ਸੰਗਮ ਦਾ ਪਾਣੀ ਨਹਾਉਣ ਯੋਗ ਨਹੀਂ

ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਮਹਾਂਕੁੰਭ ਦੌਰਾਨ 55 ਕਰੋੜ ਤੋਂ ਵੱਧ ਲੋਕ ਪ੍ਰਯਾਗਰਾਜ ਵਿਖੇ ਤਿ੍ਰਵੈਣੀ ਸੰਗਮ ਵਿੱਚ ਇਸ਼ਨਾਨ ਕਰ ਚੁੱਕੇ ਹਨ। ਹਰ ਦਿਨ ਇਹ ਗਿਣਤੀ 1 ਕਰੋੜ ਦੇ ਕਰੀਬ ਵਧ ਰਹੀ ਹੈ। ਇਸੇ ਦੌਰਾਨ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਨੈਸ਼ਨਲ ਗਰੀਨ ਟਿ੍ਰਬਿਊਨਲ ਨੂੰ ਇੱਕ ਰਿਪੋਰਟ ਸੌਂਪੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਅਲਾਹਾਬਾਦ ਵਿੱਚ ਸੰਗਮ ਦੇ ਜਿਸ ਪਾਣੀ ਵਿੱਚ ਸ਼ਰਧਾਲੂ ਇਸ਼ਨਾਨ ਕਰ ਰਹੇ ਹਨ, ਉਸ ਵਿੱਚ ਫੀਕਲ ਕੋਲੀਫਾਰਮ ਦੀ ਮਾਤਰਾ ਏਨੀ ਵੱਧ ਹੈ ਕਿ ਇਹ ਪਾਣੀ ਨਹਾਉਣ ਦੇ ਯੋਗ ਨਹੀਂ।

ਫੀਕਲ ਕੋਲੀਫਾਰਮ ਪਾਣੀ ਵਿੱਚ ਮਨੁੱਖੀ ਤੇ ਜਾਨਵਰਾਂ ਦੇ ਮਲ (ਗੰਦਗੀ) ਵਿੱਚ ਪਾਏ ਜਾਣ ਵਾਲੇ ਸੂਖਮ ਜੀਵਾਂ ਦੀ ਮਾਤਰਾ ਨੂੰ ਕਿਹਾ ਜਾਂਦਾ ਹੈ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੰਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਸ਼ਨਾਨ ਕਰਨ ਨਾਲ ਮਨੁੱਖੀ ਮਲ ਦੀ ਮਾਤਰਾ ਵਿੱਚ ਭਾਰੀ ਵਾਧਾ ਹੋਇਆ ਹੈ। ਨੈਸ਼ਨਲ ਗਰੀਨ ਟਿ੍ਰਬਿਊਨਲ ਦੀ ਬੈਂਚ, ਜਿਸ ਵਿੱਚ ਚੇਅਰਮੈਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵ, ਨਿਆਂਇਕ ਮੈਂਬਰ ਜਸਟਿਸ ਸੁਧੀਰ ਅਗਰਵਾਲ ਤੇ ਮਾਹਰ ਮੈਂਬਰ ਏ ਸੈਂਥਿਲ ਵੇਲ ਸ਼ਾਮਲ ਹਨ, ਇੱਕ ਰਿੱਟ ਦੀ ਸੁਣਵਾਈ ਕਰ ਰਹੀ ਸੀ, ਜਿਸ ਦਾ ਸੰਬੰਧ ਗੰਗਾ ਤੇ ਯਮੁਨਾ ਨਦੀਆਂ ਵਿੱਚ ਸੀਵਰੇਜ ਦੇ ਪਾਣੀ ਨੂੰ ਰੋਕਣ ਨਾਲ ਹੈ।

ਬੀਤੀ 3 ਫਰਵਰੀ ਨੂੰ ਪੇਸ਼ ਕੀਤੀ ਗਈ ਰਿਪੋਰਟ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨੈਸ਼ਨਲ ਗਰੀਨ ਟਿ੍ਰਬਿਊਨਲ ਨੂੰ ਮਹਾਂਕੁੰਭ ਮੇਲੇ ਦੌਰਾਨ ਪ੍ਰਯਾਗਰਾਜ ਵਿੱਚ ਖਰਾਬ ਨਦੀ ਜਲ ਗੁਣਵੱਤਾ ਬਾਰੇ ਸੂਚਿਤ ਕੀਤਾ ਸੀ। ਰਿਪੋਰਟ ਵਿੱਚ ਕੁਝ ਉਲੰਘਣਾਵਾਂ ਵੱਲ ਵੀ ਇਸ਼ਾਰਾ ਕੀਤਾ ਗਿਆ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਮਹਾਂਕੁੰਭ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਨਦੀਆਂ ਵਿੱਚ ਇਸ਼ਨਾਨ ਕਰਨ, ਜਿਨ੍ਹਾਂ ਵਿੱਚ ਸ਼ੁੱਭ ਘੜੀ ਵਾਲੇ ਦਿਨ ਵੀ ਸ਼ਾਮਲ ਸਨ, ਸਮੇਂ ਮਨੁੱਖੀ ਮਲ ਵਿੱਚ ਵਾਧਾ ਹੋ ਗਿਆ। ਟਿ੍ਰਬਿਊਨਲ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੇਂਦਰੀ ਪ੍ਰਯੋਗਸ਼ਾਲਾ ਦੀ ਜਾਂਚ ਤੋਂ ਬਾਅਦ ਭੇਜੇ ਗਏ ਕਵਰਿੰਗ ਪੱਤਰ ਨਾਲ ਨੱਥੀ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਵੱਖ-ਵੱਖ ਥਾਵਾਂ ਉਤੇ ਮਨੁੱਖੀ ਤੇ ਜਾਨਵਰਾਂ ਦੀ ਗੰਦਗੀ ਦੇ ਨਾਲ ਕੋਲੀਫਾਰਮ ਦਾ ਉੱਚਾ ਪੱਧਰ ਪਾਇਆ ਗਿਆ ਹੈ। ਰਿਪੋਰਟ ਅਨੁਸਾਰ ਗਰੀਨ ਟਿ੍ਰਬਿਊਨਲ ਨੇ ਇਹ ਵੀ ਨੋਟ ਕੀਤਾ ਕਿ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੋਰਟ ਦੇ ਹੁਕਮਾਂ ਮੁਤਾਬਕ ਵਿਸਥਾਰਤ ਰਿਪੋਰਟ ਦਾਖ਼ਲ ਨਹੀਂ ਕੀਤੀ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ

ਚੰਡੀਗੜ੍ਹ, 5 ਅਪ੍ਰੈਲ: ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ...