ਕੁਲਜੀਤ ਅਤੇ ਕ੍ਰਿਸ਼ਨਾ ਨੇ ਸ਼ਹਿਰ ਦੇ ਸਕੂਲ ਵਿਚੋਂ ਇਕੱਠਿਆਂ ਹੀ ਦਸਵੀਂ ਜਮਾਤ ਪਾਸ ਕਰ ਲਈ ਸੀ ਅਤੇ ਹੁਣ ਉਨ੍ਹਾਂ ਨੇ ਕਾਲਿਜ ਵਿਚ ਦਾਖਲਾ ਲੈਣਾ ਸੀ | ਓਹਨਾ ਨੇ ਸਲਾਹ ਬਣਾ ਲਈ ਸੀ ਕਿ ਇਕੱਠੇ ਹੀ ਇਕੋ ਕਾਲਜ ਵਿਚ ਬੀ ਏ ਵਿਚ ਦਾਖਿਲ ਹੋਵਾਂਗੇ | ਇਸ ਲਈ ਉਹ ਫਾਰਮ ਭਰ ਕੇ ਦੇ ਚੁਕੇ ਸਨ | ਦਾਖਲੇ ਦੀਆਂ ਮਿਤੀਆਂ ਥੋੜੀ ਅੱਗੇ ਸਨ | ਕ੍ਰਿਸ਼ਨਾ ਘਰ ਵਿਚ ਰਹਿ ਕੇ ਆਪਣੀ ਮਾਂ ਨਾਲ ਕੰਮ ਕਰਵਾਇਆ ਕਰਦੀ ਸੀ ਜਦੋਂ ਕਿ ਕੁਲਜੀਤ ਆਪਣੇ ਬਾਪ ਨਾਲ ਖੇਤਾਂ ਵਿਚ ਕੰਮ ਕਰਵਾਇਆ ਕਰਦਾ ਸੀ | ਇਸ ਤਰਾਂ ਸਮਾਂ ਅੱਗੇ ਵਲ ਵੱਧ ਰਿਹਾ ਸੀ | ਕੁਲਜੀਤ ਦੇ ਪਿੰਡ ਦੇ ਨੇੜੇ ਬਹੁਤ ਹੀ ਰਮਣੀਕ ਪਾਰਕ ਸੀ ਜੋ ਇਕ ਇਕ ਨਹਿਰ ਦੇ ਕੰਢੇ ਤੇ ਬਣਿਆ ਹੋਇਆ ਸੀ | ਨਹਿਰ ਦਾ ਪਾਣੀ ਪਾਰਕ ਵਿਚੋਂ ਦੀ ਕੱਢ ਕੇ ਸੁੰਦਰ ਫ਼ੁਆਰੇ ਲੱਗੇ ਹੋਏ ਸਨ | ਪਾਰਕ ਵਿਚ ਬੱਚਿਆਂ ਲਈ ਵੀ ਸੁੰਦਰ ਖੇਡਾਂ ਲੱਗੀਆਂ ਹੋਈਆਂ ਸਨ | ਅਕਸਰ ਮਾਪੇ ਬੱਚਿਆਂ ਨੂੰ ਉਸ ਪਾਰਕ ਵਿਚ ਲੈ ਕੇ ਆਇਆ ਕਰਦੇ ਸਨ | ਸ਼ਹਿਰ ਦੇ ਨਜ਼ਦੀਕ ਹੋਣ ਕਾਰਨ ਕੁਝ ਸ਼ਹਿਰੀ ਮਾਪੇ ਵੀ ਛੁਟੀ ਵਾਲੇ ਦਿਨ ਆਪਂਣੇ ਬੱਚਿਆਂ ਨੂੰ ਉਸ ਪਾਰਕ ਵਿਚ ਲੈ ਕੇ ਆ ਜਾਂਦੇ ਸਨ | ਬੱਚਿਆਂ ਦੇ ਖੁਸ਼ੀਆਂ ਪ੍ਰਗਟ ਕਰਦੇ ਚੇਹਰੇ ਮਾਪਿਆਂ ਨੂੰ ਬਹੁਤ ਸੁੰਦਰ ਲਗਦੇ ਸਨ | ਮਾਪੇ ਅਲਗ ਬੈਠ ਕੇ ਗੱਲਾਂ ਬਾਤਾਂ ਕਰ ਆਪੋ ਵਿਚ ਖੁਸ਼ੀਆਂ ਵੰਡ ਲਿਆ ਕਰਦੇ ਸਨ |
ਬੱਚਿਆਂ ਦਾ ਤਾਂ ਉਸ ਪਾਰਕ ਵਿਚੋਂ ਨਿਕਲਣ ਦਾ ਮਨ ਹੀ ਨਹੀਂ ਕਰਦਾ ਸੀ | ਮਾਪੇ ਉਨ੍ਹਾਂ ਨਾਲ ਫੇਰ ਆਉਣ ਦਾ ਵਚਨ ਦੇ ਉਨ੍ਹਾਂ ਨੂੰ ਦਿਨ ਢਲੇ ਤੋਂ ਵਾਪਿਸ ਲੈ ਜਾਇਆ ਕਰਦੇ ਸਨ | ਕਈ ਵਾਰ ਕੁਲਜੀਤ ਦੇ ਘਰ ਵਾਲੇ ਸ਼ਹਿਰ ਤੋਂ ਆਪਣੇ ਮਿੱਤਰਾਂ ਨੂੰ ਬੁਲਾ ਕੇ ਇਸ ਪਾਰਕ ਵਿਚ ਪਿਕਨਿਕ ਮਨਾਉਣ ਲਈ ਆ ਜਾਇਆ ਕਰਦੇ ਸਨ | ਖਾਣ ਲਈ ਸਮਾਨ ਆਪਣੇ ਘਰਾਂ ਤੋਂ ਲਿਆਂਦਾਂ ਜਾਂਦਾਂ ਸੀ ਉਥੇ ਬੈਠ ਕੇ ਰਲ ਮਿਲ ਕੇ ਖਾਇਆ ਜਾਂਦਾ ਸੀ | ਪਿਕਨਿਕ ਵਿਚ ਗੀਤ ਆਦਿ ਵੀ ਗਏ ਜਾਂਦੇ ਸਨ ਕੋਈ ਚੁਟਕਲੇ ਸੁਣਾਇਆ ਕਰਦਾ ਸੀ ਕੋਈ ਫ਼ਿਲਮੀ ਗੀਤ ਸੁਣਾ ਦਿਆ ਕਰਦਾ ਸੀ | ਕ੍ਰਿਸ਼ਨਾ ਦਾ ਪ੍ਰੀਵਾਰ ਵੀ ਅਕਸਰ ਹੀ ਪਿਕਨਿਕ ਮੰਨਾਓਣ ਲਈ ਆ ਜਾਇਆ ਕਰਦਾ ਸੀ | ਇਕ ਵਾਰ ਕੁਲਜੀਤ ਨੇ ਆਪਣੀ ਲਿਖੀ ਇੱਕ ਕਵਿਤਾ ਸੁਣਾਈ ਸੀ ਜੋ ਸਾਰਿਆਂ ਨੂੰ ਬਹੁਤ ਪਸੰਦ ਆਈ | ਖੂਬ ਤਾੜੀਆਂ ਵਜੀਆਂ | ਕ੍ਰਿਸ਼ਨਾ ਨੇ ਇੱਕ ਮਿੰਨੀ ਕਹਾਣੀ ਸੁਣਾਈ ਸੀ |
ਜਿਹੜੀ ਸਭ ਹਾਜ਼ਰੀਨ ਵਲੋਂ ਸਲਾਹੀ ਗਈ ਅਤੇ ਜ਼ੋਰ ਜ਼ੋਰ ਦੀ ਤਾੜੀਆਂ ਵਜੀਆਂ ਸਨ | ਜਦੋਂ ਕੁਲਜੀਤ ਤੋਂ ਕ੍ਰਿਸ਼ਨਾ ਨੇ ਕਿਸੇ ਪਲ ਕੁਲਜੀਤ ਨੂੰ ਪੁੱਛਿਆ ਸੀ,ਕੀ ਤੁਸੀਂ ਇਤਨੇ ਉਦਾਸ ਰਹਿੰਦੇ ਹੋ ਜਿਹੋ ਜਿਹਾ ਆਪਣੀ ਕਵਿਤਾ ਵਿਚ ਦਰਸਾਇਆ ਹੈ ? ਮੈਂ ਨਹੀਂ ਚਾਹੁੰਦੀ ਕਿ ਤੁਸੀਂ ਕਦੇ ਵੀ ਉਦਾਸ ਹੋਵੋ | ਮੈਂ ਤਾਂ ਹਮੇਸ਼ਾ ਤੁਹਾਨੂੰ ਖੁਸ਼ ਹੀ ਦੇਖਣਾ ਚਾਹੁੰਦੀ ਹਾਂ | ਜਦੋਂ ਕ੍ਰਿਸ਼ਨਾ ਨੇ ਇਹ ਸ਼ਬਦ ਆਖੇ ਸਨ ਉਸ ਦੀਆਂ ਅੱਖਾਂ ਵਿਚ ਸ਼ਰਾਰਤ ਝਲਕਾਂ ਮਾਰ ਰਹੀ ਸੀ ਅਤੇ ਉਸ ਦੇ ਨਸ਼ੀਲੇ ਨੈਣ ਕੁਲਜੀਤ ਦੇ ਚੇਹਰੇ ਉਪਰ ਕੇਂਦਰਿਤ ਸਨ | ਕੁਲਜੀਤ ਨੇ ਦੇਖਿਆ ਕਿ ਉਸ ਦੇ ਘਰ ਵਾਲੇ ਉਨ੍ਹਾਂ ਦੋਹਾਂ ਨੂੰ ਗੱਲਾਂ ਕਰਦਿਆਂ ਚੋਰੀ ਚੋਰੀ ਤਕ ਰਹੇ ਹਨ | ਉਸ ਨੇ ਅੱਖ ਦੇ ਇਸ਼ਾਰੇ ਨਾਲ ਕ੍ਰਿਸ਼ਨਾ ਨੂੰ ਸਮਝਾ ਦਿਤਾ ਅਤੇ ਉਹ ਆਪੋ ਆਪਣੇ ਪ੍ਰੀਵਾਰਾਂ ਨਾਲ ਖਾਣ ਪੀਣ ਵਿਚ ਰੁਝ ਗਏ | ਕਾਲਿਜ ਵਿਚ ਦਾਖਲੇ ਹੋ ਗਏ ਉਹ ਦੋਵੇਂ ਬੀ ਏ ਕਰਨ ਲੱਗ ਪਏ | ਰੋਜ਼ਾਨਾ ਇਕ ਦੂਸਰੇ ਨੂੰ ਮਿਲਦੇ | ਕੁਝ ਦੇਰ ਬਗੀਚੀ ਵਿਚ ਬੈਠਦੇ ਫੁੱਲਾਂ ਨੂੰ ਨਿਹਾਰਦੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ | ਗੱਲਾਂ ਕਦੇ ਪੜ੍ਹਾਈ ਦੀਆਂ ਤੇ ਕਦੇ ਕਦੇ ਪਿਆਰ ਦੀਆਂ ਪੀਂਘਾਂ ਝੂਟਣ ਦੀਆਂ ਹੁੰਦੀਆਂ | ਸਮਾਂ ਕਿਸੇ ਦੇ ਲਈ ਨਹੀਂ ਰੁਕਦਾ ਇਹ ਤਾਂ ਭੱਜਿਆ ਹੀ ਜਾਂਦਾ ਹੈ ਭਾਵੇਂ ਖੁਸ਼ੀ ਦਾ ਸਮਾਂ ਹੋਵੇ ਤੇ ਭਾਵੇਂ ਉਦਾਸੀ ਹੋਵੇ |
ਖੁਸ਼ੀ ਵਾਲਾ ਸਮਾਂ ਬਹੁਤ ਤੇਜ਼ੀ ਨਾਲ ਚਲਦਾ ਮਹਿਸੂਸ ਹੁੰਦਾ ਹੈ ਜਦੋਂ ਕਿ ਉਦਾਸੀ ਦਾ ਸਮਾਂ ਇਸ ਤਰਾਂ ਲੰਘਦਾ ਹੈ ਜਿਵੇਂ ਪਿਆਸੇ ਨੂੰ ਸਾਹਮਣੇ ਨਲਕਾ ਬਹੁਤ ਦੂਰੀ ਤੇ ਜਾਪਦਾ ਹੈ | ਬੀ ਏ ਕਰਨ ਤੋਂ ਬਾਅਦ ਦੋਹਾਂ ਨੇ ਐਮ ਏ ਕਰਨ ਦਾ ਨਿਰਣਾ ਕੀਤਾ ਤੇ ਉਸੇ ਕਾਲਿਜ ਵਿਚ ਦਾਖਲਾ ਲੈ ਪੜ੍ਹਾਈ ਸ਼ੁਰੂ ਕਰ ਦਿਤੀ | ਦੋਵਾਂ ਵਿਚ ਕਿਤਾਬਾਂ ਦੀ ਅਦਲਾ ਬਦਲੀ ਅਕਸਰ ਹੁੰਦੀ ਰਹਿੰਦੀ ਸੀ | ਕਿਤਾਬਾਂ ਦੀ ਅਦਲਾ ਬਦਲੀ ਨਾਲ ਹੀ ਦਿਲਾਂ ਦੇ ਅੰਦਰ ਪਿਆਰ ਦਾ ਨਿੱਘਾ ਪੁਲ ਵੀ ਬਣ ਰਿਹਾ ਸੀ | ਕੁਲਜੀਤ ਦੀ ਕਵਿਤਾ ਕ੍ਰਿਸ਼ਨਾ ਨੂੰ ਬਹੁਤ ਹੀ ਚੰਗੀ ਲਗਦੀ ਸੀ | ਉਹ ਉਦਾਸੀ ਤੋਂ ਹਟ ਕੇ ਪਿਆਰ ਦੀਆਂ ਕਵਿਤਾਵਾਂ ਦੀ ਰਚਨਾ ਕਰਨ ਲੱਗ ਪਿਆ ਸੀ | ਕਦੇ ਉਹ ਆਪਣੀ ਕਵਿਤਾ ਵਿਚ ਫੁੱਲਾਂ ਦੀ ਮਹਿਕ ਬਾਰੇ ਗੱਲ ਕਰਦਾ ਸੀ | ਕਦੇ ਉਹ ਗੁਲਾਬ ਦੇ ਫੁਲ ਨੂੰ ਨਿਹਾਰਦਾ ਸੀ ਅਤੇ ਨਾਲ ਹੀ ਉਸ ਦੀ ਰਾਖੀ ਲਈ ਕੁਦਰਤ ਵਲੋਂ ਮਿਲੇ ਕੰਡਿਆਂ ਬਾਰੇ ਵੀ ਗੱਲ ਕਰਦਾ ਸੀ | ਕੁਲਜੀਤ ਦੀ ਉਦਾਸੀ ਤਾਂ ਕਿਤੇ ਬਹੁਤ ਹੀ ਪਿਛੇ ਰਹਿ ਗਈ ਸੀ | ਕ੍ਰਿਸ਼ਨਾ ਦੀਆਂ ਨਸ਼ੀਲੇ ਨੈਣਾਂ ਦਾ ਵਰਨਣ ਉਸ ਦੀਆਂ ਕਵਿਤਾਵਾਂ ਵਿਚ ਅਕਸਰ ਹੀ ਹੁੰਦਾ ਸੀ ਕਦੇ ਉਹ ਕਵਿਤਾ ਰਾਹੀਂ ਉਸ ਦੀ ਸੁਰਾਹੀਦਾਰ ਗਰਦਨ ਨੂੰ ਬਿਆਨਦਾ ਸੀ | ਹੁਣ ਕੁਲਜੀਤ ਅਤੇ ਕ੍ਰਿਸ਼ਨਾ ਆਪਣੇ ਜਜ਼ਬਿਆਂ ਦੀਆਂ ਸਤਰੰਗੀ ਪੀਂਘਾਂ ਦੇ ਝੂਟੇ ਲੈਣਾ ਲੋਚਦੇ ਸਨ | ਪੜ੍ਹਾਈ ਹੁਣ ਖਤਮ ਹੋਣ ਵਾਲੀ ਸੀ | ਦੋਵੇਂ ਇਕ ਦੂਸਰੇ ਵਿਚ ਹੀ ਮਗਨ ਰਹਿੰਦੇ ਸਨ |
ਉਹ ਇਹ ਮਹਿਸੂਸ ਕਰਨ ਲੱਗ ਪਏ ਸਨ ਕਿ ਇੱਕ ਦੂਸਰੇ ਬਿਨਾ ਸਾਡਾ ਜੀਵਨ ਅਧੂਰਾ ਹੋਵੇਗਾ | ਜ਼ਿੰਦਗੀ ਦੇ ਰੰਗ ਤਾਂ ਇਕ ਦੂਜੇ ਦੇ ਸਾਥ ਵਿਚ ਸਤਰੰਗੀ ਪੀਂਘ ਵਾਂਗ ਜਾਪਦੇ ਸਨ | ਉਹ ਜ਼ਿੰਦਗੀ ਨੂੰ ਮਾਨਣਾ ਲੋਚਦੇ ਸਨ | ਉਹ ਅਜੀਬ ਸੁਪਨੇ ਸਿਰਜ ਰਹੇ ਸਨ | ਕਾਲਜ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਕ੍ਰਿਸ਼ਨਾ ਕੁਲਜੀਤ ਦੇ ਪਿੰਡ ਚਲੀ ਗਈ ਸੀ | ਉਹ ਬਾਹਰ ਖੇਤਾਂ ਦੀ ਸੈਰ ਲਈ ਨਿਕਲ ਤੁਰੇ | ਜਦੋਂ ਉਹ ਟੁਰੇ ਜਾ ਰਹੇ ਸੀ ਤਾਂ ਕੁਲਜੀਤ ਉਸ ਨੂੰ ਖੇਤਾਂ ਵਿਚ ਉਗੀਆਂ ਹੋਇਆ ਫਸਲਾਂ ਦੀ ਜਾਣਕਾਰੀ ਦੇ ਰਿਹਾ ਸੀ | ਤੁਰਦੇ ਤੁਰਦੇ ਉਹ ਕੁਲਜੀਤ ਦੇ ਖੇਤਾਂ ਵਿਚ ਪੁੱਜ ਗਏ | ਕੁਲਜੀਤ ਨੇ ਦੱਸਿਆ ਕਿ ਸਾਡੇ ਖੇਤਾਂ ਵਿਚ ਛੋਲੀਆਂ ਬੀਜਿਆ ਹੈ ਤੇ ਹਾਲੇ ਨਿੱਕੀਆਂ ਨਿੱਕੀਆਂ ਟਾਟਾਂ ਹੀ ਲੱਗੀਆਂ ਹਨ ਇਹਨਾਂ ਵਿਚ ਦਾਣੇ ਨਹੀਂ ਭਰੇ ਹਨ ਤੇ ਲਵੇ ਲਵੇ ਪੱਤੇ ਹਨ ਇਹਨਾਂ ਨੂੰ ਕੱਚਿਆਂ ਹੀ ਖਾਧਾ ਜਾ ਸਕਦਾ ਹੈ | ਕੁਝ ਪੱਤੇ ਕੁਲਜੀਤ ਨੇ ਤੋੜੇ ਤੇ ਉਨ੍ਹਾਂ ਪੱਤਿਆਂ ਨੂੰ ਨੇੜੇ ਵਗਦੇ ਖਾਲ ਦੇ ਪਾਣੀ ਵਿਚ ਧੋਤਾ ਅਤੇ ਕ੍ਰਿਸ਼ਨਾ ਨੂੰ ਖਾਣ ਲਈ ਦਿਤੇ ਅਤੇ ਕੁਝ ਉਸ ਨੇ ਆਪਣੇ ਮੂੰਹ ਵਿਚ ਪਾ ਲਏ | ਭਾਵੇਂ ਕ੍ਰਿਸ਼ਨਾ ਨੇ ਛੋਲਿਆਂ ਦੀ ਦਾਲ ਤੇ ਸਾਬਤ ਛੋਲਿਆਂ ਦੀਆਂ ਸਬਜ਼ੀਆਂ ਨੂੰ ਖਾਧਾ ਹੋਇਆ ਸੀ ਪਰ ਕੁਲਜੀਤ ਵਲੋਂ ਪਿਆਰ ਨਾਲ ਦਿਤੇ ਹੋਏ ਛੋਲੀਏ ਦੇ ਪੱਤੇ ਉਸ ਨੂੰ ਬਹੁਤ ਹੀ ਸੁਆਦ ਲੱਗੇ ਸਨ | ਥੋੜਾ ਸਮਾਂ ਉਹ ਦੋਵੇਂ ਖੇਤ ਦੀ ਵੱਟ ਤੇ ਹੀ ਬੈਠ ਗਏ | ਨਿੱਕੀਆਂ ਗੱਲਾਂ ਕਰਨ ਲੱਗ ਪਏ | ਉਨ੍ਹਾਂ ਨੇ ਨਵੀਂ ਦੁਨੀਆਂ ਸਾਜਣ ਦੀਆਂ ਅਤੇ ਅਗਲੇਰੀ ਜ਼ਿੰਦਗੀ ਨੂੰ ਸੁਹਾਵਣੀ ਕਰਨ ਦੇ ਪ੍ਰੋਗ੍ਰਾਮ ਦੀਆਂ ਵਿਓੰਤਾ ਨੂੰ ਘੜਨ ਲੱਗ ਪਏ | ਦੋਵਾਂ ਨੇ ਇਕ ਦੂਜੇ ਦਾ ਹੱਥ ਫੜ ਲਏ | ਦੋਹਾਂ ਦੇ ਅੰਦਰ ਇਕ ਅਜੀਬ ਲਹਿਰ ਉਠੀ |
