24, ਜਨਵਰੀ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ਼ ਨੀਤੀ ’ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚਿਤਾਵਨੀ ਦਿਤੀ ਹੈ ਕਿ ਉਹ ਵੀ ਜਵਾਬੀ ਟੈਰਿਫ਼ ਲਗਾਉਣਗੇ ਅਤੇ ਅਮਰੀਕੀ ਖਪਤਕਾਰਾਂ ਨੂੰ ਵੀ ਵੱਧ ਕੀਮਤ ਚੁਕਾਉਣੀ ਪਵੇਗੀ। ਵੀਰਵਾਰ ਨੂੰ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਮੈਕਸੀਕੋ ਅਤੇ ਕੈਨੇਡਾ ’ਤੇ ਭਾਰੀ ਟੈਰਿਫ਼ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਅਮਰੀਕੀ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਅਪਣੇ ਚੋਣ ਪ੍ਰਚਾਰ ਦੌਰਾਨ ਕਈ ਵਾਰ ਕਿਹਾ ਸੀ ਕਿ ਜੇਕਰ ਉਹ ਸੱਤਾ ’ਚ ਆਏ ਤਾਂ ਉਹ ਚੀਨ, ਕੈਨੇਡਾ ਅਤੇ ਮੈਕਸੀਕੋ ’ਤੇ ਭਾਰੀ ਟੈਰਿਫ਼ ਲਗਾ ਦੇਣਗੇ। ਹਾਲਾਂਕਿ ਅਜੇ ਤਕ ਅਜਿਹਾ ਨਹੀਂ ਹੋਇਆ ਹੈ ਪਰ ਟਰੰਪ 1 ਫ਼ਰਵਰੀ ਤੋਂ ਅਜਿਹਾ ਕਰ ਸਕਦੇ ਹਨ। ਵੀਰਵਾਰ ਨੂੰ ਓਵਲ ਆਫ਼ਿਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੋਨਾਲਡ ਟਰੰਪ ਨੇ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ’ਤੇ 1 ਫ਼ਰਵਰੀ ਤੋਂ 25 ਫ਼ੀ ਸਦੀ ਟੈਰਿਫ਼ ਲਗਾਇਆ ਜਾ ਸਕਦਾ ਹੈ। ਜਸਟਿਨ ਟਰੂਡੋ ਨੇ ਵੀ ਅਪਣੇ ਬਿਆਨ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਜਦੋਂ ਵੀ ਡੋਨਾਲਡ ਟਰੰਪ ਕੈਨੇਡਾ ’ਤੇ ਟੈਰਿਫ਼ ਲਗਾਏਗਾ ਤਾਂ ਕੈਨੇਡਾ ਵੀ ਜਵਾਬ ’ਚ ਟੈਕਸ ਲਗਾ ਦੇਵੇਗਾ, ਜਿਸ ਨਾਲ ਅਮਰੀਕੀ ਖਪਤਕਾਰਾਂ ਦੇ ਖ਼ਰਚੇ ਵਧਣਗੇ।
ਓਟਾਵਾ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੂਡੋ ਨੇ ਕਿਹਾ, ‘‘ਚਾਹੇ ਉਹ 20 ਜਨਵਰੀ ਜਾਂ 1 ਫ਼ਰਵਰੀ, 15 ਫ਼ਰਵਰੀ ਜਾਂ 1 ਅਪ੍ਰੈਲ… ਜਦੋਂ ਵੀ ਉਹ ਟੈਰਿਫ਼ ਲਗਾਉਣਗੇ, ਕੈਨੇਡਾ ਵੀ ਜਵਾਬ ਦੇਵੇਗਾ ਅਤੇ ਟੈਰਿਫ਼ ਲਗਾਏਗਾ ਅਤੇ ਅਮਰੀਕੀ ਖਪਤਕਾਰਾਂ ਲਈ ਸਭ ਕੁਝ ਠੀਕ ਨਹੀਂ ਰਹੇਗਾ। ਕੀਮਤ ਵਧ ਜਾਵੇਗੀ। ਮੈਨੂੰ ਲੱਗਦਾ ਹੈ ਕਿ ਟਰੰਪ ਇਹ ਪਸੰਦ ਕਰਨਗੇ। ਮੈਕਸੀਕੋ ਤੋਂ ਬਾਅਦ ਕੈਨੇਡਾ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਕੈਨੇਡਾ ਤੋਂ ਹਰ ਰੋਜ਼ 36 ਅਮਰੀਕੀ ਰਾਜਾਂ ਨੂੰ 2.7 ਬਿਲੀਅਨ ਡਾਲਰ ਦਾ ਸਮਾਨ ਸਪਲਾਈ ਕੀਤਾ ਜਾਂਦਾ ਹੈ। ਅਮਰੀਕਾ ਵਿਚ ਹਰ ਰੋਜ਼ ਖਪਤ ਕੀਤੇ ਜਾਣ ਵਾਲੇ ਤੇਲ ਦਾ ਇਕ ਚੌਥਾਈ ਹਿੱਸਾ ਕੈਨੇਡਾ ਤੋਂ ਆਉਂਦਾ ਹੈ। ਤੇਲ ਨਾਲ ਭਰਪੂਰ ਕੈਨੇਡੀਅਨ ਸੂਬੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਤੇਲ ’ਤੇ ਟੈਰਿਫ਼ ਲਗਾ ਦਿੰਦਾ ਹੈ ਤਾਂ ਕੁਝ ਰਾਜਾਂ ਦੇ ਅਮਰੀਕੀਆਂ ਨੂੰ ਗੈਸ ਲਈ ਪ੍ਰਤੀ ਗੈਲਨ 1 ਤੋਂ ਵੱਧ ਡਾਲਰ ਖ਼ਰਚ ਕਰਨਾ ਪੈ ਸਕਦਾ ਹੈ। ਜਸਟਿਸ ਟਰੂਡੋ ਨੇ ਇਹ ਵੀ ਕਿਹਾ ਕਿ ਅਮਰੀਕਾ ਨੂੰ ਆਰਥਕ ਵਿਕਾਸ ਪ੍ਰਦਾਨ ਕਰਨ ਲਈ ਲੋੜੀਂਦੀਆਂ ਵਸਤਾਂ ਅਤੇ ਖਣਿਜਾਂ ’ਤੇ ਕੈਨੇਡਾ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਟਰੰਪ ਨੇ ਅਜਿਹਾ ਕਰਨ ਦਾ ਵਾਅਦਾ ਕੀਤਾ ਹੈ। ਕੈਨੇਡਾ ਕੋਲ 34 ਅਜਿਹੇ ਮਹੱਤਵਪੂਰਨ ਖਣਿਜ ਅਤੇ ਧਾਤਾਂ ਹਨ, ਜਿਨ੍ਹਾਂ ਨੂੰ ਅਮਰੀਕਾ ਵੀ ਲੈਣਾ ਚਾਹੁੰਦਾ ਹੈ। ਕੈਨੇਡਾ ਸਟੀਲ, ਯੂਰੇਨੀਅਮ ਅਤੇ ਐਲੂਮੀਨੀਅਮ ਦਾ ਸਭ ਤੋਂ ਵੱਡਾ ਵਿਦੇਸ਼ੀ ਸਪਲਾਇਰ ਹੈ।