ਨਵੀਂ ਦਿੱਲੀ, 15 ਜਨਵਰੀ – ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਮੰਗਲਵਾਰ ਨੂੰ ਕਾਲਕਾਜੀ ਸੀਟ ਤੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਨ੍ਹਾਂ ਨੇ ਲਾਜਪਤ ਨਗਰ ਸਥਿਤ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ’ਚ ਨਾਮਜ਼ਦਗੀ ਪੱਤਰ ਦਾਖਲ ਕੀਤਾ। ਦੂਜੇ ਪਾਸੇ ਆਤਿਸ਼ੀ ਦੀ ਚੋਣ ਸਮੱਗਰੀ ਨੂੰ ਸਰਕਾਰੀ ਗੱਡੀ ’ਚ ਲਿਜਾਣ ਦੇ ਦੋਸ਼ ’ਚ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੇ ਇਕ ਅਧਿਕਾਰੀ ਵਿਰੁਧ ਐਫ.ਆਈ.ਆਰ. ਦਰਜ ਕੀਤੀ ਹੈ। ਇਕ ਅਧਿਕਾਰੀ ਨੇ ਦਸਿਆ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਸ਼ੁਰੂਆਤ ’ਚ ਇਕ ਰਿਟਰਨਿੰਗ ਅਧਿਕਾਰੀ ਨੇ ਮੁੱਖ ਮੰਤਰੀ ਆਤਿਸ਼ੀ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ ਕਿ 7 ਜਨਵਰੀ ਨੂੰ ਸਰਕਾਰੀ ਗੱਡੀ ਦੀ ਵਰਤੋਂ ਸਿਆਸੀ ਉਦੇਸ਼ ਲਈ ਕੀਤੀ ਗਈ ਸੀ। ਵਿਸਥਾਰਤ ਜਾਂਚ ਤੋਂ ਬਾਅਦ ਪੁਲਿਸ ਨੇ ਦਖਣੀ-ਪੂਰਬੀ ਡਿਵੀਜ਼ਨ ਦੇ ਲੋਕ ਨਿਰਮਾਣ ਅਧਿਕਾਰੀ-ਕਾਰਜਕਾਰੀ ਇੰਜੀਨੀਅਰ ਵਿਰੁਧ ਚੋਣ ਪ੍ਰਚਾਰ ਲਈ ਸਰਕਾਰੀ ਗੰਡੀ ਦੀ ਵਰਤੋਂ ਕਰਨ ਲਈ ਐਫ.ਆਈ.ਆਰ. ਦਰਜ ਕੀਤੀ। ਇਹ ਐਫ.ਆਈ.ਆਰ. ਦਿੱਲੀ ਦੇ ਗੋਵਿੰਦਪੁਰੀ ਥਾਣੇ ’ਚ ਦਰਜ ਕੀਤੀ ਗਈ ਸੀ।
ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਤਿਸ਼ੀ ਨੇ ਚੋਣ ਪ੍ਰਚਾਰ ਲਈ ਸਰਕਾਰੀ ਗੱਡੀਆਂ ਦੀ ਵਰਤੋਂ ਕਰਨ ਲਈ ਐਫ.ਆਈ.ਆਰ. ਦਰਜ ਕਰਨ ਲਈ ਦਿੱਲੀ ਪੁਲਿਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਭਾਜਪਾ ਨੇਤਾ ਪਰਵੇਸ਼ ਵਰਮਾ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਨੇ ਵੋਟਰਾਂ ਨੂੰ ਖੁੱਲ੍ਹੇਆਮ ਪੈਸੇ ਅਤੇ ਕੰਬਲ ਵੰਡੇ।’’ ਉਨ੍ਹਾਂ ਕਿਹਾ, ‘‘ਪੂਰੇ ਦੇਸ਼ ਨੇ ਪਰਵੇਸ਼ ਵਰਮਾ (ਨਵੀਂ ਦਿੱਲੀ ਸੀਟ ਤੋਂ ਭਾਜਪਾ ਉਮੀਦਵਾਰ) ਨੂੰ ਪੈਸੇ ਵੰਡਦੇ ਵੇਖਿਆ ਹੈ। ਇੱਥੋਂ ਤਕ ਕਿ ਔਰਤਾਂ ਨੇ ਵੀ ਅੱਗੇ ਆ ਕੇ ਕਿਹਾ ਕਿ ਈ.ਵੀ.ਐਮ. ’ਤੇ ਕਮਲ (ਭਾਜਪਾ ਦਾ ਚੋਣ ਨਿਸ਼ਾਨ) ਦੇ ਸਾਹਮਣੇ ਬਟਨ ਦਬਾਉਣ ਲਈ ਉਨ੍ਹਾਂ ਨੂੰ 1,100 ਰੁਪਏ ਦਿਤੇ ਗਏ ਸਨ। ਵਰਮਾ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ। ‘ਇਹ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਕੁੱਝ ਗੜਬੜ ਹੈ।’’
ਜਦਕਿ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ’ਤੇ ਚੋਣ ਪ੍ਰਚਾਰ ਲਈ ਸਰਕਾਰੀ ਗੱਡੀ ਦੀ ਵਰਤੋਂ ਕਰ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਉਹ ਨੈਤਿਕ ਆਧਾਰ ’ਤੇ ਕਾਲਕਾਜੀ ਸੀਟ ਤੋਂ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈਣ। ਭਾਜਪਾ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ, ‘‘ਆਤਿਸ਼ੀ ਦਾ ਚੋਣ ਦਫ਼ਤਰ ਗੋਵਿੰਦਪੁਰੀ ’ਚ ਹੈ, ਜਿੱਥੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੀ ਗੱਡੀ ਦੀ ਵਰਤੋਂ ਕਰ ਕੇ ਪ੍ਰਚਾਰ ਸਮੱਗਰੀ ਪਹੁੰਚਾਈ ਗਈ। ‘ਆਪ’ ਦੇ ਵਲੰਟੀਅਰ ਦਿੱਲੀ ਸਰਕਾਰ ਦੇ ਗੱਡੀਆਂ ਦੀ ਵਰਤੋਂ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਕਰ ਰਹੇ ਹਨ। ਆਤਿਸ਼ੀ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਨੈਤਿਕ ਆਧਾਰ ’ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਕਾਲਕਾਜੀ ਤੋਂ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈਣਾ ਚਾਹੀਦਾ ਹੈ।
ਆਤਿਸ਼ੀ ਨੇ ਸੋਮਵਾਰ ਨੂੰ ਰੋਡ ਸ਼ੋਅ ਤੋਂ ਬਾਅਦ ਅਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਾ ਸੀ। ਆਮ ਆਦਮੀ ਪਾਰਟੀ (ਆਪ) ਦੇ ਇਕ ਨੇਤਾ ਮੁਤਾਬਕ ਰੋਡ ਸ਼ੋਅ ਕਾਰਨ ਦੇਰੀ ਹੋਈ ਅਤੇ ਉਹ ਦਿਨ ਦੀ ਸਮਾਂ ਸੀਮਾ (ਦੁਪਹਿਰ 3 ਵਜੇ) ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਨਹੀਂ ਪਹੁੰਚ ਸਕੀ। ਆਤਿਸ਼ੀ ਦਾ ਮੁਕਾਬਲਾ ਭਾਜਪਾ ਦੇ ਰਮੇਸ਼ ਸਿੰਘ ਬਿਧੂੜੀ ਅਤੇ ਕਾਂਗਰਸ ਦੀ ਅਲਕਾ ਲਾਂਬਾ ਨਾਲ ਹੈ। ਸਾਬਕਾ ਸੰਸਦ ਮੈਂਬਰ ਬਿਧੂੜੀ ਨੇ 2003, 2008 ਅਤੇ 2013 ’ਚ ਤੁਗਲਕਾਬਾਦ ਵਿਧਾਨ ਸਭਾ ਸੀਟ ਜਿੱਤੀ ਸੀ। ਜਦਕਿ ਲਾਂਬਾ ਲਗਭਗ ਪੰਜ ਸਾਲਾਂ ਤੋਂ ‘ਆਪ’ ਨਾਲ ਸਨ ਅਤੇ 2019 ’ਚ ਕਾਂਗਰਸ ’ਚ ਸ਼ਾਮਲ ਹੋ ਗਏ ਸਨ।