ਉਨ੍ਹਾਂ ਨੇ ਫੜੇ ਹੋਏ ਹੱਥ ਘੁੱਟ ਲਏ | ਫੇਰ ਇਕ ਦੂਜੇ ਦੀਆਂ ਬਾਹਾਂ ਵਿਚ ਸਿਮਟ ਗਏ | ਦੋਵਾਂ ਦੇ ਅੰਦਰਲੀ ਹਰਕਤ ਕਾਰਨ ਉਹ ਆਪਣਾ ਆਪ ਗੁਆ ਬੈਠੇ ਤੇ ਉਨ੍ਹਾਂ ਦੇ ਬੁਲ੍ਹ ਆਪੋ ਵਿਚ ਜੁੜ ਗਏ | ਉਹ ਥੋੜੀ ਦੇਰ ਇਸ ਹਾਲਤ ਵਿਚ ਗੁਆਚ ਗਏ | ਉਹ ਆਪਣੀ ਸੁਧ ਬੁੱਧ ਗੁਆ ਚੁਕੇ ਸਨ | ਕ੍ਰਿਸ਼ਨਾ ਦੇ ਘਰ ਦੇ ਖੁਲੇ ਦਿਲ ਵਾਲੇ ਸਨ | ਕ੍ਰਿਸ਼ਨਾ ਨੇ ਆਪਣੀ ਮਾਂ ਕੋਲ ਆਪਣੀ ਇੱਛਾ ਜ਼ਾਹਰ ਕੀਤੀ | ਮਾਂ ਨੇ ਕ੍ਰਿਸ਼ਨਾ ਦੇ ਬਾਪ ਤਕ ਆਪਣੀ ਬੇਟੀ ਦੀਆਂ ਸੱਧਰਾਂ ਪਹੁੰਚਾ ਦਿਤੀਆਂ | ਬਾਪ ਨੇ ਨਾਂਹ ਵਿਚ ਸਿਰ ਫੇਰਿਆ | ਸਾਡਾ ਉਸ ਪਰਿਵਾਰ ਨਾਲ ਕੋਈ ਮੇਲ ਨਹੀਂ ਹੈ ਉਹ ਛੋਟੀ ਕਿਸਾਨੀ ਨਾਲ ਸਬੰਧ ਰੱਖਦਾ ਪਰਿਵਾਰ ਸਾਡੇ ਬਰਾਬਰ ਦਾ ਨਹੀਂ ਹੈ | ਅਸੀਂ ਸ਼ਹਿਰ ਦੇ ਵੱਡੇ ਵਪਾਰੀ ਹਾਂ | ਬਾਪ ਦੀ ਨਾਂਹ ਕ੍ਰਿਸ਼ਨਾ ਨੂੰ ਉਦਾਸ ਕਰ ਗਈ | ਉਹ ਕੁਲਜੀਤ ਨਾਲ ਭੱਜ ਜਾਣ ਬਾਰੇ ਸੋਚਣ ਲੱਗੀ | ਕ੍ਰਿਸ਼ਨਾ ਨੇ ਆਪਣਾ ਇਰਾਦਾ ਕੁਲਜੀਤ ਨੂੰ ਦੱਸਿਆ ਕਿ ਮਾਪੇ ਤਾਂ ਸਾਨੂੰ ਇਕੱਠਿਆਂ ਜੀਵਨ ਬਿਤਾਉਣ ਲਈ ਤਿਆਰ ਨਹੀਂ ਹਨ | ਹੁਣ ਸਾਡੇ ਕੋਲ ਇਹੋ ਹੀ ਹੱਲ ਹੈ ਕਿ ਅਸੀਂ ਦੋਵੇਂ ਯੋਜਨਾ ਬਣਾ ਇਸ ਦੁਨੀਆ ਤੋਂ ਦੂਰ ਟਿਕਾਣਾ ਕਰ ਲਈਏ | ਕੁਲਜੀਤ ਇਹ ਸੁਣ ਉਦਾਸ ਹੋ ਗਿਆ ਤੇ ਭਜਣ ਵਾਲੀ ਗੱਲ ਉਸ ਨੂੰ ਨਾ ਜਚੀ | ਉਸ ਨੇ ਕਿਹਾ ਕਿ ਅਸੀਂ ਯਤਨ ਕਰਦੇ ਹਾਂ ਕਿ ਉਨ੍ਹਾਂ ਨੂੰ ਮਨਾਇਆ ਜਾਵੇ | ਘਰੋਂ ਭੱਜਣ ਨਾਲ ਸਾਡੇ ਦੋਵੇਂ ਖਾਨਦਾਨਾਂ ਦੀ ਬਦਨਾਮੀ ਹੋਵੇਗੀ | ਅਸੀਂ ਦੋਵੇਂ ਆਪਣੇ ਘਰਾਂ ਨਾਲੋਂ ਟੁੱਟ ਜਾਵਾਂਗੇ | ਸਮਾਜ ਸਾਡੇ ਵੱਲ ਮਾੜੀ ਨਜ਼ਰ ਨਾਲ ਤਕੇਗਾ |
ਸਾਡੇ ਜੀਵਨ ਪਿਆਰ ਦੇ ਫੁੱਲਾਂ ਦੀ ਥਾਂ ਕੰਡਿਆਂ ਨਾਲ ਭਰ ਜਾਣਗੇ | ਕੰਡਿਆਂ ਦੇ ਅੰਦਰ ਜੀਵਨ ਬਤੀਤ ਕਰਨਾ ਮੁਸ਼ਕਿਲ ਹੁੰਦਾ ਹੈ | ਇਸ ਵਿਚਾਰ ਨੂੰ ਤਿਆਗ ਦੇ | ਜ਼ਿੰਦਗੀ ਸਾਡੇ ਲਈ ਇੱਕ ਬੋਝ ਬਣ ਜਾਵੇਗੀ | ਅਸੀਂ ਜ਼ਿੰਦਗੀ ਨੂੰ ਬੇਹਤਰੀਨ ਢੰਗ ਨਾਲ ਜੀਣ ਲਈ ਕਰਾਰ ਕੀਤਾ ਹੈ | ਇਸ ਤਰਾਂ ਸਾਡੇ ਸੁਪਨੇ ਤਾਂ ਮਧੋਲੇ ਜਾਣਗੇ | ਮਾਪੇ ਸਾਡੇ ਤੋਂ ਵੱਡੇ ਹਨ ਉਨ੍ਹਾਂ ਦੀ ਸੋਚ ਸਾਡੇ ਨਾਲੋਂ ਚੰਗੇਰੀ ਹੈ | ਅਸੀਂ ਕੱਚੀ ਉਮਰ ਵਿਚ ਹਾਂ | ਜੀਵਨ ਵਿਚ ਆਉਣ ਵਾਲਿਆਂ ਔਕੜਾਂ ਤੋਂ ਅਣਜਾਣ ਹਾਂ | ਜੇ ਉਹ ਚਾਹੁੰਦੇ ਹਨ ਕਿ ਸਾਡੀ ਜ਼ਿੰਦਗੀ ਵੱਖ ਵੱਖ ਰਹਿ ਕੇ ਵਧੇਰੇ ਸੁਖਾਵੀਂ ਹੋਵੇਗੀ ਤਾਂ ਸਾਨੂੰ ਉਨ੍ਹਾਂ ਦੀਆਂ ਇੱਛਾਵਾਂ ਤੇ ਫੁਲ ਚੜਾਉਣਾ ਚਾਹੀਦਾ ਹੈ | ਇਕੱਠੇ ਗੁਜ਼ਾਰੇ ਹੋਏ ਸਮੇਂ ਨੂੰ ਇਕ ਸੁਪਨਾ ਜਾਣ ਆਪੋ ਆਪਣਾ ਰਾਹ ਲੈ ਲੈਣਾ ਚਾਹੀਦਾ ਹੈ | ਮੈਂ ਜਾਣਦਾ ਹਾਂ ਕਿ ਸਾਡਾ ਇਹ ਫੈਸਲਾ ਸਾਡੇ ਦੋਹਾਂ ਲਈ ਹੀ ਦੁਖਦਾਈ ਹੈ ਪ੍ਰੰਤੂ ਸਾਨੂੰ ਆਪਣੇ ਮਾਪਿਆਂ ਦੀਆਂ ਇੱਛਾਵਾਂ ਪੂਰਨ ਕਰਨ ਲਈ ਅਜਿਹਾ ਕਰਨਾ ਸਾਡਾ ਫਰਜ਼ ਹੈ | ਉਨ੍ਹਾਂ ਨੇ ਸਾਡੇ ਉਪਰ ਬਹੁਤ ਆਸਾਂ ਰੱਖੀਆਂ ਹਨ | ਉਨ੍ਹਾਂ ਦੀਆਂ ਆਸਾਂ ਤੇ ਪੂਰਾ ਉਤਰਨਾ ਸਾਡਾ ਧਰਮ ਹੈ |
ਸਾਡੇ ਮਾਪੇ ਕਦੇ ਵੀ ਸਾਡਾ ਬੁਰਾ ਨਹੀਂ ਸੋਚ ਸਕਦੇ | ਫਿਰ ਵੀ ਸਾਨੂੰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਉਹ ਸਾਡੇ ਸਿਰ ਉਤੇ ਆਪਣਾ ਪਿਆਰ ਭਰਿਆ ਹੱਥ ਰੱਖਣ ਅਤੇ ਸਾਡੇ ਆਉਣ ਵਾਲੇ ਜੀਵਨ ਵਿਚ ਸਾਡੀ ਅਗਵਾਈ ਕਰਨ | ਜੇ ਕਰ ਅਜਿਹਾ ਸੰਭਵ ਨਾ ਹੋ ਸਕਿਆ ਤਾਂ ਅਸੀਂ ਆਪਣੇ ਰਾਹ ਵੱਖਰੇ ਕਰ ਲਈਏ | ਮੈਂ ਭਲੀ ਭਾਂਤ ਸਮਝਦਾ ਹਾਂ ਇਹ ਸਮਾਂ ਸਾਡੇ ਲਈ ਔਖਾ ਹੋਵੇਗਾ | ਪ੍ਰੰਤੂ ਅਸੀਂ ਯਤਨ ਕਰਾਂਗੇ ਕਿ ਇੱਕ ਦੂਸਰੇ ਨੂੰ ਭੁੱਲ ਕੇ ਉਨ੍ਹਾਂ ਦੀ ਅਗਵਾਈ ਅਨੁਸਾਰ ਆਪੋ ਆਪਣੇ ਰਾਹ ਚੁਣ ਲਈਏ | ਕ੍ਰਿਸ਼ਨਾ ਨੇ ਆਪਣੀ ਮਾਂ ਨੂੰ ਮਨਾਉਣ ਦਾ ਯਤਨ ਕੀਤਾ | ਕ੍ਰਿਸ਼ਨਾ ਦਾ ਬਾਪ ਅਤੇ ਉਸ ਦਾ ਵੀਰ ਇਸ ਲਈ ਤਿਆਰ ਨਾ ਹੋਏ | ਕ੍ਰਿਸ਼ਨਾ ਨੂੰ ਉਥੋਂ ਦੂਰ ਸ਼ਹਿਰ ਰਹਿੰਦੇ ਉਸ ਦੇ ਚਾਚੇ ਕੋਲ ਭੇਜ ਦਿਤਾ ਅਤੇ ਚਾਚੀ ਨੂੰ ਸਮਝਾ ਦਿਤਾ ਕਿ ਛੇਤੀ ਹੀ ਇਸ ਦਾ ਵਿਆਹ ਕਰ ਦਿਤਾ ਜਾਵੇਗਾ ਪ੍ਰੰਤੂ ਤੁਸੀਂ ਇਸ ਉਪਰ ਕਰੜੀ ਨਿਗਰਾਨੀ ਰੱਖਣੀ ਹੈ | ਕ੍ਰਿਸ਼ਨਾ ਇਕ ਤਰਾਂ ਨਾਲ ਜੇਲ ਵਿਚ ਕੈਦ ਹੋ ਗਈ ਉਸ ਤੇ ਸਖਤ ਨਿਗਰਾਨੀ ਰੱਖੀ ਜਾਂਦੀ ਸੀ | ਫੋਨ ਵੀ ਕੇਵਲ ਮਾਂ ਨੂੰ ਹੀ ਕਰ ਸਕਦੀ ਸੀ |
ਬਾਪ ਤੇ ਭਰਾ ਉਸ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸਨ | ਮਾਪਿਆਂ ਨੇ ਲੜਕੇ ਦੀ ਭਾਲ ਸ਼ੁਰੂ ਕਰ ਦਿਤੀ ਜਿਥੋਂ ਵੀ ਕਿਸੇ ਲੜਕੇ ਬਾਰੇ ਪਤਾ ਲਗਦਾ ਉਸ ਬਾਰੇ ਵਿਚਾਰ ਸ਼ੁਰੂ ਹੋ ਜਾਂਦਾ | ਇਕ ਅਮੀਰ ਕਪੜੇ ਦੇ ਵਪਾਰੀ ਦੇ ਲੜਕੇ ਦਾ ਪਤਾ ਲੱਗਾ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਕਦੇ ਕਦੇ ਵਪਾਰ ਵਿਚ ਆਪਣੇ ਬਾਪ ਨਾਲ ਹੱਥ ਵਟਾਉਂਦਾ ਸੀ ਜਿਆਦਾ ਸਮਾਂ ਉਸ ਦਾ ਆਪਣੀ ਮਿੱਤਰ ਮੰਡਲੀ ਵਿਚ ਹੀ ਬੀਤਦਾ ਸੀ | ਕ੍ਰਿਸ਼ਨਾ ਦੇ ਮਾਪਿਆਂ ਵਲੋਂ ਉਸ ਲੜਕੇ ਨਾਲ ਰਿਸ਼ਤਾ ਤਹਿ ਕਰ ਲਿਆ ਗਿਆ | ਵਿਆਹ ਵੀ ਤੁਰੰਤ ਕਰ ਕੇ ਕ੍ਰਿਸ਼ਨਾ ਨੂੰ ਫਤਹਿ ਨਾਲ ਭੇਜ ਦਿਤਾ ਗਿਆ | ਵਿਆਹ ਖੂਬ ਧੂਮ ਧਾਮ ਨਾਲ ਕੀਤਾ ਗਿਆ | ਕ੍ਰਿਸ਼ਨਾ ਖੁਸ਼ ਨਹੀਂ ਸੀ | ਸਮੇਂ ਨਾਲ ਉਸ ਨੂੰ ਪਤਾ ਲੱਗਾ ਕਿ ਫਤਹਿ ਸ਼ਰਾਬ ਵੀ ਪੀਂਦਾ ਹੈ ਨਸ਼ੇ ਵੀ ਕਰਦਾ ਹੈ ਅਤੇ ਰਾਤਾਂ ਨੂੰ ਦੇਰ ਨਾਲ ਘਰੇ ਵੜਦਾ ਹੈ | ਉਸ ਨੇ ਕ੍ਰਿਸ਼ਨਾ ਨਾਲ ਮਾੜਾ ਸਲੂਕ ਕਰਨਾ ਸ਼ੁਰੂ ਕਰ ਦਿਤਾ | ਕ੍ਰਿਸ਼ਨਾ ਨੂੰ ਹੁਣ ਘਰ ਦੀ ਯਾਦ ਆਉਣ ਲੱਗੀ | ਕ੍ਰਿਸ਼ਨਾ ਨਾਲ ਜ਼ਬਰਦਸਤੀ ਕੀਤੀ ਜਾਣ ਲੱਗੀ | ਫਤਹਿ ਨੇ ਉਸ ਦੀ ਕੁੱਟ ਮਾਰ ਵੀ ਸ਼ੁਰੂ ਕਰ ਦਿਤੀ |
ਸਹੁਰੇ ਘਰ ਰਹਿ ਕੇ ਉਸ ਦਾ ਦਮ ਘੁਟਣ ਲੱਗਾ | ਜਦੋਂ ਕ੍ਰਿਸ਼ਨਾ ਨੇ ਉਸ ਨੂੰ ਨਸ਼ੇ ਛੱਡਣ ਲਈ ਕਹਿਣਾ ਸ਼ੁਰੂ ਕੀਤਾ ਤਾਂ ਫਤਹਿ ਨੂੰ ਗੁਸਾ ਆਇਆ ਉਸ ਨੇ ਕ੍ਰਿਸ਼ਨਾ ਨੂੰ ਸਪਸ਼ਟ ਆਖ ਦਿਤਾ ਕਿ ਮੈਂ ਆਪਣੇ ਪੈਸੇ ਨਾਲ ਨਸ਼ੇ ਕਰਦਾ ਹਾਂ ਤੇਰੇ ਮਾਪਿਆਂ ਤੋਂ ਨਹੀਂ ਮੰਗਦਾ | ਖ਼ਬਰਦਾਰ ਜੇ ਮੈਨੂੰ ਕਿਸੇ ਗੱਲ ਲਈ ਆਖਿਆ ਤਾਂ ਮੈਂ ਤੈਨੂੰ ਘਰੋਂ ਕੱਢ ਦੇਵਾਂਗਾ | ਇਸ ਘਰ ਵਿਚ ਮੇਰੀ ਮਰਜ਼ੀ ਹੀ ਚਲੇਗੀ ਜੇ ਕਰ ਤੈਨੂੰ ਚੰਗਾ ਨਹੀਂ ਲਗਦਾ ਤਾਂ ਆਪਣੇ ਪੇਕੇ ਚਲੀ ਜਾ | ਇਕ ਦਿਨ ਫਤਿਹ ਸ਼ਰਾਬ ਦਾ ਡੱਕਿਆ ਹੋਇਆ ਸੀ ਅਤੇ ਆਪੋ ਵਿਚ ਝਗੜਾ ਹੋ ਗਿਆ ਅਤੇ ਉਸ ਨੇ ਕ੍ਰਿਸ਼ਨਾ ਨੂੰ ਸੋਟੀ ਨਾਲ ਕੁੱਟ ਦਿਤਾ | ਉਸ ਦੇ ਮਾਪੇ ਘਰ ਵਿਚ ਨਹੀਂ ਸਨ | ਉਹ ਕਿਸੇ ਰਿਸ਼ਤੇਦਾਰੀ ਵਿਚ ਗਏ ਸਨ | ਕ੍ਰਿਸ਼ਨਾ ਨੇ ਆਪਣਾ ਬਚਾ ਕੀਤਾ ਅਤੇ ਘਰੋਂ ਨਿਕਲ ਪਈ ਅਤੇ ਬੱਸ ਚੜ੍ਹ ਆਪਣੇ ਪੇਕੇ ਘਰ ਆ ਗਈ |
ਉਸ ਨੇ ਆਪਣੇ ਘਰ ਆਪਣੀ ਮੰਦੀ ਹਾਲਤ ਬਾਰੇ ਦੱਸਿਆ ਤੇ ਨਾਲੇ ਇਹ ਵੀ ਕਹਿ ਦਿਤਾ ਕਿ ਮੈਂ ਦੁਬਾਰਾ ਉਥੇ ਨਹੀਂ ਜਾਵਾਂਗੀ | ਜੇ ਕਰ ਤੁਸੀਂ ਜਾਣ ਲਈ ਆਖੋਗੇ ਤਾਂ ਮੈਂ ਖੁਦਕਸ਼ੀ ਕਰ ਲਵਾਂਗੀ | ਹੁਣ ਉਸ ਦੇ ਚਾਅ ਮਰ ਚੁਕੇ ਹਨ | ਉਸ ਨੂੰ ਜਾਪਦਾ ਸੀ ਕਿ ਜ਼ਿੰਦਗੀ ਮੇਰੇ ਨਾਲ ਰਸ ਗਈ ਹੈ | ਕ੍ਰਿਸ਼ਨਾ ਦੇ ਬਾਪ ਤੇ ਵੀਰ ਨੇ ਸਮਝੌਤੇ ਲਈ ਯਤਨ ਕੀਤੇ ਪ੍ਰੰਤੂ ਜਦੋਂ ਫਤਹਿ ਨੇ ਉਨ੍ਹਾਂ ਨਾਲ ਭੈੜਾ ਵਿਵਹਾਰ ਕੀਤਾ ਤਾਂ ਉਨ੍ਹਾਂ ਨੇ ਤਲਾਕ ਲਈ ਯਤਨ ਸ਼ੁਰੂ ਕਰ ਦਿਤੇ | ਕੁਝ ਦੇਰ ਮਸਲਾ ਲਮਕਦਾ ਰਿਹਾ | ਅਖੀਰ ਉਨ੍ਹਾਂ ਦਾ ਤਲਾਕ ਹੋ ਗਿਆ | ਕ੍ਰਿਸ਼ਨਾ ਦੇ ਮਾਪੇ ਬਹੁਤ ਦੁਖੀ ਸਨ ਕਿ ਅਸੀਂ ਕ੍ਰਿਸ਼ਨਾ ਨਾਲ ਧੱਕਾ ਕੀਤਾ ਹੈ ਅਤੇ ਉਹ ਵੀ ਸੁਖੀ ਨਹੀਂ ਵੱਸ ਸਕੀ | ਕ੍ਰਿਸ਼ਨਾ ਦਾ ਜੀਅ ਲਵਾਉਣ ਲਈ ਕਦੇ ਕਦੇ ਉਹ ਪਾਰਕ ਵਿਚ ਪਿਕਨਿਕ ਲਈ ਜਾਣ ਲਗੇ | ਕੁਲਜੀਤ ਨੇ ਨੌਕਰੀ ਪ੍ਰਾਪਤ ਕਰ ਲਈ ਸੀ ਉਸ ਦਾ ਦਫਤਰ ਘਰ ਦੇ ਨੇੜੇ ਹੀ ਸੀ |
ਉਹ ਰੋਜ਼ਾਨਾ ਸ਼ਾਮ ਨੂੰ ਘਰੇ ਆ ਜਾਇਆ ਕਰਦਾ ਸੀ | ਐਤਵਾਰ ਛੁਟੀ ਹੋਣ ਕਾਰਨ ਉਸ ਦੇ ਪਰਿਵਾਰ ਨੇ ਪਿਕਨਿਕ ਦਾ ਪ੍ਰੋਗਰਾਮ ਬਣਾ ਲਿਆ ਤੇ ਉਹ ਪਾਰਕ ਵਿਚ ਪੁੱਜ ਗਏ | ਕ੍ਰਿਸ਼ਨਾ ਦਾ ਪਰਿਵਾਰ ਵੀ ਪਿਕਨਿਕ ਤੇ ਆਇਆ ਹੋਇਆ ਸੀ | ਸਾਰੇ ਇਕੱਠੇ ਹੋਏ | ਸਭ ਨੇ ਆਪਣੇ ਵਲੋਂ ਕੁਝ ਨਾ ਕੁਝ ਸੁਣਾਇਆ | ਕੁਲਜੀਤ ਨੇ ਕ੍ਰਿਸ਼ਨਾ ਦੇ ਚੇਹਰੇ ਤੇ ਉਦਾਸੀ ਝਲਕਦੀ ਦੇਖ ਲਈ | ਉਸ ਨੇ ਮੌਕਾ ਤਾੜ ਕੇ ਕ੍ਰਿਸ਼ਨਾ ਨੂੰ ਉਦਾਸੀ ਦਾ ਕਾਰਨ ਪੁੱਛਣ ਦਾ ਯਤਨ ਕੀਤਾ | ਪ੍ਰੰਤੂ ਸਿਹਤ ਠੀਕ ਹੋਣ ਦਾ ਬਹਾਨਾ ਕੀਤਾ | ਭਾਵੇਂ ਕੁਲਜੀਤ ਨੂੰ ਯਕੀਨ ਨਾ ਆਇਆ ਪ੍ਰੰਤੂ ਉਹ ਚੁੱਪ ਵੱਟ ਗਿਆ | ਕੁਲਜੀਤ ਨੇ ਪਿਕਨਿਕ ਵਿਚ ਆਪਣੀ ਇਕ ਕਵਿਤਾ ਸੁਣਾਈ | ਸਾਰਿਆਂ ਨੇ ਪਸੰਦ ਕੀਤੀ ਤਾੜੀਆਂ ਵਜੀਆਂ ਪਰ ਕ੍ਰਿਸ਼ਨਾ ਨੇ ਕੁਝ ਖਾਸ ਪ੍ਰਤੀਕਰਮ ਨਾ ਦਿਤਾ | ਕੁਲਜੀਤ ਨੇ ਅੰਦਾਜ਼ਾ ਲੈ ਲਿਆ ਕਿ ਅੰਦਰੂਨੀ ਗੱਲ ਕੁਝ ਹੋਰ ਹੈ ਉਸ ਨੇ ਪਤਾ ਕਰਨ ਦਾ ਮਨ ਬਣਾ ਲਿਆ | ਉਸ ਨੇ ਕ੍ਰਿਸ਼ਨਾ ਦੀ ਸਹੇਲੀ ਕੋਮਲ ਨੂੰ ਕਿਹਾ ਕਿ ਉਹ ਪਤਾ ਕਰੇ ਕਿ ਕ੍ਰਿਸ਼ਨਾ ਕਾਫੀ ਸਮੇਂ ਤੋਂ ਪੇਕੇ ਰਹਿ ਰਹੀ ਹੈ ਕੀ ਕਾਰਨ ਹੈ |
ਕੋਮਲ ਰਾਹੀਂ ਉਸ ਨੂੰ ਪਤਾ ਲੱਗਾ ਕਿ ਕ੍ਰਿਸ਼ਨਾ ਦਾ ਤਲਾਕ ਹੋ ਚੁਕਾ ਹੈ ਕਿਓਂਕਿ ਉਸ ਦਾ ਪਤੀ ਨਸ਼ੇ ਕਰਦਾ ਸੀ ਅਤੇ ਉਸ ਨਾਲ ਕੁੱਟ ਮਾਰ ਵੀ ਕਰਦਾ ਸੀ | ਇਹ ਸੁਣ ਕੇ ਕੁਲਜੀਤ ਦੁਖੀ ਹੋਇਆ | ਕੁਲਜੀਤ ਨੇ ਕੋਮਲ ਨੂੰ ਕਿਹਾ ਕਿ ਉਹ ਕ੍ਰਿਸ਼ਨਾ ਨੂੰ ਆਪਣੇ ਨਾਲ ਲਿਜਾ ਕੇ ਕਿਸੇ ਸਾਂਝੀ ਥਾਂ ਤੇ ਸਾਡੇ ਮਿਲਣ ਦਾ ਪ੍ਰਬੰਧ ਕਰੇ | ਕੋਮਲ ਨੇ ਪਹਿਲਾਂ ਤਾਂ ਆਨਾਕਾਨੀ ਕੀਤੀ ਪਰ ਫੇਰ ਕੁਲਜੀਤ ਦੇ ਵਾਰ ਵਾਰ ਕਹਿਣ ਤੇ ਉਹ ਮੰਨ ਗਈ | ਕੋਮਲ ਨੂੰ ਕੁਲਜੀਤ ਅਤੇ ਕ੍ਰਿਸ਼ਨਾ ਦੇ ਆਪਸੀ ਸਬੰਧ ਬਾਰੇ ਗਿਆਨ ਸੀ | ਕ੍ਰਿਸ਼ਨਾ ਨੂੰ ਕੋਮਲ ਰਾਹੀਂ ਇਹ ਇਲਮ ਸੀ ਕਿ ਕੁਲਜੀਤ ਨੌਕਰੀ ਕਰ ਰਿਹਾ ਹੈ ਪਰ ਹਾਲੇ ਤਕ ਉਸ ਨੇ ਵਿਆਹ ਨਹੀਂ ਕਰਵਾਇਆ ਹੈ |
