ਡੱਲੇਵਾਲ ਦਾ ਮਰਨ ਵਰਤ 50 ਦਿਨ ਪਾਰ, ਅੱਜ 111 ਕਿਸਾਨ ਕਰਨਗੇ ਭੁੱਖ ਹੜਤਾਲ

ਪਟਿਆਲਾ/ਪਾਤੜਾਂ, 15 ਜਨਵਰੀ – ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਢਾਬੀਗੁੱਜਰਾਂ ਬਾਰਡਰ ’ਤੇ ਮਰਨ ਵਰਤ ਜਾਰੀ ਹੈ ਤੇ ਉਨ੍ਹਾਂ ਨੂੰ ਮਰਨ ਵਰਤ ’ਤੇ ਬੈਠਿਆਂ ਅੱਜ 50 ਦਿਨ ਬੀਤ ਗਏ ਹਨ। ਇਸ ਦੌਰਾਨ ਉਨ੍ਹਾਂ ਅਨਾਜ ਦਾ ਇਕ ਦਾਣਾ ਵੀ ਨਹੀਂ ਖਾਧਾ ਤੇ ਸਿਰਫ਼ ਪਾਣੀ ਹੀ ਪੀਂਦੇ ਆ ਰਹੇ ਹਨ ਪਰ ਹੁਣ ਪਾਣੀ ਵੀ ਖਪਣਾ ਬੰਦ ਹੋ ਗਿਆ ਹੈ। ਉਨ੍ਹਾਂ ਨੂੰ ਜੇਕਰ ਚਮਚ ਨਾਲ ਪਾਣੀ ਵੀ ਦਿੱਤਾ ਜਾਂਦਾ ਹੈ ਤਾਂ ਬਾਹਰ ਆ ਜਾਂਦਾ ਹੈ। ਡਾਕਟਰਾਂ ਮੁਤਾਬਕ 48 ਘੰਟਿਆਂ ਤੋਂ ਉਨ੍ਹਾਂ ਅੰਦਰ ਪਾਣੀ ਦੀ ਇਕ ਬੂੰਦ ਵੀ ਨਹੀਂ ਗਈ ਹੈ ਜਿਸ ਕਾਰਨ ਹੁਣ ਉਨ੍ਹਾਂ ਦੀ ਸਥਿਤੀ ਨਾਜ਼ੁਕ ਬਣ ਰਹੀ ਹੈ।

ਉੱਧਰ, ਪਟਿਆਲਾ ਤੋਂ ਗਈ ਮਾਹਿਰ ਡਾਕਟਰਾਂ ਦੀ ਟੀਮ ਨੇ ਵੀ ਖੂਨ ਦੇ ਸੈਂਪਲ ਲੈਣ ਅਤੇ ਸਿਹਤ ਜਾਂਚ ਕਰਦਿਆਂ ਕਿਸਾਨ ਨੇਤਾ ਨੂੰ ਪੰਜਾਬ ਸਰਕਾਰ ਵੱਲੋਂ ਮੁੜ ਟਰੀਟਮੈਂਟ ਜਾਂ ਕੋਈ ਹਲਕੀ ਮੈਡੀਕਲ ਡੋਜ਼ ਲੈਣ ਦੀ ਅਪੀਲ ਕੀਤੀ ਪਰ ਸ੍ਰੀ ਡੱਲੇਵਾਲ ਨੇ ਇਨਕਾਰ ਕਰ ਦਿੱਤਾ। ਕਿਸਾਨ ਆਗੂ ਸ੍ਰੀ ਡੱਲੇਵਾਲ ਦੀ ਨਿਗਰਾਨੀ ਕਰ ਰਹੇ ਡਾਕਟਰਾਂ ’ਚ ਸ਼ਾਮਲ ਡਾ. ਅਵਤਾਰ ਸਿੰਘ ਦਾ ਕਹਿਣਾ ਹੈ ਕਿ ਲਗਾਤਾਰ ਭੁੱਖੇ ਰਹਿਣ ਕਾਰਨ ਉਨ੍ਹਾਂ ਦਾ ਮਾਸ ਖਤਮ ਹੀ ਹੁੰਦਾ ਜਾ ਰਿਹਾ ਹੈ। ਪੁੜਪੜੀਆਂ ’ਚ ਟੋਏ ਪੈ ਗਏ ਹਨ ਤੇ ਅੱਖਾਂ ਵੀ ਧਸ ਗਈਆਂ ਹਨ। ਹੁਣ ਤਾਂ ਉਹ ਉਠਾਉਣ ਮੌਕੇ ਟੀਮ ਦੇ ਹੱਥਾਂ ਦੀ ਵੀ ਤਕਲੀਫ਼ ਮੰਨਣ ਲੱਗੇ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਸਰੀਰ ’ਚ 0.02 ਤੋਂ 0.27 ਵਿਚਕਾਰ ਹੋਣ ਵਾਲੇ ਕੋਟੀਨ ਦੀ ਮਾਤਰਾ ਸਾਢੇ ਛੇ ਤੋਂ ਵੀ ਉਪਰ ਚੱਲ ਰਹੀ ਹੈ ਤੇ ਇਹ ਸਥਿਤੀ ਉਦੋਂ ਬਣਦੀ ਹੈ ਜਦੋਂ ਸਰੀਰ ਹੀ ਸਰੀਰ ਨੂੰ ਖਾਣ ਲੱਗੇ। ਇਸੇ ਤਰ੍ਹਾਂ ਉਨ੍ਹਾਂ ਦਾ ਯੂਰਿਕ ਐਸਿਡ ਅਤੇ ਬਿਲੀਰੂਬਿਨ ਆਮ ਹਾਲਾਤ ਦੇ ਮੁਕਾਬਲੇ ਚਾਰ ਗੁਣਾਂ ਵੱਧ, ਬੀਪੀ ਤੇ ਪ੍ਰੋਟੀਨ ਆਮ ਨਾਲੋਂ ਕਾਫ਼ੀ ਘੱਟ ਰਹਿ ਰਿਹਾ ਹੈ।

