ਪੰਜਾਬ ਦੀਆਂ 78 ਪੁਲਿਸ ਚੌਕੀਆਂ ਤੇ ਥਾਣਿਆਂ ‘ਤੇ ਅੱਤਵਾਦੀ ਹਮਲੇ ਦਾ ਅਲਰਟ!

ਚੰਡੀਗੜ੍ਹ, 27 ਜਨਵਰੀ – ਪੰਜਾਬ ਪੁਲਿਸ ਖਾਲਿਸਤਾਨੀਆਂ ਦੇ ਨਿਸ਼ਾਨੇ ਉਪਰ ਹੈ। ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਲੀਡਰ ਪੁਲਿਸ ਥਾਣਿਆਂ ਤੇ ਚੌਕੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹੁਣ ਤੱਕ ਕਈ ਥਾਣਿਆਂ ਉਪਰ ਗ੍ਰਨੇਡ ਹਮਲੇ ਹੋ ਚੁੱਕੇ ਹਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਦੇ ਸੀਨੀਅਰ ਅਫਸਰਾਂ ਦਾ ਮੰਨਣਾ ਹੈ ਕਿ ਹਮਲਵਾਰ ਦਹਿਸ਼ਤ ਫੈਲਾ ਕੇ ਪੁਲਿਸ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਪੁਲਿਸ ਨੇ ਵੀ ਅਜਿਹੇ ਹਮਲਿਆਂ ਦੇ ਟਾਕਰੇ ਲਈ ਐਕਸ਼ਨ ਪਲਾਨ ਤਿਆਰ ਕੀਤਾ ਹੈ। ਦਰਅਸਲ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪੁਲਿਸ ਥਾਣਿਆਂ ‘ਤੇ ਹਮਲਿਆਂ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਆਪਣੀ ਰਣਨੀਤੀ ਤਿਆਰ ਕੀਤੀ ਹੈ।

ਇਸ ਲਈ 78 ਪੁਲਿਸ ਸਟੇਸ਼ਨਾਂ ਤੇ ਚੌਕੀਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਸਾਰੇ ਥਾਣਿਆਂ ਦੀ ਚਾਰਦੀਵਾਰੀ ਉੱਚੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੰਧਾਂ ਉੱਪਰ ਕੰਡਿਆਲੀ ਤਾਰ ਵੀ ਲਗਾਈ ਜਾਵੇਗੀ। ਪੁਲਿਸ ਸੂਤਰਾਂ ਅਨੁਸਾਰ ਜਿਹੜੀਆਂ ਇਮਾਰਤਾਂ ਸੁਰੱਖਿਅਤ ਨਹੀਂ, ਉਨ੍ਹਾਂ ਨੂੰ ਢਾਹ ਦਿੱਤਾ ਜਾਵੇਗਾ ਤਾਂ ਜੋ ਕੋਈ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ।

ਇਹ ਸਾਰਾ ਕੰਮ 4 ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਇਹ ਕੰਮ ਇਸ ਮਹੀਨੇ ਤੋਂ ਹੀ ਸ਼ੁਰੂ ਹੋ ਜਾਵੇਗਾ। ਦਰਅਸਲ, ਨਵੰਬਰ ਤੇ ਦਸੰਬਰ ਦੇ ਮਹੀਨਿਆਂ ਵਿੱਚ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਨਵਾਂਸ਼ਹਿਰ ਦੇ ਥਾਣਿਆਂ ਤੇ ਚੌਕੀਆਂ ਵਿੱਚ ਧਮਾਕੇ ਹੋਏ ਸਨ ਜਿਸ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਥਾਣਿਆਂ ‘ਤੇ ਹਮਲੇ ਤੋਂ ਬਾਅਦ ਪੁਲਿਸ ਨੇ ਸਰਕਾਰੀ ਇਮਾਰਤਾਂ ਤੇ ਪੁਲਿਸ ਥਾਣਿਆਂ ਦੀ ਸੁਰੱਖਿਆ ਵਿੱਚ ਕੁਝ ਬਦਲਾਅ ਕੀਤੇ ਹਨ। ਸਾਰੇ ਥਾਣਿਆਂ ਵਿੱਚ ਅਸਥਾਈ ਜਾਲੀ ਤੇ ਹਰੀਆਂ ਚਾਦਰਾਂ ਲਗਾਈਆਂ ਗਈਆਂ ਹਨ ਤਾਂ ਜੋ ਜੇਕਰ ਬਾਹਰੋਂ ਕੁਝ ਵੀ ਸੁੱਟਿਆ ਜਾਵੇ ਤਾਂ ਉਹ ਅੰਦਰ ਨਾ ਪਹੁੰਚ ਸਕੇ। ਰਾਤ ਦੇ ਸਮੇਂ ਗਸ਼ਤ ਵਧਾ ਦਿੱਤੀ ਗਈ ਹੈ। ਡੀਐਸਪੀ ਪੱਧਰ ਦੇ ਅਧਿਕਾਰੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਜੋ ਰਾਤ ਨੂੰ ਵਿਸ਼ੇਸ਼ ਚੈਕਿੰਗ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸੀਨੀਅਰ ਅਧਿਕਾਰੀ ਵੀ ਖੇਤਰ ਵਿੱਚ ਸਰਗਰਮ ਹਨ। ਪੁਲਿਸ ਤੇ ਲੋਕਾਂ ਵਿਚਕਾਰ ਤਾਲਮੇਲ ਵਧਾਉਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਜਾਣਕਾਰੀ ਉਨ੍ਹਾਂ ਤੱਕ ਤੁਰੰਤ ਪਹੁੰਚ ਸਕੇ।

ਸਾਂਝਾ ਕਰੋ

ਪੜ੍ਹੋ