CM ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਤੇ ਵਿਰਾਸਤੀ ਹੋਟਲ ਕੀਤਾ ਲੋਕਾਂ ਨੂੰ ਸਮਰਪਿਤ

ਪਟਿਆਲਾ, 16 ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਸ਼ਾਹੀ ਸ਼ਹਿਰ ਦੇ ਕਿਲ੍ਹਾ ਮੁਬਾਰਕ ਵਿਖੇ ਬਣਾਇਆ ਗਿਆ ਆਪਣੀ ਕਿਸਮ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਰਨ ਬਾਸ- ਪੈਲੇਸ ਲੋਕਾਂ ਨੂੰ ਸਮਰਪਿਤ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਬਾਖੂਬੀ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਅਤੇ ਜਨਤਕ ਨਿੱਜੀ ਭਾਈਵਾਲੀ ਤਹਿਤ ਉਸਾਰਿਆ ਗਿਆ ਇਹ ਹੋਟਲ ਐਸ਼ੋ-ਆਰਾਮ, ਮਹਿਮਾਨ-ਨਿਵਾਜ਼ੀ ਅਤੇ ਸ਼ਾਨੋ-ਸ਼ੌਕਤ ਦੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ, ਜੋ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾ ਉਮੀਦ ਜ਼ਾਹਰ ਕੀਤੀ ਕਿ ਇਹ ਸ਼ਾਨਦਾਰ ਹੋਟਲ ਡੈਸਟੀਨੇਸ਼ਨ ਵੈਡਿੰਗ ਅਤੇ ਹੋਰ ਪੱਖੋਂ ਲੋਕਾਂ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਕੇ ਸਾਹਮਣੇ ਆਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਹੋਟਲ ਸੂਬੇ ਵਿੱਚ ਸੈਰ-ਸਪਾਟਾ ਖੇਤਰ ਵਿਸ਼ੇਸ਼ ਕਰਕੇ ਸ਼ਾਹੀ ਸ਼ਹਿਰ ਪਟਿਆਲਾ ਨੂੰ ਵੱਡਾ ਹੁਲਾਰਾ ਦੇਵੇਗਾ।

ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਸੈਲਾਨੀ ਇਸ ਹੋਟਲ ਵਿੱਚ ਆਰਾਮਦਾਇਕ ਠਹਿਰ ਅਤੇ ਸੂਬੇ ਦੀ ਨਿੱਘੀ ਮਹਿਮਾਨ-ਨਿਵਾਜ਼ੀ ਦਾ ਆਨੰਦ ਮਾਨਣਗੇ। ਉਨ੍ਹਾ ਕਿਹਾ ਕਿ ਇਹ ਹੋਟਲ ਧਾਰਮਿਕ ਸੈਰ-ਸਪਾਟੇ ਦੇ ਕੇਂਦਰ ਵਜੋਂ ਆਪਣੀ ਮੌਜੂਦਾ ਸਥਿਤੀ ਦੇ ਨਾਲ-ਨਾਲ ਡੈਸਟੀਨੇਸ਼ਨ ਵੈਡਿੰਗ ਲਈ ਤਰਜੀਹੀ ਸਥਾਨ ਵਜੋਂ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਦੇਵੇਗਾ। ਮਾਨ ਨੇ ਕਿਹਾ ਕਿ ਆਪਣੀ ਵਿਲੱਖਣ ਸ਼ਾਨ ਤੋਂ ਇਲਾਵਾ ਇਹ ਹੋਟਲ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭੂਗੋਲਿਕ ਤੌਰ ’ਤੇ ਪੰਜਾਬ ਨੂੰ ਕੁਦਰਤ ਨੇ ਬਹੁਤ ਸੁੰਦਰ ਦਿ੍ਰਸ਼ਾਂ ਅਤੇ ਅਨਮੋਲ ਸਰੋਤਾਂ ਦਾ ਖਜ਼ਾਨਾ ਦਿੱਤਾ ਹੈ ਅਤੇ ਸੂਬਾ ਸਰਕਾਰ ਸੈਰ-ਸਪਾਟੇ ਨੂੰ ਨਵੀਂ ਸਿਖਰ ’ਤੇ ਲੈ ਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਉਨ੍ਹਾ ਕਿਹਾ ਕਿ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸੂਬੇ ਦੇ ਚੋਹਾਲ ਡੈਮ, ਰਣਜੀਤ ਸਾਗਰ ਡੈਮ, ਸ਼ਾਹਪੁਰ ਕੰਢੀ ਡੈਮ ਅਤੇ ਕੰਢੀ ਖੇਤਰਾਂ ਨੂੰ ਵਿਲੱਖਣ ਸੈਰ-ਸਪਾਟਾ ਸਥਾਨਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੀ ਵੱਡੀ ਸੰਭਾਵਨਾ ਹੈ, ਜਿਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਗੋਆ, ਜੈਪੁਰ (ਰਾਜਸਥਾਨ), ਮੈਕਲੌਡਗੰਜ (ਹਿਮਾਚਲ ਪ੍ਰਦੇਸ਼) ਅਤੇ ਹੋਰ ਰਾਜਾਂ ਵਿੱਚ ਵੀ ਜ਼ਮੀਨ ਹੈ, ਜਿਸ ਨੂੰ ਆਗਾਮੀ ਦਿਨਾਂ ਵਿੱਚ ਸੈਰ-ਸਪਾਟੇ ਦੇ ਸਥਾਨਾਂ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀਆਂ ਅਨਮੋਲ ਸੰਪਤੀਆਂ ਆਪਣੇ ਨਜ਼ਦੀਕੀ ਦੋਸਤਾਂ ਨੂੰ ਵੇਚੀਆਂ, ਪਰ ਇਸ ਦੇ ਉਲਟ ਉਨ੍ਹਾਂ ਦੀ ਸਰਕਾਰ ਇਨ੍ਹਾਂ ਸਥਾਨਾਂ ਨੂੰ ਵੱਖ-ਵੱਖ ਨਜ਼ਰੀਏ ਤੋਂ ਵਿਕਸਤ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਵਿਖੇ ਇੱਕ ਵਿਰਾਸਤੀ ਗਲੀ ਦਾ ਨਿਰਮਾਣ ਕਰੇਗੀ, ਜੋ ਕੌਮੀ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਅਤੇ ਪੰਜਾਬੀਆਂ ਦੇ ਸ਼ਾਨਦਾਰ ਯੋਗਦਾਨ ਨੂੰ ਦਰਸਾਏਗੀ। ਉਨ੍ਹਾਂ ਕਿਹਾ ਕਿ ਇਹ 850 ਮੀਟਰ ਲੰਬੀ ਵਿਰਾਸਤੀ ਗਲੀ ਮੌਜੂਦਾ ਅਜਾਇਬ ਘਰ ਤੋਂ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੱਕ ਬਣਾਈ ਜਾਵੇਗੀ, ਜੋ ਨੌਜਵਾਨਾਂ ਨੂੰ ਦੇਸ਼ ਲਈ ਪੂਰੇ ਜੋਸ਼ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਅਤੇ ਦੇਸ਼ ਵਿੱਚ ਕਿਸੇ ਨੂੰ ਵੀ ਸਿਆਸੀ ਪਾਰਟੀਆਂ ਬਣਾਉਣ ਦਾ ਅਧਿਕਾਰ ਹੈ, ਪਰ ਇਸ ਦੀ ਕਿਸਮਤ ਦਾ ਫੈਸਲਾ ਕਰਨਾ ਲੋਕਾਂ ਦੇ ਹੱਥ ਵਿੱਚ ਹੈ।

ਸਾਂਝਾ ਕਰੋ

ਪੜ੍ਹੋ

ਬਾਹਰੀ ਨੰਬਰ ਪਲੇਟਾਂ ਵਾਲੇ ਵਾਹਨਾਂ ‘ਤੇ ਟ੍ਰੈਫਿਕ

ਚੰਡੀਗੜ੍ਹ, 16 ਜਨਵਰੀ – ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ...