ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਕਈ ਗੱਲਾਂ ਚਰਚਾ ਦਾ ਵਿਸ਼ਾ ਬਣੀਆਂ ਹਨ। ਸਭ ਤੋਂ ਜ਼ਿਆਦਾ ਚਰਚਾ ਇਸ ਗੱਲ ਦੀ ਹੈ ਕਿ ਅਮਰੀਕਾ ਵਿਚ ਵਸਣ ਵਾਲੇ ਭਾਰਤਵੰਸ਼ੀਆਂ ਨੂੰ ਮੁੜ ਕੇ ਉਨ੍ਹਾਂ ਦੀ ਜੰਮਣ ਭੌਂ ਭੇਜਿਆ ਜਾਵੇਗਾ। ਇਸ ਤੋਂ ਬਾਅਦ ਇਕ ਨਵੀਂ ਬਹਿਸ ਛਿੜੀ ਹੈ ਕਿ ਇਸ ਤਰੀਕੇ ਨਾਲ ਜੇ ਟਰੰਪ ਪ੍ਰਸ਼ਾਸਨ ਆਉਂਦਿਆਂ ਹੀ ਸਖ਼ਤ ਫ਼ੈਸਲੇ ਲਵੇਗਾ ਤਾਂ ਭਾਰਤ ਨਾਲ ਸਬੰਧ ਕਿਵੇਂ ਸੁਖਾਲੇ ਰਹਿਣਗੇ। ਟਰੰਪ ਦੇ ਕੁਰਸੀ ਸਾਂਭਦਿਆਂ ਹੀ ਕਈ ਸਖ਼ਤ ਨੀਤੀਆਂ ਘੜੀਆਂ ਗਈਆਂ ਹਨ। ਇਨ੍ਹਾਂ ਵਿਚ ਦੂਜੇ ਮੁਲਕਾਂ ਦੇ ਲੋਕਾਂ ’ਤੇ ਕਾਰਵਾਈ ਦੇ ਨਾਲ-ਨਾਲ ਦੇਸ਼ ’ਚ ਵੱਖਵਾਦੀ ਵਿਚਾਰਾਂ ਵਾਲੀਆਂ ਜਥੇਬੰਦੀਆਂ, ਨਸ਼ਾ ਤਸਕਰਾਂ ’ਤੇ ਕਾਰਵਾਈਆਂ ਵਰਗੇ ਫ਼ੈਸਲੇ ਲਏ ਗਏ ਹਨ ਪਰ ਭਾਰਤਵੰਸ਼ੀਆਂ ’ਤੇ ਕਾਰਵਾਈਆਂ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਵੀ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਜੇ ਅਮਰੀਕਾ ਭਾਰਤੀਆਂ ’ਤੇ ਕਾਰਵਾਈ ਕਰਦਾ ਹੈ ਤਾਂ ਉਸ ਲਈ ਭਾਰਤ ਪਹਿਲਾਂ ਤੋਂ ਹੀ ਤਿਆਰ ਹੈ। ਵਿਦੇਸ਼ ਮੰਤਰੀ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਕਾਰਵਾਈ ਦੀ ਜ਼ਦ ਹੇਠਾਂ ਆਉਣ ਵਾਲੇ ਲੋਕਾਂ ਨੂੰ ਤਸਦੀਕ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਬਾਰੇ ਗਿਣਤੀ ਸਪਸ਼ਟ ਨਹੀਂ ਹੈ। ਉਨ੍ਹਾਂ ਇਸ ਗੱਲ ਦਾ ਵੀ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਅਮਰੀਕਾ ਦੀ ਇਸ ਨਾਲ ਸਬੰਧਤ ਕਾਰਵਾਈ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਬਹੁਤੇ ਸੁਖਾਲੇ ਨਹੀਂ ਰਹਿਣਗੇ। ਇਹ ਚਰਚਾ ਹਾਲੇ ਚੱਲ ਹੀ ਰਹੀ ਹੈ ਤੇ ਇਸ ਵਿਚਾਲੇ ਵਾਇਰਲ ਹੋ ਰਹੀ ਇਕ ਵੀਡੀਓ ਨੇ ਵੀ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਵੀਡੀਓ ਵਿਚ ਭਾਰਤ ਵੱਲੋਂ ਐਲਾਨੇ ਵੱਖਵਾਦੀ ਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਡੋਨਾਲਡ ਟਰੰਪ ਦੇ ਪ੍ਰੋਗਰਾਮ ਵਿਚ ਦੇਖਿਆ ਗਿਆ ਹੈ।
ਵੀਡੀਓ ਵਿਚ ਪੰਨੂ ਸਾਫ਼ ਦਿਖਾਈ ਦੇ ਰਿਹਾ ਹੈ ਤੇ ਇਸ ਦੌਰਾਨ ਉਹ ਕੁਝ ਕਹਿ ਵੀ ਰਿਹਾ ਹੈ ਜੋ ਫ਼ਿਲਹਾਲ ਸਪਸ਼ਟ ਨਹੀਂ ਹੈ ਪਰ ਇਸ ’ਤੇ ਭਾਰਤ ਵੱਲੋਂ ਤਿੱਖੇ ਪ੍ਰਤੀਕਰਮ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਨੂ ਦੀ ਮੌਜੂਦਗੀ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ’ਤੇ ਕੀ ਅਸਰ ਪਵੇਗਾ, ਇਹ ਤਾਂ ਆਉਣ ਵਾਲੇ ਦਿਨਾਂ ਵਿਚ ਸਪਸ਼ਟ ਹੋ ਜਾਵੇਗਾ । ਪਿਛਲੇ ਸਾਲ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ਦੀ ਤਫ਼ਤੀਸ਼ ਲਈ ਅਮਰੀਕਾ ਤੋਂ ਇਕ ਵਿਸ਼ੇਸ਼ ਜਾਂਚ ਟੀਮ ਭਾਰਤ ਵੀ ਆ ਚੁੱਕੀ ਹੈ। ਇਸ ਬਾਰੇ ਬਾਕਾਇਦਾ ਭਾਰਤੀ ਗ੍ਰਹਿ ਮੰਤਰਾਲੇ ਨੇ ਅਮਰੀਕੀ ਪ੍ਰਸ਼ਾਸਨ ਵੱਲੋਂ ਅਪਰਾਧਕ ਗਰੁੱਪਾਂ, ਅੱਤਵਾਦੀ ਜਥੇਬੰਦੀਆਂ ਤੇ ਡਰੱਗਜ਼ ਮਾਫ਼ੀਆ ਬਾਰੇ ਜਾਣਕਾਰੀ ਉਨ੍ਹਾਂ ਦੀ ਜਾਂਚ ਕਮੇਟੀ ਨੂੰ ਸੌਂਪ ਦਿੱਤੀ ਸੀ। ਇਹ ਉਹ ਸਮਾਂ ਸੀ ਜਦੋਂ ਦੋਵਾਂ ਦੇਸ਼ਾਂ ਵਿਚ ਮਾਹੌਲ ਤਣਾਅ ਵਾਲਾ ਸੀ। ਇਸ ਤੋਂ ਇਲਾਵਾ ਭਾਰਤ ਦੇ ਕੈਨੇਡਾ ਨਾਲ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਵੀ ਸਬੰਧ ਖ਼ਰਾਬ ਰਹੇ ਹਨ।
ਹਾਲਾਂਕਿ, ਅਮਰੀਕਾ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਇਸ ਗੱਲ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਸੁਖਾਵੇਂ ਹੋਣਗੇ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਦੀਆਂ ਦੋਸਤੀ ਤੇ ਗਲਵੱਕੜੀ ਵਾਲੀਆਂ ਤਸਵੀਰਾਂ ਵੀ ਖ਼ੂਬ ਵਾਇਰਲ ਹੁੰਦੀਆਂ ਰਹੀਆਂ ਹਨ ਪਰ ਹੁਣ ਪੰਨੂ ਦੇ ਇਸ ਤਰ੍ਹਾਂ ਟਰੰਪ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਵੀਡੀਓ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਇਸ ਤਰ੍ਹਾਂ ਘੱਟੋ-ਘੱਟ ਇਹ ਆਸ ਨਹੀਂ ਰੱਖੀ ਜਾ ਸਕਦੀ ਕਿ ਭਾਰਤ ਨਾਲ ਅਮਰੀਕਾ ਦੀ ਦੋਸਤੀ ਨੂੰ ਕੋਈ ਧੱਕਾ ਨਹੀਂ ਲੱਗੇਗਾ। ਇਸ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।