
ਸ੍ਰੀ ਮੁਕਤਸਰ ਸਾਹਿਬ, 15 ਮਾਰਚ – ਮੋਗਾ ਵਿਖੇ ਸ਼ਿਵ ਸੈਨਾ ਬਾਲ ਠਾਕਰੇ (ਸ਼ਿੰਦਾ ਗਰੁੱਪ) ਦੇ ਜ਼ਿਲ੍ਹਾ ਪ੍ਰਧਾਨ ਮੰਗਾ ਦੇ 13 ਮਾਰਚ ਨੂੰ ਹੋਏ ਕਤਲ ਦੇ ਕੇਸ ਵਿੱਚ ਮੁਕਤਸਰ ਅਤੇ ਮੋਗਾ ਪੁਲੀਸ ਨੇ ਸਾਂਝਾ ਅਪ੍ਰੇਸ਼ਨ ਕਰਦਿਆਂ ਤਿੰਨ ਮੁਲਜ਼ਮ ਕਾਬੂ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਮੰਗਾ ਪ੍ਰਧਾਨ ਦਾ ਸ਼ਰਮਾ ਡੇਅਰੀ, ਗਿੱਲ ਪੈਲੇਸ, ਮੋਗਾ ਸ਼ਹਿਰ ਨੇੜੇ ਕਤਲ ਕੀਤਾ ਗਿਆ ਸੀ। ਇਸ ਸਬੰਧੀ 3 ਅਣਪਛਾਤਿਆਂ ਸਣੇ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ 3 ਮੁਲਜ਼ਮ ਮਲੋਟ ਬੱਸ ਸਟੈਂਡ ਨੇੜੇ ਲੁਕੇ ਹੋਏ ਹਨ। ਇਸ ’ਤੇ ਮੁਕਤਸਰ ਅਤੇ ਮਲੋਟ ਜ਼ਿਲ੍ਹੇ ਦੀ ਸੀਆਈਏ ਸਟਾਫ ਦੀ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰਦੇ ਹੋਏ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।
ਪੁਲੀਸ ਅਧਿਕਾਰੀ ਮੁਤਾਬਕ ਮੁਲਜ਼ਮਾਂ ਨੇ ਪੁਲੀਸ ਉਪਰ ਗੋਲੀ ਚਲਾਈ। ਪੁਲੀਸ ਦੀ ਜਵਾਬੀ ਗੋਲੀਬਾਰੀ ਵਿਚ ਦੋ ਮੁਲਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਦੀ ਪਛਾਣ ਅਰੁਣ ਉਰਫ ਦੀਪੂ ਵਾਸੀ ਅੰਗਦਪੁਰਾ ਮੁੱਹਲਾ ਮੋਗਾ, ਅਰੁਣ ਉਰਫ ਸਿੰਘਾ ਵਾਸੀ ਮੋਗਾ ਅਤੇ ਤੀਜੇ ਜ਼ਖਮੀ ਦੀ ਪਛਾਣ ਰਾਜਵੀਰ ਉਰਫ ਲਾਡੋ ਵਾਸੀ ਵੇਦਾਂਤ ਨਗਰ ਮੋਗਾ ਵਜੋਂ ਹੋਈ ਹੈ। ਦੀਪੂ ਦੇ ਖੱਬੇ ਪੈਰ ਵਿੱਚ ਗੋਲੀ ਵੱਜੀ। ਉਸ ਖ਼ਿਲਾਫ਼ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਹਨ। ਇਸੇ ਤਰ੍ਹਾਂ ਸਿੰਘਾ ਦੇ ਸੱਜੇ ਪੈਰ ਵਿੱਚ ਗੋਲੀ ਵੱਜੀ ਹੋਈ ਸੀ ਅਤੇ ਉਸ ’ਤੇ ਵੀ ਪਹਿਲਾਂ ਦੋ ਮੁਕੱਦਮੇ ਦਰਜ ਹਨ। ਰਾਜਵੀਰ ਦੇ ਭੱਜਣ ਦੀ ਕੋਸ਼ਿਸ਼ ਕਰਦਿਆਂ ਸੱਟਾਂ ਵੱਜੀਆਂ। ਰਾਜਵੀਰ ’ਤੇ ਵੀ ਇਕ ਮੁਕਦਮਾ ਦਰਜ ਹੈ।