ਢਾਬੀਗੁੱਜਰਾਂ ਬਾਰਡਰ ’ਤੇ 111 ਕਿਸਾਨਾਂ ਦਾ ਜਥਾ ਸ਼ੁਰੂ ਕਰੇਗਾ ਮਰਨ ਵਰਤ

ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ-ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 111 ਕਿਸਾਨਾਂ ਦਾ ਵੱਡਾ ਜਥਾ 15 ਜਨਵਰੀ ਨੂੰ ਮਰਨ ਵਰਤ ਸ਼ੁਰੂ ਕਰੇਗਾ। ਕਿਸਾਨਾਂ ਦਾ ਇਹ ਜਥਾ ਢਾਬੀਗੁੱਜਰਾਂ ਬਾਰਡਰ ’ਤੇ ਹੀ ਹਰਿਆਣਾ ਪੁਲੀਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਕੋਲ ਸ਼ਾਂਤਮਈ ਧਰਨਾ ਦਿੰਦਿਆਂ ਬਾਅਦ ਦੁਪਹਿਰ 2 ਵਜੇ ਆਪਣਾ ਮਰਨ ਵਰਤ ਸ਼ੁਰੂ ਕਰੇਗਾ। ਇਹ ਐਲਾਨ ਅੱਜ ਢਾਬੀਗੁੱਜਰਾਂ ਬਾਰਡਰ ’ਤੇ ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ ਨੇ ਕੀਤਾ ਜਿਸ ਦੌਰਾਨ ਸੁਖਜੀਤ ਹਰਦੋਝੰਡੇ, ਸੁਰਜੀਤ ਫੂਲ, ਇੰਦਰਜੀਤ ਕੋਟਬੁੱਢੇ, ਦਿਲਬਾਗ ਹਰੀਗੜ੍ਹ, ਜਰਨੈਲ ਚਹਿਲ, ਲਖਵਿੰਦਰ ਔਲਖ, ਮਨਜੀਤ ਨਿਆਲ, ਬਲਦੇਵ ਸਿਰਸਾ ਤੇ ਕਈ ਹੋਰ ਕਿਸਾਨ ਆਗੂ ਵੀ ਮੌਜੂਦ ਸਨ। ਸ੍ਰੀ ਕੋਟੜਾ ਨੇ ਸਪਸ਼ਟ ਕੀਤਾ ਕਿ ਇਹ ਭੁੱਖ ਹੜਤਾਲ ਨਾ ਹੋ ਕੇ ਮਰਨ ਵਰਤ ਹੈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸ੍ਰੀ ਡੱਲੇਵਾਲ਼ ਨੂੰ ਵੀ ਮਰਨ ਵਰਤ ਉਦੋਂ ਰੱਖਣਾ ਪਿਆ, ਜਦੋਂ ਸਰਕਾਰ ਨੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰ ਰੱਖਿਆ ਸੀ ਤੇ ਹੁਣ 111 ਕਿਸਾਨਾਂ ਨੂੰ ਵੀ ਮਰਨ ਵਰਤ ’ਤੇ ਬੈਠਣਾ ਪੈ ਰਿਹਾ ਹੈ। ਕਿਸਾਨ ਆਗੂ ਯਾਦਵਿੰਦਰ ਬੁਰੜ ਦਾ ਕਹਿਣਾ ਸੀ ਕਿ ਸ੍ਰੀ ਡੱਲੇਵਾਲ ਨੇ ਸਾਰਿਆਂ ’ਚ ਉਤਸ਼ਾਹ ਭਰਿਆ ਹੈ ਕਿ ਹਜ਼ਾਰਾਂ ਕਿਸਾਨ ਮਰਨ ਲਈ ਤਿਆਰ ਹਨ।

ਸਾਂਝਾ ਕਰੋ

ਪੜ੍ਹੋ

ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਭਾਟੀਆ

ਅੰਮ੍ਰਿਤਸਰ, 27 ਜਨਵਰੀ – ਆਮ ਆਦਮੀ ਪਾਰਟੀ (ਆਪ) ਤੋਂ ਜਤਿੰਦਰ...