ਜਲੰਧਰ, 27 ਜਨਵਰੀ – ਅੰਮ੍ਰਿਤਸਰ ‘ਚ ਗਣਤੰਤਰ ਦਿਵਸ ‘ਤੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਜਿਸ ਨੂੰ ਲੈ ਕੇ ਜਥੇਬੰਦੀਆਂ ਤੇ ਭਾਈਚਾਰੇ ‘ਚ ਭਾਰੀ ਰੋਸ ਹੈ। 28 ਜਨਵਰੀ ਨੂੰ ਜਲੰਧਰ ਤੇ ਲੁਧਿਆਣਾ ਬੰਦ ਰੱਖਣ ਦੀ ਕਾਲ ਦਿੱਤੀ ਗਈ ਹੈ। ਜਲੰਧਰ ਬੰਦ ਰੱਖਣ ਦੀ ਜਾਣਕਾਰੀ ਸਤਿਗੁਰੂ ਉਪਦੇਸ਼ ਟਾਈਗਰ ਫੋਰਸ ਸੰਗਠਨ ਦੇ ਪ੍ਰਧਾਨ ਅਰੁਣ ਸੰਦਲ ਤੇ ਅਨਿਲ ਹੰਸ ਵੱਲੋਂ ਦਿੱਤੀ ਗਈ ਹੈ। ਐਲਾਨ ਮੁਤਾਬਕ ਮੰਗਲਵਾਰ ਸਵੇਰੇ 9 ਤੋਂ 5 ਵਜੇ ਤਕ ਜਲੰਧਰ ਮੁਕੰਮਲ ਬੰਦ ਕੀਤਾ ਜਾਵੇਗਾ।
ਸੋਮਾ ਗਿੱਲ ਨੇ ਦੱਸਿਆ ਕਿ 25 ਜਨਵਰੀ ਨੂੰ ਸਿੱਖ ਜਥੇਬੰਦੀਆਂ ਨੇ ਜਿਹੜਾ ਟ੍ਰੈਕਟਰ ਮਾਰਚ ਕੱਢਿਆ ਸੀ, ਉਸ ਦੌਰਾਨ ਡਾ. ਅੰਬੇਡਕਰ ਚੌਕ ‘ਚ ਵੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਅੰਮ੍ਰਿਤਸਰ ‘ਚ ਬੇਅਦਬੀ ਦੀ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਅਜਿਹਾ ਜਲੰਧਰ ‘ਚ ਵੀ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਜਲੰਧਰ ‘ਚ ਬੇਅਦਬੀ ਦੀ ਕੋਸ਼ਿਸ਼ ਦੀਆਂ ਵੀਡੀਓਜ਼ ਉਨ੍ਹਾਂ ਕੋਲ ਮੌਜੂਦ ਹਨ ਜੋ ਉਨ੍ਹਾਂ ਸੋਮਵਾਰ ਸਵੇਰੇ ਪੁਲਿਸ ਪ੍ਰਸ਼ਾਸਨ ਨੂੰ ਦਿਖਾਈਆਂ। ਇਸ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਲਿਆ ਗਿਆ ਜਿਸ ਕਾਰਨ ਬੰਦ ਰੱਖਣ ਦਾ ਸਖ਼ਤ ਫੈਸਲਾ ਲਿਆ ਗਿਆ ਹੈ।