ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਇਕ ਆਨਲਾਈਨ ਪੋਰਟਲ ‘ਆਪ ਕੀ ਬਚਤ ਡਾਟ ਕਾਮ’ ਲਾਂਚ ਕੀਤਾ, ਜਿਸ ਨਾਲ ਦਿੱਲੀ ਵਾਸੀ ‘ਆਪ’ ਦੀ ਅਗਵਾਈ ਵਾਲੀ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫਤ ਭਲਾਈ ਸਕੀਮਾਂ ਤੋਂ ਅਪਣੀ ਬੱਚਤ ਦਾ ਹਿਸਾਬ ਲਗਾ ਸਕਣਗੇ।
‘ਆਪ’ ਦੀ ਕੌਮੀ ਬੁਲਾਰਾ ਪ੍ਰਿਯੰਕਾ ਕੱਕੜ ਨੇ ਕਿਹਾ, ‘‘ਦਿੱਲੀ ਦੇ ਲੋਕਾਂ ਲਈ ਅਸੀਂ ਇਹ ਨਵਾਂ ਪੋਰਟਲ ਪੇਸ਼ ਕਰ ਰਹੇ ਹਾਂ, ਜਿੱਥੇ ਉਹ ਇਹ ਜਾਂਚ ਕਰ ਸਕਦੇ ਹਨ ਕਿ ਉਹ ਸਾਡੀਆਂ ਮੁਫਤ ਭਲਾਈ ਯੋਜਨਾਵਾਂ ਜਿਵੇਂ ਕਿ ਮੁਫਤ ਬਿਜਲੀ, ਮੁਫਤ ਪਾਣੀ ਅਤੇ ਹੋਰ ਬਹੁਤ ਸਾਰੀਆਂ ਯੋਜਨਾਵਾਂ ਰਾਹੀਂ ਕਿੰਨੀ ਬਚਤ ਕਰ ਰਹੇ ਹਨ।’’
ਕੱਕੜ ਨੇ ਦਾਅਵਾ ਕੀਤਾ ਕਿ ‘ਆਪ’ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਇਨ੍ਹਾਂ ਪਹਿਲਕਦਮੀਆਂ ਰਾਹੀਂ ਵਸਨੀਕਾਂ ਨੂੰ ਪ੍ਰਤੀ ਮਹੀਨਾ ਘੱਟੋ ਘੱਟ 25,000 ਰੁਪਏ ਦੀ ਬਚਤ ਕਰਨ ’ਚ ਮਦਦ ਕਰਦੀ ਹੈ। ਉਨ੍ਹਾਂ ਕਿਹਾ, ‘‘ਜੇਕਰ ਸਾਡੀ ਸਰਕਾਰ ਮੁੜ ਬਣਦੀ ਹੈ ਤਾਂ ਦਿੱਲੀ ਵਾਸੀਆਂ ਨੂੰ ਹਰ ਮਹੀਨੇ 35,000 ਰੁਪਏ ਦੀ ਬਚਤ ਹੋਵੇਗੀ।’’