ਸਮਾਜਿਕ ਕਾਲਖ਼

ਲੁਧਿਆਣਾ ਵਿੱਚ ਹੌਜ਼ਰੀ ਫੈਕਟਰੀ ਮਾਲਕ ਅਤੇ ਉਸ ਦੇ ਕਾਰਿੰਦਿਆਂ ਵੱਲੋਂ ਆਪਣੀ ਫੈਕਟਰੀ ’ਚੋਂ ਕੱਪੜੇ ਚੋਰੀ ਹੋਣ ਦੇ ਸ਼ੱਕ ਹੇਠ ਉੱਥੇ ਕੰਮ ਕਰਦੀ ਔਰਤ, ਉਸ ਦੇ ਪੁੱਤਰ ਅਤੇ ਤਿੰਨ ਧੀਆਂ ਦੇ ਮੂੰਹ ’ਤੇ ਕਾਲਖ਼ ਮਲ ਕੇ ਅਤੇ ਗਲੇ ਵਿੱਚ ‘ਮੈਂ ਚੋਰ ਹਾਂ…’ ਵਾਲੀ ਤਖ਼ਤੀ ਪਾ ਕੇ ਮੁਹੱਲੇ ’ਚ ਘੁਮਾਉਣ ਦੀ ਘਟਨਾ ਜਿੰਨੀ ਸ਼ਰਮਨਾਕ ਹੈ, ਉਹ ਸਮਾਜਿਕ ਮਾਹੌਲ ਵੀ ਘੱਟ ਸ਼ਰਮਨਾਕ ਨਹੀਂ ਹੈ ਜਿਸ ’ਚੋਂ ਹੱਲਾਸ਼ੇਰੀ ਪਾ ਕੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪੁਲੀਸ ਨੇ ਭਾਵੇਂ ਤੁਰੰਤ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਫੈਕਟਰੀ ਦੇ ਮੈਨੇਜਰ ਅਤੇ ਪਰਿਵਾਰ ਨੂੰ ਕਲੰਕਿਤ ਕਰਨ ਦੀ ਘਟਨਾ ਦਾ ਵੀਡੀਓ ਬਣਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਫੈਕਟਰੀ ਮਾਲਕ ਫ਼ਰਾਰ ਦੱਸਿਆ ਜਾਂਦਾ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਦਾ ਤੁਰੰਤ ਨੋਟਿਸ ਲਿਆ ਹੈ ਤੇ ਇਸ ਮਾਮਲੇ ਵਿੱਚ ਢੁਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਫੈਕਟਰੀ ਮਾਲਕ ਦਾ ਪੱਖ ਬਹੁਤ ਬਹੁਤ ਹੈਰਤਅੰਗੇਜ਼ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਉਸ ਦੀ ਫੈਕਟਰੀ ’ਚੋਂ ਕਾਫ਼ੀ ਸਮੇਂ ਤੋਂ ਕੱਪੜੇ ਚੋਰੀ ਹੋ ਰਹੇ ਸਨ ਅਤੇ ਫਿਰ ਸੀਸੀਟੀਵੀ ਰਿਕਾਰਡਿੰਗ ਦੇਖਣ ਤੋਂ ਬਾਅਦ ਉਨ੍ਹਾਂ ਉਸ ਔਰਤ ਦੇ ਘਰੋਂ ਚੋਰੀ ਹੋਏ ਕੱਪੜੇ ਬਰਾਮਦ ਕੀਤੇ ਤਾਂ ਆਸ-ਪਾਸ ਰਹਿੰਦੇ ਲੋਕਾਂ ਨੇ ਫ਼ੈਸਲਾ ਕੀਤਾ ਕਿ ਮੁਲਜ਼ਮਾਂ ਨੂੰ ਮੂੰਹ ਕਾਲਾ ਕਰ ਕੇ ਮੁਹੱਲੇ ਵਿੱਚ ਘੁਮਾਇਆ ਜਾਵੇ।

