ਜੰਡਿਆਲਾ ਗੁਰੂ, 24 ਜਨਵਰੀ – ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ, ਸ਼ੰਭੂ ਖਨੌਰੀ ਅਤੇ ਰਤਨਪੁਰਾ (ਰਾਜਸਥਾਨ) ਬਾਡਰਾਂ ਤੇ ਚੱਲ ਰਹੇ ਦਿੱਲੀ ਅੰਦੋਲਨ 2 ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ ਅਤੇ ਇਸਦੇ ਚਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵੱਲੋਂ 29 ਜਨਵਰੀ ਨੂੰ ਸ਼ੰਭੂ ਬਾਰਡਰ ਨੂੰ ਕੂਚ ਕਰਨ ਅਤੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿੱਚ ਵਿਸ਼ਾਲ ਇਕੱਠ ਕਰਕੇ ਤਿਆਰੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਦੱਸਿਆ ਕਿ ਇੱਕ ਸਾਲ ਦੇ ਡੈੱਡਲਾਕ ਤੋਂ ਬਾਅਦ, ਲੱਖਾਂ ਕਿਸਾਨਾਂ ਮਜਦੂਰਾਂ ਨੂੰ ਸਾਲ ਭਰ ਸੜਕਾਂ ਤੇ ਬੈਠਣ ਲਈ ਮਜਬੂਰ ਕਰਨ, ਸ਼ੁੱਭਕਰਨ ਸਿੰਘ ਸਮੇਤ ਦਰਜ਼ਨਾਂ ਕਿਸਾਨਾਂ ਮਜਦੂਰਾਂ ਦੀ ਜਾਨ ਲੈਣ, ਸੈਕੜੇ ਫੱਟੜ ਕਰਨ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਖਤਰੇ ਵਿੱਚ ਪਾਉਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ, ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਮੰਗਾਂ ਤੇ ਸਾਰਥਕ ਹੱਲ ਨਿਕਲਣਾ ਚਾਹੀਦਾ ਪਰ ਇਹ ਪੂਰੀ ਤਰ੍ਹਾਂ ਅੰਦੋਲਨ ਦੀ ਮਜ਼ਬੂਤੀ ਤੇ ਨਿਰਭਰ ਹੋਵੇਗਾ।
ਇੱਕਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ ਅਤੇ ਜਸਬੀਰ ਸਿੰਘ ਪਿੱਦੀ ਨੇ ਕਿਹਾ ਕਿ ਅੱਜ ਦਾ ਇੱਕਠ ਸਾਬਿਤ ਕਰਦਾ ਹੈ ਕਿ ਪੰਜਾਬ ਦੇ ਲੋਕ ਦਿੱਲੀ ਅੰਦੋਲਨ 2 ਚਲਾ ਰਹੀਆਂ ਜਥੇਬੰਦੀਆਂ ਨਾਲ ਪੂਰੀ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਟਰੈਕਟਰ ਸੜਕਾਂ ਤੇ ਉਤਾਰ ਕੇ ਸਰਕਾਰ ਨੂੰ ਸਿੱਧ ਕਰ ਦਿੱਤਾ ਜਾਵੇਗਾ ਕਿ ਇਹ ਅੰਦੋਲਨ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲਾ ਹੈ ਅਤੇ ਪੂਰੇ ਦੇਸ਼ ਦਾ ਕਿਸਾਨ ਮਜ਼ਦੂਰ ਆਪਣੇ ਹੱਕਾਂ ਦੀ ਲੜਾਈ ਲਈ ਤਿਆਰ ਹੈ। ਉਹਨਾਂ ਕਿਹਾ ਕਿ 12 ਤੋਂ 1:30 ਵਜੇ ਤੱਕ ਲੱਖਾਂ ਟਰੈਕਟਰ, ਵੱਖ ਵੱਖ ਕਾਰਪੋਰੇਟ ਘਰਾਣਿਆਂ ਦੇ ਸੈਲੋ ਗੁਦਾਮਾਂ, ਸ਼ੌਪਿੰਗ ਮਾਲਾਂ ਅਤੇ ਭਾਜਪਾ ਲੀਡਰਾਂ ਦੇ ਘਰਾਂ ਅੱਗੇ, ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸੇ ਤਰ੍ਹਾਂ ਜਿਲ੍ਹਾ ਅੰਮ੍ਰਿਤਸਰ ਵਿੱਚ ਵੱਖ ਵੱਖ ਥਾਵਾਂ ਤੇ ਇਹ ਐਕਸ਼ਨ ਕੀਤੇ ਜਾਣਗੇ। ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਅਤੇ ਗੁਰਬਚਨ ਸਿੰਘ ਚੱਬਾ ਨੇ ਜਾਣਕਾਰੀ ਦਿੱਤੀ ਕਿ ਇਸੇ ਤਰ੍ਹਾਂ 24 ਅਤੇ 25 ਜਨਵਰੀ ਨੂੰ ਕੱਥੂਨੰਗਲ ਨਜ਼ਦੀਕ ਪਿੰਡ ਅਬਦਾਲ, ਲੋਪੋਕੇ ਦੇ ਗੁਰਦੁਆਰਾ ਸਾਧੂ ਸਿੱਖ ਅਤੇ ਅਜਨਾਲਾ ਨਜ਼ਦੀਕ ਕਸਬਾ ਪੱਕਾ ਸ਼ਹਿਰ ਵਿੱਚ ਵਿਸ਼ਾਲ ਇਕੱਠ ਕਰਕੇ ਤਿਆਰੀ ਪ੍ਰੋਗਰਾਮ ਕੀਤੇ ਜਾਣਗੇ ਅਤੇ 29 ਜਨਵਰੀ ਨੂੰ ਸੈਕੜੇ ਟਰਾਲੀਆਂ ਬਿਆਸ ਵਿਖੇ ਇੱਕਠੀਆਂ ਹੋਣਗੀਆਂ ਤੇ 30 ਦੀ ਸਵੇਰ ਨੂੰ ਕਾਫਲੇ ਦੇ ਰੂਪ ਵਿੱਚ ਸ਼ੰਭੂ ਮੋਰਚੇ ਨੂੰ ਕੂਚ ਕੀਤਾ ਜਾਵੇਗਾ।
ਉਹਨਾਂ ਸਪਸ਼ਟ ਕੀਤਾ ਕਿ ਇਹ ਅੰਦੋਲਨ ਮੰਗਾਂ ਮਨਵਾਉਣ ਤੱਕ ਜਾਰੀ ਰਹੇਗਾ। ਇਸ ਮੌਕੇ ਅੱਜ ਦੇ ਇੱਕਠ ਵੱਲੋਂ ਹੱਥ ਖੜੇ ਕਰਕੇ 5 ਮਤੇ ਪਾਸ ਕੀਤੇ ਗਏ ਜਿੰਨਾ ਵਿੱਚ ਪਹਿਲਾ ਮਤਾ, ਜਥੇਬੰਦੀਆਂ ਦੀ ਪੂਰਨ ਏਕਤਾ ਕਰਨ ਦਾ ਮਤਾ ਪਾਸ ਕਰਦਾ ਹੈ। ਦੂਜਾ ਮਤਾ, ਅੰਦੋਲਨ ਦੀਆਂ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕਰਦਾ ਹੈ। ਤੀਜਾ ਮਤਾ, ਇਕੱਠ ਪੰਜਾਬ ਅਤੇ ਦੇਸ਼ ਦੇ ਬੁੱਧੀਜੀਵੀਆਂ ਨੂੰ ਅਪੀਲ ਕਰਦਾ ਹੈ ਕਿ ਸੰਘਰਸ਼ੀ ਜਥੇਬੰਦੀਆਂ ਦੀ ਏਕਤਾ ਅਤੇ ਸੰਘਰਸ਼ ਦੀ ਮੌਜੂਦਾ ਸਮੇਂ ਵਿੱਚਲੀ ਅਹਿਮੀਅਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਪ੍ਰਚਾਰ ਦਾ ਨਿਸ਼ਾਨਾ ਤਹਿ ਕੀਤਾ ਜਾਵੇ। ਚੌਥਾ ਮਤਾ, ਪੰਜਾਬ ਦੇ ਲੋਕ ਗਾਇਕਾਂ, ਧਾਰਮਿਕ ਪ੍ਰਚਾਰਕਾਂ, ਸਮਾਜ ਸੇਵੀਆਂ ਨੂੰ ਸੱਦਾ ਦਿੰਦਾ ਹੈ ਕਿ ਅੰਦੋਲਨ ਦੀ ਮਜਬੂਤੀ ਅਤੇ ਜਥੇਬੰਦੀਆਂ ਦੀ ਏਕਤਾ ਲਈ ਪੂਰਨ ਸਹਿਯੋਗ ਕੀਤਾ ਜਾਵੇ। ਪੰਜਵਾਂ ਮਤਾ, ਸੰਘਰਸ਼ ਕਰ ਰਹੀਆਂ ਸਾਰੀਆਂ ਹੀ ਧਿਰਾਂ ਜਿਵੇਂ ਬੇਰੁਜ਼ਗਾਰ ਅਧਿਆਪਕ, ਬਿਜਲੀ ਮੁਲਾਜ਼ਮ, ਬੱਸ ਮੁਲਾਜ਼ਮ, ਨਰਸਾਂ, ਆਗਣਵਾੜੀ ਵਰਕਰਾਂ, ਵਕੀਲਾਂ, ਵਿਦਿਆਰਥੀ ਯੂਨੀਅਨਾਂ ਸਮੇਤ ਹਰ ਤਰ੍ਹਾਂ ਦਾ ਜਨਤਕ ਘੋਲ ਕਰ ਰਹੀਆਂ ਯੂਨੀਅਨਾਂ ਦੇ ਸੰਘਰਸ਼ ਦੀ ਹਿਮਾਇਤ ਦਾ ਮਤਾ ਪਾਸ ਕੀਤਾ ਗਿਆ ।