ਭਾਗਵਤ ਦੀ ਅਜ਼ਾਦੀ

ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਦਿਵਸ ’ਤੇ ਸੱਚੀ ਅਜ਼ਾਦੀ ਹਾਸਲ ਕੀਤੀ ਹੈ। ਉਨ੍ਹਾ ਮੁਤਾਬਕ ਰਾਮ ਮੰਦਰ ਨਿਰਮਾਣ ਦੇ ਦਿਨ ਨੂੰ ‘ਪ੍ਰਤਿਸ਼ਠਾ ਦੁਆਦਸੀ ਦਿਵਸ’ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਹਿੰਦੂ ਕਲੰਡਰ ਮੁਤਾਬਕ ਅਯੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ ਪਿਛਲੇ ਸਾਲ ਪੋਹ ਸੁਦੀ ਦੋ (ਦੁਆਦਸੀ) ਨੂੰ ਹੋਇਆ ਸੀ। ਇਸ ਸਾਲ ਪੋਹ ਸੁਦੀ ਦੋ 11 ਜਨਵਰੀ ਨੂੰ ਸੀ। ਭਾਗਵਤ ਨੇ ਇਹ ਬਿਆਨ ਦੇ ਕੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੰਘ ਲਈ ਅਜ਼ਾਦੀ ਅੰਦੋਲਨ ਦਾ ਕੋਈ ਮਹੱਤਵ ਨਹੀਂ ਹੈ। ਇਸ ਬਿਆਨ ਨਾਲ ਭਾਗਵਤ ਨੇ ਸ਼ਹੀਦੇ ਆਜ਼ਮ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ, ਅਸ਼ਫਾਕ ਉੱਲਾ ਖਾਨ ਤੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਤੇ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਕੀਤੇ ਗਏ ਅਹਿੰਸਾ ਅੰਦੋਲਨ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਭਾਗਵਤ ਨੇ ਕਿਹਾ ਹੈ ਕਿ ਭਾਰਤ, ਜਿਸ ਨੇ ਕਈ ਸਦੀਆਂ ਹਮਲਾਵਰਾਂ ਦਾ ਸਾਹਮਣਾ ਕੀਤਾ, ਨੇ ਅਸਲੀ ਅਜ਼ਾਦੀ ਇਸੇ ਦਿਨ ਪ੍ਰਾਪਤ ਕੀਤੀ ਸੀ। ਇਸ ਤੋਂ ਸਾਫ਼ ਹੈ ਕਿ ਆਰ ਐੱਸ ਐੱਸ ਹਮਲਾਵਰ ਸ਼ਬਦ ਮੁਗਲਾਂ ਬਾਰੇ ਵਰਤਦਾ ਹੈ, ਅੰਗਰੇਜ਼ ਉਸ ਲਈ ਹਮਲਾਵਰ ਨਹੀਂ ਹਨ।

