ਟਰੂਡੋ ਦਾ ਇਕਬਾਲ

ਅਹਿਮ ਮੋੜ ਕੱਟਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਧਰਤੀ ’ਤੇ ਖਾਲਿਸਤਾਨੀ ਹਮਾਇਤੀਆਂ ਦੀ ਮੌਜੂਦਗੀ ਨੂੰ ਸਵੀਕਾਰਿਆ ਹੈ; ਨਾਲ ਹੀ ਜ਼ੋਰ ਦਿੱਤਾ ਹੈ ਕਿ ਉਹ ਉੱਥੇ ਵਿਆਪਕ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਨਹੀਂ ਕਰਦੇ। ਭਾਰਤ ਨਾਲ ਚੱਲ ਰਹੇ ਕੂਟਨੀਤਕ ਤਣਾਅ ਵਿਚਾਲੇ ਟਰੂਡੋ ਦੀਆਂ ਇਨ੍ਹਾਂ ਟਿੱਪਣੀਆਂ ’ਚੋਂ ਸੰਤੁਲਿਤ ਕਾਰਵਾਈ ਦੀ ਝਲਕ ਪੈਂਦੀ ਹੈ। ਖਾਲਿਸਤਾਨੀ ਕੱਟੜਵਾਦ ਬਾਰੇ ਚਿੰਤਾਵਾਂ ਨੂੰ ਮਾਨਤਾ ਦਿੰਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਹਾਲਾਂਕਿ ਇਸ ਛੋਟੇ ਧੜੇ ਨੂੰ ਬਹੁਗਿਣਤੀ ਸਿੱਖ ਭਾਈਚਾਰੇ ਨਾਲੋਂ ਵੱਖਰਾ ਦੱਸਿਆ ਹੈ ਜਿਹੜੇ ਵੱਡੇ ਪੱਧਰ ’ਤੇ ਕੈਨੇਡੀਅਨ ਸਮਾਜ ’ਚ ਸ਼ਾਂਤੀਪੂਰਨ ਢੰਗ ਨਾਲ ਵਸ ਚੁੱਕੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਇਹ ਇਕਬਾਲ ਬਰੈਂਪਟਨ (ਓਂਟਾਰੀਓ) ਦੇ ਹਿੰਦੂ ਮੰਦਿਰ ’ਚ ਹਾਲ ਹੀ ਵਿੱਚ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਕੀਤਾ ਹੈ ਜਿੱਥੇ ਖਾਲਿਸਤਾਨ ਹਮਾਇਤੀਆਂ ਨੇ ਹੰਗਾਮਾ ਕਰ ਕੇ ਸ਼ਰਧਾਲੂਆਂ ਨਾਲ ਹਿੰਸਾ ਕੀਤੀ ਸੀ। ਇਸ ਦੀ ਵਿਆਪਕ ਨਿਖੇਧੀ ਹੋਈ ਹੈ। ਕੈਨੇਡਾ ਦੀ ਸਰਕਾਰ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ ਜਿਸ ਨਾਲ ਧਾਰਮਿਕ ਆਜ਼ਾਦੀ ਤੇ ਹਰੇਕ ਕੈਨੇਡੀਅਨ ਦੀ ਸੁਰੱਖਿਆ ਯਕੀਨੀ ਕਰਨ ਬਾਰੇ ਟਰੂਡੋ ਸਰਕਾਰ ਦਾ ਰੁਖ਼ ਹੋਰ ਪੱਕਾ ਹੋਇਆ ਹੈ। ਇਸ ਤੋਂ ਬਾਅਦ ਭਾਰਤ ਨੇ ਜ਼ੋਰਦਾਰ ਢੰਗ ਨਾਲ ਆਪਣੀ ਮੰਗ ਰੱਖਦਿਆਂ ਕਿਹਾ ਸੀ ਕਿ ਕੈਨੇਡਾ ਕੱਟੜਵਾਦੀ ਤੱਤਾਂ ’ਤੇ ਸ਼ਿਕੰਜਾ ਕੱਸੇ।