ਪੀੜਤ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੱਪੜੇ ਚੋਰੀ ਨਹੀਂ ਕੀਤੇ ਸਨ ਸਗੋਂ ਉਨ੍ਹਾਂ ਇਹ ਕੱਪੜੇ ਗੁਆਂਢ ਵਿੱਚ ਰਹਿੰਦੇ ਨੌਜਵਾਨ ਕੋਲੋਂ ਖਰੀਦੇ ਸਨ ਪਰ ਸਾਡੇ ਦੇਸ਼ ਵਿੱਚ ਲੋਕ ਪੁਲੀਸ ਜਾਂ ਕਿਸੇ ਸਰਕਾਰੀ ਅਥਾਰਿਟੀ ਕੋਲ ਜਾਣ ਦੀ ਬਜਾਇ ਇਹ ਆਮ ਰੁਝਾਨ ਹੈ ਕਿ ਮੌਕੇ ’ਤੇ ਹੀ ਸਜ਼ਾ ਦੇਣ/ਨਿਆਂ ਕਰ ਦਿੱਤਾ ਜਾਵੇ। ਪੁਲੀਸ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਘਟਨਾ ਦੀ ਵੀਡੀਓ ਦੇਖ ਕੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਲੋਕ ਆਪਣੇ ਮਾਮਲੇ ਪੁਲੀਸ ਕੋਲ ਲਿਜਾਣ ਤੋਂ ਇਸ ਗੱਲੋਂ ਡਰਦੇ/ਟਲਦੇ ਹਨ ਕਿ ਉਨ੍ਹਾਂ ਨੂੰ ਪੁਲੀਸ ’ਤੇ ਭਰੋਸਾ ਨਹੀਂ। ਸੱਚ ਝੂਠ ਦਾ ਨਿਤਾਰਾ ਜਾਂ ਨਿਆਂ ਕਰਨਾ ਸੌਖਾ ਨਹੀਂ ਹੁੰਦਾ ਤੇ ਕਈ ਵਾਰ ਇਸ ਲਈ ਵਾਜਿਬ ਸਮਾਂ ਲਗਦਾ ਹੈ ਪਰ ਪੰਜਾਬ ਵਿੱਚ ਤਾਂ ਅਜਿਹੀਆਂ ਮਿਸਾਲਾਂ ਵੀ ਮਿਲਦੀਆਂ ਹਨ ਜਦੋਂ ਖ਼ੁਦ ਪੁਲੀਸ ਨੇ ਝਟਪਟ ਨਿਆਂ ਦਾ ਇਹ ਢੰਗ ਅਪਣਾਇਆ ਸੀ। ਇਸ ਸਬੰਧ ਵਿੱਚ ਅੰਮ੍ਰਿਤਸਰ ਪੁਲੀਸ ਦਾ ‘ਜੇਬ ਕਤਰੀ ਕਾਂਡ’ ਯਾਦ ਆਉਂਦਾ ਹੈ ਜਦੋਂ ਜੇਬਾਂ ਕੱਟਣ ਦੇ ਦੋਸ਼ ਵਿਚ ਫੜੀਆਂ ਐੱਸਟੀ ਭਾਈਚਾਰੇ ਦੀਆਂ ਚਾਰ ਔਰਤਾਂ ਦੇ ਮੱਥੇ ’ਤੇ ‘ਜੇਬ ਕਤਰੀ’ ਖੁਣ ਦਿੱਤਾ ਗਿਆ ਸੀ। ਲੁਧਿਆਣੇ ਦੀ ਘਟਨਾ ਵੇਲੇ ਮੌਜੂਦ ਕਿਸੇ ਵਿਅਕਤੀ ਨੇ ਫੈਕਟਰੀ ਵਾਲਿਆਂ ਨੂੰ ਇੰਝ ਨਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਰੋਕਣਾ ਤਾਂ ਕੀ ਸੀ ਸਗੋਂ ਕਈ ਮਨਚਲੇ ਤਾਂ ਪੀੜਤ ਪਰਿਵਾਰ ਦੀ ਪਰੇਡ ਮੌਕੇ ਨਾਲ-ਨਾਲ ਚੱਲ ਰਹੇ ਸਨ ਅਤੇ ‘ਮਾਰੋ ਮਾਰੋ’ ਆਖ ਰਹੇ ਸਨ। ਕਿਸੇ ਇੱਕਾ-ਦੁੱਕਾ ਮੁਲਜ਼ਮਾਂ ਨੂੰ ਸਜ਼ਾ ਦਿਵਾ ਕੇ ਵੀ ਅਜਿਹੀ ਮਾਨਸਿਕਤਾ ਨੂੰ ਬਦਲਣ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ।

ਸਾਂਝਾ ਕਰੋ

ਪੜ੍ਹੋ

ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਭਾਟੀਆ

ਅੰਮ੍ਰਿਤਸਰ, 27 ਜਨਵਰੀ – ਆਮ ਆਦਮੀ ਪਾਰਟੀ (ਆਪ) ਤੋਂ ਜਤਿੰਦਰ...