
ਅੰਮ੍ਰਿਤਸਰ, 15 ਮਾਰਚ – ਇੱਥੇ ਖੰਡ ਵਾਲਾ ਇਲਾਕੇ ਵਿੱਚ ਬੀਤੀ ਰਾਤ ਇੱਕ ਮੰਦਰ ਦੇ ਕੋਲ ਹੋਏ ਧਮਾਕੇ ਦੇ ਕਾਰਨ ਇਲਾਕੇ ਵਿੱਚ ਡਰ ਅਤੇ ਤਣਾਅ ਵਾਲਾ ਮਾਹੌਲ ਹੈ। ਇਹ ਵਿਸਫੋਟਕ ਸਮੱਗਰੀ ਕਥਿਤ ਤੌਰ ’ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਮੰਦਰ ’ਤੇ ਸੁੱਟੀ ਗਈ। ਇਸ ਸਬੰਧੀ ਗਤੀਵਿਧੀ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈ ਹੈ। ਇਹ ਘਟਨਾ 14 ਅਤੇ 15 ਮਾਰਚ ਦੀ ਦਰਮਿਆਨੀ ਰਾਤ ਦੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਦਿਖਾਈ ਦਿੱਤਾ ਹੈ ਕਿ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਮੰਦਰ ਦੀ ਇਮਾਰਤ ਤੇ ਕੋਈ ਚੀਜ਼ ਸੁੱਟੀ ਗਈ, ਜਿਸ ਤੋਂ ਬਾਅਦ ਵਿਸਫੋਟ ਹੁੰਦਾ ਹੈ। ਧਮਾਕੇ ਵੇਲੇ ਮੰਦਰ ਦਾ ਪੁਜਾਰੀ ਅਤੇ ਉਸ ਦਾ ਪਰਿਵਾਰ ਉਪਰਲੀ ਮੰਜ਼ਿਲ ’ਤੇ ਸਨ। ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਧਮਾਕੇ ਕਾਰਨ ਮੰਦਰ ਦੀ ਇੱਕ ਕੰਧ ਨੂੰ ਨੁਕਸਾਨ ਪੁੱਜਾ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ ਸਨ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ। ਪਿਛਲੇ ਕੁਝ ਸਮੇਂ ਤੋਂ ਪੁਲੀਸ ਇਮਾਰਤਾਂ ਦੇ ਬਾਹਰ ਅਤੇ ਅੰਦਰ ਧਮਾਕੇ ਹੋਏ ਸਨ ਪਰ ਕਿਸੇ ਧਰਮ ਸਥਾਨ ਦੀ ਇਮਾਰਤ ਵਿੱਚ ਅਜਿਹਾ ਧਮਾਕਾ ਪਹਿਲੀ ਵਾਰ ਹੋਇਆ ਹੈ। ਸਥਾਨਕ ਲੋਕਾਂ ਨੇ ਆਖਿਆ ਕਿ ਇਹ ਕਾਰਵਾਈ ਆਪਸੀ ਭਾਈਚਾਰਕ ਸਾਂਝ ਵਿੱਚ ਤਰੇੜਾਂ ਪਾਉਣ ਵਾਲੀ ਹੈ। ਧਮਾਕੇ ਕਾਰਨ ਤੇਜ਼ ਆਵਾਜ਼ ਆਈ ਸੀ।