ਟਰੂਡੋ ਦੀ ਘਰੇਲੂ ਪਹੁੰਚ ਕੈਨੇਡਾ ਅੰਦਰਲੇ ਕੱਟੜਵਾਦ ਨੂੰ ਨੱਥ ਪਾਉਣ ਵੱਲ ਸੇਧਿਤ ਜਾਪਦੀ ਹੈ ਪਰ ਨਾਲ ਹੀ ਉਹ ਕੈਨੇਡਾ ਦੀ ਰਸੂਖ਼ਵਾਨ ਸਿੱਖ ਆਬਾਦੀ ਨੂੰ ਆਪਣੇ ਤੋਂ ਦੂਰ ਕਰਨ ਤੋਂ ਵੀ ਬਚਣਾ ਚਾਹੁਣਗੇ। ਇਹ ਨੀਤੀ ਉਨ੍ਹਾਂ ਦੀ ਵੋਟ ਬੈਂਕ ਸਿਆਸਤ ਅਤੇ ਪਰਵਾਸੀ ਤਬਕੇ ਨਾਲ ਸਬੰਧ ਸੁਖਾਵੇਂ ਰੱਖਣ ਦੇ ਮੁਤਾਬਿਕ ਹੈ। ਸਥਿਤੀ ਨੂੰ ਹੋਰ ਗੁੰਝਲਦਾਰ ਕਰਦਿਆਂ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ’ਤੇ ਵੀਜ਼ਾ ਪਾਬੰਦੀਆਂ ਲਾ ਦਿੱਤੀਆਂ ਹਨ ਜਿਨ੍ਹਾਂ ’ਚ ਵੱਡੀ ਗਿਣਤੀ ਭਾਰਤ ਤੋਂ ਆਉਣ ਵਾਲਿਆਂ ਦੀ ਹੈ। ਇਸ ਲਈ ਮਕਾਨਾਂ ਤੇ ਸਰੋਤਾਂ ਦੀ ਘਾਟ ਦਾ ਹਵਾਲਾ ਦਿੱਤਾ ਗਿਆ ਹੈ। ਇਹ ਨਵੀਆਂ ਰੋਕਾਂ ਤਣਾਅ ਵਿੱਚ ਹੋਰ ਵਾਧਾ ਵੀ ਕਰ ਸਕਦੀਆਂ ਹਨ ਕਿਉਂਕਿ ਭਾਰਤ ਨਾਲ ਕੈਨੇਡਾ ਦੇ ਵਿਦਿਅਕ ਰਿਸ਼ਤੇ ਖ਼ਾਸ ਤੌਰ ’ਤੇ ਇਸ ਦੇ (ਕੈਨੇਡਾ) ਅਰਥਚਾਰੇ ਲਈ ਬਹੁਤ ਅਹਿਮੀਅਤ ਰੱਖਦੇ ਹਨ।

ਅਗਲੀ ਕਾਰਵਾਈ ਕਰਦਿਆਂ ਕੈਨੇਡੀਅਨ ਆਗੂਆਂ ਨੂੰ ਹੁਣ ਕੱਟੜਵਾਦ ਵਿਰੁੱਧ ਸਖ਼ਤ ਰੁਖ ਅਖ਼ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਸੁਰੱਖਿਆ ਤੇ ਕੂਟਨੀਤਕ ਸਦਭਾਵ ਬਣਿਆ ਰਹੇ। ਟਰੂਡੋ ਦਾ ਬਿਆਨ ਭਾਵੇਂ ਪਾਰਦਰਸ਼ਤਾ ਖ਼ਾਤਿਰ ਚੁੱਕਿਆ ਗਿਆ ਕਦਮ ਜਾਪਦਾ ਹੈ ਪਰ ਕੱਟੜਵਾਦੀ ਧਡਿ਼ਆਂ ’ਤੇ ਵੱਧ ਤਾਕਤ ਨਾਲ ਸ਼ਿਕੰਜਾ ਕੱਸਣ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਦਿਖਾਈ ਜਾਂਦੀ ਝਿਜਕ ਉਨ੍ਹਾਂ ਤੱਤਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਜਿਨ੍ਹਾਂ ਦੀਆਂ ਕਾਰਵਾਈਆਂ ਨਾਲ ਕੌਮਾਂਤਰੀ ਰਿਸ਼ਤੇ ਖ਼ਰਾਬ ਹੋ ਰਹੇ ਹਨ। ਟਰੂਡੋ ਦੇ ਰੁਖ਼ ’ਚ ਇਸ ਤਬਦੀਲੀ ਨਾਲ ਹਰਦੀਪ ਸਿੰਘ ਨਿੱਝਰ ਮਾਮਲੇ ਕਾਰਨ ਦੋਵਾਂ ਦੇਸ਼ਾਂ ਦੇ ਤਿੜਕੇ ਕੂਟਨੀਤਕ ਰਿਸ਼ਤੇ ਸੁਧਰਨ ਦੀ ਆਸ ਬਹੁਤ ਮੱਧਮ ਹੈ। ਪ੍ਰਧਾਨ ਮੰਤਰੀ ਨੇ ਆਪਣੇ ਖੁਲਾਸਿਆਂ ’ਚ ‘ਬਿਨਾਂ ਠੋਸ ਸਬੂਤ’ ਇੰਟੈਲੀਜੈਂਸ ਦੇ ਆਧਾਰ ਉੱਤੇ ਦੋਸ਼ ਲਾਇਆ ਸੀ ਕਿ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਹੈ। ਇਸ ਤੋਂ ਬਾਅਦ ਨਿਰੰਤਰ ਦੋਵਾਂ ਦੇਸ਼ਾਂ ਦੇ ਕੂਟਨੀਤਕ ਰਿਸ਼ਤੇ ਨਿੱਘਰਦੇ ਗਏ ਹਨ ਅਤੇ ਡਿਪਲੋਮੈਟਾਂ ਨੂੰ ਵੀ ਵਾਪਸ ਭੇਜਿਆ ਗਿਆ ਹੈ।

ਸਾਂਝਾ ਕਰੋ

ਪੜ੍ਹੋ