ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਠੁਕਰਾਇਆ ਅਕਾਲੀ ਦਲ ਦੇ ਆਬਜ਼ਰਵਰ ਦਾ ਅਹੁਦਾ

ਚੰਡੀਗੜ੍ਹ, 24 ਜਨਵਰੀ – ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਬਾਗ਼ੀ ਧੜੇ ਨੂੰ ਚੋਗ਼ਾ ਪਾਏ ਜਾਣ ਦੀ ਮੁਹਿੰਮ ਫ਼ੇਲ੍ਹ ਹੋ ਗਈ ਹੈ। ਅੱਜ ਅਕਾਲੀ ਦਲ ਨੇ ਨਾਰਾਜ਼ ਧੜੇ ਦੇ ਮੋਹਰੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਾਰਟੀ ਦੀ ਮੈਂਬਰਸ਼ਿਪ ਭਰਤੀ ਦੇ ਨਿਗਰਾਨ ਵਜੋਂ ਫ਼ਰੀਦਕੋਟ ਦਾ ਆਬਜ਼ਰਵਰ ਲਾਇਆ ਹੈ। ਨਾਰਾਜ਼ ਧੜੇ ’ਚ ਇਹ ਸੁਰ ਉੱਭਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਡਾਲਾ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਅਰਥਹੀਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਬਾਰੇ ਫ਼ੈਸਲਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ। ਉਧਰ, ਗੁਰਪ੍ਰਤਾਪ ਸਿੰਘ ਵਡਾਲਾ ਨੇ ਅਕਾਲੀ ਦਲ ਦੇ ਇਸ ਫ਼ੈਸਲੇ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਵਡਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ਰੀਦਕੋਟ ਦਾ ਆਬਜ਼ਰਵਰ ਲਾਏ ਜਾਣ ਦਾ ਫ਼ੈਸਲਾ ਅਕਾਲ ਤਖ਼ਤ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਹੋਂਦ ਨਾਲ ਮਜ਼ਾਕ ਹੈ ਅਤੇ ਇਹ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਹੁਕਮਨਾਮੇ ਦੀ ਇੰਨ-ਬਿੰਨ ਪਾਲਣਾ ਕਰਨਗੇ। ਉਨ੍ਹਾਂ ਅਕਾਲੀ ਦਲ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲ ਤਖ਼ਤ ਨਾਲ ਮੱਥਾ ਲਾਉਣ ਦੀ ਥਾਂ ਜਾਰੀ ਹੁਕਮਨਾਮੇ ’ਤੇ ਪਹਿਰਾ ਦੇਣ।

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਮੈਂਬਰਸ਼ਿਪ ਭਰਤੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਦੇ ਮੈਂਬਰ ਸੰਤਾ ਸਿੰਘ ਉਮੈਦਪੁਰੀ ਅਤੇ ਇਕਬਾਲ ਸਿੰਘ ਝੂੰਦਾ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਹ ਅਕਾਲ ਤਖ਼ਤ ਦੇ ਨਿਰਦੇਸ਼ਾਂ ’ਤੇ ਪਹਿਰਾ ਦੇਣਗੇ। ਇਸ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਯਾਲੀ ਵੀ ਅਕਾਲ ਤਖ਼ਤ ਨੂੰ ਸਮਰਪਿਤ ਹੋਣ ਦੀ ਗੱਲ ਆਖ ਚੁੱਕੇ ਹਨ। ਉਧਰ, ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਅਕਾਲੀ ਦਲ ਬਾਗ਼ੀਆਂ ਨੂੰ ਮਨਾਉਣ ਦੇ ਰਾਹ ਪਿਆ ਹੈ ਅਤੇ ਵਡਾਲਾ ਨੂੰ ਜ਼ਿੰਮੇਵਾਰੀ ਦੇ ਕੇ ਅਕਾਲ ਤਖ਼ਤ ਦੇ ਜਥੇਦਾਰ ਕੋਲ ਆਪਣੀ ਸਫ਼ਾਈ ਪੇਸ਼ ਕਰਨਾ ਚਾਹੁੰਦਾ ਹੈ। ਜਥੇਦਾਰ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ 28 ਜਨਵਰੀ ਨੂੰ ਇਕੱਤਰਤਾ ਸੱਦੀ ਗਈ ਹੈ। ਇੱਧਰ, ਅਕਾਲੀ ਦਲ ਨੇ 20 ਜਨਵਰੀ ਤੋਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਵਿੱਢੀ ਹੋਈ ਹੈ। ਅੱਜ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਲੀਮਾਨੀ ਬੋਰਡ ਦੀ ਮੀਟਿੰਗ ’ਚ ਵਰਿੰਦਰ ਸਿੰਘ ਬਾਜਵਾ ਨੂੰ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਰਲ ਕੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਭਰਤੀ ਦੀ ਨਿਗਰਾਨੀ ਕਰਨ ਅਤੇ ਜਰਨੈਲ ਸਿੰਘ ਵਾਹਿਦ ਨੂੰ ਨਵਾਂ ਸ਼ਹਿਰ ਜ਼ਿਲ੍ਹੇ ਦੀ ਬਤੌਰ ਨਿਗਰਾਨ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਰਾਜ ਸਿੰਘ ਡਿੱਬੀਪੁਰਾ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਜੋਗਿੰਦਰ ਸਿੰਘ ਜਿੰਦੂ ਨਾਲ ਰਲ ਕੇ ਕੰਮ ਕਰਨਗੇ ਜਦੋਂਕਿ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪ੍ਰੀਤਇੰਦਰ ਸਿੰਘ ਫ਼ਾਜ਼ਿਲਕਾ ਵਿਚ ਵਰਦੇਵ ਸਿੰਘ ਮਾਨ ਨਾਲ ਮਿਲ ਕੇ ਕੰਮ ਕਰਨਗੇ। ਡਾ. ਚੀਮਾ ਨੇ ਸਪਸ਼ਟ ਕੀਤਾ ਕਿ ਬੀਬੀ ਸਤਵੰਤ ਕੌਰ ਧਾਰਮਿਕ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੀ ਪਾਰਟੀ ਵਿਚ ਸ਼ਮੂਲੀਅਤ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ ਪ੍ਰੰਤੂ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਅਤੇ ਨਿਯਮਾਂ ਮੁਤਾਬਕ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਚੇਤੇ ਰਹੇ ਕਿ ਬੀਬੀ ਸਤਵੰਤ ਕੌਰ ਸੱਤ ਮੈਂਬਰੀ ਕਮੇਟੀ ਵਿਚ ਹਨ। ਉਧਰ, ਨਰਾਜ਼ ਧੜੇ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਵਿਚ ਅਜਿਹੇ ਕਈ ਅਹੁਦੇਦਾਰ ਹਨ ਜੋ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਹਨ।

 

ਸਾਂਝਾ ਕਰੋ

ਪੜ੍ਹੋ

ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਭਾਟੀਆ

ਅੰਮ੍ਰਿਤਸਰ, 27 ਜਨਵਰੀ – ਆਮ ਆਦਮੀ ਪਾਰਟੀ (ਆਪ) ਤੋਂ ਜਤਿੰਦਰ...