ਚੰਡੀਗੜ੍ਹ, 3 ਫਰਵਰੀ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਨੇ ਵਿੱਤੀ ਵਰ੍ਹੇ 2023-24 ਦੇ ਮੁਕਾਬਲੇ ਚਾਲੂ ਵਿੱਤ ਵਰ੍ਹੇ 2024-25 ਵਿੱਚ ਜਨਵਰੀ ਤੱਕ ਜੀਐੱਸਟੀ ਵਿੱਚ 11.87 ਫ਼ੀਸਦੀ ਵਾਧਾ ਪ੍ਰਾਪਤ ਕਰਦਿਆਂ 10 ਫ਼ੀਸਦੀ ਦੀ ਕੌਮੀ ਔਸਤ ਨੂੰ ਪਾਰ ਕੀਤਾ ਹੈ।
ਇਸ ਤੋਂ ਇਲਾਵਾ, ਪੰਜਾਬ ਨੇ ਚਾਲੂ ਵਿੱਤੀ ਸਾਲ ਵਿੱਚ ਆਬਕਾਰੀ ਵਿੱਚ 15.33 ਫ਼ੀਸਦ ਤੇ ਨੈੱਟ ਜੀਐੱਸਟੀ, ਆਬਕਾਰੀ, ਵੈਟ, ਸੀਐੱਸਟੀ, ਅਤੇ ਪੀਐੱਸਡੀਟੀ ਤੋਂ ਪ੍ਰਾਪਤ ਕਰ ਵਿੱਚ ਕੁੱਲ 11.67 ਫ਼ੀਸਦ ਦਾ ਨੈੱਟ ਵਾਧਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਜੀਐੱਸਟੀ ਕੌਮੀ ਵਿਕਾਸ ਦਰ ਨੂੰ ਪਾਰ ਕਰਨ ਵਾਲੇ ਦੇਸ਼ ਦੇ ਤਿੰਨ ਮੋਹਰੀ ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ।
ਸ੍ਰੀ ਚੀਮਾ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਜਨਵਰੀ ਤੱਕ ਨੈੱਟ ਜੀਐੱਸਟੀ ਪ੍ਰਾਪਤੀ 19,414.57 ਕਰੋੜ ਰੁਪਏ ਰਹੀ, ਜਦੋਂਕਿ ਵਿੱਤੀ ਸਾਲ 2023-24 ਵਿੱਚ ਇਸੇ ਸਮੇਂ ਦੌਰਾਨ 17,354.26 ਕਰੋੜ ਰੁਪਏ ਇਕੱਤਰ ਹੋਏ ਸਨ, ਜੋ ਕਿ 2,060.31 ਕਰੋੜ ਰੁਪਏ ਦੇ ਵਾਧੇ ਨੂੰ ਦਰਸਾਉਂਦਾ ਹੈ। ਸੂਬੇ ਨੇ ਜਨਵਰੀ 2025 ਦੌਰਾਨ ਨੈੱਟ ਜੀਐੱਸਟੀ ਵਿੱਚ 9.73 ਫ਼ੀਸਦ ਵਾਧਾ ਦਰਜ ਕੀਤਾ ਹੈ, ਜਿਸ ਨਾਲ ਜਨਵਰੀ 2024 ਵਿੱਚ ਇਕੱਤਰ ਹੋਏ 1,830.52 ਕਰੋੜ ਰੁਪਏ ਦੇ ਮੁਕਾਬਲੇ 2,008.58 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਵਿੱਤ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਜਨਵਰੀ ਤੱਕ ਨੈੱਟ ਜੀਐੱਸਟੀ, ਆਬਕਾਰੀ, ਵੈਟ, ਸੀਐੱਸਟੀ, ਅਤੇ ਪੀਐੱਸਡੀਟੀ ਤੋਂ ਪ੍ਰਾਪਤ ਕੁੱਲ ਮਾਲੀਆ 34,704.4 ਕਰੋੜ ਰੁਪਏ ਹੈ, ਜਦੋਂਕਿ ਵਿੱਤੀ ਸਾਲ 2023-24 ਵਿੱਚ ਇਸੇ ਸਮੇਂ ਦੌਰਾਨ 31,078.94 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ।