ਫਗਵਾੜਾ, 27 ਜਨਵਰੀ ( ਏ.ਡੀ.ਪੀ. ਨਿਊਜ਼)ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਵਲੋਂ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਅੰਤਰਰਾਸ਼ਟਰੀ ਪੱਤਰਕਾਰ ਸ. ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ “ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਮਪੈਕਟ (ਪੰਜਾਬੀ ਸੰਸਾਰ-2024)” ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਪ੍ਰਿੰ. ਗੁਰਮੀਤ ਸਿੰਘ ਪਲਾਹੀ, ‘ਸੱਤ ਸਮੁੰਦਰੋਂ ਪਾਰ’ ਮੈਗਜ਼ੀਨ ਦੇ ਸੰਪਾਦਕ ਇੰਦਰਜੀਤ ਸਿੰਘ ਅਤੇ ਉੱਘੇ ਸਮਾਜ ਸੇਵਕ ਐਡਵੋਕੇਟ ਐੱਸ.ਐੱਲ. ਵਿਰਦੀ, ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਕਮਲੇਸ਼ ਸੰਧੂ ਨੇ ਸ਼ਿਰਕਤ ਕੀਤੀ। ਪੁਸਤਕ “ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਮਪੈਕਟ (ਪੰਜਾਬੀ ਸੰਸਾਰ-2024) ਲੋਕ ਅਰਪਣ ਕਰਨ ਮੌਕੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਨਰਪਾਲ ਸਿੰਘ ਸ਼ੇਰਗਿੱਲ ਪੰਜਾਬ-ਹਿਤੈਸ਼ੀ, ਅੰਤਰਰਾਸ਼ਟਰੀ ਪੱਤਰਕਾਰ ਹੈ, ਜਿਹੜਾ ਲਗਾਤਾਰ ਲਗਭਗ ਪਿਛਲੇ ਸੱਠ ਸਾਲਾਂ ਤੋਂ ਪੰਜਾਬ , ਪੰਜਾਬੀ ਸਾਹਿਤ ਅਤੇ ਪੰਜਾਬੀ ਪੱਤਰਕਾਰੀ ਅਤੇ ਸਿੱਖ ਇਤਿਹਾਸ ਲਈ ਵਿਲੱਖਣ ਕਾਰਜ ਕਰਦਾ ਆ ਰਿਹਾ ਹੈ। ਉਹ ਪਿਛਲੇ 25 ਸਾਲਾਂ ਤੋਂ ਲਗਾਤਾਰ ‘ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਮਪੈਕਟ ਵੱਡ ਅਕਾਰੀ ਰੰਗਦਾਰ ਪੁਸਤਕ ਪ੍ਰਕਾਸ਼ਤ ਕਰਦਾ ਆ ਰਿਹਾ ਹੈ। ਅੱਧੀ ਸਦੀ ਤੋਂ ਵੱਧ ਲੰਮੇ ਸਮੇਂ ਤੋਂ ਲਗਾਤਾਰ ਪੰਜਾਬੀਆਂ ਦੀ ਸੱਚੇ ਦਿਲੋਂ ਸੇਵਾ ਕਰ ਰਿਹਾ ਹੈ ਅਤੇ ਆਪਣੀ ਅਮੀਰ ਵਿਰਾਸਤ ‘ਤੇ ਪਹਿਰਾ ਦੇ ਰਿਹਾ ਹੈ। ਉਹਨਾਂ ਨੇ ਨਰਪਾਲ ਸਿੰਘ ਸ਼ੇਰਗਿੱਲ ਨੂੰ ਪੁਸਤਕ ਦੇ 26ਵੇਂ ਅੰਕ ਦੇ ਲੋਕ ਅਰਪਣ ਦੀ ਵਧਾਈ ਦਿੱਤੀ।
ਐਡਵੋਕੇਟ ਐੱਸ.ਐੱਲ. ਵਿਰਦੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨਰਪਾਲ ਸਿੰਘ ਸ਼ੇਰਗਿੱਲ ਉਹ ਕੌਮਾਂਤਰੀ ਪੱਤਰਕਾਰ ਹੈ, ਜਿਸਨੇ ਹਿਊਨਸਾਂਗ ਅਤੇ ਫਾਹੀਯਾਨ ਵਾਂਗ ਲਗਾਤਾਰ ਵਿਸ਼ਵ ਪਰਿਕਰਮਾ ਕਰਕੇ ਪੰਜਾਬੀਆਂ ਖ਼ਾਸ ਕਰਕੇ ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜ ਕਾਰਜ ਕੀਤੇ ਹਨ। ਪੰਜਾਬੀਆਂ ਨੂੰ ਉਹਨਾਂ ਦੇ ਕਾਰਜ ‘ਤੇ ਮਾਣ ਹੈ।
ਰਵਿੰਦਰ ਚੋਟ ਨੇ ਨਰਪਾਲ ਸਿੰਘ ਸ਼ੇਰਗਿੱਲ ਦਾ ਧੰਨਵਾਦ ਕੀਤਾ ਕਿ ਉਹ ਜਦੋਂ ਵੀ ਲੰਡਨ ਤੋਂ ਪੰਜਾਬ ਦੇ ਦੌਰੇ ‘ਤੇ ਆਉਂਦੇ ਹਨ, ਸੰਸਥਾ ਦੇ ਪ੍ਰੋਗਰਾਮਾਂ ਦਾ ਹਿੱਸਾ ਬਣਦੇ ਹਨ ਅਤੇ ਸੰਸਥਾ ਨੂੰ ਪੁਸਤਕ ਲੋਕ ਅਰਪਣ ਕਰਨ ਦਾ ਮਾਣ ਬਖ਼ਸ਼ਦੇ ਹਨ। ਨਰਪਾਲ ਸਿੰਘ ਸ਼ੇਰਗਿੱਲ ਨੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਅਤੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਨੈਸ਼ਨਲ ਐਵਾਰਡੀ ਗੁਰਮੀਤ ਸਿੰਘ, ਅਦਬੀ ਦੁਨੀਆਂ ਜਲੰਧਰ ਦੇ ਪੈਟਰਨ ਕੀਮਤੀ ਕੈਸਰ, ਜਰਨੈਲ ਸਿੰਘ ਸਾਖੀ, ਸਾਹਿਬਾ ਜੀਟਨ ਕੌਰ, ਉਰਮਲਜੀਤ ਸਿੰਘ, ਨਗੀਨਾ ਸਿੰਘ ਬਲੱਗਣ, ਮਨਦੀਪ ਸਿੰਘ, ਬਲਦੇਵ ਰਾਜ ਕੋਮਲ, ਮਹਿੰਦਰ ਸੂਦ ਵਿਰਕ, ਮਨੋਜ ਫਗਵਾੜਵੀ, ਬਲਵੀਰ ਕੌਰ ਬੱਬੂ ਸੈਣੀ, ਨਿਆਣਾ ਹਰਜਿੰਦਰ, ਸੁਖਦੇਵ ਸਿੰਘ ਗੰਡਵਾਂ, ਸੋਢੀ ਸੱਤੋਵਾਲੀ, ਸੋਹਣ ਸਹਿਜਲ, ਕੈਪਟਨ ਦਵਿੰਦਰ ਸਿੰਘ ਜੱਸਲ, ਮੈਡਮ ਸਿਮਰਤ ਕੌਰ,ਲਾਲੀ ਕਰਤਾਰਪੁਰੀ, ਅਰਸ਼ਜੋਤ ਕੌਰ, ਗੁਰਨੂਰ ਕੌਰ ਆਦਿ ਹਾਜ਼ਰ ਸਨ।