ਕੋਮਲ ਨੇ ਕ੍ਰਿਸ਼ਨਾ ਨੂੰ ਦੱਸਿਆ ਕਿ ਕੁਲਜੀਤ ਤੈਨੂੰ ਮਿਲਣਾ ਚਾਹੁੰਦਾ ਹੈ | ਜੇ ਤੂੰ ਹਾਂ ਕਰੇ ਤਾਂ ਮੈਂ ਤੈਨੂੰ ਬਜ਼ਾਰ ਦਾ ਆਖ ਕੇ ਨਾਲ ਲੈ ਜਾਵਾਂਗੀ ਤੇ ਤੁਸੀਂ ਆਪਿਸ ਵਿਚ ਗੱਲ ਬਾਤ ਕਰ ਲੈਣਾ | ਕ੍ਰਿਸ਼ਨਾ ਨੇ ਹਾਮੀ ਭਰ ਦਿਤੀ | ਅਗਲੇ ਐਤਵਾਰ ਉਹ ਤਿੰਨੇ ਇਕੱਠੇ ਸਨ | ਕੁਲਜੀਤ ਨੇ ਕ੍ਰਿਸ਼ਨਾ ਨੂੰ ਕਿਹਾ ਕਿ ਜੇ ਤੇਰੇ ਘਰ ਦੇ ਮੰਨਦੇ ਹਨ ਤਾਂ ਮੇਰੇ ਦਰਵਾਜ਼ੇ ਤੇਰੇ ਲਈ ਖੁਲੇ ਹਨ | ਕ੍ਰਿਸ਼ਨਾ ਨੇ ਆਪਣੇ ਵਲੋਂ ਹਾਂ ਕਰ ਦਿਤੀ ਅਤੇ ਘਰ ਗੱਲ ਕਰਨ ਲਈ ਆਖਿਆ | ਕੋਮਲ ਨੇ ਵੀ ਆਖਿਆ ਕਿ ਮੈਂ ਵੀ ਤੇਰੇ ਘਰ ਦਿਆਂ ਨੂੰ ਮੰਨਾਓਣ ਦਾ ਯਤਨ ਕਰਾਂਗੀ |
ਜਦੋਂ ਕੋਮਲ ਨੇ ਕ੍ਰਿਸ਼ਨਾ ਦੀ ਮਾਂ ਨਾਲ ਗੱਲ ਕੀਤੀ ਤਾਂ ਉਸ ਨੇ ਕ੍ਰਿਸ਼ਨਾ ਦੇ ਬਾਪ ਅਤੇ ਵੀਰ ਨਾਲ ਸਲਾਹ ਕਰ ਕੇ ਦੱਸਣ ਲਈ ਕਿਹਾ | ਜਦੋਂ ਕ੍ਰਿਸ਼ਨਾ ਦੇ ਬਾਪ ਤੇ ਵੀਰ ਨੂੰ ਦੱਸਿਆ ਗਿਆ ਤਾਂ ਉਹ ਵੀ ਕੁਝ ਨਰਮ ਹੋ ਚੁਕੇ ਸਨ | ਕੁਝ ਦੇਰ ਵਿਚਾਰ ਕਰ ਉਨ੍ਹਾਂ ਨੇ ਕੁਲਜੀਤ ਅਤੇ ਉਸ ਦੇ ਮਾਪਿਆਂ ਨੂੰ ਘਰ ਬੁਲਾਇਆ | ਖੁਲ ਕੇ ਵਿਚਾਰ ਕੀਤਾ | ਕ੍ਰਿਸ਼ਨਾ ਦੇ ਤਲਾਕ ਸਬੰਧੀ ਵਿਸਥਾਰ ਨਾਲ ਦੱਸਿਆ | ਇਕੱਠਿਆਂ ਖਾਣਾ ਖਾਧਾ | ਕੁਲਜੀਤ ਤੇ ਉਸ ਦੇ ਮਾਪਿਆਂ ਨੂੰ ਅਰਾਮ ਨਾਲ ਵਿਚਾਰ ਕਰਨ ਲਈ ਕਿਹਾ | ਕੁਲਜੀਤ ਨੇ ਦੱਸਿਆ ਕਿ ਮੈਨੂੰ ਇਸ ਸਾਰੇ ਬਾਰੇ ਪਹਿਲਾਂ ਹੀ ਪਤਾ ਲੱਗ ਚੁੱਕਿਆ ਹੈ ਮੈਂ ਆਪਣੇ ਮਾਪਿਆਂ ਨਾਲ ਸਲਾਹ ਕਰ ਲਈ ਹੈ ਅਤੇ ਮੈਂ ਕ੍ਰਿਸ਼ਨਾ ਨਾਲ ਅਗਲਾ ਜੀਵਨ ਬਿਤਾਉਣ ਲਈ ਰਾਜ਼ੀ ਹਾਂ ਅਤੇ ਮੇਰੇ ਮਾਪਿਆਂ ਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ ਹੈ |
ਸਾਨੂੰ ਤੁਹਾਡੀ ਯੋਗ ਅਗਵਾਈ ਦੀ ਜ਼ਰੂਰਤ ਹੈ | ਅਸੀਂ ਚਾਹੁੰਦੇ ਹਾਂ ਸਾਡੇ ਸਿਰ ਉਪਰ ਮਾਪਿਆਂ ਦੇ ਸੰਘਣੇ ਰੁੱਖ ਦੀ ਛਾਂ ਬਣੀ ਰਹੇ | ਸਾਰੀ ਸੋਚ ਵਿਚਾਰ ਤੋਂ ਬਾਅਦ ਦੋਹਾਂ ਦਾ ਵਿਆਹ ਕਰ ਦਿਤਾ ਗਿਆ | ਵਿਆਹ ਵਿਚ ਕੋਮਲ ਵੀ ਹਾਜ਼ਰ ਸੀ | ਕ੍ਰਿਸ਼ਨਾ ਅਤੇ ਕੁਲਜੀਤ ਦੋਵੇਂ ਹੀ ਕੋਮਲ ਦੇ ਧੰਨਵਾਦੀ ਸਨ | ਦੋਵੇਂ ਪਰਿਵਾਰ ਖੁਸ਼ ਹੋਏ | ਕੁਲਜੀਤ ਨੇ ਯਤਨ ਕਰ ਕੇ ਕ੍ਰਿਸ਼ਨਾ ਦੀ ਨੌਕਰੀ ਆਪਣੇ ਦਫਤਰ ਵਿਚ ਲੁਆ ਲਈ | ਦੋਵੇਂ ਇਕੱਠੇ ਦਫਤਰ ਜਾਣ ਲੱਗ ਪਏ | ਹੁਣ ਉਹ ਜ਼ਿੰਦਗੀ ਦੇ ਰੰਗਮੰਚ ਉਪਰ ਆਪਣਾ ਆਪਣਾ ਰੋਲ ਖੇਡ ਰਹੇ ਹਨ |
ਡਾਕਟਰ ਅਜੀਤ ਸਿੰਘ ਕੋਟਕਪੂਰਾ