
ਕੰਪਨੀਆਂ ਵੱਲੋਂ ਕੀਤੇ ਕੂੜ ਪ੍ਰਚਾਰ ਨੇ ਪੰਜਾਬੀਆਂ ਨੂੰ ਦੁੱਧ, ਲੱਸੀ, ਘਿਓ ਤੋਂ ਦੂਰ ਕਰ ਦਿੱਤਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦਾ ਗਲਾਸ ਪੀਣਾ ਬੀਤੇ ਦੀਆਂ ਬਾਤਾਂ ਹੋ ਗਈਆਂ ਹਨ। ਖੇਤਾਂ ਵਿੱਚ ਧੂਣੀ ਬਾਲ਼ ਤਾਜ਼ੀਆਂ ਛੱਲੀਆਂ ਤੋੜ ਭੁੰਨ ਕੇ ਖਾਣੀਆਂ, ਛੋਲਿਆਂ ਦੀਆਂ ਹੋਲਾਂ ਸਭ ਬੀਤੇ ਦੀਆਂ ਬਾਤਾਂ ਬਣ ਗਈਆਂ ਹਨ। ਖੇਤ ਵਿੱਚੋਂ ਮੂਲੀ, ਗਾਜਰ ਪੁੱਟ, ਖਰਬੂਜ਼ੇ, ਹਦਵਾਣੇ ਅਤੇ ਤਰ ਤੋੜ ਖੂਹ ’ਤੇ ਬੈਠ ਖਾਣ ਦਾ ਵੀ ਰਿਵਾਜ ਨਹੀਂ ਰਿਹਾ। ਮਸ਼ੀਨਾਂ ਦੇ ਆਉਣ ਨਾਲ ਖੇਤਾਂ ਵਿੱਚ ਹੱਥੀਂ ਕਰਨ ਵਾਲੇ ਕੰਮ ਵੀ ਨਹੀਂ ਰਹੇ। ਪੰਜਾਬੀ ਜਿਹੜੇ ਆਪਣੀ ਜਿਸਮਾਨੀ ਤਾਕਤ ਲਈ ਸਾਰੇ ਸੰਸਾਰ ਵਿੱਚ ਪ੍ਰਸਿੱਧ ਸਨ, ਹੁਣ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਸੰਤੁਲਿਤ ਭੋਜਨ ਲਈ ਜਿੱਥੇ ਬੰਬੀ ਦੇ ਲਾਗੇ ਕੁਝ ਰਕਬੇ ਵਿੱਚ ਸਬਜ਼ੀਆਂ ਦੀ ਕਾਸ਼ਤ ਜ਼ਰੂਰੀ ਹੈ, ਉੱਥੇ ਦੋ ਚਾਰ ਫ਼ਲਦਾਰ ਬੂਟੇ ਲਗਾਉਣੇ ਵੀ ਚਾਹੀਦੇ ਹਨ। ਕਦੇ ਪੰਜਾਬ ਵਿੱਚ ਫ਼ਲਦਾਰ ਰੁੱਖਾਂ ਦੇ ਬਗੀਚੇ ਆਮ ਹੁੰਦੇ ਸਨ, ਪਰ ਹੁਣ ਇਨ੍ਹਾਂ ਹੇਠ ਰਕਬਾ ਬਹੁਤ ਘਟ ਗਿਆ ਹੈ। ਸੂਬੇ ਵਿੱਚ ਮਸਾਂ ਇੱਕ ਲੱਖ ਹੈਕਟੇਅਰ ਹੀ ਫ਼ਲਾਂ ਹੇਠ ਹੈ ਜਿਸ ਵਿੱਚੋਂ ਵੀ ਅੱਧਾ ਰਕਬਾ ਕਿੰਨੂ ਦੇ ਬਗੀਚਿਆਂ ਹੇਠ ਹੈ। ਜਾਮਣ ਅਤੇ ਬੇਰਾਂ ਦੇ ਰੁੱਖ ਆਮ ਹੁੰਦੇ ਸਨ ਤੇ ਇਨ੍ਹਾਂ ਨੂੰ ਤੋੜਨ ਦੀ ਮਨਾਹੀ ਵੀ ਨਹੀਂ ਸੀ। ਹੁਣ ਇਹ ਦੋਵੇਂ ਫ਼ਲ ਸਭ ਤੋਂ ਵੱਧ ਮਹਿੰਗੇ ਹਨ। ਮਲਿਆਂ ਵਾਲੇ ਬੇਰਾਂ ਦੀਆਂ ਝਾੜੀਆਂ ਆਮ ਹੁੰਦੀਆਂ ਹਨ, ਪਰ ਹੁਣ ਉਹ ਵੀ ਲੋਪ ਹੋ ਗਏ ਹਨ।
ਫ਼ਲ ਕੁਦਰਤ ਵੱਲੋਂ ਬਖ਼ਸ਼ੇ ਸਾਡੇ ਸੰਤੁਲਿਤ ਭੋਜਨ ਲਈ ਵਰਦਾਨ ਹਨ। ਜੇਕਰ ਭੋਜਨ ਨਾਲ ਇਨ੍ਹਾਂ ਦੀ ਰੋਜ਼ਾਨਾ ਵਰਤੋਂ ਕੀਤੀ ਜਾਵੇ ਤਾਂ ਮਨੁੱਖੀ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਂਦਾ ਹੈ। ਫ਼ਲਾਂ ਵਿੱਚ ਮਨੁੱਖੀ ਸਰੀਰ ਲਈ ਲੋੜੀਂਦੇ ਵਿਟਾਮਿਨ ਤੇ ਧਾਤਾਂ ਹੁੰਦੀਆਂ ਹਨ। ਫ਼ਲਾਂ ਦੇ ਪੂਰੇ ਖੁਰਾਕੀ ਤੱਤ ਤਾਜ਼ੇ ਫ਼ਲਾਂ ਤੋਂ ਹੀ ਪ੍ਰਾਪਤ ਹੁੰਦੇ ਹਨ। ਆਮ ਲੋਕੀਂ ਫ਼ਲਾਂ ਦੀ ਵਰਤੋਂ ਘਟ ਕਰਦੇ ਹਨ। ਇਸ ਵਾਰ ਤਾਂ ਇਨ੍ਹਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਬਾਜ਼ਾਰ ਵਿੱਚ ਮਿਲਣ ਵਾਲੇ ਫ਼ਲ ਕਈ ਵਾਰ ਰਸਾਇਣਾਂ ਨਾਲ ਪਕਾਏ ਹੁੰਦੇ ਹਨ। ਉਂਝ ਵੀ ਰੇੜੀਆਂ ਉਤੇ ਖੁੱਲ੍ਹੇ ਵਿੱਚ ਫ਼ਲਾਂ ਉਤੇ ਮਿੱਟੀ ਤੇ ਹੋਰ ਕੀਟਾਣੂ ਆ ਜਾਂਦੇ ਹਨ। ਅੱਧੀ ਸਦੀ ਪਹਿਲਾਂ ਪੰਜਾਬ ਵਿੱਚ ਫ਼ਲਾਂ ਦੇ ਰੁੱਖ ਚੋਖੀ ਗਿਣਤੀ ਵਿੱਚ ਹੁੰਦੇ ਸਨ।
ਆਮ ਕਰਕੇ ਖੂਹਾਂ ਲਾਗੇ ਇੱਕ ਦੋ ਫ਼ਲਦਾਰ ਬੂਟੇ ਤਾਂ ਕਿਸਾਨ ਲਗਾ ਹੀ ਲੈਂਦੇ ਸਨ। ਦੁਆਬੇ ਵਿੱਚ ਅੰਬਾਂ ਦੇ ਬਗੀਚੇ ਹਨ। ਅਮਰੂਦ, ਬੇਰੀਆਂ ਤੇ ਜਾਮਣ ਦੇ ਰੁੱਖ ਵੀ ਆਮ ਹੀ ਹੁੰਦੇ ਹਨ। ਇਹ ਸਾਰੇ ਖੁਰਾਕੀ ਤੱਤਾਂ ਨਾਲ ਭਰਪੂਰ ਫ਼ਲ ਹਨ। ਪੰਜਾਬ ਵਿੱਚ ਹੋਈ ਮੁਰੱਬਾਬੰਦੀ ਦੇ ਜਿੱਥੇ ਲਾਭ ਤਾਂ ਬਹੁਤ ਹੋਏ, ਪਰ ਰੁੱਖਾਂ ਦੀ ਕਟਾਈ ਵੀ ਹੋਈ। ਬਾਗ਼ ਲਗਾਉਣ ਤੋਂ ਆਮ ਲੋਕੀਂ ਘਬਰਾਉਂਦੇ ਹਨ ਕਿਉਂਕਿ ਬੂਟਿਆਂ ਦੀ ਵਿਸ਼ੇਸ਼ ਸਾਂਭ ਸੰਭਾਲ ਕਰਨੀ ਪੈਂਦੀ ਹੈ, ਪਰ ਘਰ ਦੀ ਵਰਤੋਂ ਲਈ ਬੰਬੀ ਲਾਗੇ ਦੋ ਤਿੰਨ ਫ਼ਲਦਾਰ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਆਪਣੇ ਖੇਤਾਂ ਦੇ ਤਾਜ਼ੇ ਤੇ ਜ਼ਹਿਰ ਰਹਿਤ ਫ਼ਲਾਂ ਨੂੰ ਖਾਣ ਦਾ ਅਨੰਦ ਮਾਣਿਆ ਜਾ ਸਕੇ। ਫਰਵਰੀ-ਮਾਰਚ ਸਦਾਬਹਾਰ ਨਵੇਂ ਬੂਟੇ ਲਗਾਉਣ ਲਈ ਢੁੱਕਵਾਂ ਸਮਾਂ ਹੈ। ਆਪਣੇ ਖੇਤ ਵਿੱਚ ਅੰਬ, ਅਮਰੂਦ, ਬੇਰੀ, ਕਿੰਨੂ, ਨਿੰਬੂ ਤੇ ਜਾਮਣ ਆਦਿ ਦੇ ਬੂਟੇ ਲਗਾ ਲੈਣੇ ਚਾਹੀਦੇ ਹਨ।
ਕਿੰਨੂ ਦੇ ਬਹੁਤੇ ਬਗੀਚੇ ਮਾਲਵੇ ਅਤੇ ਹੁਸ਼ਿਆਰਪੁਰ ਵਿਖੇ ਹਨ, ਪਰ ਬੰਬੀ ਲਾਗੇ ਇੱਕ ਬੂਟਾ ਤਾਂ ਲਗਾਇਆ ਹੀ ਜਾ ਸਕਦਾ ਹੈ। ਪੀਏਯੂ-ਕਿੰਨੂ-1 ਕਿਸਮ ਦਾ ਬੂਟਾ ਲਗਾਵੋ ਕਿਉਂਕਿ ਇਸ ਵਿੱਚ ਬੀਜ ਬਹੁਤ ਘੱਟ ਹੁੰਦੇ ਹਨ। ਨਿੰਬੂ ਦੀ ਵਰਤੋਂ ਤਾਂ ਸਾਰਾ ਸਾਲ ਘਰ ਵਿੱਚ ਹੁੰਦੀ ਹੈ। ਇਸ ਦਾ ਇੱਕ ਬੂਟਾ ਵੀ ਲਗਾਇਆ ਜਾ ਸਕਦਾ ਹੈ। ਪੰਜਾਬ ਬਾਰਾਮਾਸੀ ਨਿੰਬੂ, ਪੀਏਯੂ ਬਾਰਾਮਾਸੀ ਨਿੰਬੂ-1 ਅਤੇ ਕਾਗਜ਼ੀ ਇਸ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਅਮਰੂਦ ਹਰੇਕ ਥਾਂ ਹੋ ਜਾਂਦਾ ਹੈ। ਇਸ ਕਰਕੇ ਇਸ ਦਾ ਇੱਕ ਬੂਟਾ ਜ਼ਰੂਰ ਲਗਾਵੋ। ਇਹ ਵਿਟਾਮਿਨ ਸੀ ਅਤੇ ਐਂਟੀਔਕਸੀਡੈਂਟ ਦਾ ਵਧੀਆ ਸੋਮਾ ਹੈ।
ਘੱਟ ਬੀਜ ਲਈ ਸ਼ਵੇਤਾ ਅਤੇ ਲਾਲ ਗੁੱਦੇ ਲਈ ਪੰਜਾਬ ਪਿੰਕ ਕਿਸਮਾਂ ਦੇ ਬੂਟੇ ਲਗਾਵੋ। ਪੰਜਾਬ ਐਪਲ ਅਮਰੂਦ, ਪੰਜਾਬ ਕਿਰਨ ਤੇ ਪੰਜਾਬ ਸਫ਼ੈਦਾ ਹੋਰ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਇੱਕ ਬੂਟੇ ਤੋਂ ਇੱਕ ਕੁਇੰਟਲ ਤੋਂ ਵੱਧ ਫ਼ਲ ਪ੍ਰਾਪਤ ਹੋ ਜਾਂਦਾ ਹੈ। ਅੰਬ ਨੂੰ ਫ਼ਲਾਂ ਦਾ ਰਾਜਾ ਮੰਨਿਆ ਜਾਂਦਾ ਹੈ। ਕਦੇ ਦੁਆਬੇ ਨੂੰ ਚੂਪਣ ਵਾਲੇ ਅੰਬਾਂ ਦਾ ਘਰ ਮੰਨਿਆ ਜਾਂਦਾ ਸੀ। ਇਸੇ ਕਰਕੇ ਆਖਿਆ ਜਾਂਦਾ ਸੀ, ‘ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ਼ ਦੁਆਬਾ।’ ਹੁਣ ਤਾਂ ਬਹੁਤੇ ਰੁੱਖ ਕੱਟੇ ਗਏ ਹਨ। ਪੰਜਾਬ ਵਿੱਚ ਕਾਸ਼ਤ ਲਈ ਕਲਮੀ ਅੰਬਾਂ ਦੀਆਂ ਅਲਫ਼ੈਂਜੋ, ਦੁਸਹਿਰੀ ਤੇ ਲੰਗੜਾ ਕਿਸਮ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਚੂਪਣ ਵਾਲੇ ਅੰਬਾਂ ਵਿੱਚ ਗੰਗੀਆਂ ਸੰਧੂਰੀ ਕਿਸਮ ਨੂੰ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਬਗੈਰ ਜੀਐੱਨ-1 ਤੋਂ ਜੀਐੱਨ-7 ਤੱਕ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਬੇਰਾਂ ਨੂੰ ਗਰੀਬਾਂ ਦਾ ਫ਼ਲ ਆਖਿਆ ਜਾਂਦਾ ਸੀ, ਪਰ ਹੁਣ ਤਾਂ ਇਸ ਦੀ ਕੀਮਤ ਵਿੱਚ ਵੀ ਚੋਖਾ ਵਾਧਾ ਹੋਇਆ ਹੈ।
ਬੇਰ ਵਿੱਚ ਵਿਟਾਮਿਨ ਸੀ, ਪ੍ਰੋਟੀਨ, ਕੈਲਸ਼ੀਅਮ, ਲੋਹਾ ਅਤੇ ਫਾਸਫੋਰਸ ਹੁੰਦੇ ਹਨ। ਉਮਰਾਨ ਕਿਸਮ ਦਾ ਸਭ ਤੋਂ ਵਧ ਝਾੜ ਦਿੰਦਾ ਹੈ। ਵਲੈਤੀ ਅਤੇ ਸਨੌਰ-2 ਕਿਸਮਾਂ ਦੀ ਵੀ ਸਿਫਾਰਸ਼ ਕੀਤੀ ਗਈ ਹੈ। ਉਮਰਾਨ ਦੇ ਇੱਕ ਬੂਟੇ ਤੋਂ ਦੋ ਕੁਇੰਟਲ ਝਾੜ ਪ੍ਰਾਪਤ ਹੋ ਜਾਂਦਾ ਹੈ। ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਵਿੱਚ ਲੀਚੀ ਦੀ ਵੀ ਕਾਸ਼ਤ ਕੀਤੀ ਜਾ ਸਕਦੀ ਹੈ। ਦੇਹਰਾਦੂਨ, ਕਲਕੱਤੀਆ ਅਤੇ ਸੀਡਲੈੱਸ ਲੇਟ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਪੰਜਾਬ ਵਿੱਚ ਆਂਵਲੇ ਦਾ ਅਚਾਰ ਅਤੇ ਮੁਰੱਬਾ ਬਹੁਤ ਪਸੰਦ ਕੀਤਾ ਜਾਂਦਾ ਹੈ। ਉਹ ਵਿਟਾਮਿਨ ਸੀ, ਪੈਕਟੀਨ ਅਤੇ ਖਣਿਜ ਪਦਾਰਥਾਂ ਦਾ ਮੁੱਖ ਸੋਮਾ ਹੈ। ਬਲਵੰਤ, ਨੀਲਮ ਅਤੇ ਕੰਚਨ ਸਿਫਾਰਸ਼ ਕੀਤੀਆਂ ਕਿਸਮਾਂ ਹਨ।
ਨੀਮ ਪਹਾੜੀ ਇਲਾਕਿਆਂ ਵਿੱਚ ਚੀਕੂ ਦੇ ਬੂਟੇ ਵੀ ਸਫਲਤਾਪੂਰਵਕ ਉਗਾਏ ਜਾ ਸਕਦੇ ਹਨ। ਚੀਕੂ ਕਾਰਬੋਹਾਈਡ੍ਰੇਟ, ਚਰਬੀ, ਕੈਲਸ਼ੀਅਮ, ਫਾਸਫੋਰਸ, ਲੋਹਾ ਅਤੇ ਰੇਸ਼ੇ ਦਾ ਵਧੀਆ ਸੋਮਾ ਹੈ। ਇਸ ਦੀਆਂ ਕਾਲੀ ਪੱਤੀ ਅਤੇ ਕ੍ਰਿਕਟ ਬਾਲ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਇਹ ਵੱਡੇ ਰੁੱਖ ਬਣ ਜਾਂਦੇ ਹਨ ਤੇ ਇੱਕ ਬੂਟੇ ਤੋਂ 1.5 ਕੁਇੰਟਲ ਤੋਂ ਵੱਧ ਫ਼ਲ ਪ੍ਰਾਪਤ ਹੋ ਜਾਂਦਾ ਹੈ। ਬਰਸਾਤ ਵਿੱਚ ਲੁਕਾਠ ਦੇ ਬੂਟੇ ਵੀ ਲਗਾਏ ਜਾ ਸਕਦੇ ਹਨ। ਇਹ ਅਪਰੈਲ ਵਿੱਚ ਪੱਕ ਜਾਂਦਾ ਹੈ ਜਦੋਂ ਬਾਜ਼ਾਰ ਵਿੱਚ ਹੋਰ ਫ਼ਲ ਨਹੀਂ ਹੁੰਦੇ। ਇਸ ਦੀਆਂ ਕੈਲੀਫੋਰਨੀਆ ਐਡਵਾਂਸ, ਗੋਲਡਨ ਯੈਲੋ, ਪੇਲਯੈਲੋ ਉੱਨਤ ਕਿਸਮਾਂ ਹਨ।
ਖੁਸ਼ਕ ਇਲਾਕਿਆਂ ਵਿੱਚ ਖਜੂਰ ਦੇ ਬੂਟੇ ਵੀ ਲਗਾਏ ਜਾ ਸਕਦੇ ਹਨ। ਹਲਾਵੀ ਅਤੇ ਬਰੀ ਇਸ ਦੀਆਂ ਸਿਫਾਰਸ਼ ਕੀਤੀਆਂ ਗਈਆਂ ਕਿਸਮਾਂ ਹਨ। ਬਿਲ ਇੱਕ ਹੋਰ ਅਜਿਹਾ ਫ਼ਲ ਹੈ। ਇਸ ਵਿੱਚ ਰਾਈਬੋਫਲੇਵਿਨ, ਵਿਟਾਮਿਨ ਏ ਅਤੇ ਕਾਰਬੋਹਾਈਡ੍ਰੇਟ ਹੁੰਦੇ ਹਨ। ਇਸ ਦੇ ਫ਼ਲਾਂ ਦਾ ਗੁੱਦਾ ਸ਼ਰਬਤ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਸਖ਼ਤ ਕਿਸਮ ਦਾ ਰੁੱਖ ਹੈ ਤੇ ਹਰ ਥਾਂ ਹੋ ਜਾਂਦਾ ਹੈ। ਕਾਗਜ਼ੀ ਇਸ ਦੀ ਸਿਫਾਰਸ਼ ਕੀਤੀ ਗਈ ਕਿਸਮ ਹੈ। ਇਸ ਵਾਰ ਘਰ ਦੇ ਵਿਹੜੇ ਜਾਂ ਬੰਬੀ ਲਾਗੇ ਘੱਟੋ ਘੱਟ ਦੋ ਫ਼ਲਦਾਰ ਰੁੱਖ ਲਗਾਵੋ, ਤਾਜ਼ੇ ਫ਼ਲ ਖਾਵੋ ਤੇ ਬਿਮਾਰੀਆਂ ਨੂੰ ਦੂਰ ਭਜਾਵੋ।