ਇਸੇ ਕਾਰਨ ਹੀ ਸੰਘ ਨੇ ਅਜ਼ਾਦੀ ਅੰਦੋਲਨ ਨੂੰ ਕੁਚਲਣ ਲਈ ਸਮੇਂ-ਸਮੇਂ ਉੱਤੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਇਸ ਲਈ ਸੰਘ ਪਾਸ ਨਾ ਕੋਈ ਭਗਤ ਸਿੰਘ, ਨਾ ਗਾਂਧੀ ਤੇ ਨਾ ਸੁਭਾਸ਼ ਚੰਦਰ ਬੋਸ ਸੀ। ਉਸ ਦੀ ਵਿਰਾਸਤ ਸਿਰਫ਼ ਸਾਵਰਕਰ ਹੈ, ਜੋ ਅੰਗਰੇਜ਼ਾਂ ਤੋਂ ਮੁਆਫ਼ੀ ਮੰਗ ਕੇ ਜੇਲ੍ਹੋਂ ਬਾਹਰ ਆਇਆ ਸੀ ਤੇ ਆ ਕੇ ਜਿਨਾਹ ਦੀ ਦੋ ਕੌਮਾਂ ਦੀ ਥਿਊਰੀ ਦਾ ਸਮਰਥਨ ਕਰਕੇ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੂੰ ਹੁਲਾਰਾ ਦਿੱਤਾ ਸੀ। ਆਰ ਐੱਸ ਐੱਸ ਨੇ ਅਜ਼ਾਦੀ ਤੋਂ ਬਾਅਦ ਨਾ ਤਾਂ ਤਿਰੰਗੇ ਦਾ ਸਨਮਾਨ ਕੀਤਾ ਤੇ ਨਾ ਸੰਵਿਧਾਨ ਨੂੰ ਮਾਨਤਾ ਦਿੱਤੀ ਸੀ। ਸੰਘ ਨੇ ਆਪਣੇ ਜਨਮ ਤੋਂ ਲੈ ਕੇ 52 ਸਾਲਾਂ ਤੱਕ ਨਾਗਪੁਰ ਵਿਖੇ ਆਪਣੇ ਹੈੱਡਕੁਆਟਰ ਉੱਤੇ ਤਿਰੰਗਾ ਝੰਡਾ ਨਹੀਂ ਲਹਿਰਾਇਆ ਸੀ। ਤਿਰੰਗੇ ਦਾ ਸਨਮਾਨ ਨਾ ਕਰਨ ਦੀ ਅਲੋਚਨਾ ਤੋਂ ਬਾਅਦ ਅਗਸਤ 2002 ਵਿੱਚ ਸੰਘ ਨੇ ਆਪਣੇ ਹੈੱਡਕੁਆਟਰ ਵਿੱਚ ਤਿਰੰਗਾ ਝੰਡਾ ਲਹਿਰਾਇਆ ਸੀ। ਇਸ ਦੀ ਵੀ ਦਿਲਚਸਪ ਕਹਾਣੀ ਹੈ।

26 ਜਨਵਰੀ 2001 ਨੂੰ ਤਿੰਨ ਨੌਜਵਾਨਾਂ ਨੇ ਸੰਘ ਦੇ ਹੈੱਡਕੁਆਟਰ ਵਿੱਚ ਜਬਰੀ ਵੜ ਕੇ ਤਿਰੰਗਾ ਝੰਡਾ ਲਹਿਰਾ ਦਿੱਤਾ ਸੀ। ਸੰਘ ਵੱਲੋਂ ਇਨ੍ਹਾਂ ਤਿੰਨਾਂ ਉੱਤੇ ਐੱਫ਼ ਆਈ ਆਰ ਕਰਾ ਦਿੱਤੀ ਗਈ ਸੀ। ਸੰਨ 2013 ਵਿੱਚ ਇਨ੍ਹਾਂ ਨੌਜਵਾਨਾਂ ਨੂੰ ਬਰੀ ਕਰ ਦਿੱਤਾ ਗਿਆ, ਕਿਉਂਕਿ ਸੰਘ ਨੇ ਮੁਕੱਦਮੇ ਦੀ ਪੈਰਵੀ ਨਹੀਂ ਕੀਤੀ ਸੀ। ਉਸ ਨੂੰ ਡਰ ਸੀ ਕਿ ਜੇਕਰ ਨੌਜਵਾਨਾਂ ਨੂੰ ਸਜ਼ਾ ਹੋ ਗਈ ਤਾਂ ਉਸ ਦੀ ਬਦਨਾਮੀ ਹੋਵੇਗੀ। ਇਸ ਦਾ ਸਿੱਟਾ ਇਹ ਨਿਕਲਿਆ ਕਿ 26 ਜਨਵਰੀ 2002 ਨੂੰ ਸੰਘ ਵੱਲੋਂ ਆਪਣੇ ਹੈੱਡਕੁਆਟਰ ਉੱਤੇ ਬਕਾਇਦਾ ਤਿਰੰਗਾ ਲਹਿਰਾਇਆ ਗਿਆ, ਜੋ ਹੁਣ ਹਰ ਸਾਲ ਲਹਿਰਾਇਆ ਜਾਂਦਾ ਹੈ। ਸੰਘ ਦੇ ਪ੍ਰਮੁੱਖ ਅਖਬਾਰ ‘ਆਰਗੇਨਾਈਜ਼ਰ’ ਨੇ ਬਕਾਇਦਾ ਸੰਪਾਦਕੀ ਲਿਖ ਕੇ ਸੰਵਿਧਾਨ ਦਾ ਵਿਰੋਧ ਕੀਤਾ ਸੀ। ਉਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਹ ਸੰਵਿਧਾਨ ਨਹੀਂ ਚਾਹੀਦਾ, ਜੋ ਮਨੂੰ ਸਮਿ੍ਰਤੀ ਮੁਤਾਬਕ ਨਾ ਲਿਖਿਆ ਗਿਆ ਹੋਵੇ। ਉਸ ਨੇ ਕਿਹਾ ਸੀ ਕਿ ਭਾਰਤ ਨੂੰ ਮਨੂੰ ਸਮਿ੍ਰਤੀ ਮੁਤਾਬਕ ਚਲਾਇਆ ਜਾਣਾ ਚਾਹੀਦਾ ਹੈ। ਮੋਹਨ ਭਾਗਵਤ ਸਮੇਂ-ਸਮੇਂ ਉਤੇ ਐੱਸ ਸੀ-ਐੱਸ ਟੀ ਰਾਖਵੇਂਕਰਨ ਦਾ ਵੀ ਵਿਰੋਧ ਕਰਦੇ ਰਹਿੰਦੇ ਹਨ, ਪਰ ਜਦੋਂ ਜਨਤਕ ਵਿਰੋਧ ਹੁੰਦਾ ਹੈ ਤਾਂ ਬਿਆਨ ਵਾਪਸ ਲੈ ਲੈਂਦੇ ਹਨ।

ਮੋਹਨ ਭਾਗਵਤ ਆਪਣੇ ਬਿਆਨ ਨੂੰ ਆਸਥਾ ਦਾ ਤੜਕਾ ਲਾਉਣਾ ਵੀ ਨਹੀਂ ਭੁੱਲੇ। ਉਨ੍ਹਾ ਕਿਹਾ ਕਿ 1980 ਦੇ ਦਹਾਕੇ ਵਿੱਚ ਰਾਮ ਮੰਦਰ ਅੰਦੋਲਨ ਦੌਰਾਨ ਕੁਝ ਲੋਕ ਉਨ੍ਹਾ ਨੂੰ ਪੁੱਛਦੇ ਸਨ ਕਿ ਲੋਕਾਂ ਦੀ ਰੋਜ਼ੀ-ਰੋਟੀ ਦੀ ਚਿੰਤਾ ਛੱਡ ਕੇ ਮੰਦਰ ਦਾ ਮੁੱਦਾ ਕਿਉਂ ਉਠਾਇਆ ਜਾ ਰਿਹਾ ਹੈ। ਮੈਂ ਉਨ੍ਹਾਂ ਲੋਕਾਂ ਨੂੰ ਕਹਿੰਦਾ ਸੀ, ‘1947 ਤੋਂ ਬਾਅਦ ਸਮਾਜਵਾਦ ਦੀਆਂ ਗੱਲਾਂ ਕਰਨ, ਗਰੀਬੀ ਹਟਾਓ ਦਾ ਨਾਅਰਾ ਦੇਣ ਤੇ ਹਰ ਵੇਲੇ ਲੋਕਾਂ ਦੀ ਰੋਜ਼ੀ-ਰੋਟੀ ਦੀ ਚਿੰਤਾ ਕਰਨ ਦੇ ਬਾਵਜੂਦ 1980 ਦੇ ਦਹਾਕੇ ਵਿੱਚ ਅਸੀਂ ਕਿੱਥੇ ਖੜੇ੍ਹ ਸਾਂ ਤੇ ਅੱਜ ਇਜ਼ਰਾਈਲ ਕਿਥੇ ਖੜ੍ਹਾ ਹੈ ਤੇ ਜਪਾਨ ਕਿੱਥੇ ਪਹੁੰਚ ਗਿਆ ਹੈ।’ ਭਾਗਵਤ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਕਹਿੰਦੇ ਸਨ, ‘ਭਾਰਤ ਦੀ ਰੋਜ਼ੀ-ਰੋਟੀ ਦਾ ਰਾਹ ਰਾਮ ਮੰਦਰ ਦੇ ਪ੍ਰਵੇਸ਼ ਦੁਆਰ ਤੋਂ ਹੋ ਕੇ ਜਾਂਦਾ ਹੈ, ਉਨ੍ਹਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ।

ਸਾਂਝਾ ਕਰੋ

ਪੜ੍ਹੋ

ਬਾਹਰੀ ਨੰਬਰ ਪਲੇਟਾਂ ਵਾਲੇ ਵਾਹਨਾਂ ‘ਤੇ ਟ੍ਰੈਫਿਕ

ਚੰਡੀਗੜ੍ਹ, 16 ਜਨਵਰੀ – ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ...