
ਨਵੀਂ ਦਿੱਲੀ, 14 ਜਨਵਰੀ – ਦਿੱਲੀ ਦੀ ਇਕ ਅਦਾਲਤ 1984 ਦੇ ਸਿੱਖ ਕਤਲੇਆਮ ਦੇ ਮਾਮਲੇ ’ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁਧ ਦਲੀਲਾਂ ’ਤੇ 28 ਜਨਵਰੀ ਨੂੰ ਮੁੜ ਸੁਣਵਾਈ ਸ਼ੁਰੂ ਕਰ ਸਕਦੀ ਹੈ। ਵਿਸ਼ੇਸ਼ ਜੱਜ ਜਿਤੇਂਦਰ ਸਿੰਘ ਨੇ ਸੋਮਵਾਰ ਨੂੰ ਸੰਖੇਪ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿਤੀ। ਟਾਈਟਲਰ ਅਦਾਲਤ ’ਚ ਨਿੱਜੀ ਤੌਰ ’ਤੇ ਪੇਸ਼ ਹੋਏ। ਇਹ ਮਾਮਲਾ 1984 ’ਚ ਕੌਮੀ ਰਾਜਧਾਨੀ ਦੇ ਗੁਰਦੁਆਰਾ ਪੁਲ ਬੰਗਸ਼ ’ਚ ਤਿੰਨ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। ਜੱਜ ਨੇ ਪਿਛਲੇ ਸਾਲ 12 ਨਵੰਬਰ, 2024 ਨੂੰ ਬਾਦਲ ਸਿੰਘ ਦੀ ਵਿਧਵਾ ਲਖਵਿੰਦਰ ਕੌਰ ਦਾ ਬਿਆਨ ਦਰਜ ਕੀਤਾ ਸੀ, ਜਿਸ ਨੂੰ ਕਤਲੇਆਮ ਦੌਰਾਨ ਗੁਰਦੁਆਰਾ ਪੁਲ ਬੰਗਸ਼ ਵਿਖੇ ਭੀੜ ਨੇ ਮਾਰ ਦਿਤਾ ਸੀ।
ਅਦਾਲਤ ਨੇ ਪਿਛਲੇ ਸਾਲ 13 ਸਤੰਬਰ ਨੂੰ ਟਾਈਟਲਰ ਵਿਰੁਧ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕੀਤੇ ਸਨ। ਇਕ ਗਵਾਹ ਨੇ ਦਾਅਵਾ ਕੀਤਾ ਕਿ ਟਾਈਟਲਰ 1 ਨਵੰਬਰ, 1984 ਨੂੰ ਗੁਰਦੁਆਰੇ ਦੇ ਸਾਹਮਣੇ ਇਕ ਚਿੱਟੀ ਕਾਰ ਵਿਚੋਂ ਬਾਹਰ ਆਇਆ ਅਤੇ ਭੀੜ ਨੂੰ ਭਾਈਚਾਰੇ ਵਿਰੁਧ ਭੜਕਾਇਆ, ਜਿਸ ਕਾਰਨ ਇਹ ਕਤਲ ਹੋਏ। ਸਾਲ 2023 ’ਚ ਸੈਸ਼ਨ ਕੋਰਟ ਨੇ ਟਾਈਟਲਰ ਨੂੰ ਇਕ ਲੱਖ ਰੁਪਏ ਦੇ ਨਿੱਜੀ ਬਾਂਡ ਅਤੇ ਇੰਨੀ ਹੀ ਰਕਮ ਦੇ ਜ਼ਮਾਨਤ ’ਤੇ ਅਗਾਊਂ ਜ਼ਮਾਨਤ ਦੇ ਦਿਤੀ ਸੀ।