇਆ। ਪਰਵਾਰ ਮੁਤਾਬਕ ਮੁਟਿਆਰ ਵੀਰਵਾਰ ਦੀ ਸ਼ਾਮ ਨੇੜੇ ਹੀ ਇੱਕ ਧਾਰਮਕ ਸਮਾਗਮ ਵਿੱਚ ਗਈ ਸੀ, ਪਰ ਘਰ ਨਹੀਂ ਪਰਤੀ। ਉਨ੍ਹਾ ਸ਼ੁੱਕਰਵਾਰ ਅਯੁੱਧਿਆ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ, ਪਰ ਪੁਲਸ ਨੇ ਸਰਗਰਮੀ ਨਾਲ ਉਸ ਦੀ ਭਾਲ ਨਹੀਂ ਕੀਤੀ।