ਮੈਰਾਥਨ : ‘ਰਨ ਦਾ ਸਿਟੀ’ – ਗੁਰਜੋਤ ਸਮਰਾ ਨੇ 8ਵੀਂ ਵਾਰ ਪੂਰੀ ਮੈਰਾਥਨ ਦੌੜ ਕੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ


ਔਕਲੈਂਡ, 09 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) – ਜ਼ਿੰਦਗੀ ਤਾਂ ਵੈਸੇ ਹੀ ਦੌੜ ਦਾ ਨਾਂਅ ਹੈ, ਪਰ ਇਹ ਬਹੁਤਿਆਂ ਦੀ ਆਪਣੇ ਤੱਕ ਹੀ ਸੀਮਤ ਰਹਿ ਜਾਂਦੀ ਹੈ। ਵਿਦੇਸ਼ੀ ਮੁਲਕਾਂ ਦੇ ਸਮਾਜਿਕ ਕਾਰਜਾਂ ਦੇ ਵਿਚ ਲੋਕਾਂ ਦੀ ਸ਼ਮੂਲੀਅਤ ਕਰਵਾ ਕੇ ਜਿੱਥੇ ਉਨ੍ਹਾਂ ਨੂੰ ਤੰਦਰੁਸਤੀ ਦਾ ਪਾਠ ਪੜ੍ਹਾ ਦਿੱਤਾ ਜਾਂਦਾ ਹੈ, ਉਥੇ ਉਨ੍ਹਾਂ ਕੋਲੋਂ ਲੋੜਵੰਦਾਂ ਦੀ ਸਹਾਇਤਾ ਲਈ ਫੰਡ ਵੀ ਇਕੱਠਾ ਕਰਕੇ ਉਨ੍ਹਾਂ ਦੇ ਦਾਨਮੁਖੀ ਮਨ ਨੂੰ ਸਹਿਜ ਕਰ ਲਿਆ ਜਾਂਦਾ ਹੈ। ਮੈਰਾਥਨ ਦੌੜ ਕਰਾਉਣਾ ਇਸਦਾ ਹੀ ਇਕ ਰੂਪ ਹੈ। ਬੀਤੇ ਦਿਨੀਂ ਔਕਲੈਂਡ ਸਿਟੀ ਦੇ ਵਿਚ ਮੈਰਾਥਨ ਦੌੜ ‘ਰਨ ਦੀ ਸਿਟੀ’ ਦਾ ਆਯੋਜਿਨ ਹੋਇਆ। ਪੰਜਾਬੀਆਂ ਨੂੰ ਇਸ ਗੱਲ ਦੀ ਭਰਪੂਰ ਖੁਸ਼ੀ ਹੋਵੇਗੀ ਕਿ ਪੰਜਾਬੀ ਨੌਜਵਾਨ ਗੁਰਜੋਤ ਸਮਰਾ (41) ਨੇ ਇਸ ਵਾਰ ਫਿਰ ਇਸ ਵਿਚ ਭਾਗ ਲੈ ਕੇ ਜਿੱਥੇ ਪੂਰੀ ਮੈਰਾਥਨ ਦੌੜ (42.2 ਕਿਲੋਮੀਟਰ) ਪੂਰੀ ਕੀਤੀ। ਉਸਨੇ ਔਕਲੈਂਡ ਦੌੜ ਦੇ ਵਿਚ ਛੇਵੀਂ ਵਾਰ ਸ਼ਮੂਲੀਅਤ ਕਰਕੇ ਆਪਣੀਆਂ ਪੂਰੀਆਂ ਮੈਰਾਥਨ ਦੌੜਾਂ ਦੀ ਗਿਣਤੀ 8 ਕਰ ਲਈ।

ਗੁਰਜੋਤ ਸਮਰਾ ਨੇ ਪੂਰੀ ਲਗਨ, ਅਭਿਆਸ ਅਤੇ ਸਵੈ-ਅਨੁਸ਼ਾਸਨ ਦੀ ਸ਼ਕਤੀ ਦਾ ਗੁਣ ਅੰਦਰ ਸਮੋਦਿਆਂ ਮੈਰਾਥਨ ਨੂੰ ਆਪਣੇ ਜੀਵਨ ਦਾ ਕੇਂਦਰੀ ਹਿੱਸਾ ਬਣਾਇਆ ਹੋਇਆ ਹੈ। ਉਸਦੀ ਨਿਰੰਤਰ ਭਾਗੀਦਾਰੀ ਨਾ ਸਿਰਫ ਇਸ ਦੌੜ ਲਈ ਉਸਦੇ ਜਨੂੰਨ ਨੂੰ ਪ੍ਰਗਟਾਉਂਦੀ ਹੈ ਬਲਕਿ ਆਪਣੇ ਆਪ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਦੂਜੇ ਨੌਜਵਾਨਾਂ ਲਈ ਪ੍ਰੇਰਣਾ ਵਜੋਂ ਵੀ ਕੰਮ ਕਰਦੀ ਹੈ। ਉਨ੍ਹਾਂ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ “ਮੈਂ ਹਮੇਸ਼ਾ ਦੂਜਿਆਂ ਨੂੰ ਇਸ ਪ੍ਰਤੀ ਉਤਸ਼ਾਹਿਤ ਕਰਦਾ ਰਹਿੰਦਾ ਹਾਂ। ਮੈਰਾਥਨ ਦੌੜਨਾ ਸਿਰਫ਼ ਦੌੜ ਨੂੰ ਪੂਰਾ ਕਰਨ ਬਾਰੇ ਨਹੀਂ ਹੈ, ਇਹ ਤੁਹਾਡੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਅਤੇ ਇਹ ਦੇਖਣ ਬਾਰੇ ਹੈ ਕਿ ਤੁਸੀਂ ਕੀ ਪ੍ਰਾਪਤ ਕਰ ਸਕਦੇ ਹੋ।’’
ਵਰਨਣਯੋਗ ਹੈ ਕਿ  ਗੁਰਜੋਤ ਸਮਰਾ ਨੇ 2015 ਦੇ ਵਿਚ ਮੈਰਾਥਨ ਵਿਚ ਭਾਗ ਲੈਣਾ ਸ਼ੁਰੂ ਕੀਤਾ ਸੀ ਅਤੇ ਲਗਾਤਾਰ ਕਿਤੇ ਵੀ ਮੈਰਾਥਨ ਹੋਵੇ ਉਹ ਜਾਣ ਦਾ ਇਛੁੱਕ ਰਹਿੰਦਾ ਹੈ। ਹੁਣ ਤੱਕ ਉਹ 6 ਫੁੱਲ ਮੈਰਾਥਨ ਦੌੜਾਂ ਔਕਲੈਂਡ, 1 ਟਾਇਪੂ, 1 ਹਮਿਲਟਨ, 1 ਅਰਧ ਮੈਰਾਥਨ ਕਲਿਵਡਨ, 1 ਅਰਧ ਮੈਰਾਥਨ ਮਾਰਾਟਾਈ ਅਤੇ 1 ਅਰਧ ਮੈਰਾਥਨ ਟਾਇਪੂ ਵਿਖੇ ਪੂਰੀ ਕਰ ਚੁੱਕੇ ਹਨ। ਸ਼ਾਬਾਸ਼! ਗੁਰਜੋਤ ਸਮਰਾ ਜੀ, ਇਸੇ ਤਰ੍ਹਾਂ ਪ੍ਰੇਰਨਾ ਸ੍ਰੋਤ ਬਣਦੇ ਰਹੋ।

ਸਾਂਝਾ ਕਰੋ

ਪੜ੍ਹੋ